ਟਾਟਿਆਂ ਦੀ ਘੁਰਕੀ
ਪੰਜਾਬ ਦੁੱਗਣੇ ਭਾਅ ’ਤੇ ਖਰੀਦੇਗਾ ਬਿਜਲੀ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦਾ ਬਿਜਲੀ ਸੰਕਟ ‘ਟਾਟਾ ਪਾਵਰ’ ਨੂੰ ਰਾਸ ਆਉਣ ਲੱਗਾ ਹੈ। ਇਸ ਨੇ ਪਹਿਲਾਂ ਪੰਜਾਬ ਨੂੰ ਬਿਜਲੀ ਦੇਣੀ ਬੰਦ ਕਰ ਦਿੱਤੀ ਸੀ। ਜਦੋਂ ਹੁਣ ਬਿਜਲੀ ਸੰਕਟ ਬਣ ਗਿਆ ਤਾਂ ‘ਟਾਟਾ ਪਾਵਰ’ ਨੇ ਪਾਵਰਕੌਮ ਨੂੰ ਘੁਰਕੀ ਦੇ ਦਿੱਤੀ ਕਿ ਜੇ ਪੰਜਾਬ ਨੇ ਦੁੱਗਣੇ ਭਾਅ ’ਤੇ ਬਿਜਲੀ ਨਾ ਖਰੀਦੀ ਤਾਂ ਉਹ ਐਕਸਚੇਂਜ ਵਿੱਚ ਬਿਜਲੀ ਵੇਚ ਦੇਣਗੇ। ਇੱਧਰੋਂ ਪਾਵਰਕੌਮ ਨੇ ਕਰੀਬ 5.50 ਰੁਪਏ ਪ੍ਰਤੀ ਯੂਨਿਟ ਦੇ ਲਿਹਾਜ਼ ਨਾਲ ਟਾਟਾ ਮੁੰਦਰਾ ਤੋਂ ਬਿਜਲੀ ਖ਼ਰੀਦਣ ਦੀ ਹਾਮੀ ਭਰ ਦਿੱਤੀ ਹੈ, ਜਦੋਂ ਕਿ ਟਾਟਾ ਮੁੰਦਰਾ ਨੇ ਬਿਜਲੀ ਖ਼ਰੀਦ ਸਮਝੌਤੇ ਮੁਤਾਬਕ ਬਿਜਲੀ 2.90 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਣੀ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਟਾਟਾ ਪਾਵਰ ਦਾ ਗੁਜਰਾਤ ਵਿੱਚ ਚਾਰ ਹਜ਼ਾਰ ਮੈਗਾਵਾਟ ਦਾ ਟਾਟਾ ਮੁੰਦਰਾ ਥਰਮਲ ਪਲਾਂਟ ਹੈ, ਜਿੱਥੋਂ ਪੰਜਾਬ ਨੂੰ 475 ਮੈਗਾਵਾਟ ਬਿਜਲੀ ਮਿਲਦੀ ਹੈ। ਪਾਵਰਕੌਮ ਨੇ 22 ਅਪਰੈਲ 2007 ਨੂੰ ਟਾਟਾ ਪਾਵਰ ਨਾਲ 25 ਵਰ੍ਹਿਆਂ ਲਈ ਕਰੀਬ 2.90 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖ਼ਰੀਦ ਸਮਝੌਤਾ ਕੀਤਾ ਸੀ।
ਕੁਝ ਅਰਸੇ ਤੋਂ ਟਾਟਾ ਮੁੰਦਰਾ ਨੇ ਬਿਜਲੀ ਸਮਝੌਤੇ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਨੂੰ ਘੱਟ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਸੀ ਅਤੇ ਦੋ ਮਹੀਨਿਆਂ ਤੋਂ ਟਾਟਾ ਮੁੰਦਰਾ ਨੇ ਪੰਜਾਬ ਨੂੰ ਬਿਜਲੀ ਦੇਣੀ ਹੀ ਬੰਦ ਕਰ ਦਿੱਤੀ ਸੀ, ਜੋ ਕਿ ਬਿਜਲੀ ਸਮਝੌਤੇ ਦੀ ਸਾਫ਼ ਉਲੰਘਣਾ ਹੈ।ਪੰਜਾਬ ’ਚ ਹੁਣ ਬਿਜਲੀ ਸੰਕਟ ਬਣਿਆ ਹੋਇਆ ਹੈ, ਜਿਸ ਕਰਕੇ ਪਾਵਰ ਕੱਟ ਲਾਉਣੇ ਪੈ ਰਹੇ ਹਨ। ਸੂਤਰ ਆਖਦੇ ਹਨ ਕਿ ਟਾਟਾ ਪਾਵਰ ਨੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਪਾਵਰਕੌਮ ਨੂੰ ਚਿੱਠੀ ਲਿਖ ਦਿੱਤੀ, ਜਿਸ ’ਚ ਆਫ਼ਰ ਕੀਤੇ ਭਾਅ ਨੂੰ ਪਾਵਰਕੌਮ ਨੇ ਸਵੀਕਾਰ ਵੀ ਕਰ ਲਿਆ ਹੈ। ਮਾਹਿਰਾਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਪਾਵਰਕੌਮ ਬਿਜਲੀ ਸਮਝੌਤੇ ਦੀ ਉਲੰਘਣਾ ਕਰਕੇ 2.90 ਰੁਪਏ ਦੀ ਜਗ੍ਹਾ ਦੁੱਗਣੇ ਭਾਅ ’ਤੇ ਬਿਜਲੀ ਖ਼ਰੀਦਣ ਲਈ ਰਜ਼ਾਮੰਦ ਕਿਉਂ ਹੋਇਆ ਹੈ। ਮਾਹਿਰ ਆਖਦੇ ਹਨ ਕਿ ਜੇ ਭਵਿੱਖ ਵਿੱਚ ਐਕਸਚੇਂਜ ’ਚ ਬਿਜਲੀ ਮਹਿੰਗੀ ਹੋਣ ਦਾ ਹਵਾਲਾ ਦੇ ਕੇ ਪੰਜਾਬ ਦੇ ਨਿੱਜੀ ਥਰਮਲਾਂ ਨੇ ਵੀ ਬਿਜਲੀ ਸਮਝੌਤੇ ਮੁਤਾਬਕ ਨਿਸ਼ਚਿਤ ਭਾਅ ਦੀ ਥਾਂ ਉੱਚੇ ਭਾਅ ’ਤੇ ਬਿਜਲੀ ਦੇਣ ਦੀ ਧਮਕੀ ਦਿੱਤੀ ਤਾਂ ਪਾਵਰਕੌਮ ਕਿਹੜਾ ਰਾਹ ਅਖ਼ਤਿਆਰ ਕਰੇਗਾ। ਪਾਵਰਕੌਮ ਦੇ ਸੀਨੀਅਰ ਅਧਿਕਾਰੀ ਤਰਕ ਦਿੰਦੇ ਹਨ ਕਿ ਐਕਸਚੇਂਜ ’ਚੋਂ ਇਸ ਵੇਲੇ ਕਰੀਬ 16 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਜਦਕਿ ਟਾਟਾ ਮੁੰਦਰਾ ਤੋਂ 5.50 ਰੁਪਏ ਪ੍ਰਤੀ ਯੂਨਿਟ ਬਿਜਲੀ ਲੈਣ ਦਾ ਵਪਾਰਕ ਨਜ਼ਰੀਏ ਤੋਂ ਫ਼ੈਸਲਾ ਲਿਆ ਗਿਆ ਹੈ। ਪਹਿਲਾਂ ਹਫ਼ਤੇ ਲਈ ਟਾਟਾ ਮੁੰਦਰਾ ਤੋਂ ਬਿਜਲੀ ਲਈ ਜਾਵੇਗੀ, ਉਸ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ।
