Sunday, September 20, 2020

                                 


                        ਵਿਚਲੀ ਗੱਲ

              ਅਸੀਂ ਖੇਤਾਂ ਦੇ ਡਰਨੇ ਨਹੀਂ..!
                           ਚਰਨਜੀਤ ਭੁੱਲਰ

ਚੰਡੀਗੜ੍ਹ : ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਜ਼ਰੂਰ ਮਲੱਠੀ ਖਾਧੀ ਹੋਊ। ਸੰਸਦ ’ਚ ਏਨੀ ਗੜ੍ਹਕ ਨਾਲ ਬੋਲੇ, ਸਪੀਕਰ ਓਮ ਬਿਰਲਾ ਨੂੰ ਪਿੱਸੂ ਪੈ ਗਏ। ਖੇਤੀ ਕਾਨੂੰਨ ਬਣਨ ਲੱਗੇ, ਸੁਖਬੀਰ ਤੋਂ ਝੱਲ ਨਾ ਹੋਏ। ਭਰੀ ਪੰਚਾਇਤ ’ਚ ਦੁੱਖ ਛਲਕੇ। ਸਪੀਕਰ ਸਾਹਬ! ‘ਮੈਂ ਕਿਸਾਨ ਹਾਂ।’ ਭਗਵੰਤ ਮਾਨ ਨੇ ਹੂੰਗਰ ਮਾਰੀ, ‘ਅੱਛਾ ਜੀ!’ ਸੁਖਬੀਰ ਜੀ ਦਾ ਗੱਚ ਭਰਿਆ, ਧੁਰ ਅੰਦਰੋਂ ਕੁਰਲਾਏ, ‘ਅਸਾਂ ਨੂੰ ਬਿੱਲ ਮਨਜ਼ੂਰ ਨਹੀਂ।’ ਹੰਝੂਆਂ ਦੀ ਝੜੀ ਲੱਗੀ, ਦਰਦਾਂ ਦਾ ਦਰਿਆ ਵਗਿਆ। ਏਹ ਹੁੰਦੀ ਐ ਕੁਰਬਾਨੀ।‘ਸਾਰਾ ਜਾਂਦਾ ਵੇਖੀਏ, ਅੱਧਾ ਦੇਈਏ ਵੰਡ।’ ਹਰਸਿਮਰਤ ਬਾਦਲ ਬੋਲੇ, ਏਨਾ ਨੇਹਰ ਖਾਤਾ, ਆਹ ਚੱਕੋ ਅਸਤੀਫ਼ਾ। ਫਿਰ ਧਿਆਨ ਧਰ ਬੋਲੇ, ‘ਕਿਸਾਨਾਂ ਦੀ ਧੀ-ਭੈਣ ਹੋਣ ਦਾ ਫਖ਼ਰ ਹੈ।’ ਜੈਕਾਰੇ ਗੂੰਜਣੋ ਨਾ ਹਟਣ। ਅਸਤੀਫ਼ਾ ਪ੍ਰਵਾਨ ਚੜ੍ਹ ਗਿਆ। ਵਿਰੋਧੀ ਖਿੱਲ ਵਾਂਗੂ ਭੁੱਜ ਗਏ। ਅਖੇ! ਜਥੇਦਾਰ ਦੇਰ ਤਾਂ ਆਏ, ਦਰੁਸਤ ਨਹੀਂ ਆਏ। ਪੰਥ ਦੋਖੀ ਜੋ ਮਰਜ਼ੀ ਚੋਭਾ ਮਾਰਨ, ਜਥੇਦਾਰ ਬਾਦਲ ਨੇ ਕਰਤੀ ਕਮਾਲ। ਅੌਹ ਨਵਾਂ ਪੋਸਟਰ ਦੇਖੋ, ‘ਇੱਕੋ ਨਾਅਰਾ, ਕਿਸਾਨ ਪਿਆਰਾ’।