Wednesday, February 8, 2012

    ਪੰਜਾਬ 'ਚ ਕੋਈ 'ਜਲਾਦ' ਨਹੀਂ !
                     ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ 'ਚ ਹੁਣ ਕੋਈ ਜਲਾਦ ਨਹੀਂ ਰਿਹਾ ਹੈ। ਨਾ ਜੇਲ੍ਹਾਂ 'ਚ ਹੁਣ ਜਲਾਦ ਦੀ ਆਸਾਮੀ ਹੈ। ਫਾਂਸੀ ਦੇ ਤਖ਼ਤੇ ਵੀ ਖਸਤਾ ਹਾਲ ਹਨ। 25 ਵਰ੍ਹਿਆਂ ਤੋਂ ਪੰਜਾਬ 'ਚ ਕਿਸੇ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਗਿਆ। ਚੰਗੀ ਖ਼ਬਰ ਵੀ ਹੈ ਕਿ ਪੰਜਾਬ ਵਿੱਚ ਫਾਂਸੀ ਦੀ ਸਜ਼ਾ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਨਹੀਂ ਰਹੀ ਹੈ। ਉਂਝ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਾਈਕਾ ਦਾ ਵਸਨੀਕ ਦਵਿੰਦਰਪਾਲ ਸਿੰਘ ਭੁੱਲਰ ਫਾਂਸੀ ਦੀ ਸਜ਼ਾ ਕੱਟ ਰਿਹਾ ਹੈ।ਸੂਚਨਾ ਦੇ ਅਧਿਕਾਰ ਤਹਿਤ ਜੇਲ੍ਹ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 1987 ਮਗਰੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਸੇ ਨੂੰ ਵੀ ਫਾਂਸੀ 'ਤੇ ਨਹੀਂ ਲਟਕਾਇਆ ਗਿਆ। ਜੇਲ੍ਹਾਂ 'ਚ ਲੋੜ ਪੈਣ 'ਤੇ ਹਾਲੇ ਵੀ ਜਲਾਦ ਨੂੰ ਡੈਪੂਟੇਸ਼ਨ 'ਤੇ ਪੰਜਾਬ ਸੱਦਿਆ ਜਾਂਦਾ ਹੈ। ਗ੍ਰਹਿ ਵਿਭਾਗ ਵੱਲੋਂ ਤਿਹਾੜ ਜੇਲ੍ਹ ਦਿੱਲੀ ਦੇ ਜਲਾਦ ਨੂੰ ਫਾਂਸੀ ਦੇਣ ਲਈ ਪਹਿਲਾਂ ਵੀ ਬੁਲਾਇਆ ਜਾਂਦਾ ਰਿਹਾ ਹੈ। ਕੇਂਦਰੀ ਜੇਲ੍ਹ ਬਠਿੰਡਾ ਅਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਾਂ ਅੱਜ ਵੀ ਫਾਂਸੀ ਦੇ ਤਖਤੇ ਚੰਗੀ ਹਾਲਤ ਵਿੱਚ ਹਨ। ਸੰਗਰੂਰ ਦੀ ਕੇਂਦਰੀ ਜੇਲ੍ਹ 'ਚ ਫਾਂਸੀ ਵਾਲਾ ਤਖ਼ਤਾ ਖਸਤਾ ਹਾਲ ਹੈ। ਢਾਈ ਦਹਾਕਿਆਂ 'ਚ ਪੰਜਾਬ 'ਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਦੇ ਮਾਮਲੇ ਉਚ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।
