Sunday, October 18, 2020

                                                                      ਵਿਚਲੀ ਗੱਲ 
                                                      ਲਿਖਾਂਗੇ ਨਸੀਬਾ ਅਸੀਂ ਆਪ...
                                                                     ਚਰਨਜੀਤ ਭੁੱਲਰ 

ਚੰਡੀਗੜ੍ਹ : ਬੋਦੀ ਵਾਲਾ ਤਾਰਾ ਚੜ੍ਹਿਐ। ਸ਼ਾਸਤਰੀ ਜੀ! ਕੋਈ ਤਾਂ ਲੱਖਣ ਲਾਓ। ਗ੍ਰਹਿ ਚਾਲ ਤਾਂ ਲੀਹ ’ਤੇ ਸੀ। ਸਹੁਰੀ ਦੀ ਨੂੰ ਹੁਣ ਕੀ ਹੋਇਐ। ਚੰਗੀ ਭਲੀ ਚਾਲ ਵਿਗੜ ਗਈ। ‘ਚਲਤੀ ਕਾ ਨਾਮ ਗਾੜੀ..।’ ਬਰੇਕਾਂ ਤੋਂ ਪੈਰ ਚੁੱਕੋ, ਕੋਈ ਉਪਾਅ ਦੱਸੋ। ਆਹ ਨਵਾਂ ‘ਕਿਸਾਨਵਾਦ’ ਆਇਐ। ਸ਼ਾਸਤਰੀ ਪਾਤਸ਼ਾਹ, ਛੇਤੀ ਦੱਸੋ, ਏਹ ਹੁਣ ਜਾਊ ਕਿਵੇਂ। ਨਹਿਰ ’ਚ ਕਾਲੇ ਮਾਂਹ ਤਾਰਾਂ ਕਿ ਕਾਲੇ ਕੁੱਤੇ ਨੂੰ ਰੋਟੀ ਪਾਵਾਂ। ਭਲਾ ਨਰਿੰਦਰ ਮੋਦੀ ਇੰਝ ਕਿਉਂ ਸੋਚਦੇ ਨੇ। ਜ਼ਰੂਰ ਕਿਤੇ ਮੱਥਾ ਠਣਕਿਆ ਹੋਊ। ਕੋਈ ਯੂਨਾਨੀ ਵਿਚੋਂ ਬੋਲਿਐ..‘ਹਰ ਵੇਲੇ ਕਸੀ ਕਮਾਨ ਟੁੱਟ ਵੀ ਜਾਂਦੀ ਐ।’ ਅਹਿਮਦਾਬਾਦ ਵਾਲਾ ਵਿਪਿਨ ਚੌਹਾਨ। ਪ੍ਰਧਾਨ ਮੰਤਰੀ ਦਾ ਪੁਰਾਣਾ ਦਰਜੀ ਐ। ਚੌਹਾਨ ਬਾਬੂ ਨੇ ਕੰਨ ’ਚ ਦੱਸਿਐ.. ‘ਛਪੰਜਾ ਇੰਚ ਵਾਲਾ ਨਿਰਾ ਗੱਪ ਐਂ’। ਸ਼ਾਸਤਰੀ ਜੀ ਕਿਧਰ ਦੌੜ ਗਏ। ਕੇਰਾਂ ਲੋਕ ਚਰਚੇ ਛਿੜੇ ਸਨ। ਪੁਲਾੜ ਵਿਮਾਨ ’ਚ ਬੈਠ ਜੋ ਗ੍ਰਹਿ ’ਤੇ ਜਾਂਦੇ ਨੇ। ਉਨ੍ਹਾਂ ਦੇ ਸਭ ਗ੍ਰਹਿ.. ਛੂ ਮੰਤਰ। ਰਾਹੂ ਕੇਤੂ ਦੀ ਐਸੀ ਦੀ ਤੈਸੀ। ਆਹ ਐਲਨ ਮਾਸਕ ਦੀ ਵੀ ਸੁਣ ਲਓ। ਕੰਪਨੀ ‘ਸਪੇਸਐਕਸ’ ਦਾ ਮਾਲਕ ਐ। ਢੋਲ ਵਜਾਤੇ ਨੇ..ਅਖੇ ਮੰਗਲ ਗ੍ਰਹਿ ਦੀ ਯਾਤਰਾ ਕਰਾਊ। ਤੀਹ ਸਾਲਾਂ ’ਚ ਇੱਕ ਲੱਖ ਬੰਦੇ ਨੂੰ। ਮੋਦੀ ਜੀ.. ਪੂਰਾ ਜਹਾਨ ਘੁੰਮਿਐ। ਲੱਗਦੇ ਹੱਥ ਮੰਗਲ ਦੇ ਦਰਸ਼ਨ ਦੀਦਾਰੇ ਵੀ ਕਰ ਲਓ। ਸ਼ਾਇਦ ਗ੍ਰਹਿ ਟਲ ਜਾਣ, ਕਿਸਾਨਾਂ ਦਾ ਤਾਂ ਪਤਾ ਨਹੀਂ। ਸਮ੍ਰਿਤੀ ਇਰਾਨੀ ਕਿਧਰੋਂ ਆ ਬਹੁੜੇ। ਮੋਦੀ ਪਹਿਲਾਂ ਕਣੱਖੇ ਝਾਕੇ। ਫੇਰ ਬੋਲੇ ਹੋਣਗੇ..ਦੇਵੀ ਜੀ, ਤੁਸਾਂ ਪੰਜਾਬਣਾਂ ਬਾਰੇ ਕਿਹਾ.. ਕਮਾਲ ਦੀ ਕਿਕਲੀ ਪਾਉਂਦੀਆਂ ਨੇ। ਝੱਜੂ ਵੀ ਪਾਉਂਦੀਆਂ ਨੇ.. ਏਹ ਕਾਹਤੋਂ ਨਹੀਂ ਦੱਸਿਆ।

             ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਲੜਨਾ ਤੇ ਮਰਨਾ, ਇਹੋ ਤਾਂ ਗੁੜ੍ਹਤੀ ਹੈ। ਬਿਜਲੀ ਪਾਣੀ ਮੁਫ਼ਤ ’ਚ ਲੈਂਦੇ ਨੇ। ਇਕੱਲੀ ਲੜਾਈ ਐ, ਜੋ ਮੁੱਲ ਲੈਂਣੋ ਨਹੀਂ ਟਲਦੇ। ਆਇਰਲੈਂਡੀ ਬਜ਼ੁਰਗਾਂ ਦੀ ਗੱਲ ’ਤੇ ਗੌਰ ਕਰੋ..‘ਗਲਤ ਟੋਪੀ ਚੁੱਕੀ ਹੈ ਤਾਂ ਪਹਿਲਾਂ ਦੇਖ ਲਓ ਕਿ ਇਹ ਕਿਸੇ ਭਲਵਾਨ ਦੀ ਤਾਂ ਨਹੀਂ।’ ਦਿੱਲੀ ਨੇ ‘ਖੇਤੀ ਕਾਨੂੰਨ’ ਕੱਢ ਮਾਰੇ। ਸਿੱਧਾ ਖੱਖਰ ’ਚ ਹੱਥ ਪਾਇਐ। ਅਗਲੇ ਬੰਦਾ ਬਹਾਦਰ ਦੇ ਵਾਰਸ ਨੇ। ਬਾਬੇ ਨਾਨਕ ਦੇ ਪੈਰੋਕਾਰ ਨੇ। ਧਰਤੀ ਨੂੰ ਮਾਂ ਦਾ ਰੁਤਬਾ ਦਿੱਤੈ। ਕੋਈ ਅੱਖ ਚੁੱਕ ਕੇ ਮਾਂ ਵੱਲ ਕਿਵੇਂ ਝਾਕ ਜਾਊ। ‘ਖੇਤੀ ਜੱਟ ਦੀ, ਬਾਜੀ ਨੱਟ ਦੀ’। ਪਰਮ ਪਿਆਰੇ ਮੋਦੀ ਜੀ! ਬੜੇ ਭੁਲੱਕੜ ਹੋ, ਬਦਾਮ ਖਾਇਆ ਕਰੋ। ਚੇਤੇ ਕਰੋ ਐਮਰਜੈਂਸੀ ਦੇ ਦਿਨ। ਜਦੋਂ ਤੁਸਾਂ ਪੱਗ ਬੰਨ੍ਹੀ ਸੀ, ਭੇਸ ਬਦਲ ਕੇ ਬਚੇ ਸੀ। ਕੁਝ ਤਾਂ ਸੋਚੋ, ਨਿਰਮੋਹੇ ਨਾ ਬਣੋ। ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਕਿਵੇਂ ਲਾਉਣ। ਗੁਜਰਾਤ ਦੇ ਪਥਰਾਟ ਭੰਨੇ, ਰੁਦਰਪੁਰ ਦੇ ਜੰਗਲ ਸਾਫ ਕੀਤੇ ਤੇ ਧਰਤੀ ਨੂੰ ਰੰਗ ਭਾਗ ਲਾ ਦਿੱਤੇ। ਖੇਤੀ ਕਾਨੂੰਨਾਂ ਨੇ ਭੰਗ ਪਾ ਦਿੱਤੀ। ਏਹ ਤਾਂ ਚੰਗੇਜ਼ ਤੇ ਤੈਮੂਰ ਝੱਲ ਗਏ..। ਪੰਜਾਬ ਦੇ ਬਾਗ ਦੀ ਮੂਲੀ ਨੇ। ਆਈ ’ਤੇ ਆ ਜਾਣ..ਗੰਦਲ ਨੂੰ ਹੱਥ ਨਹੀਂ ਪਾਉਣ ਦਿੰਦੇ। ਤੁਸੀਂ ਜ਼ਮੀਨ ਨੂੰ ਹੱਥ ਪਾ ਲਿਐ। ਸੂਫ਼ੀ ਕਵੀ ਬਾਬਾ ਵਜੀਦ ਸੱਚ ਆਖ ਗਏ..‘ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।’ ਇਬਰਾਹਮ ਲਿੰਕਨ ਨੇ ਹਿੰਮਤ ਕੀਤੀ ਐੈ..‘ਜੇ ਕਿਸੇ ਬਿਰਖ਼ ਨੂੰ ਕੱਟਣ ਲਈ ਅੱਠ ਘੰਟੇ ਦਾ ਵਕਤ ਹੋਵੇ ਤਾਂ ਮੈਂ ਛੇ ਘੰਟੇ ਕੁਹਾੜੀ ਤੇਜ਼ ਕਰਨ ’ਤੇ ਲਾ ਦਿਆਂਗਾ।’ ਕਿਸਾਨ ਅੰਦੋਲਨ ਸੰਭਲ ਕੇ ਚੱਲ ਰਿਹੈ। ਸੰਜਮ ਤੇ ਪੂਰੇ ਸੰਤੋਖ ਨਾਲ। ਕਿਸਾਨ ਲੰਮਾ ਦਮ ਰੱਖ ਉੱਤਰੇ ਨੇ।

