Thursday, September 29, 2011

    ਖਿਡਾਰੀ ਪਿੱਛੇ ਧੱਕੇ, ਕਲਾਕਾਰਾਂ ਨੂੰ ਗੱਫੇ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਸ਼ਹੀਦੇ ਏ ਆਜਮ ਭਗਤ ਸਿੰਘ ਖੇਡਾਂ 'ਚ ਉੱਨਾਂ ਖਰਚ ਖਿਡਾਰੀਆਂ ਦੇ ਨਗਦ ਇਨਾਮਾਂ 'ਤੇ ਨਹੀਂ ਕੀਤਾ ਗਿਆ ਜਿੰਨਾਂ ਕਲਾਕਾਰਾਂ 'ਤੇ ਕਰ ਦਿੱਤਾ ਗਿਆ ਹੈ। ਚਮਕ ਦਮਕ ਖਾਤਰ ਇਨ੍ਹਾਂ ਖੇਡਾਂ 'ਚ ਪੈਸਾ ਪਾਣੀ ਵਾਂਗ ਵਹਾਇਆ ਗਿਆ। ਇਨ੍ਹਾਂ ਖੇਡਾਂ 'ਚ ਖਿਡਾਰੀਆਂ ਨੂੰ ਤਾਂ 2.31 ਕਰੋੜ ਦੇ ਨਗਦ ਇਨਾਮ ਵੰਡੇ ਗਏ ਹਨ ਜਦੋਂ ਕਿ 'ਕਲਚਰਲ ਪ੍ਰੋਗਰਾਮਾਂ' ਤੇ 2.78 ਕਰੋੜ ਰੁਪਏ ਖਰਚੇ ਗਏ ਹਨ। ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ 'ਤੇ ਹੀ ਕਰੀਬ 78 ਲੱਖ ਰੁਪਏ ਦਾ ਖਰਚ ਆਇਆ ਹੈ ਜਦੋਂ ਕਿ ਇਸ 'ਚ ਕਲਾਕਾਰਾਂ ਦਾ ਖਰਚਾ ਸ਼ਾਮਲ ਨਹੀਂ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਮਾਰਚ 2011 ਦੌਰਾਨ ਲੁਧਿਆਣਾ,ਪਟਿਆਲਾ,ਮੁਹਾਲੀ ਅਤੇ ਜਲੰਧਰ 'ਚ ਸ਼ਹੀਦੇ ਏ ਆਜਮ ਭਗਤ ਸਿੰਘ ਖੇਡਾਂ ਕਰਾਈਆਂ ਗਈਆਂ ਸਨ ਜਿਨ੍ਹਾਂ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ ਸੀ। ਇਨ੍ਹਾਂ ਖੇਡਾਂ 'ਚ 793 ਖਿਡਾਰੀਆਂ ਨੂੰ ਨਗਦ ਇਨਾਮ ਵੰਡੇ ਗਏ ਸਨ। ਖੇਡਾਂ ਦਾ ਸਮਾਪਤੀ ਸਮਾਰੋਹ ਜਲੰਧਰ 'ਚ ਹੋਇਆ ਸੀ ਜਿਸ 'ਚ ਬਾਲੀਵੁੱਡ ਕਲਾਕਾਰ ਧਰਮਿੰਦਰ,ਸੰਨ੍ਹੀ ਦਿਉਲ ਅਤੇ ਬੌਬੀ ਦਿਉਲ ਸਮੇਤ ਦਰਜਨਾਂ ਨਾਮੀ ਕਲਾਕਾਰਾਂ ਨੇ ਰੰਗ ਜਮਾਇਆ ਸੀ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਖੇਡ ਵਿਭਾਗ ਪੰਜਾਬ ਤੋਂ ਸਰਕਾਰੀ ਵੇਰਵੇ ਮਿਲੇ ਹਨ, ਉਨ੍ਹਾਂ 'ਚ ਕਾਫੀ ਕੁਝ ਸਾਹਮਣੇ ਆਇਆ ਹੈ। ਇਨ੍ਹਾਂ ਖੇਡਾਂ 'ਤੇ ਸਰਕਾਰ ਵਲੋਂ 7.17 ਕਰੋੜ ਰੁਪਏ ਖਰਚੇ ਗਏ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਖੇਡਾਂ ਦੇ ਇਸ ਬਜਟ ਚੋਂ 32 ਫੀਸਦੀ ਖਰਚ ਖਿਡਾਰੀਆਂ ਨੂੰ ਦਿੱਤੇ ਨਗਦ ਇਨਾਮਾਂ 'ਤੇ ਕੀਤਾ ਜਦੋਂ ਕਿ 38 ਫੀਸਦੀ ਖਰਚ 'ਕਲਚਰਲ ਪ੍ਰੋਗਰਾਮਾਂ' ਤੇ ਕੀਤਾ ਹੈ।
          ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਗਰਾਂਟ-ਇਨ-ਏਡ ਵਿਚੋਂ 1.72 ਕਰੋੜ ਰੁਪਏ ਐਨ.ਜੈਡ.ਸੀ.ਸੀ ਨੂੰ ਸਭਿਆਚਾਰਕ ਪ੍ਰੋਗਰਾਮਾਂ ਲਈ ਅਦਾਇਗੀ ਕੀਤੀ ਜਿਸ ਵਲੋਂ ਖੇਡਾਂ ਦੌਰਾਨ ਰੰਗ ਬੰਨ੍ਹਿਆ ਗਿਆ। ਇਸੇ ਤਰ੍ਹਾਂ 21.50 ਲੱਖ ਰੁਪਏ ਪੰਜਾਬੀ ਕਲਾਕਾਰਾਂ ਨੂੰ ਦਿੱਤੇ ਗਏ। ਇਨ੍ਹਾਂ ਕਲਾਕਾਰਾਂ ਚੋਂ ਦਲੇਰ ਮਹਿੰਦੀ ਨੂੰ 12 ਲੱਖ ਰੁਪਏ,ਹਰਭਜਨ ਮਾਨ ਨੂੰ ਪੰਜ ਲੱਖ ਰੁਪਏ, ਮਿਸ ਪੂਜਾ ਨੂੰ ਢਾਈ ਲੱਖ ਰੁਪਏ,ਗੁਰਪ੍ਰੀਤ ਘੁੱਗੀ ਅਤੇ ਭਗਵੰਤ ਮਾਨ ਨੂੰ ਇੱਕ ਇੱਕ ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।  ਉਦਘਾਟਨੀ ਸਮਾਰੋਹਾਂ ਮੌਕੇ ਜੋ ਲੇਜਰ ਸੋਅ ਕਰਾਇਆ ਗਿਆ,ਉਸ 'ਤੇ 3.86 ਲੱਖ ਰੁਪਏ ਖਰਚੇ ਗਏ ਹਨ। ਉਦਘਾਟਨੀ ਸਮਾਗਮਾਂ 'ਤੇ ਸਰਕਾਰ ਨੇ 20.18 ਲੱਖ ਰੁਪਏ ਖਰਚ ਕੀਤੇ ਜਦੋਂ ਕਿ ਸਮਾਪਤੀ ਸਮਾਰੋਹਾਂ 'ਤੇ 57.81 ਲੱਖ ਰੁਪਏ ਖਰਚ ਕੀਤੇ ਗਏ ਹਨ। ਜਲੰਧਰ 'ਚ ਸਮਾਪਤੀ ਸਮਾਰੋਹਾਂ ਮੌਕੇ ਲਾਈ ਐਲ.ਈ.ਡੀ ਸਕਰੀਨ 'ਤੇ 2.70 ਲੱਖ ਰੁਪਏ ਖਰਚ ਆਇਆ। ਜ਼ਿਲ੍ਹਾ ਖੇਡ ਅਫਸਰ ਜਲੰਧਰ ਵਲੋਂ ਜੋ ਵੱਖਰੀ ਸੂਚਨਾ ਭੇਜੀ ਗਈ ਹੈ, ਉਸ ਮੁਤਾਬਿਕ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਦੀ ਰਿਹਾਇਸ਼ 'ਤੇ 1.70 ਲੱਖ ਰੁਪਏ ਖਰਚ ਆਏ ਹਨ ਜਦੋਂ ਕਿ ਕਲਾਕਾਰਾਂ ਦੀ ਰਿਹਾਇਸ਼ ਅਤੇ ਖਾਣ ਪੀਣ 'ਤੇ 4.79 ਲੱਖ ਰੁਪਏ ਖਰਚ ਆਇਆ ਹੈ। ਇਵੇਂ ਹੀ ਜਲੰਧਰ 'ਚ ਖਿਡਾਰੀਆਂ ਨੂੰ ਤਾਂ ਹੋਸਟਲਾਂ ਤੋਂ ਇਲਾਵਾ ਮਾਡਲ ਟਾਊਨ ਦੇ ਗੁਰੂ ਘਰ 'ਚ ਠਹਿਰਾਇਆ ਗਿਆ ਜਦੋਂ ਕਿ ਕਲਾਕਾਰਾਂ ਨੂੰ ਹੋਟਲ ਮਹਾਰਾਜਾ ਰੈਜ਼ੀਡੈਂਸੀ,ਹੋਟਲ ਰੈਡੀਸਨ,ਏ ਹੋਟਲ,ਹੋਟਲ ਲਿੱਲੀ ਰਿਸੋਰਟ ਅਤੇ ਹੋਟਲ ਕਮਲ ਪੈਲੇਸ 'ਚ ਠਹਿਰਾਇਆ ਗਿਆ। ਜਿਲ੍ਹਾ ਖੇਡ ਅਫਸਰ ਜਲੰਧਰ ਨੇ ਇਹ ਸਾਫ ਦੱਸਿਆ ਹੈ ਕਿ ਖਿਡਾਰੀਆਂ ਨੂੰ ਕੋਈ ਟੀ.ਏ,ਡੀ.ਏ ਅਤੇ ਟਰਾਂਸਪੋਰਟ ਦਾ ਖਰਚ ਨਹੀਂ ਦਿੱਤਾ ਗਿਆ ਹੈ ਜਦੋਂ ਕਿ ਦੂਸਰੀ ਤਰਫ਼ ਕਲਾਕਾਰਾਂ ਲਈ ਟਰਾਂਸਪੋਰਟ 'ਤੇ 10.81 ਲੱਖ ਰੁਪਏ ਦਾ ਖਰਚ ਆਇਆ ਹੈ। ਜਲੰਧਰ 'ਚ ਖੇਡਾਂ ਦੌਰਾਨ ਕੁੱਲ 76.35 ਲੱਖ ਰੁਪਏ ਦਾ ਖਰਚ ਆਇਆ ਹੈ ਜਿਸ ਚੋਂ 7.76 ਲੱਖ ਰੁਪਏ ਇਕੱਲੇ ਖਾਣ ਪੀਣ 'ਤੇ ਖਰਚ ਕੀਤੇ ਗਏ ਹਨ।
          ਖੇਡ ਵਿਭਾਗ ਪੰਜਾਬ ਦੀ ਸੂਚਨਾ ਅਨੁਸਾਰ ਖਿਡਾਰੀਆਂ ਨੂੰ 7.44 ਲੱਖ ਰੁਪਏ ਕਿਰਾਇਆ ਦਿੱਤਾ ਗਿਆ ਹੈ। ਲੁਧਿਆਣਾ 'ਚ ਇਨ੍ਹਾਂ ਖੇਡਾਂ 'ਤੇ ਕੁੱਲ ਖਰਚ 89.62 ਲੱਖ ਰੁਪਏ, ਪਟਿਆਲਾ 'ਚ 30.05 ਲੱਖ ਰੁਪਏ,ਮੁਹਾਲੀ 'ਚ 4.19 ਲੱਖ ਰੁਪਏ ਖਰਚ ਆਇਆ ਹੈ। ਸੂਤਰ ਆਖਦੇ ਹਨ ਕਿ ਵਾਹ ਵਾਹ ਖੱਟਣ ਲਈ ਸਰਕਾਰ ਨੇ 'ਕਲਚਰਲ ਪ੍ਰੋਗਰਾਮਾਂ' ਲਈ ਸਰਕਾਰੀ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਹੈ। ਇਨ੍ਹਾਂ ਖੇਡਾਂ 'ਚ 10 ਗੇਮਾਂ ਲਈ ਨਗਦ ਇਨਾਮ ਰੱਖੇ ਗਏ ਸਨ ਅਤੇ ਪ੍ਰਤੀ ਗੇਮ 21 ਲੱਖ ਰੁਪਏ ਇਨਾਮ ਦਿੱਤੇ ਗਏ ਹਨ। ਸਰਕਾਰ ਵਲੋਂ ਇਨ੍ਹਾਂ ਖੇਡਾਂ 'ਚ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦੇਣ ਲਈ 63.74 ਲੱਖ ਰੁਪਏ ਖਰਚੇ ਗਏ ਹਨ। ਰੱਸਾਕਸ਼ੀ ਦੀ ਟੀਮ ਨੂੰ ਵੱਖਰਾ 21 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਹੈ। ਉਦਘਾਟਨੀ ਤੇ ਸਮਾਪਤੀ ਸਮਾਰੋਹਾਂ 'ਤੇ ਕਰਾਈ ਵੀਡੀਓਗਾਫੀ ਦਾ ਵੀ 36 ਹਜ਼ਾਰ ਰੁਪਏ ਖਰਚਾ ਤਾਰਿਆ ਗਿਆ ਹੈ। ਖੇਡ ਵਿਭਾਗ ਪੰਜਾਬ ਵਲੋਂ ਇਨ੍ਹਾਂ ਖੇਡਾਂ 'ਤੇ ਜੋ ਖਰਚ ਕੀਤਾ ਗਿਆ,ਉਸ ਚੋਂ 2.50 ਕਰੋੜ ਰੁਪਏ ਨਾਨ ਪਲਾਨ ਸਕੀਮਾਂ ਚੋਂ ਖਰਚੇ ਗਏ ਹਨ। ਬਾਕੀ ਖਰਚ ਕਿੰਨ੍ਹਾਂ ਫੰਡਾਂ ਚੋਂ ਕੀਤਾ ਗਿਆ ਹੈ, ਇਸ ਦੇ ਵੇਰਵੇ ਨਹੀਂ ਦਿੱਤੇ ਗਏ ਹਨ।
             


No comments:

Post a Comment