ਤੀਲਾ ਤੀਲਾ ਜ਼ਿੰਦਗੀ
ਕਿਹੜੇ ਹੌਸਲੇ ਖੇਤ ਵੱਲ ਜਾਵਾਂ..!
ਚਰਨਜੀਤ ਭੁੱਲਰ
ਚੰਡੀਗੜ੍ਹ: ਨਰਮਾ ਪੱਟੀ ’ਚ ਕਿਸਾਨਾਂ ਕੋਲ ਹੁਣ ਕੋਈ ਚਾਰਾ ਬਾਕੀ ਨਹੀਂ ਬਚਿਆ। ਕਿਸੇ ਕਿਸਾਨ ਨੇ ਨਵਾਂ ਟਰੈਕਟਰ ਸੇਲ ’ਤੇ ਲਾਇਆ ਹੈ ਅਤੇ ਕੋਈ ਦੁਧਾਰੂ ਪਸ਼ੂਆਂ ਨੂੰ ਵੇਚ ਰਿਹਾ ਹੈ। ਗੁਲਾਬੀ ਸੁੰਡੀ ਦਾ ਇੰਨਾ ਕਹਿਰ ਹੈ ਕਿ ਕਿਸਾਨ ਖੇਤਾਂ ਨੂੰ ਛੱਡ ਕੇ ਸੜਕਾਂ ’ਤੇ ਉੱਤਰੇ ਹਨ। ਚੰਨੀ ਸਰਕਾਰ ਦੀ ਢਿੱਲੀ ਚਾਲ ਤੋਂ ਜਾਪਦਾ ਹੈ ਕਿ ਕਿਸਾਨ ਘਰਾਂ ਦਾ ਦੁੱਖ ਸਰਕਾਰ ਨੂੰ ਆਪਣਾ ਨਹੀਂ ਲੱਗ ਰਿਹਾ। ਪਹਿਲੀ ਸਰਕਾਰੀ ਗਿਰਦਾਵਰੀ ਵਿੱਚ ਬਠਿੰਡਾ, ਮਾਨਸਾ ’ਚ ਫ਼ਸਲ ਦਾ ਸੌ ਫੀਸਦੀ ਖ਼ਰਾਬਾ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ ਦਾ ਮਿਨੀ ਸਕੱਤਰੇਤ ਘੇਰਿਆ ਹੋਇਆ ਹੈ।
ਵੇਰਵਿਆਂ ਅਨੁਸਾਰ ਨਰਮਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ ਤੇ ਮਲੋਟ ’ਚ ਟਰੈਕਟਰ ਮੰਡੀ ਲੱਗਦੀ ਹੈ। ਅੱਜ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ’ਚ ਕਿਸਾਨ ਵੇਚਣ ਲਈ ਨਵੇਂ ਟਰੈਕਟਰ ਲੈ ਕੇ ਆਏ। ਟਰੈਕਟਰ ਮੰਡੀ ਦੇ ਪ੍ਰਧਾਨ ਗੁਰਚਰਨ ਸਿੰਘ ਲਾਲੇਆਣਾ ਦੱਸਦੇ ਹਨ ਕਿ ਨਰਮੇ ਦੇ ਖ਼ਰਾਬੇ ਮਗਰੋਂ ਮੰਡੀ ’ਚ ਟਰੈਕਟਰ ਵੇਚਣ ਵਾਲੇ ਕਿਸਾਨ ਜ਼ਿਆਦਾ ਹਨ, ਖਰੀਦਦਾਰ ਕੋਈ ਨਹੀਂ। ਉਨ੍ਹਾਂ ਦੱਸਿਆ ਕਿ ਕਿਸਾਨ ਜ਼ਮੀਨ ਦੇ ਠੇਕੇ ਦੀਆਂ ਕਿਸ਼ਤਾਂ ਉਤਾਰਨ ਲਈ ਟਰੈਕਟਰ ਵੇਚ ਰਹੇ ਹਨ। ਟਰੈਕਟਰ ਵਪਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ 50-50 ਹਜ਼ਾਰ ਰੁਪਏ ਘਾਟਾ ਪਾ ਕੇ ਟਰੈਕਟਰ ਵੇਚਣ ਲਈ ਮਜਬੂਰ ਹਨ।
