Monday, September 12, 2011

  ਗੇੜਿਆਂ ਨੇ ਪੁਲੀਸ ਕਸੂਤੇ ਗੇੜ 'ਚ ਫਸਾਈ
                                ਚਰਨਜੀਤ ਭੁੱਲਰ
ਬਠਿੰਡਾ : ਵੀ.ਆਈ.ਪੀਜ ਦੇ ਗੇੜੇ ਹੀ ਬਠਿੰਡਾ ਪੁਲੀਸ ਦਾ ਤੇਲ ਭੰਡਾਰ ਛਕ ਜਾਂਦੇ ਹਨ। ਇਨ੍ਹਾਂ ਗੇੜਿਆਂ ਨੇ ਪੁਲੀਸ ਨੂੰ ਗੇੜ ਵਿੱਚ ਪਾ ਦਿੱਤਾ ਹੈ ਕਿ ਉਹ ਤੇਲ ਲਈ ਰਕਮ ਦਾ ਪ੍ਰਬੰਧ ਕਿਥੋਂ ਕਰਨ। ਨਤੀਜੇ ਵਜੋਂ ਪ੍ਰਾਈਵੇਟ ਤੇਲ ਪੰਪਾਂ ਦਾ ਕਰਜ਼ਾ ਪੁਲੀਸ ਸਿਰ ਚੜ੍ਹ ਜਾਂਦਾ ਹੈ। ਮਈ 2011 ਦੇ ਮਹੀਨੇ ਦੀ ਤੇਲ ਖਪਤ ਨੇ ਤਾਂ ਪਿਛਲੇ ਸਭ ਰਿਕਾਰਡ ਤੋੜ ਦਿੱਤੇ ਹਨ। ਇਸ ਮਹੀਨੇ ਵਿੱਚ ਵੀ.ਆਈ.ਪੀਜ਼ ਦੇ ਪਿੰਡ ਬਾਦਲ ਦੇ ਕਾਫੀ ਗੇੜੇ ਰਹੇ ਹਨ। ਪਾਇਲਟ ਗੱਡੀਆਂ ਦਾ ਤੇਲ ਖਰਚਾ ਇਸ ਮਹੀਨੇ ਵਿੱਚ ਜ਼ਿਆਦਾ ਹੋਇਆ ਹੈ। ਮਈ 2011 ਮਹੀਨੇ ਵਿੱਚ ਬਠਿੰਡਾ ਪੁਲੀਸ ਨੂੰ ਵੀ.ਆਈ.ਪੀਜ਼ ਦੇ ਗੇੜੇ 11.81 ਲੱਖ ਰੁਪਏ ਵਿੱਚ ਪਏ ਹਨ, ਜਦੋਂ ਕਿ ਮਈ-ਜੂਨ ਮਹੀਨੇ ਵਿੱਚ ਇਹ ਖਰਚਾ 18.65 ਲੱਖ ਰੁਪਏ ਦਾ ਰਿਹਾ ਹੈ। ਜ਼ਿਲ੍ਹਾ ਪੁਲੀਸ ਦੀ ਆਮ ਰੁਟੀਨ ਹੈ ਕਿ ਪੁਲੀਸ ਵੱਲੋਂ ਪ੍ਰਤੀ ਮਹੀਨਾ ਦੋ ਤੋਂ ਢਾਈ ਲੱਖ ਰੁਪਏ ਦਾ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਜਾਂਦਾ ਹੈ। ਇਕੱਲੇ ਮਈ ਮਹੀਨਾ ਵਿੱਚ ਪੁਲੀਸ ਨੂੰ ਪ੍ਰਾਈਵੇਟ ਪੰਪਾਂ ਤੋਂ 11.81 ਲੱਖ ਰੁਪਏ ਦਾ ਤੇਲ ਪਵਾਉਣਾ ਪਿਆ ਹੈ।
          ਜ਼ਿਲ੍ਹਾ ਪੁਲੀਸ ਬਠਿੰਡਾ ਨੇ ਇਸ ਵੇਲੇ 41 ਪ੍ਰਾਈਵੇਟ ਤੇਲ ਪੰਪਾਂ ਦੇ ਬਕਾਏ ਦੇਣੇ ਹਨ, ਜੋ 21.97 ਲੱਖ ਰੁਪਏ ਬਣਦੇ ਹਨ। ਮਈ ਮਹੀਨੇ ਵਿੱਚ ਬਹੁਤੇ ਵੀ.ਆਈ.