Monday, September 16, 2013

                                ਵਕਤ ਦੀ ਗਰਦਸ਼
     ਕਰੋੜਾਂ ਦੀ ਕਬੱਡੀ, ਮਸਕਟਮੈਨ ਫਾਡੀ
                                 ਚਰਨਜੀਤ ਭੁੱਲਰ
ਬਠਿੰਡਾ : ਕਰੋੜਾਂ ਦੀ ਕਬੱਡੀ ਵਿੱਚੋਂ ਮਸਕਟਮੈਨ ਨੌਜਵਾਨ ਹਰਬੰਸ ਸਿੰਘ ਨੂੰ ਧੇਲਾ ਨਹੀਂ ਮਿਲਿਆ। ਤੀਜੇ ਵਿਸ਼ਵ ਕਬੱਡੀ ਕੱਪ ਵਿੱਚ ਮਸਕਟ ਮੈਨ ਬਣੇ ਬਠਿੰਡਾ ਦੇ ਇਸ ਨੌਜਵਾਨ ਨੂੰ ਮਿਹਨਤ ਦਾ ਮੁੱਲ ਵੀ ਨਹੀਂ ਮਿਲਿਆ। ਇਹ ਮਸਕਟਮੈਨ ਹੁਣ ਬਠਿੰਡਾ ਦੇ ਟੀਚਰਜ਼ ਹੋਮ ਦੀ ਕੰਟੀਨ 'ਤੇ ਆਪਣੇ ਪਿਤਾ ਦਰਸ਼ਨ ਸਿੰਘ ਦੀ ਮਦਦ ਲਈ ਭਾਂਡੇ ਮਾਂਜਦਾ ਹੈ। 17 ਵਰ੍ਹਿਆਂ ਦਾ ਹਰਬੰਸ ਸਿੰਘ ਹੁਣ ਬਾਰ੍ਹਵੀਂ ਜਮਾਤ ਵਿੱਚ ਸਥਾਨਕ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਹੈ। ਖੇਡ ਵਿਭਾਗ ਦੇ ਅਫਸਰਾਂ ਨੇ ਇਸ ਮਸਕਟਮੈਨ ਨਾਲ ਪੰਜ ਸੌ ਰੁਪਏ ਦਿਹਾੜੀ ਦਾ ਵਾਅਦਾ ਕੀਤਾ ਸੀ। 14 ਦਿਨਾਂ ਦੇ ਸੱਤ ਹਜ਼ਾਰ ਰੁਪਏ ਇਸ ਦਾ ਮਿਹਨਤਾਨਾ ਬਣਦਾ ਹੈ। ਜਦੋਂ ਵਿਸ਼ਵ ਕਬੱਡੀ ਕੱਪ ਚੱਲ ਰਿਹਾ ਸੀ ਤਾਂ ਉਦੋਂ ਇਹ ਮਸਕਟਮੈਨ ਹੀਰੋ ਬਣ ਕੇ ਉਭਰਿਆ ਸੀ। ਹਰ ਸਟੇਡੀਅਮ ਵਿੱਚ ਉਸ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ ਸੀ। ਹੁਣ ਉਹ ਫਿਰ ਵਕਤ ਦੀ ਗਰਦਸ਼ ਵਿੱਚ ਗੁਆਚ ਗਿਆ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨਾਲ ਪ੍ਰਤੀ ਦਿਨ 500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ। ਉਸ ਦਾ ਕਹਿਣਾ ਸੀ ਕਿ ਉਸ ਤੋਂ ਮਹੀਨਾ ਪਹਿਲਾਂ ਖੇਡ ਵਿਭਾਗ ਬਠਿੰਡਾ ਨੇ ਆਪਣੇ ਦਫਤਰ ਵਿੱਚ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਾਗ਼ਜ਼ਾਂ 'ਤੇ ਦਸਤਖ਼ਤ ਤਾਂ ਕਰਾ ਲਏ ਪਰ ਹਾਲੇ ਤੱਕ ਉਸ ਨੂੰ ਕੋਈ ਰਾਸ਼ੀ ਨਹੀਂ ਦਿੱਤੀ ਗਈ। 
              ਹਰਬੰਸ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਸਰਕਾਰ ਤੋਂ ਆਸ ਲਾਈ ਬੈਠੇ ਸਨ ਕਿ ਮਸਕਟਮੈਨ ਬਣਨ ਨਾਲ ਬੱਚੇ ਦੀ ਕਿਸਮਤ ਖੁੱਲ੍ਹ ਜਾਵੇਗੀ ਅਤੇ ਨੌਕਰੀ ਵਗੈਰਾ ਦੀ ਮਿਹਰ ਸਰਕਾਰ ਕਰੇਗੀ ਪਰ ਉਨ੍ਹਾਂ ਨੂੰ ਤਾਂ ਦਿਹਾੜੀ ਵੀ 10 ਮਹੀਨੇ ਮਗਰੋਂ ਨਹੀਂ ਮਿਲੀ। ਵਿਸ਼ਵ ਕਬੱਡੀ ਕੱਪ ਦੇ ਜਿਥੇ ਵੀ ਮੈਚ ਹੁੰਦੇ ਸਨ, ਉਥੇ ਇਸ ਮਸਕਟਮੈਨ ਨੂੰ ਲਿਜਾਣ ਵਾਸਤੇ ਗੱਡੀ ਤੇ ਹੈਲਪਰ ਦਿੱਤੇ ਹੋਏ ਸਨ। ਮਸਕਟਮੈਨ ਬਣੇ ਨੌਜਵਾਨ ਦੀ ਗੁਰਬਤ ਦੀ ਆਪਣੀ ਹੀ ਕਹਾਣੀ ਹੈ, ਜੋ ਦਿਲ ਹਿਲਾ ਦੇਣ ਵਾਲੀ ਹੈ। ਉਹ ਆਖਦਾ ਹੈ ਕਿ ਉਸ ਨੂੰ ਕਦੇ ਨਵੇਂ ਕੱਪੜੇ ਨਸੀਬ ਨਹੀਂ ਹੋਏ। ਕਬਾੜੀਆਂ ਤੋਂ ਖ਼ਰੀਦੇ ਕੱਪੜੇ ਹੀ ਉਸ ਦਾ ਤਨ ਢਕਦੇ ਹਨ। ਉਹ ਵਾਲੀਬਾਲ ਦੀ ਲਗਾਤਾਰ ਪ੍ਰੈਕਟਿਸ ਕਰਦਾ ਹੈ ਅਤੇ ਪੁਰਾਣੇ ਟਰੈਕ ਸੂਟ ਨਾਲ ਖੇਡ ਮੈਦਾਨ ਵਿੱਚ ਜਾਂਦਾ ਹੈ। ਉਸ ਦੇ ਬਾਪ ਨੇ ਦੱਸਿਆ ਕਿ ਉਸ ਨੇ ਤਾਂ ਜ਼ਿੰਦਗੀ ਵਿੱਚ ਖ਼ੁਦ ਬਹੁਤ ਪਾਪੜ ਵੇਲੇ ਹਨ। ਉਸ ਨੇ ਚਾਹ ਵਾਲੀ ਰੇਹੜੀ 'ਤੇ ਕੰਮ ਕੀਤਾ ਅਤੇ ਕਬਾੜੀਆ ਬਣ ਕੇ ਵੀ ਘਰ ਚਲਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਲੜਕੇ ਨੂੰ ਚੰਗਾ ਖਿਡਾਰੀ ਬਣਾਉਣਾ ਚਾਹੁੰਦਾ ਹੈ ਤਾਂ ਜੋ ਉਸ ਨੂੰ ਮੁੜ ਕਦੇ ਭਾਂਡੇ ਨਾ ਮਾਂਜਣੇ ਪੈਣ। ਨੌਜਵਾਨ ਹਰਬੰਸ ਸਿੰਘ ਦੱਸਦਾ ਹੈ ਕਿ ਜਦੋਂ ਮਸਕਟਮੈਨ ਦੀ ਪੇਸ਼ਕਸ਼ ਹੋਈ ਸੀ ਤਾਂ ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਪਰ ਹੁਣ ਇਹ ਖ਼ੁਸ਼ੀ ਖੰਭ ਲਾ ਕੇ ਉਡ ਗਈ ਹੈ।
                ਉਸ ਦਾ ਕਹਿਣਾ ਸੀ ਕਿ ਉਸ ਨੇ ਸੁਫਨੇ ਤਾਂ ਸਰਕਾਰ ਤੋਂ ਰੁਜ਼ਗਾਰ ਦੇ ਲਏ ਸਨ ਪਰ ਉਸ ਨੂੰ ਤਾਂ ਹਾਲੇ ਤਕ ਦਿਹਾੜੀ ਵੀ ਨਸੀਬ ਨਹੀਂ ਹੋਈ। ਇਸ ਵਾਲੀਬਾਲ ਖਿਡਾਰੀ ਦੀ ਮਹਿਲਾ ਕੋਚ ਕਾਫੀ ਮਦਦ ਕਰਦੀ ਹੈ। ਜਦੋਂ ਇਸ ਬਾਰੇ ਜ਼ਿਲ੍ਹਾ ਖੇਡ ਅਫਸਰ ਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਏਨਾ ਹੀ ਪਤਾ ਨਹੀਂ ਸੀ ਕਿ ਮਸਕਟਮੈਨ ਬਠਿੰਡਾ ਦਾ ਹੈ। ਉਨ੍ਹਾਂ ਆਖਿਆ ਕਿ ਜੇ ਕਿਤੇ ਦਸਤਖ਼ਤ ਕਰਾਏ ਗਏ ਹਨ ਤਾਂ ਉਸ ਵਿਦਿਆਰਥੀ ਨੂੰ ਅਦਾਇਗੀ ਕਰ ਦਿੱਤੀ ਗਈ ਹੋਵੇਗੀ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
                                                            ਕਰੋੜਾਂ ਦੇ ਬਕਾਏ ਅੜੇ
ਤੀਜੇ ਵਿਸ਼ਵ ਕਬੱਡੀ ਦੇ ਹਾਲੇ ਕਰੀਬ ਇਕ ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਇਨ੍ਹਾਂ ਵਿੱਚ ਹੋਟਲ ਮਾਲਕਾਂ ਦੇ ਕਾਫੀ ਬਕਾਏ ਹਨ। ਖੇਡ ਵਿਭਾਗ ਨੇ ਪੰਜਾਬ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਹੈ, ਜੋ ਹਾਲੇ ਪ੍ਰਾਪਤ ਨਹੀਂ ਹੋਏ। ਪਤਾ ਲੱਗਿਆ ਹੈ ਕਿ ਖ਼ਜ਼ਾਨਾ ਸੰਕਟ ਵਿੱਚ ਹੋਣ ਕਰ ਕੇ ਫੰਡ ਪ੍ਰਾਪਤ ਨਹੀਂ ਹੋਏ। ਏਦਾਂ ਦੇ ਹਾਲਾਤ ਰਹੇ ਤਾਂ ਖੇਡ ਵਿਭਾਗ ਨੂੰ ਚੌਥੇ ਵਿਸ਼ਵ ਕਬੱਡੀ ਕੱਪ ਦਾ ਪ੍ਰਬੰਧ ਕਰਨਾ ਔਖਾ ਹੋ ਜਾਵੇਗਾ। ਕੁਝ ਬਕਾਏ ਕਲੀਅਰ ਕਰਨ ਵਾਸਤੇ ਤਾਂ ਦੂਜੇ ਵਿਸ਼ਵ ਕਬੱਡੀ ਕੱਪ ਵਿੱਚੋਂ ਬਚੇ ਫੰਡ ਵਰਤੇ ਗਏ ਹਨ।

No comments:

Post a Comment