Showing posts with label petrol pump. Show all posts
Showing posts with label petrol pump. Show all posts

Monday, February 3, 2025

                                                       ਪਖਾਨਿਆਂ ਨੂੰ ਤਾਲੇ
                       ਮੁੱਖ ਮੰਤਰੀ ਨੇ ਕੱਢੀ ਪੈਟਰੋਲ ਪੰਪਾਂ ਦੀ ਹਵਾ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਮੁੱਖ ਮੰਤਰੀ ਦੇ ਦਬਕੇ ਨੇ ਤੇਲ ਪੰਪਾਂ ਦੇ ਬੰਦ ਪਏ ਪਖਾਨੇ ਖੁੱਲ੍ਹਵਾ ਦਿੱਤੇ ਹਨ ਅਤੇ ਇਨ੍ਹਾਂ ਪਖਾਨਿਆਂ ਦੀ ਫ਼ੌਰੀ ਸਫ਼ਾਈ ਵੀ ਹੋਣ ਲੱਗੀ ਹੈ। ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਫ਼ੌਰੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਕੁੱਝ ਤੇਲ ਪੰਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ ਹੈ। ਹੋਇਆ ਇੰਝ ਕਿ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਪਟਿਆਲਾ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਰਾਜਪੁਰਾ-ਪਟਿਆਲਾ ਦਰਮਿਆਨ ਇੱਕ ਪੈਟਰੋਲ ਪੰਪ ’ਤੇ ਰੁਕੇ ਤਾਂ ਗੰਨਮੈਨਾਂ ਨੇ ਦੇਖਿਆ ਕਿ ਪਖਾਨੇ ਗੰਦੇ ਸਨ। ਅਗਲੇ ਪੈਟਰੋਲ ਪੰਪ ’ਤੇ ਰੁਕੇ ਤਾਂ ਉੱਥੋਂ ਦੇ ਪਖਾਨੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਚਾਬੀ ਕਰਿੰਦੇ ਕੋਲ ਸੀ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਫ਼ੌਰੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਾਰਵਾਈ ਕਰਨ ਲਈ ਕਿਹਾ। 

        ਉਨ੍ਹਾਂ ਮੁੱਖ ਸਕੱਤਰ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਪੈਟਰੋਲ ਪੰਪਾਂ ’ਤੇ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ ਤਾਂ ਜੋ ਰਾਹਗੀਰਾਂ, ਖ਼ਾਸ ਕਰ ਕੇ ਔਰਤਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਤਾ ਲੱਗਿਆ ਹੈ ਕਿ ਜੇਬੀ ਫਿਊਲ ਪੁਆਇੰਟ, ਢੀਂਡਸਾ ਨੂੰ ਸਾਫ਼ ਸਫ਼ਾਈ ਅਤੇ ਏਅਰ ਮਸ਼ੀਨ ਵਰਕਿੰਗ ਨਾ ਹੋਣ ਕਰ ਕੇ 35 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦੋਂ ਕਿ ਵਿਕਰਮ ਆਇਲ ਭਦਕ ਨੂੰ ਤਾੜਨਾ ਕੀਤੀ ਗਈ ਹੈ। ਤੇਲ ਕੰਪਨੀਆਂ ਨੇ ਵੀ ਤੇਲ ਪੰਪਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ’ਚ ਕਰੀਬ ਚਾਰ ਹਜ਼ਾਰ ਪੈਟਰੋਲ ਪੰਪ ਹਨ, ਜਿਨ੍ਹਾਂ ’ਚੋਂ ਕਰੀਬ ਇੱਕ ਹਜ਼ਾਰ ਪੈਟਰੋਲ ਪੰਪ ਕੌਮੀ ਸ਼ਾਹਰਾਹਾਂ ’ਤੇ ਹਨ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕੁੱਝ ਪੈਟਰੋਲ ਪੰਪਾਂ ਵਾਲੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਤੇਲ ਪੰਪਾਂ ’ਤੇ ਜਨਤਕ ਸਹੂਲਤਾਂ ਵਰਤਣ ਦਿੰਦੇ ਹਨ ਜਿਹੜੇ ਕੇ ਉਨ੍ਹਾਂ ਦੇ ਪੰਪ ਤੋਂ ਤੇਲ ਪਵਾਉਂਦੇ ਹਨ।

        ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਪਖਾਨਿਆਂ ਨੂੰ ਲੱਗੇ ਤਾਲੇ ਖੁੱਲ੍ਹਵਾਏ ਜਾਣ ਅਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਯਕੀਨੀ ਬਣਾਈਆਂ ਜਾਣ। ਪਤਾ ਲੱਗਿਆ ਹੈ ਕਿ ਲਿੰਕ ਸੜਕਾਂ ’ਤੇ ਪੈਂਦੇ ਪੈਟਰੋਲ ਪੰਪਾਂ ’ਤੇ ਕਈ ਸਹੂਲਤਾਂ ਤਾਂ ਸਿਰਫ਼ ਕਾਗ਼ਜ਼ਾਂ ਵਿੱਚ ਹੀ ਹੁੰਦੀਆਂ ਹਨ। ਕੇਂਦਰ ਨੇ ਜਦੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਵਰ੍ਹਿਆਂ ਵਿੱਚ ਪੈਟਰੋਲ ਪੰਪਾਂ ਨੂੰ ਵੀ ਸਫ਼ਾਈ ਰੱਖਣ ਦੀ ਹਦਾਇਤ ਕੀਤੀ ਗਈ ਸੀ। ਕੌਮੀ ਸ਼ਾਹਰਾਹਾਂ ’ਤੇ ਪੈਂਦੇ ਪ੍ਰਮੁੱਖ ਪੈਟਰੋਲ ਪੰਪਾਂ ’ਤੇ ਤਾਂ ਜਨਤਕ ਸਹੂਲਤਾਂ ਹੁੰਦੀਆਂ ਹਨ ਜਦੋਂ ਕਿ ਕਈ ਪੈਟਰੋਲ ਪੰਪ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਹਨ। ਖੁਰਾਕ ਤੇ ਸਪਲਾਈ ਵਿਭਾਗ ਨੇ ਤੇਲ ਕੰਪਨੀਆਂ ਨਾਲ ਰਾਬਤਾ ਕਰ ਕੇ ਇਹ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ ਹੈ। ਕਈ ਥਾਵਾਂ ’ਤੇ ਚੈਕਿੰਗ ਦੌਰਾਨ ਸਭ ਸਹੂਲਤਾਂ ਠੀਕ ਵੀ ਪਾਈਆਂ ਗਈਆਂ ਹਨ।  

                           ਪੈਟਰੋਲ ਪੰਪਾਂ ’ਤੇ ਹਰੇਕ ਸਹੂਲਤ ਮੌਜੂਦ: ਐਸੋਸੀਏਸ਼ਨ

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਹੈ ਕਿ ਸਾਰੇ ਪੈਟਰੋਲ ਪੰਪਾਂ ’ਤੇ ਬੁਨਿਆਦੀ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਪਾਣੀ, ਪਖਾਨਾ, ਹਵਾ ਭਰਨ ਦੀ ਸੁਵਿਧਾ ਅਤੇ ਫ਼ਸਟ ਏਡ ਆਦਿ ਮੌਜੂਦ ਹੁੰਦੀਆਂ ਹਨ। ਜਿਨ੍ਹਾਂ ਦੋ ਪੈਟਰੋਲ ਪੰਪਾਂ ’ਤੇ ਕੁੱਝ ਕਮੀ ਪਾਈ ਗਈ ਹੈ, ਅਸਲ ਵਿੱਚ ਉੱਥੇ ਸਵੇਰ ਵੇਲੇ ਸਫ਼ਾਈ ਕਰਨ ਵਾਲਾ ਸਟਾਫ਼ ਪੁੱਜਿਆ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਪੰਜਾਬ ਵਿੱਚ ਕਈ ਪੈਟਰੋਲ ਪੰਪਾਂ ਦੀ ਚੈਕਿੰਗ ਹੋਈ ਹੈ ਜਿੱਥੇ ਕੋਈ ਕਮੀ ਸਾਹਮਣੇ ਨਹੀਂ ਆਈ ਹੈ।

Friday, October 2, 2020

                        ਨੇਤਾ ਜੀ !
        ਅੰਬਾਨੀ ਦੇ ਡੀਲਰ ਨਿਕਲੇ 
                   ਚਰਨਜੀਤ ਭੁੱਲਰ

ਚੰਡੀਗੜ੍ਹ : ਰਿਲਾਇੰਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੈਟਰੋਲ ਪੰਪਾਂ ਨੂੰ ਪੰਜਾਬ ’ਚ ਦਰਜਨਾਂ ਸਿਆਸੀ ਆਗੂ ਚਲਾ ਰਹੇ ਹਨ ਜਿਨ੍ਹਾਂ ਪੰਪਾਂ ਤੋਂ ਹੁਣ ਤੇਲ ਦੀ ਵਿਕਰੀ ਭੁੰਜੇ ਡਿੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਸ ਵੇਲੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪ ਹਨ। ਬਾਦਲ ਪਰਿਵਾਰ ਦਾ ਜ਼ਿਲ੍ਹਾ ਮੁਕਤਸਰ ਵਿਚ ਪਿੰਡ ਰੁਪਾਨਾ ਕੋਲ ਰਿਲਾਇੰਸ ਪੰਪ ਹੈ ਜਿਥੇ ਤੇਲ ਦੀ ਵਿਕਰੀ ਹੁਣ ਪੰਜ ਸੌ ਲੀਟਰ ਘੱਟ ਗਈ ਹੈ। ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਕੋਲ ਹੈ ਜਿਥੇ ਅੱਜ ਤੇਲ ਦੀ ਵਿਕਰੀ ਨਾਮਾਤਰ ਹੀ ਰਹੀ।
            ਡੂਮਵਾਲੀ ਕੋਲ ਇਸ ਰਿਲਾਇੰਸ ਪੰਪ ’ਤੇ ਅੱਜ ਕਿਸਾਨਾਂ ਨੇ ਧਰਨਾ ਦਿੱਤਾ ਹੈ। ਬੀ.ਕੇ.ਯੂ (ਉਗਰਾਹਾਂ) ਵੱਲੋਂ ਖੇਤੀ ਕਾਨੂੰਨ ਬਣਨ ਮਗਰੋਂ ਅੰਬਾਨੀ ਦੇ ਕਾਰੋਬਾਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਅੱਜ ਪੰਜਾਬ ਵਿਚ 15 ਤੇਲ ਪੰਪਾਂ ’ਤੇ ਧਰਨੇ ਦਿੱਤੇ ਹਨ। ਬਾਦਲ ਪਰਿਵਾਰ ਦੇ ਇਨ੍ਹਾਂ ਤੇਲ ਪੰਪਾਂ ਤੋਂ ਕਿਸਾਨ ਵੀ ਹਾਲੇ ਤੱਕ ਅਣਜਾਣ ਹੀ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਲੜਕੇ ਰਵੀ ਬਾਜਵਾ ਕੋਲ ਵੀ ਰਿਲਾਇੰਸ ਦਾ ਤੇਲ ਪੰਪ ਹੈ ਜੋ ਕੱਥੂਨੰਗਲ ਵਿਖੇ ਹੈ। 
