Sunday, September 13, 2020

                          ਵਿਚਲੀ ਗੱਲ   
                ਮੈਂ ਤਾਂ ਇੱਕ ਪੱਥਰ ਹਾਂ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਮੈਕਸੀਕੋ ਵਾਲੇ ‘ਮੋਇਆਂ ਦਾ ਦਿਨ’ ਮਨਾਉਂਦੇ ਨੇ। ਧਿਆਨ ਧਰ ਕਬਰਾਂ ਸਜਾਉਂਦੇ ਨੇ। ਸਭ ਕੁਝ ਰੂਹਾਂ ਦੀ ਸ਼ਾਂਤੀ ’ਤੇ ਸਕੂਨ ਲਈ। ਪੱਛਮੀ ਇਸਾਈ ਮੱਤ ‘ਆਤਮਾਵਾਂ ਦਾ ਦਿਨ’ ਮਨਾਉਂਦੈ। ਮਨੋਚਿੱਤ ਵੱਡ ਵਡੇਰਿਆਂ ਨੂੰ ਧਿਆਉਂਦੈ। ਬੋਲੀਵੀਆ ਵਾਲੇ ਵੀ ‘ਖੋਪੜੀਆਂ ਦਾ ਦਿਨ’ ਸ਼ਰਧਾ ਨਾਲ ਮਨਾਉਂਦੇੇ ਨੇ। ਘਰਾਂ ’ਚ ਖੋਪੜੀਆਂ ਰੱਖਦੇ ਨੇ। ਵਾਰਸਾਂ ਨੂੰ ਜੜ੍ਹਾਂ ਨਾਲ ਜੋੜੀ ਰੱਖਣ ਲਈ। ਅਕਲ ਦਾ ਟੈਲੀਸਕੋਪ ਘੁਮਾਓ। ਜਰਾ ਗਹੁ ਨਾਲ ਵੇਖੋ, ਪੰਜਾਬ ਕਿਵੇਂ ਮਟੀਆਂ ’ਤੇ ਲੱਸੀ ਪਾ ਰਿਹੈ। ਕੋਈ ਨੱਥੂ ਖੈਰਾ ਚੜ੍ਹਾਈ ਕਰ ਜਾਏ। ਫੁੱਲ ਗੰਗਾ ਵਾਲੇ ਸੂਏ ’ਚ ਤਾਰਦੇ ਨੇ। ਕਿਤੇ ਅਸ਼ਾਂਤ ਰੂਹ ਨਾ ਭਟਕਣ। ਖੇਤ ’ਚ ਚਾਰ ਕੁ ਇੱਟਾਂ ਦੀ ਮਟੀ ਬਣਾਉਂਦੇ ਨੇ। ਵਰ੍ਹੇ ਛਿਮਾਹੀ ਕੂਚੀ ਘਸਾਉਂਦੇ ਨੇ। ਬਾਬੇ ਦੀ ਗਤੀ ਦਾ, ਹੈ ਨਾ ਸਸਤਾ ਨੁਸਖ਼ਾ। ਉਪਰੋਂ ਟਾਹਲੀ ਦੀ ਛਾਂ, ਰਜਵੀਂ ਰੂਹ ਵਾਲਾ ਬਾਬਾ, ਬੁੱਲ੍ਹੇ ਵੱਡੂ। ਜਪਾਨੀ ਪਿੰਡ ਦੀ ਲੋਕ ਕਥਾ ਸੁਣੋ। ਜਿਥੋਂ ਦੇ ਬੇਅੌਲਾਦ ਜੋੜੇ ਯਤੀਮ ਬੱਚਿਆਂ ਨੂੰ ਗੋਦ ਲੈਂਦੇ ਨੇ। ਸਿਰਫ਼ ਪੁਰਖਿਆਂ ਦੀ ਅਸ਼ਾਂਤ ਰੂਹ ਨੂੰ ਪ੍ਰਸੰਨ ਚਿੱਤ ਕਰਨ ਲਈ। ਜਿਸ ਘਰ ਅੌਲਾਦ ਨਹੀਂ, ਉਨ੍ਹਾਂ ਦੇ ਮੋਇਆ ਨੂੰ ਢੋਈ ਨਹੀਂ ਮਿਲਦੀ। ਜਪਾਨੀਓ, ਤੁਸੀਂ ਡੀਂਗਾਂ ਨਾ ਮਾਰੋ, ਪੰਜਾਬ ਦਾ ਗੇੜਾ ਮਾਰੋ। ਇਕਾਗਰ ਮਨ ਨਾਲ ਦੇਖਿਓ। ਅਮਰਿੰਦਰ ਸਿਓ ਦੇ ਲਾਡਲੇ ਵਿਧਾਇਕਾਂ ਨੂੰ। ਪੱਥਰਾਂ ਤੋਂ ਕਿਵੇਂ ਪਰਦੇ ਤੇ ਪਰਦਾ ਹਟਾਉਂਦੇ ਨੇ।
                  ਵਿਧਾਇਕ ਬਰਿੰਦਰਮੀਤ ਪਾਹੜਾ ਨੂੰ ਸੱਤ ਸਲਾਮਾਂ। ਇਕੱਲੇ ਪੜ੍ਹੇ ਨਹੀਂ, ਗੁੜ੍ਹੇ ਵੀ ਨੇ। ਮਜੀਠੀਆ ਨੂੰ ਛੱਡੋ, ਮਾਝੇ ਦੇ ਅਸਲੀ ਜਰਨੈਲ ਤਾਂ ਪਾਹੜਾ ਸਾਹਿਬ ਨੇ। ਸੋਲਾਂ ਆਨੇ ਸੱਚੀ ਫਰਮਾਉਂਦੇ ਨੇ, ਐਨ ਚੌਵੀ ਕੈਰਟ ਖਰੇ ਨੇ। ਢਾਈ ਕੁ ਮਹੀਨੇ ਪਿਛਾਂਹ ਵੇਖੋ। ਗਿੱਦੜਵਿੰਡੀ (ਗੁਰਦਾਸਪੁਰ) ’ਚ ਪਾਹੜਾ ਜੀ ਨੇ ਚਰਨ ਪਾਏੇ। ਪਾਹੜਾ ਨੇ ਆਪਣੇ ਸ਼ੁਭ ਹੱਥਾਂ ਨਾਲ ਫੀਤਾ ਖਿੱਚਿਆ। ਸਿਵਿਆਂ ਦਾ ਹੋ ਗਿਆ ਉਦਘਾਟਨ। ਤਾੜੀਆਂ ਵੱਜੀਆਂ, ਨਾਅਰੇ ਗੂੰਜੇ। ਸਵਰਗਾਂ ਦੀ ਪੁਰੀ ਧੰਨ ਧੰਨ ਹੋ ਗਈ। ਬੇਅਰਾਮ ਰੂਹਾਂ ਨੂੰ ਥਾਂ ਨਾ ਲੱਭੇ।ਪਾਹੜਾ ਜੀ ਨੇ ਸਿਵਿਆਂ ’ਚ ਖੜ੍ਹ ਕੇ। ਰੂਹਾਂ ਨੂੰ ਹਾਜਰ ਨਾਜਰ ਜਾਣ ਕੇ। ਹੱਥ ਜੋੜ ਐਲਾਨ ਕੀਤਾ, ‘ਪਿੰਡੋਂ ਪਿੰਡ ‘ਮਾਡਲ ਸ਼ਮਸ਼ਾਨ ਘਾਟ’ ਬਣਾਵਾਂਗੇ। ਇੱਕੋ ਨਕਸ਼ਾ ਤੇ ਇੱਕੋ ਰੰਗ। ਦੇਖਦੇ ਰਹਿ ਜਾਓਗੇ। ਪਰਲੋਕ ’ਚ ਬੈਠਾ ਧਰਮਰਾਜ ਜਰੂਰ ਹੱਸਿਆ ਹੋਊ। ਯਮਦੂਤਾਂ ਨੇ ਭੰਗੜੇ ਪਾਏ ਹੋਣਗੇ। ਪ੍ਰੋ. ਨਰਿੰਦਰ ਕਪੂਰ ਆਖਦੇ ਨੇ, ‘ਚਾਰਦੀਵਾਰੀ ਦੀ ਸ਼ਮਸ਼ਾਨਘਾਟ ਨੂੰ ਲੋੜ ਨਹੀਂ ਹੁੰਦੀ, ਅੰਦਰੋਂ ਕੋਈ ਬਾਹਰ ਨਹੀਂ ਆ ਸਕਦੇ, ਬਾਹਰੋ ਅੰਦਰ ਕੋਈ ਜਾਣਾ ਨਹੀਂ ਚਾਹੁੰਦੇ।’
          ਜ਼ਮੀਰ ਮਰ ਜਾਏ, ਉਦੋਂ ਰੂਹਾਂ ਨੂੰ ਠਿੱਠ ਹੋਣਾ ਪੈਂਦੈ। ਜਿਵੇਂ ਪਿੰਡ ਮਹਿਮਾ ਸਰਕਾਰੀ (ਬਠਿੰਡਾ) ’ਚ ਹੋਇਐ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪੈਸੇ ਘੱਲੇ। ਅਕਾਲੀ ਪੰਚਾਇਤ ਨੇ ਸਿਵੇ ਚਮਕਾ ਦਿੱਤੇ। ਪਹਿਲਾਂ ਅਕਾਲੀ ਸਰਪੰਚ ਨੇ ਫੀਤਾ ਖਿੱਚ ਦਿੱਤਾ। ਮਗਰੋਂ ਕਾਂਗਰਸੀ ਵਿਧਾਇਕ ਪ੍ਰੀਤਮ ਕੋਟਭਾਈ ਨੇ। ਸਿਵਿਆ ਚੋਂ ਗੈਬੀ ਆਵਾਜ਼ ਗੂੰਜ ਉੱਠੀ..‘ਸਾਨੂੰ ਹੁਣ ਤਾਂ ਚੈਨ ਲੈਣ ਦਿਓ’। ਹਰਦੁਆਰੀ ਪੰਡਤ ਆਖਦੇ ਨੇ ‘ਭਟਕਦੀ ਰੂਹ ਦਾ ਕੋਈ ਸਿਰਨਾਵਾਂ ਨਹੀਂ ਹੁੰਦਾ।’ ਸਿਆਸੀ ਜ਼ਮੀਰ ਸਾਹ ਤਿਆਗ ਜਾਵੇ, ਫਿਰ ਗਤੀ ਕੌਣ ਕਰਾਵੇ। ਭੁਗਤਣਾ ਪੰਜਾਬ ਨੂੰ ਪੈਣੈ। ਦੁੱਖ ਘੋਟ ਕੇ ਪੀਣਾ ਲੋਕਾਂ ਦਾ ਸ਼ੌਕ ਨਹੀਂ। ਗੁਆਢੀ ਪਿੰਡ ਮਹਿਮਾ ਭਗਵਾਨਾ ਦੂਰ ਨਹੀਂ। ਕਾਫ਼ੀ ਸਮਾਂ ਪਹਿਲਾਂ ਦਲਿਤ ਬੱਚਾ ਫੌਤ ਹੋਇਆ, ਪਿੰਡ ਦੀ ਜ਼ਮੀਰ ਖੁਦਕੁਸ਼ੀ ਕਰ ਗਈ। ਬੱਚੇ ਨੂੰ ਸਿਵੇ ਨਸੀਬ ਨਾ ਹੋਏ। ਦੇਹ ਨੂੰ ਅਗਨੀ ਸੜਕ ਕੰਡੇ ਦਿਖਾਈ। ਸੋਚ ਜਦੋਂ ਛੋਟੀ ਪੈ ਜਾਵੇ, ਢਿੱਡ ਵੱਡੇ ਹੋ ਜਾਣ, ਸ਼ਰਮ ਲੰਮੀਆਂ ਤਾਣ ਲਵੇ। ਫਿਰ ਲਾਸ਼ਾਂ ਰੁਲਦੀਆਂ ਨੇ। ਬਲਦੇ ਸਿਵੇ ਸਕੂਨ ਦਿੰਦੇ ਹਨ। ਕਾਦੀਆਂ ਦੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ। ਕਿਸੇ ਨਾਲੋਂ ਘੱਟ ਨਹੀਂ।
         ਕਰੋਨਾ ਦੀ ਪ੍ਰਵਾਹ ਨਹੀਂ ਕੀਤੀ। ਜਾਨ ਧਲੀ ’ਤੇ ਰੱਖ ਪਿੰਡ ਆਲਮਾਂ ਦੇ ਸਿਵਿਆਂ ’ਚ ਗਏ। ਸ਼ਮਸ਼ਾਨ ਘਾਟ ਵਿਚ ਟੈਂਟ ਲੱਗਾ। ਉਦਘਾਟਨ ਕਰ ਕਮਲਾਂ ਨਾਲ ਕੀਤਾ। ਕਾਸ਼ ! ਬੇਅਰਾਮ ਰੂਹਾਂ ਦੀ ਕੋਈ ਚੁਣੀ ਹੋਈ ਜਥੇਬੰਦੀ ਹੁੰਦੀ। ਪ੍ਰਧਾਨ ਜੀ, ਬਾਜਵਾ ਸਾਹਿਬ ਨੂੰ ਮਿਸਰੀ ਖੁਆਉਂਦੇ। ਚਿੱਟੀ ਲੋਈ ਦੇ ਕੇ ਨਾਲੇ ਫੋਟੋ ਖਿਚਾਉਂਦੇੇ। ਬਰਮਾ ਦੀ ਅਖਾਣ ਹੈ..‘ਨਰਕ ’ਚ ਰਹਿਣ ਵਾਲਾ ਗਰਮ ਸੁਆਹ ਤੋਂ ਨਹੀਂ ਡਰਦਾ।’ ਪੰਜਾਬੀਆਂ ਦੀ ਨਿਡਰਤਾ ਦਾ ਸਿੱਕਾ ਖੋਟਾ ਨਹੀਂ। ਫਿਰੋਜ਼ਪੁਰ (ਦਿਹਾਤੀ) ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ। ਪਿੰਡ ਕੋਟ ਆਸਾ ਸਿੰਘ ’ਚ ਨਵਾਂ ਸ਼ਮਸ਼ਾਨਘਾਟ ਬਣਿਐ। ਉਦਘਾਟਨ ਮੈਡਮ ਵਿਧਾਇਕਾ ਨੇ ਕੀਤਾ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ‘ਮੁਰਦੇ ਦੀ ਤਾਕਤ’, ਸਮਾਂ ਮਿਲੇ ਤਾਂ ਜਰੂਰ ਪੜ੍ਹਨਾ। ਪੰਜਾਬ ਕਦੇ ਅਣਖ ਦਾ ਪ੍ਰਤੀਕ ਸੀ। ਦਰਿਆਵਾਂ ਵਰਗੇ ਦਿਲ, ਪਹਾੜਾਂ ਜੇਡੇ ਹੌਸਲੇ ਸਨ। ਕਿਸੇ ਦੀ ਟੈਂਅ ਨਹੀਂ ਮੰਨਦੇ ਸਨ। ਵੇਲੇ ਸਿਰ ਜ਼ਮੀਰਾਂ ਦੀ ਗਤੀ ਕੀਤੀ ਹੁੰਦੀ। ਨੀਂਹ ਪੱਥਰਾਂ/ਉਦਘਾਟਨੀ ਪੱਥਰਾਂ ’ਚ ਅੱਜ ਨਾ ਉਲਝਦੇ।
        ਚੋਣਾਂ ਦੂਰ ਨਹੀਂ, ਪੰਜਾਬ ’ਚ ਇਹੋ ਕੁਝ ਹੋਣੈ। ਅੰਬਰਾਂ ਨੂੰ ਟਾਕੀ ਲਾਉਣਗੇ। ਨੀਂਹਾਂ ਮਜ਼ਬੂਤ ਹੋਣ, ਫਿਰ ਨੀਂਹ ਪੱਥਰ ਰੱਖਣ ਦੀ ਲੋੜ ਨਹੀਂ ਪੈਂਦੀ। ਸਿਵਿਆਂ ਦੇ ਉਦਘਾਟਨ ਹੋਣ ਲੱਗ ਜਾਣ। ਜ਼ਮੀਰਾਂ ਨੂੰ ਫਿਰ ਸੰਨਿਆਸੀ ਹੋਣਾ ਪੈਂਦੈ। ਵਰ੍ਹਿਆਂ ਤੋਂ ਫੀਤੇ ਖਿੱਚਣ ਵਾਲੇ। ਕਿੰਨਾ ਕੁਝ ਛੱਕ ਗਏ। ਰੇਤਾ ਬਜਰੀ ਤੇ ਮੁਰਦਿਆਂ ਦੀਆਂ ਪੈਨਸ਼ਨਾਂ..। ਇਨ੍ਹਾਂ ਰੂਹਾਂ ਦੀ ਤ੍ਰਿਪਤੀ ਨਹੀਂ ਹੋਈ। ਇਕੱਲੀ ਜੀਡੀਪੀ ਨਹੀਂ ਡਿੱਗਦੀ। ਬਿਹਾਰੀ ਪੁਲ ਵੀ ਡਿੱਗਦੇ ਨੇ। ਕੰਗਨਾ ਰਣੌਤ ਦੇ ਛੱਜੇ ਦਾ ਢਹਿਣਾ, ਕੌਮੀ ਖ਼ਬਰ ਬਣਦਾ ਹੈ। ਦਿੱਲੀ ਦੇ ਰੇਲ ਮਾਰਗ ਨਾਲ ਬਣੀਆਂ ਝੁੱਗੀਆਂ ’ਤੇ ਬੁਲਡੋਜ਼ਰ ਚੱਲਣੈ। ਉਸ ਦੀ ਕੌਣ ਖ਼ਬਰ ਲਊ। ਮਥਰਾ ’ਚ ਹੇਮਾ ਮਾਲਿਨੀ ਨੇ ਪਖਾਨੇ ਦਾ ਉਦਘਾਟਨ ਕੀਤਾ। ਨਾਰੀਅਲ ਤੋੜਿਆ ਗਿਆ, ਪਾਠ ਪੂਜਾ ਹੋਈ। ਝਾਰਖੰਡ ਦੇ ਭਾਜਪਾਈ ਐਮ.ਪੀ ਰਾਮ ਟਹਿਲ ਚੌਧਰੀ। ’ਕੱਲੇ ਈ-ਟੁਆਲਿਟ ਦੇ ਅੰਦਰ ਗਏ। ਉਦਘਾਟਨ ਕਰਕੇ ਬਾਹਰ ਨਿਕਲੇ। ਤਾੜੀਆਂ ਵੱਜੀਆਂ, ਝੰਡੇ ਲਹਿਰਾਏ। ਕਿਸੇ ਨੇ ਉੱਚੀ ਨਾਅਰਾ ਲਾਇਆ..‘ਚੌਧਰੀ ਤੇਰੀ ਸੋਚ ’ਤੇ..। ਸੌਚ ਚੋਂ ਸੋਚ ਨਿਕਲੇ, ਉਦੋਂ ਭਾਣਾ ਮੰਨਣਾ ਪੈਂਦਾ ਹੈ।
       ਢਿੱਡ ਦੀ ਅੱਗ ਨਾ ਬੁਝੇ ਤਾਂ ਸਿਵੇ ਬਲਦੇ ਨੇ। ਜਲੂਰ ਕਾਂਡ ਵਾਲੀ ਗੁਰਦੇਵ ਕੌਰ। ਏਸ ਮਾਈ ਦੀ ਲਾਸ਼ ਸਵਾ ਮਹੀਨਾ ਰੁਲਦੀ ਰਹੀ। ਪ੍ਰੀਤਮ ਛਾਂਜਲੀ ਦੀ ਲਾਸ਼ ਮਹੀਨਾ ਰੁਲੀ। ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ’ਚ, ਖੋਪੜੀਆਂ ਆਈਆਂ, ਕੇਂਦਰ ਤੋਂ ਨਿਆਂ ਮੰਗਣ। ਸੁਰਜੀਤ ਪਾਤਰ ਦੀਆਂ ਚੰਦ ਸਤਰਾਂ..‘ਕੀ ਇਹ ਇਨਸਾਫ ਹਊਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ/ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ।’ ਪਹਿਲਾਂ ਅਕਾਲੀ, ਹੁਣ ਕਾਂਗਰਸੀ। ਸਿਵਿਆਂ ਦੀਆਂ ਕੰਧਾਂ ’ਤੇ ਜ਼ੋਰ ਹੈ। ਸੰਸਦ ਮੈਂਬਰ ਖੁੱਲੇ੍ਹ ਫੰਡ ਵੰਡਦੇ ਨੇ, ਸ਼ਮਸ਼ਾਨਘਾਟਾਂ ਨੂੰ ਵੱਧ, ਸਿਹਤ ਕੇਂਦਰਾਂ ਨੂੰ ਘੱਟ। ਬਾਗੋ ਬਾਗ ਸਰਪੰਚ ਹੁੰਦੇ ਨੇ। ਮੁਰਗੇ ਦੀ ਬਾਂਗ ਤੋਂ ਪਹਿਲਾਂ ਹਜ਼ਮ। ਕਿਤੇ ਮੁਰਦੇ ਉੱਠ ਸਕਦੇ, ਛਕਾਈਆਂ ਦੇ ਛਿੱਕੇ ਛੁਡਾਉਂਦੇ। ਕਿਸੇ ਘਰ ਚੋਂ ਅਗੇਤੀ ਅਰਥੀ ਨਾ ਉੱਠੇ। ਇਵੇਂ ਦੀ ਸੋਚ ਲਈ ਬ੍ਰਹਮ ਗਿਆਨੀ ਸੱਦਣੇ ਪੈਣਗੇ। ਚੇਤੰਨ ਰੂਹਾਂ ਦਾ ਤਾਂ ਕਾਲ ਪੈ ਗਿਐ। ਕੋਈ ਵਹਿਮ ਹੋਵੇ ਤਾਂ ਜਨਤਿਕ ਕੂਲਰਾਂ ’ਤੇ ਸੰਗਲੀ ਨਾਲ ਬੰਨ੍ਹੇ ਗਿਲਾਸ ਦੇਖਣਾ। ਭੈਣ ਨਾਲ ਲਾਵਾਂ ਲੈਂਦਾ ਭਰਾ ਵੇਖ ਲੈਣਾ। ਵੋਟਾਂ ਵੇਲੇ ਪਊਏ ਪਿਛੇ ਡਿੱਗਦੀ ਲਾਰ ਵੇਖਣਾ। ਸਿਆਣੇ ਐਵੇਂ ਨਹੀਂ ਆਖਦੇ..‘ਸੁਸਤ ਭੇਡ ਨੂੰ ਉੱਨ ਵੀ ਭਾਰੀ ਲੱਗਦੀ ਹੈ।’
        ਪਾਕਿਸਤਾਨ ’ਚ ਪੁਲੀਸ ਨੇ ਇੱਕ ਗਧਾ ਫੜਿਐ। ਗਧੇ ਤੇ ਸੱਟਾ ਲਾਉਣ ਵਾਲੇ ਭੱਜ ਗਏ। ਪਾਕਿਸਤਾਨ ਗਧਿਆ ਦਾ ਦੇਸ਼ ਹੈ। ਵਿਸ਼ਵ ਚੋਂ ਪਹਿਲਾ ਨੰਬਰ। ਅਸੀਂ ਸੱਚੇ ਦੇਸ਼ ਭਗਤ ਹਾਂ। ਕਿਸੇ ਨਾਲੋਂ ਘੱਟ ਨਹੀਂ। ਜੈਪੁਰ ਨੇੜੇ ਗਧਿਆ ਦਾ ਮੇਲਾ ਜੁੜਦੈ। ਲੋਕ ਵਿਸ਼ਵਾਸ ਹੈ.. ਜੋ ਮੇਲੇ ਦਾ ਉਦਘਾਟਨ ਕਰਦੈ, ਉਸ ਦੀ ਕੁਰਸੀ ਨਹੀਂ ਬਚਦੀ। ਕੋਈ ਨੇਤਾ ਉਦਘਾਟਨ ਕਰਨ ਨਹੀਂ ਬਹੁੜਦਾ। ਪੰਜਾਬੀ ਨੇਤਾ ਬਹੁਗੁਣੇ ਹਨ। ਨੀਂਹ ਪੱਥਰ ਦਾ ਸੁਭਾਗ ਰੱਬ ਦੇਵੇ। ਚਾਹੇ ਸਿਵਿਆਂ ਦਾ ਕਿਉਂ ਨਾ ਹੋਵੇ। ਤੇਰਾਂ ਵਰ੍ਹੇ ਪੁਰਾਣੀ ਗੱਲ ਹੈ। ਵੱਡੇ ਬਾਦਲ ਨੇ ਆਪਣੇ ਜਨਮ ਦਿਨ ’ਤੇ ਤੋਹਫ਼ਾ ਦਿੱਤਾ। ਬਠਿੰਡਾ ’ਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਮਗਰੋਂ ਆਜੜੀ ਬੱਚੇ ਪੱਥਰ ’ਤੇ ਚੜ੍ਹ ਕੇ ਛਾਲਾਂ ਮਾਰਦੇ ਰਹੇ। ਇੱਜੜ ਦੇ ਕੁੱਤੇ ਨੀਂਹ ਪੱਥਰ ਤਰ ਕਰਦੇ ਰਹੇ। ਹਾਲੇ ਪੁੱਛਦੇ ਹੋ.. ਕਿਆਮਤ ਦੇ ਦਿਨ ਕਦੋਂ ਆਉਣਗੇ। ਆਸ਼ਾਵਾਦੀ ਮਰਦਾ ਵੀ ਗਾਉਂਦਾ ਹੈ। ਰੁਮਾਨੀਆ ਵਾਲੇ ਆਖਦੇ ਨੇ..ਗੰਢਦਾਰ ਲੱਕੜ ਨੂੰ ਫਾਨੇ ਵੀ ਤਿੱਖੇ ਹੀ ਚਾਹੀਦੇ ਨੇ।’ ਛੱਜੂ ਰਾਮ ਕੋਲ ਹੁਣ ਸਮਾਂ ਕਿਥੇ। ਖੇਤੀ ਆਰਡੀਨੈਂਸਾਂ ਦਾ ਹੱਲਾ ਵੱਡੈ। ਪਿੰਡੋਂ ਪਿੰਡ ਫਾਨੇ ਵੰਡ ਰਿਹਾ ਹੈ.. ਤਾਂ ਜੋ ਕਿਸੇ ਨੂੰ ਫਾਨੀ ਸੰਸਾਰ ਤੋਂ ਵਿਦਾ ਨਾ ਹੋਣਾ ਪਵੇ।



     



No comments:

Post a Comment