ਕੂਕ ਕਲਾਵਤੀ ਦੀ
ਮੇਰਾ ਲੁੱਟਿਆ ਗਿਆ ਸੁਹਾਗ...
ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਪੱਟੀ ਦੀ ਕਲਾਵਤੀ ਤਾਂ ਜ਼ਿੰਦਗੀ ਹੱਥੋਂ ਵੀ ਹਾਰ ਗਈ ਹੈ। ਖੇਤੀ ਸੰਕਟ ਨੇ ਸਮਾਜਿਕ ਸੱਟ ਵੀ ਮਾਰੀ ਹੈ। ਸੁਹਾਗ ਤੇ ਸਪਰੇਅ, ਹਰ ਕਲਾਵਤੀ ਇਨ੍ਹਾਂ ਲਫਜ਼ਾਂ ਤੋਂ ਹੁਣ ਤ੍ਰਿਭਕ ਪੈਂਦੀ ਹੈ। ਜ਼ਿੰਦਗੀ ਨੇ ਇਸ ਕਲਾਵਤੀ ਨੂੰ ਵਾਰ ਵਾਰ ਝਟਕੇ ਦਿੱਤੇ। ਫਿਰ ਵੀ ਉਹ ਹਾਰੀ ਨਹੀਂ ਕਿਉਂਕਿ ਖੇਤਾਂ ਦੇ ਵਾਰਸਾਂ ਨੂੰ ਉਹ ਗੁਆਉਣਾ ਨਹੀਂ ਚਾਹੁੰਦੀ ਹੈ। ਰਾਹੁਲ ਗਾਂਧੀ ਨੂੰ ਵਿਦਰਭ ਦੀ ਵਿਧਵਾ ਕਲਾਵਤੀ, ਜਿਸ ਦਾ ਪਤੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ, ਨੇ ਹਲੂਣ ਦਿੱਤਾ ਸੀ। ਉਸ ਕਲਾਵਤੀ ਦੀ ਆਵਾਜ਼ ਸੰਸਦ ਵਿੱਚ ਵੀ ਗੂੰਜੀ ਸੀ ਪਰ ਮਾਲਵੇ ਦੀਆਂ ਕਲਾਵਤੀਆਂ ਦਾ ਦਰਦ ਘਰਾਂ ਦੀ ਦੇਹਲੀ ਪਾਰ ਨਹੀਂ ਕਰ ਸਕਿਆ। ਖ਼ੁਦਕੁਸ਼ੀ ਕਰ ਗਏ ਹਰ ਕਿਸਾਨ ਦੀ ਵਿਧਵਾ ਦਾ ਦੁੱਖ ਵੱਡਾ ਹੈ। ਪਿੰਡ ਭੂੰਦੜ ਦੀ ਕਰਨੈਲ ਕੌਰ ਦੀ ਜ਼ਿੰਦਗੀ ਦੀ ਪਤੰਗ ਦੀ ਡੋਰ ਤਾਂ ਵਾਰ ਵਾਰ ਕੱਟੀ ਗਈ। ਉਹ ਪਤੀ ਵੀ ਗੁਆ ਬੈਠੀ ਹੈ ਅਤੇ ਜ਼ਮੀਨ ਵੀ। ਉਸ ਦਾ ਪਤੀ ਬੂਟਾ ਸਿੰਘ ਖ਼ੁਦਕੁਸ਼ੀ ਕਰ ਗਿਆ। ਉਸ ਨੇ ਭਾਣਾ ਮੰਨ ਲਿਆ। ਦੋ ਲੜਕਿਆਂ ਤੇ ਇੱਕ ਬੱਚੀ ਉਸ ਦੀ ਢਾਰਸ ਹੈ। ਕਰੀਬ ਪੰਜ ਏਕੜ ਜ਼ਮੀਨ ਵੀ ਕਰਜ਼ੇ ਵਿੱਚ ਵਿਕ ਗਈ। ਸਿਰਫ਼ ਡੇਢ ਏਕੜ ਜ਼ਮੀਨ ਬਚੀ ਹੈ। ਸਮਾਜਿਕ ਤੌਰ 'ਤੇ ਜਦੋਂ ਉਸ ਨੂੰ ਦਿਓਰ ਹਰਦੇਵ ਸਿੰਘ ਦੇ ਲੜ ਲਾ ਦਿੱਤਾ ਤਾਂ ਉਸ ਨੂੰ ਮੁੜ ਧਰਵਾਸ ਬੱਝਿਆ। ਥੋੜ੍ਹੇ ਸਮੇਂ ਮਗਰੋਂ ਹਰਦੇਵ ਸਿੰਘ ਵੀ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ। ਕਰਜ਼ੇ ਨੇ ਉਸ ਦੀ ਵਾਰ ਵਾਰ ਪ੍ਰੀਖਿਆ ਲਈ। ਦੋ ਵਾਰ ਉਸ ਦਾ ਸੁਹਾਗ ਉੱਜੜ ਗਿਆ। ਉਹ ਖੁਦ ਟੀਬੀ ਤੋਂ ਪੀੜਤ ਹੈ। ਸਰਕਾਰ ਨੇ ਤਾਂ ਉਸ ਨੂੰ ਦੋ ਲੱਖ ਰੁਪਏ ਦੀ ਮਾਲੀ ਮਦਦ ਵੀ ਨਹੀਂ ਦਿੱਤੀ। ਉਹ ਆਖਦੀ ਹੈ ਕਿ ਜਿਸ ਦੇ ਸਿਰ ਪੈਂਦੀ ਹੈ, ਬੱਸ ਉਹੀ ਜਾਣਦਾ ਹੈ।
ਪਿੰਡ ਗਿੱਦੜ ਦੀ ਵੀਰਾਂ ਕੌਰ ਹੁਣ ਕਿਸ ਬੂਹੇ 'ਤੇ ਜਾਵੇ। ਜਦੋਂ ਉਸ ਦੇ ਬੱਚਾ ਹੋਇਆ ਤਾਂ ਉਸ ਨੇ ਉਸ ਦਾ ਨਾਂ ਸਿਕੰਦਰ ਰੱਖਿਆ। ਇਹ ਕਲਾਵਤੀ ਅਣਜਾਣ ਸੀ ਕਿ ਸਮੇਂ ਦੇ ਸਿਕੰਦਰ ਹੁਣ ਕੋਈ ਵਾਹ ਨਹੀਂ ਜਾਣ ਦਿੰਦੇ। ਗੱਦੀ 'ਤੇ ਬੈਠੇ ਸਿਕੰਦਰਾਂ ਨੂੰ ਅੰਨਦਾਤੇ ਦਾ ਝੋਰਾ ਹੁੰਦਾ ਤਾਂ ਵੀਰਾਂ ਕੌਰ ਦੇ ਪਤੀ ਬਿੰਦਰ ਸਿੰਘ ਨੂੰ ਖ਼ੁਦਕੁਸ਼ੀ ਨਾ ਕਰਨੀ ਪੈਂਦੀ। ਜਦੋਂ ਘਰ ਦੇ ਤੀਲੇ ਬਿਖਰਨ ਲੱਗੇ ਤਾਂ ਮਾਪਿਆਂ ਨੇ ਆਪਣੀ ਧੀ ਵੀਰਾਂ ਕੌਰ ਨੂੰ ਮ੍ਰਿਤਕ ਦੇ ਛੋਟੇ ਭਰਾ ਦੇ ਲੜ ਲਾ ਦਿੱਤਾ। ਪੈਰ ਸੰਭਲੇ ਹੀ ਸਨ ਕਿ ਬਿੰਦਰ ਸਿੰਘ ਦਾ ਛੋਟਾ ਭਰਾ ਵੀ ਦੁਨੀਆ ਤੋਂ ਵਿਦਾ ਹੋ ਗਿਆ। ਵੀਰਾਂ ਕੌਰ ਦੇ ਹੱਥ ਹੁਣ ਖ਼ਾਲੀ ਹਨ। ਉਸ ਦਾ ਬੱਚਾ ਸਿਕੰਦਰ ਅਣਜਾਣ ਹੈ ਅਤੇ ਉਸ ਦੇ ਸਿਰ ਉਮਰ ਤੋਂ ਵੱਡਾ ਕਰਜ਼ਾ ਹੈ। ਸਰਕਾਰੀ ਸਰਵੇਖਣ ਵਿੱਚ ਸਿਕੰਦਰ ਸਿਰ 18 ਲੱਖ ਦਾ ਕਰਜ਼ਾ ਹੈ। ਹੁਣ ਉਸ ਦੇ ਹੰਝੂ ਸੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਵਿਧਵਾ ਨੂੰ ਪਲ ਪਲ ਆਪਣੇ ਆਪ ਨਾਲ ਜੰਗ ਲੜਨੀ ਪੈ ਰਹੀ ਹੈ ਪਰ ਫਿਰ ਵੀ ਉਹ ਪਤੀ ਦੇ ਵਿਗੋਚੇ 'ਚੋਂ ਬਾਹਰ ਨਿਕਲਣ ਦਾ ਯਤਨ ਕਰਦੀ ਹੈ। ਇਨ੍ਹਾਂ ਵਿਧਵਾਵਾਂ ਨੂੰ ਅੱਜ ਵੀ ਹੌਲ ਪੈਂਦੇ ਹਨ। ਇਨ੍ਹਾਂ ਦੇ ਵਾਰ ਵਾਰ ਸੁਹਾਗ ਉੱਜੜੇ, ਜਿਸ ਦੀ ਮਾਨਸਿਕ ਪੀੜ ਵੀ ਘੱਟ ਨਹੀਂ ਹੈ। ਦੱਸਣਯੋਗ ਹੈ ਕਿ ਖੇਤੀ ਸੰਕਟ ਦਾ ਸੰਤਾਪ ਔਰਤਾਂ ਨੇ ਵੀ ਬਰਾਬਰ ਭੋਗਿਆ ਹੈ। ਸਾਲ 2000 ਤੋਂ 2008 ਤੱਕ ਬਠਿੰਡਾ ਜ਼ਿਲ੍ਹੇ ਵਿੱਚ 137 ਔਰਤਾਂ ਨੇ ਕਰਜ਼ਿਆਂ ਦੇ ਜੰਜਾਲ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਹ ਅੰਕੜੇ ਸਰਕਾਰੀ ਸਰਵੇਖਣ ਰਿਪੋਰਟ ਦੇ ਹਨ। ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਵਿਦਰਭ ਖ਼ਿੱਤੇ ਦੀਆਂ ਵਿਧਵਾਵਾਂ ਲਈ ਤਾਂ ਸਪੈਸ਼ਲ ਪੈਕੇਜ ਦਿੱਤਾ ਸੀ ਪਰ ਪੰਜਾਬ ਦੇ ਮਾਲਵਾ ਖ਼ਿੱਤੇ ਦੀਆਂ ਵਿਧਵਾਵਾਂ ਅੱਜ ਵੀ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੀਆਂ ਹਨ।
ਪਿੰਡ ਹਾਕਮ ਸਿੰਘ ਵਾਲਾ ਦੀ ਵਿਧਵਾ ਮੁਖਤਿਆਰ ਕੌਰ ਦੇ ਘਰ ਤਾਂ ਵਾਰ ਵਾਰ ਸੱਥਰ ਵਿਛੇ ਪਰ ਹਾਕਮਾਂ ਨੂੰ ਫਿਰ ਵੀ ਦਰਦ ਨਾ ਆਇਆ। ਉਸ ਦਾ ਪਤੀ ਸੁਖਮੰਦਰ ਸਿੰਘ ਰੁਜ਼ਗਾਰ ਲਈ ਇਰਾਕ ਗਿਆ ਸੀ ਪਰ ਉਸ ਦੀ ਮ੍ਰਿਤਕ ਦੇਹ ਹੀ ਪਿੰਡ ਪੁੱਜੀ। ਉਸ ਨੂੰ ਸਮਾਜ ਨੇ ਜੇਠ ਦੇ ਲੜ ਲਾ ਦਿੱਤਾ ਤਾਂ ਜੋ ਉਸ ਦੀ ਜ਼ਿੰਦਗੀ ਸੰਭਲ ਜਾਏ। ਥੋੜ੍ਹੇ ਸਮੇਂ ਮਗਰੋਂ ਉਸ ਦਾ ਇਹ ਪਤੀ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਗਿਆ। ਇਸ ਵਿਧਵਾ ਦਾ ਰੋਣਾ ਝੱਲਿਆ ਨਹੀਂ ਜਾ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਉਸ ਦੀ ਜ਼ਿੰਦਗੀ ਤਾਂ ਵਾਰ ਵਾਰ ਲੁੱਟੀ ਗਈ। ਉਸ ਨੇ ਦੱਸਿਆ ਕਿ ਉਸ ਦੇ ਦਿਓਰ ਦੀ ਵੀ ਭਰੀ ਜਵਾਨੀ ਵਿੱਚ ਮੌਤ ਹੋ ਗਈ। ਵਿਧਵਾ ਮੁਖਤਿਆਰ ਕੌਰ ਹੁਣ ਕੱਪੜਿਆਂ ਦੀ ਸਿਲਾਈ ਕਰਕੇ ਬੱਚੇ ਪਾਲ ਰਹੀ ਹੈ। ਉਹ ਵਰ੍ਹਿਆਂ ਤੋਂ ਸਰਕਾਰੀ ਰਾਸ਼ੀ ਦੀ ਉਡੀਕ ਵਿੱਚ ਹੈ। ਇਨ੍ਹਾਂ ਔਰਤਾਂ ਦੇ ਜ਼ਖ਼ਮ ਤਾਂ ਅੱਜ ਵੀ ਅੱਲੇ ਹਨ। ਪਿੰਡ ਜੇਠੂਕੇ ਦੀ ਅਮਰਜੀਤ ਕੌਰ ਕੋਲ ਸਿਰਫ਼ ਕਰਜ਼ਾ ਬਚਿਆ ਹੈ। ਜਦੋਂ ਉਸ ਦੇ ਪਤੀ ਦੀ ਮੌਤ ਹੋਈ ਤਾਂ ਉਸ ਦਾ ਬੱਚਾ ਮਸਾਂ 7 ਮਹੀਨੇ ਦਾ ਸੀ। ਵਿਆਹ ਤੋਂ ਥੋੜ੍ਹੇ ਸਮੇਂ ਮਗਰੋਂ ਹੀ ਜ਼ਿੰਦਗੀ ਨੇ ਅਮਰਜੀਤ ਦੇ ਪੈਰ ਉਖਾੜ ਦਿੱਤੇ। ਮਾਪਿਆਂ ਨੇ ਲੜਕੀ ਦਾ ਘਰ ਵਸਾਉਣ ਲਈ ਉਸ ਦਾ ਵਿਆਹ ਮੁੜ ਪਿੰਡ ਜੇਠੂਕੇ ਵਿਖੇ ਕਰ ਦਿੱਤਾ। ਉਸ ਦਾ ਦੂਜਾ ਪਤੀ ਜੁਗਰਾਜ ਸਿੰਘ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ ਹੈ। ਉਸ ਦੇ ਸਿਰ ਸਹਿਕਾਰੀ ਸਭਾ ਦਾ ਕਰਜ਼ਾ ਹੈ। ਪਿੰਡ ਕੇਸਰ ਸਿੰਘ ਵਾਲਾ ਦੀ ਵਿਧਵਾ ਗੁਰਮੇਲ ਕੌਰ ਦਾ ਪਤੀ ਮਿੱਠੂ ਸਿੰਘ ਜਦੋਂ ਦੁਨੀਆ ਤੋਂ ਰੁਖ਼ਸਤ ਹੋ ਗਿਆ ਤਾਂ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਉਖੜ ਗਈ ਪਰ ਉਹ ਸੰਭਲੀ।
ਮਾਪਿਆਂ ਨੇ ਉਸ ਨੂੰ ਮਿੱਠੂ ਸਿੰਘ ਦੇ ਛੋਟੇ ਭਰਾ ਹਰਦੀਪ ਸਿੰਘ ਦੇ ਲੜ ਲਾ ਦਿੱਤਾ। ਗੁਰਮੇਲ ਕੌਰ ਨੂੰ ਜਦੋਂ ਪੁਰਾਣੇ ਦੁੱਖ ਭੁੱਲਣ ਲੱਗੇ ਤਾਂ ਅੰਮ੍ਰਿਤ ਵੇਲੇ ਹੀ ਉਸ ਦਾ ਪਤੀ ਹਰਦੀਪ ਸਿੰਘ ਵੀ ਸਲਫਾਸ ਖਾ ਕੇ ਸਦਾ ਲਈ ਸੌਂ ਗਿਆ। ਉਸ ਦੇ ਛੋਟੇ ਬੱਚੇ ਦੀ ਪੰਜ ਸਾਲ ਦੀ ਉਮਰ ਵਿੱਚ ਬਾਂਹ ਕੱਟੀ ਗਈ। ਸੱਸ ਚੂਲਾ ਟੁੱਟਣ ਕਰਕੇ ਮੰਜੇ ਵਿੱਚ ਪਈ ਹੈ ਅਤੇ ਸਹੁਰੇ ਨੂੰ ਅੱਖਾਂ ਤੋਂ ਦਿੱਸਦਾ ਨਹੀਂ ਹੈ। ਉਹ ਦਿਹਾੜੀ ਕਰਕੇ ਬੱਚੇ ਪਾਲ ਰਹੀ ਹੈ। ਉਹ ਆਖਦੀ ਹੈ ਕਿ ਹੁਣ ਕੋਈ ਸਹਾਰਾ ਨਹੀਂ ਬਚਿਆ। ਉਹ ਹਰ ਧਰਨੇ ਮੁਜ਼ਾਹਰੇ ਵਿੱਚ ਜਾਂਦੀ ਹੈ ਕਿ ਸ਼ਾਇਦ ਸਰਕਾਰ ਦੇ ਮਨ ਵਿੱਚ ਹੀ ਰਹਿਮ ਜਾਗ ਪਏ। ਇਸ ਤਰ੍ਹਾਂ ਦਰਦ ਹਰ ਵਿਧਵਾ ਦੇ ਹਨ, ਜਿਨ੍ਹਾਂ ਦੇ ਪਤੀ ਖੇਤਾਂ 'ਤੇ ਝੁੱਲੇ ਝੱਖੜ ਦੀ ਮਾਰ ਹੇਠ ਆ ਗਏ ਹਨ।
'ਸਰਕਾਰ ਨੂੰ ਕੋਈ ਸਰੋਕਾਰ ਨਹੀਂ'
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਵਿਧਵਾਵਾਂ ਸਮਾਜਿਕ ਸੰਤਾਪ ਵੀ ਝੱਲਦੀਆਂ ਅਤੇ ਨਿਹੋਰੇ ਵੀ ਝੱਲਣੇ ਪੈਂਦੇ ਹਨ ਪਰ ਉਨ੍ਹਾਂ ਨੂੰ ਕਿਧਰੇ ਕੋਈ ਦਰਦ ਵੰਡਾਉਣ ਵਾਲਾ ਨਹੀਂ ਦਿੱਸਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਸਰਕਾਰ ਨੂੰ ਇਨ੍ਹਾਂ ਵਿਧਵਾਵਾਂ ਨਾਲ ਕੋਈ ਸਮਾਜਿਕ ਸਰੋਕਾਰ ਨਹੀਂ ਹੈ। ਸਰਕਾਰਾਂ ਚਾਹੁਣ ਤਾਂ ਇਨ੍ਹਾਂ ਵਿਧਵਾਵਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ।

No comments:
Post a Comment