               ਸੱਤ ਕਿਸਾਨ ਆਗੂ ਦਿੱਲੀ ਗਏ। ਸੱਤ ਬਿਗਾਨੇ ਸਮਝ ਲਏ, ਤਾਹੀਂ ਪੁੱਠੇ ਪੈਰੀਂ ਵਾਪਸ ਮੁੜੇ। ਅੱਠ ਵਜ਼ੀਰ ਪੰਜਾਬ ’ਚ ਲਾਤੇ। ਸੰਖ ਵਜਾ ਰਹੇ ਨੇ.. ਅਖ਼ੇ ਭਲੇ ਦਾ ਜ਼ਮਾਨਾ ਈ ਨਹੀਂ ਰਿਹਾ। ਮੋਦੀ ਭਲੇ ਦੀ ਪੰਡ ਚੁੱਕੀ ਫਿਰਦੇ ਨੇ..। ਕਿਸਾਨ ਹੱਥ ਜੋੜ ਰਹੇ ਨੇ.. ਭਲੇ ਵਾਲਾ ਤਵੀਤ ਕਿਸੇ ਹੋਰ ਡੋਲੇ ’ਤੇ ਬੰਨ੍ਹੋ। ‘ਖਾਰੇ ਖੂਹ ਨਾ ਹੋਵਣ ਮਿੱਠੇ’, ਹਕੂਮਤੀ ਜ਼ਿੱਦ ਨੂੰ ਭੁੱਲੇ ਨਹੀਂ ਪੰਜਾਬੀ। ਜਪਾਨੀ ਤਾਹੀਓਂ ਆਖਦੇ ਨੇ.. ‘ਬੋਧੀ ਮੰਦਰ ਕੋਲ ਰਹਿਣ ਵਾਲਾ ਬੱਚਾ ਬਿਨਾਂ ਪੜ੍ਹਾਏ ਮੰਤਰ ਸਿੱਖ ਲੈਂਦਾ ਹੈ।’  ਰੱਬ ਨੇ ਕੋਈ ਠੇਕੇ ’ਤੇ ਨਹੀਂ ਬਣਵਾਏ। ਪੰਜਾਬ ਦੀ ਮਿੱਟੀ ਦੇ ਜਾਏ ਨੇ..। ਦਿੱਲੀ ਦੀ ਅੱਖ ਪਛਾਣਦੇ ਨੇ। ਪੁਰਾਣੇ ਪੀਰ ਨੇ। ਅੰਤਰਜਾਮੀ ਨੇ.. ਬੁੱਝਣ ਜਾਣਦੇ ਨੇ ਸਮੇਂ ਦੀਆਂ ਚਾਲਾਂ ਨੂੰ। ਕੀ ਪਤੈ ਕਦੋਂ.. ਬੋਤਲ ‘ਚੋਂ ਹਿੰਦੂ-ਸਿੱਖ ਵਾਲਾ ਪੁਰਾਣਾ ਜਿੰਨ ਨਿਕਲ ਆਏ। ਬੋਲ ਮੇਰੇ ਆਕਾ..।ਕਿਸਾਨ ਅੰਦੋਲਨ ’ਚ ਕੌਣ ਬੈਠੇ ਨੇ। ਸਭ ਗਮਾਂ ਦੇ ਗਮੰਤਰੀ ਨੇ। ਕਿਸੇ ਦਾ ਪੁੱਤ, ਕਿਸੇ ਦਾ ਸਾਈਂ, ਖੇਤਾਂ ਦਾ ਸ਼ਹੀਦ ਬਣਿਐ। ਖੁਸ਼ੀਆਂ ਦਾ ਤਿਆਗ ਤੇ ਸੱਧਰਾਂ ਨੂੰ ਕੁਰਬਾਨ ਕੀਤੈ। ਲੱਗਦੈ ਗੱਲ ਤਿਲਕੂ.. ਕੁਰਬਾਨੀ ਤੋਂ ਜਥੇਦਾਰ ਸੁਖਬੀਰ ਬਾਦਲ ਚੇਤੇ ਆ ਗਏ। ਬੀਬਾ ਜੀ ਨੇ ਅਸਤੀਫ਼ਾ ਦਿੱਤਾ। ਪੰਜਾਬੀਓ.. ਤੁਸੀਂ ਖੁਸ਼ ਨਾ ਹੋਏ। ਨਹੁੰ ਨਾਲੋਂ ਮਾਸ ਅੱਡ ਹੋ ਗਿਆ। ਤੁਸੀਂ ਫੇਰ ਚੁੱਪ ਹੋ ਗਏੇ। ਦੇਖੋ, ਛੋਟੇ ਬਾਦਲ ਨੇ ਵੱਡਾ ਦਿੱਲ ਦਿਖਾਇਐ, ‘ਜਿਵੇਂ ਕਿਸਾਨ ਆਗੂ ਆਖਣਗੇ, ਉਵੇਂ ਹੀ ਕਰਾਂਗੇ।’ ਹਿੰਦ ਵਾਸੀਓ.. ਹੁਣ ਤਾਂ ਛੱਡੋ ਜੈਕਾਰੇ, ਭੁੱਲ ਚੁੱਕ ਕਰੋ ਮੁਆਫ਼। ਅਕਾਲੀ ਬੀਬੇ ਬੱਚੇ ਬਣੇ ਨੇ।

               ਨਰਿੰਦਰ ਮੋਦੀ ਵੀ ਜਨ ਸੰਘ ਦੇ ਟਕਸਾਲੀ ਨੇ। ਦਿਮਾਗਾਂ ’ਚ ਫਿਰਕੂ ਖੇਤੀ ਨਿਸਰ ਆਵੇ। ਉਦੋਂ ਤਾਲੀ ਨਹੀਂ.. ਮੱਥੇ ’ਤੇ ਹੱਥ ਵੱਜਦੈ। ਤਿਉਹਾਰ ਦੇ ਦਿਨ ਆਉਣੇ ਨੇ। ਇੱਕੋ ਧਾਗੇ ’ਚ ਪਰੋਣ ਦਾ ਵਾਕ ਪੜ੍ਹੋ। ਬਨੇਰਿਆਂ ’ਤੇ ਮੁਹੱਬਤਾਂ ਦੇ ਦੀਵੇ ਬਾਲਣ ਦਾ ਵੇਲਾ ਹੈ। ਨਾਲੇ ਜ਼ਹਿਰਾਂ ਦੇ ਝੱਖੜਾਂ ਨਾਲ ਦੋ ਹੱਥ ਕਰਨ ਦਾ। ਬਜਾਜ ਗਰੁੱਪ ਨੇ ਜੇਰਾ ਕੱਢਿਐ। ਚੇਤੇ ਕਰੋ 1989 ਦਾ ਸਮਾਂ ਜਦੋਂ ਦੂਰਦਰਸ਼ਨ ’ਤੇ ਗੂੰਜ ਪੈਂਦੀ ਸੀ. .‘ਹਮਾਰਾ ਕੱਲ, ਹਮਾਰਾ ਆਜ.. ਬੁਲੰਦ ਭਾਰਤ ਕੀ ਬੁਲੰਦ ਤਸਵੀਰ, ਹਮਾਰਾ ਬਜਾਜ।’ ਰਾਹੁਲ ਬਜਾਜ ਹੁਣ ਇੰਝ ਗੜ੍ਹਕੇ ਨੇ.. ਨਹੀਂ ਦਿਆਂਗੇ ਇਸ਼ਤਿਹਾਰ। ਅੱਗ ਉਗਲਦੇ ਚੈਨਲਾਂ ਨੂੰ। ਬਿਸਕੁਟ ਕੰਪਨੀ.. ਪਾਰਲੇ-ਜੀ ਨੇ ਬਜਾਜ ਨਾਲ ਸੁਰ ਮਿਲਾਈ ਐ। ਤਨਿਸ਼ਕ ਜਵੈਲਰੀ ਦੀ ਮਸ਼ਹੂਰੀ ਨੇ ਪੁਆੜਾ ਪਾਇਐ। ਇਸ਼ਤਿਹਾਰ ’ਚ ਮੁਸਲਿਮ ਸੱਸ, ਹਿੰਦੂ ਨੂੰਹ..। ਸੋਚ ਸੋਨੇ ਵਰਗੀ, ਐਂਕਰ ਲੋਹੇ ਵਰਗੇ.. ਪੈ ਗਏ ਟੁੱਟ ਕੇ..ਅਖੇ ਲਵ ਜਹਾਦ ਨਹੀਂ ਚੱਲੇਗਾ..। ਸੈਂਕੜੇ ਫਿਲਮੀ ਹਸਤੀਆਂ ਹਾਈ ਕੋਰਟ ਪੁੱਜੀਆਂ.. ਮਾਈ ਲਾਰਡ..ਇਨ੍ਹਾਂ ਐਂਕਰਾਂ ਨੇ ਕੀ ਮਜ਼ਾਕ ਬਣਾ ਰੱਖਿਐ। ਸੰਤੁਲਿਤ ਸੋਚ ਦਾ ਪਾਠ ਭੁੱਲੇ ਨੇ। ਬਾਬਾ ਰਾਮਦੇਵ ਚੇਤਿਆਂ ’ਚ ਘੁੰਮੇ ਨੇ। ਹਾਥੀ ’ਤੇ ਚੜ੍ਹ ਕੇ ਰਾਮਦੇਵੀ ਆਸਨ ਕਰਨ ਬੈਠ ਗਏ.. ਸੰਤੁਲਨ ਵਿਗੜ ਗਿਆ.. ਧੜੱਮ ਦੇਣੇ ਥੱਲੇ ਜਾ ਡਿੱਗੇ।

               ਬਾਬੇ ਨਾਲ ਜੀਡੀਪੀ ਵਾਲੀ ਹੋਈ। ਬੰਗਲਾਦੇਸ਼ ਵੀ ਅੱਗੇ ਨਿਕਲ ਗਿਐ। ਜਪਾਨੀਆਂ ਲਈ ਵੀ ਬੰਗਲਾਦੇਸ਼ ਨਿਆਰਾ ਬਣ ਗਿਐ। ਅੰਬਾਨੀ ਅਡਾਨੀ ਸਾਡਾ ਪਿਆਰਾ ਬਣਿਐ। ਅੰਬਾਨੀ ਨੇ ਬਿੱਗ ਬਜ਼ਾਰ ਖਰੀਦਿਐ। ਅਡਾਨੀ ਨੇ ਹਵਾਈ ਅੱਡੇ। ਰਿਲਾਇੰਸ ਨੂੰ 30 ਕਰੋੜ ਬਿਜਲੀ ਮੀਟਰਾਂ ਦਾ ਠੇਕਾ ਮਿਲਣੈ। ਸਮਾਰਟ ਮੀਟਰ ਲੱਗਣਗੇ। ਰਿਲਾਇੰਸ ਦਾ ਇਨਕਲਾਬ ਤਾਂ ਆ ਗਿਐ।ਅਮਰਵੇਲ ਵੀ ਸੁੱਕ ਚੱਲੀ। ਜਦੋਂ ਅੰਬਾਨੀ ਦੀ ਦੌਲਤ ਵੇਖੀ। 2015 ’ਚ ਇਸ ਨਿਤਾਣੇ ਕੋਲ 18.9 ਅਰਬ ਡਾਲਰ ਦਾ ਖਜ਼ਾਨਾ ਸੀ। ਹੁਣ 88.7 ਅਰਬ ਡਾਲਰ ਹੋ ਗਿਆ। ਦੇਖੀ ਕਿਤੇ ਦਸੌਧਾ ਸਿਆਂ, ਨਜ਼ਰ ਨਾ ਲਾ ਦੇਵੀਂ। ਮਿੱਤਰੋ! ਹਕੂਮਤ ਦੀ ਨਿਗ੍ਹਾ ਸਿੱਧੀ ਹੋਵੇ। ਮੇਲੇ ’ਚ ਫੇਰ ਚੱਕੀ ਰੌਣੇ ਨੂੰ ਕੌਣ ਪੁੱਛਦੈ। ਪੰਜਾਬ ਹੁਣ ਅੱਖ ’ਚ ਰੜਕਦੈ। ਨਿਆਣੇ ਸਿਆਣੇ ਦੀ ਜਾਗ ਖੁੱਲ੍ਹੀ ਹੈ। ਉਪਰੋਂ ਇਟਲੀ ਵਾਲੇ ਫ਼ਰਮਾ ਰਹੇ ਨੇ..‘ਦਾੜ੍ਹੀ ਰੱਖਣ ਨਾਲ ਬੰਦਾ ਫਿਲਾਸਫ਼ਰ ਨਹੀਂ ਬਣ ਜਾਂਦਾ।’

               ਜਾਰਜ ਬਰਨਜ ਵੀ ਸੋਲ਼ਾਂ ਆਨੇ ਸੱਚ ਸੁਣਾ ਗਏ। ‘ਜਿਨ੍ਹਾਂ ਲੋਕਾਂ ਨੂੰ ਇਹ ਪਤੈ ਕਿ ਦੇਸ਼ ਕਿੰਝ ਚਲਾਉਣਾ ਚਾਹੀਦੈ, ਉਹ ਲੋਕ ਟੈਕਸੀਆਂ ਚਲਾਉਣ ’ਚ ਰੁੱਝੇ ਹੋਏ ਹਨ ਜਾਂ ਫਿਰ ਹਜਾਮਤਾਂ ਕਰਨ ਵਿਚ।’ ਦੇਸ਼ ਦੀ ਮੋਟਰ ਚਲਾ ਰਹੇ ਡਰਾਈਵਰਾਂ ਦੇ ਪਿੱਛੇ ਲੱਖਾ ਲਹਿਰੀ ਪਿਐ। ਟੌਲ ਪਲਾਜ਼ਿਆਂ ’ਤੇ ਨਾਟਕ ਕਰਾ ਰਿਹੈ ‘ਸਿੱਧਾ ਰਾਹ, ਵਿੰਗਾ ਬੰਦਾ‘। ਡਾ. ਸਾਹਿਬ ਸਿੰਘ ‘ਸੰਮਾ ਵਾਲੀ ਡਾਂਗ’ ਚੁੱਕੀ ਫਿਰਦੈ। ਨਾਟਿਯਮ ਵਾਲੇ ‘ਮਦਾਰੀ’ ਦਾ ਖੇਡ ਦਿਖਾ ਰਹੇ ਨੇ।ਕਿਸਾਨ ਜੋਸ਼ ’ਚ ਨੇ, ਲੱਗਦੈ ਹੋਸ਼ ਵੀ ਰੱਖਣਗੇ.. ਕਦੇ ਤਾੜੀ ਮਾਰਦੇ ਨੇ ਤੇ ਕਦੇ ਨਾਅਰੇ। ਧਨੌਲੇ ਵਾਲੇ ਟੌਲ ’ਤੇ ਛੱਜੂ ਰਾਮ ਚੜ੍ਹਿਐ। ਐਨ ਉਪਰ ਸਪੀਕਰ ਲਾ ਰਿਹੈ। ਸਪੀਕਰ ’ਚ ਸੰਤ ਰਾਮ ਉਦਾਸੀ ਵੱਜ ਰਿਹੈ..‘ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣਕੇ/ ਜਿਨ੍ਹਾਂ ਸੂਲ਼ਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣਕੇ।’ ਕੰਡਾ ਕੱਢਣਾ ਹੋਵੇ ਤਾਂ ਪੰਜਾਬੀਆਂ ਦਾ ਹੱਥ ਬੜਾ ਸਾਫ਼ ਹੈ।

 

No comments:

Post a Comment