ਪੀ., ਪਿੰਡ ਬਾਦਲ ਗਏ ਹਨ ਅਤੇ ਇਸ ਮਹੀਨੇ ਵਿੱਚ ਸੜਕਾਂ 'ਤੇ ਚਾਰ ਚੁਫੇਰੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੀ ਦਿਖਦੀਆਂ ਸਨ। ਮਈ ਤੋਂ ਪਹਿਲੇ ਮਹੀਨੇ ਦੀ ਖਪਤ ਦੇਖੀਏ ਤਾਂ ਮਾਰਚ 2011 ਵਿੱਚ ਪੁਲੀਸ ਨੇ ਪ੍ਰਾਈਵੇਟ ਤੇਲ ਪੰਪਾਂ ਤੋਂ 2.03 ਲੱਖ ਰੁਪਏ ਅਤੇ ਅਪਰੈਲ ਮਹੀਨੇ ਵਿੱਚ 20 ਤੇਲ ਪੰਪਾਂ ਤੋਂ 2.96 ਲੱਖ ਰੁਪਏ ਦਾ ਉਧਾਰ ਤੇਲ ਪਵਾਇਆ ਹੈ। ਜੂਨ ਮਹੀਨੇ ਵਿੱਚ 15 ਤੇਲ ਪੰਪਾਂ ਤੋਂ 2.46 ਲੱਖ ਰੁਪਏ ਅਤੇ ਜੁਲਾਈ ਮਹੀਨੇ ਵਿੱਚ 2.68 ਲੱਖ ਰੁਪਏ ਦਾ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਗਿਆ ਹੈ। ਖਾਸ ਕਰਕੇ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਵੱਲੋਂ ਉਧਾਰ ਤੇਲ ਪਵਾਇਆ ਜਾਂਦਾ ਹੈ। ਜ਼ਿਲ੍ਹਾ ਪੁਲੀਸ ਦਾ ਜੋ ਆਪਣਾ ਤੇਲ ਪੰਪ ਹੈ, ਉਸ 'ਤੇ ਬਹੁਤੀ ਦਫਾ ਕੇਵਲ ਐਮਰਜੈਂਸੀ ਕੋਟੇ ਵਾਲਾ ਤੇਲ ਹੀ ਰਹਿ ਜਾਂਦਾ ਹੈ। ਸਮੇਂ ਸਿਰ ਬਜਟ ਅਲਾਟਮੈਂਟ ਨਾ ਹੋਣ ਕਰਕੇ ਪੁਲੀਸ ਦਾ ਆਪਣਾ ਤੇਲ ਪੰਪ ਖੁਸ਼ਕ ਹੋ ਜਾਂਦਾ ਹੈ। ਜੋ ਪ੍ਰਾਈਵੇਟ ਤੇਲ ਪੰਪਾਂ ਵਾਲੇ ਹਨ, ਉਨ੍ਹਾਂ ਦੇ ਬਕਾਏ ਵੀ ਪੁਲੀਸ ਵਿੱਚ ਫਸ ਜਾਂਦੇ ਹਨ। ਡੰਡੇ ਦੇ ਡਰੋਂ ਪ੍ਰਾਈਵੇਟ ਪੰਪਾਂ ਵਾਲੇ ਵੀ ਬਹੁਤਾ ਸਮਾਂ ਰਾਸ਼ੀ ਪੁਲੀਸ ਤੋਂ ਮੰਗਦੇ ਨਹੀਂ ਹਨ। ਪਹਿਲੀ ਜਨਵਰੀ 2007 ਤੋਂ ਹੁਣ ਤੱਕ ਦਾ ਪੁਲੀਸ ਦਾ ਤੇਲ ਖਰਚ ਦੇਖੀਏ ਤਾਂ ਜ਼ਿਲ੍ਹਾ ਪੁਲੀਸ 4.89 ਕਰੋੜ ਰੁਪਏ ਇਕੱਲੇ ਤੇਲ 'ਤੇ ਹੀ ਖਰਚ ਕਰ ਚੁੱਕੀ ਹੈ। ਜ਼ਿਲ੍ਹਾ ਪੁਲੀਸ ਬਠਿੰਡਾ ਜ਼ਿਆਦਾ ਵੀ.ਆਈ.ਪੀ. ਡਿਊਟੀ ਵਿੱਚ ਹੀ ਉਲਝੀ ਰਹਿੰਦੀ ਹੈ।
          ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਜ਼ਿਆਦਾ ਗੇੜੇ ਬਠਿੰਡਾ ਵਿੱਚ ਹੀ ਰਹਿੰਦੇ ਹਨ। ਡੀ.ਆਈ.ਜੀ. ਦਫਤਰ ਪਹਿਲਾਂ ਫ਼ਰੀਦਕੋਟ ਸੀ ਅਤੇ ਹੁਣ ਬਠਿੰਡਾ ਵਿੱਚ ਆ ਗਿਆ ਹੈ। ਇਸ ਤਰ੍ਹਾਂ ਫਿਰੋਜ਼ਪੁਰ ਜ਼ੋਨ ਦਾ ਦਫਤਰ ਵੀ ਬਠਿੰਡਾ ਵਿੱਚ ਤਬਦੀਲ ਹੋ ਗਿਆ। ਇਸ ਤਰ੍ਹਾਂ ਐਸ.ਪੀ ਕਰਾਈਮ ਦਾ ਦਫਤਰ ਵੀ ਬਠਿੰਡਾ ਵਿੱਚ ਬਣ ਗਿਆ ਹੈ। ਇਨ੍ਹਾਂ ਦਫਤਰਾਂ ਦੀ ਸਥਾਪਤੀ ਨਾਲ ਵੀ ਜ਼ਿਲ੍ਹਾ ਪੁਲੀਸ ਦੀ ਤੇਲ ਖਪਤ ਵੱਧ ਗਈ ਹੈ।
ਪ੍ਰਾਈਵੇਟ ਤੇਲ ਪੰਪਾਂ ਦੇ ਮਾਲਕਾਂ ਨੂੰ ਇਹ ਸਿਰਦਰਦੀ ਬਣ ਗਈ ਹੈ ਕਿਉਂਕਿ ਉਨ੍ਹਾਂ ਦੀ ਰਕਮ ਫਸ ਜਾਂਦੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਸਰਵਿਸ ਸਟੇਸ਼ਨ ਦੇ 4.25 ਲੱਖ ਰੁਪਏ ਅਤੇ ਕੇਸੋ ਰਾਮ ਪੰਪ ਦੇ 1.44 ਲੱਖ ਰੁਪਏ ਜ਼ਿਲ੍ਹਾ ਪੁਲੀਸ ਵੱਲ ਖੜ੍ਹੇ ਹਨ। ਇਸ ਤਰ੍ਹਾਂ ਕਲਸੀ ਸਰਵਿਸ ਸਟੇਸ਼ਨ ਦੇ ਵੀ 1.19 ਲੱਖ ਰੁਪਏ ਪੁਲੀਸ ਵੱਲ ਖੜ੍ਹੇ ਹਨ। ਇਨ੍ਹਾਂ ਪੰਪਾਂ ਤੋਂ ਜ਼ਿਆਦਾ ਰਾਸ਼ੀ ਦਾ ਤੇਲ ਇਕੱਲੇ ਮਈ ਮਹੀਨੇ ਵਿੱਚ ਹੀ ਪਿਆ ਹੈ।
                                            ਗੇੜਿਆਂ ਕਾਰਨ ਤੇਲ ਖਪਤ ਵਧੀ: ਐਸ.ਪੀ
ਐਸ.ਪੀ (ਸਥਾਨਕ) ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਵੀ.ਆਈ.ਪੀਜ਼ ਦੇ ਗੇੜਿਆਂ ਕਾਰਨ ਪੁਲੀਸ ਦੀ ਤੇਲ ਖਪਤ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿੱਚ ਪਿੰਡ ਬਾਦਲ ਵਿੱਚ ਅਫਸੋਸ ਕਰਨ ਵਾਸਤੇ ਜਾਣ ਵਾਲੇ ਵੀ.ਆਈ.ਪੀਜ਼ ਦੀ ਜ਼ਿਆਦਾ ਆਮਦ ਰਹੀ ਹੈ, ਜਿਸ ਕਰਕੇ ਤੇਲ ਖਪਤ ਰਹੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਤੇਲ ਪੰਪਾਂ ਵਾਲਿਆਂ ਨੂੰ ਬਕਾਏ ਤਾਰਦੇ ਵੀ ਰਹਿੰਦੇ ਹਨ ਅਤੇ ਜਦੋਂ ਬਜਟ ਆ ਜਾਂਦਾ ਹੈ, ਬਕਾਏ ਕਲੀਅਰ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜੋ ਬਾਹਰਲੇ ਜ਼ਿਲ੍ਹਿਆਂ ਦੀ ਪੁਲੀਸ ਇੱਥੋਂ ਤੇਲ ਪੰਪ ਤੋਂ ਤੇਲ ਪਵਾਉਂਦੀ ਹੈ, ਉਸ ਦੇ ਬਿੱਲ ਸਬੰਧਤ ਜ਼ਿਲ੍ਹਾ ਪੁਲੀਸ ਨੂੰ ਭੇਜ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਐਮਰਜੈਂਸੀ ਲਈ ਪੁਲੀਸ ਦੇ ਆਪਣੇ ਤੇਲ ਪੰਪ 'ਤੇ 2000 ਲੀਟਰ ਦੇ ਕਰੀਬ ਤੇਲ ਹੁੰਦਾ ਹੈ।

No comments:

Post a Comment