Wednesday, October 28, 2020

                                                      ਖੇਤਾਂ ਦਾ ਰਾਜਾ
                                    ਕਿਸਾਨ ਸੰਘਰਸ਼ ਨੇ ਲਾਏ ਪਹੀਏ
                                                     ਚਰਨਜੀਤ ਭੁੱਲਰ                                

ਚੰਡੀਗੜ੍ਹ : ਪੰਜਾਬ ਦੇ ਕਿਸਾਨ ਅੰਦੋਲਨ ’ਚ ‘ਖੇਤਾਂ ਦਾ ਰਾਜਾ’ ਭੱਲ ਖੱਟ ਗਿਆ ਹੈ। ਕੇਂਦਰੀ ਖੇਤੀ ਕਾਨੂੰਨਾਂ ਦਾ ਭਵਿੱਖ ਕੁਝ ਵੀ ਹੋਵੇ ਪ੍ਰੰਤੂ ਪੰਜਾਬ ’ਚ ਟਰੈਕਟਰ ਪ੍ਰਤੀ ਖਿੱਚ ਵਧੀ ਹੈ। ਕੋਵਿਡ ਦੇ ਬਾਵਜੂਦ ਪੰਜਾਬ ’ਚ ਟਰੈਕਟਰਾਂ ਦੀ ਸੇਲ ਇਕਦਮ ਵਾਧਾ ਇਸ ਦਾ ਗਵਾਹ ਹੈ। ਹਾਲਾਂਕਿ ਵਿਕਰੀ ’ਚ ਵਾਧੇ ਦੇ ਕਾਰਨ ਹੋਰ ਵੀ ਹਨ ਪ੍ਰੰਤੂ ਟਰੈਕਟਰਾਂ ਮਾਰਚਾਂ ਅਤੇ ਕਿਸਾਨ ਅੰਦੋਲਨਾਂ ’ਚ ਟਰੈਕਟਰ ਦਾ ਉਭਾਰ ਵੀ ਵੱਡਾ ਕਾਰਨ ਬਣਿਆ ਹੈ।  ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਕੋਲ ਟਰੈਕਟਰ ਸਟਾਕ ਵਿਚ ਵੀ ਨਹੀਂ ਹਨ। ਟਰੈਕਟਰ ਹੁਣ ਬੁਕਿੰਗ ’ਤੇ ਮਿਲਣ ਲੱਗਾ ਹੈ। ਵੱਡੇ ਟਰੈਕਟਰਾਂ ਦੀ ਮੰਗ ਕੋਵਿਡ ਮਗਰੋਂ ਦੇਖਣ ’ਚ ਆਈ ਹੈ। ਪੰਜਾਬ ਵਿਚ ਜਨਵਰੀ 2020 ਤੋਂ ਹੁਣ ਤੱਕ (ਦਸ ਮਹੀਨੇ) ਦੌਰਾਨ 17611 ਟਰੈਕਟਰਾਂ ਦੀ ਵਿਕਰੀ ਹੋਈ ਹੈ ਜਦੋਂ ਕਿ ਅਪਰੈਲ, ਮਈ ਤੇ ਜੂਨ ਮਹੀਨੇ ’ਚ ਕੋਵਿਡ ਕਰਕੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ।   

                 ਪੰਜਾਬ ਵਿਚ ਰੁਟੀਨ ਵਿਚ ਰੋਜ਼ਾਨਾ ਅੌਸਤਨ 55 ਟਰੈਕਟਰਾਂ ਦੀ ਵਿਕਰੀ ਹੈ। ਰਾਮਪੁਰਾ ਫੂਲ ਦੇ ਟਰੈਕਟਰ ਡੀਲਰ ਸ੍ਰੀ ਮੁਕੇਸ਼ ਗਰਗ ਦਾ ਪ੍ਰਤੀਕਰਮ ਸੀ ਕਿ ਕੋਵਿਡ ਮਗਰੋਂ ਸੁਪਰਸੀਡਰ ਕਰਕੇ ਵੱਡੇ ਟਰੈਕਟਰਾਂ ਦੀ ਮੰਗ ਵਧੀ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਆਕਰਸ਼ਣ ਵੀ ਬਣਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਕੱਲੇ ਸਤੰਬਰ ਮਹੀਨੇ ’ਚ 3037 ਟਰੈਕਟਰ ਵਿਕੇ ਹਨ ਜੋ ਆਪਣੇ ਆਪ ’ਚ ਰਿਕਾਰਡ ਹੈ।  ਵਰ੍ਹਾ 2020 ਦੇ ਅਕਤੂਬਰ ਮਹੀਨੇ ਤੱਕ ਦੇਸ਼ ਭਰ ਵਿਚ 4.01 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ ਅਤੇ ਸਾਲ 2019 ਵਿਚ ਇਹ ਵਿਕਰੀ 4.52 ਲੱਖ ਰਹੀ ਹੈ। ਕੋਵਿਡ ਦਾ ਵੱਡਾ ਅਸਰ ਦੇਸ਼ ਵਿਚ ਵੇਖਣ ਨੂੰ ਮਿਲਿਆ ਹੈ। ਪੂਰੇ ਮੁਲਕ ਵਿਚ ਸਾਲ 2018 ਵਿਚ 4.36 ਲੱਖ, ਸਾਲ 2017 ਵਿਚ 3.91 ਲੱਖ ਅਤੇ ਸਾਲ 2016 ਵਿਚ 3.33 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ। ਦੇਸ਼ ਚੋਂ ਉੱਤਰੀ ਭਾਰਤ ਦੀ ਹਮੇਸ਼ਾ ਇਸ ਵਿਕਰੀ ’ਚ ਝੰਡੀ ਰਹੀ ਹੈ। ਤੱਥ ਗਵਾਹ ਹਨ ਕਿ ਪੰਜਾਬ ਵਿਚ ਸਾਲ 2016 ਵਿਚ 19,216 ਟਰੈਕਟਰ ਵਿਕੇ ਸਨ ਅਤੇ ਸਾਲ 2017 ਵਿਚ ਇਹ ਵਿਕਰੀ 20,334 ਟਰੈਕਟਰਾਂ ਦੀ ਹੋ ਗਈ। ਉਸ ਮਗਰੋਂ ਸਾਲ 2018 ਵਿਚ ਪੰਜਾਬ ਵਿਚ ਟਰੈਕਟਰਾਂ ਦੀ ਵਿਕਰੀ 19,698 ਰਹੀ ਜਦੋਂ ਕਿ ਸਾਲ 2019 ਵਿਚ ਪੰਜਾਬ ਵਿਚ 21,321 ਟਰੈਕਟਰ ਵਿਕੇ ਹਨ। ਐਤਕੀਂ ਇਹ ਅੰਕੜਾ ਪਾਰ ਹੋਣ ਦੀ ਸੰਭਾਵਨਾ ਹੈ ਪ੍ਰੰਤੂ ਟਰੈਕਟਰ ਕੰਪਨੀਆਂ ਕੋਲ ਸਟਾਕ ਮੁੱਕਿਆ ਪਿਆ ਹੈ। ਕੋਵਿਡ ਕਰਕੇ ਕੰਪਨੀਆਂ ਨੂੰ ਸਪੇਅਰ ਪਾਰਟਸ ਵੀ ਨਹੀਂ ਮਿਲ ਰਿਹਾ ਹੈ। ਕਈ ਕੰਪਨੀਆਂ ਨੂੰ ਆਪਣੇ ਪਲਾਂਟ ਬੰਦ ਵੀ ਕਰਨੇ ਪਏ ਸਨ।

        ਦੱਸਣਯੋਗ ਹੈ ਕਿ ਸਿਆਸੀ ਧਿਰਾਂ ਵੱਲੋਂ ਦੋ ਵੱਡੇ ਟਰੈਕਟਰ ਮਾਰਚ ਕੱਢੇ ਗਏ ਅਤੇ ਵਿਧਾਨ ਸਭਾ ਵੱਲ ਵੀ ਵਿਧਾਇਕ ਟਰੈਕਟਰਾਂ ’ਤੇ ਆਏ ਸਨ। ਕਿਸਾਨ ਅੰਦੋਲਨ ਦੌਰਾਨ ਚਾਰੇ ਪਾਸੇ ਟਰੈਕਟਰ ਦੀ ਗੱਲ ਚੱਲੀ ਹੈ। ਬਰਨਾਲਾ ਦੇ ਪਿੰਡ ਠੂਲੇਵਾਲ ਦੇ ਕਿਸਾਨ ਸਰਬਜੀਤ ਸਿੰਘ ਢਿੱਲੋਂ ਆਖਦੇ ਹਨ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹੈ ਅਤੇ ਕਿਸਾਨੀ ਘੋਲ ਨਾਲ ਇਸ ਪ੍ਰਤੀਕ ਪ੍ਰਤੀ ਨੂੰ ਵੀ ਵੱਡੀ ਮਾਨਤਾ ਮਿਲੀ ਹੈ। ਪੰਜਾਬ ’ਚ ਪੁਰਾਣੇ ਟਰੈਕਟਰਾਂ ਦੀ ਖਰੀਦੋ ਫਰੋਖਤ ਦਾ ਕੰਮ ਵੀ ਵਧਿਆ ਹੈ। ਕਿਸਾਨ ਅੰਦੋਲਨ ’ਚ ਟਰੈਕਟਰ ’ਤੇ ਲੋੜੋਂ ਵੱਧ ਟੈਕਸ ਹੋਣ ਦੀ ਵੀ ਚਰਚਾ ਚੱਲੀ ਹੈ। ਟਰੈਕਟਰ ’ਤੇ ਪਹਿਲਾਂ 6.5 ਫੀਸਦੀ ਟੈਕਸ ਹੁੰਦਾ ਸੀ ਪ੍ਰੰਤੂ ਜੀਐਸਟੀ ਮਗਰੋਂ ਇਹ ਟੈਕਸ ਵਧ ਕੇ 12 ਫੀਸਦੀ ਹੋ ਗਿਆ ਹੈ ਜਿਸ ਦਾ ਬੋਝ ਕਿਸਾਨ ਨੁੂੰ ਹੀ ਝੱਲਣਾ ਪੈਂਦਾ ਹੈ। ਟਰੈਕਟਰ ਦੇ ਸਪੇਅਰ ਪਾਰਟਸ ’ਤੇ ਤਾਂ 18 ਤੋਂ 28 ਫੀਸਦੀ ਤੱਕ ਜੀਐਸਟੀ ਹੈ। ਟਰੈਕਟਰ ਦੀ ਖਰੀਦ ਲਈ ਛੋਟੀ ਕਿਸਾਨੀ ਨੂੰ ਕੋਈ ਸਰਕਾਰੀ ਮਦਦ ਵੀ ਨਹੀਂ ਮਿਲਦੀ ਹੈ। ਗੁਜਰਾਤ ਸਰਕਾਰ ਵੱਲੋਂ 25 ਤੋਂ 35 ਫੀਸਦੀ ਤੱਕ ਟਰੈਕਟਰ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਆਂਧਰਾ ਪ੍ਰਦੇਸ਼ ਅਤੇ ਤੈਲੰਗਾਨਾ ਵਿਚ ਵੀ ਟਰੈਕਟਰ ਖਰੀਦ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਅਸਾਮ ਵਿਚ ਕਾਫ਼ੀ ਲੰਮੇ ਅਰਸੇ ਤੋਂ ਸਬਸਿਡੀ ਦੇਣ ਦਾ ਸਰਕਾਰੀ ਪ੍ਰੋਗਰਾਮ ਹੈ। ਮੱਧ ਪ੍ਰਦੇਸ਼ ਵਿਚ ਪਹਿਲਾਂ ਸਬਸਿਡੀ ਮਿਲਦੀ ਰਹੀ ਹੈ। 

      ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਜਨਰਲ ਸਕੱਤਰ ਉਪਕਾਰ ਸਿੰਘ ਆਖਦੇ ਹਨ ਕਿ ਪੰਜਾਬ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਲਈ ਵੀ ਸਰਕਾਰ ਸਬਸਿਡੀ ਪ੍ਰੋਗਰਾਮ ਸ਼ੁਰੂ ਕਰੇ ਅਤੇ ਟਰੈਕਟਰ ਨੂੰ ਟੈਕਸਾਂ ਤੋਂ ਮੁਕਤ ਕੀਤਾ ਜਾਵੇ। ਦੱਸਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤਾਂ ਟਰੈਕਟਰ ਨੂੰ ‘ਜੱਟ ਦਾ ਗੱਡਾ’ ਦੱਸਦੇ ਰਹੇ ਹਨ।ਮਹਿੰਦਰਾ ਐਂਡ ਮਹਿੰਦਰਾ ਦੇ ਖੇਤਰੀ ਜਨਰਲ ਮੈਨੇਜਰ ਸ੍ਰੀ ਜੈ ਚੰਦਰ ਆਖਦੇ ਹਨ ਕਿ ਕੋਵਿਡ ਮਗਰੋਂ ਟਰੈਕਟਰ ਦੀ ਪੰਜਾਬ ਵਿਚ ਵਿਕਰੀ ਵਧੀ ਹੈ ਅਤੇ ਟਰੈਕਟਰ ਦੀ ਉਡੀਕ ਸੂਚੀ ਚੱਲ ਰਹੀ ਹੈ। ਉਨ੍ਹਾਂ ਵਿਕਰੀ ਲਈ ਮੋਟੇ ਤੌਰ ’ਤੇ ਤਿੰਨ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਕਿਸਾਨ ਘਰਾਂ ਵਿਚ ਕੋਵਿਡ ਕਰਕੇ ਵਿਆਹ ਸਾਹੇ ਰੁਕੇ ਹਨ ਅਤੇ ਨਵੀਂ ਉਸਾਰੀ ਵੀ ਸ਼ੁਰੂ ਨਹੀਂ ਹੋਈ। ਉਪਰੋਂ ਮੁੰਡਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਪੈਂਡਿੰਗ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਦੌਰਾਨ ਵੀ ਟਰੈਕਟਰ ਦਾ ਉਭਾਰ ਹੋਇਆ ਹੈ ਅਤੇ ਵੱਡੇ ਟਰੈਕਟਰਾਂ ਪ੍ਰਤੀ ਨਵੀਂ ਪੀੜੀ ਉਲਾਰ ਹੋਈ ਹੈ। 

  ਪੰਜਾਬ ’ਚ ਟਰੈਕਟਰਾਂ ਦੀ ਵਿਕਰੀ 

ਸਾਲ          ਟਰੈਕਟਰਾਂ ਦੀ ਗਿਣਤੀ

2020 (ਅਕਤੂਬਰ ਤੱਕ) 17,611

2019 21,321

2018 19,698

2017 20,334

2016 19,216

 

No comments:

Post a Comment