Sunday, September 6, 2020

                       ਵਿਚਲੀ ਗੱਲ 
             ਸ਼ੰਕਰ ਸਾਧੂ ਤੇਰੋ ਨਾਮ..!
                      ਚਰਨਜੀਤ ਭੁੱਲਰ
ਚੰਡੀਗੜ੍ਹ : ਦਿਲਾਂ ’ਚੋਂ ਭਰਮ ਭੁਲੇਖੇ ਕੱਢੋ। ਸਾਰੇ ਸਾਧੂ ਫਕੀਰ ਨਹੀਂ ਹੁੰਦੇ। ਗੁਰੂ ਘੰਟਾਲ ਵੀ ਹੁੰਦੇ ਨੇ। ਸਾਧੂਪੁਣੇ ਨਾਲ ਤਾਂ ਸਾਈਕਲ ਨਹੀਂ ਜੁੜਦਾ। ਕੋਠੀਆਂ, ਕਾਰਾਂ ਤੇ ਸਰਕਾਰਾਂ ਤਾਂ ਦੂਰ ਦੀ ਗੱਲ। ਤੁਸੀਂ ਨਾਮ ਤੋਂ ਗਲਤ ਅੰਦਾਜ਼ੇ ਲਾ ਬੈਠੇ। ਸੱਚਮੁੱਚ ਅਕਲੋਂ ਪੈਦਲ ਨਿਕਲੇ। ਚੱਜ ਦੀ ਰੋਟੀ ਨਾ ਜੁੜੇ, ਫੇਰ ਸਾਧੂਗਿਰੀ ਨੂੰ ਕੀ ਚੱਟਣੈ। ਅਗਲੇ ਪੀਰਾਂ ਦੇ ਪੀਰ ਨਿਕਲੇ। ਬਲਿਹਾਰੇ ਜਾਵਾਂ ਬੱਕਰੀ ਵਾਲੇ ਛੜੇ ਪੰਡਤ ਤੋਂ। ਵੱਟ ਬੰਨੇ ਬੱਕਰੀ ਚਾਰਦਾ। ਨਾਲੇ ਭਜਨ ਵੀ ਜਪਦਾ। ਜਿਉਂ ਦਾਅ ਭਰਦਾ, ਜੱਟ ਦੇ ਖੇਤ ’ਚ ਬੱਕਰੀ ਛੱਡ ਦਿੰਦਾ। ਖੇਤ ਕੌਣ ਚਰਦੈ, ਪ੍ਰੇਸ਼ਾਨ ਜੱਟ ਰਾਖੀ ਬੈਠ ਗਿਆ। ਦੇਖਿਆ ਤਾਂ ਬੱਕਰੀ ਮੋਛੇ ਪਾਈ ਜਾਵੇ। ਪੰਡਤ ਜੀ ਦਾ ਮਾਲਾ ’ਤੇ ਜ਼ੋਰ। ਅੱਕਿਆ ਜੱਟ ਬੋਲਿਆ, ਦੇਵਤਾ ਜੀ, ਸ਼ਰਮ ਦਾ ਘਾਟੈ। ਬੱਕਰੀ ਤੋਂ ਖੇਤ ਚਰਾਉਣੈ, ਬੰਦਗੀ ਦਾ ਕੀ ਫਾਇਦੈ।ਅੱਗਿਓਂ ਪੰਡਤ ਜੀ ਪੈ ਨਿਕਲੇ, ‘ਜਜਮਾਨਾਂ, ਬੱਕਰੀ ਨੂੰ ਹੁਣ ਬੰਦਗੀ ਪਾਵਾਂ, ਕੁਛ ਖਾਊ ਤਾਂ ਭੋਰਾ ਦੁੱਧ ਦੇਊ। ‘ਸਾਈਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ’। ਚੱਲਣ ਲਈ ਗੱਡੀ ਨੂੰ ਤੇਲ ਚਾਹੀਦੈ, ਸਾਧੂਪੁਣਾ ਨਹੀਂ। ‘ਨਾਮ ਭਲਾ ਕਿ ਦਾਮ’। ਸਿਆਸੀ ਹਮਾਮ ’ਚ ਸਭ ਨੰਗ ਧੜੰਗੇ ਨੇ। ਜੋ ਫੜਿਆ ਜਾਵੇ, ਉਹ ਚੋਰ, ਬਾਕੀ ਦੁੱਧ ਧੋਤੇ। ਨਾਮ ’ਤੇ ਨਾ ਜਾਓ, ਦਿਮਾਗ ਵੀ ਝੱਸੋ। ਸਾਧ ਦੀ ਭੂਰੀ ’ਤੇ ਕਿੰਨਾ ’ਕੱਠ ਹੋਇਐ। ਸ਼ਰਾਫ਼ਤ ਦਾ ਤਾਂ ਜ਼ਮਾਨਾ ਨਹੀਂ ਰਿਹਾ।
              ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ। ਦਰਸ਼ਨੀ ਬੰਦੇ ਨੇ, ਸੁਭਾਅ ਦੇ ਨਿਰੇ ਸਾਧੂ। ਕੋਈ ਰੱਤੀ ਭਰ ਸ਼ੱਕ ਹੋਵੇ ਤਾਂ ਨਾਭੇ ਗੇੜਾ ਮਾਰਨਾ। ਉਸ ਮਹਿਲਾ ਪ੍ਰਿੰਸੀਪਲ ਨੂੰ ਪੁੱਛ ਲੈਣਾ। ‘ਸਾਧਾਂ ਨੂੰ ਕੀ ਸਵਾਦਾਂ ਤਾਈਂ’, ਜੋ ਇਹੋ ਸੋਚ ਗੁਸਤਾਖ਼ੀ ਕਰ ਬੈਠੀ, ਉਦਘਾਟਨੀ ਪੱਥਰ ’ਤੇ ਨਾਮ ਲਿਖਾਉਣ ਵੇਲੇ। ਮੰਤਰੀ ਨੇ ਪੂਰੇ ਕਰ ਕਮਲਾਂ ਨਾਲ ਫੀਤਾ ਖਿੱਚਿਆ। ਪੱਥਰ ’ਤੇ ਸਭ ਤੋਂ ਹੇਠਾਂ ਨਾਮ ਦੇਖ ਮੰਤਰੀ ਜੀ ਭੜਕ ਉਠੇ। ਇੱਕ ਚੜ੍ਹੇ, ਇੱਕ ਲਹੇ, ‘ਤੈਨੂੰ ਸਸਪੈਂਡ ਕਰਦੂੰ’। ਪ੍ਰਿੰਸੀਪਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪ੍ਰਿੰਸੀਪਲ ਪਾਪਾਂ ਦੀ ਭਾਗੀ ਬਣ ਗਈ। ਬੀਬਾ ਜੀ, ਗਲੀ ਮੁਹੱਲੇ ਘੁੰਮਦੇ ਕਿਸੇ ਸਾਧ ਨੂੰ ਖੀਰ ਖੁਆਓ। ਮੁਕਤੀ ਨਹੀਂ ਮਿਲਣੀ, ਰੂਹ ਭਟਕਦੀ ਰਹੂ। ਜਿੰਨੇ ਸਿਆਸੀ ਵਿਰੋਧੀ ਨੇ। ਕਿਸੇ ਨੂੰ ਢੋਈ ਨਹੀਂ ਮਿਲਣੀ। ਬਿਨਾਂ ਗੱਲੋਂ ਇਲਜ਼ਾਮ ਲਾ ਦਿੱਤੇ। ਅਖੇ ਵਜ਼ੀਫਾ ਘੁਟਾਲਾ ਕਰ’ਤਾ। ਫਾਰਸੀ ਅਖਾਣ ਐ..‘ਚੋਰਾਂ ਨੂੰ ਚੋਰਾਂ ਦੀ, ਸੰਤਾਂ ਨੂੰ ਸੰਤਾਂ ਦੀ ਪਛਾਣ ਹੁੰਦੀ ਹੈ।’ ਬਿਨਾਂ ਗੱਲੋਂ ਅਕਾਲੀ ਰੌਲਾ ਨਹੀਂ ਪਾ ਰਹੇ। ਬੁਰੀ ਤਰ੍ਹਾਂ ਅੜੇ ਨੇ, ‘ਸਾਧੂ ਜੀ ਅਸਤੀਫ਼ਾ ਦੇਵੇ।’ ਸੁਖਬੀਰ ਬਾਦਲ ਆਖਦੇ ਨੇ, ‘ਮੰਤਰੀ ਵਜ਼ੀਫਾ ਛੱਕ ਗਿਆ।’ ਪਰਕਰਮਾ ਕਰਨੋਂ ‘ਆਪ’ ਵਾਲੇ ਵੀ ਨਹੀਂ ਹਟਦੇ।
