ਵਿਚਲੀ ਗੱਲ
ਖਿੜਦੇ ਗੁਲਾਬ ਦੇਖ..!
ਚਰਨਜੀਤ ਭੁੱਲਰ
ਚੰਡੀਗੜ੍ਹ : ਦਸੌਂਧਾ ਸਿਓਂ ਦੀ ਗਰਾਰੀ ਫਸੀ ਹੈ। ਬੱਸ ਇੱਕੋ ਰਟ ਲਾਈ ਹੈ, ‘ਅਬੋਹਰ ਚੱਲੋ’। ‘ਦਿੱਲੀ ਚੱਲੋ, ਚੰਡੀਗੜ੍ਹ ਚੱਲੋ’, ਦੇ ਨਾਅਰੇ ਤਾਂ ਸੁਣੇ ਸੀ। ਆਹ ਕਿਧਰੋਂ ਨਵੀਂ ਅਲਖ ਜਗਾ ਦਿੱਤੀ। ਉਥੇ ਤਾਂ ਜਾਖੜ ਨੇ ਜਾਂ ਫਿਰ ਕਿੰਨੂ ਨੇ। ਅਬੋਹਰ ’ਚ ਹੋਰ ਕੀ ਰੱਖਿਐ। ਜੁਆਬ ਛੱਜੂ ਰਾਮ ਦੇਣ ਲੱਗਾ। ਸੱਜਣੋ! ਅਬੋਹਰ ਨਿਗਮ ਨੇ ਟਰਾਇਲ ਰੱਖਿਐ। ਕਿਤੇ ਨੰਨਾ ਨਾ ਪਾ ਦਿਓ। ਅਬੋਹਰ ਨਿਗਮ ਨੇ ਸਫ਼ਾਈ ਸੇਵਕ ਰੱਖਣੇ ਨੇ। ਨਿਰੋਲ ਕੱਚੀ ਭਰਤੀ ਐ, ਰੋਜ਼ਾਨਾ 277 ਰੁਪਏ ਦਿਹਾੜੀ ਵਾਲੀ। ‘ਆਲਸੀ ਆਪਣੀ ਪੈਂਟ ਵੀ ਗੁਆ ਬੈਠਦੈ।’ ਕਿੰਨੇ ਹੀ ਗਰੈਜੂਏਟਾਂ ਨੇ ਅਪਲਾਈ ਕੀਤੈ। ਮੰਗਲਵਾਰ ਨੂੰ ਅਬੋਹਰ ’ਚ ਟਰਾਇਲ ਹੋਏਗਾ। ਅਫ਼ਸਰ ਨਿਰਖ ਪਰਖ ਕਰਨਗੇ। ਗਰੈਜੂਏਟ ਮੁੰਡੇ ਬਹੁਕਰ ਮਾਰਨਗੇ। ਕੁੜੀਆਂ ਕੂੜਾ ਚੁੱਕਣਗੀਆਂ। ਮੁਹੱਲੇ ਚਮਕਾ ਮਾਰਨਗੇ। ਜ਼ਿੰਦਗੀ ਸ਼ਰੀਕ ਬਣ ਟੱਕਰੂ, ਚਿੱਤ ਨਾ ਚੇਤੇ ਸੀ। ਪੜ੍ਹੇ ਲਿਖੇ ਕੂੜੇ ਦੇ ਢੇਰਾਂ ’ਤੇ ਖੜ੍ਹਨਗੇ, ਦਿਲੋ ਦਿਮਾਗ ’ਚ ਨਹੀਂ ਸੀ। ਜਿੰਨੇ ਮੂੰਹ, ਓਨੀਆਂ ਗੱਲਾਂ। ਕੋਈ ਕਹੇਗਾ, ਪਿਓ ਨੇ ਗੰਦ ਚੁੱਕਣ ਲਈ ਤਾਂ ਨਹੀਂ ਪੜ੍ਹਾਏ। ਧਰਤ ਨਿਵਾਸੀ ਹਾਜ਼ਮਾ ਰੱਖਣ, ਸਭ ਪਰਖ ਨਾਲੀ ’ਚ ਪਰਖੇ ਜਾਣਗੇ। ਦਸੌਂਧਾ ਸਿਓਂ ਕਿਤੇ ਉਪਦੇਸ਼ ਦੇਣ ਨਾ ਲੱਗ ਜਾਏ। ਜਵਾਨੋ! ਕਿਤੇ ਪਹਿਲਾਂ ਸਿਆਸੀ ਗੰਦ ਹੂੰਝ ਦਿੰਦੇ, ਅੱਜ ਟਰਾਇਲ ਨਾ ਦੇਣੇ ਪੈਂਦੇ। ਇੰਝ ਜਾਪਦਾ ਹੈ, ਜਿਵੇਂ ਨਿਗਮ ਨਤੀਜਾ ਕੱਢਣਾ ਲੋਚਦਾ ਹੋਵੇ, ਦੇਸ਼ ’ਚ ਏਨਾ ਗੰਦ ਪੈਣ ਦੀ ਅਸਲੀ ਵਜ੍ਹਾ ਕੀ ਐ? ਬੋਧੀ ਆਖਦੇ ਨੇ, ‘ਮੂੰਹ ਠੀਕ ਦਿਸ਼ਾ ਵੱਲ ਹੋਵੇ, ਤੁਰੇ ਰਹਿਣਾ ਹੀ ਕਾਫ਼ੀ ਹੁੰਦਾ ਹੈ।’ ਜਵਾਨੀ ਨੇ ਕਿਤੇ ਮੂੰਹ ਨਾ ਫੇਰੇ ਹੁੰਦੇ, ਅੱਜ ਅਪਰਾਧਿਕ ਕੇਸਾਂ ਵਾਲੇ 44 ਫੀਸਦੀ ਐੱਮਪੀ ਸੰਸਦ ’ਚ ਨਾ ਬੈਠੇ ਹੁੰਦੇ। 88 ਫੀਸਦੀ ਕਰੋੜਪਤੀ ਐੱਮਪੀ ਚਰਨਾਂ ਦੀ ਧੂੜ ਬਣਦੇ। ਹਊਮੇ ਦੀ ਗਰਦ ਅਸਮਾਨੀ ਚੜ੍ਹ ਜਾਵੇ। ਨਫ਼ਰਤ ਦੇ ਭੰਡਾਰ ਨੱਕੋਂ ਨੱਕ ਭਰ ਜਾਣ। ਭੈਅ ਸਿੱਧਾ ਸੰਘੀ ਨੂੰ ਪਵੇ, ਫੇਰ ਟਰਾਇਲ ਦੇਣੇ ਪੈਂਦੇ ਨੇ।ਉੱਤਰ ਪ੍ਰਦੇਸ਼ ’ਚ ਹਾਥਰਸ ਜ਼ਿਲ੍ਹੇ ਦੀ ਤਾਜ਼ਾ ਘਟਨਾ। ਚਾਰ ਦਰਿੰਦੇ ਝਪਟੇ, ਬਾਜਰੇ ਦੇ ਖੇਤ ਸੁੰਨ ਹੋ ਗਏ। ਚੀਕ ਚਿਹਾੜਾ ਪੰਛੀ ਪਾਉਂਦੇ ਰਹੇ। ਸ਼ਰੇਆਮ ਪੱਤ ਲੁੱਟੀ, ਜੀਭ ਵੀ ਕੱਟੀ, ਨਾਲੇ ਘੰਡ। ਮੁਲਜ਼ਮ ਦੀ ਮਾਂ ਨੇ ਹਿੱਕ ਥਾਪੜੀ, ਅਸੀਂ ਠਾਕੁਰ ਹੁੰਦੇ ਹਾਂ। ਮ੍ਰਿਤਕ ਬੇਟੀ ਦੀ ਮਾਂ ਨੇ ਵੈਣ ਪਾਏ... ਮੂੰਹ ਤਾਂ ਦੇਖ ਲੈਣ ਦਿੰਦੇ। ਦਿਮਾਗ ’ਚ ਕੂੜ ਵਧ ਜਾਏ, ਜੰਤਰ-ਮੰਤਰ ਨੂੰ ਕੂਕਣਾ ਪੈਂਦੈ। ਗੂੜ੍ਹ ਸਮਾਧੀ ’ਚੋਂ ਯੋਗੀ ਨੂੰ ਜਾਗਣਾ ਪੈਂਦੈ।