Friday, April 23, 2021

                                                            ਖੇਤਾਂ ਦੇ ਨਾਇਕ
                                        ਅਸਾਂ ਮੁੜਨਾ ਨਹੀਂਓ ਪੰਜਾਬ ਖਾਲੀ
                                                            ਚਰਨਜੀਤ ਭੁੱਲਰ      

ਚੰਡੀਗੜ੍ਹ : ਬਿਰਧ ਮਲਕੀਤ ਕੌਰ ‘ਦਿੱਲੀ ਮੋਰਚਾ’ ਦੀ ਅਸਲ ਨਾਇਕਾ ਹੈ ਜਿਸ ਦੀ ਜ਼ਿੱਦ ਵੀ ਵਾਜਬ ਹੈ ਕਿ ਬਿਨਾਂ ਘੋਲ ਜਿੱਤੇ ਘਰ ਵਾਪਸੀ ਨਹੀਓਂ ਕਰਨੀ। ਵਿਧਵਾ ਮਲਕੀਤ ਕੌਰ ਆਪਣੇ ਖੇਤ ਬਚਾਉਣ ਲਈ ਦਿੱਲੀ ਦੀ ਸਰਹੱਦ ’ਤੇ ਬੈਠੀ ਹੈ। ਗੈਰਹਾਜ਼ਰੀ ’ਚ ਉਸ ਦਾ ਸੁੰਨਾ ਘਰ ਮਗਰੋਂ ਚੋਰਾਂ ਨੇ ਉਜਾੜ ਦਿੱਤਾ। ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ ਦੀ ਇਹ ਮਾਂ ਮਲਕੀਤ ਕੌਰ ਆਪਣੇ ਪੁੱਤ ਨਾਲ 26 ਨਵੰਬਰ ਤੋਂ ਦਿੱਲੀ ਮੋਰਚੇ ’ਚ ਡਟੀ ਬੈਠੀ ਹੈ।ਬਿਰਧ ਨੂੰ ਪਹਿਲਾਂ ਬਿਮਾਰੀ ਨੇ ਮੋਰਚੇ ’ਚ ਪਰਖਿਆ। ਉਸ ਪਿੱਛੋਂ ਪਿੰਡ ਆਜ਼ਮਵਾਲਾ ’ਚ ਉਸ ਦਾ ਘਰ ਚੋਰਾਂ ਨੇ ਸਾਫ ਕਰ ਦਿੱਤਾ। ਉਹ ਆਪਣੇ ਮਿਸ਼ਨ ’ਚ ਇਕਾਗਰ ਹੈ ਤੇ ਮਾਸਾ ਪਿਛਾਂਹ ਹਟਣ ਨੂੰ ਤਿਆਰ ਨਹੀਂ। ਉਹ ਆਖਦੀ ਹੈ ਕਿ ਆਖ਼ਰੀ ਸਾਹ ਤੱਕ ਲੜਾਂਗੀ। ਨਾਇਕਾ ਮਲਕੀਤ ਕੌਰ ਦੱਸਦੀ ਹੈ ਕਿ ਕਦੇ ਘਰੋਂ ਇੱਕ ਰਾਤ ਬਾਹਰ ਨਹੀਂ ਕੱਟੀ ਸੀ। ਜਦੋਂ ਬਿਪਤਾ ਸਿਰ ਆ ਪਵੇ ਤਾਂ ਘਰ ਵਿਚ ਚੈਨ ਕਿਥੇ। ਮੁਕਤਸਰ ਦੇ ਪਿੰਡ ਹਰੀ ਨੌ ਦਾ ਅਪਾਹਜ ਕਿਸਾਨ ਜਸਵਿੰਦਰ ਸਿੰਘ ਵੀ ਕਿਸੇ ਨਾਇਕ ਤੋਂ ਘੱਟ ਨਹੀਂ। 26 ਨਵੰਬਰ ਤੋਂ ਟਿਕਰੀ ਸੀਮਾ ’ਤੇ ਬੈਠਾ ਹੈ। ਉਹ ਆਖਦਾ ਹੈ ਕਿ ਖੇਤੀ ਕਾਨੂੰਨਾਂ ਨੇ ਸਮੁੱਚੀ ਕਿਸਾਨੀ ਨੂੰ ਅਪਾਹਜ ਬਣਾ ਦੇਣਾ ਹੈ। ਬਿਨਾਂ ਜਿੱਤੇ ਘਰ ਨਹੀਂ ਮੁੜਾਂਗੇ।