                 ਪਿਛਾਂਹ ਝਾਤ ਮਾਰੋ, ਵਰਨ ਆਧਾਰਿਤ ਕੰਮ ਵੰਡੇ ਗਏ.. ਸ਼ੂਦਰਾਂ ਨੂੰ ਨੀਵਾਂ ਦਰਜਾ ਦਿੱਤਾ। ਸਦੀਆਂ ਤੋਂ ਦਲਿਤ ਲਿਤਾੜੇ ਨੇ। ਕਮਿਊਨਿਸਟ ਨੂੰ ਪੁੱਛੋ, ਕਹੇਗਾ ਕਿਰਤ ਦੀ ਵੰਡ ਦਾ ਪੁਆੜੈ। ਗਰੀਬ ਘਰ ਦਾ ਮੁੰਡਾ ਮੰਤਰੀ ਬਣੇ, ਧਨਾਢਾਂ ਤੋਂ ਕਿਥੋਂ ਹਜ਼ਮ ਹੁੰਦੈ। ਅਰਥਚਾਰਾ ਦੇਸ਼ ਦਾ ਡਿੱਗਿਆ, ਬੀਬੀ ਸੀਤਾਰਾਮਨ ਨਿਰਮਲ ਮਨੋਂ ਬੋਲੀ.. ‘ਸਭ ਰੱਬ ਦੀ ਕਰਨੀ ਐ’। ਅਕਾਲੀ ਬਾਬਿਓ, ਤੁਸੀਂ ਬੀਬੀ ’ਤੇ ਭਰੋਸਾ ਕੀਤੈ, ਸਾਧੂ ’ਤੇ ਵੀ ਕਰੋ। ਵਜ਼ੀਫਾ ਫੰਡ ਛੂਮੰਤਰ ਹੋ ਗਏ, ਰੱਬ ਦੀ ਰਜ਼ਾ ਹੋਵੇਗੀ। ਮੌਲਾ ਦਾਣੇ ਦਾਣੇ ’ਤੇ ਮੋਹਰ ਲਾਉਂਦੈ। ਲੋਕਾਂ ਦੇ ਐਵੇਂ ਢਿੱਡ ਪੀੜ ਹੋਈ ਹੈ। ਪੰਜਾਬ ਤਾਂ ‘ਮੱਛੀ ਬਾਜ਼ਾਰ’ ਬਣਿਐ। ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ। ਵਜ਼ੀਫਾ ਘੁਟਾਲੇ ਦੇ ਖਾਤੇ ਫਰੋਲੇ। ਸਰੋਜ ਬਾਬੂ ਨੇ ਉਂਗਲ ਵਜ਼ੀਰ ’ਤੇ ਧਰ’ਤੀ।ਸਾਧੂ ਤਾਂ ਕਿਰਪਾ ਕਰਦੇ ਸੁਣੇ ਨੇ। ਸ਼ੰਕਰ ਦੀ ਕਿਰਪਾ ਤੋਂ ਕੋਈ ਸਾਧੂ ਏਨਾ ਦਹਿਲਐ, ਏਹ ਪਹਿਲੀ ਦਫ਼ਾ ਦੇਖਿਆ। ਸਾਧੂ ਮਹਾਰਾਜ ਇੰਝ ਬੋਲੇ.. ‘ਪਤਾ ਨਹੀਂ ਰੋਜ਼ ਐ ਕਿ ਸਰੋਜ ਐ, ਉਲਟਾ ਚੋਰ ਕੋਤਵਾਲ ਕੋ ਡਾਂਟੇ।’ ਲਓ ਜੀ.. ਸਾਧੂ ਤਾਂ ਸ਼ੰਕਰ ਦੀ ਰਗ-ਰਗ ਦੇ ਭੇਤੀ ਨੇ। ਜੋ ਤਣ ਲੱਗੇ, ਸੋਈ ਜਾਣੇ। ਭੋਰਾ ਸ਼ਰਮ ਨਹੀਂ ਮੰਨੀ। ਦੰਭੀ ਲੋਕਾਂ ਨੇ ਸ਼ੰਕਰ ਦੀ ਲੋਈ ’ਤੇ ਦਾਗ ਲਾਏ ਸਨ। ਉਦੋਂ ਕਿਰਪਾ ਸ਼ੰਕਰ ਸਰੋਜ ਐੱਮ.ਡੀ ਸਨ। ਪੰਜਾਬ ਐਗਰੋਂ ’ਚ 17 ਕਰੋੜ ਦੇ ਘਪਲੇ ’ਚ ਘਿਰੇ। ਕਿੰਨਾ ਸਮਾਂ ਮੁਅੱਤਲ ਰਹੇ। ਵਾਸ਼ਿੰਗ ਮਸ਼ੀਨ ਬਥੇਰਾ ਘੁੰਮਾਈ। ਚਿੱਟੀ ਚਾਦਰ ਤੋਂ ਦਾਗ ਗਏ ਨਹੀਂ।
                 ਸਾਧੂ ਧਿਆਨ ਸਿੰਘ ਆਰਫ਼ ਦੀ ਕਾਫ਼ੀ ਐ.. ‘ਮੋਹ ਮਾਇਆ ਨਾ ਵਿਚੋਂ ਕੱਢੇ, ਨਾਮ ਫ਼ਕੀਰ ਧਰਾਈਆ ਈ/ਚਿੱਟੀ ਚਾਦਰ ਸੰਤਾਂ ਵਾਲੀ, ਦਾਗ ਸਿਆਹੀ ਲਾਇਆ ਈ।‘ ਦਸੌਂਧਾ ਸਿਓਂ ਨੂੰ ਮੌਕਾ ਮਿਲੇ, ਝੱਟ ਇਨ੍ਹਾਂ ਦਾ ਗੜਵਈ ਬਣ ਜਾਵੇ। ਜੋਤਸ਼ੀ ਆਖਦੇ ਨੇ.. ਮਾੜਾ ਸਮਾਂ ਚੱਲਦੈ, ਪੰਡਤ ਆਖਦੇ ਨੇ.. ਤਿਲ ਚੌਲੀ ਪਾਓ। ਮਾਇਆ ਹੱਥਾਂ ਦੀ ਮੈਲ ਐ..ਵਜ਼ੀਰ ਧਰਮਸੋਤ ਕੋਲ 82.87 ਲੱਖ ਦੀ ਸੰਪਤੀ ਹੈ। ਕਿਰਪਾ ਸ਼ੰਕਰ ਸਰੋਜ ਕੋਲ ਸਿਰਫ਼ 50.56 ਲੱਖ ਦਾ ਘਰ। ਆਇਰਲੈਂਡੀ ਕਹਾਵਤ ਐ..‘ਪੁਰਾਣੇ ਝਾੜੂ ਨੂੰ ਗੰਦੇ ਖੂੰਜਿਆਂ ਦਾ ਸਭ ਤੋਂ ਵੱਧ ਪਤਾ ਹੁੰਦੈ।‘ ਗੁਰਸ਼ਰਨ ਭਾਜੀ ਦਾ ਕਦੇ ਡਰਾਮਾ ਦੇਖਣਾ ‘..ਤੇ ਦੇਵ ਪੁਰਸ਼ ਹਾਰ ਗਏ।’ ਜਿਸ ’ਚ ਇੱਕ ਸਾਧ ਆਖਦੈ..‘ਹਮ ਚੰਦਰੀ ਮਾਇਆ ਕੋ ਹਾਥ ਨਹੀਂ ਲਗਾਤੇ, ਮਾਈ ਇਸ ਕੋ ਸੰਤਾਂ ਕੀ ਝੋਲੀ ਮੇ ਡਾਲ ਦੋ।’ ਇੰਜ ਲੱਗਦੈ, ਜਿਵੇਂ ਡਰਾਮੇ ਵਾਲਾ ਸਾਧ ਚੋਣ ਜਿੱਤ ਗਿਆ ਹੋਵੇ। ਸਾਧੂ ਸੰਤ ਤਾਂ ਜਾਣੀ ਜਾਣ ਨੇ। ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ। ‘ਆਪ’ ਵਾਲੇ ਸਰਕਾਰ ਹਿਲਾਉਣ ਨੂੰ ਫਿਰਦੇ ਨੇ। ਕੈਪਟਨ ਸਾਹਿਬ, ਹਮੇਸ਼ਾਂ ਦਲਿਤਾਂ ਤੋਂ ਜਾਨ ਵਾਰਦੇ ਨੇ। ਬੱਸ ਰਾਜ ਧਰਮ ਨਿਭਾ ਦੇਣ, ਜਾਨ ਛੁਡਾ ਦੇਣ। ਫੇਰ ਸ਼ਗਨ ਸਕੀਮ ਵੀ ਦੇਣਗੇ। ਦਲਿਤ ਬੱਚਿਆਂ ਨੂੰ ਵਜ਼ੀਫਾ ਵੀ।
