Showing posts with label Reliance. Show all posts
Showing posts with label Reliance. Show all posts

Friday, December 25, 2020

                                                         ਟਾਵਰਾਂ ਦੀ ਤਾਲਾਬੰਦੀ 
                                       ਪੰਜਾਬ ਵਿਚ ਜੀਓ ‘ਆਊਟ ਆਫ ਰੇਂਜ’
                                                            ਚਰਨਜੀਤ ਭੁੱਲਰ                        

ਚੰਡੀਗੜ੍ਹ : ਪੰਜਾਬ ਭਰ ’ਚ ਲੰਘੇ ਤਿੰਨ ਦਿਨਾਂ ਵਿੱਚ ਰਿਲਾਇੰਸ ਜੀਓ ਦੇ 200 ਮੋਬਾਈਲ ਟਾਵਰ ਬੰਦ ਹੋਏ ਹਨ। ਇਸ ਕਾਰਨ ਤਿੰਨ ਦਿਨਾਂ ’ਚ ਰਿਲਾਇੰਸ ਜੀਓ ਨੂੰ ਕਰੀਬ ਪੰਜ ਤੋਂ ਦਸ ਕਰੋੜ ਰੁਪਏ ਦੀ ਵਿੱਤੀ ਸੱਟ ਵੱਜੀ ਹੈ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਰਿਲਾਇੰਸ ਜੀਓ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਅਤੇ ਟਾਵਰਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਧਿਰਾਂ ਵੱਲੋਂ ਭਖਾਏ ਮਾਹੌਲ ਸਦਕਾ ਪੰਜਾਬ ਸਰਕਾਰ ਇਸ ਮਾਮਲੇ ’ਤੇ ਫਿਲਹਾਲ ਚੁੱਪ ਹੈ। ਰਿਲਾਇੰਸ ਨੇ ‘ਆਨਲਾਈਨ ਪੜ੍ਹਾਈ’ ਦਾ ਬਹਾਨਾ ਲਾ ਕੇ ਵੀ ਟਾਵਰਾਂ ਦੀ ਤਾਲਾਬੰਦੀ ਰੋਕਣ ਲਈ ਹੀਲਾ ਕੀਤਾ ਸੀ। ਪੰਜਾਬ ਵਿਚ ਤਾਂ ਹੁਣ ਪੰਚਾਇਤਾਂ ਨੇ ਵੀ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਰਿਲਾਇੰਸ ਜੀਓ ਵੱਲੋਂ ਲਿਖੇ ਪੱਤਰ ਅਨੁਸਾਰ ਮੋਬਾਈਲ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਪੰਜਾਬ ਵਿਚ ਛੇ ਖ਼ਿੱਤਿਆਂ ’ਚ ਜੀਓ ਕੰਪਨੀ ਦੇ ਲੱਖਾਂ ਕੁਨੈਕਸ਼ਨ ਪ੍ਰਭਾਵਿਤ ਹੋ ਗਏ ਹਨ, ਜਨ੍ਹਿਾਂ ਵਿਚ ਬਠਿੰਡਾ, ਜਗਰਾਉਂ, ਸਮਰਾਲਾ, ਬਲਾਚੌਰ, ਸੁਨਾਮ ਅਤੇ ਮੋਗਾ ਖ਼ਿੱਤੇ ਸ਼ਾਮਲ ਹਨ।