ਪਾੜ੍ਹਿਆਂ ਨੂੰ ਝਾੜੂ ਵੀ ਚੁੱਕਣੇ ਪੈਂਦੇ ਨੇ। ਜੱਗੋਂ ਤੇਰ੍ਹਵੀਂ ਕਿਵੇਂ ਹੋਜੂ। ਸਪੇਨੀ ਪੁਰਾਣੇ ਭੇਤੀ ਨੇ, ‘ਧੱਕੇਸ਼ਾਹ ਅਸਲ ’ਚ ਅੰਦਰੋਂ ਡਰਪੋਕ ਹੁੰਦੈ।’ ਕਾਨੂੰਨ ਦੀ ਦੇਵੀ ਅੱਗੇ ਹੱਥ ਜੋੜਦੀ ਤਾਂ ਅੱਜ ਫੂਲਨ ਦੇਵੀ ਨੂੰ ਠਾਕੁਰ ਕਿਵੇਂ ਯਾਦ ਕਰਦੇ। ਮਹਾਤਮਾ ਗਾਂਧੀ ਹੱਥੀਂ ਆਸ਼ਰਮ ਸਾਫ ਕਰਦੇ ਸਨ। ਇੱਕ ਪ੍ਰਤੀਕ ਸਨ, ਇਸ਼ਾਰਾ ਸੀ ਕਿ ਸਮਾਜ ’ਚੋਂ ਗੰਦ ਕਿਵੇਂ ਸਾਫ ਕਰਨੈ। ‘ਸਵੱਛ ਭਾਰਤ’ ਦਾ ਜਾਦੂ ਕਿਵੇਂ ਚੱਲੂ। ਮਨਾਂ ਵਿੱਚ ਤਾਂ ਮੈਲ ਦੇ ਟਿੱਲੇ ਲੱਗੇ ਨੇ। ਗਲੇਸ਼ੀਅਰ ਪਿਘਲ ਰਹੇ ਨੇ। ਹਕੂਮਤ ਦਾ ਦਿਲ ਚੀੜ੍ਹਾ ਹੋਇਐ। ਡਾਹਢੇ ਦਾ ਭਰਤ ਨਹੀਂ ਭਰਦਾ, ਨੜ੍ਹਿਨਵੇਂ ਦੇ ਗੇੜ ਵਿਚ ਉਲਝਿਐ। ਪੁਰਾਣੀ ਫਰਾਂਸੀਸੀ ਕਹਾਵਤ ਹੈ... ‘ਧੀਆਂ ਵਾਲਾ ਬਾਪ ਆਜੜੀ ਵਾਂਗੂ ਵਿਚਰਦੈ।’ ਨਿਰਭਯਾ ਦੇ ਬਾਪ ਨੇ ਵੀ ਪਹਿਰਾ ਦਿੱਤਾ ਹੋਊ। ਹੈਦਰਾਬਾਦ ਦੀ ਦਿਸ਼ਾ ਦੇ ਮਾਪੇ ਵੀ ਜਾਗਦੇ ਹੋਣਗੇ। ਉਨਾਓ ਦੀ ਬੱਚੀ ਦੇ ਬਾਪ ਨੂੰ ਨੀਂਦ ਕਿਥੇ। ਬਾਗ ਬਗੀਚੇ ਫਿਰ ਵੀ ਮਸਲ ਦਿੱਤੇ ਗਏ। ਕਿਸੇ ਠੀਕ ਹੀ ਕਿਹਾ, ਏਥੇ ਡਾਕੇ ਪੈਣ ਦੁਪਹਿਰ ਨੂੰ..! ਅਬੋਹਰ ਦੇ ਅਫ਼ਸਰਾਂ ਅੱਗੇ ਅਰਜੋਈ। ਜਨਾਬ, ਟਰਾਇਲ ਮਗਰੋਂ ਏਨਾ ਜ਼ਰੂਰ ਦੱਸਣਾ, ਪਾੜ੍ਹੇ ਹੁਣ ਮਾਂਜਾ ਫੇਰ ਸਕਦੇ ਨੇ ਜਾਂ ਨਹੀਂ। ਜਾਖੜ ਵਿਚੋਂ ਬੋਲ ਪਏ ਨੇ, ਅਬੋਹਰ ਨੂੰ ਛੱਡੋ, ਏਹ ਤਾਂ ਭਾਵੇਂ ਬਾਦਲਾਂ ਤੋਂ ਪੁੱਛ ਲਓ।