ਪਿੰਡ ਜਗਾ ਰਾਮ ਤੀਰਥ ਦੇ ਕਿਸਾਨ ਮਾਨ ਸਿੰਘ ਨੇ ਦੱਸਿਆ ਕਿ ਹਫਤਾ ਪਹਿਲਾਂ ਉਸ ਨੂੰ 40 ਹਜ਼ਾਰ ਰੁਪਏ ਘਾਟਾ ਪਾ ਕੇ ਟਰੈਕਟਰ ਵੇਚਣਾ ਪਿਆ। ਉਸ ਨੇ ਦੱਸਿਆ ਕਿ ਨਰਮਾ ਸੁੰਡੀ ਖਾ ਗਈ ਤੇ ਹੱਥ ਖਾਲੀ ਹਨ, ਹੋਰ ਕੋਈ ਚਾਰਾ ਨਹੀਂ ਸੀ। ਇਸੇ ਪਿੰਡ ਦੇ ਕਿਸਾਨ ਬੀਰਬਲ ਸਿੰਘ ਨੇ ਵੀ ਮੰਡੀ ’ਚ ਟਰੈਕਟਰ ਸੇਲ ’ਤੇ ਲਾਇਆ ਹੋਇਆ ਹੈ। ਇੰਟਰਨੈਸ਼ਨਲ ਆਟੋਮੋਬਾਈਲ ਰਾਮਪੁਰਾ ਦੇ ਮਾਲਕ ਮੁਕੇਸ਼ ਗਰਗ (ਰਾਜੂ) ਨੇ ਦੱਸਿਆ ਕਿ ਅਕਤੂਬਰ ’ਚ ਟਰੈਕਟਰ ਵਿਕਰੀ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਪਰ ਐਤਕੀਂ ਨਰਮਾ ਖ਼ਿੱਤੇ ਵਾਲੇ ਪਿੰਡਾਂ ’ਚ ਨਵੇਂ ਟਰੈਕਟਰਾਂ ਦੀ ਵਿਕਰੀ ਨਹੀਂ ਹੋ ਰਹੀ ਹੈ।
ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਬਲਬੀਰ ਸਿੰਘ ਨੂੰ ਆਪਣੇ ਖੇਤੀ ਸੰਦ ਵੇਚਣੇ ਪਏ ਹਨ ਜਦੋਂ ਕਿ ਇਸੇ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਨੇ ਰੋਟਾਵੇਟਰ ਸੇਲ ’ਤੇ ਲਾਇਆ ਹੈ। ਅਜਿਹੇ ਸੈਂਕੜੇ ਕਿਸਾਨ ਹਨ, ਜਿਨ੍ਹਾਂ ਲਈ ਖੇਤੀ ਸੰਦ ਵੇਚਣੇ ਮਜਬੂਰੀ ਬਣ ਗਏ ਹਨ। ਚੇਤੇ ਰਹੇ ਕਿ ਜਦੋਂ ਅਮਰੀਕਨ ਸੁੰਡੀ ਨੇ ਪਹਿਲਾ ਹੱਲਾ ਬੋਲਿਆ ਸੀ ਤਾਂ ਉਦੋਂ ਵੀ ਨਰਮਾ ਪੱਟੀ ਨੂੰ ਏਦਾਂ ਦਾ ‘ਕਾਲਾ ਦੌਰ’ ਵੇਖਣਾ ਪਿਆ ਸੀ। ਹੁਣ ਬਠਿੰਡਾ, ਮਾਨਸਾ ਤੇ ਮੁਕਤਸਰ ਦਾ ਸਮੁੱਚਾ ਖੇਤੀ ਅਰਥਚਾਰਾ ਹੀ ਗੁਲਾਬੀ ਸੁੰਡੀ ਨੇ ਲਪੇਟ ਵਿੱਚ ਲੈ ਲਿਆ ਹੈ।
ਪਿੰਡ ਚੱਠੇਵਾਲਾ ਦਾ ਕਾਲਾ ਸਿੰਘ ਦੱਸਦਾ ਹੈ ਕਿ ਉਸ ਨੂੰ ਦੋ ਦੁਧਾਰੂ ਪਸ਼ੂ ਹੱਥੋਂ ਹੱਥ ਵੇਚਣੇ ਪਏ ਹਨ ਤਾਂ ਜੋ ਠੇਕੇ ’ਤੇ ਲਈ ਜ਼ਮੀਨ ਦੀ ਕਿਸ਼ਤ ਦਿੱਤੀ ਜਾ ਸਕੀ ਅਤੇ ਬੱਚਿਆਂ ਦੀਆਂ ਫੀਸਾਂ ਦਾ ਇੰਤਜ਼ਾਮ ਕੀਤਾ ਜਾ ਸਕੇ। ਪਿੰਡ ਕੁਸਲਾ ਦੇ ਇੱਕ ਕਿਸਾਨ ਨੂੰ ਮਾਨਸਾ ਮੰਡੀ ਵਿਚ 70 ਹਜ਼ਾਰ ’ਚ ਮੱਝ ਵੇਚਣੀ ਪਈ ਤਾਂ ਜੋ ਉਹ ਆਪਣੀ ਮਾਂ ਦਾ ਇਲਾਜ ਕਰਾ ਸਕੇ। ਉਸ ਦੀ ਸਾਰੀ ਫ਼ਸਲ ਐਤਕੀਂ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਬਹੁਤੇ ਕਿਸਾਨਾਂ ਨੇ ਇਹੋ ਕਿਹਾ ਕਿ ਹੁਣ ਤਾਂ ਖੇਤ ਗੇੜਾ ਮਾਰਨ ਨੂੰ ਵੀ ਦਿਲ ਨਹੀਂ ਕਰਦਾ। ਦੱਸਣਯੋਗ ਹੈ ਕਿ ਮਾਲਵੇ ਵਿਚ ਮਾਨਸਾ, ਧਨੌਲਾ ਤੇ ਮੌੜ ਮੰਡੀ ਦੇ ਪਸ਼ੂ ਮੇਲੇ ਕਾਫ਼ੀ ਮਸ਼ਹੂਰ ਹਨ, ਜਿੱਥੇ ਹੁਣ ਪਸ਼ੂਆਂ ਦੀ ਗਿਣਤੀ ਵਧ ਗਈ ਹੈ।
ਪਸ਼ੂ ਵਪਾਰੀ ਪਰਮਜੀਤ ਸਿੰਘ ਮੌੜ ਨੇ ਦੱਸਿਆ ਕਿ ਗੁਲਾਬੀ ਸੁੰਡੀ ਨੇ ਕਿਸਾਨੀ ਮਜਬੂਰੀਆਂ ਵਧਾ ਦਿੱਤੀਆਂ ਹਨ, ਜਿਸ ਕਰਕੇ ਬਹੁਤੇ ਕਿਸਾਨ ਦੁਧਾਰੂ ਪਸ਼ੂ ਵੇਚ ਰਹੇ ਹਨ। ਕਈ ਪਰਿਵਾਰ ਦਾ ਇੱਕੋ ਇੱਕ ਪਸ਼ੂ ਵੀ ਵੇਚ ਗਏ ਹਨ। ਮੁਕਤਸਰ ਦੇ ਪਿੰਡ ਤਾਮਕੋਟ ਵਿਚ ਕਰੀਬ 550 ਏਕੜ ਨਰਮੇ ਦੀ ਫਸਲ ਸੁੰਡੀ ਨੇ ਖਤਮ ਕਰ ਦਿੱਤੀ ਹੈ। ਕਿਸਾਨ ਹੱਥਾਂ ਵਿਚ ਟੀਂਡੇ ਲੈ ਕੇ ਕਦੇ ਕਿਸੇ ਅਧਿਕਾਰੀ ਨੂੰ ਦਿਖਾਉਂਦੇ ਹਨ ਅਤੇ ਕਦੇ ਕਿਸੇ ਦਫਤਰ ਜਾਂਦੇ ਹਨ। ਪਤਾ ਲੱਗਾ ਹੈ ਕਿ ਕਿਸਾਨਾਂ ਨੂੰ ਅਗਲੀ ਫਸਲ ਦੇ ਪ੍ਰਬੰਧ ਲਈ ਖੇਤਾਂ ’ਚੋਂ ਖੜ੍ਹੇ ਦਰਖ਼ਤ ਵੀ ਵੇਚਣੇ ਪੈ ਰਹੇ ਹਨ।
ਖੇਤੀ ਮੰਤਰੀ ਲਈ ਖੇਤ ਦੂਰ ਹੋ ਗਏ...
ਪੰਜਾਬ ਦੇ ਖੇਤੀ ਮੰਤਰੀ ਰਣਦੀਪ ਸਿੰਘ ਨੇ ਕਿਸਾਨੀ ਬਿਪਤਾ ’ਚ ਹਾਲੇ ਤੱਕ ਨਰਮਾ ਪੱਟੀ ਦਾ ਗੇੜਾ ਤੱਕ ਨਹੀਂ ਮਾਰਿਆ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਸੀ ਅਤੇ ਫਲੈਕਸ ਵੀ ਲਾ ਦਿੱਤੇ ਸਨ ਪਰ ਮੁਆਵਜ਼ਾ ਨਹੀਂ ਭੇਜਿਆ। ਕਿਸਾਨਾਂ ਨੇ 3 ਅਕਤੂਬਰ ਤੋਂ ਮੁਆਵਜ਼ੇ ਲਈ ਸੰਘਰਸ਼ ਵਿੱਢਿਆ ਹੋਇਆ ਹੈ ਪਰ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਹੈ ਕਿ ਸਰਕਾਰ ਕਿਸਾਨੀ ਪ੍ਰਤੀ ਸੁਹਿਰਦ ਹੈ ਤਾਂ 60 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਐਲਾਨੇ।
No comments:
Post a Comment