Showing posts with label bathinda police. Show all posts
Showing posts with label bathinda police. Show all posts

Friday, February 10, 2017

                                    ਅਲੋਕਾਰੀ ਵਾਹਨ
              ਬਠਿੰਡਾ ਪੁਲੀਸ ਨੇ ਕੀਤਾ ਗੋਲਮਾਲ!
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਕੋਲ ਅਲੋਕਾਰੀ ਮੋਟਰਸਾਇਕਲ ਹਨ ਜਿਨ•ਾਂ ਦਾ ਕੀਮਤ ਤੋਂ ਜਿਆਦਾ ਮੁਰੰਮਤ ਖਰਚਾ ਹੈ। ਇਨ•ਾਂ ਦੇ ਮੁਰੰਮਤ ਖਰਚੇ 'ਚ ਗੋਲਮਾਲ ਜਾਪਦਾ ਹੈ ਪਰ ਮੁਲਾਜ਼ਮ ਇਨ•ਾਂ ਨੂੰ ਗਲ ਪਿਆ ਢੋਲ ਦੱਸ ਰਹੇ ਹਨ। ਇਵੇਂ ਪੁਲੀਸ ਅਫਸਰਾਂ ਦੀਆਂ ਗੱਡੀਆਂ ਦਾ ਤੇਲ ਖਰਚਾ ਘੱਟ ਤੇ ਮੁਰੰਮਤ ਖਰਚਾ ਜਿਆਦਾ ਹੈ। ਇਨ•ਾਂ ਦੀ ਤੇਲ ਦੀ ਐਵਰੇਜ ਵੀ ਬਹੁਤ ਘੱਟ ਹੈ। ਨਵੀਆਂ ਗੱਡੀਆਂ ਦਾ ਮੁਰੰਮਤ ਖਰਚਾ ਪੈ ਰਿਹਾ ਹੈ। ਪੁਲੀਸ ਮੁਲਾਜ਼ਮ ਜੋ ਪੈਟਰੋਲਿੰਗ ਲਈ ਪਲਸਰ ਮੋਟਰ ਸਾਇਕਲ ਦੌੜਾ ਰਹੇ ਹਨ, ਉਸ ਦੀ ਖਰੀਦ ਕੀਮਤ ਕਰੀਬ 71 ਹਜ਼ਾਰ ਹੈ ਜਦੋਂ ਕਿ ਮੁਰੰਮਤ ਖਰਚਾ 90 ਹਜ਼ਾਰ ਤੋਂ ਜਿਆਦਾ ਆ ਚੁੱਕਾ ਹੈ। ਏਦਾ ਦੇ ਪੰਜ ਪਲਸਰ ਮੋਟਰਸਾਇਕਲ ਹਨ ਜੋ ਸਾਲ 2008 ਮਾਡਲ ਹਨ। ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਪਲਸਰ ਮੋਟਰ ਸਾਇਕਲ ਪੀ.ਬੀ 03 ਆਰ 0262 ਦੀ ਮੁਰੰਮਤ ਤੇ ਹੁਣ ਤੱਕ 94,244 ਰੁਪਏ ਖਰਚਾ ਆ ਚੁੱਕਾ ਹੈ ਅਤੇ ਪਲਸਰ ਪੀ.ਬੀ 03 ਐਸ 4163 ਦੀ ਮੁਰੰਮਤ ਦਾ ਖਰਚਾ ਹੁਣ ਤੱਕ 92,329 ਰੁਪਏ ਬਣਦਾ ਹੈ। ਇਵੇਂ ਮੋਟਰ ਸਾਇਕਲ ਪੀ.ਬੀ 03 ਐਸ 4152 ਦਾ ਮੁਰੰਮਤ ਖਰਚਾ 78,209 ਰੁਪਏ ਹੈ ਅਤੇ ਪਲਸਰ ਪੀ.ਬੀ 03 ਐਸ 4165 ਦੀ ਮੁਰੰਮਤ ਤੇ 67,177 ਰੁਪਏ ਖਰਚਾ ਕੀਤਾ ਜਾ ਚੁੱਕਾ ਹੈ। ਪੀ.ਬੀ 03 ਐਸ 4154 ਤੇ ਵੀ 64,919 ਰੁਪਏ ਮੁਰੰਮਤ ਖਰਚ ਆਇਆ ਹੈ।
                          ਬਜਾਜ ਕੰਪਨੀ ਦੇ ਸੇਲਜ ਅਧਿਕਾਰੀ ਦੱਸਦੇ ਹਨ ਕਿ ਸਾਲ 2008 ਵਿਚ ਇਸ ਪਲਸਰ ਮੋਟਰ ਸਾਇਕਲ ਦੀ ਕੀਮਤ ਕਰੀਬ 71 ਹਜ਼ਾਰ ਰੁਪਏ ਸੀ।  ਏਦਾ ਲੱਗਦਾ ਹੈ ਕਿ ਜਿਵੇਂ ਖਰੀਦਣ ਮਗਰੋਂ ਹੀ ਪੁਲੀਸ ਨੇ ਇਨ•ਾਂ ਦੀ ਮੁਰੰਮਤ ਕਰਾਉਣੀ ਸ਼ੁਰੂ ਕਰ ਦਿੱਤੀ ਹੋਵੇ। ਸੂਤਰ ਸ਼ੱਕ ਕਰਦੇ ਹਨ ਕਿ ਦਾਲ ਵਿਚ ਕੁਝ ਕਾਲਾ ਹੈ ਕਿਉਂਕਿ ਦੂਸਰੇ ਕਿਸੇ ਜ਼ਿਲ•ੇ ਵਿਚ ਏਨਾ ਮੁਰੰਮਤ ਖਰਚਾ ਨਹੀਂ ਪੈ ਰਿਹਾ ਹੈ। ਬਠਿੰਡਾ ਪੁਲੀਸ ਦੇ ਐਸ.ਪੀ ਦੀ ਗੱਡੀ ਪੀ.ਬੀ 08 ਸੀਬੀ 0052 ਦਾ ਵੀ ਆਲਮ ਨਿਆਰਾ ਹੈ ਜੋ ਕਿ ਸਾਲ 2011 ਮਾਡਲ ਹੈ। 1 ਜਨਵਰੀ 2014 ਤੋਂ ਇਸ ਗੱਡੀ ਦਾ ਤੇਲ ਖਰਚ 1.22 ਲੱਖ ਰੁਪਏ ਰਿਹਾ ਹੈ ਜਦੋਂ ਕਿ ਮੁਰੰਮਤ ਖਰਚਾ 1.37 ਲੱਖ ਹੈ। ਇਸੇ ਤਰ•ਾਂ ਦੂਸਰੇ ਇੱਕ ਪੁਲੀਸ ਅਫਸਰ ਦੀ ਗੱਡੀ ਦਾ ਮੁਰੰਮਤ ਖਰਚਾ 1.28 ਲੱਖ ਰੁਪਏ ਆ ਚੁੱਕਾ ਹੈ।ਡੀ.ਐਸ.ਪੀ ਮੌੜ ਕੋਲ ਸਾਲ 2016 ਮਾਡਲ ਨਵੀਂ ਬਲੈਰੋ ਗੱਡੀ ਹੈ ਜਿਸ ਦਾ ਇੱਕ ਵਰੇ• ਵਿਚ ਹੀ ਮੁਰੰਮਤ ਖਰਚਾ 19,638 ਰੁਪਏ ਆ ਚੁੱਕਾ ਹੈ ਜਦੋਂ ਕਿ ਤੇਲ ਖਰਚਾ 53,901 ਆਇਆ ਹੈ। ਡੀ.ਐਸ.ਪੀ ਦਿਹਾਤੀ ਦੀ ਬਲੈਰੋ ਗੱਡੀ ਹਾਲੇ ਏ.ਐਫ ਹੀ ਹੈ ਜਿਸ ਦੀ ਮੁਰੰਮਤ ਤੇ 12,560 ਰੁਪਏ ਦਾ ਖਰਚ ਹੋ ਚੁੱਕਾ ਹੈ।
                    ਬਠਿੰਡਾ ਪੁਲੀਸ ਦੇ ਇੱਕ ਐਸ.ਪੀ ਦੀ ਸਕਾਰਪੀਓ ਗੱਡੀ ਹਾਲੇ ਏ.ਐਫ ਹੈ ਅਤੇ ਰਜਿਸਟ੍ਰੇਸ਼ਨ ਵੀ ਨਹੀਂ ਕਰਾਈ ਹੈ ਪਰ ਉਸ ਦਾ ਮੁਰੰਮਤ ਖਰਚਾ 11080 ਰੁਪਏ ਆ ਚੁੱਕਾ ਹੈ। ਇਵੇਂ ਦੂਸਰੇ ਐਸ.ਪੀ ਦੀ ਏ.ਐਫ ਗੱਡੀ ਦਾ ਮੁਰੰਮਤ ਖਰਚਾ 10,400 ਰੁਪਏ ਆ ਚੁੱਕਾ ਹੈ। ਬਠਿੰਡਾ ਜ਼ਿਲ•ੇ ਦੇ ਨੌ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਦੀਆਂ ਗੱਡੀਆਂ ਦੀ ਮੁਰੰਮਤ ਨੇ ਵੀ ਖਜ਼ਾਨੇ ਦਾ ਧੂੰਆਂ ਕੱਢ ਦਿੱਤਾ ਹੈ। ਥਾਣੇਦਾਰਾਂ ਕੋਲ 2010 ਮਾਡਲ ਸਕਾਰਪੀਓ ਗੈਟਵੇ ਗੱਡੀਆਂ ਹਨ। ਲੰਘੇ ਦੋ ਵਰਿ•ਆਂ ਵਿਚ ਇਨ•ਾਂ 19 ਥਾਣਿਆਂ ਦੇ ਥਾਣੇਦਾਰਾਂ ਦੀਆਂ ਗੱਡੀਆਂ ਕਰੀਬ 90 ਲੱਖ ਰੁਪਏ ਦਾ ਤੇਲ ਛੱਕ ਗਈਆਂ ਹਨ। ਥਾਨਾ ਬਾਲਿਆਂ ਵਾਲੀ ਦੀ ਗੱਡੀ ਦਾ ਮੁਰੰਮਤ ਖਰਚਾ ਸਭ ਤੋਂ ਜਿਆਦਾ 1.58 ਲੱਖ ਰੁਪਏ ਹੈ ਜਿਸ ਦਾ ਮਤਲਬ ਹੈ ਕਿ ਪ੍ਰਤੀ ਮਹੀਨਾ 6500 ਰੁਪਏ ਮੁਰੰਮਤ ਖਰਚਾ ਆ ਰਿਹਾ ਹੈ। ਸਰਕਾਰੀ ਵੇਰਵਿਆਂ ਅਨੁਸਾਰ ਥਾਣਾ ਸਿਵਲ ਲਾਈਨ ਬਠਿੰਡਾ ਦੀ ਗੱਡੀ ਦਾ ਮੁਰੰਮਤ ਖਰਚਾ ਦੋ ਵਰਿ•ਆਂ ਵਿਚ 1.51 ਲੱਖ ਰੁਪਏ ਆਇਆ ਹੈ ਜਦੋਂ ਕਿ ਥਾਣਾ ਸਦਰ ਬਠਿੰਡਾ ਦੀ ਗੱਡੀ ਤੇ ਇਨ•ਾਂ ਦੋ ਸਾਲਾਂ ਵਿਚ 1.45 ਲੱਖ ਮੁਰੰਮਤ ਤੇ ਖਰਚੇ ਗਏ ਹਨ।
                         ਇਸੇ ਤਰ•ਾਂ ਥਾਨਾ ਨੇਹੀਆਂ ਵਾਲਾ ਦੇ ਥਾਣੇਦਾਰ ਦੀ ਗੱਡੀ ਦੀ ਮੁਰੰਮਤ 1.36 ਲੱਖ ਰੁਪਏ ਵਿਚ ਪਈ ਹੈ। ਸੂਤਰ ਆਖਦੇ ਹਨ ਕਿ ਮੁਰੰਮਤ ਦੇ ਨਾਮ ਹੇਠ ਗੜਬੜ ਹੋ ਰਹੀ ਹੈ। ਨਵੀਆਂ ਗੱਡੀਆਂ ਦਾ ਵੀ ਏਡਾ ਵੱਡਾ ਮੁਰੰਮਤ ਖਰਚਾ ਹੋਣਾ ਸ਼ੱਕ ਖੜ•ੇ ਕਰਦਾ ਹੈ। ਪੜਤਾਲ ਵਿਚ ਸਭ ਕੁਝ ਸਾਹਮਣੇ ਆ ਸਕਦਾ ਹੈ। ਐਸ.ਪੀ (ਸਥਾਨਿਕ) ਬਠਿੰਡਾ ਸ੍ਰੀ ਦੇਸ ਰਾਜ ਦਾ ਕਹਿਣਾ ਸੀ ਕਿ ਮੋਟਰਸਾਇਕਲ ਕਾਫੀ ਪੁਰਾਣੇ ਹੋ ਗਏ ਹਨ ਜਿਸ ਕਰਕੇ ਇਨ•ਾਂ ਦੀ ਮੁਰੰਮਤ ਜਿਆਦਾ ਪੈ ਰਹੀ ਹੈ। ਉਨ•ਾਂ ਆਖਿਆ ਕਿ ਮੁਰੰਮਤ ਵਗੈਰਾ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਹੀ ਕਰਾਈ ਗਈ ਹੈ। ਕਿਲੋਮੀਟਰ ਪੂਰੇ ਹੋਣ ਮਗਰੋਂ ਹੀ ਇਨ•ਾਂ ਨੂੰ ਕੰਡਮ ਕੀਤਾ ਜਾਂਦਾ ਹੈ

Saturday, February 20, 2016

                                  ਹਕੂਮਤੀ ‘ਪੈਂਠ’
             ਜਥੇਦਾਰਾਂ ਨਾਲ ਗੰਨਮੈਨਾਂ ਦੀ ਫੌਜ
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ ਹਾਕਮ ਧਿਰ ਦੇ ਖਾਸ ਲੀਡਰਾਂ ਤੇ ਅਫਸਰਾਂ ਨੂੰ ‘ਪੈਂਠ’ ਲਈ ਗੰਨਮੈਨਾਂ ਦਾ ਤੋਹਫ਼ਾ ਦੇ ਦਿੱਤਾ ਹੈ ਜਦੋਂ ਕਿ ਆਮ ਲੋਕਾਂ ਦੀ ਸੁਰੱਖਿਆ ਦਾ ਰੱਬ ਰਾਖਾ ਹੈ। ਏ.ਡੀ.ਜੀ.ਪੀ (ਸੁਰੱਖਿਆ) ਅਤੇ ਐਸ.ਐਸ.ਪੀ ਦੇ ਹੁਕਮਾਂ ਤੇ ਬਠਿੰਡਾ ਪੁਲੀਸ ਦੇ ਮੁਲਾਜ਼ਮ ਦੂਸਰੇ ਜ਼ਿਲਿ•ਆਂ ਵਿਚ ਬਤੌਰ ਗੰਨਮੈਨ ਤਾਇਨਾਤ ਹਨ। ਏਦਾ ਦੇ ਵੀ.ਆਈ.ਪੀਜ਼ ਵੀ ਹਨ ਜਿਨ•ਾਂ ਨਾਲ ਗੰਨਮੈਨਾਂ ਦੀ ਫੌਜ ਲਾ ਦਿੱਤੀ ਗਈ ਹੈ। ਪੰਜਾਬ ਪੁਲੀਸ ਨੇ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ 23 ਪੁਲੀਸ ਮੁਲਾਜ਼ਮ ਦਿੱਤੇ ਹੋਏ ਹਨ। ਜਥੇਦਾਰ ਨੂੰ ਬਠਿੰਡਾ ਪੁਲੀਸ ਨੇ 11 ਮੁਲਾਜ਼ਮ,ਅੰਮ੍ਰਿਤਸਰ ਪੁਲੀਸ ਨੇ 5 ਮੁਲਾਜ਼ਮ ਅਤੇ ਆਈ.ਆਰ.ਬੀ ਨੇ 10 ਮੁਲਾਜ਼ਮ ਦਿੱਤੇ ਹੋਏ ਹਨ। ਪੰਜਾਬ ਪੁਲੀਸ ਨੂੰ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਸੁਰੱਖਿਆ ਕਰੀਬ 10 ਲੱਖ ਰੁਪਏ ਪ੍ਰਤੀ ਮਹੀਨਾ ਵਿਚ ਪੈ ਰਹੀ ਹੈ। ਇਸ ਤੋਂ ਬਿਨ•ਾਂ ਇੱਕ ਐਸਕੋਰਟ ਅਤੇ ਇੱਕ ਪਾਇਲਟ ਗੱਡੀ ਵੀ ਪੁਲੀਸ ਨੇ ਜਥੇਦਾਰ ਨੂੰ ਦਿੱਤੀ ਹੋਈ ਹੈ। ਵੇਰਵਿਆਂ ਅਨੁਸਾਰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਕੁਸ਼ਮਜੀਤ ਕੌਰ ਨੂੰ ਬਠਿੰਡਾ ਪੁਲੀਸ ਨੇ 15 ਅਕਤੂਬਰ 2012 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ ਅਤੇ ਹਰਬਿੰਦਰ ਸਿੰਘ ਬਾਦਲ ਨੂੰ 13 ਜੂਨ 2014 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ।
                 ਬਠਿੰਡਾ ਪੁਲੀਸ ਨੇ ਬਟਾਲਾ (ਗੁਰਦਾਸਪੁਰ) ਦੇ ਜਰਨੈਲ ਸਿੰਘ ਮਾਹਿਲ (ਵਰਕਿੰਗ ਕਮੇਟੀ ਮੈਂਬਰ,ਸ਼੍ਰੋਮਣੀ ਅਕਾਲੀ ਦਲ) ਨੂੰ 12 ਦਸੰਬਰ 2015 ਨੂੰ ਇੱਕ ਗੰਨਮੈਨ ਦੇ ਦਿੱਤਾ ਹੈ। ਮੁਕਤਸਰ ਜ਼ਿਲ•ੇ ਦੇ ਪਵਨਪ੍ਰੀਤ ਉਰਫ ਬੱਬੀ ਬਾਦਲ ਨੂੰ 9 ਅਕਤੂਬਰ 2014 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਭੁਪਿੰਦਰ ਢਿੱਲੋਂ ਨਾਲ ਵੀ ਇੱਕ ਗੰਨਮੈਨ ਬਠਿੰਡਾ ਪੁਲੀਸ ਦਾ ਹੈ। ਜਾਣਕਾਰੀ ਅਨੁਸਾਰ ਏ.ਡੀ.ਜੀ.ਪੀ (ਜੇਲ•ਾਂ) ਰਾਜਪਾਲ ਮੀਨਾ ਨਾਲ ਕਰੀਬ 12 ਵਰਿ•ਆਂ ਤੋਂ ਬਠਿੰਡਾ ਪੁਲੀਸ ਦਾ ਇੱਕ ਗੰਨਮੈਨ ਹੈ ਅਤੇ ਇਸੇ ਤਰ•ਾਂ ਡੀ.ਆਈ.ਜੀ (ਐਡਮਨ) ਚੰਡੀਗੜ• ਅਸੀਸ ਚੌਧਰੀ ਨਾਲ ਵੀ ਦੋ ਗੰਨਮੈਨ ਇੱਥੋਂ ਦੀ ਪੁਲੀਸ ਦੇ 6 ਨਵੰਬਰ 2012 ਤੋਂ ਹੈ। ਏ.ਡੀ.ਸੀ.ਪੀ (ਐਚ) ਜਲੰਧਰ ਅਲਕਾ ਮੀਨਾ ਨਾਲ ਦੋ ਗੰਨਮੈਨ 4 ਨਵੰਬਰ 2015 ਨੂੰ ਤਾਇਨਾਤ ਕੀਤੇ ਗਏ ਹਨ। ਬਾਹਰਲੇ ਜ਼ਿਲ•ੇ ਵਿਚ ਤਾਇਨਾਤ ਦੋ ਹੋਰ ਅਫਸਰਾਂ ਨਾਲ ਤਿੰਨ ਗੰਨਮੈਨ ਵੀ ਬਠਿੰਡਾ ਪੁਲੀਸ ਦੇ ਹੀ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਜ਼ਿਲ•ਾ ਪੁਲੀਸ ਨੇ ਗੰਨਮੈਨ ਦਿੱਤਾ ਹੋਇਆ ਹੈ। ਜ਼ਿਲ•ਾ ਪੁਲੀਸ ਨੇ ਤਾਂ ਅਕਾਲੀ ਨੇਤਾ ਬਲਵੀਰ ਸਿੰਘ ਸਿੱਧੂ (ਤਲਵੰਡੀ ਸਾਬੋ) ਨੂੰ 15 ਮਾਰਚ 2015 ਤੋਂ ਦੋ ਗੰਨਮੈਨ ਦਿੱਤੇ ਹੋਏ ਹਨ ਜਿਨ•ਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਵੀ ਨਹੀਂ ਹੈ।
                 ਹਲਕਾ ਮੌੜ ਦੇ ਕਾਂਗਰਸੀ ਇੰਚਾਰਜ ਭੁਪਿੰਦਰ ਗੋਰਾ ਕੋਲ ਵੀ ਦੋ ਗੰਨਮੈਨ ਹਨ। ਡੇਰਾ ਸਲਾਬਤਪੁਰਾ,ਡੇਰਾ ਮਲੂਕਾ ਅਤੇ ਡੇਰਾ ਰੂਮੀ ਵਾਲਾ ਦੇ ਮੁੱਖ ਪ੍ਰਬੰਧਕਾਂ ਨੂੰ ਵੀ ਇੱਕ ਇੱਕ ਗੰਨਮੈਨ ਦਿੱਤਾ ਹੋਇਆ ਹੈ। ਡੇਰਾ ਸਿਰਸਾ ਨਾਲ ਜੁੜੇ ਰਹੇ ਖੱਟਾ ਸਿੰਘ ਦੇ ਲੜਕੇ ਗੁਰਦਾਸ ਸਿੰਘ ਨੂੰ ਵੀ ਦੋ ਗੰਨਮੈਨ ਦਿੱਤੇ ਹੋਏ ਹਨ। ਇਵੇਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨਾਲ ਵੀ ਸਮੇਤ ਗਾਰਦ 22 ਪੁਲੀਸ ਮੁਲਾਜ਼ਮ ਤਾਇਨਾਤ ਹਨ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲੇ• ਵਿਚ ਕੁੱਲ 1950 ਸਿਪਾਹੀ ਹਨ। ਵੀ.ਆਈ.ਪੀ ਜ਼ਿਲ•ਾ ਹੋਣ ਕਰਕੇ ਵੀ.ਆਈ.ਪੀ ਡਿਊਟੀ ਕਾਫ਼ੀ ਪੈਂਦੀ ਰਹਿੰਦੀ ਹੈ ਜਿਸ ਕਰਕੇ ਪੁਲੀਸ ਥਾਣਿਆਂ ਵਿਚ ਪੂਰੀ ਨਫ਼ਰੀ ਨਹੀਂ ਹੈ। ਐਸ.ਐਸ.ਪੀ ਨੇ ਕੁਝ ਸਮਾਂ ਪਹਿਲਾਂ ਦਫ਼ਤਰਾਂ ਚੋਂ ਮੁਲਾਜ਼ਮਾਂ ਕੱਢ ਕੇ ਥਾਣਿਆਂ ਵਿਚ ਤਾਇਨਾਤ ਵੀ ਕੀਤੇ ਹਨ। ਖਾਸ ਕਰਕੇ ਬਠਿੰਡਾ ਸ਼ਹਿਰ ਵਿਚ ਸਨੈਚਿੰਗ ਅਤੇ ਹੋਰ ਵਾਰਦਾਤਾਂ ਕਾਫ਼ੀ ਵੱਧ ਗਈਆਂ ਹਨ ਪ੍ਰੰਤੂ ਲੋਕਾਂ ਦੀ ਰਾਖੀ ਲਈ ਪੁਲੀਸ ਮੁਲਾਜ਼ਮਾਂ ਦੀ ਕਮੀ ਹੈ। ਜ਼ਿਲ•ਾ ਪੁਲੀਸ ਦੇ ਕਰੀਬ 151 ਪੁਲੀਸ ਮੁਲਾਜ਼ਮ ਲੀਡਰਾਂ ਅਤੇ ਅਫਸਰਾਂ ਨਾਲ ਗੰਨਮੈਨ ਵਜੋਂ ਤਾਇਨਾਤ ਹਨ। ਸੂਤਰ ਆਖਦੇ ਹਨ ਕਿ ਜੋ ਬਿਨ•ਾਂ ਕਿਸੇ ਲਿਖਤ ਪੜਤ ਤੋਂ ਤਾਇਨਾਤ ਹਨ, ਉਨ•ਾਂ ਦੀ ਗਿਣਤੀ ਵੀ ਕਾਫ਼ੀ ਹੈ।
                            ਸੁਰੱਖਿਆ ਨਜ਼ਰੀਏ ਤੋਂ ਹੀ ਤਾਇਨਾਤੀ : ਐਸ.ਐਸ.ਪੀ
ਐਸ.ਐਸ.ਪੀ ਸਵਪਨ ਸ਼ਰਮਾ ਦਾ ਕਹਿਣਾ ਸੀ ਕਿ ਏ.ਡੀ.ਜੀ.ਪੀ (ਸੁਰੱਖਿਆ) ਦੇ ਲਿਖਤੀ ਹੁਕਮਾਂ ਤੇ ਹੀ ਸੁਰੱਖਿਆ ਗਾਰਦ ਦਿੱਤੇ ਹੋਏ ਹਨ। ਜੋ ਜ਼ਿਲ•ਾ ਪੁਲੀਸ ਤਰਫੋਂ ਵੀ ਗੰਨਮੈਨ ਲਗਾਏ ਗਏ ਹਨ, ਉਨ•ਾਂ ਦੇ ਵੀ ਪੁਲੀਸ ਹੈਡਕੁਆਰਟਰ ਤੋਂ ਹੁਕਮ ਆਏ ਸਨ। ਉਨ•ਾਂ ਆਖਿਆ ਕਿ ਸੁਰੱਖਿਆ ਨਜ਼ਰੀਏ ਤੋਂ ਹੀ ਤਾਇਨਾਤੀ ਕੀਤੀ ਗਈ ਹੈ। ਉਨ•ਾਂ ਆਖਿਆ ਕਿ ਹਾਲ ਹੀ ਵਿਚ ਨੇਤਾਵਾਂ ਤੋਂ ਕੋਈ ਗੰਨਮੈਨ ਵਾਪਸ ਨਹੀਂ ਲਿਆ ਗਿਆ ਹੈ।

Friday, January 11, 2013

                             ਬਠਿੰਡਾ ਪੁਲੀਸ
      ਦਾਨੀਆਂ ਦੀ ਮਾਇਆ ਨਾਲ ਬੱਲੇ ਬੱਲੇ
                              ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਪੁਲੀਸ ਵੱਲੋਂ ਦਾਨੀ ਸੱਜਣਾਂ ਦੀ ਮਾਇਆ ਨਾਲ ਅੱਜ ਮਹਿਲਾ ਸੁਰੱਖਿਆ ਦਸਤਾ ਬਣਾ ਕੇ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਮਹਿਲਾ ਦਸਤੇ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਜਦੋਂਕਿ ਇਸ ਮਹਿਲਾ ਦਸਤੇ ਵਾਸਤੇ ਐਕਟਿਵਾ ਸਕੂਟਰ ਤੇ ਵਰਦੀਆਂ ਦਾਨੀ ਸੱਜਣਾਂ ਵੱਲੋਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪੁਲੀਸ ਦਾ ਖ਼ਜ਼ਾਨਾ ਖ਼ਾਲੀ ਹੈ ਜਿਸ ਕਰਕੇ ਪੁਲੀਸ ਐਲੀਜ਼ ਕਲੱਬ ਆਫ਼ ਬਠਿੰਡਾ ਬਣਾ ਲਿਆ ਗਿਆ ਜਿਸ ਦੇ ਚੇਅਰਮੈਨ ਸਮਾਜ ਸੇਵੀ ਰਾਜੇਸ਼ ਖੋਸਲਾ ਬਣਾਏ ਗਏ ਹਨ। ਦਾਨੀ ਸੱਜਣਾਂ ਵੱਲੋਂ ਹੁਣ ਤੱਕ ਇਸ ਕਲੱਬ ਨੂੰ 9 ਲੱਖ ਦੇ ਕਰੀਬ ਰਾਸ਼ੀ ਦਾਨ ਦਿੱਤੀ ਗਈ ਹੈ। ਜ਼ਿਲ੍ਹਾ ਪੁਲੀਸ ਨੇ ਇਸ ਦਾ ਭੇਤ ਰੱਖਣ ਵਾਸਤੇ ਐਕਟਿਵਾ ਸਕੂਟਰਾਂ 'ਤੇ ਕਲੱਬ ਦਾ ਨਾਂ ਨਹੀਂ ਲਿਖਵਾਇਆ।
            ਜ਼ਿਲ੍ਹਾ ਪੁਲੀਸ ਵੱਲੋਂ ਔਰਤਾਂ ਦੀ ਸੁਰੱਖਿਆ ਖਾਤਰ ਆਧੁਨਿਕ ਹਥਿਆਰਾਂ ਤੇ ਸੰਚਾਰ ਸਾਧਨਾ ਨਾਲ ਲੈਸ ਮਹਿਲਾ ਪੁਲੀਸ ਦੀਆਂ ਹਥਿਆਰਬੰਦ ਵਿਸ਼ੇਸ਼ ਸੁਰੱਖਿਆ ਟੀਮਾਂ (ਵਿਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕੁਐਡ) ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਦੋ ਦਰਜਨ ਮਹਿਲਾ ਪੁਲੀਸ ਮੁਲਾਜ਼ਮਾਂ ਸ਼ਾਮਲ ਹਨ। ਪ੍ਰਾਈਵੇਟ ਕਲੱਬ ਵੱਲੋਂ ਇਸ ਮਹਿਲਾ ਦਸਤੇ ਨੂੰ 10 ਐਕਟਿਵਾ ਸਕੂਟਰ ਖਰੀਦਕੇ ਦਿੱਤੇ ਗਏ ਹਨ ਜਿਨ੍ਹਾਂ 'ਤੇ 5.30 ਲੱਖ ਰੁਪਏ ਖਰਚ ਆਏ ਹਨ। ਬਠਿੰਡਾ ਦੀ ਇੰਟਰਨੈਸ਼ਨਲ ਹੌਂਡਾ ਕੰਪਨੀ ਤੋਂ ਇਹ ਸਕੂਟਰ ਖਰੀਦੇ ਗਏ ਹਨ। ਕੰਪਨੀ ਨੇ ਇਨ੍ਹਾਂ ਸਕੂਟਰਾਂ 'ਤੇ ਕੋਈ ਮੁਨਾਫ਼ਾ ਨਹੀਂ ਲਿਆ ਗਿਆ। ਇਸ ਮਹਿਲਾ ਦਸਤੇ ਵਾਸਤੇ ਜੋ ਲੁਧਿਆਣਾ ਤੋਂ ਡਰੈਸ ਬਣਾਈ ਗਈ ਹੈ,ਉਹ ਯੂਰਪੀਨ ਤਰਜ਼ ਦੀ ਹੈ। ਇਸ ਡਰੈਸ 'ਤੇ ਸਾਰਾ ਖਰਚਾ ਪ੍ਰਾਈਵੇਟ ਕਲੱਬ ਵੱਲੋਂ ਕੀਤਾ ਗਿਆ ਹੈ। ਮਹਿਲਾ ਪੁਲੀਸ ਲਈ ਜੈਕਟਾਂ ਲੁਧਿਆਣਾ ਤੋਂ ਖਰੀਦੀਆਂ ਗਈਆਂ ਹਨ। ਇਸ ਪ੍ਰਾਜੈਕਟ 'ਤੇ ਕਰੀਬ 6.50 ਲੱਖ ਰੁਪਏ ਖਰਚ ਆਏ ਹਨ ਜੋ ਪ੍ਰਾਈਵੇਟ ਕਲੱਬ ਨੇ ਹੀ ਖਰਚ ਕੀਤੇ ਹਨ।
