Tuesday, February 14, 2012

     ਕਬੱਡੀ ਕੱਪ ਦਾ ਖਰਚਾ ਕੌਣ ਤਾਰੂ !
                          ਚਰਨਜੀਤ ਭੁੱਲਰ
ਬਠਿੰਡਾ : ਅਕਾਲੀ-ਭਾਜਪਾ ਗਠਜੋੜ ਸਰਕਾਰ ਕੋਲ ਦੂਜੇ ਵਿਸ਼ਵ ਕਬੱਡੀ ਕੱਪ 'ਤੇ ਆਏ ਕਰੋੜਾਂ ਰੁਪਏ ਦੇ ਖਰਚ ਦੀ ਅਦਾਇਗੀ ਲਈ ਪੈਸਾ ਨਹੀਂ ਹੈ। ਸਰਕਾਰ ਨੇ ਬੱਲੇ ਬੱਲੇ ਤਾਂ ਕਰਵਾ ਲਈ ਪਰ ਹੁਣ ਸੈਂਕੜੇ ਫਰਮਾਂ ਬਿੱਲ ਲੈ ਕੇ ਸਰਕਾਰ ਦੇ ਪਿੱਛੇ ਪਿੱਛੇ ਘੁੰਮ ਰਹੀਆਂ ਹਨ। ਦੂਜੇ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਅਤੇ ਸੈਮੀਫਾਈਨਲ ਮੈਚ ਬਠਿੰਡਾ ਵਿੱਚ ਹੋਇਆ ਸੀ। ਉਦਘਾਟਨੀ ਸਮਾਰੋਹਾਂ ਤੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਵੀ ਆਇਆ। ਇਨ੍ਹਾਂ ਸਮਾਗਮਾਂ 'ਤੇ ਆਏ ਖਰਚ ਵਿੱਚੋਂ ਹਾਲੇ ਤੱਕ 1.58 ਕਰੋੜ  ਰੁਪਏ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸਰਕਾਰ ਨੂੰ ਵਾਰ ਵਾਰ ਲਿਖਿਆ ਜਾ ਰਿਹਾ ਹੈ ਕਿ ਪੈਸੇ ਭੇਜੋ। ਸਰਕਾਰ ਦਾ ਖ਼ਜ਼ਾਨਾ ਖਾਲੀ ਹੈ, ਜਿਸ ਕਰਕੇ ਸੈਂਕੜੇ ਕਾਰੋਬਾਰੀਆਂ ਦੀ ਰਾਸ਼ੀ ਫਸ ਗਈ ਹੈ।ਸੂਚਨਾ ਦੇ ਅਧਿਕਾਰ ਤਹਿਤ ਜੋ ਸੂਚਨਾ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦਿੱਤੀ ਗਈ ਹੈ, ਉਸ ਮੁਤਾਬਕ ਸਰਕਾਰ ਵੱਲੋਂ ਹਾਲੇ ਤੱਕ 1,58,59,788 ਰੁਪਏ ਦੇ ਬਕਾਏ ਤਾਰੇ ਨਹੀਂ ਗਏ। ਸਭ ਤੋਂ ਵੱਡੀ ਰਾਸ਼ੀ ਕਰੀਬ ਇਕ ਦਰਜਨ ਹੋਟਲ ਮਾਲਕਾਂ ਦੀ ਹੈ, ਜਿਨ੍ਹਾਂ ਵਿੱਚ ਕੌਮਾਂਤਰੀ ਖਿਡਾਰੀਆਂ ਨੂੰ ਠਹਿਰਾਇਆ ਗਿਆ ਸੀ। ਜ਼ਿਲ੍ਹਾ ਪੁਲੀਸ ਬਠਿੰਡਾ ਵੱਲੋਂ ਇਨ੍ਹਾਂ ਖੇਡਾਂ 'ਤੇ 10,65,670 ਰੁਪਏ ਖਰਚੇ ਗਏ ਅਤੇ ਫਰਮਾਂ ਹੁਣ ਪੁਲੀਸ ਦੇ ਪਿੱਛੇ ਪਿੱਛੇ ਚੱਕਰ ਕੱਟ ਰਹੀਆਂ ਹਨ। ਕਬੱਡੀ ਦੌਰਾਨ ਜੋ ਪ੍ਰਾਈਵੇਟ ਬੱਸਾਂ ਕਿਰਾਏ 'ਤੇ ਲਈਆਂ ਗਈਆਂ ਸਨ, ਉਨ੍ਹਾਂ ਨੂੰ ਹਾਲੇ ਤੱਕ ਅਦਾਇਗੀ ਨਹੀਂ ਕੀਤੀ ਗਈ। ਸਰਕਾਰ ਵੱਲ 227 ਬੱਸਾਂ ਦੀ ਅਦਾਇਗੀ ਫਸੀ ਹੋਈ ਹੈ, ਜੋ 7,94,500 ਰੁਪਏ ਬਣਦੀ ਹੈ। ਅੱਧੀ ਦਰਜਨ ਇਨੋਵਾ ਗੱਡੀਆਂ ਦਾ ਕਿਰਾਇਆ ਵੀ ਸਰਕਾਰ ਨੇ 8 ਲੱਖ ਰੁਪਏ ਹਾਲੇ ਤੱਕ ਨਹੀਂ ਦਿੱਤਾ ਹੈ।
           ਸਰਕਾਰ ਵੱਲੋਂ ਮਹਿਲਾ ਖਿਡਾਰੀਆਂ ਨੂੰ ਬਠਿੰਡਾ ਵਿੱਚ ਨਵੇਂ ਟਰੈਕ ਸੂਟ ਦਿਵਾਏ ਗਏ ਸਨ, ਜਿਨ੍ਹਾਂ ਦੀ ਰਾਸ਼ੀ 1,27,445 ਰੁਪਏ ਬਣਦੀ ਹੈ, ਉਹ ਵੀ ਨਹੀਂ ਦਿੱਤੀ ਗਈ ਹੈ। ਇਹ ਟਰੈਕ ਸੂਟ ਬਠਿੰਡਾ ਦੇ ਨਿਊ ਫੈਸ਼ਨ ਕੈਂਪ ਤੋਂ ਖਰੀਦੇ ਗਏ ਸਨ ਕਿਉਂਕਿ ਬਠਿੰਡਾ ਵਿੱਚ ਸੈਮੀਫਾਈਨਲ ਮੈਚ ਤੋਂ ਇਕ ਦਿਨ ਪਹਿਲਾਂ ਖਿਡਾਰੀਆਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ ਖਿਡਾਰਨਾਂ ਦਾ ਸਾਰਾ ਸਾਮਾਨ ਜਲ ਗਿਆ ਸੀ। ਇਸ ਕਰਕੇ ਖਿਡਾਰਨਾਂ ਨੂੰ ਨਵੇਂ ਟਰੈਕ ਸੂਟ ਬਠਿੰਡਾ ਤੋਂ ਦਿਵਾਏ ਗਏ ਸਨ। ਇਸ ਤਰ੍ਹਾਂ ਜ਼ੀਰਕਪੁਰ ਤੋਂ ਆਨੰਦ ਕੇਟਰਿੰਗ ਨੇ ਕਬੱਡੀ ਦੇ ਉਦਘਾਟਨੀ ਸਮਾਰੋਹਾਂ 'ਤੇ ਸਰਵਿਸ ਦਿੱਤੀ ਸੀ, ਜਿਸ ਦੀ ਰਾਸ਼ੀ 10,49,945 ਰੁਪਏ ਬਣਦੀ ਸੀ ਅਤੇ ਸੈਮੀਫਾਈਨਲ ਮੈਚ ਵਾਲੇ ਦਿਨ ਵੀ ਇਸ ਕੇਟਰਿੰਗ ਵੱਲੋਂ ਸਰਵਿਸ ਦਿੱਤੀ ਗਈ, ਜਿਸ ਦੀ ਰਾਸ਼ੀ 1,27,445 ਰੁਪਏ ਬਣਦੀ ਹੈ। ਇਸ ਕੇਟਰਿੰਗ ਨੂੰ ਹਾਲੇ ਤੱਕ ਧੇਲਾ ਨਹੀਂ ਮਿਲਿਆ ਹੈ।ਬਠਿੰਡਾ ਦੇ ਦੋ ਟੈਂਟ ਹਾਊਸ ਅਤੇ ਲਾਈਟ ਹਾਊਸ ਵਾਲੇ ਵੀ ਰਾਸ਼ੀ ਲੈਣ ਲਈ ਸਰਕਾਰ ਦੇ ਪਿੱਛੇ ਪਿੱਛੇ ਘੁੰਮ ਰਹੇ ਹਨ। ਬਠਿੰਡਾ ਦੇ ਗੁਰੂ ਨਾਨਕ ਟੈਂਟ ਹਾਊਸ ਅਤੇ ਸਿੰਗਲਾ ਲਾਈਟ ਹਾਊਸ ਵੱਲੋਂ ਉਦਘਾਟਨੀ ਸਮਾਰੋਹਾਂ ਅਤੇ ਸੈਮੀਫਾਈਨਲ ਮੈਚ ਵਾਲੇ ਦਿਨ ਸੇਵਾਵਾਂ ਦਿੱਤੀਆਂ ਗਈਆਂ ਸਨ। ਇਨ੍ਹਾਂ ਫਰਮਾਂ ਦੀ ਰਾਸ਼ੀ ਕਰੀਬ 7 ਲੱਖ ਰੁਪਏ ਬਣਦੀ ਹੈ, ਜੋ ਹਾਲੇ ਤੱਕ ਨਹੀਂ ਮਿਲੀ। ਦੂਜਾ ਵਿਸ਼ਵ ਕਬੱਡੀ ਕੱਪ ਹੋਏ ਨੂੰ ਕਰੀਬ ਤਿੰਨ ਮਹੀਨੇ ਬੀਤ ਚੁੱਕੇ ਹਨ ਪਰ ਫਰਮਾਂ ਨੂੰ ਹਾਲੇ ਤੱਕ ਰਾਸ਼ੀ ਨਹੀਂ ਮਿਲੀ। ਬਠਿੰਡਾ ਦੇ 14 ਹੋਟਲ ਮਾਲਕ ਵੀ ਮੱਥੇ 'ਤੇ ਹੱਥ ਮਾਰ ਰਹੇ ਹਨ। ਇਨ੍ਹਾਂ ਦੇ ਕਰੀਬ ਇਕ ਕਰੋੜ ਰੁਪਏ ਦੇ ਬਕਾਏ ਸਰਕਾਰ ਵੱਲ ਖੜ੍ਹੇ ਹਨ। ਸਭ ਤੋਂ ਵੱਧ ਰਾਸ਼ੀ ਕੰਫਟ ਇਨ ਦੀ 22,92,255 ਰੁਪਏ ਦੀ ਸਰਕਾਰ ਵੱਲ ਫਸੀ ਹੋਈ ਹੈ। ਬਾਹੀਆ ਰਿਜ਼ੌਰਟ ਦੀ ਕਰੀਬ 13,75,290 ਰੁਪਏ ਦੀ ਰਾਸ਼ੀ ਸਰਕਾਰ ਨੇ ਨਹੀਂ ਦਿੱਤੀ।
          ਹੋਟਲ ਮਾਲਕਾਂ ਨੇ ਤਾਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਅਦਾਲਤ ਵਿੱਚ ਜਾਣਗੇ। ਦੀਪ ਸਟੂਡੀਓ ਬਠਿੰਡਾ ਵੱਲੋਂ ਫੋਟੋਗਰਾਫੀ ਕੀਤੀ ਗਈ ਸੀ, ਜਿਸ ਦੀ 32,960 ਰੁਪਏ ਦੀ ਰਾਸ਼ੀ ਫਸੀ ਹੋਈ ਹੈ ਅਤੇ ਬਾਂਸਲ ਸਟੇਸ਼ਨਰੀ ਸਟੋਰ ਵੱਲੋਂ ਸਮਾਗਮਾਂ ਲਈ ਕਰੀਬ 1,35,000 ਰੁਪਏ ਦੀ ਸਟੇਸ਼ਨਰੀ ਸਪਲਾਈ ਕੀਤੀ ਗਈ ਸੀ, ਉਸ ਨੂੰ ਵੀ ਕੋਈ ਪੈਸਾ ਸਰਕਾਰ ਵੱਲੋਂ ਨਹੀਂ ਮਿਲਿਆ। ਭਗਵਤੀ ਕਲਰ ਲੈਬ ਦੇ ਕਰੀਬ 21 ਹਜ਼ਾਰ ਰੁਪਏ ਦੀ ਰਾਸ਼ੀ ਫਸੀ ਹੋਈ ਹੈ। ਮੈਟਰੋ ਕਾਰਨਰ, ਅਰੋੜਾ ਡਰਾਈ ਫਰੂਟ, ਰਾਮਾ ਗਲਾਸਿਜ਼ ਅਤੇ ਜਗਦੰਬੇ ਸਟੀਲ ਹਾਊਸ ਦੇ ਮਾਲਕ ਵੀ ਆਪਣੀ ਅਦਾਇਗੀ ਲੈਣ ਲਈ ਤਹਿਸੀਲਦਾਰ ਦੇ ਦਫ਼ਤਰਾਂ ਵਿੱਚ ਗੇੜੇ ਮਾਰ ਰਹੇ ਹਨ। ਡਿਪਟੀ ਕਮਿਸ਼ਨਰ ਆਖਦੇ ਹਨ ਕਿ ਉਨ੍ਹਾਂ ਨੇ ਕਈ ਦਫ਼ਾ ਸਰਕਾਰ ਨੂੰ ਲਿਖ ਦਿੱਤਾ ਹੈ ਤਾਂ ਜੋ ਅਦਾਇਗੀ ਕੀਤੀ ਜਾ ਸਕੇ। ਇਨ੍ਹਾਂ ਫਰਮਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਰਾਸ਼ੀ ਡੁੱਬਣ ਦਾ ਖਤਰਾ ਬਣ ਗਿਆ ਹੈ।

1 comment:

  1. Hun agli sarkar sochu...ehnu nu pata si k asin mud k ni ana...khali kar jao...........

    ReplyDelete