ਅਰਵਿੰਦ ਕੇਜਰੀਵਾਲ ਨੇ ਝਾੜੂ ਲੁਕੋ ਲਿਆ। ਪੰਜਾਬ ਦਾ ਕਿਸਾਨ ਤਪਿਆ ਪਿਐ, ਨੰਗਾ ਚਿੱਟਾ ਹੋਇਐ। ਦਿੱਲੀ ਦੇ ‘ਬਾਣੀਏ’ ਨੇ ਬਾਤ ਨਹੀਂ ਪੁੱਛੀ। ਇਹਦੇ ਨਾਲੋਂ ਪੰਜਾਬ ਦੇ ਲਾਲੇ ਸੌ ਗੁਣਾ ਚੰਗੇ ਨਿਕਲੇ। ਬਰਮਾ ਵਾਲੇ ਠੀਕ ਫਰਮਾਉਂਦੇ ਨੇ... ‘ਚੰਗਾ ਦਰੱਖ਼ਤ ਹਜ਼ਾਰ ਪੰਛੀਆਂ ਨੂੰ ਪਨਾਹ ਦਿੰਦੈ।’ ਮਨਿੰਦਰ ਕਾਂਗ ਦੀ ਕਹਾਣੀ ‘ਕੁੱਤੀ ਵਿਹੜਾ’ ਕਈ ਪਰਤਾਂ ਫਰੋਲਦੀ ਹੈ। ਪੰਜਾਬ ’ਚ ਗਿਰਝਾਂ ਦਾ ਬੀਜਨਾਸ ਹੋਇਐ। ਤਾਹੀਓਂ ਕੂੜਾ ਡੰਪ ਬਣਾਉਣੇ ਪਏ ਨੇ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ। ਖੁਲਾਸਾ ਕਰਦੇ ਹਨ ਕਿ ਪਹਿਲਾਂ ਚਾਰ ਕਰੋੜ ਗਿਰਝਾਂ ਸਨ। ਮੁਲਕ ’ਚ ਹੁਣ ਚਾਰ ਲੱਖ ਬਚੀਆਂ ਨੇ। ਪੰਜਾਬ ਤਾਂ ਕਦੇ ਗਿਰਝਾਂ ਦਾ ਘਰ ਸੀ। ਗਿਰਝਾਂ ਦਾ ਖਾਤਮਾ, ਝਾੜੂ ਦਾ ਨਾ ਚੱਲਣਾ, ਬਦਸ਼ਗਨੀ ਕਹਿ ਲਓ। ਹਕੂਮਤੀ ਗੱਡੀ ਅੱਗੇ ਕੋਈ ਬਰੇਕਰ ਨਹੀਂ ਰਿਹਾ। ‘ਗਰੀਬੋਂ ਕਾ ਲਹੂ ਤੁਮਹਾਰੀ ਕਾਰੋਂ ਕਾ ਡੀਜ਼ਲ ਹੈ, ਅਗਰ ਗਰੀਬੀ ਮਿਟ ਗਈ ਤੋਂ ਤੁਮ ਕਯਾ ਰਿਕਸ਼ਾ ਚਲਾਓਗੇ।’ ਰੱਬ ਦੇ ਖਾਸ ਬੰਦੇ ਹੱਸ ਰਹੇ ਨੇ। ਨਿਤਸ਼ੇ ਆਖ ਗਿਆ..‘ਮਨੁੱਖ ਚਾਹੇ ਰੱਬ ਨਹੀਂ, ਰੱਬ ਬਣਨ ਦੀ ਸਮਰੱਥਾ ਤਾਂ ਰੱਖਦੈ।’ ਮੁੰਡੇ ਮਾਂਜਾ ਚੁੱਕਣਾ ਨਾ ਭੁੱਲੇ ਹੁੰਦੇ। ਘੱਟੋ ਘੱਟ ਦਿਮਾਗੀ ਘੱਟਾ ਤਾਂ ਹੂੰਝਦੇ। ਕੂੜੇ ਦੇ ਢੇਰਾਂ ’ਚੋਂ ਭਰੂਣ ਨਾ ਮਿਲਦੇ। ਅੱਜ ਦੇ ਰਾਜ ਭਾਗ ਨੂੰ ਖੁੱਲ੍ਹਣ ਵਾਲੇ ਮੂੰਹ ਚੁਭਦੇ ਨੇ। ਜ਼ੁਬਾਨਬੰਦੀ ਦੇ ਫੋਰਮੈਨ ਨੇ। ਠੱਪਾ ਦੇਸ਼ ਧਰੋਹੀ ਵਾਲਾ ਚੱਲਦੈ। ਤਾਜ਼ਾ ਅੰਕੜਾ ਦੇਖੋ। ਦੇਸ਼ ਧਰੋਹੀ ਕੇਸਾਂ ’ਚੋਂ ਕੇਵਲ ਤਿੰਨ ਫੀਸਦੀ ’ਚ ਸਜ਼ਾ ਹੋਈ ਹੈ। ਯੂਏਪੀਏ ਕੇਸਾਂ ’ਚ 29 ਫੀਸਦੀ ਸਫ਼ਲ ਦਰ ਹੈ। ਆਇਰਨ ਲੇਡੀ ਇਰੋਮ ਸ਼ਰਮੀਲਾ ਨੂੰ ਵੀ ਗੰਦਗੀ ਪਸੰਦ ਨਹੀਂ। 16 ਸਾਲ ਭੁੱਖ ਹੜਤਾਲ ਰੱਖੀ। ਵਿਹੜਾ ਸਾਫ਼ ਹੁੰਦਾ ਤਾਂ ਮੁੱਲ ਪੈਂਦਾ। ‘ਨਿਰਮਲ ਭਾਰਤ’ ਅਤੇ ਕਦੇ ‘ਸਵੱਛ ਭਾਰਤ’, ਇਕੱਲੇ ਬਰੈਂਡ ਨੇਮ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਤੇ ਹੇਮਾ ਮਾਲਿਨੀ, ਸਭ ਨੇ ਹੱਥਾਂ ’ਚ ਝਾੜੂ ਚੁੱਕੇ। ਕਿਧਰੋਂ ਆਵਾਜ਼ ਗੂੰਜੀ ਹੈ, ਤੇਰੇ ਅੰਦਰੋਂ ਮੈਲ ਨਾ ਜਾਵੇ..! ਕਿਸੇ ਪੇਂਡੂ ਬੰਦੇ ਨੂੰ ਪੁੱਛੋ, ਇਹੋ ਆਖੇਗਾ, ਮਨੀ ਰਾਮ ਸਾਫ਼ ਹੋਵੇ, ਫੇਰ ਭਾਵੇਂ ਛੱਪੜ ’ਚ ਨਹਾ ਲਓ। ਬੁਰਕੀ ਸੰਘ ਵਿੱਚ ਫਸੀ ਹੋਵੇ, ਉਦੋਂ ਜ਼ਿੰਦਗੀ ਜੰਕਸ਼ਨ ਬਣਦੀ ਹੈ। ਦੁੱਖਾਂ ਨੂੰ ਢੋਣਾ ਭਾਗ ਬਣਦੈ। ਕਿਸਾਨੀ ਅੱਖਾਂ ’ਚ ਰੇਲ ਮਾਰਗ ਰੜਕਦੇ ਨੇ। ਪਟੜੀਆਂ ’ਤੇ ਧੌਣਾਂ ਟਿਕਾਉਣਾ, ਕੋਈ ਸ਼ੌਕ ਨਹੀਂ ਹੁੰਦਾ। ਪੰਜਾਬ ਦੇ ਬਨੇਰੇ ’ਤੇ ਕਾਂ ਬੋਲਿਆ। ਖੇਤੀ ਕਾਨੂੰਨ ਤਾਂ ਚੇਤੇ ਨਹੀਂ ਸਨ। ਅੰਬਾਨੀਆਂ ਨੇ ਜ਼ਰੂਰ ਸੂਹਣ ਖੜ੍ਹੀ ਕੀਤੀ ਹੋਊ। ਵਿਸ਼ਵ ਖੁਰਾਕ ਪ੍ਰੋਗਰਾਮ ਦੀ ਚੇਤਾਵਨੀ ਵੀ ਸੁਣੋ। 2020 ਦੇ ਅਖੀਰ ਤੱਕ ਭੁੱਖ ਨਾਲ ਪੀੜਤਾਂ ਦੀ ਗਿਣਤੀ ਦੁੱਗਣੀ ਹੋਜੂ। ਦਿੱਲੀ ਦੇ ਖ਼ਾਨੇ ਫੇਰ ਨਹੀਂ ਪੈਂਦੀ। ਪਿੰਡ ਢੱਡੇ (ਬਠਿੰਡਾ) ਦਾ ਗੁਰਜੰਟ ਸਿੰਘ ਲਹਿਰਾ ਬੇਗਾ ਵਾਲੇ ਟੌਲ ’ਤੇ ਧਰਨੇ ’ਤੇ ਬੈਠੈ। ਲੱਤ ਤੋਂ ਅਪਾਹਜ ਹੈ, ਸਿਰੜ ਦਾ ਸੰਪੂਰਨ। ਆਖ ਰਿਹਾ ਹੈ, ਲੜਾਂਗੇ ਸਾਥੀ। ਪਿੰਡ ਮੁਹੰਮਦਾਬਾਦ (ਕਪੂਰਥਲਾ) ਦਾ ਬਜ਼ੁਰਗ ਪਰਗਟ ਸਿੰਘ, ਚੱਲਣੋਂ ਫਿਰਨੋਂ ਅਸਮਰਥ ਹੈ। ਫਿਰੋਜ਼ਪੁਰ ਸੰਘਰਸ਼ ’ਚ ਕੁੱਦਿਐ। ਵੰਗਾਰਨੋਂ ਨਹੀਂ ਹਟਦਾ... ਸਾਡਾ ਵੀ ਦੇਖ ਜੇਰਾ..! ਚਾਚਾ ਨਹਿਰੂ ਆਖਦੇ ਸਨ.. ‘ਤਸਵੀਰਾਂ ਦਾ ਮੂੰਹ ਕੰਧਾਂ ਵੱਲ ਕਰਕੇ ਇਤਿਹਾਸ ਨਹੀਂ ਬਦਲੇ ਜਾ ਸਕਦੇ।’ ਖੇਤੀ ਕਾਨੂੰਨਾਂ ਨੇ ਮੁੰਡੇ ਝੰਜੋੜੇ ਨੇ। ਅਬੋਹਰ ਤਾਂ ਟਾਵੇਂ ਗਏ ਨੇ, ਬਹੁਤੇ ਨੌਜਵਾਨ ਜ਼ਿੰਦਗੀ ਦਾ ਟਰਾਇਲ ਦੇਣ ਟੌਲਾਂ ਅੱਗੇ ਪੁੱਜੇ ਨੇ। ਪਿਓ ਦਾਦਿਆਂ ਨਾਲ ਮੋਢਾ ਜੋੜਿਆ ਹੈ। ਸੰਘਰਸ਼ਾਂ ਵਿੱਚ ਕੂਕੇ ਹਨ। ਹੋਡਲਾ ਕਲਾਂ (ਮਾਨਸਾ) ਦੀ ਬੱਚੀ ਖੁਸ਼ਵੀਰ। ਰੇਲ ਮਾਰਗ ਦੇ ਐਨ ਵਿਚਾਲੇ ਬੈਠੀ ਹੈ। ਪਿੰਡ ਆਹਲੋਵਾਲ ਦਾ ਬੱਚਾ ਅਰਸ਼ਾਂਤ। ਪਰਿਵਾਰ ਪਿੱਛੇ ਸੀ, ਅੱਗੇ ਝੰਡਾ ਚੁੱਕ ਤੁਰ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ’ਚ ਨਹੁੰ ਮਾਸ ਦਾ ਰਿਸ਼ਤੈ। ਤਖਤਾਂ ਤੋਂ ਕਾਫਲੇ ਕੱਢੇ ਨੇ। ਲੰਮੀਆਂ ਗੱਡੀਆਂ, ਉੱਚੇ ਲੰਮੇ ਕੱਦ, ਮੁਕਤਸਰੀ ਕੁੜਤੇ, ਵੇਖ ਕਿਸਾਨ ਦੰਗ ਰਹਿ ਗਏ। ਅਖੇ ਆਹ ਲੰਮੀਆਂ ਕਾਰਾਂ ਵਾਲੇ ਕਿਸਾਨ ਕਿਸ ਗ੍ਰਹਿ ਤੋਂ ਉੱਤਰੇ ਨੇ। ਜਿਹੜੇ ਦੇਖਣੋਂ ਖੁੰਝ ਗਏ, ਉਹ ਰਾਹੁਲ ਗਾਂਧੀ ਦਾ ਟਰੈਕਟਰ ਮਾਰਚ ਵੇਖ ਲੈਣ। ਸੋਨੀਆ ਗਾਂਧੀ ਨੂੰ ਜ਼ਰੂਰ ਕੰਨ ’ਚ ਆਖਿਆ ਹੋਊ, ਮੰਮੀ, ‘ਮੈਂ ਵੀ ਟਰੈਕਟਰ ਮਾਰਚ ਕੱਢਣੈ।’ ਖੇਤੀ ਕਾਨੂੰਨਾਂ ਨੇ ਕਿਸਾਨੀ ਦੇ ਵੱਟ ਕੱਢੇ ਨੇ। ਵੋਟਾਂ ਵਾਲੇ ਜੋ ਮਰਜ਼ੀ ਮਾਅਨੇ ਕੱਢਣ। ‘ਆਪ’ ਵਾਲਿਆਂ ਦੇ ਕਹਾਣੀ ਸੂਤ ਨਹੀਂ ਬੱਝ ਰਹੀ। ਨਵਜੋਤ ਸਿੱਧੂ ਦੇ ਕੜਾ ਲੋਟ ਆਇਆ ਲੱਗਦੈ। ਵੈਸੇ, ਜ਼ਖ਼ਮੀ ਹੋਣ ਮਗਰੋਂ ਢਾਲ ਚੁੱਕਣ ਦਾ ਕੀ ਫਾਇਦੈ। ਕਿਸਾਨ ਨੇਤਾ ਜੋਗਿੰਦਰ ਉਗਰਾਹਾਂ ਗੁੱਸਾ ਕਰ ਗਿਐ। ਗੜ੍ਹਕ ਰਿਹੈ... ਦਿੱਲੀ ਦੀ ਪਦੀੜ ਪੈਂਦੀ ਦੇਖਿਓ। ਵੱਡੇ ਹੁੰਗਾਰੇ ਕਰਕੇ ਛੱਜੂ ਰਾਮ ਲਾਚੜਿਐ। ਬੀਬੀਆਂ ਨੂੰ ਸਮਝਾ ਰਿਹੈ, ‘ਜੋ ਕੰਮ ਕਰੇ ਘੁਸੰਨ, ਨਾ ਰਿਸ਼ੀ ਕਰੇ ਨਾ ਮੁੰਨ।’
No comments:
Post a Comment