              ਸਿੰਘੂ/ਟਿਕਰੀ ਸਰਹੱਦ ’ਤੇ ਕਿਸਾਨ ਮੋਰਚਾ ਦੇ ਹਜ਼ਾਰਾਂ ਏਦਾਂ ਦੇ ਨਾਇਕ ਹਨ ਜਿਨ੍ਹਾਂ ਨੇ 26 ਨਵੰਬਰ ਮਗਰੋਂ ਮੁੜ ਪੰਜਾਬ ਪੈਰ ਨਹੀਂ ਪਾਇਆ। ਅਜਿਹੇ ਸਾਧਾਰਨ ਕਿਸਾਨ ਉਨ੍ਹਾਂ ਲੋਕਾਂ ਲਈ ਰੋਲ ਮਾਡਲ ਬਣੇ ਹਨ ਜਿਨ੍ਹਾਂ ਨੇ ਹਾਲੇ ਤੱਕ ਕਿਸਾਨ ਮੋਰਚੇ ’ਚ ਹਾਜ਼ਰੀ ਨਹੀਂ ਭਰੀ ਹੈ। ਬਠਿੰਡਾ ਦੇ ਜਗਾ ਰਾਮ ਤੀਰਥ ਦੀ ਮੁਸਲਿਮ ਮਹਿਲਾ ਅਕਬਰੀ ਅਤੇ ਉਸ ਦਾ ਸਿੱਖ ਪਤੀ, ਦੋਵੇਂ ਜੀਅ ਗਿਆਰਾਂ ਦਿਨਾਂ ਵਿਚ ਪੈਦਲ ਚੱਲ ਕੇ ‘ਦਿੱਲੀ ਮੋਰਚੇ’ ’ਚ ਪੁੱਜੇ ਸਨ। ਇਹ ਜੋੜਾ ਬੇਜ਼ਮੀਨਾ ਹੈ ਅਤੇ ਪਤੀ ਆਪਣੀ ਨੌਕਰੀ ਵੀ ਗੁਆ ਬੈਠਾ ਹੈ। ਅਕਬਰੀ ਆਖਦੀ ਹੈ ਕਿ ਬੇਟੀ ਪਿਛੇ ਘਰ ਹੈ ਜੋ ਵਾਰ ਵਾਰ ਬੁਲਾ ਰਹੀ ਹੈ। ਉਹ ਦੱਸਦੀ ਹੈ ਕਿ ਕੁਝ ਵੀ ਹੋ ਜਾਵੇ, ਉਹ ਘਰੋਂ ਪ੍ਰਣ ਕਰਕੇ ਤੁਰੇ ਸਨ ਕਿ ਬਿਨਾਂ ਜਿੱਤੇ ਪਿੰਡ ਦੀ ਜੂਹ ਵਿਚ ਪੈਰ ਨਹੀਂ ਧਰਨਾ। ਜੋੜਾ ਆਖਦਾ ਹੈ ਕਿ ਬੇਸ਼ੱਕ ਉਹ ਬੇਜ਼ਮੀਨੇ ਹਨ ਪ੍ਰੰਤੂ ਜੇ ਕਿਸਾਨਾਂ ਕੋਲ ਜ਼ਮੀਨ ਨਾ ਬਚੀ ਤਾਂ ਉਨ੍ਹਾਂ ਦੀਆਂ ਆਸਾਂ ਵੀ ਦਮ ਤੋੜ ਦੇਣਗੀਆਂ। ਦੇਖਿਆ ਜਾਵੇ ਤਾਂ ਦਿੱਲੀ ਮੋਰਚੇ ਦੇ ਬਹੁਤੇ ਆਗੂ ਵੀ ਪੰਜਾਬ ਵਿਚ ਗੇੜੇ ਮਾਰ ਚੁੱਕੇ ਹਨ ਪ੍ਰੰਤੂ ਸੈਂਕੜੇ ਛੁਪੇ ਰੁਸਤਮਾਂ ਨੇ ਘਰਾਂ ਦੀ ਯਾਦ ਅਤੇ ਦੁੱਖ ਸੁੱਖ ਅੱਗੇ ਗੋਡੇ ਨਹੀਂ ਟੇਕੇ।

