Showing posts with label kabbadi cup. Show all posts
Showing posts with label kabbadi cup. Show all posts

Monday, September 16, 2013

                                ਵਕਤ ਦੀ ਗਰਦਸ਼
     ਕਰੋੜਾਂ ਦੀ ਕਬੱਡੀ, ਮਸਕਟਮੈਨ ਫਾਡੀ
                                 ਚਰਨਜੀਤ ਭੁੱਲਰ
ਬਠਿੰਡਾ : ਕਰੋੜਾਂ ਦੀ ਕਬੱਡੀ ਵਿੱਚੋਂ ਮਸਕਟਮੈਨ ਨੌਜਵਾਨ ਹਰਬੰਸ ਸਿੰਘ ਨੂੰ ਧੇਲਾ ਨਹੀਂ ਮਿਲਿਆ। ਤੀਜੇ ਵਿਸ਼ਵ ਕਬੱਡੀ ਕੱਪ ਵਿੱਚ ਮਸਕਟ ਮੈਨ ਬਣੇ ਬਠਿੰਡਾ ਦੇ ਇਸ ਨੌਜਵਾਨ ਨੂੰ ਮਿਹਨਤ ਦਾ ਮੁੱਲ ਵੀ ਨਹੀਂ ਮਿਲਿਆ। ਇਹ ਮਸਕਟਮੈਨ ਹੁਣ ਬਠਿੰਡਾ ਦੇ ਟੀਚਰਜ਼ ਹੋਮ ਦੀ ਕੰਟੀਨ 'ਤੇ ਆਪਣੇ ਪਿਤਾ ਦਰਸ਼ਨ ਸਿੰਘ ਦੀ ਮਦਦ ਲਈ ਭਾਂਡੇ ਮਾਂਜਦਾ ਹੈ। 17 ਵਰ੍ਹਿਆਂ ਦਾ ਹਰਬੰਸ ਸਿੰਘ ਹੁਣ ਬਾਰ੍ਹਵੀਂ ਜਮਾਤ ਵਿੱਚ ਸਥਾਨਕ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਹੈ। ਖੇਡ ਵਿਭਾਗ ਦੇ ਅਫਸਰਾਂ ਨੇ ਇਸ ਮਸਕਟਮੈਨ ਨਾਲ ਪੰਜ ਸੌ ਰੁਪਏ ਦਿਹਾੜੀ ਦਾ ਵਾਅਦਾ ਕੀਤਾ ਸੀ। 14 ਦਿਨਾਂ ਦੇ ਸੱਤ ਹਜ਼ਾਰ ਰੁਪਏ ਇਸ ਦਾ ਮਿਹਨਤਾਨਾ ਬਣਦਾ ਹੈ। ਜਦੋਂ ਵਿਸ਼ਵ ਕਬੱਡੀ ਕੱਪ ਚੱਲ ਰਿਹਾ ਸੀ ਤਾਂ ਉਦੋਂ ਇਹ ਮਸਕਟਮੈਨ ਹੀਰੋ ਬਣ ਕੇ ਉਭਰਿਆ ਸੀ। ਹਰ ਸਟੇਡੀਅਮ ਵਿੱਚ ਉਸ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ ਸੀ। ਹੁਣ ਉਹ ਫਿਰ ਵਕਤ ਦੀ ਗਰਦਸ਼ ਵਿੱਚ ਗੁਆਚ ਗਿਆ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨਾਲ ਪ੍ਰਤੀ ਦਿਨ 500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ। ਉਸ ਦਾ ਕਹਿਣਾ ਸੀ ਕਿ ਉਸ ਤੋਂ ਮਹੀਨਾ ਪਹਿਲਾਂ ਖੇਡ ਵਿਭਾਗ ਬਠਿੰਡਾ ਨੇ ਆਪਣੇ ਦਫਤਰ ਵਿੱਚ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਾਗ਼ਜ਼ਾਂ 'ਤੇ ਦਸਤਖ਼ਤ ਤਾਂ ਕਰਾ ਲਏ ਪਰ ਹਾਲੇ ਤੱਕ ਉਸ ਨੂੰ ਕੋਈ ਰਾਸ਼ੀ ਨਹੀਂ ਦਿੱਤੀ ਗਈ। 
              ਹਰਬੰਸ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਸਰਕਾਰ ਤੋਂ ਆਸ ਲਾਈ ਬੈਠੇ ਸਨ ਕਿ ਮਸਕਟਮੈਨ ਬਣਨ ਨਾਲ ਬੱਚੇ ਦੀ ਕਿਸਮਤ ਖੁੱਲ੍ਹ ਜਾਵੇਗੀ ਅਤੇ ਨੌਕਰੀ ਵਗੈਰਾ ਦੀ ਮਿਹਰ ਸਰਕਾਰ ਕਰੇਗੀ ਪਰ ਉਨ੍ਹਾਂ ਨੂੰ ਤਾਂ ਦਿਹਾੜੀ ਵੀ 10 ਮਹੀਨੇ ਮਗਰੋਂ ਨਹੀਂ ਮਿਲੀ। ਵਿਸ਼ਵ ਕਬੱਡੀ ਕੱਪ ਦੇ ਜਿਥੇ ਵੀ ਮੈਚ ਹੁੰਦੇ ਸਨ, ਉਥੇ ਇਸ ਮਸਕਟਮੈਨ ਨੂੰ ਲਿਜਾਣ ਵਾਸਤੇ ਗੱਡੀ ਤੇ ਹੈਲਪਰ ਦਿੱਤੇ ਹੋਏ ਸਨ। ਮਸਕਟਮੈਨ ਬਣੇ ਨੌਜਵਾਨ ਦੀ ਗੁਰਬਤ ਦੀ ਆਪਣੀ ਹੀ ਕਹਾਣੀ ਹੈ, ਜੋ ਦਿਲ ਹਿਲਾ ਦੇਣ ਵਾਲੀ ਹੈ। ਉਹ ਆਖਦਾ ਹੈ ਕਿ ਉਸ ਨੂੰ ਕਦੇ ਨਵੇਂ ਕੱਪੜੇ ਨਸੀਬ ਨਹੀਂ ਹੋਏ। ਕਬਾੜੀਆਂ ਤੋਂ ਖ਼ਰੀਦੇ ਕੱਪੜੇ ਹੀ ਉਸ ਦਾ ਤਨ ਢਕਦੇ ਹਨ। ਉਹ ਵਾਲੀਬਾਲ ਦੀ ਲਗਾਤਾਰ ਪ੍ਰੈਕਟਿਸ ਕਰਦਾ ਹੈ ਅਤੇ ਪੁਰਾਣੇ ਟਰੈਕ ਸੂਟ ਨਾਲ ਖੇਡ ਮੈਦਾਨ ਵਿੱਚ ਜਾਂਦਾ ਹੈ। ਉਸ ਦੇ ਬਾਪ ਨੇ ਦੱਸਿਆ ਕਿ ਉਸ ਨੇ ਤਾਂ ਜ਼ਿੰਦਗੀ ਵਿੱਚ ਖ਼ੁਦ ਬਹੁਤ ਪਾਪੜ ਵੇਲੇ ਹਨ। ਉਸ ਨੇ ਚਾਹ ਵਾਲੀ ਰੇਹੜੀ 'ਤੇ ਕੰਮ ਕੀਤਾ ਅਤੇ ਕਬਾੜੀਆ ਬਣ ਕੇ ਵੀ ਘਰ ਚਲਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਲੜਕੇ ਨੂੰ ਚੰਗਾ ਖਿਡਾਰੀ ਬਣਾਉਣਾ ਚਾਹੁੰਦਾ ਹੈ ਤਾਂ ਜੋ ਉਸ ਨੂੰ ਮੁੜ ਕਦੇ ਭਾਂਡੇ ਨਾ ਮਾਂਜਣੇ ਪੈਣ। ਨੌਜਵਾਨ ਹਰਬੰਸ ਸਿੰਘ ਦੱਸਦਾ ਹੈ ਕਿ ਜਦੋਂ ਮਸਕਟਮੈਨ ਦੀ ਪੇਸ਼ਕਸ਼ ਹੋਈ ਸੀ ਤਾਂ ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਪਰ ਹੁਣ ਇਹ ਖ਼ੁਸ਼ੀ ਖੰਭ ਲਾ ਕੇ ਉਡ ਗਈ ਹੈ।
                ਉਸ ਦਾ ਕਹਿਣਾ ਸੀ ਕਿ ਉਸ ਨੇ ਸੁਫਨੇ ਤਾਂ ਸਰਕਾਰ ਤੋਂ ਰੁਜ਼ਗਾਰ ਦੇ ਲਏ ਸਨ ਪਰ ਉਸ ਨੂੰ ਤਾਂ ਹਾਲੇ ਤਕ ਦਿਹਾੜੀ ਵੀ ਨਸੀਬ ਨਹੀਂ ਹੋਈ। ਇਸ ਵਾਲੀਬਾਲ ਖਿਡਾਰੀ ਦੀ ਮਹਿਲਾ ਕੋਚ ਕਾਫੀ ਮਦਦ ਕਰਦੀ ਹੈ। ਜਦੋਂ ਇਸ ਬਾਰੇ ਜ਼ਿਲ੍ਹਾ ਖੇਡ ਅਫਸਰ ਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਏਨਾ ਹੀ ਪਤਾ ਨਹੀਂ ਸੀ ਕਿ ਮਸਕਟਮੈਨ ਬਠਿੰਡਾ ਦਾ ਹੈ। ਉਨ੍ਹਾਂ ਆਖਿਆ ਕਿ ਜੇ ਕਿਤੇ ਦਸਤਖ਼ਤ ਕਰਾਏ ਗਏ ਹਨ ਤਾਂ ਉਸ ਵਿਦਿਆਰਥੀ ਨੂੰ ਅਦਾਇਗੀ ਕਰ ਦਿੱਤੀ ਗਈ ਹੋਵੇਗੀ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
                                                            ਕਰੋੜਾਂ ਦੇ ਬਕਾਏ ਅੜੇ
ਤੀਜੇ ਵਿਸ਼ਵ ਕਬੱਡੀ ਦੇ ਹਾਲੇ ਕਰੀਬ ਇਕ ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਇਨ੍ਹਾਂ ਵਿੱਚ ਹੋਟਲ ਮਾਲਕਾਂ ਦੇ ਕਾਫੀ ਬਕਾਏ ਹਨ। ਖੇਡ ਵਿਭਾਗ ਨੇ ਪੰਜਾਬ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਹੈ, ਜੋ ਹਾਲੇ ਪ੍ਰਾਪਤ ਨਹੀਂ ਹੋਏ। ਪਤਾ ਲੱਗਿਆ ਹੈ ਕਿ ਖ਼ਜ਼ਾਨਾ ਸੰਕਟ ਵਿੱਚ ਹੋਣ ਕਰ ਕੇ ਫੰਡ ਪ੍ਰਾਪਤ ਨਹੀਂ ਹੋਏ। ਏਦਾਂ ਦੇ ਹਾਲਾਤ ਰਹੇ ਤਾਂ ਖੇਡ ਵਿਭਾਗ ਨੂੰ ਚੌਥੇ ਵਿਸ਼ਵ ਕਬੱਡੀ ਕੱਪ ਦਾ ਪ੍ਰਬੰਧ ਕਰਨਾ ਔਖਾ ਹੋ ਜਾਵੇਗਾ। ਕੁਝ ਬਕਾਏ ਕਲੀਅਰ ਕਰਨ ਵਾਸਤੇ ਤਾਂ ਦੂਜੇ ਵਿਸ਼ਵ ਕਬੱਡੀ ਕੱਪ ਵਿੱਚੋਂ ਬਚੇ ਫੰਡ ਵਰਤੇ ਗਏ ਹਨ।

Wednesday, December 12, 2012

                                                                    ਵਿਸ਼ਵ ਕਬੱਡੀ ਕੱਪ
                                            ਕਬੱਡੀ ਕਰੋੜਾਂ ਦੀ, ਜਾਂਬਾਜ਼ ਕੌਡੀਆਂ ਦਾ
                                                                     ਚਰਨਜੀਤ ਭੁੱਲਰ
ਬਠਿੰਡਾ : ਕਰੋੜਾਂ ਦੇ ਵਿਸ਼ਵ ਕਬੱਡੀ ਕੱਪ ਦਾ ਮੈਸਕਟ ਮੈਨ ਗਰੀਬ ਹੈ। ਤੀਜੇ ਵਿਸ਼ਵ ਕਬੱਡੀ ਕੱਪ ਦੇ ਮਸਕਟ ਨੂੰ ਤਾਂ ਹਰ ਕੋਈ ਜਾਣਦਾ ਹੈ ਪਰ ਕੋਈ ਨਹੀਂ ਇਸ ਮਸਕਟ ਪਿਛੇ ਛੁਪੇ ਚਿਹਰੇ ਨੂੰ ਜਾਣਦਾ। ਅਸਲੀ ਜ਼ਿੰਦਗੀ ਵਿੱਚ ਤਾਂ ਇਹ ਚਿਹਰਾ ਗਰੀਬੀ ਰੇਖਾ ਦੇ ਭਾਰ ਹੇਠ ਦੱਬਿਆ ਹੋਇਆ ਹੈ। ਇਹ ਚਿਹਰਾ ਉੱਚਾ ਉਡਣਾ ਚਾਹੁੰਦਾ ਹੈ ਪਰ ਗੁਰਬਤ ਉਸ ਦੇ ਪੈਰਾਂ ਵਿੱਚ ਜ਼ੰਜੀਰ ਬਣੀ ਹੋਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਤੀਜੇ ਵਿਸ਼ਵ ਕਬੱਡੀ ਕੱਪ ਦਾ ਇਹ ਮਸਕਟ ਚੰਡੀਗੜ੍ਹ ਵਿੱਚ ਰਿਲੀਜ਼ ਕੀਤਾ ਗਿਆ ਸੀ।