ਪਾਵਰਕੌਮ ਇਸ ਵੇਲੇ ਐਕਸਚੇਂਜ ’ਚੋਂ 1100 ਮੈਗਾਵਾਟ ਬਿਜਲੀ ਲੈ ਰਿਹਾ ਹੈ। ਪਤਾ ਲੱਗਾ ਹੈ ਕਿ ਅੱਜ ਤੋਂ ਪਾਵਰਕੌਮ ਨੇ ਟਾਟਾ ਮੁੰਦਰਾ ਤੋਂ ਬਿਜਲੀ ਸੰਕਟ ਦੇ ਮੱਦੇਨਜ਼ਰ ਬਿਜਲੀ ਲੈਣੀ ਸ਼ੁਰੂ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਟਾ ਪਾਵਰ ਦੀ ਇੰਡੋਨੇਸ਼ੀਆ ਵਿੱਚ ਆਪਣੀ ਕੋਲਾ ਖਾਣ ਹੈ। ਟਾਟਾ ਪਾਵਰ ਨੇ ਇੰਡੋਨੇਸ਼ੀਆ ਵਿੱਚ ਕੋਲੇ ’ਤੇ ਟੈਕਸਾਂ ਵਿੱਚ ਵਾਧਾ ਹੋਣ ਦਾ ਹਵਾਲਾ ਦੇ ਕੇ ਬਿਜਲੀ ਸਮਝੌਤੇ ਵਿੱਚ ਤੈਅ ਭਾਅ ਤੋਂ ਵੱਧ ਕੀਮਤ ’ਤੇ ਬਿਜਲੀ ਦੇਣ ਦੀ ਗੱਲ ਰੱਖੀ। ਕੰਪਨੀ ਇਸ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਗਈ ਤਾਂ ਉੱਥੇ ਵੀ ਗੱਲ ਨਾ ਬਣ ਸਕੀ। ਟਾਟਾ ਮੁੰਦਰਾ ਤੋਂ ਪੰਜਾਬ ਤੋਂ ਇਲਾਵਾ ਗੁਜਰਾਤ, ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ ਵੱਲੋਂ ਬਿਜਲੀ ਖ਼ਰੀਦੀ ਜਾਂਦੀ ਹੈ। ਸਭ ਸੂਬਿਆਂ ਨੇ ਉਦੋਂ ਟਾਟਾ ਮੁੰਦਰਾ ਤੋਂ ਵੱਧ ਭਾਅ ’ਤੇ ਬਿਜਲੀ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ।ਸੂਤਰਾਂ ਅਨੁਸਾਰ ਕੇਂਦਰ ਸਰਕਾਰ ਟਾਟਾ ਮੁੰਦਰਾ ਦੇ ਰੇਟ ਸੋਧਣ ਵਿਚ ਦਿਲਚਸਪੀ ਰੱਖਦੀ ਸੀ।
ਨਤੀਜੇ ਵਜੋਂ ਇੰਡੋਨੇਸ਼ੀਆ ਦੇ ਮਹਿੰਗੇ ਕੋਲੇ ਦਾ ਤਰਕ ਰੱਖਦੇ ਹੋਏ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਨੇ ਪਹਿਲੀ ਦਸੰਬਰ 2018 ਨੂੰ ਆਪਣੀ ਰਿਪੋਰਟ ਦੇ ਦਿੱਤੀ, ਜਿਸ ’ਚ ਟਾਟਾ ਮੁੰਦਰਾ ਦੇ ਬਿਜਲੀ ਰੇਟ ਵਧਾ ਦਿੱਤੇ ਗਏ। ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਭ ਸੂਬਿਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸੇ ਮਹੀਨੇ ਦੀ ਅੱਠ ਅਕਤੂਬਰ ਨੂੰ ਕੇਂਦਰੀ ਬਿਜਲੀ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਕਿ ਜੋ ਵੀ ਸੂਬੇ ਬਿਜਲੀ ਸਮਝੌਤੇ ਅਨੁਸਾਰ ਨਿੱਜੀ ਥਰਮਲਾਂ ਤੋਂ ਬਿਜਲੀ ਨਹੀਂ ਲੈਂਦੇ, ਉਸੇ ਬਿਜਲੀ ਨੂੰ ਨਿੱਜੀ ਥਰਮਲ ਐਕਸਚੇਂਜ ਵਿੱਚ ਵੇਚ ਸਕਦੇ ਹਨ। ਪਾਵਰਕੌਮ ਦੇ ਸੀਐੱਮਡੀ ਅਤੇ ਡਾਇਰੈਕਟਰ (ਜੈਨਰੇਸ਼ਨ) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਟਾਟਾ ਪਾਵਰ ਨੇ ਪੰਜਾਬ ਨੂੰ ਪਿਛਲੇ ਵਰ੍ਹੇ ਵੀ ਦਿੱਤੀ ਸੀ ਧਮਕੀ
ਟਾਟਾ ਪਾਵਰ ਪੰਜਾਬ ਨੂੰ ਬਿਜਲੀ ਸਮਝੌਤੇ ਮੁਤਾਬਕ ਸਸਤੀ ਬਿਜਲੀ ਦੇਣ ਦੀ ਥਾਂ ਐਕਸਚੇਂਜ ਵਿੱਚ ਮਹਿੰਗੇ ਭਾਅ ’ਤੇ ਬਿਜਲੀ ਵੇਚਣ ਦੀ ਇੱਛੁਕ ਹੈ। ਟਾਟਾ ਮੁੰਦਰਾ ਨੇ ਮਾਰਚ 2020 ਵਿੱਚ ਵੀ ਪਾਵਰਕੌਮ ਨੂੰ ਧਮਕੀ ਭਰੀ ਚਿੱਠੀ ਲਿਖੀ ਸੀ ਕਿ ਜੇ ਪਾਵਰਕੌਮ ਨੇ ਉੱਚ ਪੱਧਰੀ ਕਮੇਟੀ ਤਰਫ਼ੋਂ ਸਿਫ਼ਾਰਸ਼ ਕੀਤੇ ਭਾਅ ਮੁਤਾਬਕ ਬਿਜਲੀ ਨਾ ਖ਼ਰੀਦੀ ਤਾਂ ਉਹ ਪੰਜਾਬ ਨੂੰ ਬਿਜਲੀ ਦੇਣੀ ਬੰਦ ਕਰ ਦੇਣਗੇ। ਉਦੋਂ ਪਾਵਰਕੌਮ ਨੇ ਠੋਕਵਾਂ ਜਵਾਬ ਦਿੱਤਾ ਸੀ ਕਿ ਬਿਜਲੀ ਬੰਦ ਕੀਤੀ ਗਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਟਾਟਾ ਪਾਵਰ ਕੰਪਨੀ ਨੇ ਉਦੋਂ ਅਦਾਲਤੀ ਡਰ ਵਜੋਂ ਪੰਜਾਬ ਨੂੰ ਬਿਜਲੀ ਦੇਣੀ ਬੰਦ ਨਹੀਂ ਕੀਤੀ ਸੀ। ਹੁਣ ਜਦੋਂ ਟਾਟਾ ਪਾਵਰ ਨੇ ਮੁੜ ਧਮਕੀ ਦਿੱਤੀ ਤਾਂ ਪਾਵਰਕੌਮ ਨੇ ਸਵੀਕਾਰ ਕਰ ਲਈ ਹੈ ਅਤੇ ਬਿਜਲੀ ਸਮਝੌਤੇ ਦੀ ਉਲੰਘਣਾ ਕਰਦੇ ਮਹਿੰਗੀ ਬਿਜਲੀ ਖ਼ਰੀਦਣ ਦਾ ਫ਼ੈਸਲਾ ਕਰ ਲਿਆ ਹੈ ਜਿਸ ਨਾਲ ਪੰਜਾਬ ਦੇ ਨਿੱਜੀ ਥਰਮਲਾਂ ਲਈ ਵੀ ਰਾਹ ਖੁੱਲ੍ਹ ਗਿਆ ਹੈ।
No comments:
Post a Comment