              ਜੀਓ ਨੂੰ ਇੱਕ ਹਫ਼ਤੇ ਪਹਿਲਾਂ ਸੇਕ ਲੱਗਣਾ ਸ਼ੁਰੂ ਹੋਇਆ। ਤਿੰਨ ਦਿਨਾਂ ਵਿਚ 200 ਟਾਵਰ ਪੂਰਨ ਰੂਪ ਵਿਚ ਪ੍ਰਭਾਵਿਤ ਹੋਏ ਹਨ। ਜੀਓ ਕੰਪਨੀ ਨੇ ਲਿਖਿਆ ਹੈ ਕਿ ਇਨ੍ਹਾਂ ਥਾਵਾਂ ’ਤੇ ਭੰਨਤੋੜ ਹੋਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਜੀਓ ਕੰਪਨੀ ਦੇ 1.40 ਕਰੋੜ ਕੁਨੈਕਸ਼ਨ ਹਨ ਅਤੇ 4ਜੀ ਦੀ ਹਾਈ ਸਪੀਡ ਕੁਨੈਕਟੇਵਿਟੀ ਹੈ। ਪੰਜਾਬ ਵਿਚ ਰਿਲਾਇੰਸ ਜੀਓ ਦੇ ਕਰੀਬ 9 ਹਜ਼ਾਰ ਟਾਵਰ ਹਨ ਅਤੇ ਕਰੀਬ 250 ਰਿਲਾਇੰਸ ਦਫ਼ਤਰ ਹਨ। ਇਸ ਤੋਂ ਇਲਾਵਾ 300 ਪ੍ਰਮੁੱਖ ਥਾਵਾਂ ਹਨ। ਸਤੰਬਰ ਮਹੀਨੇ ਤੋਂ ਜੀਓ ਦਫ਼ਤਰਾਂ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਮੁਹਿੰਮ ਵਿੱਢ ਦਿੱਤੀ ਸੀ। ਜਲੰਧਰ ਤੇ ਲੁਧਿਆਣਾ ’ਚ 11-11 ਟਾਵਰ ਬੰਦ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ਾਨਾ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਮੁਕਤਸਰ ਦੇ ਗਿੱਦੜਬਾਹਾ, ਮਲੋਟ ਤੇ ਮੁਕਤਸਰ ’ਚ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਵੇਰਵਿਆਂ ਅਨੁਸਾਰ ਸੰਗਰੂਰ ’ਚ 7 ਟਾਵਰ, ਹੁਸ਼ਿਆਰਪੁਰ ਵਿਚ ਛੇ, ਕਪੂਰਥਲਾ, ਫ਼ਾਜ਼ਿਲਕਾ ਤੇ ਮਾਨਸਾ ਵਿਚ ਪੰਜ-ਪੰਜ, ਅੰਮ੍ਰਿਤਸਰ ਵਿਚ 9, ਗੁਰਦਾਸਪੁਰ, ਬਠਿੰਡਾ, ਫ਼ਿਰੋਜ਼ਪੁਰ, ਤਰਨ ਤਾਰਨ ਤੇ ਰੋਪੜ ਵਿਚ ਚਾਰ-ਚਾਰ ਟਾਵਰ, ਫ਼ਰੀਦਕੋਟ, ਮੋਗਾ, ਨਵਾਂਸ਼ਹਿਰ ਅਤੇ ਪਠਾਨਕੋਟ ਵਿਚ ਤਿੰਨ-ਤਿੰਨ ਟਾਵਰ ਪ੍ਰਭਾਵਿਤ ਹੋਏ ਹਨ। ਬਠਿੰਡਾ ਦੇ ਪਿੰਡ ਭੁੱਖਿਆਂ ਵਾਲੀ ਦੇ ਜੈਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਬੀ.ਕੇ.ਯੂ. ਨੇ ਪਿੰਡ ਵਾਸੀਆਂ ਨੂੰ ਦੋ ਦਿਨਾਂ ’ਚ ਜੀਓ ਸਿਮ ਬੰਦ ਕਰਾਉਣ ਲਈ ਆਖ ਦਿੱਤਾ ਹੈ। 

             ਲੁਧਿਆਣਾ ਦੇ ਪਿੰਡ ਗੌਂਸਗੜ੍ਹ ਅਤੇ ਬੀਜਾ ਦੀ ਪੰਚਾਇਤ ਨੇ ਜੀਓ ਟਾਵਰਾਂ ਦੇ ਕੁਨੈਕਸ਼ਨ ਕੱਟੇ ਹਨ। ਬੀਜਾ ਦੇ ਸਰਪੰਚ ਸੁਖਰਾਜ ਸਿੰਘ ਨੇ ਜੀਓ ਸਿਮ ਬੰਦ ਕਰਾਏ ਜਾਣ ਦਾ ਮਤਾ ਵੀ ਪਾਸ ਕੀਤਾ ਹੈ। ਫ਼ਿਰੋਜ਼ਪੁਰ ਦੇ ਪਿੰਡ ਸ਼ੇਰਖਾਨ, ਪਟਿਆਲਾ ਇਲਾਕੇ ਦੇ ਪਿੰਡ ਭੇਡਪੁਰਾ, ਕੋਟਲੀ ਤੇ ਦੋਦੜਾ ਵਿਚ ਵੀ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਜੀਓ ਨੈੱਟਵਰਕ ਡਗਮਗਾ ਗਿਆ ਹੈ। ਜੀਓ ਦੇ ਲੱਖਾਂ ਖ਼ਪਤਕਾਰਾਂ ਤੱਕ ਖੇਤੀ ਕਾਨੂੰਨਾਂ ਦਾ ਸੇਕ ਪੁੱਜ ਗਿਆ ਹੈ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਘੁੰਮਣ ਅਤੇ ਮੀਤ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਲਕੇ ਤੋਂ ਕੰਢੀ ਖ਼ਿੱਤੇ ਵਿਚ ਜੀਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰਾਂ ਤੇ ਪਿੰਡਾਂ ਵਿਚ ਜੀਓ ਦੇ ਸਿਮ ਤਬਦੀਲ ਕਰਾਉਣ ਦੀ ਵੱਡੀ ਮੁਹਿੰਮ ਵੀ ਚੱਲ ਰਹੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਜੀਓ ਮੋਬਾਈਲ ਟਾਵਰਾਂ ਨੂੰ ਕਿਧਰੇ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਬਲਕਿ ਇਨ੍ਹਾਂ ਟਾਵਰਾਂ ਦੀ ਸਿਰਫ਼ ਬਿਜਲੀ ਬੰਦ ਕੀਤੀ ਗਈ ਹੈ।

                                            ਜੀਓ ਦੇ ਡੈੱਡ ਕੁਨੈਕਸ਼ਨ ਵਧੇ

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੀ 23 ਦਸੰਬਰ ਦੀ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਦੇ ਪੰਜਾਬ ਵਿਚ ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਵਿਚ ਅਕਤੂਬਰ ’ਚ ਕਮੀ ਆਈ। ਜੀਓ ਦੇ ਸਤੰਬਰ ਮਹੀਨੇ ’ਚ 66.56 ਫੀਸਦੀ ਕੁਨੈਕਸ਼ਨ ਐਕਟਿਵ ਸਨ, ਜੋ ਅਕਤੂਬਰ ’ਚ 65.93 ਫੀਸਦੀ ਰਹਿ ਗਏ ਹਨ। ਇਸੇ ਤਰ੍ਹਾਂ ਪੰਜਾਬ ’ਚ ਸਭ ਕੰਪਨੀਆਂ ਦੇ ਸਿਮ ਤਬਦੀਲੀ ਲਈ ਸਤੰਬਰ ’ਚ 24 ਹਜ਼ਾਰ ਦਰਖਾਸਤਾਂ ਪੁੱਜੀਆਂ ਸਨ ਜਦੋਂ ਕਿ ਅਕਤੂਬਰ ਮਹੀਨੇ ’ਚ ਇਹ ਗਿਣਤੀ 26 ਹਜ਼ਾਰ ਦਰਖ਼ਾਸਤਾਂ ਦੀ ਹੋ ਗਈ ਹੈ। 

Wednesday, December 23, 2020

                                                          ਅੰਬਾਨੀ ਦੀ ਗੰਗਾ 
                                      ‘ਰਿਲਾਇੰਸ’ ਨੇ ਸਿਆਸੀ ਨੇਤਾ ਤਾਰੇ
                                                           ਚਰਨਜੀਤ ਭੁੱਲਰ                      

