ਬੇਜ਼ਮੀਨੇ ਹਾਕਮ ਖੇਤਾਂ ਦੀ ਹੋਣੀ ਲਿਖ ਗਏ..
ਚਰਨਜੀਤ ਭੁੱਲਰ
ਚੰਡੀਗੜ੍ਹ : ਜਿਨ੍ਹਾਂ ਨੇ ਖੇਤਾਂ ਦੀ ਹੋਣੀ ਲਿਖੀ, ਉਨ੍ਹਾਂ ਕੋਲ ਖੇਤੀ ਜ਼ਮੀਨ ਹੀ ਨਹੀਂ। ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ ਦਾ ਚੈਨ ਉਡਾ ਰੱਖਿਆ ਹੈ। ਕੇਂਦਰੀ ਕੈਬਨ ਵੱਲੋਂ ਖੇਤੀ ਕਾਨੂੰਨਾਂ ਬਾਰੇ ਫੈਸਲਾ ਲਿਆ ਗਿਆ ਜਿਨ੍ਹਾਂ ਦਾ ਕਿਸਾਨੀ ’ਚ ਵਿਰੋਧ ਉੱਠਿਆ ਹੈ। ਹੈਰਾਨੀ ਭਰੇ ਤੱਥ ਉਭਰੇ ਹਨ ਕਿ ਕੇਂਦਰੀ ਕੈਬਨਿਟ ਦੇ 60 ਫੀਸਦੀ ਵਜ਼ੀਰਾਂ ਕੋਲ ਤਾਂ ਖੇਤੀ ਜ਼ਮੀਨ ਹੀ ਨਹੀਂ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਲਈ ਹਰੀ ਝੰਡੀ ਦਿੱਤੀ ਹੈ। ਕੇਂਦਰੀ ਕੈਬਨਿਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦੋ ਦਰਜਨ ਕੇਂਦਰੀ ਵਜ਼ੀਰ ਹਨ ਜਿਨ੍ਹਾਂ ਚੋਂ ਹਰਸਿਮਰਤ ਕੌਰ ਬਾਦਲ ਨੇ ਥੋੜਾ ਸਮਾਂ ਪਹਿਲਾਂ ਹੀ ਅਸਤੀਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਤਾਜ਼ਾ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਖੇਤੀ ਵਾਲੀ ਜ਼ਮੀਨ ਹੀ ਨਹੀਂ ਹੈ। ਉਨ੍ਹਾਂ ਕੋਲ ਗੈਰ ਖੇਤੀ ਵਾਲੀ ਅਤੇ ਵਪਾਰਿਕ ਸੰਪਤੀ ਵੀ ਨਹੀਂ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਭਲੇ ਵਾਲੇ ਦੱਸ ਰਹੇ ਹਨ, ਉਨ੍ਹਾਂ ਕੋਲ ਇੱਕ ਮਰਲਾ ਵੀ ਖੇਤ ਨਹੀਂ ਹਨ। ਇਸੇ ਤਰ੍ਹਾਂ ਜਲ ਸ਼ਕਤੀ ਮੰਤਰੀ ਗਜੇਂਦਰ ਸੇਖਾਵਤ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਪ੍ਰਧਾਨ ਮੰਤਰੀ ਅਤੇ ਇਹ ਦੋਵੇਂ ਵਜ਼ੀਰ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਸਭ ਦੁੱਖਾਂ ਦੀ ਦਾਰੂ ਦੱਸ ਰਹੇ ਹਨ। ਦੇਖਿਆ ਜਾਵੇ ਤਾਂ 17ਵੀਂ ਲੋਕ ਸਭਾ ਵਿਚ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 191 ਬਣਦੀ ਹੈ।
ਤਾਜ਼ਾ ਸਰਕਾਰੀ ਤੱਥਾਂ ਅਨੁਸਾਰ ਦੋ ਦਰਜਨ ਕੇਂਦਰੀ ਵਜ਼ੀਰਾਂ ਚੋਂ 14 ਵਜ਼ੀਰਾਂ ਕੋਲ ਖੇਤ ਹੀ ਨਹੀਂ ਹਨ ਜਿਨ੍ਹਾਂ ਦਾ ਖੇਤੀ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 1.47 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ 80.23 ਲੱਖ ਦੀ 10.77 ਏਕੜ ਖੇਤੀ ਜ਼ਮੀਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਮੁਖਤਾਰ ਅਬਾਸ ਨਕਵੀ ਦੀ ਪਤਨੀ ਕੋਲ 13 ਬਿਘੇ ਜ਼ਮੀਨ ਹੈ।ਇਵੇਂ ਹੀ ਕੇਂਦਰੀ ਵਜ਼ੀਰ ਪ੍ਰਹਿਲਾਦ ਜੋਸ਼ੀ, ਮਹਿੰਦਰ ਨਾਥ ਪਾਂਡੇ, ਗਿਰੀਰਾਜ ਸਿੰਘ, ਪਿਯੂਸ ਗੋਇਲ, ਡਾ. ਹਰਸ਼ ਵਰਧਨ, ਅਰਜਨ ਮੁੰਡਾ, ਸੁਭਰਾਮਨੀਅਮ ਜੈਸ਼ੰਕਰ, ਥਾਵਰ ਚੰਦ ਗਹਿਲੋਤ ਆਦਿ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਨਿੱਤਿਨ ਗਡਕਰੀ ਕੋਲ 2.06 ਕਰੋੜ ਦੀ 20 ਏਕੜ ਜ਼ਮੀਨ ਹੈ। ਸਮਿਰਤੀ ਇਰਾਨੀ ਕੋਲ ਵੀ 45 ਲੱਖ ਦੀ ਖੇਤੀ ਜ਼ਮੀਨ ਹੈ ਜਦੋਂ ਕਿ ਰਵੀ ਸ਼ੰਕਰ ਪ੍ਰਸ਼ਾਦ ਕੋਲ ਡੇਢ ਏਕੜ ਜ਼ਮੀਨ ਹੈ। ਮਰਹੂਮ ਰਾਮ ਵਿਲਾਸ ਪਾਸਵਾਨ ਕੋਲ ਦੇ ਨਾਮ ’ਤੇ ਵੀ 15 ਏਕੜ ਜ਼ਮੀਨ ਹੈ। ਬੇਸ਼ੱਕ ਹਰਸਿਮਰਤ ਕੌਰ ਬਾਦਲ ਨੇ ਹੁਣ ਅਸਤੀਫ਼ਾ ਦੇ ਦਿੱਤਾ ਹੈ ਪ੍ਰੰਤੂ ਕੇਂਦਰੀ ਕੈਬਨਿਟ ਵੱਲੋਂ ਫੈਸਲੇ ਲੈਣ ਸਮੇਂ ਉਹ ਵਜ਼ੀਰ ਸਨ। ਉਨ੍ਹਾਂ ਕੋਲ ਸਭ ਤੋਂ ਵੱਧ 49.97 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ ਜਿਸ ’ਚ ਸੁਖਬੀਰ ਬਾਦਲ ਦੇ ਨਾਮ ਵਾਲੀ ਜ਼ਮੀਨ ਵੀ ਸ਼ਾਮਿਲ ਹੈ।
ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਪ੍ਰਤੀਕਰਮ ਸੀ ਕਿ ਜਿਨ੍ਹਾਂ ਨੂੰ ਖੇਤੀ ਦੇ ਨਫੇ ਨੁਕਸਾਨ ਦਾ ਹੀ ਪਤਾ ਨਹੀਂ, ਉਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਇਬਾਰਤ ਲਿਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਦਾ ਦਰਦ ਕਿਸਾਨ ਹੀ ਜਾਣ ਸਕਦਾ ਹੈ, ਕੋਈ ਸਿਆਸੀ ਨੇਤਾ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਨੇ ਕਿਸਾਨ ਨੂੰ ਅੱਜ ਸੜਕਾਂ ’ਤੇ ਲੈ ਆਂਦਾ ਹੈ। ਇਵੇਂ ਹੀ ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਖੇਤਾਂ ਦੀ ਮਿੱਟੀ ਨਾਲ ਜੁੜਿਆ ਆਗੂ ਹੀ ਖੇਤਾਂ ਦੇ ਭਵਿੱਖ ਵਾਲੇ ਫੈਸਲੇ ਲੈ ਸਕਦੇ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਖੇਤੀ ਕਾਨੂੰਨ ਕਾਰਪੋਰੇਟਾਂ ਦੇ ਹਿੱਤਾਂ ਦੀ ਰੱਖਿਆ ਲਈ ਘੜੇ ਹਨ।
ਨਰੇਂਦਰ ਮੋਦੀ ਪਤਨੀ ਦੀ ਸੰਪਤੀ ਬਾਰੇ ਬੇਖ਼ਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਵੇਲੇ 2.85 ਕਰੋੜ ਦੀ ਜਾਇਦਾਦ ਹੈ ਅਤੇ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਕੋਲ 1.10 ਕਰੋੜ ਰੁਪਏ ਦੀ ਸੰਪਤੀ ਸੀ। 30 ਜੂਨ 2020 ਨੂੰ ਦਿੱਤੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਕੋਲ 45 ਗਰਾਮ ਸੋਨਾ ਹੈ ਜਿਸ ਦੀ ਕੀਮਤ 1.51 ਲੱਖ ਦੱਸੀ ਗਈ ਹੈ। ਪ੍ਰਧਾਨ ਮੰਤਰੀ ਕੋਲ 1.10 ਕਰੋੜ ਦੀ ਅਵੱਲ ਸੰਪਤੀ ਹੈ ਜਿਸ ਵਿਚ ਗਾਂਧੀਨਗਰ (ਗੁਜਰਾਤ) ’ਚ ਇੱਕ ਰਿਹਾਇਸ਼ੀ ਪਲਾਟ ਹੈ। ਨਰਿੰਦਰ ਮੋਦੀ ਆਪਣੀ ਪਤਨੀ ਜਸ਼ੋਦਾਬੇਨ ਦੀ ਪਤਨੀ ਬਾਰੇ ਬੇਖ਼ਬਰ ਹਨ, ਉਨ੍ਹਾਂ ਖੁਦ ਲਿਖਿਆ ਹੈ ਕਿ ਉਨ੍ਹਾਂ ਨੂੰ ਪਤੀ ਦਾ ਸੰਪਤੀ ਦਾ ਪਤਾ ਨਹੀਂ ਹੈ।
No comments:
Post a Comment