               ਮਹਿਤਾ ਚੌਕ (ਅੰਮ੍ਰਿਤਸਰ) ਦਾ 65 ਵਰ੍ਹਿਆਂ ਦਾ ਹਰਦੀਪ ਸਿੰਘ ਵੀ ਸ਼ੁਰੂ ਤੋਂ ਹੀ ਦਿੱਲੀ ਸਰਹੱਦ ’ਤੇ ਬੈਠਾ ਹੈ। ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਟੋਰ ਨੂੰ ਸੰਭਾਲ ਰਿਹਾ ਹੈ। ਹਰਦੀਪ ਸਿੰਘ ਆਖਦਾ ਹੈ ਕਿ ਜਿੰਨਾ ਸਮਾਂ ਗੱਲ ਸਿਰੇ ਨਹੀਂ ਲੱਗਦੀ, ਪੰਜਾਬ ਨੂੰ ਉਨ੍ਹਾਂ ਸਮਾਂ ਮੂੰਹ ਨਹੀਂ ਦਿਖਾਉਣਾ। ਬਰਨਾਲਾ ਦੇ ਪਿੰਡ ਸੁਖਪੁਰਾ ਮੌੜ ਦਾ ਦੋਵਾਂ ਲੱਤਾਂ ਤੋਂ ਅਪਾਹਜ ਬਲਵਿੰਦਰ ਸਿੰਘ ਘਰ ਤੋਂ ਬਾਗੀ ਹੋ ਕੇ ਦਿੱਲੀ ਆ ਬੈਠਾ ਹੈ। ਕਦੇ ਲੰਗਰ ਵਿਚ ਸੇਵਾ ਕਰਦਾ ਹੈ ਅਤੇ ਸਫਾਈ ਦਾ ਕੰਮ ਸੰਭਾਲਦਾ ਹੈ। ਖੇਤਾਂ ਦੀ ਪਿੱਠ ਨਹੀਂ ਲੱਗਣ ਦੇਣੀ, ਉਹ ਇਹ ਸੋਚ ਕੇ ਇੱਥੇ ਬੈਠਾ ਹੈ। ਇਹ ਨਾਇਕ ਕਰੀਬ ਸਾਢੇ ਚਾਰ ਮਹੀਨਿਆਂ ਤੋਂ ਦਿੱਲੀ ’ਚ ਫਰਜ਼ ਨਿਭਾ ਰਿਹਾ ਹੈ।ਇਵੇਂ ਹੀ ਅਬਲੂ ਕੋਟਲੀ ਦਾ ਸੂਬਾ ਸਿੰਘ ਘਰ ਮੁੜਨ ਦਾ ਨਾਮ ਨਹੀਂ ਲੈ ਰਿਹਾ ਹੈ। 26 ਨਵੰਬਰ ਤੋਂ ਦਿੱਲੀ ਵਿਚ ਜੜ੍ਹ ਲਾਈ ਬੈਠਾ ਹੈ। ਉਹ ਆਖਦਾ ਹੈ ਕਿ ਖਾਲੀ ਹੱਥ ਕਿਵੇਂ ਮੁੜ ਜਾਈਏ। ਪਟਿਆਲਾ ਦੇ ਪਿੰਡ ਤੁੰਗਾ ਦਾ ਕਾਲਾ ਸਿੰਘ ਇੱਥੇ ਫੈਕਟਰੀ ’ਚ ਨੌਕਰੀ ਕਰਦਾ ਸੀ। ਨੌਕਰੀ ਛੱਡ ਕੇ ਦਿੱਲੀ ਮੋਰਚੇ ’ਚ ਜਾ ਬੈਠਾ। ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ ਦਾ ਗੁਲਾਬ ਸਿੰਘ ਵੀ ਦਿੱਲੀ ਘੋਲ ’ਚ ਮਹਿਕ ਰਿਹਾ ਹੈ। ਪਿਛਾਂਹ ਮੁੜਨ ਦਾ ਨਾਮ ਨਹੀਂ ਲੈ ਰਿਹਾ ਹੈ।

              ਏਦਾਂ ਦੇ ਹਜ਼ਾਰਾਂ ਯੋਧੇ ਹਨ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਨੂੰ ਸਿਰ-ਧੜ ਦੀ ਬਾਜ਼ੀ ਮੰਨਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ‘ਅਪਰੇਸ਼ਨ ਕਲੀਨ’ ਕਿਸਾਨ ਮੋਰਚੇ ਦਾ ਵਾਲ ਵਿੰਗਾ ਨਹੀਂ ਕਰ ਸਕੇਗਾ। ਉਹ ਅਜਿਹੇ ਅਪਰੇਸ਼ਨ ਅੱਗੇ ਡਟਣਗੇ। ਮਹਿਲਾ ਆਗੂ ਜਸਵੀਰ ਕੌਰ ਨੱਤ ਆਖਦੀ ਹੈ ਕਿ ਅਜਿਹੇ ਨਾਇਕਾਂ ’ਚ ਆਜ਼ਾਦੀ ਦੇ ਪਰਵਾਨਿਆਂ ਵਰਗਾ ਸਿਦਕ ਦੇਖਣ ਨੂੰ ਮਿਲ ਰਿਹਾ ਹੈ ਜੋ ਰੋਟੀ ਦੀ ਲੜਾਈ ਲਈ ਘਰ ਬਾਰ ਤਿਆਗ ਕੇ ਦਿੱਲੀ ਸਰਹੱਦ ’ਤੇ ਆ ਗੱਜੇ ਹਨ। ਇਹ ਅਣਥੱਕ ਯੋਧੇ ਹਨ ਜਿਨ੍ਹਾਂ ਦੇ ਜਜ਼ਬੇ ਤੇ ਭਾਵਨਾ ਤੋਂ ਹਕੂਮਤ ਅਣਜਾਣ ਹੈ। 

No comments:

Post a Comment