Showing posts with label Agriculture Ordinance. Show all posts
Showing posts with label Agriculture Ordinance. Show all posts

Wednesday, October 14, 2020

                                                                                  ਬੇਜ਼ਮੀਨੇ ਹਾਕਮ 
               ਖੇਤਾਂ ਦੀ ਹੋਣੀ ਲਿਖ ਗਏ..
                        ਚਰਨਜੀਤ ਭੁੱਲਰ

ਚੰਡੀਗੜ੍ਹ : ਜਿਨ੍ਹਾਂ ਨੇ ਖੇਤਾਂ ਦੀ ਹੋਣੀ ਲਿਖੀ, ਉਨ੍ਹਾਂ ਕੋਲ ਖੇਤੀ ਜ਼ਮੀਨ ਹੀ ਨਹੀਂ। ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ ਦਾ ਚੈਨ ਉਡਾ ਰੱਖਿਆ ਹੈ। ਕੇਂਦਰੀ ਕੈਬਨ ਵੱਲੋਂ ਖੇਤੀ ਕਾਨੂੰਨਾਂ ਬਾਰੇ ਫੈਸਲਾ ਲਿਆ ਗਿਆ ਜਿਨ੍ਹਾਂ ਦਾ ਕਿਸਾਨੀ ’ਚ ਵਿਰੋਧ ਉੱਠਿਆ ਹੈ। ਹੈਰਾਨੀ ਭਰੇ ਤੱਥ ਉਭਰੇ ਹਨ ਕਿ ਕੇਂਦਰੀ ਕੈਬਨਿਟ ਦੇ 60 ਫੀਸਦੀ ਵਜ਼ੀਰਾਂ ਕੋਲ ਤਾਂ ਖੇਤੀ ਜ਼ਮੀਨ ਹੀ ਨਹੀਂ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਲਈ ਹਰੀ ਝੰਡੀ ਦਿੱਤੀ ਹੈ। ਕੇਂਦਰੀ ਕੈਬਨਿਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦੋ ਦਰਜਨ ਕੇਂਦਰੀ ਵਜ਼ੀਰ ਹਨ ਜਿਨ੍ਹਾਂ ਚੋਂ ਹਰਸਿਮਰਤ ਕੌਰ ਬਾਦਲ ਨੇ ਥੋੜਾ ਸਮਾਂ ਪਹਿਲਾਂ ਹੀ ਅਸਤੀਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਤਾਜ਼ਾ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਖੇਤੀ ਵਾਲੀ ਜ਼ਮੀਨ ਹੀ ਨਹੀਂ ਹੈ। ਉਨ੍ਹਾਂ ਕੋਲ ਗੈਰ ਖੇਤੀ ਵਾਲੀ ਅਤੇ ਵਪਾਰਿਕ ਸੰਪਤੀ ਵੀ ਨਹੀਂ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਭਲੇ ਵਾਲੇ ਦੱਸ ਰਹੇ ਹਨ, ਉਨ੍ਹਾਂ ਕੋਲ ਇੱਕ ਮਰਲਾ ਵੀ ਖੇਤ ਨਹੀਂ ਹਨ। ਇਸੇ ਤਰ੍ਹਾਂ ਜਲ ਸ਼ਕਤੀ ਮੰਤਰੀ ਗਜੇਂਦਰ ਸੇਖਾਵਤ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਪ੍ਰਧਾਨ ਮੰਤਰੀ ਅਤੇ ਇਹ ਦੋਵੇਂ ਵਜ਼ੀਰ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਸਭ ਦੁੱਖਾਂ ਦੀ ਦਾਰੂ ਦੱਸ ਰਹੇ ਹਨ। ਦੇਖਿਆ ਜਾਵੇ ਤਾਂ 17ਵੀਂ ਲੋਕ ਸਭਾ ਵਿਚ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 191 ਬਣਦੀ ਹੈ। 

         ਤਾਜ਼ਾ ਸਰਕਾਰੀ ਤੱਥਾਂ ਅਨੁਸਾਰ ਦੋ ਦਰਜਨ ਕੇਂਦਰੀ ਵਜ਼ੀਰਾਂ ਚੋਂ 14 ਵਜ਼ੀਰਾਂ ਕੋਲ ਖੇਤ ਹੀ ਨਹੀਂ ਹਨ ਜਿਨ੍ਹਾਂ ਦਾ ਖੇਤੀ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 1.47 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ 80.23 ਲੱਖ ਦੀ 10.77 ਏਕੜ ਖੇਤੀ ਜ਼ਮੀਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਮੁਖਤਾਰ ਅਬਾਸ ਨਕਵੀ ਦੀ ਪਤਨੀ ਕੋਲ 13 ਬਿਘੇ ਜ਼ਮੀਨ ਹੈ।ਇਵੇਂ ਹੀ ਕੇਂਦਰੀ ਵਜ਼ੀਰ ਪ੍ਰਹਿਲਾਦ ਜੋਸ਼ੀ, ਮਹਿੰਦਰ ਨਾਥ ਪਾਂਡੇ, ਗਿਰੀਰਾਜ ਸਿੰਘ, ਪਿਯੂਸ ਗੋਇਲ, ਡਾ. ਹਰਸ਼ ਵਰਧਨ, ਅਰਜਨ ਮੁੰਡਾ, ਸੁਭਰਾਮਨੀਅਮ ਜੈਸ਼ੰਕਰ, ਥਾਵਰ ਚੰਦ ਗਹਿਲੋਤ ਆਦਿ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਨਿੱਤਿਨ ਗਡਕਰੀ ਕੋਲ 2.06 ਕਰੋੜ ਦੀ 20 ਏਕੜ ਜ਼ਮੀਨ ਹੈ। ਸਮਿਰਤੀ ਇਰਾਨੀ ਕੋਲ ਵੀ 45 ਲੱਖ ਦੀ ਖੇਤੀ ਜ਼ਮੀਨ ਹੈ ਜਦੋਂ ਕਿ ਰਵੀ ਸ਼ੰਕਰ ਪ੍ਰਸ਼ਾਦ ਕੋਲ ਡੇਢ ਏਕੜ ਜ਼ਮੀਨ ਹੈ। ਮਰਹੂਮ ਰਾਮ ਵਿਲਾਸ ਪਾਸਵਾਨ ਕੋਲ ਦੇ ਨਾਮ ’ਤੇ ਵੀ 15 ਏਕੜ ਜ਼ਮੀਨ ਹੈ। ਬੇਸ਼ੱਕ ਹਰਸਿਮਰਤ ਕੌਰ ਬਾਦਲ ਨੇ ਹੁਣ ਅਸਤੀਫ਼ਾ ਦੇ ਦਿੱਤਾ ਹੈ ਪ੍ਰੰਤੂ ਕੇਂਦਰੀ ਕੈਬਨਿਟ ਵੱਲੋਂ ਫੈਸਲੇ ਲੈਣ ਸਮੇਂ ਉਹ ਵਜ਼ੀਰ ਸਨ। ਉਨ੍ਹਾਂ ਕੋਲ ਸਭ ਤੋਂ ਵੱਧ 49.97 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ ਜਿਸ ’ਚ ਸੁਖਬੀਰ ਬਾਦਲ ਦੇ ਨਾਮ ਵਾਲੀ ਜ਼ਮੀਨ ਵੀ ਸ਼ਾਮਿਲ ਹੈ। 

                ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਪ੍ਰਤੀਕਰਮ ਸੀ ਕਿ ਜਿਨ੍ਹਾਂ ਨੂੰ ਖੇਤੀ ਦੇ ਨਫੇ ਨੁਕਸਾਨ ਦਾ ਹੀ ਪਤਾ ਨਹੀਂ, ਉਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਇਬਾਰਤ ਲਿਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਦਾ ਦਰਦ ਕਿਸਾਨ ਹੀ ਜਾਣ ਸਕਦਾ ਹੈ, ਕੋਈ ਸਿਆਸੀ ਨੇਤਾ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਨੇ ਕਿਸਾਨ ਨੂੰ ਅੱਜ ਸੜਕਾਂ ’ਤੇ ਲੈ ਆਂਦਾ ਹੈ। ਇਵੇਂ ਹੀ ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਖੇਤਾਂ ਦੀ ਮਿੱਟੀ ਨਾਲ ਜੁੜਿਆ ਆਗੂ ਹੀ ਖੇਤਾਂ ਦੇ ਭਵਿੱਖ ਵਾਲੇ ਫੈਸਲੇ ਲੈ ਸਕਦੇ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਖੇਤੀ ਕਾਨੂੰਨ ਕਾਰਪੋਰੇਟਾਂ ਦੇ ਹਿੱਤਾਂ ਦੀ ਰੱਖਿਆ ਲਈ ਘੜੇ ਹਨ। 

                               ਨਰੇਂਦਰ ਮੋਦੀ ਪਤਨੀ ਦੀ ਸੰਪਤੀ ਬਾਰੇ ਬੇਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਵੇਲੇ 2.85 ਕਰੋੜ ਦੀ ਜਾਇਦਾਦ ਹੈ ਅਤੇ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਕੋਲ 1.10 ਕਰੋੜ ਰੁਪਏ ਦੀ ਸੰਪਤੀ ਸੀ। 30 ਜੂਨ 2020 ਨੂੰ ਦਿੱਤੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਕੋਲ 45 ਗਰਾਮ ਸੋਨਾ ਹੈ ਜਿਸ ਦੀ ਕੀਮਤ 1.51 ਲੱਖ ਦੱਸੀ ਗਈ ਹੈ। ਪ੍ਰਧਾਨ ਮੰਤਰੀ ਕੋਲ 1.10 ਕਰੋੜ ਦੀ ਅਵੱਲ ਸੰਪਤੀ ਹੈ ਜਿਸ ਵਿਚ ਗਾਂਧੀਨਗਰ (ਗੁਜਰਾਤ) ’ਚ ਇੱਕ ਰਿਹਾਇਸ਼ੀ ਪਲਾਟ ਹੈ। ਨਰਿੰਦਰ ਮੋਦੀ ਆਪਣੀ ਪਤਨੀ ਜਸ਼ੋਦਾਬੇਨ ਦੀ ਪਤਨੀ ਬਾਰੇ ਬੇਖ਼ਬਰ ਹਨ, ਉਨ੍ਹਾਂ ਖੁਦ ਲਿਖਿਆ ਹੈ ਕਿ ਉਨ੍ਹਾਂ ਨੂੰ ਪਤੀ ਦਾ ਸੰਪਤੀ ਦਾ ਪਤਾ ਨਹੀਂ ਹੈ। 

     

 