           ਕੇਂਦਰੀ ਜੇਲ੍ਹ ਬਠਿੰਡਾ 'ਚ ਆਖਰੀ ਵਾਰ 14 ਅਗਸਤ,1984 ਨੂੰ ਤਿੰਨ ਕੈਦੀਆਂ ਨੂੰ ਫਾਂਸੀ 'ਤੇ ਲਟਕਾਇਆ ਗਿਆ ਸੀ। ਸਰਕਾਰੀ ਸੂਚਨਾ ਅਨੁਸਾਰ ਇਸ ਜੇਲ੍ਹ ਵਿੱਚ ਜੋ ਫਾਂਸੀ ਦਾ ਤਖ਼ਤਾ ਹੈ ਉਹ ਚੰਗੀ ਹਾਲਤ ਵਿੱਚ ਹੈ। ਉਸ ਮਗਰੋਂ ਇਸ ਜੇਲ੍ਹ ਵਿੱਚ ਨਾ ਕਿਸੇ ਕੈਦੀ ਨੂੰ ਫਾਂਸੀ 'ਤੇ ਲਟਕਾਉਣ ਦੀ ਲੋੜ ਪਈ ਹੈ ਅਤੇ ਨਾ ਹੀ ਫਾਂਸੀ ਦੀ ਸਜ਼ਾ ਵਾਲਾ ਕੋਈ ਕੈਦੀ ਜੇਲ੍ਹ ਵਿੱਚ ਆਇਆ ਹੈ।  ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਆਖਰੀ ਵਾਰ ਸਾਲ 1987 ਵਿੱਚ ਫਾਂਸੀ ਦੇ ਤਖ਼ਤੇ 'ਤੇ ਕੈਦੀ ਦਰਸ਼ਨ ਸਿੰਘ ਵਾਸੀ ਸਮਾਧ ਭਾਈ ਮੋਗਾ ਨੂੰ ਲਟਕਾਇਆ ਗਿਆ ਸੀ। ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਕੋਲ ਜਲਾਦ ਦੀ ਅਸਾਮੀ ਨਹੀਂ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸਾਲ 1987 ਵਿੱਚ ਕੈਦੀ ਦਰਸ਼ਨ ਸਿੰਘ ਨੂੰ ਫਾਂਸੀ ਦੇਣ ਵਾਸਤੇ ਜਲਾਦ ਤਿਹਾੜ ਜੇਲ੍ਹ ਦਿੱਲੀ ਤੋਂ ਸੱਦਿਆ ਗਿਆ ਸੀ। ਸੰਗਰੂਰ ਅਤੇ ਬਠਿੰਡਾ ਜੇਲ੍ਹ ਵਿੱਚ ਵੀ ਜਲਾਦ ਦੀ ਅਸਾਮੀ ਨਹੀਂ ਹੈ। ਲੰਘੇ ਤਿੰਨ ਦਹਾਕਿਆਂ ਦੌਰਾਨ ਪਟਿਆਲਾ ਜੇਲ੍ਹ ਵਿੱਚ 7 ਕੈਦੀਆਂ ਨੂੰ ਫਾਂਸੀ 'ਤੇ ਚੜ੍ਹਾਇਆ ਗਿਆ ਹੈ। ਸਾਲ 1990 ਤੋਂ ਪਹਿਲਾਂ ਇਹ ਕੈਦੀ ਫਾਂਸੀ 'ਤੇ ਲਟਕਾਏ ਗਏ ਸਨ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਫਾਂਸੀ ਦਾ ਤਖ਼ਤ ਅੱਜ ਵੀ ਮੌਜੂਦ ਹੈ। ਇਸ ਜੇਲ੍ਹ ਵਿੱਚ ਮਗਰੋਂ ਫਾਂਸੀ ਦੇ ਤਖਤੇ ਦੀ ਵਰਤੋਂ ਦੀ ਲੋੜ ਨਹੀਂ ਰਹੀ ਹੈ।
           ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਵੀ ਜਲਾਦ ਦੀ ਅਸਾਮੀ ਨਹੀਂ ਹੈ। ਸੂਤਰਾਂ ਅਨੁਸਾਰ ਦਿੱਲੀ ਤੋਂ ਹੀ ਜਲਾਦ ਆ ਕੇ ਜੇਲ੍ਹਾਂ ਵਿੱਚ ਕੈਦੀਆਂ ਨੂੰ ਫਾਂਸੀ ਲਗਾਉਂਦੇ ਰਹੇ ਹਨ। ਜੇਲ੍ਹਾਂ ਵਿੱਚ ਕਾਫੀ ਅਰਸਾ ਪਹਿਲਾਂ ਜਲਾਦ ਰਹੇ ਵੀ ਹਨ ਪ੍ਰੰਤੂ ਹੁਣ ਜਲਾਦ ਦੀ ਕੋਈ ਅਸਾਮੀ ਨਹੀਂ ਹੈ। ਜ਼ਿਲ੍ਹਾ ਜੇਲ੍ਹ ਫਰੀਦਕੋਟ ਅਤੇ ਕੇਂਦਰੀ ਜੇਲ੍ਹ ਲੁਧਿਆਣਾ 'ਚ ਵੀ ਫਾਂਸੀ ਦਾ ਤਖ਼ਤਾ ਨਹੀਂ ਹੈ ਅਤੇ ਨਾ ਹੀ ਜਲਾਦ ਦੀ ਕੋਈ ਅਸਾਮੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਜੇਲ ਹੁਸ਼ਿਆਰਪੁਰ, ਜੇਲ੍ਹ ਲੁਧਿਆਣਾ, ਸਬ ਜੇਲ੍ਹ ਮੋਗਾ, ਸਬ ਜੇਲ੍ਹ ਮਲੇਰਕੋਟਲਾ, ਬਰਨਾਲਾ ਜੇਲ੍ਹ ਅਤੇ ਜ਼ਿਲ੍ਹਾ ਜੇਲ੍ਹ ਰੋਪੜ ਵਿੱਚ ਵੀ ਫਾਂਸੀ ਦੇ ਤਖਤੇ ਮੌਜੂਦ ਨਹੀਂ ਹਨ। ਇਨ੍ਹਾਂ ਜੇਲ੍ਹਾਂ ਵਿੱਚ ਕਦੇ ਕਿਸੇ ਨੂੰ ਫਾਂਸੀ ਦੇ ਤਖਤੇ 'ਤੇ ਲਟਕਾਉਣ ਦੀ ਲੋੜ ਨਹੀਂ ਪਈ ਹੈ। ਸੂਤਰਾਂ ਮੁਤਾਬਕ ਜੇਕਰ ਕਿਸੇ ਨੂੰ ਫਾਂਸੀ 'ਤੇ ਲਟਕਾਉਣ ਦੀ ਲੋੜ ਵੀ ਪੈਂਦੀ ਹੈ ਤਾਂ ਉਹ ਫੌਰੀ ਇੰਤਜ਼ਾਮ ਕਰ ਸਕਦੇ ਹਨ। ਇਸ ਤੋਂ ਇਲਾਵਾ ਸਬ ਜੇਲ੍ਹ ਫਾਜ਼ਿਲਕਾ, ਪਠਾਨਕੋਟ, ਕਪੂਰਥਲਾ ਵਿੱਚ ਵੀ ਫਾਂਸੀ ਦਾ ਤਖ਼ਤਾ ਨਹੀਂ ਹੈ ਅਤੇ ਨਾ ਹੀ ਜਲਾਦ ਦੀ ਅਸਾਮੀ ਹੈ।ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬੱਗਾ ਸਿੰਘ ਬਠਿੰਡਾ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇਕਰ ਕਿਸੇ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਗਿਆ ਤਾਂ ਇਹ ਚੰਗੀ ਗੱਲ ਹੈ ਕਿਉਂਕਿ ਫਾਂਸੀ 'ਤੇ ਲਟਕਾਉਣਾ ਕਿਸੇ ਪੱਖੋਂ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਹੋਰ ਸਜ਼ਾਵਾਂ ਦੇ ਕੇ ਸੁਧਾਰ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।
                                                ਰਾਸ਼ਟਰਪਤੀ ਕੋਲ ਪੰਜਾਬ ਦਾ ਕੋਈ ਕੇਸ ਨਹੀਂ
ਰਾਸ਼ਟਰਪਤੀ ਭਵਨ ਵਿੱਚ ਬੀਤੇ 9 ਵਰ੍ਹਿਆਂ ਵਿੱਚ 49 ਕੈਦੀਆਂ ਵੱਲੋਂ ਰਹਿਮ ਦੀ ਅਪੀਲ ਕੀਤੀ ਗਈ ਹੈ ਜਿਨ੍ਹਾਂ ਨੂੰ ਅਦਾਲਤਾਂ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ। ਇਨ੍ਹਾਂ ਕੈਦੀਆਂ ਵੱਲੋਂ 28 ਅਪੀਲਾਂ ਰਾਸ਼ਟਰਪਤੀ ਕੋਲ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਅਪੀਲਾਂ 'ਚੋਂ 14 ਅਪੀਲਾਂ ਦਾ ਫੈਸਲਾ ਹੋ ਚੁੱਕਾ ਹੈ ਜਦੋਂ ਕਿ 14 ਅਪੀਲਾਂ ਬਾਕੀ ਹਨ। ਪੰਜਾਬ ਦੇ ਇੱਕੋ ਇੱਕ ਵਸਨੀਕ ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਰਾਸ਼ਟਰਪਤੀ ਕੋਲ 14 ਜਨਵਰੀ 2003,3 ਫਰਵਰੀ 2003 ਅਤੇ 8 ਅਪਰੈਲ 2003 ਨੂੰ ਰਹਿਮ ਦੀ ਅਪੀਲ ਕੀਤੀ ਸੀ। ਰਾਸ਼ਟਰਪਤੀ ਵੱਲੋਂ 25 ਮਈ,2011 ਨੂੰ ਭੁੱਲਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਿਸੇ ਵੀ ਫਾਂਸੀ ਦੀ ਸਜ਼ਾ ਵਾਲੇ ਕੈਦੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪੈਡਿੰਗ ਨਹੀਂ ਹੈ।

No comments:

Post a Comment