Thursday, February 23, 2012

                                        ਦੱਸ ਸਰਕਾਰੇ
                     ਏਹਨਾਂ ਮਲੰਗਾਂ ਦਾ ਕੀ ਕਰੀਏ !
                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਕਰੀਬ ਇਕ ਸੌ ਵਪਾਰੀ 'ਮਲੰਗ' ਹੋ ਗਏ ਹਨ, ਜਿਨ੍ਹਾਂ ਵੱਲ ਕਰੀਬ ਪੰਜ ਕਰੋੜ ਰੁਪਏ ਦੀ ਰਾਸ਼ੀ ਟੈਕਸਾਂ ਦੀ ਫਸੀ ਹੋਈ ਹੈ। ਚਾਰ ਦਹਾਕੇ ਤੋਂ ਇਹ ਪੈਸਾ ਸਰਕਾਰ ਦੇ ਕਾਗਜ਼ਾਂ ਵਿੱਚ ਹੀ ਚੱਕਰ ਕੱਟ ਰਿਹਾ ਹੈ। ਸਰਕਾਰ ਨੇ ਇਨ੍ਹਾਂ ਵਪਾਰੀਆਂ ਦੀ ਕਰੀਬ ਪੰਜ ਕਰੋੜ ਰੁਪਏ ਦੀ ਰਾਸ਼ੀ ਵੱਟੇ ਖਾਤੇ ਪਾਉਣ ਦੀ ਤਿਆਰੀ ਕੀਤੀ ਹੋਈ ਹੈ। ਆਬਕਾਰੀ ਅਤੇ ਕਰ ਮਹਿਕਮੇ ਨੇ ਇਨ੍ਹਾਂ ਲੋਕਾਂ ਨੂੰ ਇਕ ਤਰੀਕੇ ਨਾਲ 'ਮਲੰਗ' ਐਲਾਨ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਬਕਾਏ ਤਾਰਨ ਲਈ ਕੋਈ ਜਾਇਦਾਦ ਹੀ ਨਹੀਂ ਹੈ।
          ਪੰਜਾਬ ਜਨਰਲ ਸੇਲ ਟੈਕਸ ਐਕਟ ਅਤੇ ਸੈਂਟਰਲ ਸੇਲ ਟੈਕਸ ਅਧੀਨ ਬਹੁਤੇ ਵਪਾਰੀ ਅਤੇ ਸਨਅਤਕਾਰ ਆਪਣੇ ਬਣਦੇ ਬਕਾਏ ਨਹੀਂ ਤਾਰ ਸਕੇ ਹਨ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਮੁਤਾਬਕ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 14 ਫਰਮਾਂ ਨੇ ਬਕਾਇਆ ਟੈਕਸ ਨਹੀਂ ਤਾਰੇ ਹਨ। ਇਨ੍ਹਾਂ 14 ਫਰਮਾਂ ਵਿੱਚੋਂ ਦਰਜਨ ਫਰਮਾਂ ਇਕੱਲੇ ਅਬੋਹਰ ਦੀਆਂ ਹਨ। ਇਨ੍ਹਾਂ 14 ਫਰਮਾਂ ਵੱਲ 34.53 ਲੱਖ ਰੁਪਏ ਦੇ ਬਕਾਏ ਹਨ। ਆਬਕਾਰੀ ਅਤੇ ਕਰ ਮਹਿਕਮੇ ਨੇ ਇਸ ਰਾਸ਼ੀ ਨੂੰ ਵੱਟੇ ਖਾਤੇ ਪਾਉਣ ਦੀ ਸਿਫ਼ਾਰਸ਼ ਕੀਤੀ ਹੋਈ ਹੈ ਪਰ ਇਸ ਬਾਰੇ ਸਰਕਾਰ ਕੋਈ ਫੈਸਲਾ ਨਹੀਂ ਲੈ ਸਕੀ ਹੈ। ਅਬੋਹਰ ਦੀ ਮੈਸਰਜ਼ ਦੀਵਾਨ ਚੰਦ ਅਸ਼ੋਕ ਕੁਮਾਰ ਫਰਮ ਵੱਲ 14.70 ਲੱਖ ਰੁਪਏ ਦੇ ਬਕਾਏ ਸਨ। ਮੈਸਰਜ਼ ਸੋਨਾ ਇੰਟਰਪ੍ਰਾਈਜਜ ਵੱਲ 4.51 ਲੱਖ, ਅਬੋਹਰ ਸਹਿਕਾਰੀ ਕੰਜਿਊਮਰ ਸਟੋਰ ਵੱਲ 1.87 ਅਤੇ ਅਬੋਹਰ ਦੀ ਫਰਮ ਮੈਸਰਜ਼ ਰਾਮ ਜੀਵਨ ਸ਼ਾਮ ਲਾਲ ਵੱਲ 9.06 ਲੱਖ ਦੇ ਬਕਾਏ ਖੜ੍ਹੇ ਹਨ। ਮਹਿਕਮੇ ਨੇ ਆਖ ਦਿੱਤਾ ਹੈ ਕਿ ਇਨ੍ਹਾਂ ਫਰਮਾਂ ਕੋਲ ਕੋਈ ਜਾਇਦਾਦ ਨਹੀਂ ਬਚੀ ਹੈ, ਜਿਸ ਤੋਂ ਬਕਾਏ ਵਸੂਲੇ ਜਾ ਸਕਣ। ਇਸ ਕਰਕੇ ਇਸ ਬਕਾਏ ਨੂੰ ਵੱਟੇ ਖਾਤੇ ਪਾ ਦਿੱਤਾ ਜਾਵੇ। ਕਈ ਫਰਮਾਂ ਵਾਲੇ ਤਾਂ ਜਹਾਨੋਂ ਵੀ ਚਲੇ ਗਏ ਹਨ ਪਰ ਉਨ੍ਹਾਂ ਦਾ ਨਾਮ ਸਰਕਾਰੀ ਰਿਕਾਰਡ ਵਿੱਚ ਹਾਲੇ ਵੀ ਬੋਲਦਾ ਹੈ।
            ਬਠਿੰਡਾ ਜ਼ਿਲ੍ਹੇ ਦੇ ਵੀ ਅੱਧੀ ਦਰਜਨ ਅਜਿਹੇ ਕੇਸ ਹਨ, ਜਿਨ੍ਹਾਂ ਕੋਲ ਕੋਈ ਪ੍ਰਾਪਰਟੀ ਨਹੀਂ ਬਚੀ ਹੈ। ਸੂਤਰ ਦੱਸਦੇ ਹਨ ਕਿ ਜਿਸ ਫਰਮ ਦਾ ਕੇਸ ਵੱਟੇ ਖਾਤੇ ਪਾਉਣ ਲਈ ਤਿਆਰ ਕੀਤਾ ਜਾਂਦਾ ਹੈ, ਉਸ ਫਰਮ ਦੇ ਪ੍ਰਬੰਧਕ ਬਕਾਏ ਨਾ ਤਾਰੇ ਜਾਣ ਕਾਰਨ 40 ਦਿਨ ਦੀ ਜੇਲ੍ਹ ਕੱਟ ਚੁੱਕੇ ਹੁੰਦੇ ਹਨ। ਜ਼ਿਲ੍ਹਾ ਸੰਗਰੂਰ ਦੀ ਫਰਮ ਸੌਰਵ ਐਂਡ ਕੰਪਨੀ ਮਲੇਰਕੋਟਲਾ ਅਤੇ ਸੀ.ਐਚ.ਇੰਡਸਟਰੀ ਮਲੇਰਕੋਟਲਾ ਵੱਲ 56.90 ਲੱਖ ਰੁਪਏ ਦੇ ਟੈਕਸਾਂ ਦੇ ਬਕਾਏ ਸਨ। ਮਹਿਕਮੇ ਨੇ ਆਖਿਆ ਕਿ ਇਨ੍ਹਾਂ ਤੋਂ ਰਿਕਵਰੀ ਹੋ ਨਹੀਂ ਸਕਦੀ ਹੈ, ਜਿਸ ਕਰਕੇ ਟੈਕਸ ਵੱਟੇ ਖਾਤੇ ਪਾ ਦਿੱਤੇ ਜਾਣ। ਜ਼ਿਲ੍ਹਾ ਲੁਧਿਆਣਾ ਦੇ ਕਰੀਬ ਇਕ ਦਰਜਨ ਕੇਸ ਹਨ, ਜਿਨ੍ਹਾਂ ਵਿੱਚ ਸਨਅਤਕਾਰਾਂ ਨੂੰ 'ਮਲੰਗ' ਐਲਾਨਿਆ ਗਿਆ ਹੈ। ਇਨ੍ਹਾਂ ਵੱਲ 69.53 ਲੱਖ ਰੁਪਏ ਦੇ ਬਕਾਏ ਖੜ੍ਹੇ ਹਨ। ਇਨ੍ਹਾਂ ਸਨਅਤਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਬਚਿਆ। ਜ਼ਮੀਨ ਅਤੇ ਮਸ਼ੀਨਰੀ ਵਿਕ ਚੁੱਕੀ ਹੈ, ਜਿਸ ਕਰਕੇ ਟੈਕਸਾਂ ਦੀ ਵਸੂਲੀ ਡੁੱਬ ਗਈ ਹੈ। ਜ਼ਿਲ੍ਹਾ ਪਟਿਆਲਾ ਦੇ 10 ਵਪਾਰੀਆਂ ਵੱਲ 78.82 ਲੱਖ ਰੁਪਏ ਦੇ ਬਕਾਏ ਖੜ੍ਹੇ ਹਨ। ਪਟਿਆਲਾ ਦੀ ਗਣੇਸ਼ ਫਲੋਰ ਮਿੱਲ ਵੱਲ ਸਾਲ 1969-70 ਦੇ 55 ਹਜ਼ਾਰ ਬਕਾਏ ਹਨ, ਜਦੋਂ ਕਿ ਨਾਭਾ ਦੀ ਜਿੰਦਲ ਆਇਲ ਮਿੱਲ ਵੱਲ 1976-77 ਦੇ 3.52 ਲੱਖ ਰੁਪਏ ਦੇ ਬਕਾਏ ਖੜ੍ਹੇ ਹਨ, ਜੋ ਹੁਣ ਵਸੂਲਣੇ ਸੌਖੇ ਨਹੀਂ ਹਨ। ਪਟਿਆਲਾ ਦੀ ਪ੍ਰੀਤਮ ਰੇਡੀਓ ਕੰਪਨੀ ਵੱਲ ਸਾਲ 1969 ਦੇ 47053 ਰੁਪਏ ਟੈਕਸ ਬਕਾਇਆ ਖੜ੍ਹਾ ਹੈ।
         ਪਟਿਆਲਾ ਦੀ ਜ਼ਿਮੀਦਾਰਾ ਟਾਇਰ ਏਜੰਸੀ ਵੱਲ 1976 ਦੇ 6.11 ਲੱਖ ਰੁਪਏ ਦੇ ਬਕਾਏ ਖੜ੍ਹੇ ਹਨ। ਮਹਿਕਮੇ ਨੇ ਉਦੋਂ ਹੀ ਹੱਥ ਖੜ੍ਹੇ ਕਰ ਦਿੱਤੇ ਸਨ ਕਿ ਇਹ ਬਕਾਏ ਵਸੂਲੇ ਨਹੀਂ ਜਾ ਸਕਦੇ, ਜਿਸ ਕਰਕੇ ਇਨ੍ਹਾਂ ਨੂੰ ਵੱਟੇ ਖਾਤੇ ਪਾਇਆ ਜਾਵੇ ਪਰ ਅੱਜ ਤੱਕ ਇਸ ਰਾਸ਼ੀ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਚਾਰ ਫਰਮਾਂ ਦਾ ਹਾਲ ਵੀ ਇਹੋ ਹੈ, ਜਿਨ੍ਹਾਂ ਵੱਲ 92.85 ਲੱਖ ਰੁਪਏ ਦੇ ਬਕਾਏ ਹਨ। ਇਸ ਜ਼ਿਲ੍ਹੇ ਦੇ ਪਿੰਡ ਚੱਕ ਗੁੱਜਰਾਂ ਦੀ ਵਿਜੈ ਆਇਲ ਮਿੱਲ ਵੱਲ ਸਾਲ 1982-83 ਦੇ 1.72 ਲੱਖ ਰੁਪਏ ਬਕਾਏ ਹਨ, ਜਦੋਂ ਕਿ ਕਰਤਾਰ ਗਲਾਸ ਵਰਕਸ ਵੱਲ ਸਾਲ 1989 ਦੇ 57.87 ਲੱਖ ਰੁਪਏ ਦੇ ਬਕਾਏ ਹਨ। ਇੱਥੋਂ ਦੀ ਹੀ ਪ੍ਰਭਾਤ ਜਨਰਲ ਏਜੰਸੀ ਵੱਲ ਸਾਲ 1985 ਦੇ ਸਾਲਾਂ ਦੇ 28.43 ਲੱਖ ਰੁਪਏ ਖੜ੍ਹੇ ਹਨ। ਇਵੇਂ ਹੀ ਐਸੋਸੀਏਟਿਡ ਟਰੇਡਰ ਵੱਲ ਸਾਲ 1987 ਦੇ 4.81 ਲੱਖ ਦੇ ਬਕਾਏ ਖੜ੍ਹੇ ਹਨ। ਮਹਿਕਮੇ ਨੇ ਵਸੂਲੀ ਲਈ ਸਾਰਾ ਤਾਣ ਲਾਉਣ ਮਗਰੋਂ ਇਹ ਰਾਸ਼ੀ ਵੱਟੇ ਖਾਤੇ ਪਾਉਣ ਲਈ ਲਿਖ ਦਿੱਤਾ ਹੈ। ਮਹਿਕਮਾ ਇਸ ਬਾਰੇ ਫੈਸਲਾ ਨਹੀਂ ਕਰ ਸਕਿਆ ਹੈ, ਜਿਸ ਕਰਕੇ ਰਿਕਾਰਡ ਵਿੱਚ ਇਹ ਰਾਸ਼ੀ ਹਾਲੇ ਤੱਕ ਬੋਲੀ ਜਾ ਰਹੀ ਹੈ, ਜਦੋਂ ਕਿ ਭਰਨ ਵਾਲਿਆਂ ਕੋਲ ਕੋਈ ਜਾਇਦਾਦ ਨਹੀਂ ਹੈ। ਬਹੁਤੇ ਤਾਂ ਜੇਲ੍ਹਾਂ ਕੱਟਣ ਮਗਰੋਂ ਬਕਾਏ ਭਰਨ ਤੋਂ ਹੱਥ ਖੜ੍ਹੇ ਕਰ ਗਏ ਹਨ।
                                           ਫਰਮਾਂ ਕੋਲ ਕੁਝ ਨਹੀਂ ਬਚਿਆ: ਸਹਾਇਕ ਕਮਿਸ਼ਨਰ
ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਬਠਿੰਡਾ ਪਵਨ ਗਰਗ ਦਾ ਕਹਿਣਾ ਸੀ ਕਿ ਕਰੋੜਾਂ ਰੁਪਏ ਦੀ ਰਾਸ਼ੀ ਨੂੰ ਵੱਟੇ ਖਾਤੇ ਪਾਉਣ ਦੇ ਕੇਸ ਤਿਆਰ ਹੋ ਚੁੱਕੇ ਹਨ ਪਰ ਇਨ੍ਹਾਂ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਘਾਟੇ ਵਿੱਚ ਜਾਣ ਕਰਕੇ ਕਾਫੀ ਸਨਅਤਾਂ ਅਤੇ ਫਰਮਾਂ ਮੰਦਵਾੜੇ ਵਿੱਚ ਚਲੀਆਂ ਗਈਆਂ, ਜਿਸ ਕਰਕੇ ਉਨ੍ਹਾਂ ਕੋਲ ਬਕਾਏ ਤਾਰਨ ਲਈ ਕੁਝ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਦੇ ਪ੍ਰਬੰਧਕਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਪਰ ਫਿਰ ਵੀ ਵਸੂਲੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਕੋਲ ਹੁਣ ਕੁਝ ਨਹੀਂ ਬਚਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਦੀ ਵਸੂਲੀ ਹੋਣੀ ਮੁਸ਼ਕਲ ਹੈ।

No comments:

Post a Comment