Sunday, February 5, 2012

                                                ਡੇਰਾ ਮੁਖੀ ਦੇ ਕੇਸ ਦਾ ਯੂ ਟਰਨ
                             ਚਰਨਜੀਤ ਭੁੱਲਰ
ਬਠਿੰਡਾ : ਡੇਰਾ ਮੁਖੀ ਖਿਲਾਫ ਦਰਜ ਪੁਲੀਸ ਕੇਸ ਕੈਂਸਲ ਕਰਨ ਦੇ ਮਾਮਲੇ ਨੇ ਵੋਟਾਂ ਪੈਣ ਮਗਰੋਂ ਯੂ ਟਰਨ ਲੈ ਲਿਆ ਹੈ।  ਇਹ ਮਾਮਲਾ ਉਦੋਂ ਨਵਾਂ ਰੁਖ਼ ਅਖਤਿਆਰ ਕਰ ਗਿਆ ਜਦੋਂ ਸ਼ਿਕਾਇਤਕਰਤਾ ਸਥਾਨਕ  ਅਦਾਲਤ ਵਿੱਚ ਪੁਲੀਸ ਵੱਲੋਂ ਦਾਇਰ ਆਪਣੇ  ਹਲਫੀਆ ਬਿਆਨ ਤੋਂ ਮੁਕਰ ਗਿਆ ਹੈ ਅਤੇ ਪਹਿਲੇ ਬਿਆਨ ਤੇ ਕਾਇਮ ਰਿਹਾ ।ਬਠਿੰਡਾ ਪੁਲੀਸ ਨੇ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ 27 ਜਨਵਰੀ ਨੂੰ ਜ਼ਿਲ੍ਹਾ ਅਦਾਲਤ ਬਠਿੰਡਾ ਵਿੱਚ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਦਰਜ ਪੁਲੀਸ ਕੇਸ ਨੂੰ ਰੱਦ ਕਰਨ ਲਈ ਅਰਜ਼ੀ ਦਾਇਰ ਕੀਤੀ ਸੀ। ਪੁਲੀਸ ਨੇ ਕੇਸ ਰੱਦ ਕੀਤੇ ਜਾਣ ਦਾ ਆਧਾਰ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੇ ਮੁਦਈ ਰਜਿੰਦਰ ਸਿੰਘ ਸਿੱਧੂ ਵੱਲੋਂ ਦਿੱਤੇ ਹਲਫ਼ੀਆ ਬਿਆਨ ਨੂੰ ਬਣਾਇਆ ਹੈ।ਪੁਲੀਸ ਵੱਲੋਂ ਅਦਾਲਤ ਵਿੱਚ ਮੁਦਈ ਦਾ ਜੋ ਹਲਫ਼ੀਆ ਬਿਆਨ ਪੇਸ਼ ਕੀਤਾ ਗਿਆ ਹੈ, ਉਸ ਵਿੱਚ ਮੁਦਈ ਨੇ ਆਖਿਆ ਹੈ ਕਿ ਉਸ ਨੇ ਡੇਰਾ ਮੁਖੀ ਨੂੰ ਡੇਰਾ ਸਲਾਬਤਪੁਰਾ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਵਾਂਗ ਉਤਾਰਦੇ ਨਹੀਂ ਦੇਖਿਆ ਅਤੇ ਨਾ ਹੀ ਖੁਦ ਕੋਈ ਭਾਸ਼ਣ ਸੁਣਿਆ ਹੈ। ਮੁਦਈ ਨੇ ਆਖਿਆ ਹੈ ਕਿ ਉਸ ਨੇ ਤਾਂ ਸਿਰਫ ਅਖ਼ਬਾਰਾਂ ਵਿੱਚ ਹੀ ਸਭ ਕੁਝ ਪੜ੍ਹਿਆ ਸੀ ਅਤੇ ਗਲਤਫਹਿਮੀ ਵਿੱਚ ਸਭ ਕੁਝ ਹੋ ਗਿਆ। ਕੋਤਵਾਲੀ ਪੁਲੀਸ ਨੇ ਇਸ ਆਧਾਰ 'ਤੇ ਪੁਲੀਸ ਕੇਸ ਰੱਦ ਕੀਤੇ ਜਾਣ ਦੀ ਅਰਜ਼ੀ ਦਾਇਰ ਕੀਤੀ ਸੀ।
            ਚੀਫ ਜੁਡੀਸ਼ਲ ਮੈਜਿਸਟਰੇਟ  ਹਰਜੀਤ ਸਿੰਘ ਦੀ ਅਦਾਲਤ ਨੇ ਅੱਜ ਇਸ ਮਾਮਲੇ ਦੀ ਸੁਣਵਾਈ 11 ਫਰਵਰੀ 'ਤੇ ਪਾ ਦਿੱਤੀ ਹੈ।ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਦੇ ਮੁਦਈ ਰਜਿੰਦਰ ਸਿੰਘ ਸਿੱਧੂ ਨੇ ਅੱਜ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਕਿ ਉਹ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਨਾਲ ਸਹਿਮਤ ਨਹੀਂ ਹੈ ਅਤੇ ਡੇਰਾ ਮੁਖੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਕੇਸ ਦਾ ਜਲਦੀ ਚਲਾਨ ਪੇਸ਼ ਹੋਣਾ ਚਾਹੀਦਾ ਹੈ। ਤਫਤੀਸ਼ੀ ਅਫਸਰ ਜਗਦੀਸ਼ ਲਾਲ ਵੀ ਅੱਜ ਅਦਾਲਤ ਵਿੱਚ ਪੇਸ਼ ਹੋਏ। ਮੁਦਈ ਵੱਲੋਂ ਇਕਦਮ ਪਾਲਾ ਬਦਲਣ ਤੋਂ ਬਾਅਦ ਹੁਣ ਡੇਰਾ ਮੁਖੀ ਖ਼ਿਲਾਫ਼ ਚੱਲ ਰਿਹਾ ਕੇਸ ਰੱਦ ਕਰਨ ਦਾ ਮਾਮਲਾ ਖਟਾਈ ਵਿੱਚ ਪੈ ਗਿਆ ਹੈ।ਮੁਦਈ ਰਜਿੰਦਰ ਸਿੰਘ ਸਿੱਧੂ ਅੱਜ ਮੀਡੀਆ ਕੋਲ ਇਸ ਗੱਲੋਂ ਮੁਕਰ ਗਿਆ ਕਿ ਉਸ ਨੇ ਬਠਿੰਡਾ ਪੁਲੀਸ ਨੂੰ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਲਈ ਕੋਈ ਹਲਫ਼ੀਆ ਬਿਆਨ ਦਿੱਤਾ ਹੈ। ਮੁਦਈ ਦੇ ਵਕੀਲ ਜਤਿੰਦਰ ਰਾਏ ਖੱਟੜ ਨੇ ਦਾਅਵਾ ਕੀਤਾ ਕਿ ਜੋ ਹਲਫ਼ੀਆ ਬਿਆਨ ਅਦਾਲਤ ਵਿੱਚ ਪੁਲੀਸ ਨੇ ਪੇਸ਼ ਕੀਤਾ ਹੈ, ਉਹ ਤਸਦੀਕਸ਼ੁਦਾ ਨਹੀਂ ਹੈ। ਮੁਦਈ ਨੇ ਆਖਿਆ ਕਿ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਉਸ ਤੋਂ ਕਈ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਾਏ ਸਨ।
            ਇਕੱਤਰ ਵੇਰਵਿਆਂ ਅਨੁਸਾਰ ਰਜਿੰਦਰ ਸਿੰਘ ਸਿੱਧੂ ਨੇ 20 ਜਨਵਰੀ, 2012 ਨੂੰ ਅਸਟਾਮ ਫਰੋਸ਼ ਜਿਸ ਦਾ ਲਾਇਸੈਂਸ ਨੰਬਰ 14/99 ਹੈ, ਤੋਂ ਨੰਬਰ 4344 ਤਹਿਤ ਅਸ਼ਟਾਮ ਖਰੀਦਿਆ। ਰਜਿੰਦਰ ਸਿੱਧੂ ਨੇ ਅਸ਼ਟਾਮ ਲੈਣ ਮੋਕੇ ਬਕਾਇਦਾ ਅਸ਼ਟਾਮ ਫਰੋਸ਼ ਦੇ ਰਜਿਸਟਰ ਵਿੱਚ ਦਸਤਖਤ ਕੀਤੇ ਹਨ। ਟਾਈਪ ਕੀਤੇ ਹਲਫੀਆਂ ਬਿਆਨ ਨੂੰ ਨੋਟਰੀ ਰਾਜੀਵ ਕੁਮਾਰ ਵੱਲੋਂ ਤਸਦੀਕ ਕੀਤਾ ਗਿਆ ਹੈ। ਨੋਟਰੀ ਦੇ ਰਜਿਸਟਰ ਵਿੱਚ ਨੰਬਰ 544 ਮਿਤੀ 20 ਜਨਵਰੀ 2012 ਤਹਿਤ ਹਲਫੀਆ ਬਿਆਨ ਦਰਜ ਹੈ। ਮੁਦਈ ਵੱਲੋਂ ਇੱਕੋ ਦਿਨ ਵਿੱਚ ਸਭ ਕੁਝ ਕੀਤਾ ਗਿਆ ਕਿਉਂਕਿ ਸਰਕਾਰ ਵੱਲੋਂ ਵੋਟਾਂ ਪੈਣ ਤੋਂ ਪਹਿਲਾਂ ਕੇਸ ਰੱਦ ਕੀਤੇ ਜਾਣ ਦੀ ਕਾਰਵਾਈ ਕੀਤੀ ਜਾਣੀ ਸੀ। ਮੁਦਈ ਰਜਿੰਦਰ ਸਿੰਘ ਸਿੱਧੂ ਵੱਲੋਂ 20 ਜਨਵਰੀ 2012 ਨੂੰ ਤਫਤੀਸ਼ੀ ਅਫਸਰ ਨੂੰ ਹਲਫੀਆ ਬਿਆਨ ਦਿੱਤਾ ਗਿਆ। ਤਫਤੀਸ਼ੀ ਅਫਸਰ ਵੱਲੋਂ ਬਕਾਇਦਾ ਹਲਫੀਆ ਬਿਆਨ ਦਿੱਤੇ ਜਾਣ ਦਾ ਅੰਦਰਾਜ ਮਿਸਲ ਵਿੱਚ ਪਾਇਅ ਗਿਆ ਹੈ। ਤਫਤੀਸ਼ੀ ਅਫਸਰ ਜਗਦੀਸ਼ ਲਾਲ ਦਾ ਕਹਿਣਾ ਸੀ ਕਿ ਮੁਦਈ ਵੱਲੋਂ ਦਿੱਤਾ ਤਸਦੀਕਸ਼ੁਦਾ ਹਲਫੀਆ ਬਿਆਨ ਹੀ ਉਨ੍ਹਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
           ਦੱਸਣਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਵੱਲੋਂ ਡੇਰਾ ਸਲਾਬਤਪੁਰਾ ਵਿਖੇ 29 ਅਪਰੈਲ 2007 ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਹਿਨ ਕੇ ਕਥਿਤ ਅੰਮ੍ਰਿਤ ਜਲ ਪਿਲਾਇਆ ਗਿਆ ਸੀ ਜਿਸ ਨੂੰ ਅਧਾਰ ਬਣਾ ਕੇ ਗੁਰੂਦੁਆਰਾ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਅਤੇ ਨਗਰ ਕੌਂਸਲਰ  ਰਜਿੰਦਰ ਸਿੰਘ ਸਿੱਧੂ ਨੇ 20 ਮਈ 2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਖੇ ਡੇਰਾ ਮੁਖੀ ਖਿਲਾਫ ਧਾਰਾ 295 ਏ ਤਹਿਤ (ਐਫ.ਆਈ.ਆਰ ਨੰਬਰ 262) ਪੁਲੀਸ ਕੇਸ ਦਰਜ ਕਰਾਇਆ ਸੀ। ਬਠਿੰਡਾ ਪੁਲੀਸ ਵੱਲੋਂ ਇਸ ਮਾਮਲੇ 'ਚ ਤਿੰਨ ਵਰ੍ਹੇ ਬੀਤ ਜਾਣ ਮਗਰੋਂ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ। ਪੁਲੀਸ ਵੱਲੋਂ 27 ਜਨਵਰੀ 2012 ਨੂੰ ਕੇਸ ਰੱਦ ਕਰਨ ਵਾਸਤੇ ਅਰਜ਼ੀ ਦੇਣ ਮਗਰੋਂ ਚੀਫ ਜੁਡੀਸ਼ਲ ਮੈਜਿਸਟਰੇਟ ਹਰਜੀਤ ਸਿੰਘ ਨੇ ਮੁਦਈ ਰਜਿੰਦਰ ਸਿੱਧੂ ਨੂੰ ਅੱਜ ਲਈ ਸੰਮਨ ਕੀਤਾ ਸੀ।  ਸੂਤਰਾਂ ਅਨੁਸਾਰ ਵੋਟਾਂ ਪੈਣ ਤੋਂ 10 ਦਿਨ ਪਹਿਲਾਂ ਹੀ ਅਕਾਲੀ ਸਰਕਾਰ ਨੇ ਡੇਰਾ ਸਿਰਸਾ ਦੀਆਂ ਵੋਟਾਂ ਲੈਣ ਖਾਤਰ ਡੇਰਾ ਮੁਖੀ ਖਿਲਾਫ ਦਰਜ ਕੇਸ ਰੱਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਸਰਕਾਰ ਵੱਲੋਂ ਦਬਾਓ ਪਾ ਕੇ ਮੁਦਈ ਤੋਂ ਹਲਫੀਆ ਬਿਆਨ ਇੱਕੋ ਦਿਨ ਵਿੱਚ ਦਿਵਾਇਆ ਗਿਆ। 27 ਜਨਵਰੀ ਨੂੰ ਪਰਚਾ ਖਾਰਜ ਕਰਨ ਦੀ ਅਰਜ਼ੀ ਅਦਾਲਤ ਵਿੱਚ ਦਾਇਰ ਕਰ ਦਿੱਤੀ ਗਈ ਸੀ।
          ਡੇਰਾ ਸਿਰਸਾ ਵੱਲੋਂ 28 ਜਨਵਰੀ ਨੂੰ ਹੀ ਵੋਟਾਂ ਲਈ ਸਿਆਸੀ ਹਮਾਇਤ ਦਾ ਗੁਪਤ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਸੀ। ਸੂਤਰ ਆਖਦੇ ਹਨ ਕਿ ਇਸ ਗੁਪਤ ਹਮਾਇਤ ਤੋਂ ਹੀ ਅਕਾਲੀ ਦਲ ਖਫ਼ਾ ਹੈ ਜਿਸ ਦੇ ਨਤੀਜੇ ਵਜੋਂ ਵੋਟਾਂ ਮਗਰੋਂ ਹੁਣ ਮੁਦਈ ਨੇ ਪਾਲਾ ਬਦਲ ਲਿਆ ਹੈ ਅਤੇ ਉਹ ਕੇਸ ਚਲਾਉਣ ਦੇ ਹੱਕ ਵਿੱਚ ਖੜ੍ਹ ਗਿਆ ਹੈ। ਮੁਦਈ ਰਜਿੰਦਰ ਸਿੱਧੂ ਦਾ ਕਹਿਣਾ ਸੀ ਕਿ ਉਸ 'ਤੇ ਕਿਸੇ ਨੇ ਕੋਈ ਦਬਾਅ ਨਹੀਂ ਪਾਇਆ ਹੈ ਅਤੇ ਉਸ ਨੇ ਨਾ ਹੀ ਕੋਈ ਹਲਫੀਆ ਬਿਆਨ ਦਿੱਤਾ ਹੈ।  ਬਠਿੰਡਾ 'ਚ ਕੇਸ ਦਰਜ ਹੋਣ ਮਗਰੋਂ ਡੇਰਾ ਮੁਖੀ ਹਾਈਕੋਰਟ ਚਲਾ ਗਿਆ ਸੀ। ਹਾਈਕੋਰਟ ਨੇ ਡੇਰਾਮੁਖੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਅਤੇ ਮਗਰੋਂ ਉਸ ਨੂੰ ਅਗਾਊ ਜ਼ਮਾਨਤ ਦੇ ਦਿੱਤੀ ਸੀ। ਉਸ ਤੋਂ ਪਹਿਲਾਂ ਬਠਿੰਡਾ ਅਦਾਲਤ ਨੇ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਸਨ। ਉਸ ਮਗਰੋਂ ਕੋਤਵਾਲੀ ਪੁਲੀਸ ਵਾਰ ਵਾਰ ਡੇਰਾ ਸਿਰਸਾ ਜਾ ਕੇ ਮਾਮਲੇ ਦੀ ਪੜਤਾਲ ਕਰਦੀ ਰਹੀ। ਮੁਦਈ ਰਜਿੰਦਰ ਸਿੰਘ ਸਿੱਧੂ ਨੇ 28 ਮਈ 2011 ਨੂੰ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਇਸ ਕੇਸ ਵਿੱਚ ਚਲਾਨ ਪੇਸ਼ ਕੀਤਾ ਜਾਵੇ ਪਰ ਅਦਾਲਤ ਵਿੱਚ ਪੁਲੀਸ ਵਾਰ ਵਾਰ ਇਹੋ ਆਖਦੀ ਰਹੀ ਕਿ ਪੜਤਾਲ ਚੱਲ ਰਹੀ ਹੈ। ਇਸ ਦੌਰਾਨ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਸਿੰਘ ਨੇ ਬਠਿੰਡਾ 'ਚ ਕੇ.ਕੇ.ਸਿੰਗਲਾ ਦੀ ਅਦਾਲਤ ਵਿੱਚ 28 ਮਈ 2011 ਨੂੰ  ਫੌਜਦਾਰੀ ਸ਼ਿਕਾਇਤ ਦਾਇਰ ਕਰਕੇ ਡੇਰਾ ਮੁਖੀ ਖਿਲਾਫ ਕੇਸ ਚਲਾਉਣ ਦੀ ਮੰਗ ਕੀਤੀ ਸੀ।
             ਡੇਰਾ ਸਿਰਸਾ ਦੇ ਮੁਖੀ ਖਿਲਾਫ ਬਠਿੰਡਾ ਵਿਖੇ ਦਰਜ ਕੇਸ ਨੂੰ ਵਾਪਸ ਲੈਣ ਸਬੰਧੀ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਬਾਰੇ ਅੱਜ ਧਾਰਮਿਕ ਆਗੂਆਂ ਨੇ ਵਧੇਰੇ ਕੁਝ ਕਹਿਣ ਤੋਂ ਸੰਕੋਚ ਕੀਤਾ ਹੈ।  ਇਸ ਸਬੰਧ ਵਿਚ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਅੱਜ ਹੀ ਵਿਦੇਸ਼ ਦੌਰੇ ਤੋਂ ਪਰਤੇ ਹਨ ਅਤੇ ਉਨ੍ਹਾਂ ਨੂੰ ਇਸ ਕੇਸ ਦੇ ਵਾਪਸ ਲੈਣ ਸਬੰਧੀ ਖ਼ਬਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਉਨ੍ਹਾਂ ਕਿਹਾ ਕਿ ਜੇਕਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੈ ਤਾਂ ਇਸ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ। ਕੇਸ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਬਾਰੇ ਸਾਰੀ ਸਥਿਤੀ ਨੂੰ ਦੇਖਣ ਉਪਰੰਤ ਹੀ ਆਪਣਾ ਪ੍ਰਤੀਕਰਮ ਦੇਣਗੇ।   ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਜੋ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਹਨ, ਨੇ ਵੀ ਇਸ ਸਬੰਧੀ ਖ਼ਬਰ ਬਾਰੇ ਅਗਿਆਨਤਾ ਪ੍ਰਗਟਾਈ ਪਰ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਇਥੇ ਆਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਮਾਮਲੇ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਹੈ।
                                                 ਨੰਦਗੜ੍ਹ ਨੇ ਮੁੜ ਡੇਰੇ ਖਿਲਾਫ ਝੰਡਾ ਚੁੱਕਿਆ
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਡੇਰਾ ਸਿਰਸਾ ਖ਼ਿਲਾਫ਼ ਮੁੜ ਬਿਗਲ ਵਜਾ ਦਿੱਤਾ ਹੈ। ਜਥੇਦਾਰ ਨੰਦਗੜ੍ਹ ਨੇ ਭਲਕੇ 5 ਫਰਵਰੀ ਨੂੰ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਵਿਖੇ ਮੀਟਿੰਗ ਸੱਦੀ ਹੈ, ਜਿਸ ਵਿੱਚ ਡੇਰੇ ਖ਼ਿਲਾਫ਼ ਨਵੀਂ ਰਣਨੀਤੀ ਦਾ ਐਲਾਨ ਕੀਤਾ ਜਾਣਾ ਹੈ। ਜਥੇਦਾਰ ਨੰਦਗੜ੍ਹ ਵੱਲੋਂ ਬੈਠਕ ਲਈ ਏਕਨੂਰ ਖ਼ਾਲਸਾ ਫ਼ੌਜ ਦੇ ਜ਼ਿਲ੍ਹਾ ਜਥੇਦਾਰਾਂ ਨੂੰ ਸੱਦਿਆ ਗਿਆ ਹੈ। ਇਸ ਮੀਟਿੰਗ ਵਿੱਚ ਏਕਨੂਰ ਖ਼ਾਲਸਾ ਫ਼ੌਜ ਦੇ ਕੰਮਾਂ ਦਾ ਵਿਸਥਾਰ ਕੀਤਾ ਜਾਣਾ ਹੈ।ਜਥੇਦਾਰ ਨੰਦਗੜ੍ਹ ਨੇ ਅੱਜ ਦੱਸਿਆ ਕਿ ਸਿੱਖ ਤਾਕਤ ਦਿਖਾਉਣ ਲਈ ਉਹ ਨਵੇਂ ਸਿਰੇ ਤੋਂ ਡੇਰਾ ਸਿਰਸਾ ਖ਼ਿਲਾਫ਼ ਭਲਕੇ ਮੁਹਿੰਮ ਵਿੱਢ ਰਹੇ ਹਨ ਤਾਂ ਜੋ ਸਿਆਸੀ ਲੋਕਾਂ ਅਤੇ ਆਮ ਲੋਕਾਂ 'ਚੋਂ ਡੇਰੇ ਦੀ ਸਿਆਸੀ ਤਾਕਤ ਦਾ ਭੁਲੇਖਾ ਦੂਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਡੇਰਾ ਵਿਵਾਦ ਹੋਣ ਮਗਰੋਂ ਜਥੇਦਾਰ ਨੰਦਗੜ੍ਹ ਨੇ ਹੀ ਡੇਰੇ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਛੇੜੀ ਸੀ।  ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਡੇਰਾ ਸਿਰਸਾ ਹੁਣ ਉਨ੍ਹਾਂ ਉਮੀਦਵਾਰਾਂ ਦੇ ਨਾਮ ਜੱਗ ਜ਼ਾਹਰ ਕਰੇ, ਜਿਨ੍ਹਾਂ ਨੂੰ ਡੇਰੇ ਨੇ ਸਿਆਸੀ ਹਮਾਇਤ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਦੀ ਇਹ ਯੋਜਨਾ ਰਹੀ ਹੈ ਕਿ ਚੋਣ ਨਤੀਜੇ ਆਉਣ ਮਗਰੋਂ ਡੇਰਾ ਸਿਰਸਾ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦਾ ਹੈ, ਜਦਕਿ ਅਜਿਹਾ ਨਹੀਂ ਹੁੰਦਾ ਹੈ। ਡੇਰਾ ਸਿਰਸਾ ਭੁਲੇਖੇ ਖੜ੍ਹੇ ਕਰਕੇ ਨਤੀਜਿਆਂ ਮਗਰੋਂ ਹੀ ਆਖਦਾ ਹੈ ਕਿ ਉਨ੍ਹਾਂ ਦੀ ਹਮਾਇਤ ਸਦਕਾ ਫਲਾਣੇ ਉਮੀਦਵਾਰਾਂ ਦੀ ਜਿੱਤ ਹੋਈ ਹੈ। ਉਨ੍ਹਾਂ ਆਖਿਆ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਡੇਰਾ ਸਿਰਸਾ ਉਮੀਦਵਾਰਾਂ ਦੇ ਨਾਮ ਜੱਗ ਜ਼ਾਹਰ ਕਰੇ, ਤਾਂ ਜੋ ਅਸਲੀਅਤ ਪਤਾ ਲੱਗ ਸਕੇ। ਉਨ੍ਹਾਂ ਆਖਿਆ ਕਿ ਹੁਣ ਤਾਂ ਸਿਆਸੀ ਨੇਤਾ ਵੀ ਆਪਣੀ ਛਵੀ ਬਚਾਉਣ ਖਾਤਰ ਡੇਰੇ ਦਾ ਨਾਮ ਲੈਂਦੇ ਹਨ। ਜੋ ਉਮੀਦਵਾਰ ਹਾਰ ਜਾਂਦਾ ਹੈ, ਉਹ ਆਖ ਦਿੰਦਾ ਹੈ ਕਿ ਡੇਰੇ ਨੇ ਹਰਾ ਦਿੱਤਾ ਅਤੇ ਜੋ ਜਿੱਤ ਜਾਂਦਾ ਹੈ, ਉਹ ਆਖਦਾ ਹੈ ਕਿ ਡੇਰੇ ਨੇ ਜਿਤਾ ਦਿੱਤਾ।
          ਉਨ੍ਹਾਂ ਆਖਿਆ ਕਿ ਸਿੱਖ ਕੌਮ ਦੀ ਵੋਟ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ ਜਾਂਦੀ ਹੈ, ਇਸ ਸਿੱਖ ਕੌਮ ਦੀ ਅਹਿਮੀਅਤ ਦੱਸਣ ਲਈ ਹੀ ਰਣਨੀਤੀ ਬਣਾਈ ਜਾਣੀ ਹੈ।  ਜਥੇਦਾਰ ਨੰਦਗੜ੍ਹ ਨੇ ਇਹ ਐਲਾਨ ਵੀ ਕੀਤਾ ਕਿ ਉਹ ਭਵਿੱਖ ਵਿੱਚ ਉਨ੍ਹਾਂ ਉਮੀਦਵਾਰਾਂ ਖ਼ਿਲਾਫ਼ ਡਟਣਗੇ, ਜਿਨ੍ਹਾਂ ਨੂੰ ਡੇਰਾ ਸਿਰਸਾ ਵੱਲੋਂ ਸਿਆਸੀ ਹਮਾਇਤ ਦਿੱਤੀ ਜਾਵੇਗੀ ਭਾਵੇਂ ਉਹ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ। ਉਨ੍ਹਾਂ ਆਖਿਆ ਕਿ ਸਿਆਸੀ ਨੇਤਾਵਾਂ ਨੇ ਡੇਰੇ ਦੇ ਚੱਕਰ ਕੱਢ ਕੇ ਡੇਰਾਵਾਦ ਨੂੰ ਹਵਾ ਦਿੱਤੀ ਹੈ, ਜਿਸ ਨਾਲ ਆਮ ਲੋਕ ਵੀ ਗੁੰਮਰਾਹ ਹੋ ਜਾਂਦੇ ਹਨ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਬਠਿੰਡਾ ਪੁਲੀਸ ਵੱਲੋਂ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਕਾਰਵਾਈ ਦੇ ਮਾਮਲੇ 'ਚ ਆਖਿਆ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪੁਲੀਸ ਡੇਰਾ ਮੁਖੀ ਖ਼ਿਲਾਫ਼ ਚਲਾਨ ਪੇਸ਼ ਕਰੇ ਅਤੇ ਕੇਸ ਚਲਾਵੇ। ਉਨ੍ਹਾਂ ਆਖਿਆ ਕਿ ਮੁਦਈ ਵੀ ਕੇਸ ਚਲਾਉਣ ਲਈ ਡਟ ਕੇ ਪਹਿਰਾ ਦੇਵੇ। ਸਿੱਖ ਪੰਥ ਮੁਦਈ ਦੇ ਨਾਲ ਖੜ੍ਹਾ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਵੋਟਾਂ ਖਾਤਰ ਹੀ ਪਰਚਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਹੋਈ ਹੋਵੇਗੀ।
                                                ਕੇਸ ਤਾਂ ਪਹਿਲਾਂ ਹੀ ਖਤਮ:ਡੇਰਾ ਸਿਰਸਾ
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਹੈ ਕਿ ਡੇਰਾ ਮੁਖੀ ਵਿਰੁੱਧ ਦਰਜ ਕੇਸ ਪਹਿਲਾਂ ਹੀ ਆਪਣੇ ਆਪ ਖਤਮ ਹੋ ਗਿਆ ਹੈ ਕਿਉਂਕਿ ਤਿੰਨ ਵਰ੍ਹਿਆਂ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਕਿ ਹੁਣ ਕੇਸ ਕੈਂਸਲ ਕਰਨ ਜਾਂ ਨਾ ਕਰਨ ਬਾਰੇ ਬਠਿੰਡਾ ਪ੍ਰਸ਼ਾਸਨ ਨੂੰ ਹੀ ਪਤਾ ਹੈ।

1 comment:

  1. ਸਿੱਖ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਡੇਰਾ ਮੁਖੀ ਦੇ ਖਿਲਾਫ ਕੇਸ ਜਾਂ ਕਾਰਵਾਈ ਕਰਨਾ ਠੀਕ ਹੈ ਜਾਂ ਗਲਤ ਇਹ ਇਕ ਵੱਖਰਾ ਮੁੱਦਾ ਹੈ। ਪਰ ਜਿਸ ਤਰ੍ਹਾਂ ਰਜਿੰਦਰ ਸਿੰਘ ਸਿੱਧੂ ਵੱਲੋਂ ਚੋਣਾਂ ਮੌਕੇ ਸਿਆਸੀ ਇਸ਼ਾਿਰਆਂ ਤੇ ਬਿਆਨ ਬਦਲੇ ਗਏ ਉਹ ਬਹੁਤ ਹੀ ਸ਼ਰਮਨਾਕ ਹੈ। ਸਮਝ ਨਹੀਂ ਆਉਂਦੀ ਕਿ ਐਡੀ ਬੇਸ਼ਰਮੀ ਕਿਵੇਂ ਧਾਰੀ ਜਾਂਦੀ ਹੈ? ਕੀ ਇਹ ਲੋਕਾਂ ਨੂੰ ਬਿਲਕੁਲ ਮੂਰਖ ਹੀ ਸਮਝਦੇ ਹਨ? ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਲੋਕ ਛੋਟੇ ਮੋਟੇ ਲੀਡਰ (ਕੌਂਸਲਰ) ਵੀ ਬਣੇ ਹੋਏ ਹਨ। ਪੰਜਾਬੀ ਸਿਆਸਤ ਦੀ ਇਸ ਪੱਧਰ ਤੱਕ ਦੀ ਗਿਰਾਵਟ ਤੇ ਸ਼ਰਮਸਾਰ ਵੀ ਹਾਂ ਅਤੇ ਦੁਖੀ ਵੀ।
    ਰਾਜਪਾਲ ਸਿੰਘ, ਕੋਟਕਪੂਰਾ

    ReplyDelete