           ਰਵੀ ਬਾਜਵਾ ਨੇ ਦੱਸਿਆ ਕਿ ਹੁਣ ਤੇਲ ਦੀ ਵਿਕਰੀ ’ਤੇ ਕਰੀਬ 30 ਫੀਸਦੀ ਦਾ ਅਸਰ ਪਿਆ ਹੈ ਅਤੇ ਅੱਜ ਗੱਡੀਆਂ ਜਾਮ ਵਿਚ ਫਸਣ ਕਰਕੇ ਤੇਲ ਪੰਪ ਡਰਾਈ ਵੀ ਹੋ ਗਿਆ ਹੈ। ਸਾਬਕਾ ਮੰਤਰੀ ਰਮਨ ਭੱਲਾ ਦੇ ਪਰਿਵਾਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ ਵਿਚ ਰਿਲਾਇੰਸ ਦਾ ਪੈਟਰੋਲ ਪੰਪ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਵੀ ਭਗਤਾ ਭਾਈਕਾ ਵਿਖੇ ਰਿਲਾਇੰਸ ਪੰਪ ਹੈ। ਇਸ ਪੰਪ ਦੇ ਮੈਨੇਜਰ ਕਮਲ ਅਗਰਵਾਲ ਨੇ ਦੱਸਿਆ ਕਿ ਡੀਜ਼ਲ ਦੀ ਵਿਕਰੀ 25 ਤੋਂ 40 ਫੀਸਦੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਅੱਜ ਆਖ ਗਏ ਹਨ ਕਿ ਉਹ ਭਲਕੇ ਪੰਪ ਅੱਗੇ ਧਰਨਾ ਲਾਉਣਗੇ। 
    ਫਤਹਿਗੜ੍ਹ ਸਾਹਿਬ ਵਿਚ ਵੀ ਇੱਕ ਪੰਥਕ ਆਗੂ ਦਾ ਰਿਲਾਇੰਸ ਪੈਟਰੋਲ ਪੰਪ ਹੈ। ਜ਼ਿਲ੍ਹਾ ਮੁਕਤਸਰ ਦੇ ਇੱਕ ਸਾਬਕਾ ਐਮ.ਐਲ.ਏ ਕੋਲ ਵੀ ਰਿਲਾਇੰਸ ਦੇ ਸ਼ੇਅਰ ਹਨ। ਗੜ੍ਹਸ਼ੰਕਰ ਵਿਚ ਵੀ ਇੱਕ ਪੁਰਾਣੇ ਅਕਾਲੀ ਅਤੇ ਮੌਜੂਦਾ ਕਾਂਗਰਸੀ ਆਗੂ ਦਾ ਰਿਲਾਇੰਸ ਪੰਪ ਹੈ। ਮਾਨਸਾ ਜ਼ਿਲ੍ਹੇ ਵਿਚ ਇੱਕ ਕਾਂਗਰਸੀ ਆਗੂ ਦਾ ਤੇਲ ਪੰਪ ਹੈ। ਹੁਸ਼ਿਆਰਪੁਰ ਦੇ ਰਿਲਾਇੰਸ ਪੰਪ ਡੀਲਰ ਸ੍ਰੀ ਵਿਵੇਕ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਪੰਜਾਹ ਫੀਸਦੀ ਸੇਲ ਘੱਟ ਗਈ ਹੈ। 
    ਕਪੂਰਥਲਾ ਜ਼ਿਲ੍ਹੇ ਦੇ ਰਿਲਾਇੰਸ ਪੰਪ ਡੀਲਰ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ 20 ਫੀਸਦੀ ਵਿਕਰੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਆਖਿਆ ਕਿ ਰਿਲਾਇੰਸ ਕੰਪਨੀ ਥਾਂ ਡੀਲਰ ਵੱਧ ਪ੍ਰਭਾਵਿਤ ਹੋ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਰਿਲਾਇੰਸ ਦੇ 85 ਪੈਟਰੋਲ ਪੰਪ ਹਨ ਜਿਨ੍ਹਾਂ ਚੋਂ 35 ਪੰਪ ਖੁਦ ਕੰਪਨੀ ਹੀ ਚਲਾ ਰਹੀ ਹੈ। ਪੂਰੇ ਮੁਲਕ ਵਿਚ ਰਿਲਾਇੰਸ ਕੰਪਨੀ ਦੇ 1394 ਤੇਲ ਹਨ ਜਿਨ੍ਹਾਂ ਚੋਂ 50 ਪੈਟਰੋਲ ਪੰਪ ਹਰਿਆਣਾ ਵਿਚ ਵੀ ਹਨ। ਪੰਜਾਬ ਦੇ ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਇੱਕ ਪਾਸੇ ਬੰਨ੍ਹੇ ਸਿਆਸੀ ਆਗੂ ਕਾਰਪੋਰੇਟਾਂ ਨੂੰ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਆੜੇ ਹੱਥੀਂ ਵੀ ਲੈ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਾਰੋਬਾਰਾਂ ਦੇ ਡੀਲਰ ਵੀ ਬਣੇ ਹੋਏ ਹਨ। 
                            ਖੇਤੀ ਕਾਨੂੰਨ ਕਾਰਪੋਰੇਟਾਂ ਲਈ ਬਣਾਏ: ਕੋਕਰੀ ਕਲਾਂ
ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਅੰਬਾਨੀ ਜੇਹੇ ਕਾਰਪੋਰੇਟਾਂ ਲਈ ਹੀ ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਬਣਾਏ ਹਨ ਜਿਸ ਕਰਕੇ ਇਨ੍ਹਾਂ ਕਾਰੋਬਾਰੀ ਟਿਕਾਣਿਆਂ ਦੇ ਅੱਗੇ ਕਿਸਾਨਾਂ ਵੱਲੋਂ ਅੱਜ ਤੋਂ ਧਰਨੇ ਮਾਰਨੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਰੋਹ ਵਿਚ ਹਨ ਅਤੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ। 

 

Monday, September 12, 2011

  ਗੇੜਿਆਂ ਨੇ ਪੁਲੀਸ ਕਸੂਤੇ ਗੇੜ 'ਚ ਫਸਾਈ
                                ਚਰਨਜੀਤ ਭੁੱਲਰ
ਬਠਿੰਡਾ : ਵੀ.ਆਈ.ਪੀਜ ਦੇ ਗੇੜੇ ਹੀ ਬਠਿੰਡਾ ਪੁਲੀਸ ਦਾ ਤੇਲ ਭੰਡਾਰ ਛਕ ਜਾਂਦੇ ਹਨ। ਇਨ੍ਹਾਂ ਗੇੜਿਆਂ ਨੇ ਪੁਲੀਸ ਨੂੰ ਗੇੜ ਵਿੱਚ ਪਾ ਦਿੱਤਾ ਹੈ ਕਿ ਉਹ ਤੇਲ ਲਈ ਰਕਮ ਦਾ ਪ੍ਰਬੰਧ ਕਿਥੋਂ ਕਰਨ। ਨਤੀਜੇ ਵਜੋਂ ਪ੍ਰਾਈਵੇਟ ਤੇਲ ਪੰਪਾਂ ਦਾ ਕਰਜ਼ਾ ਪੁਲੀਸ ਸਿਰ ਚੜ੍ਹ ਜਾਂਦਾ ਹੈ। ਮਈ 2011 ਦੇ ਮਹੀਨੇ ਦੀ ਤੇਲ ਖਪਤ ਨੇ ਤਾਂ ਪਿਛਲੇ ਸਭ ਰਿਕਾਰਡ ਤੋੜ ਦਿੱਤੇ ਹਨ। ਇਸ ਮਹੀਨੇ ਵਿੱਚ ਵੀ.ਆਈ.ਪੀਜ਼ ਦੇ ਪਿੰਡ ਬਾਦਲ ਦੇ ਕਾਫੀ ਗੇੜੇ ਰਹੇ ਹਨ। ਪਾਇਲਟ ਗੱਡੀਆਂ ਦਾ ਤੇਲ ਖਰਚਾ ਇਸ ਮਹੀਨੇ ਵਿੱਚ ਜ਼ਿਆਦਾ ਹੋਇਆ ਹੈ। ਮਈ 2011 ਮਹੀਨੇ ਵਿੱਚ ਬਠਿੰਡਾ ਪੁਲੀਸ ਨੂੰ ਵੀ.ਆਈ.ਪੀਜ਼ ਦੇ ਗੇੜੇ 11.81 ਲੱਖ ਰੁਪਏ ਵਿੱਚ ਪਏ ਹਨ, ਜਦੋਂ ਕਿ ਮਈ-ਜੂਨ ਮਹੀਨੇ ਵਿੱਚ ਇਹ ਖਰਚਾ 18.65 ਲੱਖ ਰੁਪਏ ਦਾ ਰਿਹਾ ਹੈ। ਜ਼ਿਲ੍ਹਾ ਪੁਲੀਸ ਦੀ ਆਮ ਰੁਟੀਨ ਹੈ ਕਿ ਪੁਲੀਸ ਵੱਲੋਂ ਪ੍ਰਤੀ ਮਹੀਨਾ ਦੋ ਤੋਂ ਢਾਈ ਲੱਖ ਰੁਪਏ ਦਾ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਜਾਂਦਾ ਹੈ। ਇਕੱਲੇ ਮਈ ਮਹੀਨਾ ਵਿੱਚ ਪੁਲੀਸ ਨੂੰ ਪ੍ਰਾਈਵੇਟ ਪੰਪਾਂ ਤੋਂ 11.81 ਲੱਖ ਰੁਪਏ ਦਾ ਤੇਲ ਪਵਾਉਣਾ ਪਿਆ ਹੈ।
          ਜ਼ਿਲ੍ਹਾ ਪੁਲੀਸ ਬਠਿੰਡਾ ਨੇ ਇਸ ਵੇਲੇ 41 ਪ੍ਰਾਈਵੇਟ ਤੇਲ ਪੰਪਾਂ ਦੇ ਬਕਾਏ ਦੇਣੇ ਹਨ, ਜੋ 21.97 ਲੱਖ ਰੁਪਏ ਬਣਦੇ ਹਨ। ਮਈ ਮਹੀਨੇ ਵਿੱਚ ਬਹੁਤੇ ਵੀ.ਆਈ.ਪੀ., ਪਿੰਡ ਬਾਦਲ ਗਏ ਹਨ ਅਤੇ ਇਸ ਮਹੀਨੇ ਵਿੱਚ ਸੜਕਾਂ 'ਤੇ ਚਾਰ ਚੁਫੇਰੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੀ ਦਿਖਦੀਆਂ ਸਨ। ਮਈ ਤੋਂ ਪਹਿਲੇ ਮਹੀਨੇ ਦੀ ਖਪਤ ਦੇਖੀਏ ਤਾਂ ਮਾਰਚ 2011 ਵਿੱਚ ਪੁਲੀਸ ਨੇ ਪ੍ਰਾਈਵੇਟ ਤੇਲ ਪੰਪਾਂ ਤੋਂ 2.03 ਲੱਖ ਰੁਪਏ ਅਤੇ ਅਪਰੈਲ ਮਹੀਨੇ ਵਿੱਚ 20 ਤੇਲ ਪੰਪਾਂ ਤੋਂ 2.96 ਲੱਖ ਰੁਪਏ ਦਾ ਉਧਾਰ ਤੇਲ ਪਵਾਇਆ ਹੈ। ਜੂਨ ਮਹੀਨੇ ਵਿੱਚ 15 ਤੇਲ ਪੰਪਾਂ ਤੋਂ 2.46 ਲੱਖ ਰੁਪਏ ਅਤੇ ਜੁਲਾਈ ਮਹੀਨੇ ਵਿੱਚ 2.68 ਲੱਖ ਰੁਪਏ ਦਾ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਗਿਆ ਹੈ। ਖਾਸ ਕਰਕੇ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਵੱਲੋਂ ਉਧਾਰ ਤੇਲ ਪਵਾਇਆ ਜਾਂਦਾ ਹੈ। ਜ਼ਿਲ੍ਹਾ ਪੁਲੀਸ ਦਾ ਜੋ ਆਪਣਾ ਤੇਲ ਪੰਪ ਹੈ, ਉਸ 'ਤੇ ਬਹੁਤੀ ਦਫਾ ਕੇਵਲ ਐਮਰਜੈਂਸੀ ਕੋਟੇ ਵਾਲਾ ਤੇਲ ਹੀ ਰਹਿ ਜਾਂਦਾ ਹੈ। ਸਮੇਂ ਸਿਰ ਬਜਟ ਅਲਾਟਮੈਂਟ ਨਾ ਹੋਣ ਕਰਕੇ ਪੁਲੀਸ ਦਾ ਆਪਣਾ ਤੇਲ ਪੰਪ ਖੁਸ਼ਕ ਹੋ ਜਾਂਦਾ ਹੈ। ਜੋ ਪ੍ਰਾਈਵੇਟ ਤੇਲ ਪੰਪਾਂ ਵਾਲੇ ਹਨ, ਉਨ੍ਹਾਂ ਦੇ ਬਕਾਏ ਵੀ ਪੁਲੀਸ ਵਿੱਚ ਫਸ ਜਾਂਦੇ ਹਨ। ਡੰਡੇ ਦੇ ਡਰੋਂ ਪ੍ਰਾਈਵੇਟ ਪੰਪਾਂ ਵਾਲੇ ਵੀ ਬਹੁਤਾ ਸਮਾਂ ਰਾਸ਼ੀ ਪੁਲੀਸ ਤੋਂ ਮੰਗਦੇ ਨਹੀਂ ਹਨ। ਪਹਿਲੀ ਜਨਵਰੀ 2007 ਤੋਂ ਹੁਣ ਤੱਕ ਦਾ ਪੁਲੀਸ ਦਾ ਤੇਲ ਖਰਚ ਦੇਖੀਏ ਤਾਂ ਜ਼ਿਲ੍ਹਾ ਪੁਲੀਸ 4.89 ਕਰੋੜ ਰੁਪਏ ਇਕੱਲੇ ਤੇਲ 'ਤੇ ਹੀ ਖਰਚ ਕਰ ਚੁੱਕੀ ਹੈ। ਜ਼ਿਲ੍ਹਾ ਪੁਲੀਸ ਬਠਿੰਡਾ ਜ਼ਿਆਦਾ ਵੀ.ਆਈ.ਪੀ. ਡਿਊਟੀ ਵਿੱਚ ਹੀ ਉਲਝੀ ਰਹਿੰਦੀ ਹੈ।
          ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਜ਼ਿਆਦਾ ਗੇੜੇ ਬਠਿੰਡਾ ਵਿੱਚ ਹੀ ਰਹਿੰਦੇ ਹਨ। ਡੀ.ਆਈ.ਜੀ. ਦਫਤਰ ਪਹਿਲਾਂ ਫ਼ਰੀਦਕੋਟ ਸੀ ਅਤੇ ਹੁਣ ਬਠਿੰਡਾ ਵਿੱਚ ਆ ਗਿਆ ਹੈ। ਇਸ ਤਰ੍ਹਾਂ ਫਿਰੋਜ਼ਪੁਰ ਜ਼ੋਨ ਦਾ ਦਫਤਰ ਵੀ ਬਠਿੰਡਾ ਵਿੱਚ ਤਬਦੀਲ ਹੋ ਗਿਆ। ਇਸ ਤਰ੍ਹਾਂ ਐਸ.ਪੀ ਕਰਾਈਮ ਦਾ ਦਫਤਰ ਵੀ ਬਠਿੰਡਾ ਵਿੱਚ ਬਣ ਗਿਆ ਹੈ। ਇਨ੍ਹਾਂ ਦਫਤਰਾਂ ਦੀ ਸਥਾਪਤੀ ਨਾਲ ਵੀ ਜ਼ਿਲ੍ਹਾ ਪੁਲੀਸ ਦੀ ਤੇਲ ਖਪਤ ਵੱਧ ਗਈ ਹੈ।
