Saturday, February 4, 2012

    ਗਰੀਬੀ ਦੇ ਭੰਨੇ ਦੇਸ਼ ਭਗਤ ਬਣੇ
                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਛਾਉਣੀ ਦੇ ਚਾਰ ਚੁਫੇਰੇ ਸੱਚਮੁੱਚ ਜਵਾਨੀ ਸੜਕਾਂ 'ਤੇ ਰੁਲ ਰਹੀ ਹੈ। ਜਜ਼ਬਾ ਦੇਸ਼ ਭਗਤੀ ਦਾ ਨਹੀਂ, ਮਸਲਾ ਢਿੱਡ ਦਾ ਹੈ। ਢਿੱਡ ਨੂੰ ਧਰਵਾਸ ਦੇਣ ਖਾਤਰ ਹਜ਼ਾਰਾਂ ਮੁੰਡੇ ਦੋ ਦਿਨਾਂ ਤੋਂ ਸੜਕਾਂ 'ਤੇ ਰੁਲ ਰਹੇ ਹਨ। ਛਾਉਣੀ ਵਿੱਚ ਫੌਜੀ ਭਰਤੀ ਸ਼ੁਰੂ ਹੋਈ ਹੈ। ਰੁਜ਼ਗਾਰ ਦੀ ਉਮੀਦ ਵਿੱਚ ਪੂਰੀ ਪੂਰੀ ਰਾਤ ਮੁੰਡੇ ਛਾਉਣੀ ਦੇ ਬਾਹਰ ਗੁਜ਼ਾਰ ਰਹੇ ਹਨ। ਠੰਢ ਨੇ ਬਹੁਤੇ ਮੁੰਡੇ ਬਿਮਾਰ ਪਾ ਦਿੱਤੇ। ਛਾਉਣੀ ਪ੍ਰਸ਼ਾਸਨ ਨੇ ਭਰਤੀ ਦੇ ਚਾਹਵਾਨਾਂ ਨੂੰ ਸਵੇਰੇ ਪੰਜ ਵਜੇ ਦਾ ਸਮਾਂ ਦਿੱਤਾ ਹੈ। ਮਾਲਵੇ ਭਰ ਵਿੱਚੋਂ ਆਏ ਮੁੰਡਿਆਂ ਨੇ ਛਾਉਣੀ ਦੇ ਆਸਪਾਸ ਡੇਰੇ ਲਾਏ ਹੋਏ ਹਨ। ਕੋਈ ਭੁੰਜੇ ਪੈ ਕੇ ਰਾਤ ਕੱਟ ਰਿਹਾ ਹੈ ਤੇ ਕੋਈ ਗੁਰਦੁਆਰੇ ਦਾ ਆਸਰਾ ਤੱਕ ਰਿਹਾ ਹੈ। ਕੋਈ ਸੁੰਨੇ ਪਏ ਢਾਬਿਆਂ 'ਤੇ ਭੁੰਜੇ ਸੁੱਤਾ ਪਿਆ ਹੈ। ਕੋਈ ਪੂਰੀ ਪੂਰੀ ਰਾਤ ਤੁਰ ਕੇ ਦਿਨ ਉਡੀਕ ਰਿਹਾ ਹੈ। ਇਸ ਪੱਤਰਕਾਰ ਵੱਲੋਂ ਅੱਜ ਸਵੇਰ 4 ਵਜੇ ਬਠਿੰਡਾ ਛਾਉਣੀ ਲਾਗੇ ਚੱਕਰ ਕੱਟਿਆ ਤਾਂ ਇਨ੍ਹਾਂ ਮੁੰਡਿਆਂ ਦੇ ਹਾਲਾਤ ਦੇਖਣ ਵਾਲੇ ਸਨ। ਬਲਜਿੰਦਰ ਸਿੰਘ ਦੇ ਫਟੇ ਹੋਏ ਬੂਟ ਦੱਸ ਰਹੇ ਸਨ ਕਿ ਫੌਜੀ ਭਰਤੀ ਵਾਲੀ ਕਤਾਰ ਵਿੱਚ ਉਸ ਨੂੰ ਦੇਸ਼ ਭਗਤੀ ਦੇ ਜਜ਼ਬੇ ਨੇ ਖੜ੍ਹਾ ਨਹੀਂ ਕੀਤਾ। ਘਰ ਦੀ ਗੁਰਬਤ ਉਸ ਨੂੰ ਇੱਥੇ ਖਿੱਚ ਕੇ ਲੈ ਆਈ ਹੈ।
            ਚੱਠੇਵਾਲਾ ਪਿੰਡ ਦਾ ਸੁਖਪਾਲ ਸਿੰਘ ਪੂਰੀ ਰਾਤ ਛਾਉਣੀ ਲਾਗੇ ਭੁੰਜੇ ਸੁੱਤਾ। ਠੰਢੀ ਧਰਤੀ ਨੇ ਉਸ ਨੂੰ ਪੂਰੀ ਰਾਤ ਜਗਾਈ ਰੱਖਿਆ। ਉਸ ਦੇ ਸੱਤ ਹੋਰ ਸਾਥੀ ਵੀ ਰੇਤਲੀ ਧਰਤੀ 'ਤੇ ਹੀ ਸੁੱਤੇ ਹੋਏ ਸਨ। ਸਵੇਰ ਤਿੰਨ ਵਜੇ ਉੱਠ ਕੇ ਹੀ ਉਹ ਛਾਉਣੀ ਦੇ ਗੇਟ 'ਤੇ ਕਤਾਰ ਵਿੱਚ ਖੜ੍ਹ ਗਏ। ਸੁਖਪਾਲ ਦੱਸਦਾ ਹੈ ਕਿ ਦੋ ਭੈਣਾਂ ਦਿਹਾੜੀ ਕਰਦੀਆਂ ਹਨ, ਜਿਨ੍ਹਾਂ ਨਾਲ ਪਰਿਵਾਰ ਪਲਦਾ ਹੈ। ਸੁਖਪਾਲ ਦਾ ਚਿਹਰਾ ਉਸ ਦੇ ਘਰ ਦੀ ਕਹਾਣੀ ਦੱਸਣ ਲਈ ਕਾਫੀ ਸੀ। ਪਿੰਡ ਕੋਟੜਾ ਦਾ ਹਰਪ੍ਰੀਤ ਸਿੰਘ ਰਾਤ ਦੋ ਵਜੇ ਤੋਂ ਛਾਉਣੀ ਦੇ ਆਸਪਾਸ ਸੜਕ 'ਤੇ ਘੁੰਮ ਕੇ ਰਾਤ ਲੰਘਾ ਰਿਹਾ ਸੀ। ਉਹ ਤਿੰਨ ਦਫ਼ਾ ਫੌਜੀ ਭਰਤੀ ਵਿੱਚੋਂ ਫੇਲ੍ਹ ਹੋ ਚੁੱਕਾ ਹੈ। ਉਹ ਝਿਜਕ ਕੇ ਆਖਦਾ ਹੈ, ਚਲੋ ਇਸ ਨੂੰ ਦੇਸ਼ ਭਗਤੀ ਸਮਝ ਲਓ। ਉਹ ਆਪਣੇ ਘਰ ਦੇ ਦੁੱਖ ਵੀ ਫਰੋਲਦਾ ਹੈ। ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ। ਛਾਉਣੀ ਵਿੱਚ ਭਰਤੀ ਹੋਣ ਆਏ 80 ਫੀਸਦੀ ਨੌਜਵਾਨ ਮਜ਼ਦੂਰਾਂ ਦੇ ਬੱਚੇ ਸਨ। ਪਿੰਡ ਭੁੱਚੋ ਖੁਰਦ ਦੇ ਗੁਰਦੁਆਰੇ ਵਿੱਚ ਕਰੀਬ ਇਕ ਹਜ਼ਾਰ ਨੌਜਵਾਨਾਂ ਨੇ ਰਾਤ ਕੱਟੀ ਹੈ। ਬਹੁਤੇ ਮੁੰਡੇ ਬਠਿੰਡਾ ਦੇ ਰੇਲਵੇ ਸਟੇਸ਼ਨ 'ਤੇ ਹੀ ਸੁੱਤੇ। ਸਵੇਰ ਦੇ ਚਾਰ ਵਜੇ ਬਠਿੰਡਾ-ਬਰਨਾਲਾ ਸੜਕ 'ਤੇ ਮੁੰਡਿਆਂ ਦੀ ਭੀੜ ਸਰਕਾਰ ਦੀ ਰੁਜ਼ਗਾਰ ਨੀਤੀ ਦੀ ਤਸਵੀਰ ਪੇਸ਼ ਕਰਦੀ ਸੀ। ਫ਼ਿਰੋਜ਼ਪੁਰ ਤੋਂ ਆਏ ਹਰਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਪੂਰੀ ਰਾਤ ਬੱਸ ਅੱਡੇ ਦੇ ਥੜ੍ਹਿਆਂ 'ਤੇ ਪੈ ਕੇ ਗੁਜ਼ਾਰੀ ਹੈ। ਉਨ੍ਹਾਂ ਦੇ ਸਾਥੀ ਨੌਜਵਾਨ ਪ੍ਰੀਤਮ ਸਿੰਘ ਦੇ ਪੈਰ੍ਹਾਂ ਵਿੱਚ ਚੱਪਲਾਂ ਸਨ। ਉਹ ਨੰਗੇ ਪੈਰ੍ਹੀਂ ਭਰਤੀ ਹੋਣ ਵਾਸਤੇ ਦੌੜਿਆ। ਪਿੰਡ ਜੀਰਾ ਮੱਲੋਕੇ ਦੇ ਜਸਪ੍ਰੀਤ ਸਿੰਘ ਨੂੰ ਰਾਤ ਦੀ ਠੰਢ ਨੇ ਬਿਮਾਰ ਕਰ ਦਿੱਤਾ। ਉਸ ਦਾ ਪਿਤਾ ਸਵੇਰ ਚਾਰ ਵਜੇ ਇਕ ਢਾਬੇ 'ਤੇ ਪੁੱਤ ਲਈ ਗਰਮ ਪਾਣੀ ਦੀ ਭਾਲ ਕਰ ਰਿਹਾ ਸੀ। ਛਾਉਣੀ ਲਾਗਲੇ ਫੌਜੀ ਢਾਬੇ ਦੇ ਮਾਲਕ ਮਦਨ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਪੂਰੀ ਰਾਤ ਮੁੰਡੇ ਸੜਕਾਂ 'ਤੇ ਘੁੰਮ ਰਹੇ ਹਨ। ਢਾਬੇ ਵਾਲੇ ਨੇ ਦੱਸਿਆ ਕਿ ਬਹੁਤੇ ਮੁੰਡਿਆਂ ਨੇ ਪੂਰੀ ਰਾਤ ਧਰਤੀ 'ਤੇ ਲੇਟ ਕੇ ਕੱਟੀ ਹੈ। ਫੌਜੀ ਭਰਤੀ ਕਰਕੇ ਢਾਬੇ ਵਾਲਿਆਂ ਦਾ ਵੀ ਚੰਗਾ ਕੰਮ ਚੱਲਿਆ ਹੈ। ਛਾਉਣੀ ਲਾਗਲੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸੈਂਕੜੇ ਮੁੰਡਿਆਂ ਨੇ ਸ਼ਰਨ ਲਈ ਹੋਈ ਹੈ।
           ਤਲਵੰਡੀ ਸਾਬੋ ਦਾ ਗੁਰਪ੍ਰੀਤ ਸਿੰਘ ਸਵੇਰ ਤਿੰਨ ਵਜੇ ਬਠਿੰਡਾ ਛਾਉਣੀ ਦੇ ਗੇਟ 'ਤੇ ਖੜ੍ਹਾ ਸੀ। ਉਸ ਨੇ ਗੁਰਦੁਆਰੇ ਵਿੱਚ ਦਰੀਆਂ 'ਤੇ ਲੇਟ ਕੇ ਰਾਤ ਕੱਟੀ ਹੈ। ਏਦਾਂ ਹੀ ਬਠਿੰਡਾ ਸ਼ਹਿਰ ਦੇ ਫੁੱਟਪਾਥਾਂ 'ਤੇ ਵੀ ਇਹ ਮੁੰਡੇ ਸੁੱਤੇ ਦੇਖੇ ਗਏ। ਕਰੀਬ ਪੰਜ ਹਜ਼ਾਰ ਨੌਜਵਾਨ ਰੁਜ਼ਗਾਰ ਦੀ ਝਾਕ ਵਿੱਚ ਬਠਿੰਡਾ ਪੁੱਜੇ ਹੋਏ ਹਨ। ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਭਰਤੀ ਚੱਲ ਰਹੀ ਹੈ। ਇਸ ਕਰਕੇ ਸਵੇਰ ਤਿੰਨ ਵਜੇ ਤੋਂ ਹੀ ਸੜਕਾਂ 'ਤੇ ਮੁੰਡਿਆਂ ਦੇ ਕਾਫਲੇ ਨਜ਼ਰ ਪੈਣ ਲੱਗ ਜਾਂਦੇ ਹਨ। ਕਿਸਾਨ ਹਰਦਿਆਲ ਸਿੰਘ ਆਪਣੇ ਲੜਕੇ ਨੂੰ ਲੈ ਕੇ ਛਾਉਣੀ ਲਾਗੇ ਪੁੱਜਿਆ ਹੋਇਆ ਸੀ। ਉਸ ਨੇ ਦੱਸਿਆ ਕਿ ਦੋ ਏਕੜ ਜ਼ਮੀਨ ਪਰਿਵਾਰ ਪਾਲਣ ਤੋਂ ਬੇਵੱਸ ਹੈ। ਹੋਰ ਕਿਧਰੋਂ ਕੋਈ ਰਾਹ ਨਹੀਂ ਦਿਖਦਾ, ਜਿਸ ਕਰਕੇ ਫੌਜੀ ਭਰਤੀ ਵਿੱਚੋਂ ਹੀ ਉਹ ਪਰਿਵਾਰ ਦਾ ਭਵਿੱਖ ਦੇਖ ਰਹੇ ਹਨ। ਜ਼ਿਲ੍ਹਾ ਪੁਲੀਸ ਨੇ ਮੁੰਡਿਆਂ ਦਾ ਭਾਰੀ ਇਕੱਠ ਹੋਣ ਕਰਕੇ ਕਾਫੀ ਪੁਲੀਸ ਤਾਇਨਾਤ ਕੀਤੀ ਹੋਈ ਹੈ। ਕਮਾਂਡੋਜ਼ ਸਵੇਰ ਵਕਤ ਹੀ ਤਾਇਨਾਤ ਸਨ, ਜੋ ਮੁੱਖ ਸੜਕ ਤੋਂ ਮੁੰਡਿਆਂ ਨੂੰ ਪਾਸੇ ਕਰ ਰਹੇ ਸਨ। ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਕਾਫੀ ਮੁੰਡੇ ਤਾਂ ਨੇੜਲੇ ਸਕੂਲ ਦੇ ਕੈਂਪਸ ਵਿੱਚ ਘਾਹ 'ਤੇ ਪੈ ਗਏ ਪਰ ਉਥੋਂ ਉਨ੍ਹਾਂ ਨੂੰ ਉਠਾ ਦਿੱਤਾ ਗਿਆ, ਜਿਸ ਕਰਕੇ ਉਨ੍ਹਾਂ ਨੇ ਪੂਰੀ ਰਾਤ ਤੁਰ ਫਿਰ ਕੇ ਹੀ ਗੁਜ਼ਾਰੀ ਹੈ।

No comments:

Post a Comment