ਚੰਡੀਗੜ੍ਹ : ਪੰਜਾਬ ਦੇ ਸਿਆਸੀ ਨੇਤਾਵਾਂ ਨੇ ਮੋਬਾਈਲ ਟਾਵਰਾਂ ਲਈ ਕਿਰਾਏ ’ਤੇ ਜ਼ਮੀਨਾਂ ਦੇ ਕੇ ਰਿਲਾਇੰਸ ਕੰਪਨੀ ਤੋਂ ਚੰਗੇ ਹੱਥ ਰੰਗ ਲਏ ਹਨ। ‘ਕਿਸਾਨ ਘੋਲ’ ਨੇ ਇਨ੍ਹਾਂ ਸਿਆਸੀ ਆਗੂਆਂ ’ਤੇ ਉਂਗਲ ਉਠਾਈ ਹੈ ਜੋ ਰਿਲਾਇੰਸ ਕੰਪਨੀ ਤੋਂ ਇਨ੍ਹਾਂ ਟਾਵਰਾਂ ਬਦਲੇ ਹਰ ਮਹੀਨੇ ਚੰਗਾ ਕਿਰਾਇਆ ਵਸੂਲ ਰਹੇ ਹਨ। ਰਿਲਾਇੰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂ ਵਾਲੀ ਨੂੰ 10 ਮੋਬਾਇਲ ਟਾਵਰਾਂ ਲਈ ਦਿੱਤੀ ਜ਼ਮੀਨ ਬਦਲੇ ਕਿਰਾਇਆ ਦਿੱਤਾ ਜਾ ਰਿਹਾ ਹੈ।ਵਿਜੀਲੈਂਸ ਬਠਿੰਡਾ ਵੱਲੋਂ ਜਦੋਂ ਕੋਲਿਆਂ ਵਾਲੀ ’ਤੇ ਪਰਚਾ ਦਰਜ ਕੀਤਾ ਗਿਆ ਸੀ, ਉਦੋਂ ਸਾਬਕਾ ਚੇਅਰਮੈਨ ਕੋਲਿਆਂ ਵਾਲੀ ਨੇ ਖੁਦ ਕਬੂਲ ਕੀਤਾ ਹੈ ਕਿ ਉਸ ਨੂੰ 11 ਮੋਬਾਈਲ ਟਾਵਰਾਂ ਵਾਲੀ ਜ਼ਮੀਨ ਤੋਂ ਮਹੀਨਾਵਾਰ ਕਿਰਾਇਆ ਆ ਰਿਹਾ ਹੈ। ਵਿਜੀਲੈਂਸ ਰਿਪੋਰਟ ਅਨੁਸਾਰ ਸਾਬਕਾ ਚੇਅਰਮੈਨ ਦੀ ਧਰਮਪਤਨੀ ਦੇ ਨਾਮ ਵਾਲੀ ਜ਼ਮੀਨ ’ਤੇ ਰਿਲਾਇੰਸ ਦੇ ਪਿੰਡ ਬੋਦੀਵਾਲਾ, ਕਿੱਲਿਆਂ ਵਾਲੀ, ਭਲਾਈਆਣਾ, ਭੈਣੀ ਚੂਹੜ ’ਚ ਟਾਵਰ ਹਨ ।

               ਇਸੇ ਤਰ੍ਹਾਂ ਹੀ ਕੋਲਿਆਂ ਵਾਲੀ ਦੇ ਲੜਕੇ ਦੇ ਨਾਮ ਵਾਲੀ ਜ਼ਮੀਨ ’ਤੇ ਪਿੰਡ ਕਬਰਵਾਲਾ, ਅਰਨੀਵਾਲਾ ਮੰਡੀ, ਸ਼ਾਮ ਖੇੜਾ,ਜੱਸੀ ਬਾਗਵਾਲੀ ਅਤੇ ਕੋਲਿਆਂ ਵਾਲੀ ਦੀ ਲੜਕੀ ਦੇ ਨਾਮ ਵਾਲੀ ਜ਼ਮੀਨ ’ਤੇ ਪਿੰਡ ਦਾਨੇਵਾਲਾ, ਗੁਰੂਸਰ ਵਿਖੇ ਰਿਲਾਇੰਸ ਦੇ ਟਾਵਰ ਹਨ ਜਿਨ੍ਹਾਂ ਲਈ ਕਿਰਾਏ ’ਤੇ ਜ਼ਮੀਨ ਦਿੱਤੀ ਗਈ ਹੈ। ਕੋਲਿਆਂ ਵਾਲੀ ਦੇ ਖੁਦ ਦੇ ਨਾਮ ’ਤੇ ਇੱਕ ਟਾਵਰ ਹੈ ਜੋ ਏਅਰਟੈੱਲ ਕੰਪਨੀ ਦਾ ਹੈ। ਭਾਵੇਂ ਕਾਨੂੰਨੀ ਤੌਰ ’ਤੇ ਕੁਝ ਵੀ ਗਲਤ ਨਹੀਂ ਹੈ ਪ੍ਰੰਤੂ ਰਿਲਾਇੰਸ ਵੱਲੋਂ ਸਿਰਫ ਨੇਤਾਵਾਂ ਦੀ ਜ਼ਮੀਨ ਦੀ ਹੀ ਚੋਣ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ।ਜਦੋਂ ਪੰਜਾਬ ’ਚ ਗਠਜੋੜ ਸਰਕਾਰ ਸੀ, ਉਦੋਂ ਰਿਲਾਇੰਸ ਨੂੰ ਅਕਾਲੀ ਆਗੂਆਂ ਨੇ ਮੋਬਾਈਲ ਟਾਵਰਾਂ ਲਈ ਜ਼ਮੀਨ ਦਿੱਤੀ ਸੀ। ਸੂਤਰਾਂ ਅਨੁਸਾਰ ਨੇਤਾਵਾਂ ਨੇ ਪਹਿਲਾਂ ਰਿਲਾਇੰਸ ਤੋਂ ਟਾਵਰ ਲਗਾਏ ਜਾਣ ਵਾਲੀ ਜਗ੍ਹਾ ਦੀ ਸੂਚੀ ਹਾਸਲ ਕਰ ਲਈ ਅਤੇ ਮਗਰੋਂ ਸ਼ਨਾਖ਼ਤ ਕੀਤੇ ਪਿੰਡਾਂ ਵਿਚ ਥੋੜੀ ਥੋੜੀ ਜ਼ਮੀਨ ਖਰੀਦ ਲਈ। ਇਸ ਖਰੀਦ ਕੀਤੀ ਜ਼ਮੀਨ ’ਤੇ ਰਿਲਾਇੰਸ ਨੇ ਮੋਬਾਈਲ ਟਾਵਰ ਖੜ੍ਹੇ ਕਰ ਦਿੱਤੇ ਅਤੇ ਆਗੂਆਂ ਨੂੰ ਹਰ ਮਹੀਨੇ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ। ਪੇਂਡੂ ਖੇਤਰ ਵਿਚ ਪ੍ਰਤੀ ਟਾਵਰ 20 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਕਿਰਾਇਆ ਮਿਲ ਰਿਹਾ ਹੈ। 

      ਜ਼ਿਲ੍ਹਾ ਮਾਨਸਾ ਦੇ ਇੱਕ ਵਿਧਾਇਕ ਤੇ ਉਸ ਦੇ ਪਰਿਵਾਰ ਵੱਲੋਂ ਕਰੀਬ 11 ਪਿੰਡਾਂ ਵਿਚ ਪਹਿਲਾਂ ਥੋੜੀ ਥੋੜੀ ਜਗ੍ਹਾ ਖਰੀਦ ਕੀਤੀ ਗਈ ਜਿਨ੍ਹਾਂ ’ਤੇ ਮਗਰੋਂ ਰਿਲਾਇੰਸ ਕੰਪਨੀ ਨੇ ਮੋਬਾਈਲ ਟਾਵਰ ਖੜ੍ਹੇ ਕਰ ਦਿੱਤੇ। ਇਹ ਜਗ੍ਹਾ ਮਾਨਸਾ ਦੇ ਖੈਰਾ ਖੁਰਦ, ਸਰਦੂਲਗੜ੍ਹ, ਕਾਹਨ ਸਿੰਘ ਵਾਲਾ, ਕਾਹਨੇਵਾਲਾ, ਮੁਕਤਸਰ ’ਚ ਲੱਖੇਵਾਲੀ ਤੇ ਥਾਂਦੇਵਾਲਾ, ਸੰਗਰੂਰ ’ਚ ਪਿੰਡ ਬੰਗਾ,ਲੁਧਿਆਣਾ ’ਚ ਪਿੰਡ ਹਠੂਰ ਅਤੇ ਫਾਜ਼ਿਲਕਾ ਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਆਦਿ ਵਿਚ ਖਰੀਦ ਕੀਤੀ ਗਈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੁੱਦੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ।ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਬਾਦਲ ਪਰਿਵਾਰ ਦੇ ਅਤਿ ਨੇੜਲੇ ਅਤੇ ਯੂਥ ਅਕਾਲੀ ਆਗੂ ਦੀ ਜ਼ਮੀਨ ’ਤੇ ਦਰਜਨਾਂ ਮੋਬਾਈਲ ਟਾਵਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਚੰਗਾ ਕਿਰਾਇਆ ਹਾਸਲ ਕੀਤਾ ਜਾ ਰਿਹਾ ਹੈ। ਇੱਕ ਵੱਡੇ ਘਰਾਣੇ ਦੀ ਇੱਕ ਕੰਪਨੀ ਵਿਚ ਹਿੱਸੇਦਾਰ ਦੇ ਨਾਮ ਵਾਲੀ ਸ਼ਹਿਰੀ ਜਗ੍ਹਾ ਵਿਚ ਰਿਲਾਇੰਸ ਦੇ ਟਾਵਰ ਹਨ। 

             ਇਸੇ ਘਰਾਣੇ ਦੇ ਇੱਕ ਹੋਰ ਪੁਰਾਣੇ ਨੇੜਲੇ ਦੇ ਨਾਮ ਵਾਲੀ ਜਗ੍ਹਾ ’ਤੇ ਹੀ ਟਾਵਰ ਹਨ। ਜ਼ਿਲ੍ਹਾ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਨੇਤਾਵਾਂ ਦੇ ਖਾਸ ਵਿਅਕਤੀਆਂ ਦੀ ਜ਼ਮੀਨ ’ਤੇ ਰਿਲਾਇੰਸ ਦੇ ਟਾਵਰ ਹਨ। ਸੂਤਰਾਂ ਅਨੁਸਾਰ ਰਾਮਪੁਰਾ ਦੇ ਵੀ ਇੱਕ ਸ਼ਹਿਰੀ ਆਗੂ ਦੇ ਨਾਮ ਵਾਲੀ ਜ਼ਮੀਨ ’ਤੇ ਟਾਵਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ’ਤੇ ਤਾਂ ਰਿਲਾਇੰਸ ਦੇ ਦੋ ਤੇਲ ਪੰਪ ਪਿੰਡ ਰੁਪਾਣਾ ਅਤੇ ਡੂਮਵਾਲੀ ਵਿਚ ਹਨ। ਵੇਰਵਿਆਂ ਅਨੁਸਾਰ ਰਿਲਾਇੰਸ ਕੰਪਨੀ ਵੱਲੋਂ ਤੇਲ ਪੰਪਾਂ ਲਈ ਜੋ ਜਗ੍ਹਾ ਲਈ ਜਾਂਦੀ ਹੈ, ਉਹ 30 ਸਾਲ ਲਈ ਸਲਾਨਾ ਇੱਕ ਰੁਪਏ ਲੀਜ਼ ’ਤੇ ਲਈ ਜਾਂਦੀ ਹੈ। ਤੇਲ ਪੰਪ ਚਲਾਉਣ ਵਾਲਾ ਡੀਲਰ ਕਿਸੇ ਝਗੜਾ ਹੋਣ ਦੀ ਸੂਰਤ ਵਿਚ ਕਿਤੇ ਭੱਜ ਨਹੀਂ ਸਕੇਗਾ ਕਿਉਂਕਿ ਲੀਜ਼ 30 ਸਾਲ ਲਈ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਕਿਸਾਨ ਧਿਰਾਂ ਵੱਲੋਂ ਅੰਬਾਨੀ ਅਡਾਨੀ ਦੇ ਕਾਰੋਬਾਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ। ਪੰਜਾਬ ’ਚ ਗ੍ਰਾਹਕਾਂ ਵੱਲੋਂ ਰਿਲਾਇੰਸ ਜੀਓ ਦੇ ਸਿਮ ਛੱਡੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। 

                     ਨਾਤਾ ਤੋੜਨ ਸਿਆਸੀ ਆਗੂ : ਕਿਸਾਨ ਧਿਰਾਂ 

ਬੀ.ਕੇ.ਯੂ (ਕਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅਪੀਲ ਕੀਤੀ ਹੈ ਕਿ ਅਗਰ ਸਿਆਸੀ ਆਗੂ ਕਿਸਾਨੀ ਪ੍ਰਤੀ ਸੁਹਿਰਦ ਹਨ ਤਾਂ ਉਹ ਫੌਰੀ ਅੰਬਾਨੀ ਅਡਾਨੀ ਦੇ ਕਾਰੋਬਾਰਾਂ ਨਾਲੋਂ ਨਾਤਾ ਤੋੜਨ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦਾ ਵੀ ਹੁਣ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਦੋਂ ਆਮ ਲੋਕ ਕਿਸਾਨੀ ਦੀ ਹਮਾਇਤ ’ਚ ਕਾਰਪੋਰੇਟਾਂ ਨਾਲੋਂ ਨਾਤਾ ਤੋੜ ਰਹੇ ਹਨ ਤਾਂ ਸਿਆਸੀ ਲੋਕ ਵੀ ਕਾਰਪੋਰੇਟਾਂ ’ਦੇ ਕਾਰੋਬਾਰ ਛੱਡਣ ਤਾਂ ਹੀ ਉਨ੍ਹਾਂ ਦੀ ਸੰਜੀਦਗੀ ਦਾ ਪਤਾ ਲੱਗੇਗਾ ਅਤੇ ਹਕੀਕਤ ਸਾਹਮਣੇ ਆਏਗੀ। 

   


 

Friday, October 2, 2020

                        ਨੇਤਾ ਜੀ !
        ਅੰਬਾਨੀ ਦੇ ਡੀਲਰ ਨਿਕਲੇ 
                   ਚਰਨਜੀਤ ਭੁੱਲਰ

ਚੰਡੀਗੜ੍ਹ : ਰਿਲਾਇੰਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੈਟਰੋਲ ਪੰਪਾਂ ਨੂੰ ਪੰਜਾਬ ’ਚ ਦਰਜਨਾਂ ਸਿਆਸੀ ਆਗੂ ਚਲਾ ਰਹੇ ਹਨ ਜਿਨ੍ਹਾਂ ਪੰਪਾਂ ਤੋਂ ਹੁਣ ਤੇਲ ਦੀ ਵਿਕਰੀ ਭੁੰਜੇ ਡਿੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਸ ਵੇਲੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪ ਹਨ। ਬਾਦਲ ਪਰਿਵਾਰ ਦਾ ਜ਼ਿਲ੍ਹਾ ਮੁਕਤਸਰ ਵਿਚ ਪਿੰਡ ਰੁਪਾਨਾ ਕੋਲ ਰਿਲਾਇੰਸ ਪੰਪ ਹੈ ਜਿਥੇ ਤੇਲ ਦੀ ਵਿਕਰੀ ਹੁਣ ਪੰਜ ਸੌ ਲੀਟਰ ਘੱਟ ਗਈ ਹੈ। ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਕੋਲ ਹੈ ਜਿਥੇ ਅੱਜ ਤੇਲ ਦੀ ਵਿਕਰੀ ਨਾਮਾਤਰ ਹੀ ਰਹੀ।
            ਡੂਮਵਾਲੀ ਕੋਲ ਇਸ ਰਿਲਾਇੰਸ ਪੰਪ ’ਤੇ ਅੱਜ ਕਿਸਾਨਾਂ ਨੇ ਧਰਨਾ ਦਿੱਤਾ ਹੈ। ਬੀ.ਕੇ.ਯੂ (ਉਗਰਾਹਾਂ) ਵੱਲੋਂ ਖੇਤੀ ਕਾਨੂੰਨ ਬਣਨ ਮਗਰੋਂ ਅੰਬਾਨੀ ਦੇ ਕਾਰੋਬਾਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਅੱਜ ਪੰਜਾਬ ਵਿਚ 15 ਤੇਲ ਪੰਪਾਂ ’ਤੇ ਧਰਨੇ ਦਿੱਤੇ ਹਨ। ਬਾਦਲ ਪਰਿਵਾਰ ਦੇ ਇਨ੍ਹਾਂ ਤੇਲ ਪੰਪਾਂ ਤੋਂ ਕਿਸਾਨ ਵੀ ਹਾਲੇ ਤੱਕ ਅਣਜਾਣ ਹੀ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਲੜਕੇ ਰਵੀ ਬਾਜਵਾ ਕੋਲ ਵੀ ਰਿਲਾਇੰਸ ਦਾ ਤੇਲ ਪੰਪ ਹੈ ਜੋ ਕੱਥੂਨੰਗਲ ਵਿਖੇ ਹੈ। 
           ਰਵੀ ਬਾਜਵਾ ਨੇ ਦੱਸਿਆ ਕਿ ਹੁਣ ਤੇਲ ਦੀ ਵਿਕਰੀ ’ਤੇ ਕਰੀਬ 30 ਫੀਸਦੀ ਦਾ ਅਸਰ ਪਿਆ ਹੈ ਅਤੇ ਅੱਜ ਗੱਡੀਆਂ ਜਾਮ ਵਿਚ ਫਸਣ ਕਰਕੇ ਤੇਲ ਪੰਪ ਡਰਾਈ ਵੀ ਹੋ ਗਿਆ ਹੈ। ਸਾਬਕਾ ਮੰਤਰੀ ਰਮਨ ਭੱਲਾ ਦੇ ਪਰਿਵਾਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ ਵਿਚ ਰਿਲਾਇੰਸ ਦਾ ਪੈਟਰੋਲ ਪੰਪ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਵੀ ਭਗਤਾ ਭਾਈਕਾ ਵਿਖੇ ਰਿਲਾਇੰਸ ਪੰਪ ਹੈ। ਇਸ ਪੰਪ ਦੇ ਮੈਨੇਜਰ ਕਮਲ ਅਗਰਵਾਲ ਨੇ ਦੱਸਿਆ ਕਿ ਡੀਜ਼ਲ ਦੀ ਵਿਕਰੀ 25 ਤੋਂ 40 ਫੀਸਦੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਅੱਜ ਆਖ ਗਏ ਹਨ ਕਿ ਉਹ ਭਲਕੇ ਪੰਪ ਅੱਗੇ ਧਰਨਾ ਲਾਉਣਗੇ। 
    ਫਤਹਿਗੜ੍ਹ ਸਾਹਿਬ ਵਿਚ ਵੀ ਇੱਕ ਪੰਥਕ ਆਗੂ ਦਾ ਰਿਲਾਇੰਸ ਪੈਟਰੋਲ ਪੰਪ ਹੈ। ਜ਼ਿਲ੍ਹਾ ਮੁਕਤਸਰ ਦੇ ਇੱਕ ਸਾਬਕਾ ਐਮ.ਐਲ.ਏ ਕੋਲ ਵੀ ਰਿਲਾਇੰਸ ਦੇ ਸ਼ੇਅਰ ਹਨ। ਗੜ੍ਹਸ਼ੰਕਰ ਵਿਚ ਵੀ ਇੱਕ ਪੁਰਾਣੇ ਅਕਾਲੀ ਅਤੇ ਮੌਜੂਦਾ ਕਾਂਗਰਸੀ ਆਗੂ ਦਾ ਰਿਲਾਇੰਸ ਪੰਪ ਹੈ। ਮਾਨਸਾ ਜ਼ਿਲ੍ਹੇ ਵਿਚ ਇੱਕ ਕਾਂਗਰਸੀ ਆਗੂ ਦਾ ਤੇਲ ਪੰਪ ਹੈ। ਹੁਸ਼ਿਆਰਪੁਰ ਦੇ ਰਿਲਾਇੰਸ ਪੰਪ ਡੀਲਰ ਸ੍ਰੀ ਵਿਵੇਕ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਪੰਜਾਹ ਫੀਸਦੀ ਸੇਲ ਘੱਟ ਗਈ ਹੈ। 
    ਕਪੂਰਥਲਾ ਜ਼ਿਲ੍ਹੇ ਦੇ ਰਿਲਾਇੰਸ ਪੰਪ ਡੀਲਰ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ 20 ਫੀਸਦੀ ਵਿਕਰੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਆਖਿਆ ਕਿ ਰਿਲਾਇੰਸ ਕੰਪਨੀ ਥਾਂ ਡੀਲਰ ਵੱਧ ਪ੍ਰਭਾਵਿਤ ਹੋ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਰਿਲਾਇੰਸ ਦੇ 85 ਪੈਟਰੋਲ ਪੰਪ ਹਨ ਜਿਨ੍ਹਾਂ ਚੋਂ 35 ਪੰਪ ਖੁਦ ਕੰਪਨੀ ਹੀ ਚਲਾ ਰਹੀ ਹੈ। ਪੂਰੇ ਮੁਲਕ ਵਿਚ ਰਿਲਾਇੰਸ ਕੰਪਨੀ ਦੇ 1394 ਤੇਲ ਹਨ ਜਿਨ੍ਹਾਂ ਚੋਂ 50 ਪੈਟਰੋਲ ਪੰਪ ਹਰਿਆਣਾ ਵਿਚ ਵੀ ਹਨ। ਪੰਜਾਬ ਦੇ ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਇੱਕ ਪਾਸੇ ਬੰਨ੍ਹੇ ਸਿਆਸੀ ਆਗੂ ਕਾਰਪੋਰੇਟਾਂ ਨੂੰ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਆੜੇ ਹੱਥੀਂ ਵੀ ਲੈ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਾਰੋਬਾਰਾਂ ਦੇ ਡੀਲਰ ਵੀ ਬਣੇ ਹੋਏ ਹਨ। 
                            ਖੇਤੀ ਕਾਨੂੰਨ ਕਾਰਪੋਰੇਟਾਂ ਲਈ ਬਣਾਏ: ਕੋਕਰੀ ਕਲਾਂ
ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਅੰਬਾਨੀ ਜੇਹੇ ਕਾਰਪੋਰੇਟਾਂ ਲਈ ਹੀ ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਬਣਾਏ ਹਨ ਜਿਸ ਕਰਕੇ ਇਨ੍ਹਾਂ ਕਾਰੋਬਾਰੀ ਟਿਕਾਣਿਆਂ ਦੇ ਅੱਗੇ ਕਿਸਾਨਾਂ ਵੱਲੋਂ ਅੱਜ ਤੋਂ ਧਰਨੇ ਮਾਰਨੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਰੋਹ ਵਿਚ ਹਨ ਅਤੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ।