ਵਿਚਲੀ ਗੱਲ
ਟੁਕੜੇ ਖੋਹ ਲਏ ਕਾਂਵਾਂ..!
ਚਰਨਜੀਤ ਭੁੱਲਰ
ਚੰਡੀਗੜ੍ਹ : ਦਮਾਮੇ ਦੇ ਵਾਰਸ, ਓਹ ਪੈਲੀ ਦੇ ਪਾਰਸ, ਪੈੜਾਂ ਲੱਭ ਰਹੇ ਨੇ। ਅੱਗਿਓਂ ਟੱਕਰੇ ਧਨੀ ਰਾਮ ਚਾਤ੍ਰਿਕ, ਵਾਜਾਂ ਮਾਰਦੇ ਪਏ ਸਨ, ‘ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।’ ਤੂੜੀ ਤੰਦ ਸਾਂਭ, ਏਹ ਖੇਤਾਂ ਦੇ ਮੇਲੀ, ਚੜ੍ਹਦੇ ਵੱਲ ਗੱਜਣਗੇ ‘ਪ੍ਰੇਮੀ ਜਨੋ! ਆਓ ਦਿੱਲੀ ਚੱਲੀਏ।’ ਖ਼ਾਨਿਓਂ ਧਨੀ ਰਾਮ ਦਿਓਂ ਗਈ, ਬਈ ! ਵਿਸਾਖੀ ਦਮਦਮੇ ਐ, ਇਨ੍ਹਾਂ ਕਿਹੜੇ ਰਾਹੇ ਫੜੇ ਨੇ। ‘ਸਿੱਧਾ ਰਾਹ ਨਾ ਛੋੜੀਏ, ਭਾਵੇਂ ਹੋਵੇ ਦੂਰ।’ ਦਸੌਂਧਾ ਸਿੰਘ ਕੋਲ ਏਨੀ ਵਿਹਲ ਕਿਥੇ, ਆਖਦੈ ‘ਵਿਸਾਖੀ’ ਦੀ ਸੁੱਖ ਲਈ ਦਿੱਲੀ ਚੱਲੋ। ਗਦਰੀ ਬਾਬਾ ਵਿਸਾਖਾ ਸਿੰਘ ਨੇ ਪੈਰਾਂ ਨਾਲ ਰਸਤੇ ਨਾਪੇ। ਬਾਬਾ ਪਰਲੋਕ ’ਚ ਬੈਠੈ, ਮਾਤਲੋਕ ’ਚ ‘ਆਜ਼ਾਦੀ’ ਨੇ, ਕਿਸਾਨਾਂ ਤੋਂ ਘੁੰਢ ਕੱਢਿਐ। ਵਿਚੋਂ ਕੋਈ ਬੋਲਿਐ, ‘ਪੰਜਾਬ ਤੇਰਾ ਜੇਠ ਲੱਗਦੈ।’ ਦਸੌਂਧਾ ਸਿੰਘ ਦੇ ਵਚਨ ਵਿਲਾਸ ਸੁਣੋ, ‘ਪਹਿਲੋਂ ਝਨਾਂ ਖੋਹੇ, ਪਿੱਛੋਂ ਖ਼ੁਆਬ ਖੋਹੇ, ਕਾਵਾਂ ਨੇ ਟੁੱਕ ਖੋਹੇ, ਮਾਵਾਂ ਤੋਂ ਪੁੱਤ ਖੋਹੇ, ਭੈਣਾਂ ਤੋਂ ਹੱਕ ਖੋਹੇ, ਬਾਬਲ ਤੋਂ ਲਾਡ।’
ਲੱਖ ਰੁਪਏ ਦੀ ਗੱਲ, ਮੁਫ਼ਤ ’ਚ ਸੁਣੋ,‘ ਸੰਗਤੋ! ਏਹ ਹਾਕਮ ਪਰਿਵਾਰ ਦੇ ਮਹਿਮਾਨ ਨੇ। ਚਾਹੇ ਅੱਜ ਦਾ ‘ਕੰਪਨੀ ਰਾਜ’ ਆਖ ਲਓ। ਤਾਹੀਂ ਖੇਤੀ ਕਾਨੂੰਨਾਂ ਦਾ ਟੀਕਾ, ਪੰਜਾਬ ਦੇ ਪੁੜੇ ’ਚ ਲਾਇਐ। ‘ਸਾਈਂ ਅੱਖਾਂ ਫੇਰੀਆਂ, ਵੈਰੀ ਕੁੱਲ ਜਹਾਨ।’ ਵਿਸ਼ਵ ਗੁਰੂ ਦਾ ‘ਕੰਪਨੀ ਰਾਜ’, ਪੈਲ਼ੀਆਂ ਤੋਂ ਸ੍ਰੀ ਗਣੇਸ਼ ਕਰੇਗਾ। ਜਾਗੋ ਜਾਗੋ ਬੰਦਿਓ! ਕਿਤੇ ਸੁੱਤੇ ਰਹੇ ਤਾਂ ਕੌਣ ਰੋਕੂ ਵਿਸਾਖੀ ਦੀ ਕੁਰਕੀ। ਵੇਲਾ ਵਿਚਾਰੋ, ਭਾਣਾ ਟਾਲੋ। ਕਾਰਪੋਰੇਟ ਤਿਉਹਾਰਾਂ ਦਾ ਇੰਤਕਾਲ ਕਰਾਉਣ ਨੂੰ ਫਿਰਦੈ।ਅਚਾਰੀਆ ਰਜਨੀਸ਼ ਫਰਮਾ ਗਏ, ‘ਗੱਦੀ ’ਤੇ ਕੌਣ ਬੈਠੈ, ਸੁਆਲ ਏਹ ਨਹੀਂ, ਸੁਆਲ ਤੁਹਾਡੇ ਜਾਗਣ ਦਾ ਹੈ।’ ਈਸਟ ਇੰਡੀਆ ਕੰਪਨੀ ਨੇ ਚਾਹ ਵੇਚੀ, ਸਿਲਕ ਵੇਚੀ, ਅਫ਼ੀਮ ਵੀ ਵੇਚੀ। ਰਾਜੇਵਾਲ ਜੁਆਬ ਮੰਗਦੈ ‘ਜਿਹੜਾ ਮੁਲਕ ਵੇਚਣ ਤੁਰ ਪਏ, ਉਹ ਕਿਵੇਂ ਘੱਟ ਹੋਇਐ..। ‘ਖੁਸ਼ੀ ਦਾ ਭੁੱਖੇ ਪੇਟ ਨਾਲ ਕਾਹਦਾ ਯਾਰਾਨਾ।’ ਔਰਤਾਂ ਘਰ ਦੀਆਂ ਦੌਲਤਾਂ, ਹੁਣ ਕਿੰਜ ਆਖਣ, ‘ਮਾਹੀ ਚੱਲੀਏ ਵਿਸਾਖੀ ਦੇ ਮੇਲੇ, ਜਲੇਬੀਆਂ ਨੂੰ ਜੀਅ ਕਰਦਾ।’ ਭਲਕੇ ਵਿਸਾਖੀ ਐ, ਖ਼ਾਲਸੇ ਦਾ ਸਾਜਣਾ ਦਿਵਸ। ਗੁਰੂ ਨੂੰ ਧਿਆ ਕੇ, ਹੁੁਣ ਵੈਸਾਖਾਂ ਦੀਆਂ ਖੈਰਾਂ, ਭੁਜੰਗੀ ਵੀ ਮੰਗਦੇ ਨੇ। ਕਿਸਾਨ ਘੋਲ ਨੇ ਮਮੀਰੇ ਵਾਲਾ ਸੁਰਮਾ, ਟਿਕੈਤ ਦੇ ਹੰਝੂਆਂ ਤੋਂ ਤਿਆਰ ਕੀਤੈ।
ਗੁਰਮਿੰਦਰ ਸੰਧੂ ਦੀ ਅਰਜੋਈ ਵਸੂਲ ਕਰੀਏ ,‘ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ, ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ ’ਤੇ ਫੇਰ ਦੇ।’ ਬੁਰਜ ਹਰੀ (ਮਾਨਸਾ) ਦਾ ਵਿਸਾਖਾ ਸਿਓਂ, ਵਿਸਾਖੀ ਤੋਂ ਵਿਸਰਿਐ। ਨਾ ਜ਼ਮੀਨ ਬਚੀ, ਨਾ ਜਵਾਨ ਪੁੱਤ। ਗੱਜੂਮਾਜਰਾ (ਪਟਿਆਲਾ) ਦੇ ਮਰਹੂਮ ਬਜ਼ੁਰਗ ਬਖ਼ਸ਼ੀਸ਼ ਦੇ ਵਿਹੜੇ, ਕਦੇ ਖੁਸ਼ੀ ਨਾ ਨਿੱਸਰੀ। ਹੱਥੋਂ ਚਾਰ ਪੁੱਤ ਕਿਰ ਗਏ। ਜ਼ਮੀਨ ਨੇ ਕਿਥੋਂ ਬਚਣਾ ਸੀ। ਹੁਣ ਰੂਹਾਂ ਨੂੰ ਕਾਹਦੇ ਉਲਾਂਭੇ।ਪ੍ਰੋ. ਪੂਰਨ ਸਿੰਘ ਵਾਜਾਂ ਮਾਰ ਰਿਹੈ, ‘ਪੰਜਾਬ ਤੂੰ ਮੁੜ ਆ।’ ਸੈਦੋਕੇ ਦਾ ਅਜੈਬ ਸਿਓਂ, ਸਭ ਆਖਦੇ ਨੇ, ਭਲਾ ਬੰਦਾ ਸੀ। ਚਾਰ ਪੁੱਤ ਗੁਆਏ, ਨਾਲੇ ਜ਼ਮੀਨ। ਘਰ ਨੂੰ ਜਿੰਦਰਾ ਵੱਜਾ। ਜਦੋਂ ਅਜੈਬ ਸਿੰਘ ਮੁੱਕਿਆ, ਕੋਈ ਅਰਥੀ ਨੂੰ ਮੋਢਾ ਦੇਣ ਵਾਲਾ ਨਾ ਥਿਆਵੇ। ਜੱਗੋਂ ਤੇਰ੍ਹਵੀਂ ਪਿੰਡ ਗਿੱਦੜ (ਬਠਿੰਡਾ) ਦੀ ਵੀਰਾਂ ਕੌਰ ਨਾਲ ਹੋਈ। ਸੁਹਾਗ ਦੋ ਵਾਰ ਉਜੜਿਆ।
ਵੀਰਾਂ ਨੇ ਪੁੱਤ ਦਾ ਨਾਮ ‘ਸਿਕੰਦਰ’ ਰੱਖਿਆ। ਅਪਾਹਜ ਸਿਕੰਦਰ ਹੁਣ ਟਿਕਰੀ ਜਾਂਦੈ। ਖਾਲਸ ਗੁੜ੍ਹਤੀ, ਗੁਆਚੀ ਸੁਰਤੀ, ਸੰਘਰਸ਼ਾਂ ’ਚੋਂ ਲੱਭ ਰਿਹੈ। ਸਿਆਣੇ ਆਖ ਗਏ, ਏਹ ਜ਼ਿੰਦਗੀ ਬੜੀ ਡਾਢੀ ਸ਼ੈਅ ਐ, ਚਾਹ ਵਾਂਗੂ ਛਕੋ, ਚਾਹੇ ਅੰਬ ਵਾਂਗੂ ਚੂਪੋ। ਭਾਵੇਂ ਇੱਕੋ ਹਾੜੇ ਡਕਾਰ ਲਵੋ। ਬੰਦੇ ਦੀ ਜੂਨੀ ਆਏ ਹੋ, ਹੱਸ ਕੇ ਹੀ ਜਿਉਣਾ ਪੈਣੈ। ‘ਕੰਪਨੀ ਰਾਜ’ ਦੀ ਅੱਖ ਦਸਹਿਰੇ ’ਤੇ ਵੀ ਐ। ਐਵੇਂ ਕਾਰਪੋਰੇਟੀ ਪੁਤਲੇ ਨਹੀਂ ਸਾੜੇ ਸਨ। ਦੁੱਲੇ ਭੱਟੀ ਦੀ ਲੋਹੜੀ ਦਾ ਸੇਕ ਇਹ ਕਿਵੇਂ ਹਜ਼ਮ ਕਰਨ। ਦੀਵਾਲ਼ੀ ਦੀ ਲੱਛਮੀ ਇਨ੍ਹਾਂ ਨੂੰ ਚੁਭਦੀ ਹੈ। ਏਹ ਇੱਛਾਧਾਰੀ ਨੇ, ਬਸੰਤੀ ਚੁੰਨੀਆਂ ਨਹੀਂ, ਚਿੱਟੀਆਂ ਚੁੰਨੀਆਂ ਵੇਖਣਾ ਲੋਚਦੇ ਨੇ। ‘ਅਕਲਾਂ ਦਾ ਦੀਵਾ ਕੀਕਣ ਬਲੇ।’ਆਓ ਤੈਰਵੀਂ ਨਜ਼ਰ ਮਾਰੀਏ। ਕਿਵੇਂ ‘ਕੰਪਨੀ ਰਾਜ’ ਵਿਰਾਸਤ ’ਤੇ ਝਪਟਿਐ। ਦੇਸ਼ ਦੇ 27 ਵਿਰਾਸਤੀ ਧਰੋਹਰ ਕਾਰਪੋਰੇਟਾਂ ਨੇ ਗੋਦ ਲਏ ਨੇ। ਡਾਲਮੀਆਂ ‘ਲਾਲ ਕਿਲੇ’ ਤੇ ਆਂਧਰਾ ਦੇ ‘ਗਾਂਦੀਕੋਟਾ ਕਿਲੇ’ ਨੂੰ ਲੋਰੀਆਂ ਦੇ ਰਿਹੈ। ‘ਕੁਤਬ ਮੀਨਾਰ’ ਅਤੇ ‘ਜੰਤਰ ਮੰਤਰ’ ਦੇ ਕੰਧਾੜੇ ਵੀ ਕੰਪਨੀ ਚੜ੍ਹੀ ਐ। ਕੋਈ ਛੱਜੂ ਰਾਮ ਦੀ ਵੀ ਸੁਣੋ.. ਜਾਗੋ ਜਾਗੋ ਸਾਥਿਓ! ਨਾ ਜਾਗੇ ਤਾਂ ਇਹ ਖੇਤ ਖੋਹਣਗੇ, ਫੇਰ ਅਸਾਡੇ ਜੋੜ ਮੇਲੇ ਵੀ। ਰੱਖਿਆ ਮੰਤਰੀ ਰਾਜ ਨਾਥ ਫੜ ਮਾਰ ਬੈਠਾ, ‘ਕੋਈ ‘ਮਾਂ ਦਾ ਲਾਲ’ ਕਿਸਾਨਾਂ ਤੋਂ ਜ਼ਮੀਨ ਨਹੀਂ ਖੋਹ ਸਕਦਾ।’ ਨਰੇਂਦਰ ਮੋਦੀ ਹਲਕਾ ਜੇਹਾ ਮੁਸਕਰਾਏ।
ਕਿੱਧਰ ਗਈ ਹਲਟਾਂ ਦੀ ਟੱਕ ਟੱਕ, ਬਲਦਾਂ ਦੀ ਛਣ-ਛਣ, ਤਾੜੇ ਦੀ ਠੱਕ-ਠੱਕ। ਹਰੀ ਕਰਾਂਤੀ ਨੇ ਜ਼ਿੰਦਗੀ ਦੌਣ ਵਾਂਗੂ ਕਸ’ਤੀ। ਦੁੱਲੇ ਤੇ ਬੁੱਲ੍ਹੇ ਦੀ ਧਰਤੀ ਬਾਂਝਪਣ ਝੱਲ ਰਹੀ ਐ। ‘ਕੈਂਸਰ ਟਰੇਨ’ ਨਾਨ-ਸਟਾਪ ਚੱਲੀ ਐ। ਪੰਜਾਬ ’ਚ ਹਰ ਘੰਟੇ ਤਿੰਨ ਜਾਨਾਂ ਕੈਂਸਰ ਲੈਂਦੈ। ‘ਨਵੇਂ ਨਰੋਏ ਪੰਜਾਬ’ ਦਾ ਸੱਚ ਐ। ਲੁੱਡੀ ਪਾਉਂਦੇ ਜਵਾਨ ਤਸਵੀਰਾਂ ’ਚ ਦਿਖਦੇ ਨੇ। ‘ਚਿੱਟਾ ਚਿੱਟਾ’ ਹੋ ਗਿਆ ਸਤਰੰਗਾ ਪੰਜਾਬ। ਏਹ ਕਿਸਾਨ ਕੋਈ ਕਿਸਮਤ ਪੁੜੀ ’ਚੋਂ ਨਹੀਂ ਨਿਕਲੇ। ਸਭਨਾਂ ਕੋਲ ਜਲ੍ਹਿਆਂ ਵਾਲਾ ਬਾਗ ਐ, ਊਧਮ ਸਿੰਘ ਦੀ ਸੋਚ ਦੀਆਂ ਲਗਰਾਂ ਵੀ। ਨਾਨਕ ਸਿੰਘ ਦੀ ਕਾਵਿ ਰਚਨਾ ‘ਖੂਨੀ ਵਿਸਾਖ਼ੀ’ ਵੀ ਪੜ੍ਹੀ ਐ।ਸ਼ੇਕਸਪੀਅਰ ਸੱਚ ਫਰਮਾ ਗਏ ਨੇ, ‘ਕੁਝ ਲੋਕ ਜਨਮ ਤੋਂ ਮਹਾਨ ਹੁੰਦੇ ਨੇ, ਕੁਝ ਮਹਾਨਤਾ ਹਾਸਿਲ ਕਰਦੇ ਨੇ ਅਤੇ ਕੁਝ ਲੋਕਾਂ ’ਤੇ ਮਹਾਨਤਾ ਲੱਦ ਦਿੱਤੀ ਜਾਂਦੀ ਹੈ।’ ਪੰਜਾਬੀਆਂ ਕੋਲ ਜਮਾਂਦਰੂ ਮਹਾਨਤਾ ਐ। ਆਈ ’ਤੇ ਆ ਜਾਣ, ਓਜ਼ੋਨ ’ਚ ਛੇਦ ਕੀ ਨਾ ਕਰ ਦੇਣ। ਖੇਤੀ ਕਾਨੂੰਨਾਂ ਦੇ ਝੋਕੇ ਨੇ, ਭੱਠ ਵਾਂਗੂ ਤਪਾਏ ਨੇ। ‘ਕਦੇ ਚਾਚੇ ਦੀਆਂ, ਕਦੇ ਬਾਬੇ ਦੀਆਂ।’ ਜਿਮੀਂਦਾਰ ਇਸ਼ਟਾਂ ’ਤੇ ਖੜ੍ਹੇ ਨੇ, ਧੁਰ ਅੰਦਰੋਂ ਖਰੇ ਨੇ, ਬੱਸ ਜੌਹਰੀ ਨਹੀਂ ਲੱਭ ਰਿਹਾ। ‘ਜਿਸ ਚੁੰਝ ਦਿੱਤੀ ਏ, ਚੋਗ ਵੀ ਦੇਸੀ।’ ਭਲਕੇ ਕਿਸਾਨ ਦਮਦਮੇ ਵੀ ਜਾਣਗੇ, ‘ਕਿਸਾਨ ਕਾਨਫਰੰਸ’ ਐ 13 ਅਪਰੈਲ ਨੂੰ। ਸ਼ਾਹੂਕਾਰਾਂ ਨੇ ਜੈ ਸ੍ਰੀ ਰਾਮ ਦੇ ਨਾਅਰੇ ਵੀ ਲਾਏ, ਆੜ੍ਹਤ ਵਾਲਾ ਪੱਤਾ, ਪਤਾ ਨਹੀਂ ਕਾਹਤੋਂ ਕੱਟ’ਤਾ। ਅਮਿਤ ਸ਼ਾਹ ਸਾਹੋ ਸਾਹ ਹੋਇਐ, ਬੰਗਾਲੀ ਪੜ੍ਹੇ ਲਿਖੇ ਜੋ ਹੋਏ।
ਪੰਜਾਬ ਲੂਹਲੁਹਾਨ ਐ, ਇਰਾਦਾ-ਏ-ਕਤਲ ਦੀ ਰਪਟ ਕੌਣ ਲਿਖੂ। ‘ਪੰਜਾਬੀ ਤਾਂ ਫੱਟੜ ਵੀ ਨਹੀਂ ਮਾਣ।’ ਸੁਖਦੇਵ ਸਿੰਘ ਢੀਂਡਸਾ ਆਖਦੇ ਨੇ, ‘ਅਸੀਂ ਬਚਾਵਾਂਗੇ ਪੰਜਾਬ।’ ‘ਆਪ’ ਵਾਲੇ ਹਰਪਾਲ ਚੀਮਾ ਬੋਲੇ, ਢੀਂਡਸਾ ਟਰਾਂਸਪੋਰਟ ਵਾਲਿਓ, ਆਓ ‘ਆਪ’ ਦੇ ਜੌਂਗੇ ’ਚ ਬਹਿ ਜਾਓ। ਜੋਗਿੰਦਰ ਉਗਰਾਹਾਂ ਨੇ ਸਭ ਚੁੱਪ ਕਰਾਤੇ। ‘ਭਰਾਵੋ! ਕਿਸਾਨ ਅੰਦੋਲਨ ਦੀ ਮੈਟਰੋ ’ਚ ਬੈਠੋ, ਏਹ ਟੀਟੀ ਥੋਡਾ ਆਪਣਾ ਖੂਨ ਨੇ।’ ਓਧਰ ਜਦੋਂ ਬੋਹਲ਼ ਰੋਣ ਲੱਗੇ, ਡਾ. ਦਰਸ਼ਨ ਪਾਲ ਨੇ ਸੰਘਰਸ਼ ਦੀ ਜਨਮ ਘੁੱਟੀ ਪਿਲਾ ਦਿੱਤੀ।‘ਤਿੱਖੇ ਔਜ਼ਾਰਾਂ ਨਾਲ ਮਜ਼ਾਕ ਚੰਗੇ ਨਹੀਂ ਹੁੰਦੇ।’ ਚੜ੍ਹਦੀ ਕਲਾ ਦੀ ਗੁੜ੍ਹਤੀ ਆਨੰਦਪੁਰੋਂ ਮਿਲੀ ਐ। ਜਿਨ੍ਹਾਂ ਵਣਜ ਹੀ ਸ਼ੁਰੂ ਤੋਂ ਧਾੜਵੀਆਂ ਨਾਲ ਕੀਤੇ, ਉਨ੍ਹਾਂ ਦਾ ‘ਕੰਪਨੀ ਰਾਜ’ ਕੀ ਵਾਲ ਵਿੰਗਾ ਕਰੂ। ਅੰਤ ਸੋਸ਼ਲ ਮੀਡੀਆ ਦੀ ਇੱਕ ਸਾਖੀ ਨਾਲ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ, 1615 ਵਿੱਚ ਪਹਿਲਾਂ ਦਰਬਾਰੀ ਗੱਠੇ, ਫੇਰ ਬਾਦਸ਼ਾਹ ਜਹਾਂਗੀਰ ਤੋਂ ਵਪਾਰ ਕਰਨ ਦੀ ਆਗਿਆ ਮੰਗੀ।
ਦਰਬਾਰੀ ਇਕੱਠੇ ਹੋਏ, ਜਹਾਂਗੀਰ ਨੂੰ ਪੜ੍ਹਤ ਪੜਾਈ, ਜਹਾਂਪਨਾਹ! ਕਾਰੋਬਾਰ ਅੰਗਰੇਜ਼ ਕਰਨਗੇ, ਤੁਸੀਂ ਵਿਹਲੇ ਬੈਠ ਟੈਕਸ ਛਕਿਓ। ਈਸਟ ਇੰਡੀਆ ਕੰਪਨੀ ਨੇ ਕਾਰੋਬਾਰ ਸ਼ੁਰੂ ਕਰ’ਤਾ। ਸਦੀਆਂ ਨੇ ਕਰਵਟ ਲਈ, ਜਹਾਂਗੀਰੀ ਪੀੜੀ ਦਾ ਬਹਾਦਰ ਸ਼ਾਹ ਜਫ਼ਰ ਤਰਲੇ ਪਾਉਂਦਾ ਮਰ ਗਿਆ, ਅੰਗਰੇਜ਼ ਕੰਪਨੀ ਨੇ ਪੈਨਸ਼ਨ ਨਾ ਲਾਈ। ‘ਦਰਬਾਰੀ’ ਜਹਾਂਗੀਰ ਦੇ ਦਰਬਾਰ ’ਚ ਬੁੱਲ੍ਹੇ ਲੁੱਟਦੇ ਰਹੇ, ਫੇਰ ਅੰਗਰੇਜ਼ਾਂ ਦੇ ਪਿੱਠੂ ਬਣ ਕੇ। ਏਹੋ ਦਰਬਾਰੀ ਹੁਣ ਨੇ ਜੋ ਸਹੁੰ ਚੁੱਕ ਮੰਤਰੀ ਸਜੇ ਨੇ। ਇੱਕੋ ਸੁਰ, ਇੱਕੋ ਰਾਗ..‘ਖੇਤੀ ਕਾਨੂੰਨ ਬੜੇ ਅੱਛੇ ਨੇ।’ ਕਿਸਾਨਾਂ ਨੇ ਵਰ੍ਹਿਆਂ ਮਗਰੋਂ ‘ਸੰਮਾਂ ਵਾਲੀ ਡਾਂਗ’ ਚੁੱਕੀ ਐ, ਬਾਕੀ ਡਾ. ਸਾਹਿਬ ਸਿੰਘ ਨੂੰ ਪੁੱਛ ਲਿਓ..।
No comments:
Post a Comment