Saturday, February 25, 2012

                                       ਚੋਣਾਂ ਦਾ ਕਰੰਟ
                ਰਾਤੋ ਰਾਤ ਲੀਡਰਾਂ ਨੇ ਬਕਾਏ ਤਾਰੇ
                                    ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਨੂੰ ਵਿਧਾਨ ਸਭਾ ਚੋਣਾਂ ਰਾਸ ਆਈਆਂ ਹਨ ਤੇ ਚੋਣਾਂ ਨੇ ਉਸ ਦੀ ਡੁੱਬੀ ਰਾਸ਼ੀ ਕਢਵਾ ਦਿੱਤੀ ਹੈ। ਦਰਜਨਾਂ ਲੀਡਰ ਬਿਜਲੀ ਬਿੱਲ ਨਹੀਂ ਭਰ ਰਹੇ ਸਨ। ਜਦੋਂ ਇਨ੍ਹਾਂ ਲੀਡਰਾਂ ਨੇ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨੇ ਸਨ ਤਾਂ ਉਸ ਤੋਂ ਪਹਿਲਾਂ ਇਹ ਉਹ ਪਾਵਰਕੌਮ ਕੋਲ ਆਪਣੇ ਸਭ ਬਕਾਏ ਜਮ੍ਹਾ ਕਰਵਾ ਗਏ। ਇਸ ਤਰ੍ਹਾਂ ਕਈ-ਕਈ ਵਰ੍ਹਿਆਂ ਦੀ ਫਸੀ ਬਕਾਇਆ ਰਾਸ਼ੀ ਪਾਵਰਕੌਮ ਨੂੰ ਵਸੂਲ ਹੋ ਗਈ। ਮਾਲਵਾ ਖ਼ਿੱਤੇ ਦੇ ਸਾਰੇ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਨੇ ਆਪਣੇ ਬਿਜਲੀ ਦੇ ਸਾਰੇ ਬਕਾਏ ਤਾਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਿਯਮਾਂ ਅਨੁਸਾਰ ਚੋਣਾਂ ਲੜਨ ਵਾਲੇ ਉਮੀਦਵਾਰ ਕਿਸੇ ਵੀ ਸਰਕਾਰੀ ਵਿਭਾਗ ਦੇ ਡਿਫਾਲਟਰ ਨਹੀਂ ਹੋਣੇ ਚਾਹੀਦੇ। ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਉਮੀਦਵਾਰ ਬਕਾਇਦਾ ਹਲਫ਼ੀਆ ਬਿਆਨ ਦਿੰਦੇ ਹਨ ਕਿ ਉਹ ਕਿਸੇ ਵੀ ਸਰਕਾਰੀ ਵਿਭਾਗ ਦੇ ਡਿਫਾਲਟਰ ਨਹੀਂ ਹਨ। ਪਾਵਰਕੌਮ ਨੇ ਦੱਸਿਆ ਕਿ ਮਾਲਵੇ ਖ਼ਿੱਤੇ ਦੇ ਕਰੀਬ ਡੇਢ ਦਰਜਨ ਉਮੀਦਵਾਰਾਂ ਨੇ ਆਪਣੇ ਪੁਰਾਣੇ ਬਕਾਏ ਤਾਰੇ ਹਨ। ਕਈ ਉਮੀਦਵਾਰ ਤਾਂ ਆਪਣਾ ਬਿਜਲੀ ਦਾ ਨਵਾਂ ਆਇਆ ਬਿੱਲ ਵੀ ਮਿਥੀ ਤਾਰੀਖ਼ ਤੋਂ ਪਹਿਲਾਂ ਹੀ ਭਰ ਗਏ ਹਨ।  ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਕਰੀਬ 15 ਲੱਖ ਰੁਪਏ ਬਕਾਏ ਭਰੇ ਹਨ। ਇਹ ਬਕਾਇਆ ਰਾਸ਼ੀ ਕੁਝ ਸਮੇਂ ਤੋਂ ਖੜ੍ਹੀ ਸੀ ਜਿਸ ਵਿੱਚ ਕਸੂਰ ਪਾਵਰਕੌਮ ਦਾ ਵੀ ਸੀ। ਪਾਵਰਕੌਮ ਵੱਲੋਂ ਉਪ ਮੁੱਖ ਮੰਤਰੀ ਤੋਂ ਨਿਯਮਾਂ ਤੋਂ ਉਲਟ ਅੱਧਾ ਬਿੱਲ ਹੀ ਤਕਨੀਕੀ ਗਲਤੀ ਕਾਰਨ ਲਿਆ ਜਾਂਦਾ ਸੀ। ਜਦੋਂ ਤਕਨੀਕੀ ਗਲਤੀ ਦਾ ਪਤਾ ਲੱਗਾ ਤਾਂ ਉਪ ਮੁੱਖ ਮੰਤਰੀ ਵੱਲ ਪੁਰਾਣੇ ਬਕਾਏ ਵੀ ਨਿਕਲ ਆਏ ਜਿਸ ਕਰਕੇ ਚੋਣਾਂ ਤੋਂ ਪਹਿਲਾਂ ਬਾਦਲ ਪਰਿਵਾਰ ਵੱਲੋਂ ਸਾਰੇ ਬਕਾਏ ਕਲੀਅਰ ਕਰ ਦਿੱਤੇ ਗਏ ਹਨ।
           ਸੂਚਨਾ ਦੇ ਅਧਿਕਾਰ ਤਹਿਤ ਪਾਵਰਕੌਮ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਉਪ ਮੁੱਖ ਮੰਤਰੀ ਦੀ ਕੋਠੀ ਦਾ ਬਿਜਲੀ ਲੋਡ 149 ਕਿਲੋਵਾਟ ਹੈ ਤੇ ਇਸ ਦਾ ਬਿੱਲਾਂ ਦਾ ਵੇਰਵਾ 16.50 ਲੱਖ ਰੁਪਏ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਇਸ ਕੋਠੀ ਦਾ ਬਿੱਲ ਪ੍ਰਤੀ ਮਹੀਨਾ ਲੱਖ ਤੋਂ ਸਵਾ ਲੱਖ ਰੁਪਏ ਤੱਕ ਆਉਂਦਾ ਹੈ। ਪਿੰਡ ਬਾਦਲ ਦੇ ਸਭ ਤੋਂ ਵੱਡੇ ਪੰਜ ਖਪਤਕਾਰਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਵੀ ਆਉਂਦਾ ਹੈ ਜਿਸ ਦਾ ਬਿਜਲੀ ਲੋਡ 36.42 ਕਿਲੋਵਾਟ ਹੈ ਤੇ ਬਿਜਲੀ ਬਿੱਲ 1,75,610 ਰੁਪਏ ਹੈ। ਪਾਵਰਕੌਮ ਅੰਦਰੋਂ-ਅੰਦਰੀ ਖੁਸ਼ ਵੀ ਹੈ ਕਿਉਂਕਿ ਲੀਡਰਾਂ ਤੋਂ ਬਕਾਏ ਮੰਗਣ ਦੀ ਅਧਿਕਾਰੀ ਜੁਰਅਤ ਨਹੀਂ ਕਰ ਰਹੇ ਸਨ। ਬਠਿੰਡਾ ਜ਼ਿਲ੍ਹੇ ਦਾ ਉਮੀਦਵਾਰ ਤਾਂ ਕੁਝ ਅਰਸਾ ਪਹਿਲਾਂ ਪਾਵਰਕੌਮ ਨੇ ਬਿਜਲੀ ਚੋਰੀ ਕਰਦਾ ਵੀ ਫੜ ਲਿਆ ਸੀ। ਉਸ ਦਾ ਮੀਟਰ ਵੀ ਪੁੱਟ ਲਿਆ ਗਿਆ ਸੀ। ਉਹ ਹੁਣ ਪੰਜਾਬ ਚੋਣਾਂ ਵਿੱਚ ਖੜ੍ਹਾ ਸੀ। ਉਸ ਨੇ ਵੀ ਆਪਣੇ ਪੁਰਾਣੇ ਬਕਾਏ ਕਲੀਅਰ ਹੋਣ ਦਾ ਸਰਟੀਫਿਕੇਟ ਦਿੱਤਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸਾਬਕਾ ਵਿਧਾਇਕ ਦਾ ਵੀ ਪਾਵਰਕੌਮ ਦੇ ਅਫਸਰਾਂ ਨੇ ਮੀਟਰ ਪੁੱਟ ਦਿੱਤਾ ਸੀ ਕਿਉਂਕਿ ਉਸ ਵੱਲ ਕਾਫ਼ੀ ਬਕਾਏ ਖੜ੍ਹੇ ਸਨ। ਹੁਣ ਚੋਣਾਂ ਵਿੱਚ ਖੜ੍ਹੇ ਹੋਣ ਤੋਂ ਪਹਿਲਾਂ ਉਸ ਦੇ ਸਭ ਬਕਾਏ ਕਲੀਅਰ ਸਨ।
         ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜਨ ਅਸੈਂਬਲੀ ਹਲਕਿਆਂ 'ਚੋਂ 60 ਉਮੀਦਵਾਰਾਂ ਨੇ ਚੋਣਾਂ ਲੜੀਆਂ ਹਨ ਜਿਨ੍ਹਾਂ 'ਚੋਂ ਕੋਈ ਵੀ ਪਾਵਰਕੌਮ ਦਾ ਹੁਣ ਡਿਫਾਲਟਰ ਨਹੀਂ ਰਿਹਾ ਹੈ। ਇਸੇ ਤਰ੍ਹਾਂ ਜਨ ਸਿਹਤ ਮਹਿਕਮੇ ਤੇ ਨਗਰ ਕੌਂਸਲਾਂ ਨੂੰ ਵੀ ਮਾਲੀ ਤੌਰ 'ਤੇ ਚੋਣਾਂ ਦਾ ਫਾਇਦਾ ਪੁੱਜਾ ਹੈ। ਜੋ ਉਮੀਦਵਾਰਾਂ ਸ਼ਹਿਰਾਂ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਵੀ ਆਪਣੇ ਪਾਣੀ ਤੇ ਸੀਵਰੇਜ ਦੇ ਬਿੱਲ ਕਲੀਅਰ ਕਰ ਦਿੱਤੇ ਹਨ। ਲੀਡਰਾਂ ਤੋਂ ਬਿਨ੍ਹਾਂ ਹੁਣ ਪਾਵਰਕੌਮ ਨੇ ਹੋਰ ਬਿਜਲੀ ਚੋਰਾਂ 'ਤੇ ਵੀ ਸ਼ਿਕੰਜਾ ਕਸ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਨੇ ਬਿਜਲੀ ਚੋਰਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ ਜਿਸ ਕਰਕੇ ਪਾਵਰਕੌਮ ਦੇ ਅਫਸਰਾਂ ਦੇ ਵੀ ਹੱਥ ਬੰਨ੍ਹੇ ਹੋਏ ਸਨ। ਹੁਣ ਜਦੋਂ ਪਾਵਰਕੌਮ ਦੇ ਟੀਚੇ ਪਿਛਲੇ ਸਾਲ ਨਾਲੋਂ ਕਾਫ਼ੀ ਪਛੜ ਗਏ ਤਾਂ ਪਾਵਰਕੋਮ ਨੇ ਨਾਲੋਂ ਨਾਲ ਬਿਜਲੀ ਚੋਰਾਂ 'ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

No comments:

Post a Comment