            ਜੋ ਪ੍ਰਾਈਵੇਟ ਕਲੱਬ ਹੈ, ਉਸ ਦੀ ਰਜਿਸਟਰੇਸ਼ਨ ਵੀ ਨਹੀਂ ਹੋਈ ਅਤੇ ਰਜਿਸਟਰੇਸ਼ਨ ਤੋਂ ਪਹਿਲਾਂ ਹੀ ਦਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਦੀ ਮਦਦ ਵਾਲਾ ਕਲੱਬ ਹੋਣ ਕਰਕੇ ਦਾਨੀ ਸੱਜਣ ਧੜਾਧੜ ਦਾਨ ਦੇ ਰਹੇ ਹਨ। ਇਸ ਕਲੱਬ ਦੇ ਪ੍ਰਧਾਨ ਐਸ.ਐਸ.ਪੀ ਬਠਿੰਡਾ ਹਨ ਜਦੋਂਕਿ ਮੁੱਖ ਸਰਪ੍ਰਸਤ ਆਈ.ਜੀ (ਬਠਿੰਡਾ ਜ਼ੋਨ) ਤੇ ਡੀ.ਆਈ.ਜੀ (ਬਠਿੰਡਾ ਰੇਂਜ) ਇਸ ਕਲੱਬ ਦੇ ਸਰਪ੍ਰਸਤ ਹਨ। ਇਸ ਕਲੱਬ ਵੱਲੋਂ ਦੂਸਰੇ ਪੜਾਅ 'ਤੇ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣੇ ਹਨ ਜਿਸ ਦਾ ਪ੍ਰਾਜੈਕਟ ਕਰੀਬ 15 ਲੱਖ ਰੁਪਏ ਦਾ ਹੈ। ਇਸ ਪ੍ਰਾਜੈਕਟ ਦਾ ਸਾਰਾ ਖਰਚਾ ਪ੍ਰਾਈਵੇਟ ਕਲੱਬ ਵੱਲੋਂ ਹੀ ਕੀਤਾ ਜਾਣਾ ਹੈ। ਹਾਈ ਕੋਰਟ ਦੇ ਐਡਵੋਕੇਟ ਤੇ ਆਰ.ਟੀ.ਆਈ ਐਕਟੇਵਿਸਟ ਫੈਡਰੇਸ਼ਨ ਦੇ ਪ੍ਰਧਾਨ ਐਚ.ਸੀ.ਅਰੋੜਾ ਦਾ ਕਹਿਣਾ ਸੀ ਕਿ ਆਲ ਇੰਡੀਆ ਸਰਵਿਸ ਰੂਲਜ਼ ਅਨੁਸਾਰ ਕੋਈ ਅਧਿਕਾਰੀ ਬਤੌਰ ਆਈ.ਪੀ.ਐਸ ਕਿਸੇ ਅਜਿਹੇ ਕਲੱਬ ਜਾਂ ਸੰਸਥਾ ਦੇ ਮੁਖੀ ਨਹੀਂ ਬਣ ਸਕਦੇ ਜਿਸ ਵਿੱਚ ਵਿੱਤੀ ਮਾਮਲਾ ਹੋਵੇ। ਉਨ੍ਹਾਂ ਆਖਿਆ ਕਿ ਇਸ ਲਈ ਸਰਕਾਰ ਤੋਂ ਅਗਾਊਂ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਆਖਿਆ ਕਿ ਅਸਲ ਵਿੱਚ ਪੁਲੀਸ ਅਫਸਰਾਂ ਵੱਲੋਂ ਆਪਣੇ ਰੁਤਬੇ ਦੇ ਜ਼ੋਰ 'ਤੇ ਹੀ ਦਾਨ ਲਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕਾਨੂੰਨੀ ਤੇ ਨੈਤਿਕ ਤੌਰ 'ਤੇ ਵੀ ਅਜਿਹਾ ਠੀਕ ਨਹੀਂ ਹੈ।
           ਬੀਬੀ ਹਰਸਿਮਰਤ ਕੌਰ ਬਾਦਲ ਨੇ ਹਨੂੰਮਾਨ ਚੌਕ ਵਿਖੇ ਇਨ੍ਹਾਂ ਟੀਮਾਂ ਨੂੰ ਰਵਾਨਾ ਕਰਨ ਸਮੇਂ ਦੱਸਿਆ ਕਿ ਇਨ੍ਹਾਂ ਦਸ ਟੀਮਾਂ ਨੂੰ ਜਿਥੇ ਆਧੁਨਿਕ ਹਥਿਆਰਾਂ ਤੇ ਸੰਚਾਰ ਸਾਧਨਾਂ ਨਾਲ ਲੈਸ ਕੀਤਾ ਗਿਆ ਹੈ ਉਥੇ ਸ਼ਹਿਰ ਦੇ ਹਰ ਹਿੱਸੇ ਤੱਕ ਇਨ੍ਹਾਂ ਦੀ ਸੌਖੀ ਆਵਾਜਾਈ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਇਨ੍ਹਾਂ ਟੀਮਾਂ ਨੂੰ ਐਕਟਿਵਾ ਸਕੂਟਰ ਦਿੱਤੇ ਗਏ ਹਨ। ਉਨ੍ਹਾਂ ਨੇ ਇਸ ਨੂੰ ਸਰਕਾਰੀ ਪ੍ਰਾਜੈਕਟ ਦੇ ਤੌਰ 'ਤੇ ਉਭਾਰਿਆ। ਉਨ੍ਹਾਂ ਦੱਸਿਆ ਕਿ ਬਠਿੰਡਾ ਸ਼ਹਿਰ ਨੂੰ ਕੁੱਲ ਦਸ ਬੀਟਾਂ ਵਿੱਚ ਵੰਡਿਆ ਗਿਆ ਹੈ ਤੇ ਇਹ ਟੀਮਾਂ ਆਪੋ-ਆਪਣੀ ਬੀਟ ਵਿੱਚ ਸਰਗਰਮ ਰਹਿਣਗੀਆਂ। ਇਹ ਟੀਮਾਂ ਲੜਕੀਆਂ ਦੇ ਕਾਲਜਾਂ ਤੇ ਸਕੂਲਾਂ ਨੇੜੇ ਖਾਸ ਨਜ਼ਰਸਾਨੀ ਕਰਨਗੀਆਂ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਆਈ.ਜੀ ਬਠਿੰਡਾ ਜ਼ੋਨ ਨਿਰਮਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਡੀ.ਆਈ.ਜੀ ਪ੍ਰਮੋਦ ਬਾਨ, ਜ਼ਿਲ੍ਹਾ ਪੁਲੀਸ ਮੁਖੀ ਰਵਚਰਨ ਸਿੰਘ ਬਰਾੜ ਹੋਰ ਸ਼ਖਸੀਅਤਾਂ ਹਾਜ਼ਰ ਸਨ।
                                          ਸ਼ਹਿਰੀ ਸੁਰੱਖਿਆ ਲਈ ਮਦਦ ਦਿੱਤੀ: ਚੇਅਰਮੈਨ
ਪੁਲੀਸ ਐਲੀਜ਼ ਕਲੱਬ ਆਫ਼ ਬਠਿੰਡਾ ਦੇ ਚੇਅਰਮੈਨ ਰਾਜੇਸ਼ ਖੋਸਲਾ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਖਾਤਰ ਇਹ ਕਲੱਬ ਬਣਾਇਆ ਗਿਆ ਹੈ ਜਿਸ ਨੂੰ ਪੁਲੀਸ ਦਾ ਪੂਰਾ ਸਹਿਯੋਗ ਹੈ ਤੇ ਐਸ.ਐਸ.ਪੀ ਇਸ ਕਲੱਬ ਦੇ ਪ੍ਰਧਾਨ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਦੀ ਮਦਦ ਖਾਤਰ ਮਹਿਲਾ ਦਸਤੇ ਲਈ ਐਕਟਿਵਾ ਸਕੂਟਰ ਤੇ ਵਰਦੀਆਂ ਦੀ ਖਰੀਦ 'ਤੇ ਸਾਢੇ ਛੇ ਲੱਖ ਰੁਪਏ ਖਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਵਿੱਚ ਕਰੀਬ 15 ਲੱਖ ਦੀ ਲਾਗਤ ਨਾਲ ਸੀ.ਸੀ.ਟੀ.ਵੀ ਕੈਮਰੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਲੱਬ ਨੂੰ ਉਹ ਜਲਦੀ ਰਜਿਸਟਰਡ ਕਰਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਨੂੰ ਦਾਨੀ ਸੱਜਣਾਂ ਤੋਂ ਕਰੀਬ 9 ਲੱਖ ਰੁਪਏ ਦਾਨ ਮਿਲ ਚੁੱਕਾ ਹੈ।

Friday, November 30, 2012

                             ਬਠਿੰਡਾ ਪੁਲੀਸ
     ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
                            ਚਰਨਜੀਤ ਭੁੱਲਰ
ਬਠਿੰਡਾ : ਵਿਸ਼ਵ ਕਬੱਡੀ ਕੱਪ ਕਾਰਨ ਬਠਿੰਡਾ ਸ਼ਹਿਰ ਪੁਲੀਸ ਛਾਉਣੀ ਬਣ ਗਿਆ ਹੈ। ਚਾਰ ਚੁਫੇਰੇ ਪੁਲੀਸ ਹੀ ਪੁਲੀਸ ਨਜ਼ਰ ਆਉਂਦੀ ਹੈ। ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੋਂ ਦੋ ਦਿਨ ਪਹਿਲਾਂ ਹੀ ਪੰਜਾਬ ਭਰ ਤੋਂ ਪੁਲੀਸ ਬੁਲਾ ਲਈ ਹੈ। ਤਕਰੀਬਨ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਬਠਿੰਡਾ ਪੁੱਜ ਗਏ ਹਨ ਜਦੋਂ ਕਿ ਕਾਫ਼ੀ ਪੁਲੀਸ ਪਹਿਲੀ ਦਸੰਬਰ ਨੂੰ ਪੁੱਜੇਗੀ। ਜ਼ਿਲ੍ਹਾ ਪੁਲੀਸ ਦਾ ਖ਼ਜ਼ਾਨਾ ਖਾਲੀ ਹੈ ਜਿਸ ਕਾਰਨ ਉਧਾਰ ਚੁੱਕ ਕੇ ਕਬੱਡੀ ਕੱਪ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਹਫ਼ਤੇ ਭਰ ਤੋਂ ਸਿਰਸਾ ਕਾਂਡ ਕਰਕੇ ਪੁਲੀਸ ਪੱਬਾਂ ਭਾਰ ਹੈ। ਇਥੇ ਪੁਲੀਸ ਲਾਈਨ ਵਿਚਲਾ ਤੇਲ ਪੰਪ ਡਰਾਈ ਹੋ ਗਿਆ ਹੈ ਜਿਸ ਕਾਰਨ ਸਾਢੇ ਚਾਰ ਲੱਖ ਰੁਪਏ ਦਾ ਤੇਲ ਉਧਾਰ ਪਵਾਇਆ ਗਿਆ ਹੈ। ਤੇਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਵੱਲ ਪਹਿਲਾਂ ਹੀ ਤਕਰੀਬਨ ਇੱਕ ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਹੁਣ ਕਬੱਡੀ ਕੱਪ ਕਰਕੇ ਪੁਲੀਸ ਨੇ ਚਾਰ ਲੱਖ ਰੁਪਏ ਦਾ ਹੋਰ ਤੇਲ ਉਧਾਰ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਬਾਹਰੋਂ ਆਈਆਂ ਗੱਡੀਆਂ ਲਈ ਵੀ ਉਧਾਰ ਵਿੱਚ ਤੇਲ ਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਹਰੋਂ ਆਈ ਪੁਲੀਸ ਲਈ ਰੋਟੀ ਪਾਣੀ ਵਾਸਤੇ ਵੀ ਜ਼ਿਲ੍ਹਾ ਪੁਲੀਸ ਕੋਲ ਫੰਡ ਨਹੀਂ ਹੈ। ਪੁਲੀਸ ਲਾਈਨ ਵਿੱਚ ਇੱਕ ਮੈਸ ਚਲਾਈ ਗਈ ਹੈ। ਕੁਝ ਦਿਨਾਂ ਤੋਂ ਡੇਰਾ ਵਿਵਾਦ ਕਰਕੇ ਤਾਇਨਾਤ ਪੁਲੀਸ ਵੀ ਗੁਰੂ ਘਰਾਂ 'ਚੋਂ ਪ੍ਰਸ਼ਾਦੇ ਛੱਕ ਰਹੀ ਹੈ। ਬਾਕੀ ਪੁਲੀਸ ਨੂੰ ਵਗਾਰ ਵਿੱਚ ਹੀ ਰੋਟੀ ਪਾਣੀ ਛਕਾਇਆ ਜਾ ਰਿਹਾ ਹੈ। ਬਾਹਰੋਂ ਆਏ ਪੁਲੀਸ ਅਫ਼ਸਰਾਂ ਲਈ ਤਾਂ ਹੋਟਲਾਂ ਵਿੱਚ ਕਮਰੇ ਬੁੱਕ ਕਰਾਏ ਗਏ ਹਨ। ਮੁਲਾਜ਼ਮਾਂ ਲਈ ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।
            ਇਥੇ ਪੁਲੀਸ ਲਾਈਨ ਵਿੱਚ ਅੱਜ ਸਵੇਰੇ ਹੀ ਬਾਹਰੋਂ ਪੁਲੀਸ ਪੁੱਜਣੀ ਸ਼ੁਰੂ ਹੋ ਗਈ ਸੀ। ਮਹਿਲਾ ਪੁਲੀਸ ਤੋਂ ਇਲਾਵਾ ਸਾਦੇ ਕੱਪੜਿਆਂ ਵਿੱਚ ਵੀ ਪੁਲੀਸ ਤਾਇਨਾਤ ਕੀਤੀ ਜਾ ਰਹੀ ਹੈ। ਸੀ.ਆਰ.ਪੀ.ਐਫ. ਅਤੇ ਬੀ.ਐਸ.ਐਫ. ਦੀ ਇੱਕ ਇੱਕ ਕੰਪਨੀ ਵੀ ਬਠਿੰਡਾ ਤਾਇਨਾਤ ਕੀਤੀ ਗਈ ਹੈ। ਵਿਸ਼ਵ ਕਬੱਡੀ ਕੱਪ ਅਤੇ ਡੇਰਾ ਵਿਵਾਦ ਕਾਰਨ ਪੁਲੀਸ ਨੂੰ ਇੱਕੋਂ ਸਮੇਂ ਦੋਵੇਂ ਪਾਸੇ ਧਿਆਨ ਦੇਣਾ ਪੈ ਰਿਹਾ ਹੈ। ਦੂਜੇ ਵਿਸ਼ਵ ਕੱਪ ਸਮੇਂ ਸਿਰਫ਼ ਸਟੇਡੀਅਮ ਦੇ ਆਸ ਪਾਸ ਹੀ ਪੁਲੀਸ ਦਾ ਪਹਿਰਾ ਸੀ। ਜ਼ਿਲ੍ਹਾ ਪੁਲੀਸ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਕਿਉਂਕਿ ਬੇਰੁਜ਼ਗਾਰ ਅਤੇ ਮੁਲਾਜ਼ਮ ਧਿਰਾਂ ਵੀ ਅੰਦਰੋਂ ਅੰਦਰੀਂ ਕਾਫ਼ੀ ਸਰਗਰਮ ਹਨ। ਉਪਰੋਂ ਸਿਰਸਾ ਕਾਂਡ ਵੀ ਹਾਲੇ ਠੰਢਾ ਨਹੀਂ ਹੋਇਆ ਹੈ। ਆਮ ਲੋਕ ਹੈਰਾਨ ਹਨ ਕਿ ਐਨੀ ਪੁਲੀਸ ਕਿਉਂ ਤਾਇਨਾਤ ਕੀਤੀ ਜਾ ਰਹੀ ਹੈ। ਬਠਿੰਡਾ ਪੁਲੀਸ ਦੇ ਐਸ.ਪੀ. (ਐਚ) ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਭਰ ਤੋਂ ਤਕਰੀਬਨ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਪੁੱਜ ਗਏ ਹਨ ਅਤੇ ਕੁਝ ਪੁਲੀਸ ਪਹਿਲੀ ਦਸੰਬਰ ਨੂੰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹਾਂ ਕਰਕੇ ਲੋੜ ਅਨੁਸਾਰ ਪੁਲੀਸ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਤੇਲ ਪੰਪਾਂ ਤੋਂ ਉਧਾਰਾਂ ਤੇਲ ਪਵਾਇਆ ਜਾ ਰਿਹਾ ਹੈ ਕਿਉਂਕਿ ਬਜਟ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੇ ਰੋਟੀ ਪਾਣੀ ਲਈ ਥਾਣਿਆਂ ਦੀ ਡਿਊਟੀ ਲਾਈ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਜ਼ੋਨ ਦੇ ਆਈ.ਜੀ. ਨਿਰਮਲ ਸਿੰਘ ਢਿੱਲੋਂ, ਡੀ.ਆਈ.ਜੀ. ਪ੍ਰਮੋਦ ਬਾਨ ਅਤੇ ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਸੁਰੱਖਿਆ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ।
                                                 ਹਾਕਮ ਧਿਰ ਦੇ ਪ੍ਰਾਹੁਣਿਆਂ ਲਈ ਵਿਸ਼ੇਸ਼ ਪ੍ਰਬੰਧ
ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੀ ਸਰਕਾਰੀ ਮਸ਼ੀਨਰੀ ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਦੀ ਤਿਆਰੀ 'ਤੇ ਲਗਾ ਦਿੱਤੀ ਹੈ ਜਿਸ ਕਾਰਨ ਬਾਕੀ ਸਰਕਾਰੀ ਕਾਰਜਾਂ ਨੂੰ ਬਰੇਕ ਲੱਗ ਗਈ ਹੈ। ਉਦਘਾਟਨੀ ਸਮਾਰੋਹਾਂ ਦੀ ਤਿਆਰੀ ਲਈ ਇੱਕ ਦਰਜਨ ਕਮੇਟੀਆਂ ਬਣਾਈਆਂ ਹਨ ਜਿਨ੍ਹਾਂ ਵਿੱਚ 60 ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਦੀ ਮਦਦ ਲਈ ਤਕਰੀਬਨ 100 ਮੁਲਾਜ਼ਮ ਹੋਰ ਕੰਮ ਕਰ ਰਹੇ ਹਨ। ਅੱਜ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੋਈ ਕੰਮ ਨਹੀਂ ਹੋਇਆ। ਆਮ ਲੋਕਾਂ ਨੂੰ ਦਫ਼ਤਰਾਂ ਵਿੱਚ ਖਾਲੀ ਕੁਰਸੀਆਂ ਹੀ ਮਿਲੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਤਾਂ ਆਪਣੇ ਦਫ਼ਤਰ ਦੇ ਬਾਹਰ ਨੋਟਿਸ ਹੀ ਲਗਾ ਦਿੱਤਾ ਹੈ ਕਿ ਅਸਲੇ ਸਬੰਧੀ ਕੰਮਕਾਰ ਵਾਲੇ 4 ਦਸੰਬਰ ਤੋਂ ਬਾਅਦ ਹੀ ਮਿਲਣ।
            ਉਦਘਾਟਨੀ ਸਮਾਰੋਹ ਵਿੱਚ ਹਾਕਮ ਧਿਰ ਦੇ ਪ੍ਰਾਹੁਣਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਵੀ.ਵੀ.ਆਈ.ਪੀ. ਗੈਲਰੀ ਵਿੱਚ ਇੱਕ ਹਜ਼ਾਰ ਕੁਰਸੀ ਦਾ ਪ੍ਰਬੰਧ ਹੈ ਅਤੇ ਵੀ.ਆਈ.ਪੀ. ਗੈਲਰੀ ਵਿੱਚ ਚਾਰ ਹਜ਼ਾਰ ਕੁਰਸੀਆਂ ਹਨ। ਤਕਰੀਬਨ ਪੰਜ ਹਜ਼ਾਰ ਤਾਂ ਵੀ.ਆਈ.ਪੀ. ਹੀ ਹੋਣਗੇ ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਪੁਲੀਸ ਮੁਲਾਜ਼ਮ ਹੋਣਗੇ। ਵੀ.ਵੀ.ਆਈ.ਪੀ. ਅਤੇ ਵੀ.ਆਈ.ਪੀ. ਪਾਸ ਐਤਕੀਂ ਸਿਰਫ਼ ਦੋ ਤਿੰਨ ਸਿਆਸੀ ਆਗੂਆਂ ਵੱਲੋਂ ਹੀ ਵੰਡੇ ਜਾ ਰਹੇ ਹਨ। ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਖਾਲੀ ਹਨ। ਸੂਤਰਾਂ ਅਨੁਸਾਰ ਸਿਰਫ਼ ਹਾਕਮ ਧਿਰ ਨਾਲ ਸਬੰਧਿਤ ਨੇੜਲੇ ਲੋਕਾਂ ਨੂੰ ਹੀ ਪਾਸ ਵੰਡੇ ਜਾ ਰਹੇ ਹਨ। ਸੂਚਨਾ ਅਨੁਸਾਰ ਹਲਕਾ ਜਲਾਲਾਬਾਦ 'ਚੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਤਿੰਨ ਸੌ ਮਹਿਮਾਨ ਉਦਘਾਟਨੀ ਸਮਾਰੋਹ ਵਿੱਚ ਪੁੱਜ ਰਹੇ ਹਨ ਜਿਨ੍ਹਾਂ ਨੂੰ ਲਿਆਉਣ ਲਈ ਪ੍ਰਸ਼ਾਸਨ ਨੇ ਬੱਸਾਂ ਦਾ ਪ੍ਰਬੰਧ ਕੀਤਾ ਹੈ। ਵੀ.ਆਈ.ਪੀ. ਗੈਲਰੀ ਵਿੱਚ ਇਨ੍ਹਾਂ ਮਹਿਮਾਨਾਂ ਦੀ ਖ਼ਾਤਰਦਾਰੀ ਲਈ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲੱਗੇਗੀ। ਇਸੇ ਤਰ੍ਹਾਂ ਪਿੰਡ ਬਾਦਲ ਅਤੇ ਕਾਲਝਰਾਨੀ ਤੋਂ ਪੰਜ ਸੌ ਮਹਿਮਾਨ ਪੁੱਜ ਰਹੇ ਹਨ ਜਿਨ੍ਹਾਂ ਲਈ ਬਕਾਇਦਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ 'ਚ ਬਕਾਇਦਾ ਇਹ ਹਦਾਇਤਾਂ ਦਰਜ ਹਨ।
           ਉਦਘਾਟਨੀ ਸਮਾਰੋਹਾਂ ਵਿੱਚ ਪੁੱਜਣ ਵਾਲੇ ਆਮ ਲੋਕਾਂ ਨੂੰ ਤਾਂ ਪਹਿਲਾਂ ਦੀ ਤਰ੍ਹਾਂ ਧਰਤੀ 'ਤੇ ਬੈਠ ਕੇ ਹੀ ਸਬਰ ਕਰਨਾ ਪਵੇਗਾ। ਵੀ.ਆਈ.ਪੀ. ਲੋਕਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਟੇਡੀਅਮ ਵਿੱਚ ਪੰਜ ਹਜ਼ਾਰ ਕੁਰਸੀ ਲਗਾਈ ਜਾ ਰਹੀ ਹੈ ਅਤੇ ਮੁੱਖ ਸਟੇਜ 'ਤੇ ਦੋ ਦਰਜਨ ਸੋਫੇ ਲਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਫਰੀਦਕੋਟ, ਮਾਨਸਾ, ਸੰਗਰੂਰ ਅਤੇ ਬਰਨਾਲਾ ਤੋਂ 20 ਅੰਬੈਸਡਰ ਗੱਡੀਆਂ ਵੀ ਉਧਾਰੀਆਂ ਲੈ ਲਈਆਂ ਹਨ। ਫ਼ੌਜ ਤੋਂ ਆਰਮੀ ਬੈਂਡ ਲਿਆ ਜਾ ਰਿਹਾ ਹੈ। ਸ਼ਹਿਰ ਦੇ ਸੈਪਲ ਹੋਟਲ ਵਿੱਚ 32 ਕਮਰੇ, ਹੋਟਲ ਕੰਫਟ ਇੰਨ ਵਿੱਚ 16 ਅਤੇ ਕ੍ਰਿਸ਼ਨਾ ਕੰਟੀਨੈਂਟਲ ਵਿੱਚ 16 ਕਮਰੇ ਬੁੱਕ ਕਰਾਏ ਗਏ ਹਨ। ਸਰਕਾਰੀ ਗੈਸਟ ਹਾਊਸ ਤਾਂ ਸਾਰੇ ਹੀ ਬੁੱਕ ਕੀਤੇ ਹੋਏ ਹਨ। ਸਿੱਖਿਆ ਮੰਤਰੀ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਹਾਜ਼ਰ ਸਨ। ਜਾਣਕਾਰੀ ਅਨੁਸਾਰ ਉਦਘਾਟਨੀ ਸਮਾਰੋਹਾਂ ਵਿੱਚ ਅਕਸ਼ੈ ਕੁਮਾਰ ਕਰੀਬ 7 ਵਜੇ ਪ੍ਰੋਗਰਾਮ ਪੇਸ਼ ਕਰਨਗੇ। ਉਸ ਤੋਂ ਪਹਿਲਾਂ ਲੇਜ਼ਰ ਸ਼ੋਅ ਹੋਵੇਗਾ। ਇਨ੍ਹਾਂ ਸਮਾਰੋਹਾਂ ਵਿੱਚ 1200 ਦੇ ਕਰੀਬ ਸਕੂਲੀ ਬੱਚੇ ਅਤੇ ਐਨ.ਸੀ.ਸੀ. ਕੈਡਿਟ ਸ਼ਾਮਲ ਹੋਣਗੇ। ਅੱਜ ਦੇਰ ਸ਼ਾਮ ਤੱਕ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹਾਂ ਲਈ ਸਟੇਜ ਸਜ ਗਈ ਸੀ ਅਤੇ ਭਲਕੇ ਰਿਹਰਸਲ ਹੋਵੇਗੀ।

Sunday, February 5, 2012

                                                ਡੇਰਾ ਮੁਖੀ ਦੇ ਕੇਸ ਦਾ ਯੂ ਟਰਨ
                             ਚਰਨਜੀਤ ਭੁੱਲਰ
