Thursday, October 29, 2020

                                           ਛੋਟਾ ਪਿੰਡ, ਵੱਡੀ ਪੈੜ
                       ਰਣਸੀਂਹ ਕਲਾਂ ਨੇ ਭੰਨੀ ਸਰਕਾਰੀ ਮੜ੍ਹਕ
                                             ਚਰਨਜੀਤ ਭੁੱਲਰ          

ਚੰਡੀਗੜ੍ਹ : ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਅੱਜ ਨਵੀਂ ਪੈੜ ਪਾ ਕੇ ਸਰਕਾਰ ਦੀ ਮੜ੍ਹਕ ਭੰਨ ਦਿੱਤੀ ਹੈ। ਜੋ ਕੁਝ ਸਰਕਾਰ ਨਹੀਂ ਕਰ ਸਕੀ, ਉਸ ਨੂੰ ਇਸ ਪਿੰਡ ਦੀ ਪੰਚਾਇਤ ਨੇ ਖੱਬੇ ਹੱਥ ਦੀ ਖੇਡ ਸਮਝਿਆ। ਪਿੰਡ ਦੀ ਪੰਚਾਇਤ, ਦਲਿਤ ਵਿਧਵਾ ਅੌਰਤਾਂ ਦੀ ਢਾਰਸ ਬਣੀ ਹੈ ਅਤੇ ਉਨ੍ਹਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ  ਹੈ, ਜਿਸ ਤਹਿਤ 750 ਰੁਪਏ ਪ੍ਰਤੀ ਮਹੀਨਾ ਪੰਚਾਇਤ ਦੇਵੇਗੀ। ਅੱਜ ਪੰਜ ਲਾਭਪਾਤਰੀਆਂ ਨੂੰ ਪੈਨਸ਼ਨ ਵੰਡ ਕੇ ਇਸ ਦੀ ਸ਼ੁਰੂਆਤ ਕੀਤੀ ਗਈ। ਰਣਸੀਂਹ ਕਲਾਂ ਦੀ ਅਬਾਦੀ 2700 ਦੇ ਕਰੀਬ ਹੈ ਅਤੇ 1301 ਏਕੜ ਰਕਬਾ ਹੈ। ਲੰਘੇ ਵਰ੍ਹੇ ਪਿੰਡ ਦੇ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ। ਡਿਪਟੀ ਕਮਿਸ਼ਨਰ ਮੋਗਾ ਖ਼ੁਦ ਪਿੰਡ ਪੁੱਜੇ ਅਤੇ ਕਿਸਾਨਾਂ ਨੂੰ ਸਾਬਾਸ਼ ਦਿੱਤੀ। ਪੰਜਾਬ ਸਰਕਾਰ ਨੇ ਪ੍ਰਤੀ ਏਕੜ ਇੱਕ ਹਜ਼ਾਰ  ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦੋਂ ਕਿਸੇ ਕਿਸਾਨ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਲਿਆ ਕਿ ਦੋ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ 500 ਰੁਪਏ ਪ੍ਰਤੀ ਏਕੜ ਮੁਆਵਜ਼ਾ ਗ੍ਰਾਮ ਪੰਚਾਇਤ ਦੇਵੇਗੀ। ਪਿੰਡ ਦੇ ਅਜਿਹੇ 100 ਛੋਟੇ ਕਿਸਾਨ ਹਨ, ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਪੁੱਜੇਗਾ।

               ਪਿੰਡ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਆਖਦੀ ਹੈ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਕੰਮ ਲਈ ਦੋ ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਨੌਜਵਾਨ ਜਨੂੰਨੀ ਹਨ, ਜਿਨ੍ਹਾਂ ਨੇ ਪਿੰਡ ਵਿਚ ਖ਼ੁਦ ਸੀਵਰੇਜ ਪਾਇਆ ਅਤੇ ਪਿੰਡ ਦੇ ਛੱਪੜ ਨੂੰ ਝੀਲ ਵਿਚ ਬਦਲ ਦਿੱਤਾ।   ਪੰਚਾਇਤ ਨੇ ਅੱਜ ਪਿੰਡ ਦੇ ਗਰਾਮ ਸਭਾ ਮੈਂਬਰਾਂ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਇੱਕ ਰੁਪਏ ਵਿਚ ਹਰ ਗਰਾਮ ਸਭਾ ਮੈਂਬਰ ਦਾ ਇੱਕ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ, ਜੋ ਇੱਕ ਸਾਲ ਲਈ ਹੋਵੇਗਾ। ਸੱਤ ਪਰਵਾਸੀ ਭਾਰਤੀ ਇਸ ਬੀਮਾ ਸਕੀਮ ਦਾ ਸਾਰਾ ਖਰਚਾ ਚੁੱਕਣਗੇ। ਸਾਬਕਾ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਆਖਦਾ ਹੈ ਕਿ ਦਾਨੀ ਸੱਜਣ ਹੀ ਉਨ੍ਹਾਂ ਦਾ ਬੈਂਕ ਹਨ। ਪੰਚਾਇਤ ਨੇ ਅੱਜ ਗਰਾਮ ਸਭਾ ਦਾ ਇਜਲਾਸ ਸੱਦਿਆ ਹੋਇਆ ਸੀ। ਗਰਾਮ ਸਭਾ ਦੀ ਸੌ ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੰਚਾਇਤ ਨੇ ਨਵਾਂ ਫਾਰਮੂਲਾ ਕੱਢਿਆ। ਗਰਾਮ ਸਭਾ ਵਿਚ ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਲੱਕੀ ਕੂਪਨ ਜਾਰੀ ਕੀਤਾ ਗਿਆ। ਲੱਕੀ ਡਰਾਅ ਵਿਚ 17 ਆਈਟਮਾਂ ਰੱਖੀਆਂ ਗਈਆਂ, ਜੋ ਰੋਜ਼ਮਰ੍ਹਾ ਦੇ ਜੀਵਨ ਵਿਚ ਕੰਮ ਆਉਣ ਵਾਲੀਆਂ ਸਨ। ਇਜਲਾਸ ਦੀ ਸਮਾਪਤੀ ਮੌਕੇ ਲੱਕੀ ਡਰਾਅ ਕੱਢਿਆ ਗਿਆ।  ਲੋਕ ਆਖਦੇ ਹਨ ਕਿ ਅਸਲ ਵਿਚ ਪਿੰਡ ਦੀ ਪੰਚਾਇਤ ਹੀ ਉਨ੍ਹਾਂ ਦੀ ਅਸਲ ਸਰਕਾਰ ਹੈ, ਜੋ ਦੁੱਖ-ਸੁੱਖ ਵਿਚ ਖੜ੍ਹਦੀ ਹੈ। ਨਤੀਜੇ ਵਜੋਂ ਪਿੰਡ ਦੇ ਲੋਕ ਸਰਬਸੰਮਤੀ ਨਾਲ ਪੰਚਾਇਤ ਚੁਣਦੇ ਹਨ। ਅੱਜ ਗਰਾਮ ਸਭਾ ਦੇ ਇਜਲਾਸ ਵਿਚ ਰਿਕਾਰਡ ਇਕੱਠ ਹੋਇਆ ਹੈ                                                                                                                                                               ਦੱਸਣਯੋਗ ਹੈ ਕਿ ਇਸ ਪੰਚਾਇਤ ਨੇ ਪਿਛਲੇ ਸਾਲਾਂ ਵਿਚ ਕਈ ਅਹਿਮ ਕੰਮ ਕੀਤੇ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਕਬਾੜ ਦੇ ਸਾਮਾਨ ਦੇ ਬਦਲੇ ਖੰਡ ਦੇਣਾ ਵੀ ਸ਼ਾਮਲ ਹੈ। ਪਾਣੀ ਦੀ ਸੰਭਾਲ ਲਈ ਪੰਚਾਇਤ ਨੇ ਘਰ-ਘਰ ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ ਹੋਈਆਂ ਹਨ। ਪਿੰਡ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਲਾਇਆ ਗਿਆ ਹੈ, ਜਿਸ ਦਾ ਸੋਧਿਆ ਪਾਣੀ ਕਰੀਬ ਸੌ ਏਕੜ ਖੇਤਾਂ ਨੂੰ ਦਿੱਤਾ ਜਾਂਦਾ ਹੈ। ਪਿੰਡ ਦੀ ਵਿਕਾਸ ਕਮੇਟੀ ਤੇ ਪੰਚਾਇਤ ਦੇ ਇਨ੍ਹਾਂ ਕੰਮਾਂ ਦੀ ਬਦੌਲਤ ਪਿੰਡ ਦੀ ਝੋਲੀ ਕੌਮੀ ਐਵਾਰਡ ਵੀ ਪਏ ਹਨ।ਗਰਾਮ ਸਭਾ ਦੇ ਇਜਲਾਸ ਵਿਚ ਅੱਜ ਮੁੱਖ ਮਹਿਮਾਨ ਵਜੋਂ ਪੁੱਜੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਰਣਸੀਂਹ ਕਲਾਂ ਪਿੰਡ ਦੀ ਆਪਣੀ ਸਰਕਾਰ ਹੈ, ਜਿਸ ਨੇ ਸਭ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ। ਬਾਕੀ ਪਿੰਡਾਂ ਨੂੰ ਵੀ ਇਸ ਪੰਚਾਇਤ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪੰਚਾਇਤ ਨੇ ਲੋਕਾਂ ਕੋਲ ਬਦਲ ਪੇਸ਼ ਕੀਤੇ ਹਨ, ਜੋ ਸਰਕਾਰ ਵੀ ਮੁਹੱਈਆ ਨਹੀਂ ਕਰਾ ਸਕੀ।

 

No comments:

Post a Comment