Tuesday, February 21, 2012

                ਕੇਬਲ ਮਾਫੀਏ ਨੇ 'ਛੋਟੇ' ਰਗੜੇ
                                  ਚਰਨਜੀਤ ਭੁੱਲਰ
ਬਠਿੰਡਾ : ਵੱਡੇ ਕੇਬਲ ਕਾਰੋਬਾਰੀਆਂ ਨੇ ਕਰੀਬ ਡੇਢ ਸੌ ਕੇਬਲ ਅਪਰੇਟਰ ਰਗੜ ਦਿੱਤੇ ਹਨ। ਛੋਟੇ ਕੇਬਲ ਅਪਰੇਟਰ ਮਾਲੀ ਸੰਕਟ ਵਿੱਚ ਫਸ ਗਏ ਹਨ ਕਿ ਉਹ ਸਰਕਾਰੀ ਬਕਾਏ  ਵੀ ਤਾਰ ਨਹੀਂ ਸਕੇ। ਆਬਕਾਰੀ ਅਤੇ ਕਰ ਮਹਿਕਮੇ ਦੇ 152 ਕੇਬਲ ਅਪਰੇਟਰ ਡਿਫਾਲਟਰ ਹਨ, ਜਿਨ੍ਹਾਂ ਵੱਲੋਂ ਮਨੋਰੰਜਨ ਕਰ ਤਾਰਿਆ ਨਹੀਂ ਜਾ ਸਕਿਆ। ਬਹੁਤੇ ਕੇਬਲ ਅਪਰੇਟਰਾਂ ਨੂੰ ਮਹਿਕਮੇ ਨੇ ਹਲਫੀਆ ਬਿਆਨ ਵੀ ਦੇ ਦਿੱਤੇ ਹਨ ਕਿ ਉਨ੍ਹਾਂ ਦਾ ਧੰਦਾ ਬੰਦ ਹੋ ਗਿਆ ਹੈ। ਛੋਟੇ ਕੇਬਲ ਅਪਰੇਟਰ ਆਪਣਾ ਕੰਮ ਕਾਰ ਤਾਂ ਛੱਡ ਗਏ ਹਨ ਪਰ ਹੁਣ ਸਰਕਾਰ ਦੀ ਇਨ੍ਹਾਂ ਵੱਲ 55.15 ਲੱਖ ਰੁਪਏ ਦੀ ਰਾਸ਼ੀ ਫਸ ਗਈ ਹੈ। ਜਦੋਂ ਤੋਂ ਪੰਜਾਬ ਵਿੱਚ ਵੱਡੇ ਕੇਬਲ ਕਾਰੋਬਾਰੀਆਂ ਦਾ ਇਜ਼ਾਰੇਦਾਰੀ ਹੋਈ ਹੈ, ਉਦੋਂ ਤੋਂ ਛੋਟੇ ਕੇਬਲ ਅਪਰੇਟਰ ਕਾਰੋਬਾਰ ਵਿੱਚੋਂ ਬਾਹਰ ਹੋ ਗਏ ਹਨ। ਮਹਿਕਮੇ ਕੋਲ ਇਨ੍ਹਾਂ ਤੋਂ ਵਸੂਲੀ ਲਈ ਕੋਈ ਰਾਹ ਨਹੀਂ ਬਚਿਆ। ਇਨ੍ਹਾਂ ਕੇਬਲ ਅਪਰੇਟਰਾਂ ਨਾਲ ਹਜ਼ਾਰਾਂ ਪਰਿਵਾਰ ਪਲ ਰਹੇ ਸਨ, ਜਦੋਂ ਕਿ ਉਹ ਹੁਣ ਖ਼ੁਦ ਬੇਰੁਜ਼ਗਾਰ ਹੋ ਗਏ ਹਨ।
           ਆਬਕਾਰੀ ਅਤੇ ਕਰ ਮਹਿਕਮੇ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਸੂਚਨਾ ਦਿੱਤੀ ਗਈ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਡੀ ਸੱਟ ਵੱਜੀ ਹੈ। ਇਸ ਵੱਡੇ ਜ਼ਿਲ੍ਹੇ ਵਿੱਚ 117 ਛੋਟੇ ਕੇਬਲ ਅਪਰੇਟਰ ਕਿੱਤੇ ਵਿੱਚੋਂ ਬਾਹਰ ਕਰ ਦਿੱਤੇ ਗਏ ਹਨ। ਬਹੁਤੇ ਅਪਰੇਟਰ ਵੱਡੇ ਕਾਰੋਬਾਰ ਵਿੱਚ ਰਲ ਗਏ ਹਨ। ਛੋਟੇ ਅਪਰੇਟਰ ਜਦੋਂ ਆਪਣੇ ਦਫਤਰਾਂ ਨੂੰ ਤਾਲੇ ਲਾ ਗਏ ਤਾਂ ਸਰਕਾਰ ਦੀ ਬਕਾਇਆ ਰਾਸ਼ੀ ਤਾਰਨੀ ਵੀ ਉਨ੍ਹਾਂ ਲਈ ਮੁਸ਼ਕਲ ਬਣ ਗਈ। ਵਰ੍ਹਿਆਂ ਤੋਂ ਇਹ ਮਨੋਰੰਜਨ ਕਰ ਦੇ ਬਕਾਏ ਨਹੀਂ ਤਾਰ ਸਕੇ ਹਨ। ਜ਼ਿਲ੍ਹਾ ਬਰਨਾਲਾ ਦੇ ਦੋ ਕੇਬਲ ਅਪਰੇਟਰ ਵੀ ਹੁਣ ਸਰਕਾਰ ਦੇ ਡਿਫਾਲਟਰ ਹੋ ਗਏ ਹਨ, ਜਿਨ੍ਹਾਂ ਵੱਲ ਇਕ ਲੱਖ ਰੁਪਏ ਦੀ ਰਾਸ਼ੀ ਮਨੋਰੰਜਨ ਕਰ ਦੀ ਫਸੀ ਹੋਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਅਪਰੇਟਰਾਂ ਨੂੰ ਵੱਡੀ ਮਾਰ ਝੱਲਣੀ ਪਈ ਹੈ। ਇਸ ਜ਼ਿਲ੍ਹੇ ਦੇ 19 ਕੇਬਲ ਅਪਰੇਟਰ ਹਨ, ਜਿਨ੍ਹਾਂ ਵੱਲ ਮਨੋਰੰਜਨ ਕਰ ਦੇ 7.41 ਲੱਖ ਰੁਪਏ ਬਕਾਇਆ ਹਨ। ਬਹੁਤੇ ਕੇਬਲ ਅਪਰੇਟਰਾਂ ਦਾ ਕੰਮਕਾਜ ਠੱਪ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਬਕਾਏ ਤਾਰਨੇ ਮੁਸ਼ਕਲ ਹਨ। ਕੇਬਲ ਮਾਫੀਏ ਦੀ ਏਨੀ ਦਹਿਸ਼ਤ ਹੈ ਕਿ ਹਾਲੇ ਵੀ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਜਲੰਧਰ ਜ਼ਿਲ੍ਹੇ ਦੇ 11 ਕੇਬਲ ਅਪਰੇਟਰ ਡਿਫਾਲਟਰ ਹੋ ਗਏ ਹਨ। ਇਨ੍ਹਾਂ ਅਪਰੇਟਰਾਂ ਵੱਲ ਸਰਕਾਰ ਦੇ 84 ਹਜ਼ਾਰ ਰੁਪਏ ਖੜ੍ਹੇ ਹਨ। ਜਾਣਕਾਰੀ ਅਨੁਸਾਰ ਕਾਫੀ ਕੇਬਲ ਅਪਰੇਟਰ ਕਾਂਗਰਸੀ ਹੂਕਮਤ ਦੌਰਾਨ ਵੀ ਡਿਫਾਲਟਰ ਹੋਏ ਹਨ।
           ਆਬਕਾਰੀ ਅਤੇ ਕਰ ਮਹਿਕਮੇ ਨੇ ਬਹੁਤੇ ਅਪਰੇਟਰਾਂ ਤੋਂ ਮਨੋਰੰਜਨ ਕਰ ਦੇ 15-15 ਹਜ਼ਾਰ ਰੁਪਏ ਵਸੂਲੇ ਹਨ। ਜ਼ਿਲ੍ਹਾ ਕਪੂਰਥਲਾ ਦੇ ਵੀ ਤਿੰਨ ਕੇਬਲ ਅਪਰੇਟਰ ਏਦਾਂ ਹੀ ਡਿਫਾਲਟਰ ਹਨ। ਕਪੂਰਥਲਾ ਦੇ ਫਰੈਂਡਜ਼ ਕੇਬਲ ਟੀ.ਵੀ. ਹੁਸੈਨਪੁਰ ਨੇ 31 ਮਾਰਚ 2010 ਨੂੰ ਆਬਕਾਰੀ ਅਤੇ ਕਰ ਮਹਿਕਮੇ ਨੂੰ ਹਲਫੀਆ ਬਿਆਨ ਦੇ ਦਿੱਤਾ ਹੈ ਕਿ ਉਸ ਦਾ ਕੇਬਲ ਬੰਦ ਹੋ ਚੁੱਕਾ ਹੈ। ਏਦਾਂ ਹੀ ਦੋ ਹੋਰ ਕੇਬਲ ਅਪਰੇਟਰਾਂ ਨੇ ਮਹਿਕਮੇ ਨੂੰ ਹਲਫੀਆ ਬਿਆਨ ਦਿੱਤਾ ਹੈ। ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਸਿਨੇਮਾ ਘਰਾਂ ਨੂੰ ਮਨੋਰੰਜਨ ਕਰ ਤੋਂ ਛੋਟ ਦੇ ਦਿੱਤੀ ਸੀ। ਮਹਿਕਮੇ ਦਾ ਸਭ ਤੋਂ ਵੱਧ ਬਕਾਇਆ ਲੁਧਿਆਣਾ ਜ਼ਿਲ੍ਹੇ ਦੇ ਕੇਬਲ ਅਪਰੇਟਰਾਂ ਵੱਲ ਖੜ੍ਹਾ ਹੈ, ਜੋ ਕਰੀਬ 45 ਲੱਖ ਰੁਪਏ ਬਣਦਾ ਹੈ। ਆਬਕਾਰੀ ਅਤੇ ਕਰ ਮਹਿਕਮਾ ਲੁਧਿਆਣਾ (2) ਦੇ ਦਫਤਰ ਵੱਲੋਂ 32 ਕੇਬਲ ਅਪਰੇਟਰਾਂ ਦੀ ਸੂਚੀ ਤਿਆਰ ਕੀਤੀ ਸੀ, ਜੋ ਮਨੋਰੰਜਨ ਕਰ ਦੇ ਡਿਫਾਲਟਰ ਸਨ। ਮਹਿਕਮੇ ਵੱਲੋਂ ਨੋਟਿਸ ਦੇਣ ਮਗਰੋਂ ਇਨ੍ਹਾਂ ਵਿੱਚੋਂ ਪੰਜ ਕੇਬਲ ਅਪਰੇਟਰ 75 ਹਜ਼ਾਰ ਰੁਪਏ ਦਾ ਮਨੋਰੰਜਨ ਕਰ ਮਹਿਕਮੇ ਕੋਲ ਜਮ੍ਹਾਂ ਵੀ ਕਰਵਾ ਗਏ ਸਨ। ਹਾਲੇ 27 ਕੇਬਲ ਅਪਰੇਟਰ ਡਿਫਾਲਟਰ ਹਨ। ਆਬਕਾਰੀ ਮਹਿਕਮੇ ਨੇ ਸਰਕਾਰੀ ਸੂਚਨਾ ਵਿੱਚ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਮੁੱਖ ਕੇਬਲ ਅਪਰੇਟਰ ਫਾਸਟਵੇਅ ਹੀ ਹੈ, ਜਿਸ ਤਹਿਤ ਦੋ ਕੇਬਲ ਅਪਰੇਟਰ ਹੀ ਪੂਰੇ ਲੁਧਿਆਣਾ ਵਿੱਚ ਹਨ। ਏਦਾਂ ਦਾ ਮਾਹੌਲ ਬਾਕੀ ਪੰਜਾਬ ਵਿੱਚ ਹੈ, ਜਿਥੇ ਸਿਰਫ ਇਕ ਹੀ ਕੇਬਲ ਅਪਰੇਟਰ ਹੈ। ਸਰਕਾਰੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ 15 ਹਜ਼ਾਰ ਰੁਪਏ ਮਨੋਰੰਜਨ ਕਰ ਲਿਆ ਜਾ ਰਿਹਾ ਹੈ।

No comments:

Post a Comment