ਬਠਿੰਡਾ : ਡੇਰਾ ਮੁਖੀ ਖਿਲਾਫ ਦਰਜ ਪੁਲੀਸ ਕੇਸ ਕੈਂਸਲ ਕਰਨ ਦੇ ਮਾਮਲੇ ਨੇ ਵੋਟਾਂ ਪੈਣ ਮਗਰੋਂ ਯੂ ਟਰਨ ਲੈ ਲਿਆ ਹੈ।  ਇਹ ਮਾਮਲਾ ਉਦੋਂ ਨਵਾਂ ਰੁਖ਼ ਅਖਤਿਆਰ ਕਰ ਗਿਆ ਜਦੋਂ ਸ਼ਿਕਾਇਤਕਰਤਾ ਸਥਾਨਕ  ਅਦਾਲਤ ਵਿੱਚ ਪੁਲੀਸ ਵੱਲੋਂ ਦਾਇਰ ਆਪਣੇ  ਹਲਫੀਆ ਬਿਆਨ ਤੋਂ ਮੁਕਰ ਗਿਆ ਹੈ ਅਤੇ ਪਹਿਲੇ ਬਿਆਨ ਤੇ ਕਾਇਮ ਰਿਹਾ ।ਬਠਿੰਡਾ ਪੁਲੀਸ ਨੇ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ 27 ਜਨਵਰੀ ਨੂੰ ਜ਼ਿਲ੍ਹਾ ਅਦਾਲਤ ਬਠਿੰਡਾ ਵਿੱਚ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਦਰਜ ਪੁਲੀਸ ਕੇਸ ਨੂੰ ਰੱਦ ਕਰਨ ਲਈ ਅਰਜ਼ੀ ਦਾਇਰ ਕੀਤੀ ਸੀ। ਪੁਲੀਸ ਨੇ ਕੇਸ ਰੱਦ ਕੀਤੇ ਜਾਣ ਦਾ ਆਧਾਰ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੇ ਮੁਦਈ ਰਜਿੰਦਰ ਸਿੰਘ ਸਿੱਧੂ ਵੱਲੋਂ ਦਿੱਤੇ ਹਲਫ਼ੀਆ ਬਿਆਨ ਨੂੰ ਬਣਾਇਆ ਹੈ।ਪੁਲੀਸ ਵੱਲੋਂ ਅਦਾਲਤ ਵਿੱਚ ਮੁਦਈ ਦਾ ਜੋ ਹਲਫ਼ੀਆ ਬਿਆਨ ਪੇਸ਼ ਕੀਤਾ ਗਿਆ ਹੈ, ਉਸ ਵਿੱਚ ਮੁਦਈ ਨੇ ਆਖਿਆ ਹੈ ਕਿ ਉਸ ਨੇ ਡੇਰਾ ਮੁਖੀ ਨੂੰ ਡੇਰਾ ਸਲਾਬਤਪੁਰਾ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਵਾਂਗ ਉਤਾਰਦੇ ਨਹੀਂ ਦੇਖਿਆ ਅਤੇ ਨਾ ਹੀ ਖੁਦ ਕੋਈ ਭਾਸ਼ਣ ਸੁਣਿਆ ਹੈ। ਮੁਦਈ ਨੇ ਆਖਿਆ ਹੈ ਕਿ ਉਸ ਨੇ ਤਾਂ ਸਿਰਫ ਅਖ਼ਬਾਰਾਂ ਵਿੱਚ ਹੀ ਸਭ ਕੁਝ ਪੜ੍ਹਿਆ ਸੀ ਅਤੇ ਗਲਤਫਹਿਮੀ ਵਿੱਚ ਸਭ ਕੁਝ ਹੋ ਗਿਆ। ਕੋਤਵਾਲੀ ਪੁਲੀਸ ਨੇ ਇਸ ਆਧਾਰ 'ਤੇ ਪੁਲੀਸ ਕੇਸ ਰੱਦ ਕੀਤੇ ਜਾਣ ਦੀ ਅਰਜ਼ੀ ਦਾਇਰ ਕੀਤੀ ਸੀ।
            ਚੀਫ ਜੁਡੀਸ਼ਲ ਮੈਜਿਸਟਰੇਟ  ਹਰਜੀਤ ਸਿੰਘ ਦੀ ਅਦਾਲਤ ਨੇ ਅੱਜ ਇਸ ਮਾਮਲੇ ਦੀ ਸੁਣਵਾਈ 11 ਫਰਵਰੀ 'ਤੇ ਪਾ ਦਿੱਤੀ ਹੈ।ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਦੇ ਮੁਦਈ ਰਜਿੰਦਰ ਸਿੰਘ ਸਿੱਧੂ ਨੇ ਅੱਜ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਕਿ ਉਹ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਨਾਲ ਸਹਿਮਤ ਨਹੀਂ ਹੈ ਅਤੇ ਡੇਰਾ ਮੁਖੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਕੇਸ ਦਾ ਜਲਦੀ ਚਲਾਨ ਪੇਸ਼ ਹੋਣਾ ਚਾਹੀਦਾ ਹੈ। ਤਫਤੀਸ਼ੀ ਅਫਸਰ ਜਗਦੀਸ਼ ਲਾਲ ਵੀ ਅੱਜ ਅਦਾਲਤ ਵਿੱਚ ਪੇਸ਼ ਹੋਏ। ਮੁਦਈ ਵੱਲੋਂ ਇਕਦਮ ਪਾਲਾ ਬਦਲਣ ਤੋਂ ਬਾਅਦ ਹੁਣ ਡੇਰਾ ਮੁਖੀ ਖ਼ਿਲਾਫ਼ ਚੱਲ ਰਿਹਾ ਕੇਸ ਰੱਦ ਕਰਨ ਦਾ ਮਾਮਲਾ ਖਟਾਈ ਵਿੱਚ ਪੈ ਗਿਆ ਹੈ।ਮੁਦਈ ਰਜਿੰਦਰ ਸਿੰਘ ਸਿੱਧੂ ਅੱਜ ਮੀਡੀਆ ਕੋਲ ਇਸ ਗੱਲੋਂ ਮੁਕਰ ਗਿਆ ਕਿ ਉਸ ਨੇ ਬਠਿੰਡਾ ਪੁਲੀਸ ਨੂੰ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਲਈ ਕੋਈ ਹਲਫ਼ੀਆ ਬਿਆਨ ਦਿੱਤਾ ਹੈ। ਮੁਦਈ ਦੇ ਵਕੀਲ ਜਤਿੰਦਰ ਰਾਏ ਖੱਟੜ ਨੇ ਦਾਅਵਾ ਕੀਤਾ ਕਿ ਜੋ ਹਲਫ਼ੀਆ ਬਿਆਨ ਅਦਾਲਤ ਵਿੱਚ ਪੁਲੀਸ ਨੇ ਪੇਸ਼ ਕੀਤਾ ਹੈ, ਉਹ ਤਸਦੀਕਸ਼ੁਦਾ ਨਹੀਂ ਹੈ। ਮੁਦਈ ਨੇ ਆਖਿਆ ਕਿ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਉਸ ਤੋਂ ਕਈ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਾਏ ਸਨ।
            ਇਕੱਤਰ ਵੇਰਵਿਆਂ ਅਨੁਸਾਰ ਰਜਿੰਦਰ ਸਿੰਘ ਸਿੱਧੂ ਨੇ 20 ਜਨਵਰੀ, 2012 ਨੂੰ ਅਸਟਾਮ ਫਰੋਸ਼ ਜਿਸ ਦਾ ਲਾਇਸੈਂਸ ਨੰਬਰ 14/99 ਹੈ, ਤੋਂ ਨੰਬਰ 4344 ਤਹਿਤ ਅਸ਼ਟਾਮ ਖਰੀਦਿਆ। ਰਜਿੰਦਰ ਸਿੱਧੂ ਨੇ ਅਸ਼ਟਾਮ ਲੈਣ ਮੋਕੇ ਬਕਾਇਦਾ ਅਸ਼ਟਾਮ ਫਰੋਸ਼ ਦੇ ਰਜਿਸਟਰ ਵਿੱਚ ਦਸਤਖਤ ਕੀਤੇ ਹਨ। ਟਾਈਪ ਕੀਤੇ ਹਲਫੀਆਂ ਬਿਆਨ ਨੂੰ ਨੋਟਰੀ ਰਾਜੀਵ ਕੁਮਾਰ ਵੱਲੋਂ ਤਸਦੀਕ ਕੀਤਾ ਗਿਆ ਹੈ। ਨੋਟਰੀ ਦੇ ਰਜਿਸਟਰ ਵਿੱਚ ਨੰਬਰ 544 ਮਿਤੀ 20 ਜਨਵਰੀ 2012 ਤਹਿਤ ਹਲਫੀਆ ਬਿਆਨ ਦਰਜ ਹੈ। ਮੁਦਈ ਵੱਲੋਂ ਇੱਕੋ ਦਿਨ ਵਿੱਚ ਸਭ ਕੁਝ ਕੀਤਾ ਗਿਆ ਕਿਉਂਕਿ ਸਰਕਾਰ ਵੱਲੋਂ ਵੋਟਾਂ ਪੈਣ ਤੋਂ ਪਹਿਲਾਂ ਕੇਸ ਰੱਦ ਕੀਤੇ ਜਾਣ ਦੀ ਕਾਰਵਾਈ ਕੀਤੀ ਜਾਣੀ ਸੀ। ਮੁਦਈ ਰਜਿੰਦਰ ਸਿੰਘ ਸਿੱਧੂ ਵੱਲੋਂ 20 ਜਨਵਰੀ 2012 ਨੂੰ ਤਫਤੀਸ਼ੀ ਅਫਸਰ ਨੂੰ ਹਲਫੀਆ ਬਿਆਨ ਦਿੱਤਾ ਗਿਆ। ਤਫਤੀਸ਼ੀ ਅਫਸਰ ਵੱਲੋਂ ਬਕਾਇਦਾ ਹਲਫੀਆ ਬਿਆਨ ਦਿੱਤੇ ਜਾਣ ਦਾ ਅੰਦਰਾਜ ਮਿਸਲ ਵਿੱਚ ਪਾਇਅ ਗਿਆ ਹੈ। ਤਫਤੀਸ਼ੀ ਅਫਸਰ ਜਗਦੀਸ਼ ਲਾਲ ਦਾ ਕਹਿਣਾ ਸੀ ਕਿ ਮੁਦਈ ਵੱਲੋਂ ਦਿੱਤਾ ਤਸਦੀਕਸ਼ੁਦਾ ਹਲਫੀਆ ਬਿਆਨ ਹੀ ਉਨ੍ਹਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
           ਦੱਸਣਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਵੱਲੋਂ ਡੇਰਾ ਸਲਾਬਤਪੁਰਾ ਵਿਖੇ 29 ਅਪਰੈਲ 2007 ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਹਿਨ ਕੇ ਕਥਿਤ ਅੰਮ੍ਰਿਤ ਜਲ ਪਿਲਾਇਆ ਗਿਆ ਸੀ ਜਿਸ ਨੂੰ ਅਧਾਰ ਬਣਾ ਕੇ ਗੁਰੂਦੁਆਰਾ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਅਤੇ ਨਗਰ ਕੌਂਸਲਰ  ਰਜਿੰਦਰ ਸਿੰਘ ਸਿੱਧੂ ਨੇ 20 ਮਈ 2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਖੇ ਡੇਰਾ ਮੁਖੀ ਖਿਲਾਫ ਧਾਰਾ 295 ਏ ਤਹਿਤ (ਐਫ.ਆਈ.ਆਰ ਨੰਬਰ 262) ਪੁਲੀਸ ਕੇਸ ਦਰਜ ਕਰਾਇਆ ਸੀ। ਬਠਿੰਡਾ ਪੁਲੀਸ ਵੱਲੋਂ ਇਸ ਮਾਮਲੇ 'ਚ ਤਿੰਨ ਵਰ੍ਹੇ ਬੀਤ ਜਾਣ ਮਗਰੋਂ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ। ਪੁਲੀਸ ਵੱਲੋਂ 27 ਜਨਵਰੀ 2012 ਨੂੰ ਕੇਸ ਰੱਦ ਕਰਨ ਵਾਸਤੇ ਅਰਜ਼ੀ ਦੇਣ ਮਗਰੋਂ ਚੀਫ ਜੁਡੀਸ਼ਲ ਮੈਜਿਸਟਰੇਟ ਹਰਜੀਤ ਸਿੰਘ ਨੇ ਮੁਦਈ ਰਜਿੰਦਰ ਸਿੱਧੂ ਨੂੰ ਅੱਜ ਲਈ ਸੰਮਨ ਕੀਤਾ ਸੀ।  ਸੂਤਰਾਂ ਅਨੁਸਾਰ ਵੋਟਾਂ ਪੈਣ ਤੋਂ 10 ਦਿਨ ਪਹਿਲਾਂ ਹੀ ਅਕਾਲੀ ਸਰਕਾਰ ਨੇ ਡੇਰਾ ਸਿਰਸਾ ਦੀਆਂ ਵੋਟਾਂ ਲੈਣ ਖਾਤਰ ਡੇਰਾ ਮੁਖੀ ਖਿਲਾਫ ਦਰਜ ਕੇਸ ਰੱਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਸਰਕਾਰ ਵੱਲੋਂ ਦਬਾਓ ਪਾ ਕੇ ਮੁਦਈ ਤੋਂ ਹਲਫੀਆ ਬਿਆਨ ਇੱਕੋ ਦਿਨ ਵਿੱਚ ਦਿਵਾਇਆ ਗਿਆ। 27 ਜਨਵਰੀ ਨੂੰ ਪਰਚਾ ਖਾਰਜ ਕਰਨ ਦੀ ਅਰਜ਼ੀ ਅਦਾਲਤ ਵਿੱਚ ਦਾਇਰ ਕਰ ਦਿੱਤੀ ਗਈ ਸੀ।
          ਡੇਰਾ ਸਿਰਸਾ ਵੱਲੋਂ 28 ਜਨਵਰੀ ਨੂੰ ਹੀ ਵੋਟਾਂ ਲਈ ਸਿਆਸੀ ਹਮਾਇਤ ਦਾ ਗੁਪਤ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਸੀ। ਸੂਤਰ ਆਖਦੇ ਹਨ ਕਿ ਇਸ ਗੁਪਤ ਹਮਾਇਤ ਤੋਂ ਹੀ ਅਕਾਲੀ ਦਲ ਖਫ਼ਾ ਹੈ ਜਿਸ ਦੇ ਨਤੀਜੇ ਵਜੋਂ ਵੋਟਾਂ ਮਗਰੋਂ ਹੁਣ ਮੁਦਈ ਨੇ ਪਾਲਾ ਬਦਲ ਲਿਆ ਹੈ ਅਤੇ ਉਹ ਕੇਸ ਚਲਾਉਣ ਦੇ ਹੱਕ ਵਿੱਚ ਖੜ੍ਹ ਗਿਆ ਹੈ। ਮੁਦਈ ਰਜਿੰਦਰ ਸਿੱਧੂ ਦਾ ਕਹਿਣਾ ਸੀ ਕਿ ਉਸ 'ਤੇ ਕਿਸੇ ਨੇ ਕੋਈ ਦਬਾਅ ਨਹੀਂ ਪਾਇਆ ਹੈ ਅਤੇ ਉਸ ਨੇ ਨਾ ਹੀ ਕੋਈ ਹਲਫੀਆ ਬਿਆਨ ਦਿੱਤਾ ਹੈ।  ਬਠਿੰਡਾ 'ਚ ਕੇਸ ਦਰਜ ਹੋਣ ਮਗਰੋਂ ਡੇਰਾ ਮੁਖੀ ਹਾਈਕੋਰਟ ਚਲਾ ਗਿਆ ਸੀ। ਹਾਈਕੋਰਟ ਨੇ ਡੇਰਾਮੁਖੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਅਤੇ ਮਗਰੋਂ ਉਸ ਨੂੰ ਅਗਾਊ ਜ਼ਮਾਨਤ ਦੇ ਦਿੱਤੀ ਸੀ। ਉਸ ਤੋਂ ਪਹਿਲਾਂ ਬਠਿੰਡਾ ਅਦਾਲਤ ਨੇ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਸਨ। ਉਸ ਮਗਰੋਂ ਕੋਤਵਾਲੀ ਪੁਲੀਸ ਵਾਰ ਵਾਰ ਡੇਰਾ ਸਿਰਸਾ ਜਾ ਕੇ ਮਾਮਲੇ ਦੀ ਪੜਤਾਲ ਕਰਦੀ ਰਹੀ। ਮੁਦਈ ਰਜਿੰਦਰ ਸਿੰਘ ਸਿੱਧੂ ਨੇ 28 ਮਈ 2011 ਨੂੰ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਇਸ ਕੇਸ ਵਿੱਚ ਚਲਾਨ ਪੇਸ਼ ਕੀਤਾ ਜਾਵੇ ਪਰ ਅਦਾਲਤ ਵਿੱਚ ਪੁਲੀਸ ਵਾਰ ਵਾਰ ਇਹੋ ਆਖਦੀ ਰਹੀ ਕਿ ਪੜਤਾਲ ਚੱਲ ਰਹੀ ਹੈ। ਇਸ ਦੌਰਾਨ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਸਿੰਘ ਨੇ ਬਠਿੰਡਾ 'ਚ ਕੇ.ਕੇ.ਸਿੰਗਲਾ ਦੀ ਅਦਾਲਤ ਵਿੱਚ 28 ਮਈ 2011 ਨੂੰ  ਫੌਜਦਾਰੀ ਸ਼ਿਕਾਇਤ ਦਾਇਰ ਕਰਕੇ ਡੇਰਾ ਮੁਖੀ ਖਿਲਾਫ ਕੇਸ ਚਲਾਉਣ ਦੀ ਮੰਗ ਕੀਤੀ ਸੀ।
             ਡੇਰਾ ਸਿਰਸਾ ਦੇ ਮੁਖੀ ਖਿਲਾਫ ਬਠਿੰਡਾ ਵਿਖੇ ਦਰਜ ਕੇਸ ਨੂੰ ਵਾਪਸ ਲੈਣ ਸਬੰਧੀ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਬਾਰੇ ਅੱਜ ਧਾਰਮਿਕ ਆਗੂਆਂ ਨੇ ਵਧੇਰੇ ਕੁਝ ਕਹਿਣ ਤੋਂ ਸੰਕੋਚ ਕੀਤਾ ਹੈ।  ਇਸ ਸਬੰਧ ਵਿਚ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਅੱਜ ਹੀ ਵਿਦੇਸ਼ ਦੌਰੇ ਤੋਂ ਪਰਤੇ ਹਨ ਅਤੇ ਉਨ੍ਹਾਂ ਨੂੰ ਇਸ ਕੇਸ ਦੇ ਵਾਪਸ ਲੈਣ ਸਬੰਧੀ ਖ਼ਬਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਉਨ੍ਹਾਂ ਕਿਹਾ ਕਿ ਜੇਕਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੈ ਤਾਂ ਇਸ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ। ਕੇਸ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਬਾਰੇ ਸਾਰੀ ਸਥਿਤੀ ਨੂੰ ਦੇਖਣ ਉਪਰੰਤ ਹੀ ਆਪਣਾ ਪ੍ਰਤੀਕਰਮ ਦੇਣਗੇ।   ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਜੋ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਹਨ, ਨੇ ਵੀ ਇਸ ਸਬੰਧੀ ਖ਼ਬਰ ਬਾਰੇ ਅਗਿਆਨਤਾ ਪ੍ਰਗਟਾਈ ਪਰ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਇਥੇ ਆਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਮਾਮਲੇ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਹੈ।
                                                 ਨੰਦਗੜ੍ਹ ਨੇ ਮੁੜ ਡੇਰੇ ਖਿਲਾਫ ਝੰਡਾ ਚੁੱਕਿਆ
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਡੇਰਾ ਸਿਰਸਾ ਖ਼ਿਲਾਫ਼ ਮੁੜ ਬਿਗਲ ਵਜਾ ਦਿੱਤਾ ਹੈ। ਜਥੇਦਾਰ ਨੰਦਗੜ੍ਹ ਨੇ ਭਲਕੇ 5 ਫਰਵਰੀ ਨੂੰ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਵਿਖੇ ਮੀਟਿੰਗ ਸੱਦੀ ਹੈ, ਜਿਸ ਵਿੱਚ ਡੇਰੇ ਖ਼ਿਲਾਫ਼ ਨਵੀਂ ਰਣਨੀਤੀ ਦਾ ਐਲਾਨ ਕੀਤਾ ਜਾਣਾ ਹੈ। ਜਥੇਦਾਰ ਨੰਦਗੜ੍ਹ ਵੱਲੋਂ ਬੈਠਕ ਲਈ ਏਕਨੂਰ ਖ਼ਾਲਸਾ ਫ਼ੌਜ ਦੇ ਜ਼ਿਲ੍ਹਾ ਜਥੇਦਾਰਾਂ ਨੂੰ ਸੱਦਿਆ ਗਿਆ ਹੈ। ਇਸ ਮੀਟਿੰਗ ਵਿੱਚ ਏਕਨੂਰ ਖ਼ਾਲਸਾ ਫ਼ੌਜ ਦੇ ਕੰਮਾਂ ਦਾ ਵਿਸਥਾਰ ਕੀਤਾ ਜਾਣਾ ਹੈ।ਜਥੇਦਾਰ ਨੰਦਗੜ੍ਹ ਨੇ ਅੱਜ ਦੱਸਿਆ ਕਿ ਸਿੱਖ ਤਾਕਤ ਦਿਖਾਉਣ ਲਈ ਉਹ ਨਵੇਂ ਸਿਰੇ ਤੋਂ ਡੇਰਾ ਸਿਰਸਾ ਖ਼ਿਲਾਫ਼ ਭਲਕੇ ਮੁਹਿੰਮ ਵਿੱਢ ਰਹੇ ਹਨ ਤਾਂ ਜੋ ਸਿਆਸੀ ਲੋਕਾਂ ਅਤੇ ਆਮ ਲੋਕਾਂ 'ਚੋਂ ਡੇਰੇ ਦੀ ਸਿਆਸੀ ਤਾਕਤ ਦਾ ਭੁਲੇਖਾ ਦੂਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਡੇਰਾ ਵਿਵਾਦ ਹੋਣ ਮਗਰੋਂ ਜਥੇਦਾਰ ਨੰਦਗੜ੍ਹ ਨੇ ਹੀ ਡੇਰੇ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਛੇੜੀ ਸੀ।  ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਡੇਰਾ ਸਿਰਸਾ ਹੁਣ ਉਨ੍ਹਾਂ ਉਮੀਦਵਾਰਾਂ ਦੇ ਨਾਮ ਜੱਗ ਜ਼ਾਹਰ ਕਰੇ, ਜਿਨ੍ਹਾਂ ਨੂੰ ਡੇਰੇ ਨੇ ਸਿਆਸੀ ਹਮਾਇਤ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਦੀ ਇਹ ਯੋਜਨਾ ਰਹੀ ਹੈ ਕਿ ਚੋਣ ਨਤੀਜੇ ਆਉਣ ਮਗਰੋਂ ਡੇਰਾ ਸਿਰਸਾ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦਾ ਹੈ, ਜਦਕਿ ਅਜਿਹਾ ਨਹੀਂ ਹੁੰਦਾ ਹੈ। ਡੇਰਾ ਸਿਰਸਾ ਭੁਲੇਖੇ ਖੜ੍ਹੇ ਕਰਕੇ ਨਤੀਜਿਆਂ ਮਗਰੋਂ ਹੀ ਆਖਦਾ ਹੈ ਕਿ ਉਨ੍ਹਾਂ ਦੀ ਹਮਾਇਤ ਸਦਕਾ ਫਲਾਣੇ ਉਮੀਦਵਾਰਾਂ ਦੀ ਜਿੱਤ ਹੋਈ ਹੈ। ਉਨ੍ਹਾਂ ਆਖਿਆ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਡੇਰਾ ਸਿਰਸਾ ਉਮੀਦਵਾਰਾਂ ਦੇ ਨਾਮ ਜੱਗ ਜ਼ਾਹਰ ਕਰੇ, ਤਾਂ ਜੋ ਅਸਲੀਅਤ ਪਤਾ ਲੱਗ ਸਕੇ। ਉਨ੍ਹਾਂ ਆਖਿਆ ਕਿ ਹੁਣ ਤਾਂ ਸਿਆਸੀ ਨੇਤਾ ਵੀ ਆਪਣੀ ਛਵੀ ਬਚਾਉਣ ਖਾਤਰ ਡੇਰੇ ਦਾ ਨਾਮ ਲੈਂਦੇ ਹਨ। ਜੋ ਉਮੀਦਵਾਰ ਹਾਰ ਜਾਂਦਾ ਹੈ, ਉਹ ਆਖ ਦਿੰਦਾ ਹੈ ਕਿ ਡੇਰੇ ਨੇ ਹਰਾ ਦਿੱਤਾ ਅਤੇ ਜੋ ਜਿੱਤ ਜਾਂਦਾ ਹੈ, ਉਹ ਆਖਦਾ ਹੈ ਕਿ ਡੇਰੇ ਨੇ ਜਿਤਾ ਦਿੱਤਾ।
          ਉਨ੍ਹਾਂ ਆਖਿਆ ਕਿ ਸਿੱਖ ਕੌਮ ਦੀ ਵੋਟ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ ਜਾਂਦੀ ਹੈ, ਇਸ ਸਿੱਖ ਕੌਮ ਦੀ ਅਹਿਮੀਅਤ ਦੱਸਣ ਲਈ ਹੀ ਰਣਨੀਤੀ ਬਣਾਈ ਜਾਣੀ ਹੈ।  ਜਥੇਦਾਰ ਨੰਦਗੜ੍ਹ ਨੇ ਇਹ ਐਲਾਨ ਵੀ ਕੀਤਾ ਕਿ ਉਹ ਭਵਿੱਖ ਵਿੱਚ ਉਨ੍ਹਾਂ ਉਮੀਦਵਾਰਾਂ ਖ਼ਿਲਾਫ਼ ਡਟਣਗੇ, ਜਿਨ੍ਹਾਂ ਨੂੰ ਡੇਰਾ ਸਿਰਸਾ ਵੱਲੋਂ ਸਿਆਸੀ ਹਮਾਇਤ ਦਿੱਤੀ ਜਾਵੇਗੀ ਭਾਵੇਂ ਉਹ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ। ਉਨ੍ਹਾਂ ਆਖਿਆ ਕਿ ਸਿਆਸੀ ਨੇਤਾਵਾਂ ਨੇ ਡੇਰੇ ਦੇ ਚੱਕਰ ਕੱਢ ਕੇ ਡੇਰਾਵਾਦ ਨੂੰ ਹਵਾ ਦਿੱਤੀ ਹੈ, ਜਿਸ ਨਾਲ ਆਮ ਲੋਕ ਵੀ ਗੁੰਮਰਾਹ ਹੋ ਜਾਂਦੇ ਹਨ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਬਠਿੰਡਾ ਪੁਲੀਸ ਵੱਲੋਂ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਕਾਰਵਾਈ ਦੇ ਮਾਮਲੇ 'ਚ ਆਖਿਆ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪੁਲੀਸ ਡੇਰਾ ਮੁਖੀ ਖ਼ਿਲਾਫ਼ ਚਲਾਨ ਪੇਸ਼ ਕਰੇ ਅਤੇ ਕੇਸ ਚਲਾਵੇ। ਉਨ੍ਹਾਂ ਆਖਿਆ ਕਿ ਮੁਦਈ ਵੀ ਕੇਸ ਚਲਾਉਣ ਲਈ ਡਟ ਕੇ ਪਹਿਰਾ ਦੇਵੇ। ਸਿੱਖ ਪੰਥ ਮੁਦਈ ਦੇ ਨਾਲ ਖੜ੍ਹਾ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਵੋਟਾਂ ਖਾਤਰ ਹੀ ਪਰਚਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਹੋਈ ਹੋਵੇਗੀ।
                                                ਕੇਸ ਤਾਂ ਪਹਿਲਾਂ ਹੀ ਖਤਮ:ਡੇਰਾ ਸਿਰਸਾ
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਹੈ ਕਿ ਡੇਰਾ ਮੁਖੀ ਵਿਰੁੱਧ ਦਰਜ ਕੇਸ ਪਹਿਲਾਂ ਹੀ ਆਪਣੇ ਆਪ ਖਤਮ ਹੋ ਗਿਆ ਹੈ ਕਿਉਂਕਿ ਤਿੰਨ ਵਰ੍ਹਿਆਂ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਕਿ ਹੁਣ ਕੇਸ ਕੈਂਸਲ ਕਰਨ ਜਾਂ ਨਾ ਕਰਨ ਬਾਰੇ ਬਠਿੰਡਾ ਪ੍ਰਸ਼ਾਸਨ ਨੂੰ ਹੀ ਪਤਾ ਹੈ।

Wednesday, September 21, 2011

       ਭਗੌੜਿਆਂ ਨੂੰ ਫੜਨ ਵਾਲਾ ਖੁਦ ਭਗੌੜਾ
                                      ਚਰਨਜੀਤ ਭੁੱਲਰ
ਬਠਿੰਡਾ : ਭਗੌੜਿਆਂ ਨੂੰ ਫੜਨ ਵਾਲੇ ਪੁਲੀਸ ਇੰਸਪੈਕਟਰ ਨੂੰ ਖੁਦ ਭਗੌੜਾ ਕਰਾਰ ਦਿੱਤਾ ਹੋਇਆ ਹੈ। ਮਾਨਸਾ ਪੁਲੀਸ ਨੂੰ ਜਿਸ ਭਗੌੜੇ ਇੰਸਪੈਕਟਰ ਦੀ ਤਲਾਸ਼ ਹੈ,ਉਹ ਖੁਦ ਬਠਿੰਡਾ ਪੁਲੀਸ ਦੇ ਪੀ.ਓ. ਸਟਾਫ (ਭਗੌੜਿਆਂ ਨੂੰ ਫੜਨ ਵਾਲਾ ਸਟਾਫ) ਦਾ ਇੰਚਾਰਜ ਲੱਗਾ ਹੋਇਆ ਹੈ।  ਇਹ ਪੁਲੀਸ ਇੰਸਪੈਕਟਰ ਰੈਗੂਲਰ ਨੌਕਰੀ ਵੀ ਕਰ ਰਿਹਾ ਹੈ ਪਰ ਮਾਨਸਾ ਪੁਲੀਸ ਉਸ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬੁਢਲਾਡਾ ਵੱਲੋਂ ਇੱਕ ਇਸਤਗਾਸਾ ਕੇਸ ਵਿੱਚ ਗੁਲਜ਼ਾਰ ਸਿੰਘ ਪੁਲੀਸ ਇੰਸਪੈਕਟਰ ਨੂੰ 3 ਮਾਰਚ 2011 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਮਗਰੋਂ ਬਠਿੰਡਾ ਪੁਲੀਸ ਨੇ ਉਸ ਨੂੰ ਪੀ.ਓ. ਸਟਾਫ ਦਾ ਇੰਚਾਰਜ ਲਗਾ ਦਿੱਤਾ ਸੀ। ਅਦਾਲਤ ਵੱਲੋਂ ਥਾਣਾ ਬੋਹਾ ਨੂੰ ਵੀ ਇਸ ਦੀ ਸੂਚਨਾ ਭੇਜੀ ਗਈ ਸੀ। ਜ਼ਿਲ੍ਹਾ ਪੁਲੀਸ ਬਠਿੰਡਾ ਵੱਲੋਂ ਇੰਸਪੈਕਟਰ ਗੁਲਜ਼ਾਰ ਸਿੰਘ ਨੂੰ 18 ਜੁਲਾਈ ਨੂੰ ਪੀ.ਓ. ਸਟਾਫ ਦਾ ਇੰਚਾਰਜ ਲਗਾਇਆ ਗਿਆ ਸੀ। ਉਸ ਮਗਰੋਂ ਉਸ ਦੀ ਬਦਲੀ 28 ਜੁਲਾਈ ਨੂੰ ਮੁਕਤਸਰ ਦੀ ਹੋ ਗਈ ਸੀ ਅਤੇ ਉਸ ਨੂੰ 1 ਅਗਸਤ ਨੂੰ ਰਿਲੀਵ ਕਰ ਦਿੱਤਾ ਗਿਆ ਸੀ ਤੇ ਮੁੜ 30 ਅਗਸਤ ਨੂੰ ਉਸ ਨੇ ਬਠਿੰਡਾ ਜੁਆਇਨ ਕਰ ਲਿਆ ਸੀ ਅਤੇ ਉਹ ਪੀ.ਓ. ਸਟਾਫ ਦੇ ਇੰਚਾਰਜ ਦੇ ਤੌਰ 'ਤੇ ਕੰਮ ਕਰ ਰਿਹਾ ਹੈ।
          ਬੁਢਲਾਡਾ ਅਦਾਲਤ ਵੱਲੋਂ ਉਸ ਨੂੰ ਪਿੰਡ ਰਾਮਪੁਰ ਮੰਡੇਰ ਜ਼ਿਲ੍ਹਾ ਮਾਨਸਾ ਵੱਲੋਂ ਪਾਈ ਪ੍ਰਾਈਵੇਟ ਸ਼ਿਕਾਇਤ (ਇਸਤਗਾਸਾ) ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਜਦੋਂ ਉਹ ਅਦਾਲਤ ਵਿੱਚ ਸਮੇਂ ਸਿਰ ਪੇਸ਼ ਨਾ ਹੋਇਆ ਤਾਂ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਅਦਾਲਤ ਨੇ ਪੁਲੀਸ ਨੂੰ ਭਗੌੜੇ ਐਲਾਨੇ ਗੁਲਜ਼ਾਰ ਸਿੰਘ ਨੂੰ ਫੜ ਕੇ ਅਦਾਲਤ ਵਿੱਚ ਪੇਸ਼  ਕਰਨ ਦੇ ਹੁਕਮ ਦਿੱਤੇ ਸੀ ਪਰ ਪੁਲੀਸ ਵੱਲੋਂ ਇਸ ਪੀ.ਓ. ਨੂੰ ਫੜਨ ਲਈ ਕੁਝ ਨਹੀਂ ਕੀਤਾ। ਥਾਣਾ ਬੋਹਾ ਦੇ ਮੁੱਖ ਥਾਣਾ ਅਫਸਰ ਪ੍ਰਿਤਪਾਲ ਸਿੰਘ ਦਾ ਕਹਿਣਾ ਕਿ ਉਸ ਨੇ ਜੁਲਾਈ ਮਹੀਨੇ 'ਚ ਹੀ ਜੁਆਇਨ ਕੀਤਾ ਹੈ ਜਿਸ ਕਰਕੇ ਇਸ ਕੇਸ ਬਾਰੇ ਪਤਾ ਉਨ੍ਹਾਂ ਨੂੰ ਪਤਾ ਨਹੀਂ ਹੈ। ਜ਼ਿਲ੍ਹਾ ਮਾਨਸਾ ਦੇ ਐਸ.ਐਸ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਜ਼ਿਲ੍ਹੇ 'ਚ ਕਰੀਬ ਪੌਣੇ ਦੋ ਸੌ ਭਗੌੜੇ ਹਨ ਅਤੇ ਗੁਲਜ਼ਾਰ ਸਿੰਘ ਪੁਲੀਸ ਇੰਸਪੈਕਟਰ ਦੇ ਭਗੌੜੇ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
         ਲਿਖਤੀ ਰਿਕਾਰਡ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਮੰਡੇਰ ਦੇ ਬਜ਼ੁਰਗ ਰਾਮ ਚੰਦ ਸਿੰਘ ਨੇ ਗੁਲਜ਼ਾਰ ਸਿੰਘ ਪੁਲੀਸ ਇੰਸਪੈਕਟਰ, ਜੋ ਪਹਿਲਾਂ ਥਾਣਾ ਬੋਹਾ 'ਚ ਤਾਇਨਾਤ ਰਹੇ ਹਨ,ਖਿਲਾਫ 22 ਨਵੰਬਰ 2006 ਨੂੰ ਸ਼ਿਕਾਇਤ  ਨੰਬਰ 8 ਦਾਇਰ ਕੀਤੀ ਸੀ। ਅਦਾਲਤ ਵੱਲੋਂ 9 ਨਵੰਬਰ 2009 ਨੂੰ ਇਸ ਮਾਮਲੇ ਆਈ.ਪੀ.ਸੀ. ਦੀ ਧਾਰਾ 304, 342 ਤਹਿਤ ਗੁਲਜ਼ਾਰ ਸਿੰਘ ਨੂੰ ਸੰਮਨ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬਜ਼ੁਰਗ ਰਾਮ ਚੰਦ ਸਿੰਘ ਦਾ ਲੜਕਾ ਗੁਰਮੇਲ ਸਿੰਘ ਮਾਰਿਆ ਗਿਆ ਸੀ। ਉਸ ਵਕਤ ਦੇ ਏ.ਐਸ.ਆਈ ਗੁਲਜ਼ਾਰ ਸਿੰਘ, ਜੋ ਹੁਣ ਇੰਸਪੈਕਟਰ ਹਨ, ਨੇ 1993 ਨੂੰ ਐਫ.ਆਈ.ਆਰ. ਨੰਬਰ 12 ਦਰਜ ਕਰਾਈ ਸੀ ਜਿਸ 'ਚ ਗੁਰਮੇਲ ਸਿੰਘ ਦੇ ਪੁਲੀਸ ਮੁਕਾਬਲੇ 'ਚ ਮਾਰੇ ਜਾਣ ਦੀ ਗੱਲ ਆਖੀ ਗਈ ਸੀ। ਬਜ਼ੁਰਗ ਰਾਮ ਚੰਦ ਸਿੰਘ ਨੇ ਇਸ ਘਟਨਾ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਨੰਬਰ 814 ਆਫ 1995 ਦਾਇਰ ਕਰ ਦਿੱਤੀ ਸੀ। ਹਾਈ ਕੋਰਟ ਨੇ ਪੱਤਰ ਨੰਬਰ 50925 ਮਿਤੀ 22 ਸਤੰਬਰ 1996 ਅਤੇ ਪੱਤਰ ਨੰਬਰ 66767 ਮਿਤੀ 21 ਦਸੰਬਰ 1996 ਰਾਹੀਂ ਸੈਸ਼ਨ ਜੱਜ ਬਠਿੰਡਾ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਸੀ। ਸੈਸ਼ਨ ਜੱਜ ਬਠਿੰਡਾ ਵੱਲੋਂ ਮਾਮਲੇ ਦੀ ਪੜਤਾਲ ਰਿਪੋਰਟ 31  ਮਈ 1997 ਨੂੰ ਦੇ ਦਿੱਤੀ ਸੀ ਜਿਸ 'ਚ ਸਾਫ ਲਿਖਿਆ ਗਿਆ ਸੀ ਕਿ ਏ.ਐਸ.ਆਈ. ਗੁਲਜ਼ਾਰ ਸਿੰਘ ਨੇ ਗੁਰਮੇਲ ਸਿੰਘ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਸੀ। ਗੁਰਮੇਲ ਸਿੰਘ ਮੁਕਾਬਲੇ 'ਚ ਨਹੀਂ ਮਰਿਆ ਜਿਵੇਂ ਪੁਲੀਸ ਨੇ ਐਫ.ਆਈ.ਆਰ. ਨੰਬਰ 12 ਮਿਤੀ 16 ਮਾਰਚ 1993 ਵਿੱਚ ਆਖਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਪੜਤਾਲ ਰਿਪੋਰਟ ਦੇ ਆਧਾਰ 'ਤੇ 26 ਫਰਵਰੀ 2002 ਨੂੰ ਮਾਨਸਾ ਪੁਲੀਸ ਨੂੰ ਹੁਕਮ ਜਾਰੀ ਕਰ ਦਿੱਤੇ ਸਨ ਕਿ ਗੁਰਮੇਲ ਸਿੰਘ ਨੂੰ ਪੁਲੀਸ ਹਿਰਾਸਤ ਵਿੱਚ ਮਾਰਿਆ ਗਿਆ ਹੈ, ਜਿਸ ਕਰਕੇ ਮ੍ਰਿਤਕ ਗੁਰਮੇਲ ਸਿੰਘ ਦੇ ਬਾਪ ਰਾਮ ਚੰਦ ਸਿੰਘ ਨੂੰ ਇੱਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
          ਜ਼ਿਲ੍ਹਾ ਪੁਲੀਸ ਮਾਨਸਾ ਨੇ ਇਨ੍ਹਾਂ ਹੁਕਮਾਂ ਦੇ ਆਧਾਰ 'ਤੇ 9 ਅਕਤੂਬਰ 2002 ਨੂੰ ਐਫ.ਆਈ.ਆਰ. 97 ਤਹਿਤ ਏ.ਐਸ.ਆਈ. ਗੁਲਜ਼ਾਰ ਸਿੰਘ 'ਤੇ ਪੁਲੀਸ ਕੇਸ ਦਰਜ ਕਰ ਲਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਗਰੋਂ ਪੁਲੀਸ ਨੇ ਬੜੇ ਹੀ ਯੋਜਨਾਬੰਦ ਤਰੀਕੇ ਨਾਲ ਐਫ.ਆਈ. ਆਰ. ਕੈਂਸਲ ਕਰ ਦਿੱਤੀ। ਕੈਂਸਲੇਸ਼ਨ ਲਈ ਰਾਮ ਚੰਦ ਦਾ ਹਲਫੀਆ ਬਿਆਨ ਵੀ ਪੇਸ਼ ਕੀਤਾ ਗਿਆ। ਜਦੋਂ ਕੈਂਸਲੇਸ਼ਨ ਦਾ ਨੋਟਿਸ ਰਾਮ ਚੰਦ ਨੂੰ ਹੋਇਆ ਤਾਂ ੳਸ ਨੇ ਕੈਂਸਲੇਸ਼ਨ ਰਿਪੋਰਟ 'ਤੇ ਅਸਹਿਮਤੀ ਜ਼ਾਹਰ ਕਰ ਦਿੱਤੀ। ਰਾਮ ਚੰਦ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਵੀ ਹਲਫੀਆ ਬਿਆਨ 'ਤੇ ਦਸਤਖਤ ਨਹੀਂ ਕੀਤੇ ਹਨ। ਉਸ ਨੂੰ ਜਦੋਂ ਮੁਆਵਜ਼ਾ ਰਾਸ਼ੀ ਦਿੱਤੀ ਗਈ ਸੀ,ਉਦੋਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਾਏ ਗਏ ਸਨ। ਆਖਰ ਬਜ਼ੁਰਗ ਰਾਮ ਚੰਦ ਨੇ ਅਦਾਲਤ ਵਿਚ ਇਸਤਗਾਸਾ ਦਾਇਰ ਕਰ ਦਿੱਤਾ। ਜਿਸ ਦੇ ਅਧਾਰ 'ਤੇ ਅਦਾਲਤ ਨੇ ਇੰਸਪੈਕਟਰ ਗੁਲਜ਼ਾਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਕੀਤੇ। ਜਦੋਂ ਗੁਲਜ਼ਾਰ ਸਿੰਘ ਪੇਸ਼ ਨਾ ਹੋਏ ਤਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਮਾਨਸਾ ਪੁਲੀਸ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਬਠਿੰਡਾ ਪੁਲੀਸ ਨੇ ਉਲਟਾ ਗੁਲਜ਼ਾਰ ਸਿੰਘ ਨੂੰ ਪੀ.ਓ. ਸਟਾਫ ਵਿਚ ਹੀ ਇੰਚਾਰਜ ਤਾਇਨਾਤ ਕਰ ਦਿੱਤਾ।
         ਦੂਸਰੇ ਪਾਸੇ ਇੰਸਪੈਕਟਰ ਗੁਲਜ਼ਾਰ ਸਿੰਘ ਦਾ ਕਹਿਣਾ ਸੀ ਕਿ ਅਦਾਲਤ ਵੱਲੋਂ ਪੀ.ਓ. ਕਰਾਰ ਦਿੱਤੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੇ। ਉਨ੍ਹਾਂ ਦੱਸਿਆ ਕਿ ਇਸ ਇਸਤਗਾਸਾ ਕੇਸ ਦੇ ਮਾਮਲੇ 'ਚ ਉਸ ਨੂੰ ਸੁਪਰੀਮ ਕੋਰਟ ਵੱਲੋਂ ਸਟੇਅ ਮਿਲ ਗਈ ਹੈ। ਉਹ ਅੱਜ ਕੱਲ੍ਹ ਪੀ.ਓ. ਸਟਾਫ 'ਚ ਤਾਇਨਾਤ ਹਨ। ਉਨ੍ਹਾਂ ਆਪਣਾ ਹੋਰ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।

Monday, September 12, 2011

  ਗੇੜਿਆਂ ਨੇ ਪੁਲੀਸ ਕਸੂਤੇ ਗੇੜ 'ਚ ਫਸਾਈ
                                ਚਰਨਜੀਤ ਭੁੱਲਰ
ਬਠਿੰਡਾ : ਵੀ.ਆਈ.ਪੀਜ ਦੇ ਗੇੜੇ ਹੀ ਬਠਿੰਡਾ ਪੁਲੀਸ ਦਾ ਤੇਲ ਭੰਡਾਰ ਛਕ ਜਾਂਦੇ ਹਨ। ਇਨ੍ਹਾਂ ਗੇੜਿਆਂ ਨੇ ਪੁਲੀਸ ਨੂੰ ਗੇੜ ਵਿੱਚ ਪਾ ਦਿੱਤਾ ਹੈ ਕਿ ਉਹ ਤੇਲ ਲਈ ਰਕਮ ਦਾ ਪ੍ਰਬੰਧ ਕਿਥੋਂ ਕਰਨ। ਨਤੀਜੇ ਵਜੋਂ ਪ੍ਰਾਈਵੇਟ ਤੇਲ ਪੰਪਾਂ ਦਾ ਕਰਜ਼ਾ ਪੁਲੀਸ ਸਿਰ ਚੜ੍ਹ ਜਾਂਦਾ ਹੈ। ਮਈ 2011 ਦੇ ਮਹੀਨੇ ਦੀ ਤੇਲ ਖਪਤ ਨੇ ਤਾਂ ਪਿਛਲੇ ਸਭ ਰਿਕਾਰਡ ਤੋੜ ਦਿੱਤੇ ਹਨ। ਇਸ ਮਹੀਨੇ ਵਿੱਚ ਵੀ.ਆਈ.ਪੀਜ਼ ਦੇ ਪਿੰਡ ਬਾਦਲ ਦੇ ਕਾਫੀ ਗੇੜੇ ਰਹੇ ਹਨ। ਪਾਇਲਟ ਗੱਡੀਆਂ ਦਾ ਤੇਲ ਖਰਚਾ ਇਸ ਮਹੀਨੇ ਵਿੱਚ ਜ਼ਿਆਦਾ ਹੋਇਆ ਹੈ। ਮਈ 2011 ਮਹੀਨੇ ਵਿੱਚ ਬਠਿੰਡਾ ਪੁਲੀਸ ਨੂੰ ਵੀ.ਆਈ.ਪੀਜ਼ ਦੇ ਗੇੜੇ 11.81 ਲੱਖ ਰੁਪਏ ਵਿੱਚ ਪਏ ਹਨ, ਜਦੋਂ ਕਿ ਮਈ-ਜੂਨ ਮਹੀਨੇ ਵਿੱਚ ਇਹ ਖਰਚਾ 18.65 ਲੱਖ ਰੁਪਏ ਦਾ ਰਿਹਾ ਹੈ। ਜ਼ਿਲ੍ਹਾ ਪੁਲੀਸ ਦੀ ਆਮ ਰੁਟੀਨ ਹੈ ਕਿ ਪੁਲੀਸ ਵੱਲੋਂ ਪ੍ਰਤੀ ਮਹੀਨਾ ਦੋ ਤੋਂ ਢਾਈ ਲੱਖ ਰੁਪਏ ਦਾ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਜਾਂਦਾ ਹੈ। ਇਕੱਲੇ ਮਈ ਮਹੀਨਾ ਵਿੱਚ ਪੁਲੀਸ ਨੂੰ ਪ੍ਰਾਈਵੇਟ ਪੰਪਾਂ ਤੋਂ 11.81 ਲੱਖ ਰੁਪਏ ਦਾ ਤੇਲ ਪਵਾਉਣਾ ਪਿਆ ਹੈ।
          ਜ਼ਿਲ੍ਹਾ ਪੁਲੀਸ ਬਠਿੰਡਾ ਨੇ ਇਸ ਵੇਲੇ 41 ਪ੍ਰਾਈਵੇਟ ਤੇਲ ਪੰਪਾਂ ਦੇ ਬਕਾਏ ਦੇਣੇ ਹਨ, ਜੋ 21.97 ਲੱਖ ਰੁਪਏ ਬਣਦੇ ਹਨ। ਮਈ ਮਹੀਨੇ ਵਿੱਚ ਬਹੁਤੇ ਵੀ.ਆਈ.ਪੀ., ਪਿੰਡ ਬਾਦਲ ਗਏ ਹਨ ਅਤੇ ਇਸ ਮਹੀਨੇ ਵਿੱਚ ਸੜਕਾਂ 'ਤੇ ਚਾਰ ਚੁਫੇਰੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੀ ਦਿਖਦੀਆਂ ਸਨ। ਮਈ ਤੋਂ ਪਹਿਲੇ ਮਹੀਨੇ ਦੀ ਖਪਤ ਦੇਖੀਏ ਤਾਂ ਮਾਰਚ 2011 ਵਿੱਚ ਪੁਲੀਸ ਨੇ ਪ੍ਰਾਈਵੇਟ ਤੇਲ ਪੰਪਾਂ ਤੋਂ 2.03 ਲੱਖ ਰੁਪਏ ਅਤੇ ਅਪਰੈਲ ਮਹੀਨੇ ਵਿੱਚ 20 ਤੇਲ ਪੰਪਾਂ ਤੋਂ 2.96 ਲੱਖ ਰੁਪਏ ਦਾ ਉਧਾਰ ਤੇਲ ਪਵਾਇਆ ਹੈ। ਜੂਨ ਮਹੀਨੇ ਵਿੱਚ 15 ਤੇਲ ਪੰਪਾਂ ਤੋਂ 2.46 ਲੱਖ ਰੁਪਏ ਅਤੇ ਜੁਲਾਈ ਮਹੀਨੇ ਵਿੱਚ 2.68 ਲੱਖ ਰੁਪਏ ਦਾ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਗਿਆ ਹੈ। ਖਾਸ ਕਰਕੇ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਵੱਲੋਂ ਉਧਾਰ ਤੇਲ ਪਵਾਇਆ ਜਾਂਦਾ ਹੈ। ਜ਼ਿਲ੍ਹਾ ਪੁਲੀਸ ਦਾ ਜੋ ਆਪਣਾ ਤੇਲ ਪੰਪ ਹੈ, ਉਸ 'ਤੇ ਬਹੁਤੀ ਦਫਾ ਕੇਵਲ ਐਮਰਜੈਂਸੀ ਕੋਟੇ ਵਾਲਾ ਤੇਲ ਹੀ ਰਹਿ ਜਾਂਦਾ ਹੈ। ਸਮੇਂ ਸਿਰ ਬਜਟ ਅਲਾਟਮੈਂਟ ਨਾ ਹੋਣ ਕਰਕੇ ਪੁਲੀਸ ਦਾ ਆਪਣਾ ਤੇਲ ਪੰਪ ਖੁਸ਼ਕ ਹੋ ਜਾਂਦਾ ਹੈ। ਜੋ ਪ੍ਰਾਈਵੇਟ ਤੇਲ ਪੰਪਾਂ ਵਾਲੇ ਹਨ, ਉਨ੍ਹਾਂ ਦੇ ਬਕਾਏ ਵੀ ਪੁਲੀਸ ਵਿੱਚ ਫਸ ਜਾਂਦੇ ਹਨ। ਡੰਡੇ ਦੇ ਡਰੋਂ ਪ੍ਰਾਈਵੇਟ ਪੰਪਾਂ ਵਾਲੇ ਵੀ ਬਹੁਤਾ ਸਮਾਂ ਰਾਸ਼ੀ ਪੁਲੀਸ ਤੋਂ ਮੰਗਦੇ ਨਹੀਂ ਹਨ। ਪਹਿਲੀ ਜਨਵਰੀ 2007 ਤੋਂ ਹੁਣ ਤੱਕ ਦਾ ਪੁਲੀਸ ਦਾ ਤੇਲ ਖਰਚ ਦੇਖੀਏ ਤਾਂ ਜ਼ਿਲ੍ਹਾ ਪੁਲੀਸ 4.89 ਕਰੋੜ ਰੁਪਏ ਇਕੱਲੇ ਤੇਲ 'ਤੇ ਹੀ ਖਰਚ ਕਰ ਚੁੱਕੀ ਹੈ। ਜ਼ਿਲ੍ਹਾ ਪੁਲੀਸ ਬਠਿੰਡਾ ਜ਼ਿਆਦਾ ਵੀ.ਆਈ.ਪੀ. ਡਿਊਟੀ ਵਿੱਚ ਹੀ ਉਲਝੀ ਰਹਿੰਦੀ ਹੈ।
          ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਜ਼ਿਆਦਾ ਗੇੜੇ ਬਠਿੰਡਾ ਵਿੱਚ ਹੀ ਰਹਿੰਦੇ ਹਨ। ਡੀ.ਆਈ.ਜੀ. ਦਫਤਰ ਪਹਿਲਾਂ ਫ਼ਰੀਦਕੋਟ ਸੀ ਅਤੇ ਹੁਣ ਬਠਿੰਡਾ ਵਿੱਚ ਆ ਗਿਆ ਹੈ। ਇਸ ਤਰ੍ਹਾਂ ਫਿਰੋਜ਼ਪੁਰ ਜ਼ੋਨ ਦਾ ਦਫਤਰ ਵੀ ਬਠਿੰਡਾ ਵਿੱਚ ਤਬਦੀਲ ਹੋ ਗਿਆ। ਇਸ ਤਰ੍ਹਾਂ ਐਸ.ਪੀ ਕਰਾਈਮ ਦਾ ਦਫਤਰ ਵੀ ਬਠਿੰਡਾ ਵਿੱਚ ਬਣ ਗਿਆ ਹੈ। ਇਨ੍ਹਾਂ ਦਫਤਰਾਂ ਦੀ ਸਥਾਪਤੀ ਨਾਲ ਵੀ ਜ਼ਿਲ੍ਹਾ ਪੁਲੀਸ ਦੀ ਤੇਲ ਖਪਤ ਵੱਧ ਗਈ ਹੈ।
ਪ੍ਰਾਈਵੇਟ ਤੇਲ ਪੰਪਾਂ ਦੇ ਮਾਲਕਾਂ ਨੂੰ ਇਹ ਸਿਰਦਰਦੀ ਬਣ ਗਈ ਹੈ ਕਿਉਂਕਿ ਉਨ੍ਹਾਂ ਦੀ ਰਕਮ ਫਸ ਜਾਂਦੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਸਰਵਿਸ ਸਟੇਸ਼ਨ ਦੇ 4.25 ਲੱਖ ਰੁਪਏ ਅਤੇ ਕੇਸੋ ਰਾਮ ਪੰਪ ਦੇ 1.44 ਲੱਖ ਰੁਪਏ ਜ਼ਿਲ੍ਹਾ ਪੁਲੀਸ ਵੱਲ ਖੜ੍ਹੇ ਹਨ। ਇਸ ਤਰ੍ਹਾਂ ਕਲਸੀ ਸਰਵਿਸ ਸਟੇਸ਼ਨ ਦੇ ਵੀ 1.19 ਲੱਖ ਰੁਪਏ ਪੁਲੀਸ ਵੱਲ ਖੜ੍ਹੇ ਹਨ। ਇਨ੍ਹਾਂ ਪੰਪਾਂ ਤੋਂ ਜ਼ਿਆਦਾ ਰਾਸ਼ੀ ਦਾ ਤੇਲ ਇਕੱਲੇ ਮਈ ਮਹੀਨੇ ਵਿੱਚ ਹੀ ਪਿਆ ਹੈ।
                                            ਗੇੜਿਆਂ ਕਾਰਨ ਤੇਲ ਖਪਤ ਵਧੀ: ਐਸ.ਪੀ
ਐਸ.ਪੀ (ਸਥਾਨਕ) ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਵੀ.ਆਈ.ਪੀਜ਼ ਦੇ ਗੇੜਿਆਂ ਕਾਰਨ ਪੁਲੀਸ ਦੀ ਤੇਲ ਖਪਤ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿੱਚ ਪਿੰਡ ਬਾਦਲ ਵਿੱਚ ਅਫਸੋਸ ਕਰਨ ਵਾਸਤੇ ਜਾਣ ਵਾਲੇ ਵੀ.ਆਈ.ਪੀਜ਼ ਦੀ ਜ਼ਿਆਦਾ ਆਮਦ ਰਹੀ ਹੈ, ਜਿਸ ਕਰਕੇ ਤੇਲ ਖਪਤ ਰਹੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਤੇਲ ਪੰਪਾਂ ਵਾਲਿਆਂ ਨੂੰ ਬਕਾਏ ਤਾਰਦੇ ਵੀ ਰਹਿੰਦੇ ਹਨ ਅਤੇ ਜਦੋਂ ਬਜਟ ਆ ਜਾਂਦਾ ਹੈ, ਬਕਾਏ ਕਲੀਅਰ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜੋ ਬਾਹਰਲੇ ਜ਼ਿਲ੍ਹਿਆਂ ਦੀ ਪੁਲੀਸ ਇੱਥੋਂ ਤੇਲ ਪੰਪ ਤੋਂ ਤੇਲ ਪਵਾਉਂਦੀ ਹੈ, ਉਸ ਦੇ ਬਿੱਲ ਸਬੰਧਤ ਜ਼ਿਲ੍ਹਾ ਪੁਲੀਸ ਨੂੰ ਭੇਜ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਐਮਰਜੈਂਸੀ ਲਈ ਪੁਲੀਸ ਦੇ ਆਪਣੇ ਤੇਲ ਪੰਪ 'ਤੇ 2000 ਲੀਟਰ ਦੇ ਕਰੀਬ ਤੇਲ ਹੁੰਦਾ ਹੈ।