ਪ੍ਰਾਈਵੇਟ ਤੇਲ ਪੰਪਾਂ ਦੇ ਮਾਲਕਾਂ ਨੂੰ ਇਹ ਸਿਰਦਰਦੀ ਬਣ ਗਈ ਹੈ ਕਿਉਂਕਿ ਉਨ੍ਹਾਂ ਦੀ ਰਕਮ ਫਸ ਜਾਂਦੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਸਰਵਿਸ ਸਟੇਸ਼ਨ ਦੇ 4.25 ਲੱਖ ਰੁਪਏ ਅਤੇ ਕੇਸੋ ਰਾਮ ਪੰਪ ਦੇ 1.44 ਲੱਖ ਰੁਪਏ ਜ਼ਿਲ੍ਹਾ ਪੁਲੀਸ ਵੱਲ ਖੜ੍ਹੇ ਹਨ। ਇਸ ਤਰ੍ਹਾਂ ਕਲਸੀ ਸਰਵਿਸ ਸਟੇਸ਼ਨ ਦੇ ਵੀ 1.19 ਲੱਖ ਰੁਪਏ ਪੁਲੀਸ ਵੱਲ ਖੜ੍ਹੇ ਹਨ। ਇਨ੍ਹਾਂ ਪੰਪਾਂ ਤੋਂ ਜ਼ਿਆਦਾ ਰਾਸ਼ੀ ਦਾ ਤੇਲ ਇਕੱਲੇ ਮਈ ਮਹੀਨੇ ਵਿੱਚ ਹੀ ਪਿਆ ਹੈ।
                                            ਗੇੜਿਆਂ ਕਾਰਨ ਤੇਲ ਖਪਤ ਵਧੀ: ਐਸ.ਪੀ
ਐਸ.ਪੀ (ਸਥਾਨਕ) ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਵੀ.ਆਈ.ਪੀਜ਼ ਦੇ ਗੇੜਿਆਂ ਕਾਰਨ ਪੁਲੀਸ ਦੀ ਤੇਲ ਖਪਤ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿੱਚ ਪਿੰਡ ਬਾਦਲ ਵਿੱਚ ਅਫਸੋਸ ਕਰਨ ਵਾਸਤੇ ਜਾਣ ਵਾਲੇ ਵੀ.ਆਈ.ਪੀਜ਼ ਦੀ ਜ਼ਿਆਦਾ ਆਮਦ ਰਹੀ ਹੈ, ਜਿਸ ਕਰਕੇ ਤੇਲ ਖਪਤ ਰਹੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਤੇਲ ਪੰਪਾਂ ਵਾਲਿਆਂ ਨੂੰ ਬਕਾਏ ਤਾਰਦੇ ਵੀ ਰਹਿੰਦੇ ਹਨ ਅਤੇ ਜਦੋਂ ਬਜਟ ਆ ਜਾਂਦਾ ਹੈ, ਬਕਾਏ ਕਲੀਅਰ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜੋ ਬਾਹਰਲੇ ਜ਼ਿਲ੍ਹਿਆਂ ਦੀ ਪੁਲੀਸ ਇੱਥੋਂ ਤੇਲ ਪੰਪ ਤੋਂ ਤੇਲ ਪਵਾਉਂਦੀ ਹੈ, ਉਸ ਦੇ ਬਿੱਲ ਸਬੰਧਤ ਜ਼ਿਲ੍ਹਾ ਪੁਲੀਸ ਨੂੰ ਭੇਜ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਐਮਰਜੈਂਸੀ ਲਈ ਪੁਲੀਸ ਦੇ ਆਪਣੇ ਤੇਲ ਪੰਪ 'ਤੇ 2000 ਲੀਟਰ ਦੇ ਕਰੀਬ ਤੇਲ ਹੁੰਦਾ ਹੈ।