ਨਰੇਂਦਰ ਭਾਈ! ਬਾਦਲਾਂ ਨੇ ਏਨੀ ‘ਸ਼ਰਾਫ਼ਤ’ ਦਿਖਾਈ, ਤੁਸੀਂ ਕਦਰ ਨਹੀਂ ਪਾਈ। ਭਾਈ! ਤੁਸੀਂ ਧਾਰਾ 370 ਤੋੜੀ, ਦੱਸੋ, ਅਕਾਲੀ ਚੂੰ ਕੀਤੇ। ਨਾਗਰਿਕਤਾ ਬਿੱਲ ਲਿਆਏ, ਥੋਡਾ ਮੁਲਾਹਜ਼ਾ ਪੂਰ ਦਿੱਤਾ। ਤੁਸਾਂ ਨੇ ਸੰਘੀ ਢਾਂਚਾ ਪਿੰਜਿਆ, ਬਾਦਲਾਂ ਨੇ ਕੌੜਾ ਘੁੱਟ ਭਰਿਆ। ਖੇਤੀ ਕਾਨੂੰਨ...ਬੱਸ ਹੁਣ ਹੋਰ ਨਹੀਂ। ਇੱਧਰ, ਅਮਰਿੰਦਰ ਸਿੰਘ ਨੂੰ ਨੀਂਦ ਕਿੱਥੇ। ਕਿਸਾਨ ਰੁਲੇ, ਮਹਾਰਾਜਾ ਸੌਂਵੇ, ਕਿਵੇਂ ਹੋ ਸਕਦੈ। ਕਰੋਨਾ ਦੌਰ ’ਚ ਖੁਦ ਗਵਰਨਰ ਨੂੰ ਮੈਮੋਰੰਡਮ ਦੇਣ ਗਏ। ਦਿੱਲੀ ਮੁਜ਼ਾਹਰੇ ’ਚ ਵੀ ਜਾਣਗੇ। ਜਪਾਨੀ ਪੁੱਛਦੇ ਨੇ...‘ਹਵਾ ਨੂੰ ਬਾਂਸਾਂ ਨਾਲ ਕਿਵੇਂ ਰੋਕੋਗੇ।’ ਕੇਜਰੀਵਾਲ ਆਖਦੈ, ਅਗਲੀ ਚੋਣ ’ਚ ਦੱਸਾਂਗੇ। ਪੰਜਾਬੀਓ! ਨਵਾਂ ਤਮਾਸ਼ਾ ਦੇਖਿਓ। ‘ਕੁਰਬਾਨੀ’ ਵਾਲਾ ਰਾਗ ਮਨ ਚਿੱਤ ਲਾ ਸੁਣਿਓ। ਕੌਣ ਗ਼ੱਦਾਰ ਤੇ ਕੌਣ ਸ਼ਹੀਦ। ਫ਼ੈਸਲੇ ਦੀ ਘੜੀ ਐ।

                ਨਾਲੇ ਲਾਲਾ ਬਾਂਕੇ ਦਿਆਲ ਨੂੰ ਵੀ ਸੁਣੋ। ‘ਬਣ ਗਏ ਨੇ ਤੇਰੇ ਲੀਡਰ, ਰਾਜੇ ਤੇ ਖਾਨ ਬਹਾਦਰ/ਤੈਨੂੰ ਫਸਾਉਣ ਖ਼ਾਤਰ, ਵਿਛਦੇ ਪਏ ਜਾਲ ਓਏ... ਪਗੜੀ ਸੰਭਾਲ ਜੱਟਾ..!’ ਮਨੌਤ ਹੈ ਕਿ ਧਰਤੀ ਬਲਦ ਦੇ ਸਿੰਗਾਂ ’ਤੇ ਟਿਕੀ ਹੈ। ਧਰਤ ਦਾ ਸਾਰਾ ਬੋਝ ਦੋ ਸਿੰਗਾਂ ’ਤੇ ਹੈ। ਜਦੋਂ ਜ਼ੁਲਮਾਂ ਦੀ ਪੰਡ ਵਧੇ, ਧਰਤੀ ਦਾ ਤਵਾਜ਼ਨ ਡੋਲਦੈ। ਖੇਤਾਂ ਦਾ ਬੋਝ ਕਾਹਦਾ। ਕੇਂਦਰੀ ਫ਼ੈਸਲੇ ਧੂਹ ਪਾਉਂਦੇ ਨੇ, ਬਲਦ ’ਤੇ ਭਾਰ ਵਧਾਉਂਦੇ ਨੇ।  ਖੇਤੀ ਕਾਨੂੰਨ ਕਾਹਦੇ ਬਣੇ। ਧਰਤੀ ਹੇਠਲਾ ਬਲਦ ਦਮੋਂ ਨਿਕਲਐ। ਨਿਊ ਬਰੈਂਡ ‘ਕੁਰਬਾਨੀ’, ਕਾਂਗਰਸੀ ਵੀਰਾਂ ਦੇ ਖੇਖਣ, ਬੱਸ ਬਹਿ ਕੇ ਦੇਖਣਾ। ਪ੍ਰਧਾਨ ਮੰਤਰੀ ਦੇ ਕੰਨ ਹੱਸੇ। ਮਿੱਤਰੋ! ‘ਸੱਪ ਲੰਘ ਗਿਆ, ਹੁਣ ਕੁੱਟੋ ਲੀਕਾਂ।’ ਖੇਤ ਕਦੋਂ ਦੇ ਚੁਗੇ ਗਏ। ਅਕਾਲੀ-ਕਾਂਗਰਸੀ, ਚਿੜੀਆਂ ਭਾਲ ਰਹੇ ਨੇ। ਬਰਮਾ ਵਾਲੇ ਬਾਬੇ ਬੋਲੇ...‘ਹੜ੍ਹ ਪਿੱਛੋਂ ਡੈਮ ਕੌਣ ਬਣਾਉਦੈ।’ ਏਹ ਰਿਸ਼ਤਾ ਤਾਂ ਨਹੁੰ ਮਾਸ ਵਾਲੈ। ਕਿਸਾਨਾਂ ਦੇ ਸਭ ਨਹੁੰਆਂ ’ਚ ਨੇ। ਖੇਤੀ ਕਾਨੂੰਨ ਬਿਜਲੀ ਵਾਂਗੂ ਡਿੱਗੇ। ਅੱਕਾਂਵਾਲੀ ਦਾ ਪ੍ਰੀਤਮ ਸਿਓਂ ਪਹਿਲਾ ‘ਖੇਤੀ ਸ਼ਹੀਦ’ ਬਣ ਗਿਆ। ਖੇਤ ਬੰਨੇ ਮਾਯੂਸ ਹਨ। ਜਿਣਸਾਂ ਨੂੰ ਮਿਰਗੀ ਦਾ ਦੌਰਾ ਪਿਐ। ਹੱਥਾਂ ਦੇ ਛਾਲੇ, ਪੈਰਾਂ ਦੀ ਬਿਆਈ, ਉਪਰੋਂ ਭੁੱਖ ਦਾ ਪਹਿਰਾ। ਫਿਰ ਢਿੱਡ ਨੂੰ ਗੰਢ ਦੇਣੀ ਸੌਖੀ ਨਹੀਂ। ਦੇਸ਼ ਦੇ 191 ਸੰਸਦ ਮੈਂਬਰ। ਆਪਣੇ ਆਪ ਨੂੰ ਖੇਤਾਂ ਦੇ ਪੁੱਤ ਦੱਸਦੇ ਨੇ। ਜਦੋਂ ਖੇਤੀ ਬਿੱਲ ਆਇਆ, ਕੰਨਾਂ ’ਚ ਕੌੜਾ ਤੇਲ ਪਾ ਬੈਠੇ। ਸੁਖਬੀਰ ਦੇ ਬੋਲ ਮੁੜ ਗੂੰਜੇ ਨੇ, ‘ਮੈਂ ਕਿਸਾਨ ਹਾਂ।’

               ਬਾਦਲ ਪਿੰਡ ਦਰਾਂ ਅੱਗੇ ਬੈਠੇ ਨੇ, ਉਹ ਕੌਣ ਨੇ? ਕੀ ਮੰਗਦੇ ਨੇ? ਕਿਸਾਨ ਸੁਖਬੀਰ ਸਿੰਘ ਬਾਦਲ ਦੇ ਤਿੰਨ ਰਾਜਾਂ ’ਚ ਖੇਤ ਹਨ। ਖੇਤਾਂ ਦੀ ਕੀਮਤ ਐ 49.97 ਕਰੋੜ। ਦੇਖਦੇ ਜਾਇਓ, ਜਿਵੇਂ ਕੁਰਸੀ ਛੱਡ ਆਏ, ਉਵੇਂ ਸਬਸਿਡੀ ਵੀ ਛੱਡਣਗੇ। ਤਿੰਨੋਂ ਖੇਤੀ ਮੋਟਰਾਂ ਵਾਲੀ। ਕਿਸਾਨਾਂ ਖਾਤਰ ਤਾਂ ਅਮਰਿੰਦਰ ਨੇ ਫਾਰਮ ਹਾਊਸ ਛੱਡਿਐ... ਗੁੱਸੇ ’ਚ ਜਾਪਦੇ ਨੇ। ਲਲਕਾਰਾ ਮਾਰਿਐ, ‘ਕਿਸਾਨ ਭਰਾਵੋ, ਦਿੱਲੀ ਵੱਲ ਚੱਲੋ, ਮੈਂ ਨਾਲ ਚੱਲੂ ਥੋਡੇ।’  ਪੰਜਾਬ ਦੀਆਂ ਸੜਕਾਂ। ਸੜਕਾਂ ’ਤੇ ਬੈਠੀਆਂ ਬੀਬੀਆਂ। ਇਨ੍ਹਾਂ ਬੀਬੀਆਂ ਨਾਲ ਵਟਾਈਆਂ ਚੁੰਨੀਆਂ। ਚੁੰਨੀਆਂ ਦਾ ਮੁੱਲ, ਭੈਣ ਹਰਸਿਮਰਤ ਨੇ ਮੋੜਿਐ। ਕੁਰਸੀ ਤਿਆਗ ਆਏ ਨੇ। ਸਕੇ ਭਰਾਵਾਂ ਨੇ ਏਸ ਭੈਣ ਨੂੰ 30 ਏਕੜ ਜ਼ਮੀਨ ਤੋਹਫ਼ੇ ’ਚ ਦਿੱਤੀ। ਭਾਵੇਂ ਭੈਣ ਕੋਲ 7.03 ਕਰੋੜ ਦੇ ਗਹਿਣੇ ਨੇ। ਮਜ਼ਾਲ ਐ, ਕਦੇ ਮਾਣ ਕਰ ਜਾਣ। ਸੜਕਾਂ ’ਤੇ ਬੈਠੀਓ ਭੈਣੋ, ਸੱਚ ਜਾਣਿਓ, ਤੱਤੀ ਵਾਅ ਨਹੀਂ ਲੱਗਣ ਦੇਣਗੇ, ਥੋਡੇ ਆਪਣੇ ਨੇਤਾ ਨੇ। ਅਮਰਿੰਦਰ ਸਿੰਘ ਨੇ ਪ੍ਰਣ ਕੀਤੈ, ਸਮੁੱਚਾ ਕਰਜ਼ਾ ਮੁਆਫ਼ ਕਰਕੇ ਕਿਸਾਨਾਂ ਦੇ ਮੱਥੇ ਲੱਗੂ। ਘਰ-ਘਰ ਨੌਕਰੀ ਦਾ ਸੁਪਨਾ ਸੱਚ ਕਰਨਗੇ। ‘ਈਦ ਪਿੱਛੋਂ ਤੰਬੇ ਦਾ ਕੀ ਕੰਮ’। ਭੁਪਿੰਦਰ ਬਰਗਾੜੀ ਬਿਨਾਂ ਮੰਗੀ ਸਲਾਹ ਦਿੰਦੈ। ‘ਕਿਸਾਨ ਭਰਾਵੋ...ਫ਼ੈਸਲਾ ਥੋਡੇ ਹੱਥ, ’ਡੱਬਾ ਚੁੱਕ ਕੇ ਅਡਾਨੀ ਦੇ ਖੇਤ ਜਾਣੈ, ਜਾਂ ਕਿਸਾਨ ਅੰਦੋਲਨਾਂ ’ਚ ਕੁੱਦਣੈ।’ ਉਹ ਦਿਨ ਦੂਰ ਨਹੀਂ, ਅੰਬਾਨੀ-ਅਡਾਨੀ ਅੰਤਿਮ ਰਸਮਾਂ ਨਿਭਾਉਣਗੇ। ਖੇਤਾਂ ਦੇ ਫੁੱਲ ਕਿਤੇ ਮਰਜ਼ੀ ਪਾ ਆਇਓ। ਹਰਿਦੁਆਰ, ਚਾਹੇ ਕੀਰਤਪੁਰ। ਪਿੰਡ-ਪਿੰਡ ਲੇਬਰ ਚੌਕ ਬਣਨਗੇ। ਸਪੇਨੀ ਆਖਦੇ ਨੇ, ਮੱਛੀ ਫੜਨੀ ਹੋਵੇ, ਫਿਰ ਗਿੱਲੇ ਹੋਣ ਤੋਂ ਨਹੀਂ ਡਰਦੇ।

                ਕਿਸਾਨ ਮੰਡਾਸੇ ਬੰਨ੍ਹ ਨਿਕਲੇ ਨੇ। ਪੌਂਚੇ ਚੁੱਕੇ ਹੋਏ ਨੇ। ਡੁੱਬਦਾ ਬੰਦਾ ਮੀਂਹ ਦੀ ਪ੍ਰਵਾਹ ਨਹੀਂ ਕਰਦਾ। ਕਿਸਾਨੀ ਦੇ ਨਾਲ ਜਵਾਨੀ, ਅੱਗੇ ਲੱਗ ਤੁਰੀ ਐ। ਮਹਿਲਾਂ ਵਾਲੇ ਐਵੇਂ ਨਹੀਂ ਕੰਬੇ। ਸੰਘਰਸ਼ੀ ਨਾਗ ਨੇ ਫੁੰਕਾਰੇ ਮਾਰੇ ਨੇ। ਸੰਤ ਰਾਮ ਉਦਾਸੀ ਦੀ ਹਾਜ਼ਰੀ ਵੀ ਕਬੂਲ ਕਰੋ...‘ਜਿਤਨੇ ਛੋਟੇ ਖੰਭ ਨੇ ਤੇਰੇ, ਉਤਨੇ ਤੇਰੇ ਪੰਧ ਲਮੇਰੇ/ਤੇਰੀਆਂ ਰਾਹਾਂ ’ਚ ਫੰਦਕ ਨੇ, ਕੀਤਾ ਗਰਦ ਗੁਬਾਰ, ਪੰਛੀਆ! ਨਵੀਂ ਉਡਾਰੀ ਮਾਰ। ਮੁਨਸ਼ੀ ਪ੍ਰੇਮ ਚੰਦ ਦਾ ਨਾਵਲ ‘ਗੋਦਾਨ’। ਜਗੀਰਦਾਰੀ ਤਖ਼ਤੇ ਦੀ ਚੂਲ ’ਚ ਫਸੇ ਕਿਸਾਨ ਹੋਰੀ ਦਾ ਬਿਰਤਾਂਤ ਹੈ। ਸੱਤਾ ਨਹੀਂ ਮੰਗਦਾ ਹੋਰੀ, ਬੱਸ! ਇੱਜ਼ਤ ਦੀ ਜ਼ਿੰਦਗੀ ਭਾਲਦੈ, ਜੋ ਉਸ ਦਾ ਭਾਗ ਨਹੀਂ ਬਣਦੀ। ਨੋਬਲ ਇਨਾਮ ਜੇਤੂ ਅਮਰੀਕੀ ਲੇਖਿਕਾ ਪਰਲ ਬੱਕ ਦਾ ਨਾਵਲ ‘ਖ਼ਰੀ ਜ਼ਮੀਨ’ (ਦਿ ਗੁੱਡ ਅਰਥ) ਚੀਨੀ ਕਿਸਾਨ ਵੈਂਗ ਦੀ ਪੀੜਾ ਹੈ। ਵੈਂਗ ਆਖਦਾ ਹੈ... ‘ਏਹ ਖੇਤ ਮੇਰੀ ਮਾਂ ਨੇ ਜਿਨ੍ਹਾਂ ਸਾਨੂੰ ਬੁੱਕਲ ’ਚ ਪਾਲਿਐ। ਭੁੱਖ-ਤ੍ਰੇਹ ਨਾਲ ਮਰਨਾ ਪ੍ਰਵਾਨ, ਪਰ ਮੈਂ ਆਪਣੀ ਮਾਂ ਨਹੀਂ ਵੇਚਾਂਗਾ।’ ਅੰਦੋਲਨਾਂ ’ਚ ਜੋ ਕਿਸਾਨ ਕੂਕ ਰਹੇ ਨੇ। ਉਨ੍ਹਾਂ ’ਚੋਂ ਪਰਲ ਬੱਕ ਦੇ ਵੈਂਗ ਅਤੇ ਕਿਤੇ ਮੁਨਸ਼ੀ ਪ੍ਰੇਮ ਚੰਦ ਹੋਰੀ ਦਾ ਝਓਲਾ ਪੈਂਦੇ। ‘ਪੰਜਾਬ ਬੰਦ’ ਵੀ ਹੋਣਾ ਹੈ। ਸਿੱਧਾ ਆਢਾ ਲਾਉਣਗੇ। ਅਮਿਤ ਸ਼ਾਹ ਨੂੰ ਤਾਹੀਓਂ ਹਿਚਕੀ ਲੱਗੀ ਐ। ‘ਹੱਥ ਸੋਚ ਕੇ ਗੰਦਲ ਨੂੰ ਪਾਈ..!’ ਜ਼ਮੀਨਾਂ ’ਚ ਕੋਈ ਅਡਾਨੀ ਵੜ ਕੇ ਤਾਂ ਦਿਖਾਵੇ। ਇਹੋ ਦਿਲਾਂ ਦੀ ਹੂਕ ਐ। ਪੰਜਾਬ ਵੱਟੋ-ਵੱਟ ਪਿਐ। ਨਵੀਂ ਲੀਕ ਕਿਸਾਨ ਖਿੱਚ ਰਹੇ ਨੇ। ਜਿਹੜੀ ਲੀਕ ਕਦੇ ਦੁੱਲੇ ਭੱਟੀ ਨੇ ਖਿੱਚੀ ਸੀ।

              ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਦ ਹਥੇਲੀ ’ਤੇ ਰੱਖ ਵੱਡੀ ਲਕੀਰ ਵਾਹੀ। ਵਾਹੀਕਾਰਾਂ ਨੂੰ ਮਾਲਕ ਬਣਾਤਾ। ਲੀਕਾਂ ਖਿੱਚਣ ਕਦੇ ਚਾਚਾ ਅਜੀਤ ਸਿੰਘ ਤੁਰੇ। ਕਦੇ ਤੇਜਾ ਸਿੰਘ ਸੁਤੰਤਰ ਜਿਨ੍ਹਾਂ ‘ਲਾਲ ਪਾਰਟੀ’ ਬਣਾਈ। ਅਜਮੇਰ ਅੌਲਖ ਮੁਜ਼ਾਰਾ ਪਰਿਵਾਰ ’ਚੋਂ ਸੀ। ਜ਼ਿੰਦਗੀ ਭਰ ਕਿਸਾਨਾਂ ਦੇ ਦੁੱਖ ਰੋਂਦਾ ਮਰ ਗਿਆ। ‘ਵਿੰਗੀ ਲੱਕੜ ਨੂੰ ਅੱਗ ਹੀ ਸਿੱਧੀ ਕਰਦੀ ਐ’। ਕਿਤੇ ਇਹ ਲੱਕੜ ਥੰਮ੍ਹੀ ਬਣਦੀ। ਸੜਕਾਂ ’ਤੇ ਕਿਸਾਨਾਂ ਦੇ ਦਰਦ ਨਾ ਵਹਿੰਦੇ।ਕੇਰਾਂ ਅਮਰਿੰਦਰ ਨੇ ਸੱਦਾ ਦਿੱਤਾ। ਵਿਧਾਇਕ ’ਤੇ ਮੰਤਰੀ ਕਿਸਾਨੀ ਖਾਤਰ ਖੇਤੀ ਸਬਸਿਡੀ ਛੱਡਣ। 117 ’ਚੋਂ ਕੇਵਲ ਦੋ ਵਜ਼ੀਰਾਂ ਨੇ ਸਬਸਿਡੀ ਛੱਡੀ। ਖ਼ਜ਼ਾਨਾ ਤਾਂ ਕੋਈ ਕਸਰ ਨਹੀਂ ਛੱਡਦਾ, ਵਿਧਾਇਕਾਂ ਦਾ ਸਾਲਾਨਾ 11 ਕਰੋੜ ਆਮਦਨ ਕਰ ਭਰਦੈ। ’ਕੱਲਾ ਕੁਲਜੀਤ ਨਾਗਰਾ ਜੇਬ ’ਚੋਂ ਆਮਦਨ ਕਰ ਭਰਦੈ। ਨਵਜੋਤ ਸਿੱਧੂ ਵੀ ਕੁਰਬਾਨੀ ਦੇ ਪੁੰਜ ਨੇ। ਗੁਰੂ ਨੇ ਅੌਹ ਵਗਾਹ ਮਾਰੀ ਵਜ਼ੀਰੀ। ਇੱਕ ਵਰ੍ਹੇ ਤੋਂ ਗਾਇਬ ਹੋਏ ਨੇ। ਕਿਤੇ ਬੱਚਿਆਂ ਵਾਂਗੂ ਜ਼ਿੱਦੀ ਨਾ ਬਣ ਜਾਣ...‘ਪਹਿਲਾਂ ਮੁੱਖ ਮੰਤਰੀ ਬਣਾਓ, ਫਿਰ ਦਿਆਂਗਾ ਦਰਸ਼ਨ।’ ਤੀਨ ਲੋਕ ਸੇ, ਮਥੁਰਾ ਨਿਆਰੀ। ਅੱਕੇ ਤੇ ਥੱਕੇ ਕਿਸਾਨ ਆਖਦੇ ਨੇ, ਬਥੇਰੀਆਂ ਰੈਲੀਆਂ ਦੇਖੀਆਂ। ਤਾੜੀਆਂ ਮਾਰ-ਮਾਰ ਹੱਥ ਥਕਾ ਬੈਠੇ ਹਾਂ, ਨਾਅਰੇ ਮਾਰ-ਮਾਰ ਸੰਘ ਸੁਕਾ ਬੈਠੇ ਹਾਂ। ਕਿਸਾਨ-ਮਜ਼ਦੂਰ ਹੁਣ ਬੁੱਝੀ ਬੈਠੇ ਨੇ। ਛੱਜੂ ਰਾਮ ਵੀ ਕਿਥੇ ਟਲਦੈ। ਜਣੇ-ਖਣੇ ਨੂੰ ਤਲੈਂਬੜ ਵੰਡੀ ਜਾਂਦੈ। ਵੈਸੇ ਭੁੱਖੇ ਅੱਗੇ ਕੋਈ ਰੋਟੀ ਸਖ਼ਤ ਨਹੀਂ ਹੁੰਦੀ। ਜਮਰੌਦ ਦਾ ਕਿਲਾ ਫ਼ਤਹਿ ਕਰਨਾ ਹੋਵੇ, ਫਿਰ ਅੰਦਰਲੇ ਨਲੂਏ ਜਾਗਦੇ ਨੇ। ਸਿਆਸੀ ਟੋਲਾ ਉਲਝਿਐ ਪਿਆ। ਚੀਚੀ ਨੂੰ ਖੂਨ ਲਾਇਐ..! ਕੁਰਬਾਨੀ-ਕੁਰਬਾਨੀ ਖੇਡਣ ਲਈ ਮੈਦਾਨ ’ਚ ਪਾਣੀ ਛਿੜਕ ਰਹੇ ਨੇ..!


 

2 comments:

  1. 22 ji me bahot bar tthodi post te comment karn lagda par mere koll koe sabad ni hunda ke me lekha ke
    So waheguru ji to bena me hor khus ni likh sakda waheguru ji

    ReplyDelete