Wednesday, September 23, 2020

       ਕਿਸਾਨ ਲਹਿਰ   
   ਜਦੋਂ ਪਿੰਡ ਜਾਗ ਪੈਣ..!
        ਚਰਨਜੀਤ ਭੁੱਲਰ
ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ 'ਚ ਨੌਜਵਾਨਾਂ ਵੱਲੋਂ 'ਕਿਸਾਨ ਵਿੰਗ' ਬਣਾਉਣਾ ਨਵੀਂ ਸਵੇਰ ਦਾ ਸੁਨੇਹਾ ਹੈ। ਬਨੇਰਿਆਂ 'ਤੇ ਲਹਿਰਾ ਰਹੇ ਝੰਡੇ ਪਿੰਡਾਂ ਦੇ ਖੌਲ ਰਹੇ ਖੂਨ ਦਾ ਪ੍ਰਤੀਕ ਹਨ। ਕਿਸਾਨ ਧਿਰਾਂ ਕੋਲ ਬੈਜਾਂ ਦੀ ਮੰਗ ਪੂਰੀ ਨਾ ਹੋਣਾ ਕਿਸਾਨੀ ਰੋਹ ਦੀ ਡੂੰਘਾਈ ਦਾ ਪ੍ਰਮਾਣ ਹੈ। ਨਵੇਂ ਖੇਤੀ ਬਿੱਲਾਂ ਨੇ ਪਿੰਡਾਂ ਨੂੰ ਸੰਘਰਸ਼ੀ ਮੋੜਾ ਦੇ ਦਿੱਤਾ ਹੈ। ਅੰਮ੍ਰਿਤਸਰ ਦੇ ਪਿੰਡ ਚੱਬਾ 'ਚ ਦਿਨ ਰਾਤ ਕਿਸਾਨੀ ਲਹਿਰ ਦੇ ਝੰਡੇ ਬਣ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦਾ ਪੂਰਾ ਪਰਿਵਾਰ 15 ਦਿਨਾਂ ਤੋਂ ਕਿਸਾਨੀ ਝੰਡੇ ਬਣਾਉਣ ਵਿਚ ਜੁਟਿਆ ਹੋਇਆ ਹੈ। ਕਿਸਾਨ ਆਗੂ ਚੱਬਾ ਦੱਸਦਾ ਹੈ ਕਿ ਪਿੰਡਾਂ 'ਚ ਝੰਡਿਆਂ ਦੀ ਮੰਗ ਤੇਜੀ ਨਾਲ ਵਧੀ ਹੈ, ਜਿਸ ਕਰਕੇ ਚਾਰ ਔਰਤਾਂ ਦਿਨ-ਰਾਤ ਝੰਡੇ ਬਣਾ ਰਹੀਆਂ ਹਨ। ਇੱਕ ਹਜ਼ਾਰ ਬੈਜ ਹੁਣ ਆਰਡਰ ਕੀਤਾ ਹੈ। ਦੋਆਬੇ ਤੇ ਮਾਝੇ ਦੇ 200 ਪਿੰਡਾਂ ਵਿਚ ਨਵੀਆਂ ਆਪ ਮੁਹਾਰੇ ਕਿਸਾਨ ਇਕਾਈਆਂ ਬਣ ਗਈਆਂ ਹਨ, ਜਿਸ 'ਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ।
           ਮੁਕਤਸਰ ਦੇ ਪਿੰਡ ਦੋਦਾ ਦਾ ਨੌਜਵਾਨ ਕਿਸਾਨ ਜਗਮੀਤ ਸਿੰਘ ਆਖਦਾ ਹੈ ਕਿ ਖੇਤੀ ਬਿੱਲਾਂ ਨੇ ਤਾਂ ਸੁੱਤੀ ਕਿਸਾਨੀ ਜਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਆੜ੍ਹਤੀਏ ਵੀ ਆਖਣ ਲੱਗੇ ਹਨ ਕਿ ਕਿਸਾਨ ਧਿਰਾਂ ਬਿਨਾਂ ਗੁਜ਼ਾਰਾ ਨਹੀਂ। ਵੇਰਵਿਆਂ ਅਨੁਸਾਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡੋਂ ਪਿੰਡ ਨਾਅਰੇ ਗੂੰਜਣ ਲੱਗੇ ਹਨ। ਬਰਨਾਲਾ ਦੇ ਪਿੰਡ ਉਪਲੀ ਦੇ ਕਿਸਾਨ ਰਸਵੀਰ ਸਿੰਘ ਦਾ ਕਹਿਣਾ ਸੀ ਕਿ ਕਿਸਾਨੀ ਤਾਂ ਇੱਕਦਮ 'ਕਰੋ ਜਾਂ ਮਰੋ' ਦੇ ਰੌਂਅ ਵਿਚ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਖੇਤੀ ਬਿੱਲਾਂ  ਮਗਰੋਂ  ਕਿਸਾਨੀ ਸੰਘਰਸ਼ ਦੌਰਾਨ ਉਹ 24 ਹਜ਼ਾਰ ਝੰਡੇ ਅਤੇ 48 ਹਜ਼ਾਰ ਜੇਬੀ ਬੈਜ ਵੰਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਮੰਗ ਵਧ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਹੋਰ 50 ਹਜ਼ਾਰ ਬੈਜ ਅਤੇ 30 ਹਜ਼ਾਰ ਝੰਡੇ ਤਿਆਰ ਕਰਾਉਣ ਦਾ ਆਰਡਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਹਿਲਾਂ 80 ਪਿੰਡਾਂ 'ਚੋਂ ਕਿਸਾਨ ਸੰਘਰਸ਼ਾਂ 'ਚ ਆਉਂਦੇ ਸਨ, ਜਦੋਂ ਕਿ ਹੁਣ ਸਵਾ ਸੌ ਪਿੰਡ ਸਰਗਰਮ ਹੋਏ ਹਨ।
             ਸੰਗਰੂਰ ਜ਼ਿਲ੍ਹੇ ਦੀ ਚੀਮਾ ਮੰਡੀ 'ਚ ਕਿਸਾਨ ਮੀਟਿੰਗ ਦੌਰਾਨ ਹੀ ਤਿੰਨ ਲੱਖ ਦੇ ਝੰਡੇ ਅਤੇ ਬੈਜ ਕਿਸਾਨਾਂ ਨੇ ਲੈ ਲਏ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਮਹਿਰਾਜ 'ਚ ਪਹਿਲਾਂ ਕਿਸੇ ਧਿਰ ਦੀ ਪਿੰਡ ਇਕਾਈ ਨਹੀਂ ਸੀ ਜਦੋਂ ਕਿ ਹੁਣ 40 ਨੌਜਵਾਨਾਂ ਨੇ ਆਪ ਮੁਹਾਰੇ ਇਕਾਈ ਖੜ੍ਹੀ ਕਰ ਰਹੀ ਹੈ ਅਤੇ 75 ਝੰਡੇ ਮਹਿਰਾਜ 'ਚ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ ਵਿਚ ਕਿਸਾਨ ਵਿੰਗ ਖੜ੍ਹੇ ਹੋ ਗਏ ਹਨ।ਪਿੰਡ ਬਾਦਲ ਦੇ ਕਿਸਾਨ ਵੀ ਸੰਘਰਸ਼ ਵਿਚ ਕੁੱਦੇ ਹਨ। ਕਿਸਾਨ ਮੋਰਚੇ ਦੌਰਾਨ ਇੱਕ ਕਿਸਾਨ ਨੇ ਦੋ ਦਿਨ ਨਿੰਬੂ ਪਾਣੀ ਅਤੇ ਇੱਕ ਦਿਨ ਚਾਹ ਦਾ ਲੰਗਰ ਲਾਇਆ। ਇੰਝ ਜਾਪਦਾ ਹੈ ਕਿ ਜਿਵੇਂ ਖੇਤੀ ਬਿੱਲ ਕਿਸਾਨ ਪਰਿਵਾਰਾਂ ਦੇ ਹਰ ਨਿਆਣੇ-ਸਿਆਣੇ ਲਈ ਜ਼ਿੰਦਗੀ ਮੌਤ ਦਾ ਸਵਾਲ ਹੋਣ।ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਹਫਤੇ ਪੰਜ ਹਜ਼ਾਰ ਝੰਡੇ ਬਣਵਾਏ ਗਏ ਸਨ, ਜੋ ਖ਼ਤਮ ਹੋ ਚੁੱਕੇ ਹਨ ਅਤੇ ਹੁਣ 3500 ਝੰਡਿਆਂ ਅਤੇ 3500 ਬੈਜਾਂ ਦਾ ਨਵਾਂ ਆਰਡਰ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ 'ਚ ਸੂਝ ਵਧੀ ਹੈ। ਬੀਤੇ ਦਿਨ ਪਿੰਡ ਕਰਾੜਵਾਲਾ 'ਚ ਨੌਜਵਾਨਾਂ ਨੇ ਖੁਦ ਇਕੱਠੇ ਹੋ ਕੇ 'ਪਿੰਡ ਇਕਾਈ' ਦਾ ਗਠਨ ਕਰ ਲਿਆ ਹੈ।
            ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ 'ਚ ਕਿਸਾਨੀ ਲਹਿਰ ਨੂੰ ਚੰਗਾ ਹੁਲਾਰਾ ਮਿਲਿਆ ਹੈ। ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭੜੀ ਪਨੈਜਾ 'ਚ ਕਦੇ ਵੀ ਕਿਸਾਨੀ ਲਹਿਰ ਦੀ ਹਵਾ ਨਹੀਂ ਰੁਮਕੀ ਸੀ ਪਰ ਹੁਣ ਇਸ ਪਿੰਡ 'ਚੋਂ ਸੰਘਰਸ਼ਾਂ 'ਚ ਬੱਸਾਂ ਭਰ ਕੇ ਗਈਆਂ ਹਨ। ਜ਼ਿਲ੍ਹੇ ਦੇ ਪਿੰਡ ਹਰੀਪੁਰ ਦੇ ਕਿਸਾਨ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਖੇਤੀ ਬਿੱਲਾਂ ਨੇ ਕਿਸਾਨੀ ਪਰਿਵਾਰਾਂ 'ਚ ਫਿਕਰ ਖੜ੍ਹੇ ਕੀਤੇ ਹਨ। ਹੁਸ਼ਿਆਰਪੁਰ 'ਚ ਗੰਨਾ ਕਾਸ਼ਤਕਾਰਾਂ ਦੇ ਹੱਕਾਂ ਲਈ ਲੜ ਰਹੇ ਕਿਸਾਨ ਆਗੂ ਸਤਿਨਾਮ ਸਿੰਘ ਫਗਵਾੜਾ ਨੇ ਕਿਹਾ ਕਿ ਨੌਜਵਾਨਾਂ ਦੇ ਸੰਘਰਸ਼ 'ਚ ਕੁੱਦਣ ਨਾਲ ਕਿਸਾਨ ਲਹਿਰ ਬਣ ਗਈ ਹੈ। ਦੇਖਿਆ ਗਿਆ ਕਿ ਪਿੰਡੋਂ ਪਿੰਡ ਹੁਣ ਦਿਨ ਰਾਤ ਖੇਤੀ ਬਿੱਲਾਂ 'ਤੇ ਹੀ ਚਰਚੇ ਛਿੜੇ ਹੋਏ ਹਨ ਅਤੇ ਕਿਸਾਨ ਪਰਿਵਾਰ ਇਸ ਤੋਂ ਕਾਫ਼ੀ ਫਿਕਰਮੰਦ ਵੀ ਹਨ।
                      ਸੰਘਰਸ਼ 'ਚ ਗੂੰਜਣਗੇ ਭਗਤ ਸਿੰਘ ਦੇ ਬੋਲ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਇਸ ਵਾਰ ਕਿਸਾਨੀ ਸੰਘਰਸ਼ ਦੌਰਾਨ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਤਾਂ 28 ਸਤੰਬਰ ਤੋਂ ਇਲਾਵਾ 29 ਅਤੇ 30 ਸਤੰਬਰ ਤੱਕ ਤਿੰਨ ਦਿਨ ਪਿੰਡੋਂ-ਪਿੰਡ ਜਾ ਕੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਸੁਫਨਿਆਂ ਤੋਂ ਜਾਣੂ ਕਰਾਉਣ ਦੀ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਕਿਸਾਨ ਇਕੱਠਾਂ 'ਚ ਭਗਤ ਸਿੰਘ ਤਸਵੀਰਾਂ ਨੂੰ ਲਿਜਾਇਆ ਜਾਵੇਗਾ।

Sunday, September 20, 2020

                                 


                        ਵਿਚਲੀ ਗੱਲ

              ਅਸੀਂ ਖੇਤਾਂ ਦੇ ਡਰਨੇ ਨਹੀਂ..!
                           ਚਰਨਜੀਤ ਭੁੱਲਰ

ਚੰਡੀਗੜ੍ਹ : ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਜ਼ਰੂਰ ਮਲੱਠੀ ਖਾਧੀ ਹੋਊ। ਸੰਸਦ ’ਚ ਏਨੀ ਗੜ੍ਹਕ ਨਾਲ ਬੋਲੇ, ਸਪੀਕਰ ਓਮ ਬਿਰਲਾ ਨੂੰ ਪਿੱਸੂ ਪੈ ਗਏ। ਖੇਤੀ ਕਾਨੂੰਨ ਬਣਨ ਲੱਗੇ, ਸੁਖਬੀਰ ਤੋਂ ਝੱਲ ਨਾ ਹੋਏ। ਭਰੀ ਪੰਚਾਇਤ ’ਚ ਦੁੱਖ ਛਲਕੇ। ਸਪੀਕਰ ਸਾਹਬ! ‘ਮੈਂ ਕਿਸਾਨ ਹਾਂ।’ ਭਗਵੰਤ ਮਾਨ ਨੇ ਹੂੰਗਰ ਮਾਰੀ, ‘ਅੱਛਾ ਜੀ!’ ਸੁਖਬੀਰ ਜੀ ਦਾ ਗੱਚ ਭਰਿਆ, ਧੁਰ ਅੰਦਰੋਂ ਕੁਰਲਾਏ, ‘ਅਸਾਂ ਨੂੰ ਬਿੱਲ ਮਨਜ਼ੂਰ ਨਹੀਂ।’ ਹੰਝੂਆਂ ਦੀ ਝੜੀ ਲੱਗੀ, ਦਰਦਾਂ ਦਾ ਦਰਿਆ ਵਗਿਆ। ਏਹ ਹੁੰਦੀ ਐ ਕੁਰਬਾਨੀ।‘ਸਾਰਾ ਜਾਂਦਾ ਵੇਖੀਏ, ਅੱਧਾ ਦੇਈਏ ਵੰਡ।’ ਹਰਸਿਮਰਤ ਬਾਦਲ ਬੋਲੇ, ਏਨਾ ਨੇਹਰ ਖਾਤਾ, ਆਹ ਚੱਕੋ ਅਸਤੀਫ਼ਾ। ਫਿਰ ਧਿਆਨ ਧਰ ਬੋਲੇ, ‘ਕਿਸਾਨਾਂ ਦੀ ਧੀ-ਭੈਣ ਹੋਣ ਦਾ ਫਖ਼ਰ ਹੈ।’ ਜੈਕਾਰੇ ਗੂੰਜਣੋ ਨਾ ਹਟਣ। ਅਸਤੀਫ਼ਾ ਪ੍ਰਵਾਨ ਚੜ੍ਹ ਗਿਆ। ਵਿਰੋਧੀ ਖਿੱਲ ਵਾਂਗੂ ਭੁੱਜ ਗਏ। ਅਖੇ! ਜਥੇਦਾਰ ਦੇਰ ਤਾਂ ਆਏ, ਦਰੁਸਤ ਨਹੀਂ ਆਏ। ਪੰਥ ਦੋਖੀ ਜੋ ਮਰਜ਼ੀ ਚੋਭਾ ਮਾਰਨ, ਜਥੇਦਾਰ ਬਾਦਲ ਨੇ ਕਰਤੀ ਕਮਾਲ। ਅੌਹ ਨਵਾਂ ਪੋਸਟਰ ਦੇਖੋ, ‘ਇੱਕੋ ਨਾਅਰਾ, ਕਿਸਾਨ ਪਿਆਰਾ’।ਨਰੇਂਦਰ ਭਾਈ! ਬਾਦਲਾਂ ਨੇ ਏਨੀ ‘ਸ਼ਰਾਫ਼ਤ’ ਦਿਖਾਈ, ਤੁਸੀਂ ਕਦਰ ਨਹੀਂ ਪਾਈ। ਭਾਈ! ਤੁਸੀਂ ਧਾਰਾ 370 ਤੋੜੀ, ਦੱਸੋ, ਅਕਾਲੀ ਚੂੰ ਕੀਤੇ। ਨਾਗਰਿਕਤਾ ਬਿੱਲ ਲਿਆਏ, ਥੋਡਾ ਮੁਲਾਹਜ਼ਾ ਪੂਰ ਦਿੱਤਾ। ਤੁਸਾਂ ਨੇ ਸੰਘੀ ਢਾਂਚਾ ਪਿੰਜਿਆ, ਬਾਦਲਾਂ ਨੇ ਕੌੜਾ ਘੁੱਟ ਭਰਿਆ। ਖੇਤੀ ਕਾਨੂੰਨ...ਬੱਸ ਹੁਣ ਹੋਰ ਨਹੀਂ। ਇੱਧਰ, ਅਮਰਿੰਦਰ ਸਿੰਘ ਨੂੰ ਨੀਂਦ ਕਿੱਥੇ। ਕਿਸਾਨ ਰੁਲੇ, ਮਹਾਰਾਜਾ ਸੌਂਵੇ, ਕਿਵੇਂ ਹੋ ਸਕਦੈ। ਕਰੋਨਾ ਦੌਰ ’ਚ ਖੁਦ ਗਵਰਨਰ ਨੂੰ ਮੈਮੋਰੰਡਮ ਦੇਣ ਗਏ। ਦਿੱਲੀ ਮੁਜ਼ਾਹਰੇ ’ਚ ਵੀ ਜਾਣਗੇ। ਜਪਾਨੀ ਪੁੱਛਦੇ ਨੇ...‘ਹਵਾ ਨੂੰ ਬਾਂਸਾਂ ਨਾਲ ਕਿਵੇਂ ਰੋਕੋਗੇ।’ ਕੇਜਰੀਵਾਲ ਆਖਦੈ, ਅਗਲੀ ਚੋਣ ’ਚ ਦੱਸਾਂਗੇ। ਪੰਜਾਬੀਓ! ਨਵਾਂ ਤਮਾਸ਼ਾ ਦੇਖਿਓ। ‘ਕੁਰਬਾਨੀ’ ਵਾਲਾ ਰਾਗ ਮਨ ਚਿੱਤ ਲਾ ਸੁਣਿਓ। ਕੌਣ ਗ਼ੱਦਾਰ ਤੇ ਕੌਣ ਸ਼ਹੀਦ। ਫ਼ੈਸਲੇ ਦੀ ਘੜੀ ਐ।

                ਨਾਲੇ ਲਾਲਾ ਬਾਂਕੇ ਦਿਆਲ ਨੂੰ ਵੀ ਸੁਣੋ। ‘ਬਣ ਗਏ ਨੇ ਤੇਰੇ ਲੀਡਰ, ਰਾਜੇ ਤੇ ਖਾਨ ਬਹਾਦਰ/ਤੈਨੂੰ ਫਸਾਉਣ ਖ਼ਾਤਰ, ਵਿਛਦੇ ਪਏ ਜਾਲ ਓਏ... ਪਗੜੀ ਸੰਭਾਲ ਜੱਟਾ..!’ ਮਨੌਤ ਹੈ ਕਿ ਧਰਤੀ ਬਲਦ ਦੇ ਸਿੰਗਾਂ ’ਤੇ ਟਿਕੀ ਹੈ। ਧਰਤ ਦਾ ਸਾਰਾ ਬੋਝ ਦੋ ਸਿੰਗਾਂ ’ਤੇ ਹੈ। ਜਦੋਂ ਜ਼ੁਲਮਾਂ ਦੀ ਪੰਡ ਵਧੇ, ਧਰਤੀ ਦਾ ਤਵਾਜ਼ਨ ਡੋਲਦੈ। ਖੇਤਾਂ ਦਾ ਬੋਝ ਕਾਹਦਾ। ਕੇਂਦਰੀ ਫ਼ੈਸਲੇ ਧੂਹ ਪਾਉਂਦੇ ਨੇ, ਬਲਦ ’ਤੇ ਭਾਰ ਵਧਾਉਂਦੇ ਨੇ।  ਖੇਤੀ ਕਾਨੂੰਨ ਕਾਹਦੇ ਬਣੇ। ਧਰਤੀ ਹੇਠਲਾ ਬਲਦ ਦਮੋਂ ਨਿਕਲਐ। ਨਿਊ ਬਰੈਂਡ ‘ਕੁਰਬਾਨੀ’, ਕਾਂਗਰਸੀ ਵੀਰਾਂ ਦੇ ਖੇਖਣ, ਬੱਸ ਬਹਿ ਕੇ ਦੇਖਣਾ। ਪ੍ਰਧਾਨ ਮੰਤਰੀ ਦੇ ਕੰਨ ਹੱਸੇ। ਮਿੱਤਰੋ! ‘ਸੱਪ ਲੰਘ ਗਿਆ, ਹੁਣ ਕੁੱਟੋ ਲੀਕਾਂ।’ ਖੇਤ ਕਦੋਂ ਦੇ ਚੁਗੇ ਗਏ। ਅਕਾਲੀ-ਕਾਂਗਰਸੀ, ਚਿੜੀਆਂ ਭਾਲ ਰਹੇ ਨੇ। ਬਰਮਾ ਵਾਲੇ ਬਾਬੇ ਬੋਲੇ...‘ਹੜ੍ਹ ਪਿੱਛੋਂ ਡੈਮ ਕੌਣ ਬਣਾਉਦੈ।’ ਏਹ ਰਿਸ਼ਤਾ ਤਾਂ ਨਹੁੰ ਮਾਸ ਵਾਲੈ। ਕਿਸਾਨਾਂ ਦੇ ਸਭ ਨਹੁੰਆਂ ’ਚ ਨੇ। ਖੇਤੀ ਕਾਨੂੰਨ ਬਿਜਲੀ ਵਾਂਗੂ ਡਿੱਗੇ। ਅੱਕਾਂਵਾਲੀ ਦਾ ਪ੍ਰੀਤਮ ਸਿਓਂ ਪਹਿਲਾ ‘ਖੇਤੀ ਸ਼ਹੀਦ’ ਬਣ ਗਿਆ। ਖੇਤ ਬੰਨੇ ਮਾਯੂਸ ਹਨ। ਜਿਣਸਾਂ ਨੂੰ ਮਿਰਗੀ ਦਾ ਦੌਰਾ ਪਿਐ। ਹੱਥਾਂ ਦੇ ਛਾਲੇ, ਪੈਰਾਂ ਦੀ ਬਿਆਈ, ਉਪਰੋਂ ਭੁੱਖ ਦਾ ਪਹਿਰਾ। ਫਿਰ ਢਿੱਡ ਨੂੰ ਗੰਢ ਦੇਣੀ ਸੌਖੀ ਨਹੀਂ। ਦੇਸ਼ ਦੇ 191 ਸੰਸਦ ਮੈਂਬਰ। ਆਪਣੇ ਆਪ ਨੂੰ ਖੇਤਾਂ ਦੇ ਪੁੱਤ ਦੱਸਦੇ ਨੇ। ਜਦੋਂ ਖੇਤੀ ਬਿੱਲ ਆਇਆ, ਕੰਨਾਂ ’ਚ ਕੌੜਾ ਤੇਲ ਪਾ ਬੈਠੇ। ਸੁਖਬੀਰ ਦੇ ਬੋਲ ਮੁੜ ਗੂੰਜੇ ਨੇ, ‘ਮੈਂ ਕਿਸਾਨ ਹਾਂ।’

               ਬਾਦਲ ਪਿੰਡ ਦਰਾਂ ਅੱਗੇ ਬੈਠੇ ਨੇ, ਉਹ ਕੌਣ ਨੇ? ਕੀ ਮੰਗਦੇ ਨੇ? ਕਿਸਾਨ ਸੁਖਬੀਰ ਸਿੰਘ ਬਾਦਲ ਦੇ ਤਿੰਨ ਰਾਜਾਂ ’ਚ ਖੇਤ ਹਨ। ਖੇਤਾਂ ਦੀ ਕੀਮਤ ਐ 49.97 ਕਰੋੜ। ਦੇਖਦੇ ਜਾਇਓ, ਜਿਵੇਂ ਕੁਰਸੀ ਛੱਡ ਆਏ, ਉਵੇਂ ਸਬਸਿਡੀ ਵੀ ਛੱਡਣਗੇ। ਤਿੰਨੋਂ ਖੇਤੀ ਮੋਟਰਾਂ ਵਾਲੀ। ਕਿਸਾਨਾਂ ਖਾਤਰ ਤਾਂ ਅਮਰਿੰਦਰ ਨੇ ਫਾਰਮ ਹਾਊਸ ਛੱਡਿਐ... ਗੁੱਸੇ ’ਚ ਜਾਪਦੇ ਨੇ। ਲਲਕਾਰਾ ਮਾਰਿਐ, ‘ਕਿਸਾਨ ਭਰਾਵੋ, ਦਿੱਲੀ ਵੱਲ ਚੱਲੋ, ਮੈਂ ਨਾਲ ਚੱਲੂ ਥੋਡੇ।’  ਪੰਜਾਬ ਦੀਆਂ ਸੜਕਾਂ। ਸੜਕਾਂ ’ਤੇ ਬੈਠੀਆਂ ਬੀਬੀਆਂ। ਇਨ੍ਹਾਂ ਬੀਬੀਆਂ ਨਾਲ ਵਟਾਈਆਂ ਚੁੰਨੀਆਂ। ਚੁੰਨੀਆਂ ਦਾ ਮੁੱਲ, ਭੈਣ ਹਰਸਿਮਰਤ ਨੇ ਮੋੜਿਐ। ਕੁਰਸੀ ਤਿਆਗ ਆਏ ਨੇ। ਸਕੇ ਭਰਾਵਾਂ ਨੇ ਏਸ ਭੈਣ ਨੂੰ 30 ਏਕੜ ਜ਼ਮੀਨ ਤੋਹਫ਼ੇ ’ਚ ਦਿੱਤੀ। ਭਾਵੇਂ ਭੈਣ ਕੋਲ 7.03 ਕਰੋੜ ਦੇ ਗਹਿਣੇ ਨੇ। ਮਜ਼ਾਲ ਐ, ਕਦੇ ਮਾਣ ਕਰ ਜਾਣ। ਸੜਕਾਂ ’ਤੇ ਬੈਠੀਓ ਭੈਣੋ, ਸੱਚ ਜਾਣਿਓ, ਤੱਤੀ ਵਾਅ ਨਹੀਂ ਲੱਗਣ ਦੇਣਗੇ, ਥੋਡੇ ਆਪਣੇ ਨੇਤਾ ਨੇ। ਅਮਰਿੰਦਰ ਸਿੰਘ ਨੇ ਪ੍ਰਣ ਕੀਤੈ, ਸਮੁੱਚਾ ਕਰਜ਼ਾ ਮੁਆਫ਼ ਕਰਕੇ ਕਿਸਾਨਾਂ ਦੇ ਮੱਥੇ ਲੱਗੂ। ਘਰ-ਘਰ ਨੌਕਰੀ ਦਾ ਸੁਪਨਾ ਸੱਚ ਕਰਨਗੇ। ‘ਈਦ ਪਿੱਛੋਂ ਤੰਬੇ ਦਾ ਕੀ ਕੰਮ’। ਭੁਪਿੰਦਰ ਬਰਗਾੜੀ ਬਿਨਾਂ ਮੰਗੀ ਸਲਾਹ ਦਿੰਦੈ। ‘ਕਿਸਾਨ ਭਰਾਵੋ...ਫ਼ੈਸਲਾ ਥੋਡੇ ਹੱਥ, ’ਡੱਬਾ ਚੁੱਕ ਕੇ ਅਡਾਨੀ ਦੇ ਖੇਤ ਜਾਣੈ, ਜਾਂ ਕਿਸਾਨ ਅੰਦੋਲਨਾਂ ’ਚ ਕੁੱਦਣੈ।’ ਉਹ ਦਿਨ ਦੂਰ ਨਹੀਂ, ਅੰਬਾਨੀ-ਅਡਾਨੀ ਅੰਤਿਮ ਰਸਮਾਂ ਨਿਭਾਉਣਗੇ। ਖੇਤਾਂ ਦੇ ਫੁੱਲ ਕਿਤੇ ਮਰਜ਼ੀ ਪਾ ਆਇਓ। ਹਰਿਦੁਆਰ, ਚਾਹੇ ਕੀਰਤਪੁਰ। ਪਿੰਡ-ਪਿੰਡ ਲੇਬਰ ਚੌਕ ਬਣਨਗੇ। ਸਪੇਨੀ ਆਖਦੇ ਨੇ, ਮੱਛੀ ਫੜਨੀ ਹੋਵੇ, ਫਿਰ ਗਿੱਲੇ ਹੋਣ ਤੋਂ ਨਹੀਂ ਡਰਦੇ।

                ਕਿਸਾਨ ਮੰਡਾਸੇ ਬੰਨ੍ਹ ਨਿਕਲੇ ਨੇ। ਪੌਂਚੇ ਚੁੱਕੇ ਹੋਏ ਨੇ। ਡੁੱਬਦਾ ਬੰਦਾ ਮੀਂਹ ਦੀ ਪ੍ਰਵਾਹ ਨਹੀਂ ਕਰਦਾ। ਕਿਸਾਨੀ ਦੇ ਨਾਲ ਜਵਾਨੀ, ਅੱਗੇ ਲੱਗ ਤੁਰੀ ਐ। ਮਹਿਲਾਂ ਵਾਲੇ ਐਵੇਂ ਨਹੀਂ ਕੰਬੇ। ਸੰਘਰਸ਼ੀ ਨਾਗ ਨੇ ਫੁੰਕਾਰੇ ਮਾਰੇ ਨੇ। ਸੰਤ ਰਾਮ ਉਦਾਸੀ ਦੀ ਹਾਜ਼ਰੀ ਵੀ ਕਬੂਲ ਕਰੋ...‘ਜਿਤਨੇ ਛੋਟੇ ਖੰਭ ਨੇ ਤੇਰੇ, ਉਤਨੇ ਤੇਰੇ ਪੰਧ ਲਮੇਰੇ/ਤੇਰੀਆਂ ਰਾਹਾਂ ’ਚ ਫੰਦਕ ਨੇ, ਕੀਤਾ ਗਰਦ ਗੁਬਾਰ, ਪੰਛੀਆ! ਨਵੀਂ ਉਡਾਰੀ ਮਾਰ। ਮੁਨਸ਼ੀ ਪ੍ਰੇਮ ਚੰਦ ਦਾ ਨਾਵਲ ‘ਗੋਦਾਨ’। ਜਗੀਰਦਾਰੀ ਤਖ਼ਤੇ ਦੀ ਚੂਲ ’ਚ ਫਸੇ ਕਿਸਾਨ ਹੋਰੀ ਦਾ ਬਿਰਤਾਂਤ ਹੈ। ਸੱਤਾ ਨਹੀਂ ਮੰਗਦਾ ਹੋਰੀ, ਬੱਸ! ਇੱਜ਼ਤ ਦੀ ਜ਼ਿੰਦਗੀ ਭਾਲਦੈ, ਜੋ ਉਸ ਦਾ ਭਾਗ ਨਹੀਂ ਬਣਦੀ। ਨੋਬਲ ਇਨਾਮ ਜੇਤੂ ਅਮਰੀਕੀ ਲੇਖਿਕਾ ਪਰਲ ਬੱਕ ਦਾ ਨਾਵਲ ‘ਖ਼ਰੀ ਜ਼ਮੀਨ’ (ਦਿ ਗੁੱਡ ਅਰਥ) ਚੀਨੀ ਕਿਸਾਨ ਵੈਂਗ ਦੀ ਪੀੜਾ ਹੈ। ਵੈਂਗ ਆਖਦਾ ਹੈ... ‘ਏਹ ਖੇਤ ਮੇਰੀ ਮਾਂ ਨੇ ਜਿਨ੍ਹਾਂ ਸਾਨੂੰ ਬੁੱਕਲ ’ਚ ਪਾਲਿਐ। ਭੁੱਖ-ਤ੍ਰੇਹ ਨਾਲ ਮਰਨਾ ਪ੍ਰਵਾਨ, ਪਰ ਮੈਂ ਆਪਣੀ ਮਾਂ ਨਹੀਂ ਵੇਚਾਂਗਾ।’ ਅੰਦੋਲਨਾਂ ’ਚ ਜੋ ਕਿਸਾਨ ਕੂਕ ਰਹੇ ਨੇ। ਉਨ੍ਹਾਂ ’ਚੋਂ ਪਰਲ ਬੱਕ ਦੇ ਵੈਂਗ ਅਤੇ ਕਿਤੇ ਮੁਨਸ਼ੀ ਪ੍ਰੇਮ ਚੰਦ ਹੋਰੀ ਦਾ ਝਓਲਾ ਪੈਂਦੇ। ‘ਪੰਜਾਬ ਬੰਦ’ ਵੀ ਹੋਣਾ ਹੈ। ਸਿੱਧਾ ਆਢਾ ਲਾਉਣਗੇ। ਅਮਿਤ ਸ਼ਾਹ ਨੂੰ ਤਾਹੀਓਂ ਹਿਚਕੀ ਲੱਗੀ ਐ। ‘ਹੱਥ ਸੋਚ ਕੇ ਗੰਦਲ ਨੂੰ ਪਾਈ..!’ ਜ਼ਮੀਨਾਂ ’ਚ ਕੋਈ ਅਡਾਨੀ ਵੜ ਕੇ ਤਾਂ ਦਿਖਾਵੇ। ਇਹੋ ਦਿਲਾਂ ਦੀ ਹੂਕ ਐ। ਪੰਜਾਬ ਵੱਟੋ-ਵੱਟ ਪਿਐ। ਨਵੀਂ ਲੀਕ ਕਿਸਾਨ ਖਿੱਚ ਰਹੇ ਨੇ। ਜਿਹੜੀ ਲੀਕ ਕਦੇ ਦੁੱਲੇ ਭੱਟੀ ਨੇ ਖਿੱਚੀ ਸੀ।

              ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਦ ਹਥੇਲੀ ’ਤੇ ਰੱਖ ਵੱਡੀ ਲਕੀਰ ਵਾਹੀ। ਵਾਹੀਕਾਰਾਂ ਨੂੰ ਮਾਲਕ ਬਣਾਤਾ। ਲੀਕਾਂ ਖਿੱਚਣ ਕਦੇ ਚਾਚਾ ਅਜੀਤ ਸਿੰਘ ਤੁਰੇ। ਕਦੇ ਤੇਜਾ ਸਿੰਘ ਸੁਤੰਤਰ ਜਿਨ੍ਹਾਂ ‘ਲਾਲ ਪਾਰਟੀ’ ਬਣਾਈ। ਅਜਮੇਰ ਅੌਲਖ ਮੁਜ਼ਾਰਾ ਪਰਿਵਾਰ ’ਚੋਂ ਸੀ। ਜ਼ਿੰਦਗੀ ਭਰ ਕਿਸਾਨਾਂ ਦੇ ਦੁੱਖ ਰੋਂਦਾ ਮਰ ਗਿਆ। ‘ਵਿੰਗੀ ਲੱਕੜ ਨੂੰ ਅੱਗ ਹੀ ਸਿੱਧੀ ਕਰਦੀ ਐ’। ਕਿਤੇ ਇਹ ਲੱਕੜ ਥੰਮ੍ਹੀ ਬਣਦੀ। ਸੜਕਾਂ ’ਤੇ ਕਿਸਾਨਾਂ ਦੇ ਦਰਦ ਨਾ ਵਹਿੰਦੇ।ਕੇਰਾਂ ਅਮਰਿੰਦਰ ਨੇ ਸੱਦਾ ਦਿੱਤਾ। ਵਿਧਾਇਕ ’ਤੇ ਮੰਤਰੀ ਕਿਸਾਨੀ ਖਾਤਰ ਖੇਤੀ ਸਬਸਿਡੀ ਛੱਡਣ। 117 ’ਚੋਂ ਕੇਵਲ ਦੋ ਵਜ਼ੀਰਾਂ ਨੇ ਸਬਸਿਡੀ ਛੱਡੀ। ਖ਼ਜ਼ਾਨਾ ਤਾਂ ਕੋਈ ਕਸਰ ਨਹੀਂ ਛੱਡਦਾ, ਵਿਧਾਇਕਾਂ ਦਾ ਸਾਲਾਨਾ 11 ਕਰੋੜ ਆਮਦਨ ਕਰ ਭਰਦੈ। ’ਕੱਲਾ ਕੁਲਜੀਤ ਨਾਗਰਾ ਜੇਬ ’ਚੋਂ ਆਮਦਨ ਕਰ ਭਰਦੈ। ਨਵਜੋਤ ਸਿੱਧੂ ਵੀ ਕੁਰਬਾਨੀ ਦੇ ਪੁੰਜ ਨੇ। ਗੁਰੂ ਨੇ ਅੌਹ ਵਗਾਹ ਮਾਰੀ ਵਜ਼ੀਰੀ। ਇੱਕ ਵਰ੍ਹੇ ਤੋਂ ਗਾਇਬ ਹੋਏ ਨੇ। ਕਿਤੇ ਬੱਚਿਆਂ ਵਾਂਗੂ ਜ਼ਿੱਦੀ ਨਾ ਬਣ ਜਾਣ...‘ਪਹਿਲਾਂ ਮੁੱਖ ਮੰਤਰੀ ਬਣਾਓ, ਫਿਰ ਦਿਆਂਗਾ ਦਰਸ਼ਨ।’ ਤੀਨ ਲੋਕ ਸੇ, ਮਥੁਰਾ ਨਿਆਰੀ। ਅੱਕੇ ਤੇ ਥੱਕੇ ਕਿਸਾਨ ਆਖਦੇ ਨੇ, ਬਥੇਰੀਆਂ ਰੈਲੀਆਂ ਦੇਖੀਆਂ। ਤਾੜੀਆਂ ਮਾਰ-ਮਾਰ ਹੱਥ ਥਕਾ ਬੈਠੇ ਹਾਂ, ਨਾਅਰੇ ਮਾਰ-ਮਾਰ ਸੰਘ ਸੁਕਾ ਬੈਠੇ ਹਾਂ। ਕਿਸਾਨ-ਮਜ਼ਦੂਰ ਹੁਣ ਬੁੱਝੀ ਬੈਠੇ ਨੇ। ਛੱਜੂ ਰਾਮ ਵੀ ਕਿਥੇ ਟਲਦੈ। ਜਣੇ-ਖਣੇ ਨੂੰ ਤਲੈਂਬੜ ਵੰਡੀ ਜਾਂਦੈ। ਵੈਸੇ ਭੁੱਖੇ ਅੱਗੇ ਕੋਈ ਰੋਟੀ ਸਖ਼ਤ ਨਹੀਂ ਹੁੰਦੀ। ਜਮਰੌਦ ਦਾ ਕਿਲਾ ਫ਼ਤਹਿ ਕਰਨਾ ਹੋਵੇ, ਫਿਰ ਅੰਦਰਲੇ ਨਲੂਏ ਜਾਗਦੇ ਨੇ। ਸਿਆਸੀ ਟੋਲਾ ਉਲਝਿਐ ਪਿਆ। ਚੀਚੀ ਨੂੰ ਖੂਨ ਲਾਇਐ..! ਕੁਰਬਾਨੀ-ਕੁਰਬਾਨੀ ਖੇਡਣ ਲਈ ਮੈਦਾਨ ’ਚ ਪਾਣੀ ਛਿੜਕ ਰਹੇ ਨੇ..!


 

Thursday, September 17, 2020

                          ਕਿਸਾਨ ਮੋਰਚਾ
             ਇੱਕੋ ਤੇਰਾ ਲੱਖ ਵਰਗਾ...
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਧਰਤੀ ‘ਤੇ ਵਰ੍ਹਿਆਂ ਮਗਰੋਂ ਸੰਘਰਸ਼ ਦਾ ਤੇਜ਼ ਤਪਸ਼ ਵਾਲਾ ਸੂਰਜ ਚੜ੍ਹਿਆ ਹੈ। ਖੇਤੀ ਆਰਡੀਨੈਂਸਾਂ ਨੇ ਜਾਗੋਮੀਟੀ ‘ਚ ਪਈ ਪੰਜਾਬ ਦੀ ਕਿਸਾਨੀ ਨੂੰ ਹਲੂਣ ਦਿੱਤਾ ਹੈ। ਸੰਘਰਸ਼ੀ ਅਖਾੜੇ ‘ਚ ਪਹਿਲੀ ਵਾਰ ਨਿੱਤਰੇ ਬਹੁਤੇ ਪਰਿਵਾਰਾਂ ਦੇ ਰੋਹ ਦੀ ਤੜ ਦੇਖਣ ਵਾਲੀ ਹੈ। ਪਿੰਡ ਬਾਦਲ ਅਤੇ ਪਟਿਆਲਾ ‘ਚ ਛੇ ਦਿਨਾ ਕਿਸਾਨ ਮੋਰਚਾ ਲੱਗਿਆ ਹੈ ਜਿਸ ਤੋਂ ਉੱਭਰੇ ਨਵੇਂ ਰੰਗ ਧਰਵਾਸਾ ਦੇਣ ਵਾਲੇ ਹਨ।ਪਟਿਆਲਾ ਮੋਰਚੇ ‘ਚ ਹਰੀਪੁਰ ਦਾ 75 ਵਰ੍ਹਿਆਂ ਦਾ ਬਜ਼ੁਰਗ ਪੁੱਜਿਆ, ਜਿਸ ਨੇ ਜੇਬ ‘ਚੋਂ ਇੱਕ ਹਜ਼ਾਰ ਰੁਪਏ ਕੱਢ ਕੇ ਮੋਰਚੇ ਨੂੰ ਫੰਡ ਦੇਣਾ ਚਾਹਿਆ। ਕਿਸਾਨ ਆਗੂ ਮਨਜੀਤ ਨਿਆਲ ਨੇ ਲੈਣ ਤੋਂ ਇਨਕਾਰ ਕੀਤਾ ਤਾਂ ਬਜ਼ੁਰਗ ਨੇ ਕਿਹਾ ਕਿ ਉਸ ਨੇ ਤਾਂ ਬੁਢਾਪਾ ਪੈਨਸ਼ਨ ਜੋੜ-ਜੋੜ ਕੇ ਚੰਦ ਛਿੱਲੜ ਰੱਖੇ ਸਨ, ਉਹੀ ਹੁਣ ਕਿਸਾਨੀ ਮੋਰਚੇ ਨੂੰ ਦੇਣਾ ਚਾਹੁੰਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਬਜ਼ੁਰਗੋ, ਨਹੀਂ ਮੰਨਦੇ ਤਾਂ ਇੱਕ ਰੁਪਈਆ ਦੇ ਦਿਓ..ਸਾਨੂੰ ਤਾਂ ਥੋਡਾ ਉਹੀ ਲੱਖ ਵਰਗਾ ਹੈ। ਪਿੰਡ ਕੋਠਾ ਗੁਰੂ (ਬਠਿੰਡਾ) ‘ਚ ਕਿਸਾਨ ਆਗੂ ਜਦੋਂ ਰਾਸ਼ਨ ਇਕੱਠਾ ਕਰ ਰਹੇ ਸਨ ਤਾਂ ਇਕ ਸਫ਼ਾਈ ਕਰਮਚਾਰੀ ਦੇਵਕਰਨ ਨੇ ਜੇਬ ‘ਚੋਂ ਦਸ ਰੁਪਏ ਦਾ ਨੋਟ ਕੱਢਿਆ ਤੇ ਕਿਸਾਨ ਆਗੂਆਂ ਨੂੰ ਭੇਟ ਕਰ ਦਿੱਤਾ। ਦੇਵਕਰਨ ਆਖਦਾ ਹੈ ਕਿ ਖੇਤ ਬਚਣਗੇ ਤਾਂ ਪਿੰਡ ਬਚਣਗੇ, ਪਿੰਡ ਰਸਦੇ ਰਹਿਣਗੇ ਤਾਂ ਉਨ੍ਹਾਂ ਦਾ ਪਰਿਵਾਰ ਪਲੇਗਾ।
                 ਪਿੰਡ ਬਾਦਲ ਦੇ ਮੋਰਚੇ ‘ਚ ਟਰਾਈਸਾਈਕਲ ‘ਤੇ ਇੱਕ ਅੰਗਹੀਣ ਪੁੱਜਿਆ ਜਿਸ ਨੇ ਡੰਡੇ ‘ਤੇ ਝੰਡੇ ਲਾਏ ਹੋਏ ਸਨ। ਦਸ ਰੁਪਏ ਦਾ ਨੋਟ ਲੈ ਕੇ ਪੰਡਾਲ ‘ਚ ਪਿੱਛੇ ਖੜ੍ਹਾ ਸੀ। ਆਖ ਰਿਹਾ ਸੀ ਕਿ ਮੇਰਾ ਇਹੋ ਤਿਲ-ਫੁਲ ਕਬੂਲ ਕਰੋ। ਜਦੋਂ ਜ਼ਿੰਦਗੀ ਮੌਤ ਦਾ ਸਵਾਲ ਬਣ ਜਾਵੇ ਤਾਂ ਖੇਤ ਜਾਗਦੇ ਹਨ ਅਤੇ ਪਿੰਡ ਉੱਠਦੇ ਹਨ।ਕਈ ਵਕੀਲਾਂ ਨੇ ਅੱਜ ਕਿਸਾਨਾਂ ਨੂੰ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਟਰਾਂਸਪੋਰਟ ਯੂਨੀਅਨ, ਤਰਕਸ਼ੀਲ ਤੇ ਦੋਧੀ ਵੀ ਪੂਰੀ ਤਰ੍ਹਾਂ ਕਿਸਾਨਾਂ ਨਾਲ ਡਟੇ ਹਨ। ਆਰਐੱਮਪੀ ਐਸੋਸੀਏਸ਼ਨ ਵੱਲੋਂ ਡਾਕਟਰੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਦੱਸਦੀ ਹੈ ਕਿ ਲੰਘੇ ਕੱਲ੍ਹ ਜਦੋਂ ਮੋਰਚਾ ਪਿੰਡ ਬਾਦਲ ਪੁੱਜਿਆ ਤਾਂ ਪਿੰਡ ਦੀਆਂ ਅੌਰਤਾਂ ਤੇ ਬੱਚਿਆਂ ਨੇ ਪਾਣੀ ਦੀ ਸੇਵਾ ਨਿਭਾਈ। ਕਈ ਅੌਰਤਾਂ ਅੱਜ ਮੋਰਚੇ ਵਾਲੇ ਲੰਗਰ ‘ਚ ਦੁੱਧ ਦੇਣ ਪੁੱਜ ਗਈਆਂ। ਮਾਨਸਾ ਦਾ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਦੱਸਦਾ ਹੈ ਕਿ ਪਿੰਡ ਤਾਮਕੋਟ ਅਤੇ ਜਵਾਹਰਕੇ ਦੇ ਕਈ ਆਗੂ ਸਿਆਸੀ ਧਿਰਾਂ ਤੋਂ ਟੁੱਟ ਕੇ ਕਿਸਾਨ ਧਿਰਾਂ ਦੇ ਮੈਂਬਰ ਬਣ ਗਏ ਹਨ। ਬਾਦਲ ਮੋਰਚੇ ‘ਚ ਅੱਜ ਨਿਰਮਲ ਸਿਵੀਆਂ ਗਾ ਰਿਹਾ ਸੀ..‘ਤੈਥੋਂ ਲੁੱਟ ਲਈਆਂ ਹਾੜ੍ਹੀਆਂ ਤੇ ਸੌਣੀਆਂ।‘ ਮੌੜ ਹਲਕੇ ਦਾ ਵੱਡਾ ਪਿੰਡ ਚਾਉਕੇ ਜਿੱਥੋਂ ਕਦੇ ਕਿਸਾਨੀ ਦੇ ਸੰਘਰਸ਼ਾਂ ਵਿੱਚ 30 ਤੋਂ ਜ਼ਿਆਦਾ ਕਿਸਾਨ ਨਹੀਂ ਤੁਰੇ ਸਨ, ਬਾਦਲ ਮੋਰਚੇ ‘ਚ ਇਸ ਪਿੰਡ ਤੋਂ ਛੇ ਵੱਡੀਆਂ ਬੱਸਾਂ ਭਰ ਕੇ ਪੁੱਜੀਆਂ ਹਨ ਜਿਨ੍ਹਾਂ ‘ਚ 50 ਫੀਸਦੀ ਨੌਜਵਾਨ ਸਨ।
              ਲੰਘੇ ਕੱਲ੍ਹ ਜਿੱਥੋਂ ਵੀ ਕਿਸਾਨ ਪੈਦਲ ਮਾਰਚ ਕਰਦੇ ਹੋਏ ਲੰਘੇ, ਸੜਕਾਂ ਨੇੜਲੀਆਂ ਖੇਤੀ ਮੋਟਰਾਂ ਕਿਸਾਨਾਂ ਨੇ ਚਲਾ ਦਿੱਤੀਆਂ ਤਾਂ ਜੋ ਸੰਘਰਸ਼ੀ ਲੋਕ ਪਾਣੀ ਪੀ ਸਕਣ।  ਕਿਸਾਨ ਆਗੂ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਲੰਬੀ ਹਲਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਖੁਦ ਮੋਰਚੇ ਵਿਚ ਆ ਕੇ ਪੇਸ਼ਕਸ਼ ਕਰ ਕੇ ਗਏ ਹਨ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕਿਸਾਨ ਇਕਾਈਆਂ ਬਣਾਈਆਂ ਜਾਣ। ਜਵਾਨੀ ਨੇ ਕਿਸਾਨ ਮੋਰਚੇ ‘ਚ ਨਵਾਂ ਹੁਲਾਰਾ ਭਰ ਦਿੱਤਾ ਹੈ। ਪਿੰਡਾਂ ‘ਚੋਂ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਪੁੱਜ ਰਹੀਆਂ ਹਨ। ਪਿੰਡ-ਪਿੰਡ ਲੰਗਰ ਬਣ ਰਹੇ ਹਨ। ਪਟਿਆਲਾ ਮੋਰਚੇ ‘ਚ ਬੈਠੇ ਪਿੰਡ ਗੱਜੂਮਾਜਰਾ ਦੇ ਬਜ਼ੁਰਗ ਗੁਰਦੇਵ ਸਿੰਘ ਦਾ ਰੋਹ ਦੇਖਣ ਵਾਲਾ ਸੀ। ਆਖਣ ਲੱਗਾ ਕਿ ਨਿੱਕੇ ਹੁੰਦਿਆਂ ਪਿਓ-ਦਾਦੇ ਨਾਲ ਲੱਗ ਕੇ ਹਲ ਚਲਾਏ, ਬੰਜਰ ਭੰਨੇ। ਨਾਲ ਹੀ ਆਖਿਆ ਕਿ ਕੇਂਦਰ ਦੀ ਅੜੀ ਵੀ ਭੰਨਾਗੇ। ਉਸ ਦਾ ਕਹਿਣਾ ਸੀ ਕਿ ਜਦੋਂ ਹਕੂਮਤ ਚੀੜ੍ਹਾਪਣ ਦਿਖਾਏ, ਉਦੋਂ ਘਰਾਂ ਵਿਚ ਬੈਠਣਾ ਗ਼ਲਤ ਹੈ। ਪਟਿਆਲਾ ਦੇ ਬਲਾਕ ਸਨੌਰ, ਘਨੌਰ ਅਤੇ ਭੁੱਨਰਹੇੜੀ ਦੇ ਪਿੰਡਾਂ ‘ਚੋਂ ਕਿਸਾਨ ਮੋਰਚੇ ਲਈ ਦੁੱਧ ਭੇਜਿਆ ਜਾ ਰਿਹਾ ਹੈ। ਸੱਚਮੁੱਚ ਕਿਸਾਨੀ ਸੰਘਰਸ਼ ‘ਚ ਉਤਰੀ ਜਵਾਨੀ ਨੇ ਇਸ ਰੋਹ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ ਹੈ।

Wednesday, September 16, 2020

                  ਖੇਤੀ ਆਰਡੀਨੈਂਸ 
   ਕੇਂਦਰ ਨੇ ਕਿਵੇਂ ਬੁਣਿਆ ਤਾਣਾ !
                    ਚਰਨਜੀਤ ਭੁੱਲਰ
ਚੰਡੀਗੜ੍ਹ : ਕੇਂਦਰ ਸਰਕਾਰ ਨੇ ਅੰਦਰਖਾਤੇ ਸੂਬਾ ਸਰਕਾਰਾਂ ਤੋਂ ‘ਐਗਰੀਕਲਚਰ ਪਰੋਡੂਸ ਮਾਰਕੀਟਿੰਗ ਕਮੇਟੀਜ਼ ਐਕਟ’ (ਏਪੀਐਸੀ ਐਕਟ) ’ਚ ਸੋਧਾਂ ਕਰਾ ਕੇ ਖੇਤੀ ਆਰਡੀਨੈਂਸਾਂ ਲਈ ਰਾਹ ਪੱਧਰਾ ਕਰ ਲਿਆ ਸੀ। ਇਨ੍ਹਾਂ ਸੋਧਾਂ ਨਾਲ ਮਾਰਕੀਟ ਸੁਧਾਰਾਂ ਦੇ ਸੱਤ ਪ੍ਰਮੁੱਖ ਨੁਕਤਿਆਂ ’ਤੇ ਕਰੀਬ 20 ਸੂਬਿਆਂ ਨੇ ਆਪੋ ਆਪਣੇ ਤਰੀਕੇ ਨਾਲ ਸਹਿਮਤੀ ਦਿੱਤੀ ਹੈ। ਕਈ ਸੂਬਿਆਂ ਨੇ ਇਸ ਸਬੰਧੀ ਰੂਲਜ਼ ਵੀ ਬਣਾਏ ਹਨ। ਖੇਤੀ ਮਾਹਿਰ ਆਖਦੇ ਹਨ ਕਿ ਸੂਬਿਆਂ ਵੱਲੋਂ ਸੋਧਾਂ ਕਰਨ ਮਗਰੋਂ ਖੇਤੀ ਆਰਡੀਨੈਂਸਾਂ ਦੀ ਬਹੁਤੀ ਲੋੜ ਨਹੀਂ ਰਹਿ ਜਾਂਦੀ ਹੈ।ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਲੰਘੇ ਕੱਲ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਤਰਫੋਂ ਖੇਤੀ ਆਰਡੀਨੈਂਸ ਤਿਆਰ ਕਰਨ ਵੇਲੇ ਸੂਬਾ ਸਰਕਾਰਾਂ ਨਾਲ 21 ਮਈ 2020 ਨੂੰ ਵੀਡੀਓ ਕਾਨਫਰਿੰਗ  ਕੀਤੀ ਗਈ ਸੀ। ਕੇਂਦਰ ਨੇ ਵਿਚਾਰ ਵਟਾਂਦਰਾ ਕਰਨ ਪਿੱਛੋਂ ਹੀ ਖੇਤੀ ਆਰਡੀਨੈਂਸਾਂ ਨੂੰ ਤਿਆਰ ਕੀਤਾ ਸੀ। ਦੱਸਣਯੋਗ ਹੈ ਕਿ ਕੇਂਦਰੀ ਰਾਜ ਮੰਤਰੀ ਦਾਨਵੇ ਨੇ ਇੱਥੋਂ ਤੱਕ ਪਾਰਲੀਮੈਂਟ ਵਿਚ ਆਖ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਚ ਤਾਕਤੀ ਕਮੇਟੀ ਦੇ ਮੈਂਬਰ ਵਜੋਂ ਸਹਿਮਤੀ ਦਿੱਤੀ ਸੀ ਜਿਸ ਦਾ ਖੰਡਨ ਅਮਰਿੰਦਰ ਸਿੰਘ ਨੇ ਅੱਜ ਕਰ ਦਿੱਤਾ ਹੈ।
                 ਕੇਂਦਰੀ ਮੰਤਰੀ ਤੋਮਰ ਨੇ ਦੱਸਿਆ ਹੈ ਕਿ ਇਹ ਖੇਤੀ ਆਰਡੀਨੈਂਸ ਸੂਬਿਆਂ ਦੇ ਏਪੀਐਮਸੀ ਐਕਟਾਂ ਨੂੰ ਤਬਦੀਲ ਨਹੀਂ ਕਰਨਗੇ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਇਹ ਖੇਤੀ ਆਰਡੀਨੈਂਸ ਕਿਸਾਨਾਂ ਲਈ ਮੌਤ ਦੇ ਵਰੰਟਾਂ ਤੋਂ ਘੱਟ ਨਹੀਂ ਹਨ। ਕੇਂਦਰ ਸਰਕਾਰ ਨੇ ਭਾਜਪਾ ਸ਼ਾਸਿਤ ਸੂਬਾਈ ਸਰਕਾਰਾਂ ਤੋਂ ਅਗਾਊਂ ਮੋਹਰ ਵੀ ਲਗਾ ਲਈ ਸੀ। ਕਈ ਸੂਬਿਆਂ ਨੇ ਹੱਥੋਂ ਹੱਥ ਏਪੀਐਮਸੀ ਐਕਟ ਵਿਚ ਸੋਧ ਕਰ ਦਿੱਤੀ ਸੀ।ਗੁਜਰਾਤ ਸਰਕਾਰ ਨੇ 6 ਮਈ ਨੂੰ ਗੁਜਰਾਤ ਐਗਰੀਕਲਚਰ ਪਰੋਡੂਸ ਮਾਰਕੀਟ ਐਕਟ ਵਿਚ ਸੋਧ ਕੀਤੀ ਹੈ ਜਦੋਂ ਕਿ ਮੱਧ ਪ੍ਰਦੇਸ਼ ਸਰਕਾਰ ਨੇ 1 ਮਈ 2020 ਨੂੰ ਮੱਧ ਪ੍ਰਦੇਸ਼ ਕ੍ਰਿਸ਼ੀ ਉਪਜ ਮੰਡੀ ਐਕਟ 1972 ਵਿਚ ਸੋਧ ਕੀਤੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਸਰਕਾਰ ਨੇ 6 ਮਈ 2020 ਨੂੰ ਯੂ.ਪੀ ਕ੍ਰਿਸ਼ੀ ਉਤਪਾਦਨ ਮੰਡੀ ਐਕਟ ਵਿਚ ਸੋਧ ਕੀਤੀ ਹੈ। ਇਸੇ ਤੋਂ ਇਲਾਵਾ ਕਰਨਾਟਕ ਸਰਕਾਰ ਨੇ 16 ਮਈ ਨੂੰ ਏਪੀਐਮਸੀ ਐਕਟ ਵਿਚ ਸੋਧ ਕਰ ਦਿੱਤੀ ਸੀ। ਕੇਂਦਰੀ ਅਦਾਰੇ ‘ਸਮਾਲ ਫਾਰਮਰਜ਼ ਐਗਰੀ-ਬਿਜ਼ਨਸ ਕਨਸੋਰੀਟੀਅਮ’ ਦੇ ਅਨੁਸਾਰ  ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਸਮੇਤ ਕਰੀਬ 20 ਸੂਬਿਆਂ ਵਿਚ ਇਹ ਸੋਧਾਂ ਹੋ ਚੁੱਕੀਆਂ ਹਨ। ਪੰਜਾਬ ਸਮੇਤ 18 ਸੂਬਿਆਂ ਨੇ ਪ੍ਰਾਈਵੇਟ ਮੰਡੀਆਂ ਕਾਇਮ ਕਰਨ ਲਈ ਐਕਟ ਵਿਚ ਸੋਧ ਕਰ ਲਈ ਹੈ ਪ੍ਰੰਤੂ ਪੰਜਾਬ ਨੇ ਕਣਕ,ਚੌਲ ਅਤੇ ਨਰਮੇ ਨੂੰ ਇਨ੍ਹਾਂ ਪ੍ਰਾਈਵੇਟ ਮੰਡੀਆਂ ਤੋਂ ਬਾਹਰ ਰੱਖਿਆ ਹੈ।
              ਕਿਸਾਨਾਂ ਤੋਂ ਸਿੱਧੀ ਖਰੀਦ ਬਾਰੇ 19 ਰਾਜਾਂ ਨੇ ਸੋਧਾਂ ਕੀਤੀਆਂ ਹਨ ਜਦੋਂ ਕਿ ਪੰਜਾਬ ਨੇ ਰੂਲ ਫਰੇਮ ਕੀਤੇ ਹਨ। ਪੰਜਾਬ ਨੇ ਈ-ਟਰੇਡਿੰਗ ਲਈ ਸੋਧ ਨਹੀਂ ਕੀਤੀ ਹੈ ਜਦੋਂ ਕਿ 14 ਸੂਬਿਆਂ ਨੇ ਐਕਟ ਸੁਧਾਰ ਲਏ ਹਨ। ਇਸੇ ਤਰ੍ਹਾਂ ਕੰਨਟਰੈਕਟ ਫਾਰਮਿੰਗ ਲਈ ਪੰਜਾਬ ਨੇ ਵੱਖਰਾ ਐਕਟ ਬਣਾਇਆ ਹੈ ਜਦੋਂ ਕਿ 20 ਸੂਬਿਆਂ ਨੇ ਐਕਟ ਸੋਧ ਕੇ ਇਹ ਵਿਵਸਥਾ ਕੀਤੀ ਹੈ। ਦੇਸ਼ ਦੇ 14 ਸੂਬਿਆਂ ਨੇ ਮਾਰਕੀਟ ਫੀਸ ’ਤੇ ਸਿੰਗਲ ਪੁਆਇੰਟ ਲੈਵੀ ਦੀ ਵਕਾਲਤ ਕਰਦੇ ਹੋਏ ਏਪੀਐਮਸੀ ਐਕਟ ’ਚ ਪਹਿਲਾਂ ਹੀ ਸੋਧ ਕੀਤੀ ਹੈ ਜਿਸ ਵਿਚ ਪੰਜਾਬ ਵੀ ਸ਼ਾਮਿਲ ਹੈ। ਜਿਣਸ ਟਰੇਡ ਲਈ ਲਾਇਸੈਂਸਿੰਗ ਪ੍ਰਣਾਲੀ ਨੂੰ ਪੰਜਾਬ ਨੇ ਜਾਰੀ ਰੱਖਿਆ ਹੈ ਜਦੋਂ ਕਿ ਦੇਸ਼ ਦੇ 13 ਸੂਬਿਆਂ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੇ ਇਹ ਪਹਿਲਾਂ ਇਲਜ਼ਾਮ ਲਾਏ ਗਏ ਸਨ ਕਿ ਏਪੀਐਮਸੀ ਐਕਟ ਜਰੀਏ ਪਹਿਲਾਂ ਹੀ ਸੋਧਾਂ ਹੋ ਚੁੱਕੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਢਾਹ ਲਾਉਣ ਵਾਲੀਆਂ ਮੱਦਾਂ ਤੋਂ ਬਾਹਰ ਰੱਖਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪਹਿਲਾਂ ਹੀ ਵਿਧਾਨ ਸਭਾ ਵਿਚ ਮਤਾ ਪਾਸ ਕਰ ਚੁੱਕੇ ਹਨ।
                              ਆਰਡੀਨੈਂਸਾਂ ਦੀ ਲੋੜ ਨਹੀਂ ਸੀ : ਸੁਖਪਾਲ ਸਿੰਘ
ਇੰਡੀਅਨ ਇੰਸਟੀਚੂਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਪ੍ਰੋ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਬਹੁ ਗਿਣਤੀ ਸੂਬਿਆਂ ਨੇ ਤਾਂ ਪਹਿਲਾਂ ਹੀ ਆਪੋ ਆਪਣੀਆਂ ਲੋੜਾਂ ਦੇ ਮੱਦੇਨਜ਼ਰ ਅਤੇ ਸਥਾਨਿਕ ਹਾਲਾਤਾਂ ਨੂੰ ਦੇਖਦੇ ਹੋਏ ਏਪੀਐਮਸੀ ਐਕਟ ਵਿਚ ਸੋਧਾਂ ਕਰ ਲਈਆਂ ਸਨ ਜਿਸ ਕਰਕੇ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਹੁਣ ਕੋਈ ਲੋੜ ਹੀ ਨਹੀਂ ਸੀ।
 

Friday, July 31, 2020

                                        ਖੇਤੀ ਆਰਡੀਨੈਂਸ
                    ਪੰਜਾਬ ਲਈ ਬਿਹਾਰ 'ਮਾਡਲ' ਖ਼ਤਰੇ ਦੀ ਘੰਟੀ
                                        ਚਰਨਜੀਤ ਭੁੱਲਰ
ਚੰਡੀਗੜ੍ਹ : ਕੇਂਦਰੀ ਖੇਤੀ ਆਰਡੀਨੈਂਸ ਪੰਜਾਬ ਦੀ ਖੇਤੀ ਮੰਡੀ ਨੂੰ ਬਿਹਾਰ ਵਾਂਗ ਝੰਬ ਦੇਣਗੇ। 'ਖੇਤੀ ਮੰਡੀ ਸੁਧਾਰਾਂ' ਨੇ ਜਿਵੇਂ ਬਿਹਾਰ ਦੇ ਖੇਤੀ ਅਰਥਚਾਰੇ ਨੂੰ ਲੀਹੋਂ ਲਾਹਿਆ ਹੈ, ਉਵੇਂ ਹੀ ਤਿੰਨੋਂ ਖੇਤੀ ਆਰਡੀਨੈਂਸ ਪੰਜਾਬ ਦੀ ਸਮੁੱਚੀ ਅਰਥ ਵਿਵਸਥਾ ਨੂੰ ਮਧੋਲ ਸਕਦੇ ਹਨ। ਮੰਡੀ ਪ੍ਰਬੰਧਾਂ ਦੇ ਖ਼ਾਤਮੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਿਹਾਰ ਵਾਂਗ ਡੂੰਘੀ ਸੱਟ ਵੱਜ ਸਕਦੀ ਹੈ। ਉੱਪਰੋਂ ਮਾਲੀਏ ਦੀ ਕਮੀ ਨੇ ਸਰਕਾਰੀ ਖ਼ਜ਼ਾਨੇ ਦਾ ਦਮ ਘੁੱਟ ਦੇਣਾ ਹੈ। ਪੰਜਾਬ ਮੰਡੀ ਬੋਰਡ ਵਲੋਂ ਬਿਹਾਰ ਵਿਚ 'ਖੇਤੀ ਬਾਜ਼ਾਰ ਸੁਧਾਰ' ਦੇ ਨਾਮ ਹੇਠ ਮੰਡੀ ਪ੍ਰਬੰਧ ਤੋੜੇ ਜਾਣ ਦੇ ਪ੍ਰਭਾਵ ਦੇਖਣ ਲਈ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਅਧਿਐਨ ਕਰਵਾਇਆ ਗਿਆ ਹੈ। ਪੀਏਯੂ ਦੇ ਪ੍ਰਮੁੱਖ ਅਰਥਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਇਹ ਰਿਪੋਰਟ ਪੰਜਾਬ ਮੰਡੀ ਬੋਰਡ ਨੂੰ ਦੇ ਦਿੱਤੀ ਹੈ, ਜਿਸ ਵਿਚ ਮੰਡੀ ਪ੍ਰਬੰਧ ਤੋੜੇ ਜਾਣ ਮਗਰੋਂ ਬਿਹਾਰ ਦੀ ਹਾਲਤ ਬਿਆਨੀ ਗਈ ਹੈ। 'ਖੇਤੀ ਬਾਜ਼ਾਰ ਸੁਧਾਰ: ਭਾਰਤੀ ਖੇਤੀ ਲਈ ਭਵਿੱਖ ਦੀ ਚਿੰਤਾ' ਨਾਂ ਦੇ ਇਸ ਅਧਿਐਨ 'ਚ ਇਹ ਤੱਥ ਉੱਭਰੇ ਹਨ ਕਿ ਜਦੋਂ ਬਿਹਾਰ ਸਰਕਾਰ ਨੇ ਸਾਲ 2006 ਵਿਚ 'ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ' ਭੰਗ ਕਰ ਦਿੱਤਾ, ਉਦੋਂ ਕਿਸਾਨੀ ਦੇ ਬੁਰੇ ਦਿਨ ਸ਼ੁਰੂਆਤ ਹੋ ਗਏ। ਐਕਟ ਤੋੜਨ ਸਮੇਂ ਪ੍ਰਾਈਵੇਟ ਨਿਵੇਸ਼ ਦਾ ਪ੍ਰਚਾਰ ਕੀਤਾ ਗਿਆ ਸੀ।
          ਐੱਨਸੀਏਈਆਰ-2019 ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਬਿਹਾਰ ਵਿਚ ਪ੍ਰਾਈਵੇਟ ਕੰਪਨੀਆਂ ਨੇ ਮੰਡੀਆਂ ਵਿਚ ਨਵਾਂ ਨਿਵੇਸ਼ ਤਾਂ ਕੀ ਕਰਨਾ ਸੀ, ਸਗੋਂ ਛੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਮੰਡੀਆਂ ਦਾ ਕੋਈ ਨਵਾਂ ਢਾਂਚਾ ਖੜ੍ਹਾ ਹੀ ਨਹੀਂ ਹੋ ਸਕਿਆ। ਰਿਪੋਰਟ ਅਨੁਸਾਰ ਬਿਹਾਰ ਵਿਚ 2006 ਵਿਚ ਸਰਕਾਰੀ ਮੰਡੀ ਪ੍ਰਬੰਧਾਂ ਨੂੰ ਤੋੜ ਦਿੱਤਾ ਗਿਆ। ਬਦਲ ਵਜੋਂ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਵੱਲੋਂ ਜਿਣਸਾਂ ਦੀ ਖ਼ਰੀਦ ਕੀਤੀ ਜਾਣੀ ਸੀ ਪ੍ਰੰਤੂ ਇਨ੍ਹਾਂ ਸਭਾਵਾਂ ਨੇ ਕੋਈ ਖ਼ਰੀਦ ਨਹੀਂ ਕੀਤੀ। ਬਿਹਾਰ 'ਚ 2015-16 ਵਿਚ ਮੰਡੀਆਂ ਦੀ ਗਿਣਤੀ 9035 ਸੀ, ਜੋ ਸਾਲ 2019-20 ਵਿਚ ਘੱਟ ਕੇ 1619 ਰਹਿ ਗਈ। ਐਕਟ ਤੋੜਨ ਤੋਂ ਪਹਿਲਾਂ ਬਿਹਾਰ ਦੇ ਕਿਸਾਨਾਂ ਦੀ ਕੌਮੀ ਔਸਤ ਦੇ ਮੁਕਾਬਲੇ ਆਮਦਨ 85 ਫ਼ੀਸਦੀ ਸੀ, ਜੋ ਮਗਰੋਂ ਘੱਟ ਕੇ 57 ਫ਼ੀਸਦੀ 'ਤੇ ਆ ਗਈ। ਸਰਕਾਰੀ ਮੰਡੀ ਪ੍ਰਬੰਧਾਂ ਦੇ ਖ਼ਾਤਮੇ ਮਗਰੋਂ ਬਿਹਾਰ ਵਿਚ 10 ਹੈਕਟੇਅਰ ਤੋਂ ਵੱਧ ਜ਼ਮੀਨਾਂ ਦੇ ਮਾਲਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਜੋ ਪਹਿਲਾਂ ਜ਼ੀਰੋ ਸੀ। 'ਖੇਤੀ ਤੇ ਅਲਾਇਡ' ਦੀ ਬਿਹਾਰ ਵਿਚ ਵਿਕਾਸ ਦਰ ਪਹਿਲਾਂ 1.98 ਫ਼ੀਸਦੀ ਸੀ, ਜੋ ਮਗਰੋਂ ਘੱਟ ਕੇ 1.28 ਹੀ ਰਹਿ ਗਈ। ਫ਼ਸਲਾਂ ਦਾ ਭਾਅ ਵੀ ਪਹਿਲਾਂ ਨਾਲੋਂ ਘੱਟ ਮਿਲਣ ਲੱਗਿਆ। 
          ਐਕਟ ਤੋੜਨ ਮਗਰੋਂ ਇੱਕ ਵਾਰ ਤਾਂ ਹੁਲਾਰਾ ਮਿਲਿਆ ਪ੍ਰੰਤੂ ਛੇਤੀ ਹੀ ਜਿਣਸਾਂ ਦੇ ਭਾਅ ਡਿੱਗਣੇ ਸ਼ੁਰੂ ਹੋ ਗਏ। ਰਿਪੋਰਟ ਅਨੁਸਾਰ ਕਣਕ ਦਾ ਸਾਲ 2004-05 ਵਿਚ ਸਰਕਾਰੀ ਭਾਅ 640 ਰੁਪਏ ਸੀ ਪ੍ਰੰਤੂ ਬਿਹਾਰ ਵਿਚ ਕਿਸਾਨਾਂ ਦੀ ਜਿਣਸ 55 ਰੁਪਏ ਘੱਟ ਕੇ 585 ਰੁਪਏ ਵਿਚ ਵਿਕੀ ਸੀ। ਸਾਲ 2016-17 ਵਿਚ ਜਦੋਂ ਕਣਕ ਦਾ ਸਰਕਾਰੀ ਭਾਅ 1625 ਰੁਪਏ ਸੀ ਤਾਂ ਉਦੋਂ ਬਿਹਾਰ 'ਚ ਜਿਣਸ 326 ਰੁਪਏ ਘੱਟ ਕੇ 1299 ਰੁਪਏ ਵਿਕੀ। ਮਤਲਬ ਕਿ ਸਰਕਾਰੀ ਭਾਅ ਨਾਲੋਂ ਕਿਸਾਨਾਂ ਨੂੰ ਜਿਣਸ ਦਾ ਭਾਅ ਪਹਿਲਾਂ ਨਾਲੋਂ ਜ਼ਿਆਦਾ ਘੱਟ ਮਿਲਣ ਲੱਗਾ। ਇਸੇ ਤਰ੍ਹਾਂ ਝੋਨੇ ਦਾ ਸਾਲ 2004-05 ਵਿਚ ਸਰਕਾਰੀ ਭਾਅ 550 ਰੁਪਏ ਸੀ ਤਾਂ ਉਦੋਂ ਬਿਹਾਰ ਵਿਚ ਕਿਸਾਨਾਂ ਨੂੰ 117 ਰੁਪਏ ਘੱਟ ਕੇ 433 ਰੁਪਏ ਪ੍ਰਤੀ ਕੁਇੰਟਲ ਮਿਲਿਆ। ਮੰਡੀ ਪ੍ਰਬੰਧ ਤੋੜੇ ਜਾਣ ਮਗਰੋਂ ਸਾਲ 2016-17 ਵਿਚ ਸਰਕਾਰੀ ਭਾਅ 1410 ਰੁਪਏ ਸੀ ਪ੍ਰੰਤੂ ਬਿਹਾਰ ਦੇ ਕਿਸਾਨਾਂ ਨੂੰ 297 ਰੁਪਏ ਘਟ ਕੇ 1113 ਰੁਪਏ ਮਿਲਿਆ। ਮੱਕੀ ਦਾ ਭਾਅ ਬਿਹਾਰ ਵਿਚ 2016-17 ਵਿਚ ਸਰਕਾਰੀ ਭਾਅ ਤੋਂ 225 ਰੁਪਏ ਹੇਠਾਂ ਡਿੱਗ ਗਿਆ।
           ਬਿਹਾਰ ਵਿਚ ਮੁੱਖ ਫ਼ਸਲਾਂ ਦੇ ਹੇਠਲੇ ਰਕਬੇ ਵਿਚ ਵੀ ਕਟੌਤੀ ਹੋਈ ਹੈ। ਸਾਲ 2001-02 ਵਿਚ ਝੋਨੇ ਹੇਠ ਰਕਬਾ 3.55 ਮਿਲੀਅਨ ਹੈਕਟੇਅਰ ਸੀ, ਜੋ ਸਾਲ 2016-17 ਵਿਚ ਘੱਟ ਕੇ 3.34 ਮਿਲੀਅਨ ਹੈਕਟੇਅਰ ਰਹਿ ਗਿਆ। ਬਿਹਾਰ ਵਿਚ ਕਣਕ ਹੇਠ ਸਾਲ 2001-02 ਵਿਚ 2.13 ਮਿਲੀਅਨ ਹੈਕਟੇਅਰ ਰਕਬਾ ਸੀ, ਜੋ ਸਾਲ 2016-17 ਵਿਚ ਘਟ ਕੇ 2.11 ਲੱਖ ਹੈਕਟੇਅਰ ਰਹਿ ਗਿਆ। ਪੰਜਾਬ ਸਰਕਾਰ ਪਹਿਲਾਂ ਹੀ ਆਖ ਰਹੀ ਹੈ ਕਿ ਮੰਡੀ ਬੋਰਡ ਦੀ ਸਾਲਾਨਾ ਕਮਾਈ ਨੂੰ ਵੱਡੀ ਸੱਟ ਵੱਜੇਗੀ ਅਤੇ ਕਿਸਾਨ ਪੂਰੀ ਤਰ੍ਹਾਂ ਵਪਾਰੀ ਦੇ ਰਹਿਮੋ ਕਰਮ 'ਤੇ ਹੋਵੇਗਾ। ਦੂਜੇ ਪਾਸੇ, ਕੇਂਦਰ ਦਾ ਤਰਕ ਹੈ ਕਿ ਕਿਸਾਨਾਂ ਨੂੰ ਜਿਣਸਾਂ ਦਾ ਮੁਕਾਬਲੇ ਵਿਚ ਵਧੇਰੇ ਭਾਅ ਮਿਲੇਗਾ। ਭਾਵੇਂ ਫ਼ੈਸਲਾ ਭਵਿੱਖ ਦੇ ਹੱਥ ਹੈ ਪ੍ਰੰਤੂ ਬਿਹਾਰ ਦੇ ਨਤੀਜੇ ਪੰਜਾਬ ਨੂੰ ਖ਼ਬਰਦਾਰ ਕਰਨ ਵਾਲੇ ਹਨ