               ‘ਆਪ’ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ। ਸਿਰੇ ਦੇ ਨਿਕੰਮੇ ਨਿਕਲੇ। ਮਾੜਾ ਮੋਟਾ ਹੱਥ ਪੱਲਾ ਮਾਰਦੇ। ਪੁੱਤ ਪੋਤੇ ਅਸੀਸਾਂ ਦਿੰਦੇ। ਪ੍ਰੋਫੈਸਰ ਨੂੰ ਪੀ.ਏ ਹੀ ਠੱਗ ਗਿਆ। ਐੱਮ.ਪੀ ਵਾਲੀ ਤਨਖਾਹ ਲੈ ਕੇ ਤਿੱਤਰ ਹੋ ਗਿਆ। ਪ੍ਰੋਫੈਸਰ ਸਾਹਿਬ, ਫਰੀਦਕੋਟ ਛੱਡੋ, ਨਾਭੇ ਟਰੇਨਿੰਗ ਕੈਂਪ ਲਾਓ। ਚੰਦਰਾ ਜ਼ਮਾਨਾ ਆਇਆ। ਅਗਨੀ ਪ੍ਰੀਖਿਆ ਸਾਧੂ ਦੇ ਰਹੇ ਨੇ। ਸਾਧੂ ਸਿੰਘ ਇੱਕ ਮਲਵਈ ਜਥੇਦਾਰ ਸੀ। ਪੁਲੀਸ ਅਫਸਰਾਂ ਦਾ ਕੱਖ ਨਾ ਰਹੇ, ਜਿਨ੍ਹਾਂ ਸਾਧੂ ਸਿਓਂ ’ਤੇ ਭੁੱਕੀ ਦਾ ਕੇਸ ਪਾਇਆ। ਆਖਰ ਅਦਾਲਤਾਂ ’ਚੋਂ ਇਨਸਾਫ ਮਿਲਿਆ। ਬਠਿੰਡੇ ਵੱਲ ਇੱਕ ਵੱਡਾ ਅਧਿਕਾਰੀ ਸੀ। ਨਾਮ ਸਾਧੂ ਸਿੰਘ, ਬੜੇ ਚਰਚੇ ਸਨ ਉਸ ਭਲੇ ਬੰਦੇ ਦੇ। ਪੁਲੀਸ ਨੇ ਵੱਢੀਖੋਰੀ ’ਚ ਫੜ ਲਿਆ। ਘਰੋਂ 150 ਗਰਾਮ ਅਫ਼ੀਮ ਵੀ ਚੁੱਕ ਲਿਆਏ, ਭੋਰਾ ਤਰਸ ਨਹੀਂ ਕੀਤਾ। ਲਾਲੂ ਪ੍ਰਸਾਦ ਯਾਦਵ ਦਾ ਸਾਲਾ ਸਾਬਕਾ ਐੱਮ.ਪੀ ਸਾਧੂ ਯਾਦਵ। ਸਾਧੂਆਂ ਦਾ ‘ਹਲਕਾ ਇੰਚਾਰਜ’ ਹੈ। ਡੰਗਰਾਂ ਦਾ ਚਾਰਾ ਕਿਵੇਂ ਛੱਕਣੈ, ਕੋਈ ਉਸ ਤੋਂ ਗੁਰ ਲਵੇ।ਸਿਆਸਤ ਦੇ ਮੌਜੂਦਾ ਸਾਧੂ ਸੰਤਾਂ ਵੱਲ ਵੇਖ। 1957 ਵਾਲੇ ਚੌਧਰੀ ਸਾਧੂ ਰਾਮ ਦੀ ਰੂਹ ਕੰਬੀ ਹੋਊ। ਜੀਹਨੇ ਪੂਰੀ ਜ਼ਿੰਦਗੀ ਦਲਿਤਾਂ ਲੇਖੇ ਲਾਈ। ਤਿੰਨ ਵਾਰੀ ਐੱਮ.ਪੀ ਬਣਿਆ। ਦੂਜੇ ਬੰਨੇ ਹੁਣ ਸਾਧੂ ਚਰਨ ਖੜ੍ਹੈ। ਝਾਰਖੰਡ ਤੋਂ ਭਾਜਪਾਈ ਵਿਧਾਇਕ। ਕਿਤੇ ਉਦਘਾਟਨ ਮੌਕੇ ਵਰਕਰ ਨੇ ਸਵਾਲ ਕੀਤਾ। ਮੌਕੇ ’ਤੇ ਕੁੱਟ ਧਰਿਆ। ਕੋਈ ਅਫਸਰ ਬੋਲ ਬੈਠਾ, ਥੱਪੜ ਜੜ ਦਿੱਤਾ, ਹੱਥੋਂ ਹੱਥ ਇਨਸਾਫ ਵੰਡਦੈ। ਕਿਤੇ ਸਾਧੂ ਚਰਨ ਦੇ ਚਰਨੀਂ ਲੱਗੇ ਹੁੰਦੇ। ਮਜਾਲ ਐ ਵਜ਼ੀਫਾ ਘੁਟਾਲੇ ਦਾ ਧੂੰਆਂ ਨਿਕਲ ਜਾਂਦਾ।
