Thursday, February 9, 2012

                                      ਦਿਨ ਬਦਲੇ
                   ਔਰਬਿਟ ਦੀ 'ਸੰਘੀ' ਨੱਪੀ
                                  ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ ਹੁਣ ਔਰਬਿਟ ਬੱਸਾਂ ਨੂੰ ਹੱਥ ਪਾ ਲਿਆ ਹੈ। ਟਰੈਫਿਕ ਪੁਲੀਸ ਨੇ ਦੋ ਦਿਨਾਂ 'ਚ ਅੱਧੀ ਦਰਜਨ ਔਰਬਿਟ ਬੱਸਾਂ ਦੇ ਪ੍ਰੈਸ਼ਰ ਹਾਰਨ ਉਤਾਰ ਦਿੱਤੇ ਹਨ। ਲੰਘੇ ਸਮੇਂ ਵਿੱਚ ਟਰੈਫਿਕ ਪੁਲੀਸ ਔਰਬਿਟ ਬੱਸਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੰਬਦੀ ਰਹੀ ਹੈ। ਹਾਲਾਂ ਕਿ ਚੋਣ ਨਤੀਜੇ ਆਉਣੇ ਬਾਕੀ ਹਨ ਪਰ ਟਰੈਫਿਕ ਪੁਲੀਸ ਨੇ ਹੁਣ ਵੱਡੇ ਘਰਾਣਿਆਂ ਦੀਆਂ ਬੱਸਾਂ ਨੂੰ ਕਾਨੂੰਨ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ।ਟਰੈਫਿਕ ਪੁਲੀਸ ਬਠਿੰਡਾ ਵੱਲੋਂ 6 ਫਰਵਰੀ ਤੋਂ ਪ੍ਰੈਸ਼ਰ ਹਾਰਨ ਉਤਾਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਦੋ ਤਿੰਨ ਦਿਨਾਂ ਵਿੱਚ ਟਰੈਫਿਕ ਪੁਲੀਸ ਨੇ ਕਰੀਬ 150 ਬੱਸਾਂ ਅਤੇ ਟਰੱਕਾਂ ਤੋਂ ਪ੍ਰੈਸ਼ਰ ਹਾਰਨ ਉਤਾਰ ਦਿੱਤੇ ਹਨ ਅਤੇ ਤਿੰਨ ਟਰੱਕਾਂ ਦੇ ਚਲਾਨ ਵੀ ਕੱਟੇ ਹਨ। ਵੋਟਾਂ ਪੈਣ ਮਗਰੋਂ ਟਰੈਫਿਕ ਪੁਲੀਸ ਕਾਫੀ ਹੌਸਲੇ ਵਿੱਚ ਹੈ। ਕੁਝ ਸਮੇਂ ਤੋਂ ਸੜਕਾਂ 'ਤੇ ਔਰਬਿਟ ਬੱਸਾਂ ਦੀ ਰਫਤਾਰ ਵੀ ਘਟੀ ਹੈ। ਪਤਾ ਲੱਗਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰੈਸ਼ਰ ਹਾਰਨ ਕੰਟਰੋਲ ਕਰਨ ਵਾਸਤੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਅਦਾਲਤ ਬਠਿੰਡਾ ਵੱਲੋਂ ਟਰੈਫਿਕ ਪੁਲੀਸ ਨੂੰ ਪ੍ਰੈਸ਼ਰ ਹਾਰਨ ਦੀ ਵਰਤੋਂ ਰੋਕਣ ਲਈ ਹਦਾਇਤ ਕੀਤੀ ਗਈ ਹੈ।
        ਟਰੈਫਿਕ ਪੁਲੀਸ ਵੱਲੋਂ ਮੁਹਿੰਮ ਦੇ ਪਹਿਲੇ ਦਿਨ ਔਰਬਿਟ ਤੋਂ ਦੂਰੀ ਹੀ ਵੱਟੀ ਰੱਖੀ। ਦੂਜੇ ਦਿਨ ਟਰੈਫਿਕ ਪੁਲੀਸ ਨੇ ਔਰਬਿਟ ਦੀਆਂ ਬੱਸਾਂ ਨੂੰ ਵੀ ਰੋਕ ਲਿਆ ਅਤੇ ਪ੍ਰੈਸ਼ਰ ਹਾਰਨ ਉਤਾਰ ਦਿੱਤੇ। ਟਰੈਫਿਕ ਪੁਲੀਸ ਨੇ ਵੱਡੇ ਘਰਾਣਿਆਂ ਦੀਆਂ ਬੱਸਾਂ 'ਚੋਂ ਨਿਊ ਦੀਪ ਅਤੇ ਦੀਪ ਬੱਸ ਕੰਪਨੀ ਦੀਆਂ ਬੱਸਾਂ ਦੇ ਪ੍ਰੈਸ਼ਰ ਹਾਰਨ ਵੀ ਉਤਾਰੇ ਹਨ। ਪੀ.ਆਰ.ਟੀ.ਸੀ. ਦੀਆਂ ਬੱਸਾਂ ਦੇ ਪ੍ਰੈਸ਼ਰ ਹਾਰਨ ਵੀ ਉਤਾਰੇ ਗਏ ਹਨ।
          ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਾਮਪੁਰਾ ਰੇਲਵੇ ਫਾਟਕ ਲਾਗੇ ਤਿੰਨ ਟਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਇਸ ਕਰਕੇ ਮਹਿਕਮੇ ਦੀ ਸਜ਼ਾ ਭੁਗਤਣੀ ਪਈ ਸੀ ਕਿਉਂਕਿ ਉਨ੍ਹਾਂ ਨੇ ਔਰਬਿਟ ਬੱਸ ਨੂੰ ਕਾਨੂੰਨ ਸਿਖਾਉਣ ਦੀ ਜੁਰਅਤ ਕੀਤੀ ਸੀ। ਪੁਲੀਸ ਵੱਲੋਂ ਔਰਬਿਟ ਖ਼ਿਲਾਫ਼ ਹਮੇਸ਼ਾ ਕਾਰਵਾਈ ਕਰਨ ਤੋਂ ਪਾਸਾ ਹੀ ਵੱਟਿਆ ਹੈ। ਪੰਜ ਵਰ੍ਹਿਆਂ ਵਿੱਚ ਪਹਿਲੀ ਵਾਰ ਔਰਬਿਟ ਕੰਪਨੀ ਦੀਆਂ ਬੱਸਾਂ 'ਤੇ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਬੱਸਾਂ ਤੋਂ ਪ੍ਰੈਸ਼ਰ ਹਾਰਨ ਉਤਾਰੇ ਗਏ ਹਨ। ਟਰੈਫਿਕ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪ੍ਰਾਈਵੇਟ ਬੱਸ ਕੰਪਨੀਆਂ ਦੇ ਅੱਡਾ ਇੰਚਾਰਜਾਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਪ੍ਰੈਸ਼ਰ ਹਾਰਨ ਉਤਾਰ ਦਿੱਤੇ ਜਾਣ। ਇਸੇ ਤਰ੍ਹਾਂ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਨੂੰ ਵੀ ਕਿਹਾ ਗਿਆ ਹੈ ਕਿ ਯਕੀਨੀ ਬਣਾਇਆ ਜਾਵੇ ਕਿ ਕਿਸੇ ਸਰਕਾਰੀ ਬੱਸ 'ਤੇ ਪ੍ਰੈਸ਼ਰ ਹਾਰਨ ਨਾ ਲੱਗਿਆ ਹੋਵੇ। ਟਰੈਫਿਕ ਪੁਲੀਸ ਵੱਲੋਂ ਇੱਥੇ ਟਰੱਕ ਯੂਨੀਅਨ ਵਿੱਚ ਵੀ ਟਰੱਕ ਅਪਰੇਟਰਾਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਪ੍ਰੈਸ਼ਰ ਹਾਰਨ ਉਤਾਰਨ ਲਈ ਆਖਿਆ ਗਿਆ ਹੈ। ਟਰੈਫਿਕ ਪੁਲੀਸ ਬਠਿੰਡਾ ਦੇ ਸਬ ਇੰਸਪੈਕਟਰ ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 150 ਵਾਹਨਾਂ ਤੋਂ ਪ੍ਰੈਸ਼ਰ ਹਾਰਨ ਉਤਾਰੇ ਹਨ ਅਤੇ ਅੱਧੀ ਦਰਜਨ ਔਰਬਿਟ ਬੱਸਾਂ ਤੋਂ ਵੀ ਪ੍ਰੈਸ਼ਰ ਹਾਰਨ ਉਤਾਰੇ ਗਏ ਹਨ।

1 comment: