Sunday, October 11, 2020

                             ਵਿਚਲੀ ਗੱਲ
                   ਸਾਧ ਬਚਨਾਂ ਦੇ ਪੱਕੇ..!
                            ਚਰਨਜੀਤ ਭੁੱਲਰ   

ਚੰਡੀਗੜ੍ਹ : ਓਹ ਗੁਰੂ! ਤੇਰਾ ਗੁਰੂ ਕੌਣ ਹੈ? ਸੋਚਾਂ ’ਚ ਖੌਰੂ ਪਿਐ, ਛੇਤੀ ਪਤਾ ਕਰੋ। ਨਵਜੋਤ ਸਿੱਧੂ ਟੱਕਰੇ ਤਾਂ ਸਹੀ, ਟਿਕਾ ਕੇ ਠੋਕੋ ਤਾਲੀ, ਏਨਾ ਆਖ ਤੁਰ ਜਾਂਦੈ। ਲੋਕਾਂ ਦੇ ਅੱਟਣ ਪੈ ਗਏ, ਤਾੜੀਆਂ ਮਾਰਨੋਂ ਨੀਂ ਹਟੇ। ਖਾਲਸਾ ਜੀ! ਉੱਠੋ, ਪੰਥ ਖ਼ਤਰੇ ’ਚ ਹੈ, ਸਿੰਘ ਜਾਨ ਹੂਲ ਗਏ। ਸੰਗਤੋ! ਰਾਜ ਦਿਆਂਗੇ ਰਣਜੀਤ ਸਿੰਘ ਵਰਗਾ, ਪੂਰੇ ਪੰਡਾਲ ’ਚ ਤਾੜੀਆਂ ਗੂੰਜੀਆਂ। ਪੰਜਾਬੀਓ! ਪੂਰੇ ਪੱਚੀ ਸਾਲ ਰਾਜ ਕਰਾਂਗੇ, ਚਾਰੋਂ ਕੂਟਾਂ ਕੰਬ ਗਈਆਂ। ਦਮਦਮੇ ਵੱਲ ਮੂੰਹ ਕੀਤਾ, ਹੱਥ ’ਚ ਫੜ ਗੁਟਕਾ, ਸਟੇਜ ਤੋਂ ਇੰਝ ਗੜਕੇ, ਚਾਰ ਹਫ਼ਤੇ ’ਚ ਕਰਾਂਗੇ ਨਸ਼ਾ ਖ਼ਤਮ। ਹੱਥ ਥੱਕ ਗਏ ਤਾੜੀਆਂ ਨਾ ਰੁਕੀਆਂ। ਸੋਨੀਆ ਗਾਂਧੀ ਦਾ ਕਾਕਾ ਰਾਹੁਲ, ਬੱਧਨੀ ਕਲਾਂ ਆਇਆ, ਨਵਜੋਤ ਸਿੱਧੂ ਨੂੰ ਹਰੀਸ਼ ਰਾਵਤ ਲੱਭ ਲਿਆਇਆ। ‘ਬਹੁਤਾ ਬੋਲਣ ਝੱਖਣ ਹੋਇ’। ਨਵਜੋਤ ਸਿੱਧੂ ਕਿੱਥੇ ਟਲਦੈ। ਕਿਸਾਨਾਂ ਦੇ ਘਰਾਂ ’ਚ ਸੋਗ, ਖੇਤਾਂ ’ਚ ਉਦਾਸੀ ਹੈ। ਵਿਆਹ ’ਚ ਬੀ ਦਾ ਲੇਖਾ। ਸਿੱਧੂ ਨੂੰ ਕੌਣ ਆਖੇ, ਬਈ ਚੁੱਪ ਕਰ। ਸਟੇਜ ਤੋਂ ਜਨਾਬ ਕਦੇ ਬੋਲਣ, ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ, ਕਦੇ ਆਖਣ, ‘ਗੰਨੇ ਚੂਪਣ ਨੂੰ ਬਾਂਦਰੀ..!’ ਅਖੀਰ ’ਚ ਸ਼ੇਅਰ ਸੁਣਾ ਕੇ ਬੋਲੇ...‘ਉਡਾ ਦਿਓ ਤੋਤੇ, ਪਾ ਦਿਓ ਮੋਛੇ’। ਠੋਕੋ ਤਾਲੀ, ਖਟੈਕ..!                                                                                                                                                       ਤੁਰਕੀ ਅਖਾਣ ਐ, ‘ਵੱਡੇ ਦਰਿਆ ਆਵਾਜ਼ ਨਹੀਂ ਕਰਦੇ।’ ਸਿੱਧੂ ਸਾਹਬ, ਤੁਸੀਂ ਆਹ ਕੀ ਕਰ ਗਏ। ਸਿੱਧੂ ਦੇ ਫੈਨ ਤਾੜੀਆਂ ਮਾਰਨ ਲੱਗੇ। ਪਿਓ ਦਾਦਿਆਂ ਨੇ ਹੁੱਝ ਮਾਰੀ, ਮੌਕਾ ਬੇਮੌਕਾ ਤਾਂ ਦੇਖੋ। ਜੱਗ ਹਸਾਈ ਕਾਹਤੋਂ ਕਰਦੇ ਹੋ। ਬਿੰਨੂ ਢਿੱਲੋਂ ਕਿਤੇ ਕੋਲ ਹੁੰਦਾ, ਜ਼ਰੂਰ ਟਿੱਚਰ ਕਰਦਾ... ਸਿੱਧੂ ਬਾਈ, ਬਾਹਲਾ ਕੱਬਾ ਸੁਭਾਅ ਚੁੱਕੀ ਫਿਰਦੈ। ਬਾਬਾ ਸੱਚ ਬੋਲਦੈ, ਚਾਰ ਟੰਗੀ ਕੁਰਸੀ ਦੇ ਪੁਆੜੇ ਨੇ, ਤਾਹੀਓਂ ਦੋ ਟੰਗੇ ਪਾਪੜ ਵੇਲਦੇ ਨੇ। ਤਾੜੀਆਂ ਛੱਡੋ, ਭਲਿਓ ਅਕਲ ਨੂੰ ਹੱਥ ਮਾਰੋ। ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ। ਨਵਜੋਤ ਸਿੱਧੂ ਦਾ ਜੂਠਾ ਖਾਧਾ ਲੱਗਦੈ। ਤਾਹੀਂ ਦਸੌਂਧਾ ਸਿਓਂ ਕਾਹਲਾ ਪਿਐ, ਨਵਜੋਤ ਸਿੱਧੂ ਦੇ ਗੁਰੂ ਬਾਰੇ ਪੁੱਛਦੈ। ‘ਪੀਰ ਵੱਡਾ ਕਿ ਯਕੀਨ’। ਇੰਝ ਲੱਗਦੈ ਜਿਵੇਂ ‘ਟੱਲਾਂ ਵਾਲੇ ਸਾਧ’ ਦਾ ਚੇਲਾ ਹੋਵੇ। ਸਾਧਾਂ ਦੀ ਇੱਕ ਵੰਨਗੀ ਹੈ। ਟੱਲਾਂ ਵਾਲੇ ਸਾਧ, ਮਜ਼ਾਲ ਐ ਕਿਤੇ ਟਿਕ ਜਾਣ। ਉਪਰੋਂ ਗੈਬੀ ਆਵਾਜ਼ ਆਈ, ਏਹ ਤਾਂ ‘ਲੌਂਗੋਵਾਲ ਵਾਲੇ ਸਾਧ’ ਦਾ ਗੜਵਈ ਲੱਗਦੈ। ਪਹਿਲਾਂ ਸਾਧ ਦੀ ਸੁਣੋ... ਕਿਸੇ ਨੇ ਕਿਹਾ, ਬਾਬਾ! ਅੱਧੀ ਲੌਂਗੋਵਾਲ ਤੈਨੂੰ ਟਿੱਚ ਜਾਣਦੀ ਐ... ਅੱਗਿਓਂ ਸਾਧੂ ਬੋਲੇ, ਭੁਜੰਗੀਆ, ਚਿੰਤਾ ਨਾ ਕਰ, ‘ਆਪਾਂ ਪੂਰੀ ਲੌਂਗੋਵਾਲ ਨੂੰ ਟਿੱਚ ਜਾਣਦੇ ਆਂ।’ ਸੁਖਜਿੰਦਰ ਰੰਧਾਵਾ ਪੁੱਛਦੈ..! ਨਵਜੋਤ ਸਿੱਧੂ ਨੇ ਇੰਝ ਕਿਉਂ ਕੀਤੀ। ਸ਼ੇਕਸਪੀਅਰ ਦੱਸ ਰਿਹੈ, ‘ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ।’                                                                                                                               ਰੰਧਾਵਾ ਜੀ, ਸਿੱਧੂ ਨੂੰ ਛੱਡੋ ਤੇ ਗਾਣਾ ਸੁਣੋ, ‘ਤੇਰਾ ਵਿਕਦਾ ਜੈ ਕੁਰੇ ਪਾਣੀ..!’ ਕੇਜਰੀਵਾਲ ਦਿੱਲੀ ’ਚ ਵੇਚ ਗਿਐ, ਭਗਵੰਤ ਮਾਨ ਸੰਗਰੂਰ ’ਚ। ਡੋਲੂ ਹੁਣ ਨਵਜੋਤ ਸਿੱਧੂ ਚੁੱਕੀ ਫਿਰਦੈ। ਤਲੈਂਬੜ ਕਿਸਾਨ ਚੁੱਕੀ ਫਿਰਦੇ ਨੇ। ਨਿਆਣੇ ਝੰਡੇ ਚੁੱਕ ਲੈਣ, ਫੇਰ ਡੋਲੂ ਵੀ ਖੜਕ ਜਾਂਦੇ ਨੇ। ਮਲਾਇਆ ਵਾਲੇ ਐਵੇਂ ਨੀਂ ਆਖਦੇ,‘ਜੇ ਪਾਣੀ ਸ਼ਾਂਤ ਹੋਵੇ ਤਾਂ ਇਹ ਮਤ ਸਮਝੋ ਕਿ ਨਦੀ ’ਚ ਮਗਰਮੱਛ ਨਹੀਂ।’ ਪਾਸ਼ ਵੀ ਭੇਤੀ ਸੀ, ਤਾਹੀਂ ਕਵਿਤਾ ‘ਕਾਗਜ਼ੀ ਸ਼ੇਰਾਂ ਦੇ ਨਾਮ’ ਲਿਖ ਗਿਆ।  ਲਓ ਜੀ, ਪੇਚਾ ਸਿੱਧੂਆਂ ’ਚ ਪਿਐ। ਅਮਰਿੰਦਰ ਸਿਓਂ ਵੀ ਸਿੱਧੂ, ਨਵਜੋਤ ਵੀ ਸਿੱਧੂ। ਸੁਭਾਅ ਕਾਫ਼ੀ ਮਿਲਦੈ, ਰਾਸ਼ੀ ਨਾ ਵੀ ਮਿਲੇ, ਸ਼ਹਿਰ ਦੋਵਾਂ ਦਾ ਪਟਿਆਲਾ। ਅਮਰਿੰਦਰ ਨੇ ਦੋ ਵਾਰ ਅਸਤੀਫ਼ਾ ਦਿੱਤੈ। ਨਵਜੋਤ ਸਿੱਧੂ ਨੇ ਵੀ ਦੋਹਰ ਪਾਈ। ਅਮਰਿੰਦਰ ਅਕਾਲੀ ਦਲ ’ਚੋਂ ਆਏ, ਨਵਜੋਤ ਸਿੱਧੂ ਭਾਜਪਾ ’ਚੋਂ। ਦਰਸ਼ਨ ਕੈਪਟਨ ਦੇ ਵੀ ਮਹਿੰਗੇ ਨੇ, ਸਸਤੇ ਨਵਜੋਤ ਸਿੱਧੂ ਦੇ ਵੀ ਨਹੀਂ। ਲੋਕਾਈ ਨੂੰ ਟੁੱਕ ਤੇ ਡੇਲਾ ਸਮਝਦੇ ਨੇ। ਦੋਵੇਂ ਜੱਟ ਨੇ, ਬਿਨਾਂ ਖੇਤੀ ਤੋਂ। ਸਿਆਸੀ ਹਲ਼ ਜੋ ਚੱਲਦੇ ਨੇ। 25 ਮਾਰਚ 1987... ਵਿਧਾਇਕ ਦਲੀਪ ਸਿੰਘ ਪਾਂਧੀ ਅਸੈਂਬਲੀ ’ਚ ਬੋਲ ਬੈਠੇ, ਅਮਰਿੰਦਰ ਜੱਟ ਨਹੀਂ। ਕੈਪਟਨ ਨੇ ਤਫ਼ਸੀਲ ਕਰਤੀ, ਅਸੀਂ ਜੈਸਲਮੇਰ ਤੋਂ ਆਏ ਹਾਂ। 13ਵੀਂ ਸਦੀ ’ਚ ਜੱਟਾਂ ਨੇ ਸੌਂ ਸਾਲ ਰਾਜ ਕੀਤੈ। ਕਿਤੇ ਭੁਲੇਖੇ ’ਚ ਨਾ ਰਹਿਣਾ। ਪਹੁਤਾ ਪਾਂਧੀ ਸੁਸਰੀ ਬਣ ਗਿਆ। ਨਵਜੋਤ ਸਿੱਧੂ ਮੋਟਰ ਵਾਂਗੂ ਚੱਲਦੈ। ਪ੍ਰਤਾਪ ਬਾਜਵਾ ਵੀ ਬੁੜਬੁੜਾ ਰਿਹੈ। ਜਦੋਂ ਦਾ ਅਮਰਿੰਦਰ ਬੋਲਿਐ, ਅਗਲੀ ਚੋਣ ਵੀ ਲੜਾਂਗਾ।                                                           ਉੱਡਦਾ ਪੰਛੀ ਖ਼ਬਰ ਲਿਆਇਐ। ਹਿੰਦੂ ਮਤ ਦਾ ਉਪਾਸ਼ਕ ਐ ਸਿੱਧੂ। ਵਾਸਤੂ ਸ਼ਾਸਤਰ ਤੋਂ ਇੱਕ ਇੰਚ ਪਾਸੇ ਨਹੀਂ। ਦੱਸਦੇ ਨੇ, ਜੱਦੀ ਕੋਠੀ ’ਚ ਖੂਹ ਪੁੱਟਤਾ ਸੀ। ਨਵੀਂ ਕੋਠੀ ’ਚ ਦੋ ਪਾਸੇ ਖਾਲੀ ਜਗ੍ਹਾ ਛੱਡੀ ਐ। ਪੁਖਰਾਜ ਨਗ ਤਾਂ ਦੂਰੋਂ ਚਮਕਦੇ ਨੇ। ਕਈ ਘੰਟੇ ਸਾਧਨਾ ਕਰਦੇ ਨੇ, ਜਲੌਅ ਤੇ ਗੜਕ ਉਸੇ ਦਾ ਪ੍ਰਤਾਪ ਐ। ਵਰ੍ਹਾ 2007 ’ਚ ਕਿਸੇ ਦਿੱਲੀ ਦੇ ਗੁਰੂ ਨੇ ਟੇਵਾ ਲਾਇਆ। ਮਹਿਬੂਬਾ ਮੁਫ਼ਤੀ ਜੰਮੂ ਕਸ਼ਮੀਰ ਦੀ, ਨਵਜੋਤ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣੂ। ਤਰਕਸ਼ੀਲ ਬੁੜਕ ਉਠੇ ਨੇ, ਪੰਜਾਬ ਏਡਾ ਸਸਤਾ ਨਹੀਂ, ਕੋਈ ਸ਼ੱਕ ਹੋਵੇ ਤਾਂ ਕਿਸਾਨ ਅੰਦੋਲਨ ’ਚ ਗੇੜਾ ਮਾਰ ਲੈਣਾ। ਪੰਜਾਬ ਪਹਿਲਾਂ ਪ੍ਰੀਖਿਆ ਲਏਗਾ, ਨਾਲੇ ਪੁੱਛੇਗਾ ਸਿੱਧੂ ਸਾਹਿਬ, ਲੋਕਾਂ ’ਚ ਕਿੰਨੇ ਕੁ ਦਿਨ ਵਿਚਰੇ। ਸ਼ੇਅਰੋ ਸ਼ਾਇਰੀ ਨਾਲ ਢਿੱਡ ਭਰਦਾ ਤਾਂ ਕਿਤੇ ਪੀਪਲਜ਼ ਪਾਰਟੀ ਮਾੜੀ ਸੀ। ਖੈਰ, ਸਿੱਧੂ ਦੀ ਪਿੱਠ ਸੁਣਦੀ ਹੈ। ਕੰਨ ਕੰਧਾਂ ਦੇ ਵੀ ਹੁੰਦੇ ਨੇ। ਇਮਾਨਦਾਰ ਤਾਂ ਹੈ ਸਿੱਧੂ। ਬਾਕੀ ਭੱਲ ਕਰਤਾਰਪੁਰ ਲਾਂਘੇ ਨੇ ਬਣਾਤੀ। ਕਿਰਦਾਰ ਦਾ ਸੱਚਾ ਸੁੱਚੈ। ਦਲੇਰੀ ’ਚ ਉਸ ਤੋਂ ਵੀ ਉਚੈ। ਨਿਰੋਲ ਸ਼ਾਕਾਹਾਰੀ ਐ। ਲਸਣ ਪਿਆਜ਼ ਮੂੰਹ ’ਤੇ ਨਹੀਂ ਧਰਦਾ। ਨਰਾਤਿਆਂ ਦੇ ਦਿਨਾਂ ’ਚ। ਬੱਸ ਇੱਕੋ ਐਬ ਐ, ਪੰਜਾਬ ਨੂੰ ਕਪਿਲ ਸ਼ਰਮਾ ਦਾ ਸ਼ੋਅ ਸਮਝਦੈ।                                                                                                                            ਕਦੇ ਕਦੇ ਕੰਧਾਂ ਬੋਲਦੀਆਂ ਵੀ ਨੇ। ਅਖੇ ਸਿੱਧੂ ਨੂੰ ਲੋਕਾਂ ’ਚ ਰਹਿਣਾ ਪਸੰਦ ਨਹੀਂ। ਮੁੱਖ ਮੰਤਰੀ ਬਣਨ ਲਈ ਕਾਹਲੈ। ਕਿਸੇ ’ਤੇ ਭਰੋਸਾ ਨਹੀਂ ਕਰਦਾ। ਟੀਮ ਲੀਡਰ ਵਾਲੇ ‘ਸੈੱਲ’ ਘਟੇ ਨੇ। ਖੁਦ ਨੂੰ ਪਾਰਸ ਸਮਝਦੈ, ਪੰਜਾਬ ਨੂੰ ਲੋਹਾ। ਅਨਿਲ ਜੋਸ਼ੀ ਕਦੇ ਸਿੱਧੂ ਦਾ ਚੇਲਾ ਸੀ। ਬੱਸ ਵਿਗੜ ਗਈ। ਸਿਆਸੀ ਗੁਰੂ ਅਰੁਣ ਜੇਤਲੀ ਸੀ। ਨਿਭਣਾ ਕਿਥੋਂ ਸੀ। ਈਰਾਨੀ ਮਤ ਵਾਲੇ ਆਖਦੇ ਨੇ, ‘ਬੇਸਬਰਾ ਬਿਨਾਂ ਰੋਸ਼ਨੀ ਵਾਲੇ ਦੀਵੇ ਵਾਂਗ ਹੁੰਦੈ।’ ਅਮਰਿੰਦਰ ਫੌਜੀ ਸੁਭਾਅ ਦੇ ਨੇ। ਪੰਜਾਬ ਦਾ ਗੇੜਾ ਮਾਰਨਾ ਭੁੱਲ ਬੈਠੇ ਨੇ। ਘਰੇ ਬੈਠ ਕੇ ਦਸ ਕਿਲੋ ਵਜ਼ਨ ਹੁਣੇ ਘਟਾਇਐ। ਅੱਜ-ਕੱਲ੍ਹ ਕੱਦੂ ਖਾ ਰਹੇ ਨੇ। ਖੇਤੀ ਕਾਨੂੰਨ ਕਿਤੇ ਪੰਜਾਬ ਨੂੰ ਹਜ਼ਮ ਨਾ ਕਰ ਜਾਣ, ਕਿਸਾਨ ਧਿਰਾਂ ਨੇ ਰੋਟੀ ਪਾਣੀ ਛੱਡਿਐ। ਬਾਦਲ ਤਾਂ ਧੋਖਾ ਖਾ ਬੈਠੇ ਨੇ। ਵੇਲਾ ਹੱਥ ਨਹੀਂ ਆ ਰਿਹਾ। ਵੱਡੇ ਬਾਦਲ ਅਕਸਰ ਆਖਦੇ ਨੇ, ‘ਮੈਂ ਤਾਂ ਤੁਰੀ ਜਾਂਦੀ ਕੀੜੀ ਦੱਸ ਦਿਆਂ..!’ ‘ਇੱਕ ਚੁੱਪ, ਸੌ ਸੁੱਖ’, ਇਹ ਬਾਦਲਈ ਫ਼ਾਰਮੂਲਾ ਸੀ। ਫ਼ਾਰਮੂਲਾ ਫ਼ੇਲ੍ਹ ਕਿਉਂ ਹੋਇਐ, ਚਲੋ ਛੱਡੋ ਜੀ! ਪੁਰਾਣੀਆਂ ਗੱਲਾਂ ’ਤੇ ਮਿੱਟੀ ਪਾਓ। ਹਰੀਸ਼ ਰਾਵਤ ਨੇ ਦਿਲ ਦੀ ਦੱਸੀ,‘ਨਵਜੋਤ ਸਿੱਧੂ ਤਾਂ ਰਾਫਾਲ ਐ... ਅਗਲੀ ਚੋਣ ’ਚ ਵਰਤਾਂਗੇ।’ ਇਕੱਲੇ ਸਾਧ ਦੇ ਬਚਨਾਂ ’ਤੇ ਨਾ ਰਹਿਣਾ। ਜਾਵੇਦ ਬਾਜਵਾ ਵਾਂਗੂ ਪੰਜਾਬ ਨੂੰ ਜੱਫੀ ਪਾਉਣੀ ਪਊ। ‘ਕੱਲੇ ਨਗਾਂ ਨਾਲ ਕੁਰਸੀ ਮਿਲਦੀ, ਸੁਖਬੀਰ ਬਾਦਲ ਕਦੋਂ ਦਾ ਮੁੱਖ ਮੰਤਰੀ ਹੋਣਾ ਸੀ। ਕੁਰਸੀ ’ਤੇ ਨਹੀਂ, ਦਿਲਾਂ ਤੇ ਰਾਜ ਕਰਨਾ ਹੋਵੇ, ਉਦੋਂ ਮੁੰਜ ਵਾਲਾ ਮੰਜਾ ਲੋਕਾਂ ’ਚ ਡਾਹੁਣਾ ਪੈਂਦੈ। ਜਦੋਂ ਦਾ ਰਾਬੜੀ ਦੇਵੀ ਦਾ ਦਾਅ ਲੱਗਿਐ, ਜਣਾ ਖਣਾ ਸਹੁੰ ਚੁੱਕਣ ਲਈ ਤੱਤੈ।                                                                                                                                       ਚਾਰਲੀ ਚੈਪਲਿਨ ਦਾ ਆਪਣਾ ਤਜਰਬੈ...‘ਤਾਕਤ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੋਵੇ, ਬਾਕੀ ਕੰਮਾਂ ਲਈ ਪਿਆਰ ਹੀ ਕਾਫੀ ਹੈ।’ ਅਖੀਰ ’ਚ ਓਸ਼ੋ ਦੇ ਗਿਆਨ ਦਾ ਪਿਆਲਾ। ਹਨੇਰੀ ਰਾਤ ਸੀ, ਉੱਲੂ ਮਹਾਰਾਜ ਟਾਹਣੀ ’ਤੇ ਬੈਠੇ ਸਨ। ਪੈਰ ਦਬਾ ਕੇ ਸਹਾ ਲੰਘਣ ਲੱਗਾ, ਉੱਲੂ ਨੇ ਪਛਾਣ ਲਿਆ। ਨਾਲੇ ਗਧੇ ਨੂੰ ਵੀ ਟਿੱਚਰ ਕਰਤੀ। ਸਹੇ ਤੇ ਗਧੇ ਨੇ ਉੱਲੂ ਦੀ ਅਕਲ ਦੇ ਢੋਲ ਵਜਾਤੇ। ਬਿਰਧ ਜਾਨਵਰ ਕਲਪ ਉੱਠੇ, ‘ਤਾਂ ਮੰਨੀਏ ਜੇ ਦਿਨੇ ਪਛਾਣੇ।’ ਪੈ ਗਏ ਸਾਰੇ ਟੁੱਟ ਕੇ। ਉੱਲੂ ਮਹਾਰਾਜ ਮੁਖੀਆ ਚੁਣੇ ਗਏ। ਰਾਹ ਦਸੇਰਾ ਬਣੇ। ਸੜਕ ’ਤੇ ਅੱਗੇ ਉੱਲੂ ਮਹਾਰਾਜ, ਪਿਛੇ ਜਾਨਵਰਾਂ ਦੀ ਪੰਚਾਇਤ। ਅੱਗਿਓਂ ਟਰੱਕ ਆਇਆ, ਲੂੰਬੜ ਬੋਲਿਆ, ਦੇਖੋ ਸਾਡਾ ਨੇਤਾ ਕਿੰਨਾ ਦਲੇਰ ਐ। ਰਫ਼ਤਾਰੀ ਟਰੱਕ ਪਲਾਂ ’ਚ ਦਰੜ ਗਿਆ। ਸਭ ਦੇ ਚੀਥੜੇ ਉੱਡ ਗਏ। ਰੇਲ ਮਾਰਗ ’ਤੇ ਝੰਡਿਆਂ ਦਾ ਹੜ੍ਹ ਆਇਐ। ਚਾਰੇ ਪਾਸੇ ਮੁੰਡੇ ਬੈਠੇ ਨੇ। ਵਿਚਾਲੇ ਛੱਜੂ ਰਾਮ ਸਜਿਐ। ਇਹੋ ਗੱਲ ਸਮਝਾ ਰਿਹੈ, ਦੇਖੋ ਅੱਗੇ ਚੋਣਾਂ ਨੇ, ਅੰਨ੍ਹੇਵਾਹ ਭਰੋਸਾ ਕਰੋਗੇ ਤਾਂ ਦਰੜੇ ਜਾਵੋਗੇ। ਨਾਲੇ ਹੁਣ ਤਾੜੀਆਂ ਨੂੰ ਛੱਡੋ, ਮੰਜੀ ਕਿਵੇਂ ਠੋਕਣੀ ਐ, ਵੇਲੇ ਸਿਰ ਗੁਰ ਸਿੱਖ ਲੈਣਾ।


 

No comments:

Post a Comment