                 ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦਾਮਾਦ ਸਾਧੂ ਪਾਸਵਾਨ ਐ। ਟਿਕਟ ਨਾ ਦਿੱਤੀ, ਪ੍ਰਾਹੁਣਾ ਰੋਣ ਬੈਠ ਗਿਆ। ਮੱਧ ਪ੍ਰਦੇਸ਼ ਸਰਕਾਰ ਨੇ ਪੰਜ ਸਾਧੂਆਂ ਨੂੰ ਮੰਤਰੀ ਦਾ ਦਰਜਾ ਦਿੱਤਾ। ਯੂ.ਪੀ ਵਾਲੇ ਯੋਗੀ ਨੇ ਸਾਧੂਆਂ ਨੂੰ ਪੈਨਸ਼ਨ ਲਾਈ ਹੈ। ਧਰਮਸੋਤ ਜੀ! ਫਿਕਰ ਛੱਡੋ। ਥੋਨੂੰ ਪੌਣੇ ਤਿੰਨ ਲੱਖ ਰੁਪਏ ਚੜ੍ਹੇ ਮਹੀਨੇ ਪੈਨਸ਼ਨ ਮਿਲੂ। ਦੇਸ਼ ਜੀਡੀਪੀ ’ਚ, ਪੰਜਾਬ ਪੁਰਾਣੇ ਡੀਜੀਪੀ ਸੁਮੇਧ ਸੈਣੀ ’ਚ ਉਲਝਿਐ। ਕੇਂਦਰ ਆਖਦੈ.. ਹੁਣੇ ਪ੍ਰੀਖਿਆ ਦਿਓ। ਖੁਦ ਸੰਸਦ ’ਚ ਸਵਾਲਾਂ ਤੋਂ ਭੱਜਦੈ। ਨਰਿੰਦਰ ਮੋਦੀ ਤੋਂ ਮੱਤ ਲਓ...ਖਿਡੌਣੇ ਬਣਾਓ, ਕੁੱਤੇ ਪਾਲੋ, ਗੱਲ ਨਾ ਬਣੇ ਤਾਂ ਪਕੌੜੇ ਤਲ ਲੈਣਾ। ਨੌਜਵਾਨ ਹੱਥ ਮਲ ਰਹੇ ਨੇ, ਸਾਧੂ ਪਕੌੜੇ ਛੱਕ ਰਹੇ ਨੇ। ‘ਆਪ’ ਵਾਲੇ ਪੁਤਲੇ ਸਾੜ ਰਹੇ ਨੇ। ਜਾਪਾਨੀ ਆਖਦੇ ਨੇ.. ਲਾਲਚੀ ਕੁੱਤੇ ਨੂੰ ਸੋਟੀ ਟੱਕਰ ਹੀ ਪੈਂਦੀ ਹੈ। ਸੋਟੇ ਘੜਨ ਦਾ ਠੇਕਾ ’ਕੱਲੇ ਛੱਜੂ ਰਾਮ ਨੇ ਨਹੀਂ ਲਿਆ। ਥੋਨੂੰ ਵੀ ਆਲਸ ਛੱਡਣੀ ਪਊ..। ਅਖੀਰ ’ਚ ਚੰਦ ਲਾਈਨਾਂ..‘ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫ਼ਕੀਰ ਦੀ ਲੋਈ/ਚਿੱਟੀ ਚਾਦਰ ਨੂੰ ਦਾਗ ਲੱਗੇਗਾ, ਲੋਈ ਨੂੰ ਦਾਗ ਨਾ ਕੋਈ।

2 comments: