Tuesday, February 28, 2012

                            ਚੋਣਾਂ ਤੋਂ ਵਿਹਲ ਮਗਰੋਂ
   ਉਮੀਦਵਾਰਾਂ ਨੇ ਚਲਾਈ 'ਘਰੇਲੂ ਸਰਕਾਰ'
                            ਚਰਨਜੀਤ ਭੁੱਲਰ
ਬਠਿੰਡਾ : ਵਿਧਾਨ ਸਭਾ ਚੋਣਾਂ ਤੋਂ ਬਾਅਦ ਦਰਜਨਾਂ ਉਮੀਦਵਾਰਾਂ ਨੇ ਮਹੀਨਾ ਭਰ ਆਪਣੀ 'ਘਰੇਲੂ ਸਰਕਾਰ' ਚਲਾਈ। ਵੋਟਾਂ ਪੈਣ ਮਗਰੋਂ ਉਮੀਦਵਾਰਾਂ ਨੇ ਇਸ ਵਿਹਲੇ ਸਮੇਂ ਨੂੰ ਘਰੇਲੂ ਕੰਮ ਕਾਰ ਨਿਬੇੜਨ ਵਿੱਚ ਲਾਇਆ। ਐਤਕੀਂ ਪਹਿਲੀ ਵਾਰ ਵੋਟਾਂ ਦੀ ਗਿਣਤੀ ਦੀ ਲੰਮੀ ਉਡੀਕ ਕਰਨੀ ਪਈ ਹੈ ਜਿਸ ਦਾ ਲਾਹਾ ਲੈਂਦਿਆਂ ਸਿਆਸੀ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਲਈ ਖੁੱਲ੍ਹ ਕੇ ਸਮਾਂ ਕੱਢਿਆ।ਬਠਿੰਡਾ (ਸ਼ਹਿਰੀ) ਹਲਕੇ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਪੂਰੇ ਦੋ ਦਿਨ ਆਪਣੇ ਸਹੁਰੇ ਘਰ ਰਹੇ। ਉਹ ਦੱਸਦੇ ਹਨ ਕਿ ਉਸ ਨੇ ਇਸ ਸਮੇਂ ਦੌਰਾਨ ਘਰੇਲੂ ਕੰਮ ਕਾਰ ਨਿਬੇੜੇ ਤੇ ਕਾਫ਼ੀ ਸਮੇਂ ਮਗਰੋਂ ਸਹੁਰੇ ਘਰ ਗੇੜਾ ਮਾਰਿਆ। ਉਨ੍ਹਾਂ ਦੱਸਿਆ ਕਿ ਹੋਰ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਕੀਤਾ। ਉਹ ਇਸ ਸਮੇਂ ਦੌਰਾਨ ਤ੍ਰਿਪਤੀ ਬਾਲਾ ਜੀ ਮੰਦਰ ਵੀ ਜਾ ਕੇ ਆਏ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦਿਨ ਬੜੇ ਔਖੇ ਲੰਘੇ ਤੇ ਰਾਤ ਨੂੰ ਵੀ ਵੋਟਾਂ ਦੇ ਸੁਪਨੇ ਹੀ ਆਉਂਦੇ ਰਹੇ। ਉਨ੍ਹਾਂ ਆਖਿਆ ਕਿ ਜੇ ਉਹ ਜਿੱਤਦੇ ਹਨ ਤਾਂ ਉਹ ਨੌਜਵਾਨ ਵਰਗ ਨੂੰ ਸਹੀ ਰਸਤੇ 'ਤੇ ਪਾਉਣ ਲਈ ਕੌਂਸਲਿੰਗ ਸੈਂਟਰ ਕਾਇਮ ਕਰਨਗੇ।
         ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਉਸ ਨੇ ਬੜੇ ਸਮੇਂ ਤੋਂ ਅਟਕੇ ਪਏ ਘਰੇਲੂ ਕੰਮ ਨਿਬੇੜ ਦਿੱਤੇ। ਉਨ੍ਹਾਂ ਆਖਿਆ ਕਿ ਉਹ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਕਰਨ ਤੋਂ ਇਲਾਵਾ ਹਲਕੇ ਵਿੱਚ ਵਿਆਹਾਂ ਤੇ ਭੋਗਾਂ 'ਤੇ ਜਾਂਦੇ ਰਹੇ। ਉਨ੍ਹਾਂ ਦੱਸਿਆ ਕਿ ਕਈ ਰਿਸ਼ਤੇਦਾਰੀਆਂ ਵਿੱਚ ਵੀ ਵਿਆਹ ਸਮਾਗਮਾਂ 'ਚ ਵੀ ਸ਼ਿਰਕਤ ਕੀਤੀ। ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦਾ ਕਹਿਣਾ ਸੀ ਕਿ ਉਸ ਨੇ ਇਸ ਸਮੇਂ ਦੌਰਾਨ ਘਰੇਲੂ ਕੰਮ ਕਾਰ ਕੀਤੇ ਤੇ ਖੁੱਲ੍ਹ ਕੇ ਅਰਾਮ ਕੀਤਾ। ਉਨ੍ਹਾਂ ਦੱਸਿਆ ਕਿ ਆਮ ਜਨਤਾ ਨੂੰ ਮਿਲੇ ਤੇ ਹੁਣ ਉਹ ਪੂਰੀ ਤਰ੍ਹਾਂ ਮੁੜ ਤਿਆਰ ਹਨ। ਸੂਤਰ ਦੱਸਦੇ ਹਨ ਕਿ ਉਮੀਦਵਾਰਾਂ ਨੇ ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਲਈ ਖ਼ੂਬ ਸਮਾਂ ਕੱਢਿਆ। ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਹਲਕੇ ਵਿੱਚ ਵਿਆਹ ਤੇ ਭੋਗਾਂ 'ਤੇ ਜਾਂਦੇ ਰਹੇ ਤੇ ਫਿਰ ਉੱਤਰ ਪ੍ਰਦੇਸ਼ ਵਿੱਚ ਚੋਣਾਂ ਵਿੱਚ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਘਰੇਲੂ ਕੰਮ ਕਾਰ ਵੀ ਕੀਤੇ ਹਨ। ਦੱਸਣਯੋਗ ਹੈ ਕਿ ਕਾਂਗਰਸ ਦੇ ਬਹੁਤੇ ਵਿਧਾਇਕ ਤਾਂ ਉਤਰ ਪ੍ਰਦੇਸ਼ ਚੋਣਾਂ ਵਿੱਚ ਗਏ ਹੋਏ ਸਨ ਜਿਸ ਕਰਕੇ ਉਨ੍ਹਾਂ ਨੇ ਆਪਣਾ ਸਮਾਂ ਸੌਖਾ ਲੰਘਾ ਲਿਆ।
          ਹਲਕਾ ਮੌੜ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਤੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਵੋਟਾਂ ਮਗਰੋਂ ਆਪਣੀ ਸਿਹਤ ਵੱਲ ਵੀ ਧਿਆਨ ਦਿੱਤਾ। ਉਨ੍ਹਾਂ ਨੇ ਆਪਣੇ ਗਲੇ ਦੀ ਸਮੱਸਿਆ ਦੇ ਇਲਾਜ ਲਈ ਦਿੱਲੀ ਦੇ ਹਸਪਤਾਲ ਵਿੱਚ ਇਲਾਜ ਕਰਾਇਆ। ਸ੍ਰੀ ਬਾਦਲ ਨੇ ਆਪਣੇ ਪਿੰਡ ਵੀ ਕੁਝ ਸਮਾਂ ਲਾਇਆ ਹੈ। ਬਾਕੀ ਸਮਾਂ ਉਨ੍ਹਾਂ ਨੇ ਪੰਜਾਬ ਵਿੱਚ ਧੰਨਵਾਦੀ ਦੌਰੇ ਕਰਨ 'ਤੇ ਿਤਾਇਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਮਗਰੋਂ ਵਿਦੇਸ਼ ਦੌਰਾ ਕੀਤਾ। ਬਹੁਤੇ ਉਮੀਦਵਾਰਾਂ ਨੇ ਆਪਣੇ ਬੱਚਿਆਂ ਨੂੰ ਵੀ ਸਮਾਂ ਦਿੱਤਾ ਤੇ ਪਰਿਵਾਰਾਂ ਨੂੰ ਵੀ ਘੁਮਾਇਆ। ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੰਗਤ ਰਾਏ ਬਾਂਸਲ ਦਾ ਕਹਿਣਾ ਸੀ ਕਿ ਉਹ ਤਾਂ ਵੋਟਾਂ ਪੈਣ ਮਗਰੋਂ ਵਿਆਹ ਤੇ ਭੋਗ ਸਮਾਗਮਾਂ 'ਚ ਹੀ ਗਏ ਤੇ ਆਮ ਜਨਤਾ ਨੂੰ ਮਿਲ ਕੇ ਵੀ ਸਮਾਂ ਗੁਜ਼ਾਰਿਆ।
        ਉਨ੍ਹਾਂ ਦੱਸਿਆ ਕਿ ਉਸ ਦੀ ਤਮੰਨਾ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਦੀ ਹੈ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦਾ ਕਹਿਣਾ ਉਨ੍ਹਾਂ ਜ਼ਿਆਦਾ ਸਮਾਂ ਹਲਕੇ ਵਿੱਚ ਵਿਆਹ ਤੇ ਭੋਗ ਸਮਾਗਮਾਂ 'ਤੇ ਹੀ ਗੁਜ਼ਰਿਆ। ਉਨ੍ਹਾਂ ਦੱਸਿਆ ਕਿ ਬਹੁਤੇ ਘਰੇਲੂ ਰੁਝੇਵੇਂ ਤਾਂ ਨਹੀਂ ਰਹੇ ਪਰ ਉਹ ਹਲਕੇ ਦੇ ਲੋਕਾਂ ਨੂੰ ਮਿਲਣ ਵਿੱਚ ਲੱਗੇ ਰਹੇ। ਹਲਕਾ ਬਠਿੰਡਾ (ਦਿਹਾਤੀ) ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਤਾਂ ਖੁੱਲ੍ਹ ਕੇ ਨੀਂਦ ਲਈ ਤੇ ਹਲਕੇ ਵਿੱਚ ਵਿਆਹ ਤੇ ਭੋਗ ਸਮਾਗਮਾਂ 'ਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਚੋਣ ਨਤੀਜਿਆਂ ਦਾ ਕਦੇ ਕੋਈ ਡਰ ਨਹੀਂ ਲੱਗਿਆ। ਸੂਤਰ ਦੱਸਦੇ ਹਨ ਕਿ ਬਹੁਤੇ ਉਮੀਦਵਾਰਾਂ ਨੇ ਤਾਂ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕੀਤੀ ਹੈ। ਮਾਲਵਾ ਇਲਾਕੇ ਦੇ ਬਹੁਤੇ ਉਮੀਦਵਾਰ ਵੋਟਾਂ ਪੈਣ ਮਗਰੋਂ ਸਾਲਾਸਰ ਧਾਮ ਦੇ ਦਰਸ਼ਨ ਕਰਕੇ ਆਏ ਹਨ। ਮਾਝੇ ਦੇ ਉਮੀਦਵਾਰਾਂ ਵੱਲੋਂ ਸ੍ਰੀ ਹਰਮਿੰਦਰ ਸਾਹਿਬ ਵਿਖੇ ਸੇਵਾ ਕੀਤੀ ਹੈ। ਕਈ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਮੇਂ ਦੌਰਾਨ ਆਪਣੇ ਮੈਡੀਕਲ ਚੈੱਕ ਅਪ ਕਰਾਇਆ ਹੈ।

No comments:

Post a Comment