             ਬਠਿੰਡਾ ਦੇ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਦਾ 17 ਵਰ੍ਹਿਆਂ ਦਾ ਹਰਬੰਸ ਸਿੰਘ ਇਸ ਵੇਲੇ ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ। ਇਹ ਵਾਲੀਬਾਲ ਦਾ ਚੰਗਾ ਖਿਡਾਰੀ ਹੈ। ਪੰਜਾਬ ਸਰਕਾਰ ਵੱਲੋਂ ਉਸ ਨੂੰ ਮਸਕਟ ਮੈਨ ਬਣਨ ਦੇ ਬਦਲੇ ਪੰਜ ਸੌ ਰੁਪਏ ਦਿਹਾੜੀ ਦਿੱਤੀ ਜਾਣੀ ਹੈ। ਉਹ ਖੁਸ਼ ਹੈ ਕਿ ਉਸ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਤੇ ਮਸਕਟ ਮੈਨ ਦਾ ਮੌਕਾ ਮਿਲਣ 'ਤੇ ਹੌਸਲੇ ਵਿੱਚ ਵੀ ਹੈ। ਦੁਖੀ ਤਾਂ ਸਿਰਫ਼ ਇਸ ਗੱਲੋਂ ਹੀ ਹੈ ਕਿ ਉਸ ਦੀ ਪੀੜ ਨੂੰ ਕੋਈ ਨਹੀਂ ਜਾਣਦਾ। ਨਵੇਂ ਕੱਪੜੇ ਪਾਉਣ ਨੂੰ ਕਿਸ ਦਾ ਦਿਲ ਨਹੀਂ ਕਰਦਾ। ਇਹ ਸਕੂਲੀ ਬੱਚਾ ਕਬਾੜੀਆਂ ਕੋਲੋਂ ਪੁਰਾਣੇ ਕੱਪੜੇ ਖਰੀਦ ਕੇ ਆਪਣੀਆਂ ਰੀਝਾਂ ਨੂੰ ਧਰਵਾਸ ਦਿੰਦਾ ਹੈ। ਉਸ ਦਾ ਬਾਪ ਦਰਸ਼ਨ ਸਿੰਘ ਵੀ ਆਪਣੇ ਜੀਵਨ ਵਿੱਚ ਨਵੇਂ ਕੱਪੜੇ ਪਾਉਣ ਨੂੰ ਤਰਸ ਗਿਆ ਹੈ। ਪਿਉ ਪੁੱਤ ਆਖਦੇ ਹਨ ਕਿ ਜਦੋਂ ਮਸਲਾ ਰੋਟੀ ਦਾ ਹੋਵੇ ਤਾਂ ਤਨ ਨੂੰ ਨਵੇਂ ਪੁਰਾਣੇ ਕੱਪੜੇ ਹੋਣ ਦਾ ਕੋਈ ਫਰਕ ਨਹੀਂ ਪੈਂਦਾ। ਬਾਪ ਦਰਸ਼ਨ ਸਿੰਘ ਛੇ ਵਰ੍ਹਿਆਂ ਤੋਂ ਟੀਚਰਜ਼ ਹੋਮ ਵਿੱਚ ਕੰਟੀਨ ਚਲਾ ਰਿਹਾ ਹੈ। ਉਸ ਤੋਂ ਪਹਿਲਾਂ ਉਹ ਕਬਾੜੀਆ ਬਣਿਆ ਤੇ ਚਾਹ ਦੀ ਰੇਹੜੀ 'ਤੇ 150 ਰੁਪਏ 'ਚ ਕੰਮ ਵੀ ਕੀਤਾ।
            ਮਸਕਟ ਮੈਨ ਹਰਬੰਸ ਸਿੰਘ ਨੂੰ ਤਾਂ ਟਰੈਕ ਸੂਟ ਵੀ ਪੁਰਾਣਾ ਖਰੀਦ ਕੇ ਪਾਉਣਾ ਪੈਂਦਾ ਹੈ। ਜਦੋਂ ਛੁੱਟੀ ਹੁੰਦੀ ਹੈ ਤਾਂ ਉਹ ਆਪਣੇ ਬਾਪ ਨਾਲ ਕੰਟੀਨ 'ਤੇ ਕੰਮ ਕਰਦਾ ਹੈ। ਦਾਨੀ ਸੱਜਣ ਉਸ ਲਈ ਕਿਤਾਬਾਂ ਦਾ ਪ੍ਰਬੰਧ ਕਰਦੇ ਹਨ। ਉਸ ਦੀ ਮਾਂ ਪਰਮਜੀਤ ਕੌਰ ਖੇਤਾਂ ਵਿੱਚ ਦਿਹਾੜੀ ਕਰਦੀ ਹੈ। ਭਰਾ ਪੜ੍ਹ ਜਾਵੇ, ਇਸ ਲਈ ਉਸ ਦੀ ਇੱਕ ਭੈਣ ਮਾਂ ਨਾਲ ਖੇਤਾਂ ਵਿੱਚ ਕੰਮ ਕਰਦੀ ਹੈ ਜਦੋਂਕਿ ਉਸ ਦੀਆਂ ਦੋ ਭੈਣਾਂ ਸਕੂਲ ਵਿੱਚੋਂ ਛੁੱਟੀ ਲੈ ਕੇ ਖੇਤਾਂ ਵਿੱਚ ਦਿਹਾੜੀ ਕਰਦੀਆਂ ਹਨ। ਪੰਜਾਬ ਸਰਕਾਰ ਦੇ ਕਾਗ਼ਜ਼ਾਂ ਵਿੱਚ ਵੀ ਉਹ ਗਰੀਬੀ ਰੇਖਾ ਤੋਂ ਹੇਠਾਂ ਵੱਸਣ ਵਾਲੇ ਪਰਿਵਾਰ ਦਾ ਮੈਂਬਰ ਹੈ। ਪਿਤਾ ਦਰਸ਼ਨ ਸਿੰਘ ਦੱਸਦਾ ਹੈ ਕਿ ਉਸ ਦਾ ਚੂਲਾ ਖਰਾਬ ਹੈ ਜਿਸ ਦਾ ਅਪਰੇਸ਼ਨ ਕਾਫ਼ੀ ਮਹਿੰਗਾ ਸੌਦਾ ਹੈ। ਉਸ ਨੇ ਦੱਸਿਆ ਕਿ ਵੱਡੀ ਧੀ ਵਿਹਾਉਣ ਦਾ ਫਿਕਰ ਹੈ ਜਿਸ ਕਰਕੇ ਚੂਲਾ ਕਦੇ ਯਾਦ ਨਹੀਂ ਆਇਆ।
          ਬਾਪ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਕੋਈ ਵੀ ਤਿਉਹਾਰ ਅੱਜ ਤੱਕ ਉਨ੍ਹਾਂ ਦੇ ਘਰ ਖੁਸ਼ੀ ਨਹੀਂ ਲਿਆ ਸਕਿਆ। ਉਸ ਨੇ ਦੱਸਿਆ ਕਿ ਉਸ ਦਾ ਮਸਕਟ ਮੈਨ ਬਣਿਆ ਲੜਕਾ ਹਰਬੰਸ ਸਿੰਘ ਸਵੇਰ ਪੰਜ ਵਜੇ ਉੱਠ ਕੇ ਸਟੇਡੀਅਮ ਪ੍ਰੈਕਟਿਸ ਕਰਦਾ ਹੈ। ਉਸ ਨੇ ਸਟੇਡੀਅਮ ਵਿੱਚ ਏਨਾ ਕੰਮ ਇੱਕ ਵਰ੍ਹੇ ਵਿੱਚ ਕੀਤਾ ਕਿ ਵਾਲੀਬਾਲ ਕੋਚ ਕਮਲਪ੍ਰੀਤ ਕੌਰ ਧਾਲੀਵਾਲ ਦੀ ਨਜ਼ਰ ਵਿੱਚ ਆ ਗਿਆ। ਕੋਚ ਧਾਲੀਵਾਲ ਦਾ ਕਹਿਣਾ ਸੀ ਕਿ ਵਿਸ਼ਵ ਕਬੱਡੀ ਕੱਪ ਲਈ ਮਸਕਟ ਮੈਨ ਦੀ ਲੋੜ ਸੀ ਜਿਸ ਕਰਕੇ ਉਸ ਨੇ ਇਸ ਲੋੜਵੰਦ ਲੜਕੇ ਦੀ ਸਿਫਾਰਸ਼ ਕਰ ਦਿੱਤੀ। ਉਸ ਨੇ ਦੱਸਿਆ ਕਿ ਹਰਬੰਸ ਬਹੁਤ ਮਿਹਨਤੀ ਲੜਕਾ ਹੈ। ਹਰਬੰਸ ਵਾਲੀਬਾਲ ਖੇਡਦਾ ਹੈ ਤੇ ਉਹ ਪੁਲੀਸ ਜਾਂ ਫੌਜ ਵਿੱਚ ਭਰਤੀ ਹੋਣ ਦਾ ਇੱਛੁਕ ਹੈ। ਵਿਸ਼ਵ ਕਬੱਡੀ ਕੱਪ ਦੇ ਜਿਥੇ ਵੀ ਮੈਚ ਹੁੰਦੇ ਹਨ, ਉਥੇ ਹੀ ਇਹ ਮਸਕਟ ਮੈਨ ਜਾਂਦਾ ਹੈ। ਸਰਕਾਰ ਵੱਲੋਂ ਉਸ ਨੂੰ ਲਿਜਾਣ ਵਾਸਤੇ ਇੱਕ ਗੱਡੀ ਤੇ ਹੈਲਪਰ ਦਿੱਤੇ ਹੋਏ ਹਨ। ਨਾਗਰਿਕ ਚੇਤਨਾ ਮੰਚ ਦੇ ਜਗਮੋਹਨ ਕੌਸ਼ਲ ਤੇ ਬੱਗਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਮਸਕਟ ਮੈਨ ਬਣੇ ਬੱਚੇ ਦੀ ਬਾਂਹ ਫੜੇ। ਉਨ੍ਹਾਂ ਆਖਿਆ ਕਿ ਸਰਕਾਰ ਨੇ ਕਬੱਡੀ ਲਈ ਕਰੋੜਾਂ ਦਾ ਬਜਟ ਰੱਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਲੜਕੇ ਨੂੰ ਆਪਣੇ ਖਰਚੇ 'ਤੇ ਪੜ੍ਹਾ ਕੇ ਉਸ ਲਈ ਨੌਕਰੀ ਦਾ ਪ੍ਰਬੰਧ ਕਰੇ।

Sunday, December 2, 2012

                            ਵਾਹ ਬਾਦਲ ਸਰਕਾਰੇ
               ਤੇਰੇ ਸ਼ੋਕ ਤੇ ਸ਼ੌਕ ਨਿਆਰੇ !
                              ਚਰਨਜੀਤ ਭੁੱਲਰ
ਬਠਿੰਡਾ :  ਜਦੋਂ ਅੱਜ ਪੂਰਾ ਦੇਸ਼ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਚਲੇ ਜਾਣ 'ਤੇ ਸੋਗ ਵਿੱਚ ਡੁੱਬਾ ਹੋਇਆ ਸੀ ਪਰ ਪੰਜਾਬ ਸਰਕਾਰ ਵੱਲੋਂ ਬਾਲੀਵੁੱਡ ਰੰਗ ਵਿੱਚ ਤੀਜੇ ਵਿਸ਼ਵ ਕਬੱਡੀ ਕੱਪ ਦੇ ਧੂਮ-ਧੜੱਕੇ ਨਾਲ ਉਦਘਾਟਨੀ ਜਸ਼ਨ ਮਨਾਏ ਜਾ ਰਹੇ ਸਨ। ਅੱਜ ਸਮਾਰੋਹਾਂ ਵਿੱਚ ਸ਼ੋਕ ਅਤੇ ਸ਼ੌਕ ਇੱਕੋ ਵੇਲੇ ਵੇਖਣ ਨੂੰ ਮਿਲਿਆ। ਦੋਚਿਤੀ ਵਿੱਚ ਘਿਰੀ ਪੰਜਾਬ ਸਰਕਾਰ ਇਸ ਮੌਕੇ 'ਤੇ ਨਾ ਸ਼ੋਕ ਹੀ ਮਨਾ ਸਕੀ ਅਤੇ ਨਾ ਹੀ ਆਗੂ ਖੁੱਲ੍ਹ ਕੇ ਸ਼ੌਕ ਪੂਰਾ ਕਰ ਸਕੇ। ਪੰਜਾਬ ਸਰਕਾਰ ਇਨ੍ਹਾਂ ਸਮਾਰੋਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੇ ਜਾਣ ਦਾ ਸੋਗ ਮਨਾਉਣਾ ਵੀ ਨਹੀਂ ਭੁੱਲੀ ਅਤੇ ਸਰਕਾਰ ਨੇ ਇਸ ਦੁੱਖ ਦੇ ਮੌਕੇ 'ਤੇ ਢੋਲ-ਢਮੱਕੇ ਨਾਲ ਜਸ਼ਨ ਮਨਾਉਣ ਤੋਂ ਵੀ ਸੰਕੋਚ ਨਾ ਕੀਤਾ। ਆਮ ਲੋਕਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਕਿਉਂਕਿ ਆਈ.ਕੇ. ਗੁਜਰਾਲ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਸੀ। ਕੇਂਦਰ ਸਰਕਾਰ ਵੱਲੋਂ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਅਤੇ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਹਨ।
            ਪੰਜਾਬ ਸਰਕਾਰ ਨੇ ਸੱਤ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ ਅਤੇ ਮੁੱਖ ਮੰਤਰੀ ਨੇ ਆਪਣੇ ਇਨ੍ਹਾਂ ਦਿਨਾਂ ਦੇ ਸਾਰੇ ਪ੍ਰੋਗਰਾਮ ਰੱਦ ਵੀ ਕਰ ਦਿੱੱਤੇ ਹਨ। ਫਿਰ ਵੀ ਪੰਜਾਬ ਸਰਕਾਰ ਨੇ ਅੱਜ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਦੇਰ ਸਾਮ ਤੱਕ ਬਾਲੀਵੁੱਡ ਅਦਾਕਾਰ ਅਕਸੈ ਕੁਮਾਰ ਅਤੇ ਮਿਸ ਪੂਜਾ ਦੀ ਅਦਾਕਾਰੀ ਤੋ ਇਲਾਵਾ ਨਾਚ ਗਾਣੇ ਨਾਲ ਤੀਸਰੇ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਕੀਤੀ। ਸੂਤਰ ਆਖਦੇ ਹਨ ਕਿ ਜਦੋਂ ਬਾਲ ਠਾਕਰੇ ਦੀ ਮੌਤ ਹੋਈ ਤਾਂ ਪ੍ਰਧਾਨ ਮੰਤਰੀ ਨੇ ਸਿਆਸੀ ਧਿਰਾਂ ਲਈ ਰੱਖਿਆ ਡਿਨਰ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ ਪ੍ਰੰਤੂ ਪੰਜਾਬ ਦੀ ਹਾਕਮ ਧਿਰ ਦੀ ਕਿਹੜੀ ਮਜਬੂਰੀ ਸੀ ਕਿ ਧੂਮ ਧੜੱਕੇ ਤੋ ਬਿਨ•ਾਂ ਕਬੱਡੀ ਕੱਪ ਦੀ ਸ਼ੁਰੂਆਤ ਨਹੀਂ ਹੋ ਸਕਦੀ ਸੀ। ਅੱਜ ਜਸ਼ਨਾਂ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੌਜੂਦ ਸਨ। ਸਰਕਾਰੀ ਰਸਮ ਰਿਵਾਜ ਹੀ ਨਹੀਂ ਬਲਕਿ ਸਦਾਚਾਰ ਤੇ ਜਜ਼ਬਾਤ ਵੀ ਮੰਗ ਕਰਦੇ ਸਨ ਕਿ ਕੌਮੀ ਸੋਗ ਵਿੱਚ ਪੰਜਾਬ ਸਰਕਾਰ ਸੰਜੀਦਗੀ ਨਾਲ ਸ਼ਾਮਲ ਹੁੰਦੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਇਸ ਗੱਲੋਂ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਤ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਕਿ ਉਨ•ਾਂ ਨੇ ਪੰਜਾਬ ਦਾ ਕਰਜ਼ ਮੁਆਫ਼ ਕੀਤਾ ਹੈ। ਅੱਜ ਸਮਾਰੋਹਾਂ ਵਿੱਚ ਹਾਕਮ ਧਿਰ ਨੇ ਵਿਵਾਦਾਂ ਤੋ ਬਚਣ ਖਾਤਰ ਕੁਝ ਸੋਗਮਈ ਰਸਮਾਂ ਵੀ ਕੀਤੀਆਂ ਪ੍ਰੰਤੂ ਜਸ਼ਨਾਂ ਨੂੰ ਫਿਰ ਵੀ ਫਿੱਕਾ ਨਾ ਪੈਣ ਦਿੱਤਾ।
            ਪੰਜਾਬ ਸਰਕਾਰ ਦੀ ਇਸ ਪਹੁੰਚ ਤੇ ਸਿਆਸੀ ਹਲਕੇ ਕਿੰਤੂ ਵੀ ਖੜ•ਾ ਕਰਦੇ ਹਨ। ਸਮਾਰੋਹਾਂ ਵਿੱਚ ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਨੂੰ ਇੱਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਸਮਾਰੋਹਾਂ ਦੀ ਸਮਾਪਤੀ ਤੇ ਕੋਈ ਆਤਿਸਬਾਜੀ ਵੀ ਨਾ ਕੀਤੀ। ਸਮਾਰੋਹਾਂ ਮੌਕੇ ਹੀ ਗੁਜਰਾਲ ਤੇ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਇਸ ਤੋ ਇਲਾਵਾ ਸਟੇਡੀਅਮ ਵਿੱਚ ਲਗਾਏ ਝੰਡੇ ਵੀ ਉਤਾਰ ਦਿੱਤੇ ਗਏ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਤੀਸਰਾ ਵਿਸਵ ਕਬੱਡੀ ਕੱਪ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਨੂੰ ਸਮਰਪਿਤ ਕੀਤਾ ਅਤੇ ਇਹ ਵੀ ਸਫਾਈ ਦਿੱਤੀ ਕਿ ਇਹ ਕੌਮਾਂਤਰੀ ਸਮਾਗਮ ਹੋਣ ਕਰਕੇ ਬਦਲਿਆਂ ਨਹੀ ਜਾ ਸਕਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਸੰਬੋਧਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਦਾ ਜਿਕਰ ਕਰਨਾ ਭੁੱਲ ਗਏ। ਸਟੇਜ ਤੋ ਇਹ ਵੀ ਸਪੱਸਟ ਕੀਤਾ ਗਿਆ ਕਿ ਗੁਜਰਾਲ ਸਾਹਿਬ ਕਾਰਨ ਪ੍ਰੋਗਰਾਮ ਚਾਰ ਘੰਟੇ ਤੋ ਘਟਾ ਕੇ ਦੋ ਘੰਟੇ ਦਾ ਕੀਤਾ ਗਿਆ ਹੈ। ਅੱਜ ਸੁਰੂਆਤੀ ਜਸ਼ਨਾਂ ਮੌਕੇ ਪੂਰਾ ਸਟੇਡੀਅਮ ਰੰਗ ਬਰੰਗੀਆਂ ਲਾਈਟਾਂ ਨਾਲ ਚਮਕ ਰਿਹਾ ਸੀ।
            ਸਾਬਕਾ ਆਈ ਏ ਐਸ ਅਧਿਕਾਰੀ ਕੁਲਬੀਰ ਸਿੰਘ ਸਿੱਧੂ ਨੇ ਏਨੀ ਕੁ ਟਿੱਪਣੀ ਕੀਤੀ ਕਿ ਜਦੋਂ ਵਿਆਹ ਮੌਕੇ ਕਿਸੇ ਬਜ਼ੁਰਗ ਦੀ ਮੌਤ ਹੋ ਜਾਵੇ ਤਾਂ ਫਿਰ ਅਖਾੜੇ ਨਹੀਂ ਲੱਗਦੇ ਹਨ। ਸਟੇਜ ਤੋ ਮਿਸ ਪੂਜਾ ਅਤੇ ਸਤਿੰਦਰ ਸੱਤੀ ਨੇ ਡਾਂਸਰਾਂ ਲਾਲ ਨਾਚ ਗਾਣੇ ਗਾਏ ਅਤੇ ਉਸ ਤੋ ਪਹਿਲਾਂ ਭੰਗੜਾ ਟੀਮ ਨੇ ਜੌਹਰ ਦਿਖਾਏ। ਗਾਣਿਆਂ ਦਾ ਦੌਰ ਤਾਂ ਸਟੇਜ ਤੋ ਸੂਰਜ ਦੀ ਟਿੱਕੀ ਛਿਪਣ ਤੋ ਪਹਿਲਾਂ ਹੀ ਸੁਰੂ ਹੋ ਗਿਆ ਸੀ। ਜਦੋ ਬਾਲੀਵੁੱਡ ਸਟਾਰ ਤੇ ਮਾਹੌਲ ਨੂੰ ਸਿਖਰ ਤੇ ਪਹੁੰਚਾ ਦਿੱਤਾ ਤਾਂ ਦਰਸਕਾਂ ਨੇ ਵੀ ਲਲਕਾਰੇ ਮਾਰੇ। ਮੁੱਖ ਮੰਤਰੀ ਸ੍ਰੀ ਬਾਦਲ ਨੇ ਅੱਜ ਉਦਘਾਟਨੀ ਸਮਾਰੋਹਾਂ ਵਿੱਚ ਹਾਜ਼ਰੀ ਤਾਂ ਭਰੀ ਪ੍ਰੰਤੂ ਉਹ ਜਸ਼ਨਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਸਮਾਗਮਾਂ 'ਚੋਂ ਚਲੇ ਗਏ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਅੱਜ ਦਿਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪ੍ਰਬੰਧਕਾਂ ਨੂੰ ਸਮਾਰੋਹ ਰੱਦ ਕਰਨ ਵਾਸਤੇ ਆਖਿਆ ਸੀ ਪਰ ਜਦੋਂ ਕਿਸੇ ਨੇ ਕੋਈ ਹਾਮੀ ਨਾ ਭਰੀ ਤਾਂ ਮੁੱਖ ਮੰਤਰੀ ਨੇ ਸਮਾਰੋਹਾਂ ਵਿੱਚ ਸੰਖੇਪ ਜਿਹੀ ਸ਼ਮੂਲੀਅਤ ਕੀਤੀ।

Friday, November 30, 2012

                             ਬਠਿੰਡਾ ਪੁਲੀਸ
     ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ
                            ਚਰਨਜੀਤ ਭੁੱਲਰ
ਬਠਿੰਡਾ : ਵਿਸ਼ਵ ਕਬੱਡੀ ਕੱਪ ਕਾਰਨ ਬਠਿੰਡਾ ਸ਼ਹਿਰ ਪੁਲੀਸ ਛਾਉਣੀ ਬਣ ਗਿਆ ਹੈ। ਚਾਰ ਚੁਫੇਰੇ ਪੁਲੀਸ ਹੀ ਪੁਲੀਸ ਨਜ਼ਰ ਆਉਂਦੀ ਹੈ। ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੋਂ ਦੋ ਦਿਨ ਪਹਿਲਾਂ ਹੀ ਪੰਜਾਬ ਭਰ ਤੋਂ ਪੁਲੀਸ ਬੁਲਾ ਲਈ ਹੈ। ਤਕਰੀਬਨ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਬਠਿੰਡਾ ਪੁੱਜ ਗਏ ਹਨ ਜਦੋਂ ਕਿ ਕਾਫ਼ੀ ਪੁਲੀਸ ਪਹਿਲੀ ਦਸੰਬਰ ਨੂੰ ਪੁੱਜੇਗੀ। ਜ਼ਿਲ੍ਹਾ ਪੁਲੀਸ ਦਾ ਖ਼ਜ਼ਾਨਾ ਖਾਲੀ ਹੈ ਜਿਸ ਕਾਰਨ ਉਧਾਰ ਚੁੱਕ ਕੇ ਕਬੱਡੀ ਕੱਪ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਹਫ਼ਤੇ ਭਰ ਤੋਂ ਸਿਰਸਾ ਕਾਂਡ ਕਰਕੇ ਪੁਲੀਸ ਪੱਬਾਂ ਭਾਰ ਹੈ। ਇਥੇ ਪੁਲੀਸ ਲਾਈਨ ਵਿਚਲਾ ਤੇਲ ਪੰਪ ਡਰਾਈ ਹੋ ਗਿਆ ਹੈ ਜਿਸ ਕਾਰਨ ਸਾਢੇ ਚਾਰ ਲੱਖ ਰੁਪਏ ਦਾ ਤੇਲ ਉਧਾਰ ਪਵਾਇਆ ਗਿਆ ਹੈ। ਤੇਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਵੱਲ ਪਹਿਲਾਂ ਹੀ ਤਕਰੀਬਨ ਇੱਕ ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਹੁਣ ਕਬੱਡੀ ਕੱਪ ਕਰਕੇ ਪੁਲੀਸ ਨੇ ਚਾਰ ਲੱਖ ਰੁਪਏ ਦਾ ਹੋਰ ਤੇਲ ਉਧਾਰ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਬਾਹਰੋਂ ਆਈਆਂ ਗੱਡੀਆਂ ਲਈ ਵੀ ਉਧਾਰ ਵਿੱਚ ਤੇਲ ਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਹਰੋਂ ਆਈ ਪੁਲੀਸ ਲਈ ਰੋਟੀ ਪਾਣੀ ਵਾਸਤੇ ਵੀ ਜ਼ਿਲ੍ਹਾ ਪੁਲੀਸ ਕੋਲ ਫੰਡ ਨਹੀਂ ਹੈ। ਪੁਲੀਸ ਲਾਈਨ ਵਿੱਚ ਇੱਕ ਮੈਸ ਚਲਾਈ ਗਈ ਹੈ। ਕੁਝ ਦਿਨਾਂ ਤੋਂ ਡੇਰਾ ਵਿਵਾਦ ਕਰਕੇ ਤਾਇਨਾਤ ਪੁਲੀਸ ਵੀ ਗੁਰੂ ਘਰਾਂ 'ਚੋਂ ਪ੍ਰਸ਼ਾਦੇ ਛੱਕ ਰਹੀ ਹੈ। ਬਾਕੀ ਪੁਲੀਸ ਨੂੰ ਵਗਾਰ ਵਿੱਚ ਹੀ ਰੋਟੀ ਪਾਣੀ ਛਕਾਇਆ ਜਾ ਰਿਹਾ ਹੈ। ਬਾਹਰੋਂ ਆਏ ਪੁਲੀਸ ਅਫ਼ਸਰਾਂ ਲਈ ਤਾਂ ਹੋਟਲਾਂ ਵਿੱਚ ਕਮਰੇ ਬੁੱਕ ਕਰਾਏ ਗਏ ਹਨ। ਮੁਲਾਜ਼ਮਾਂ ਲਈ ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।
            ਇਥੇ ਪੁਲੀਸ ਲਾਈਨ ਵਿੱਚ ਅੱਜ ਸਵੇਰੇ ਹੀ ਬਾਹਰੋਂ ਪੁਲੀਸ ਪੁੱਜਣੀ ਸ਼ੁਰੂ ਹੋ ਗਈ ਸੀ। ਮਹਿਲਾ ਪੁਲੀਸ ਤੋਂ ਇਲਾਵਾ ਸਾਦੇ ਕੱਪੜਿਆਂ ਵਿੱਚ ਵੀ ਪੁਲੀਸ ਤਾਇਨਾਤ ਕੀਤੀ ਜਾ ਰਹੀ ਹੈ। ਸੀ.ਆਰ.ਪੀ.ਐਫ. ਅਤੇ ਬੀ.ਐਸ.ਐਫ. ਦੀ ਇੱਕ ਇੱਕ ਕੰਪਨੀ ਵੀ ਬਠਿੰਡਾ ਤਾਇਨਾਤ ਕੀਤੀ ਗਈ ਹੈ। ਵਿਸ਼ਵ ਕਬੱਡੀ ਕੱਪ ਅਤੇ ਡੇਰਾ ਵਿਵਾਦ ਕਾਰਨ ਪੁਲੀਸ ਨੂੰ ਇੱਕੋਂ ਸਮੇਂ ਦੋਵੇਂ ਪਾਸੇ ਧਿਆਨ ਦੇਣਾ ਪੈ ਰਿਹਾ ਹੈ। ਦੂਜੇ ਵਿਸ਼ਵ ਕੱਪ ਸਮੇਂ ਸਿਰਫ਼ ਸਟੇਡੀਅਮ ਦੇ ਆਸ ਪਾਸ ਹੀ ਪੁਲੀਸ ਦਾ ਪਹਿਰਾ ਸੀ। ਜ਼ਿਲ੍ਹਾ ਪੁਲੀਸ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਕਿਉਂਕਿ ਬੇਰੁਜ਼ਗਾਰ ਅਤੇ ਮੁਲਾਜ਼ਮ ਧਿਰਾਂ ਵੀ ਅੰਦਰੋਂ ਅੰਦਰੀਂ ਕਾਫ਼ੀ ਸਰਗਰਮ ਹਨ। ਉਪਰੋਂ ਸਿਰਸਾ ਕਾਂਡ ਵੀ ਹਾਲੇ ਠੰਢਾ ਨਹੀਂ ਹੋਇਆ ਹੈ। ਆਮ ਲੋਕ ਹੈਰਾਨ ਹਨ ਕਿ ਐਨੀ ਪੁਲੀਸ ਕਿਉਂ ਤਾਇਨਾਤ ਕੀਤੀ ਜਾ ਰਹੀ ਹੈ। ਬਠਿੰਡਾ ਪੁਲੀਸ ਦੇ ਐਸ.ਪੀ. (ਐਚ) ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਭਰ ਤੋਂ ਤਕਰੀਬਨ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਪੁੱਜ ਗਏ ਹਨ ਅਤੇ ਕੁਝ ਪੁਲੀਸ ਪਹਿਲੀ ਦਸੰਬਰ ਨੂੰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹਾਂ ਕਰਕੇ ਲੋੜ ਅਨੁਸਾਰ ਪੁਲੀਸ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਤੇਲ ਪੰਪਾਂ ਤੋਂ ਉਧਾਰਾਂ ਤੇਲ ਪਵਾਇਆ ਜਾ ਰਿਹਾ ਹੈ ਕਿਉਂਕਿ ਬਜਟ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੇ ਰੋਟੀ ਪਾਣੀ ਲਈ ਥਾਣਿਆਂ ਦੀ ਡਿਊਟੀ ਲਾਈ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਜ਼ੋਨ ਦੇ ਆਈ.ਜੀ. ਨਿਰਮਲ ਸਿੰਘ ਢਿੱਲੋਂ, ਡੀ.ਆਈ.ਜੀ. ਪ੍ਰਮੋਦ ਬਾਨ ਅਤੇ ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਸੁਰੱਖਿਆ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ।
                                                 ਹਾਕਮ ਧਿਰ ਦੇ ਪ੍ਰਾਹੁਣਿਆਂ ਲਈ ਵਿਸ਼ੇਸ਼ ਪ੍ਰਬੰਧ
ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੀ ਸਰਕਾਰੀ ਮਸ਼ੀਨਰੀ ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਦੀ ਤਿਆਰੀ 'ਤੇ ਲਗਾ ਦਿੱਤੀ ਹੈ ਜਿਸ ਕਾਰਨ ਬਾਕੀ ਸਰਕਾਰੀ ਕਾਰਜਾਂ ਨੂੰ ਬਰੇਕ ਲੱਗ ਗਈ ਹੈ। ਉਦਘਾਟਨੀ ਸਮਾਰੋਹਾਂ ਦੀ ਤਿਆਰੀ ਲਈ ਇੱਕ ਦਰਜਨ ਕਮੇਟੀਆਂ ਬਣਾਈਆਂ ਹਨ ਜਿਨ੍ਹਾਂ ਵਿੱਚ 60 ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਦੀ ਮਦਦ ਲਈ ਤਕਰੀਬਨ 100 ਮੁਲਾਜ਼ਮ ਹੋਰ ਕੰਮ ਕਰ ਰਹੇ ਹਨ। ਅੱਜ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੋਈ ਕੰਮ ਨਹੀਂ ਹੋਇਆ। ਆਮ ਲੋਕਾਂ ਨੂੰ ਦਫ਼ਤਰਾਂ ਵਿੱਚ ਖਾਲੀ ਕੁਰਸੀਆਂ ਹੀ ਮਿਲੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਤਾਂ ਆਪਣੇ ਦਫ਼ਤਰ ਦੇ ਬਾਹਰ ਨੋਟਿਸ ਹੀ ਲਗਾ ਦਿੱਤਾ ਹੈ ਕਿ ਅਸਲੇ ਸਬੰਧੀ ਕੰਮਕਾਰ ਵਾਲੇ 4 ਦਸੰਬਰ ਤੋਂ ਬਾਅਦ ਹੀ ਮਿਲਣ।
            ਉਦਘਾਟਨੀ ਸਮਾਰੋਹ ਵਿੱਚ ਹਾਕਮ ਧਿਰ ਦੇ ਪ੍ਰਾਹੁਣਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਵੀ.ਵੀ.ਆਈ.ਪੀ. ਗੈਲਰੀ ਵਿੱਚ ਇੱਕ ਹਜ਼ਾਰ ਕੁਰਸੀ ਦਾ ਪ੍ਰਬੰਧ ਹੈ ਅਤੇ ਵੀ.ਆਈ.ਪੀ. ਗੈਲਰੀ ਵਿੱਚ ਚਾਰ ਹਜ਼ਾਰ ਕੁਰਸੀਆਂ ਹਨ। ਤਕਰੀਬਨ ਪੰਜ ਹਜ਼ਾਰ ਤਾਂ ਵੀ.ਆਈ.ਪੀ. ਹੀ ਹੋਣਗੇ ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਪੁਲੀਸ ਮੁਲਾਜ਼ਮ ਹੋਣਗੇ। ਵੀ.ਵੀ.ਆਈ.ਪੀ. ਅਤੇ ਵੀ.ਆਈ.ਪੀ. ਪਾਸ ਐਤਕੀਂ ਸਿਰਫ਼ ਦੋ ਤਿੰਨ ਸਿਆਸੀ ਆਗੂਆਂ ਵੱਲੋਂ ਹੀ ਵੰਡੇ ਜਾ ਰਹੇ ਹਨ। ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਖਾਲੀ ਹਨ। ਸੂਤਰਾਂ ਅਨੁਸਾਰ ਸਿਰਫ਼ ਹਾਕਮ ਧਿਰ ਨਾਲ ਸਬੰਧਿਤ ਨੇੜਲੇ ਲੋਕਾਂ ਨੂੰ ਹੀ ਪਾਸ ਵੰਡੇ ਜਾ ਰਹੇ ਹਨ। ਸੂਚਨਾ ਅਨੁਸਾਰ ਹਲਕਾ ਜਲਾਲਾਬਾਦ 'ਚੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਤਿੰਨ ਸੌ ਮਹਿਮਾਨ ਉਦਘਾਟਨੀ ਸਮਾਰੋਹ ਵਿੱਚ ਪੁੱਜ ਰਹੇ ਹਨ ਜਿਨ੍ਹਾਂ ਨੂੰ ਲਿਆਉਣ ਲਈ ਪ੍ਰਸ਼ਾਸਨ ਨੇ ਬੱਸਾਂ ਦਾ ਪ੍ਰਬੰਧ ਕੀਤਾ ਹੈ। ਵੀ.ਆਈ.ਪੀ. ਗੈਲਰੀ ਵਿੱਚ ਇਨ੍ਹਾਂ ਮਹਿਮਾਨਾਂ ਦੀ ਖ਼ਾਤਰਦਾਰੀ ਲਈ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲੱਗੇਗੀ। ਇਸੇ ਤਰ੍ਹਾਂ ਪਿੰਡ ਬਾਦਲ ਅਤੇ ਕਾਲਝਰਾਨੀ ਤੋਂ ਪੰਜ ਸੌ ਮਹਿਮਾਨ ਪੁੱਜ ਰਹੇ ਹਨ ਜਿਨ੍ਹਾਂ ਲਈ ਬਕਾਇਦਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ 'ਚ ਬਕਾਇਦਾ ਇਹ ਹਦਾਇਤਾਂ ਦਰਜ ਹਨ।
           ਉਦਘਾਟਨੀ ਸਮਾਰੋਹਾਂ ਵਿੱਚ ਪੁੱਜਣ ਵਾਲੇ ਆਮ ਲੋਕਾਂ ਨੂੰ ਤਾਂ ਪਹਿਲਾਂ ਦੀ ਤਰ੍ਹਾਂ ਧਰਤੀ 'ਤੇ ਬੈਠ ਕੇ ਹੀ ਸਬਰ ਕਰਨਾ ਪਵੇਗਾ। ਵੀ.ਆਈ.ਪੀ. ਲੋਕਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਟੇਡੀਅਮ ਵਿੱਚ ਪੰਜ ਹਜ਼ਾਰ ਕੁਰਸੀ ਲਗਾਈ ਜਾ ਰਹੀ ਹੈ ਅਤੇ ਮੁੱਖ ਸਟੇਜ 'ਤੇ ਦੋ ਦਰਜਨ ਸੋਫੇ ਲਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਫਰੀਦਕੋਟ, ਮਾਨਸਾ, ਸੰਗਰੂਰ ਅਤੇ ਬਰਨਾਲਾ ਤੋਂ 20 ਅੰਬੈਸਡਰ ਗੱਡੀਆਂ ਵੀ ਉਧਾਰੀਆਂ ਲੈ ਲਈਆਂ ਹਨ। ਫ਼ੌਜ ਤੋਂ ਆਰਮੀ ਬੈਂਡ ਲਿਆ ਜਾ ਰਿਹਾ ਹੈ। ਸ਼ਹਿਰ ਦੇ ਸੈਪਲ ਹੋਟਲ ਵਿੱਚ 32 ਕਮਰੇ, ਹੋਟਲ ਕੰਫਟ ਇੰਨ ਵਿੱਚ 16 ਅਤੇ ਕ੍ਰਿਸ਼ਨਾ ਕੰਟੀਨੈਂਟਲ ਵਿੱਚ 16 ਕਮਰੇ ਬੁੱਕ ਕਰਾਏ ਗਏ ਹਨ। ਸਰਕਾਰੀ ਗੈਸਟ ਹਾਊਸ ਤਾਂ ਸਾਰੇ ਹੀ ਬੁੱਕ ਕੀਤੇ ਹੋਏ ਹਨ। ਸਿੱਖਿਆ ਮੰਤਰੀ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਹਾਜ਼ਰ ਸਨ। ਜਾਣਕਾਰੀ ਅਨੁਸਾਰ ਉਦਘਾਟਨੀ ਸਮਾਰੋਹਾਂ ਵਿੱਚ ਅਕਸ਼ੈ ਕੁਮਾਰ ਕਰੀਬ 7 ਵਜੇ ਪ੍ਰੋਗਰਾਮ ਪੇਸ਼ ਕਰਨਗੇ। ਉਸ ਤੋਂ ਪਹਿਲਾਂ ਲੇਜ਼ਰ ਸ਼ੋਅ ਹੋਵੇਗਾ। ਇਨ੍ਹਾਂ ਸਮਾਰੋਹਾਂ ਵਿੱਚ 1200 ਦੇ ਕਰੀਬ ਸਕੂਲੀ ਬੱਚੇ ਅਤੇ ਐਨ.ਸੀ.ਸੀ. ਕੈਡਿਟ ਸ਼ਾਮਲ ਹੋਣਗੇ। ਅੱਜ ਦੇਰ ਸ਼ਾਮ ਤੱਕ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹਾਂ ਲਈ ਸਟੇਜ ਸਜ ਗਈ ਸੀ ਅਤੇ ਭਲਕੇ ਰਿਹਰਸਲ ਹੋਵੇਗੀ।