Wednesday, January 22, 2020

                        ਤਕਨੀਕੀ ਗੋਰਖਧੰਦਾ
      ਬਠਿੰਡਾ ’ਵਰਸਿਟੀ ਦੇ ਗੁੱਝੇ ਭੇਤ ਖੁੱਲ੍ਹੇ 
                            ਚਰਨਜੀਤ ਭੁੱਲਰ
ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਪੇਪਰ ਲੀਕ ਘਪਲੇ ਦੇ ਹੁਣ ਗੁੱਝੇ ਭੇਤ ਖੁੱਲ੍ਹੇ ਹਨ ਜਿਸ ਨੇ ’ਵਰਸਿਟੀ ਦੇ ਹੋਸ਼ ਉੱਡਾ ਦਿੱਤੇ ਹਨ। ਬਠਿੰਡਾ ’ਵਰਸਿਟੀ ’ਚ ਪੇਪਰ ਲੀਕ ਦਾ ਗੋਰਖਧੰਦਾ ਸਾਲ ਤੋਂ ਚੱਲ ਰਿਹਾ ਸੀ ਜਿਸ ’ਚ ’ਵਰਸਿਟੀ ਦੀ ਕਬੱਡੀ ਟੀਮ ਦੇ ਦੋ ਖਿਡਾਰੀ ਵੀ ਸ਼ਾਮਿਲ ਸਨ। ’ਵਰਸਿਟੀ ਕੈਂਪਸ ਵਿਚਲੇ ਵਾਈਸ ਚਾਂਸਲਰ ਤੋਂ ਥੋੜੀ ਦੂਰੀ ’ਤੇ ਹੀ ਹੋਸਟਲ ਵਿਚ ਪੇਪਰ ਲੀਕ ਸਰਗਨਾ ਕੰਮ ਕਰ ਰਿਹਾ ਸੀ। ’ਵਰਸਿਟੀ ਦੀ ਉੱਚ ਪੱਧਰੀ ਟੀਮ ਨੇ ਜੋ ਪੜਤਾਲ ਰਿਪੋਰਟ ਬਠਿੰਡਾ ਪੁਲੀਸ ਨੂੰ ਭੇਜੀ ਹੈ, ਉਸ ਅਨੁਸਾਰ ਦਸੰਬਰ 2018 ਤੋਂ ਪੇਪਰ ਲੀਕ ਸਕੈਂਡਲ ਦਾ ਮੁੱਢ ਬੱਝਣ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਕਰੀਬ ਨੌ ਪੇਪਰ ਲੀਕ ਹੋਣ ਦੀ ਪਰਤ ਖੁੱਲ੍ਹੀ ਹੈ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਪੜਤਾਲ ਰਿਪੋਰਟ ਅਨੁਸਾਰ ਵਿਦਿਆਰਥੀਆਂ ਤੋਂ ਜੋ ਕਰੀਬ 15 ਮੋਬਾਇਲ ਫੋਨ ਫੜੇ ਗਏ ਸਨ, ਉਨ੍ਹਾਂ ਤੋਂ ਪੰਜ ਪੇਪਰ ਲੀਕ ਹੋਣ ਦੀ ਪੁਸ਼ਟੀ ਸਿੱਧੇ ਤੌਰ ’ਤੇ ਹੋ ਗਈ ਹੈ ਜਦੋਂ ਚਾਰ ਪੇਪਰ ਹੋਰ ਲੀਕ ਹੋਣ ਦੀ ਗੱਲ ਵਿਦਿਆਰਥੀ ਪੜਤਾਲ ਦੌਰਾਨ ਕਬੂਲ ਕਰ ਗਏ ਹਨ। ਉੱਚ ਪੱਧਰੀ ਕਮੇਟੀ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਵਾਈਸ ਚਾਂਸਲਰ ਨੂੰੰ ਸੌਂਪ ਦਿੱਤੀ ਸੀ ਜਿਨ੍ਹਾਂ ਨੇ ਪੜਤਾਲ ਰਿਪੋਰਟ ਅਤੇ ਫੜੇ ਮੋਬਾਇਲ ਫੋਨ ਬਠਿੰਡਾ ਪੁਲੀਸ ਹਵਾਲੇ ਕਰ ਦਿੱਤੇ ਹਨ। ਅਸਾਨੀ ਨਾਲ ਪੇਪਰ ਮਿਲਣ ਕਰਕੇ ਪ੍ਰਤੀ ਪੇਪਰ ਦਾ ਭਾਅ ਸਿਰਫ਼ 500 ਰੁਪਏ ਹੀ ਸੀ ਜੋ ਵੱਟਸਅਪ ਗਰੁੱਪ ਦੇ ਜਰੀਏ ਆਨਲਾਈਨ ਵਿਦਿਆਰਥੀਆਂ ਨੂੰ ਮਿਲਦਾ ਸੀ।
               ਦੱਸਣਯੋਗ ਹੈ ਕਿ ਪੇਪਰ ਲੀਕ ਸਕੈਂਡਲ ਉਦੋਂ ਫੜਿਆ ਗਿਆ ਜਦੋਂ 8 ਜਨਵਰੀ ਨੂੰ ਕੈਂਪਸ ਦੇ ਹੋਸਟਲ ਦੇ ਕਮਰੇ ਵਿਚ ਵਿਦਿਆਰਥੀ ਆਨਲਾਈਨ ਆਏ ਪੇਪਰ ਤੋਂ ਸਵਾਲਾਂ ਨੂੰ ਹੱਲ ਕਰ ਰਹੇ ਸਨ। ’ਵਰਸਿਟੀ ਨੇ ਪੇਪਰ ਕੈਂਸਲ ਕਰ ਦਿੱਤਾ ਸੀ ਅਤੇ ਮਾਮਲੇ ਦੀ ਪੜਤਾਲ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ ਜਿਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਪੜਤਾਲ ਰਿਪੋਰਟ ਨੇ ’ਵਰਸਿਟੀ ਦੀ ਕਾਰਗੁਜ਼ਾਰੀ ’ਤੇ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ। ਰਿਪੋਰਟ ਅਨੁਸਾਰ ਫੜੇ ਮੋਬਾਇਲਾਂ ਤੋਂ ਪੁਸ਼ਟੀ ਹੋਈ ਹੈ ਕਿ 5 ਦਸੰਬਰ ਨੂੰ ਡਿਜ਼ਾਇਨ ਆਫ਼ ਸਟੀਲ ਸਟਰੱਕਚਰ-1 ਦਾ ਪੇਪਰ, 13 ਦਸੰਬਰ ਨੂੰ ਟਰਾਂਸਪੋਟੇੇਸ਼ਨਲ ਇੰਜਨੀਅਰਿੰਗ-1 ਦਾ ਪੇਪਰ, 20 ਦਸੰਬਰ ਨੂੰ ਜੀਓਮੈਟਿਕਸ ਇੰਜਨੀਅਰਿੰਗ ਦਾ ਪੇਪਰ,8 ਜਨਵਰੀ ਨੂੰ 2020 ਨੂੰ ਇਨਵਾਇਰਨਮੈਂਟ ਇੰਜਨੀਅਰਿੰਗ ਦਾ ਪੇਪਰ ਲੀਕ ਹੋਇਆ।ਇਸ ਤੋਂ ਬਿਨ੍ਹਾਂ ਦੋ ਵਿਦਿਆਰਥੀਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਤੀਜੇ ਸਮੈਸਟਰ ਦੀ ਰੀਅਪੀਅਰ ਦੇ 10 ਅਤੇ 11 ਦਸੰਬਰ ਨੂੰ ਹੋਏ ਦੋ ਪੇਪਰ ਵੀ ਲੀਕ ਹੋਣ ਮਗਰੋਂ ਮਿਲੇ। ਪੜਤਾਲ ਰਿਪੋਰਟ ਅਨੁਸਾਰ ’ਵਰਸਿਟੀ ਟੀਮ ਦੇ ਕਬੱਡੀ ਖਿਡਾਰੀ ਸੁਨੀਲ ਕੁਮਾਰ ਜੋ ਕਿ ਕੇਸੀਟੀ ਕਾਲਜ ਲਹਿਰਾਗਾਗਾ ਦਾ ਵਿਦਿਆਰਥੀ ਹੈ, ਨੇ ਕਬੂਲ ਕੀਤਾ ਕਿ ਉਸ ਨੇ ਇਸੇ ਸੈਸ਼ਨ ਵਿਚ ਦੋ ਪੇਪਰ ਅਤੇ  ਦਸੰਬਰ 2018 ਵਿਚ ਹਿਸਾਬ ਦਾ ਪੇਪਰ ਲੀਕ ਹੋਣ ਮਗਰੋਂ ਹਾਸਲ ਹੋਇਆ ਸੀ।
              ’ਵਰਸਿਟੀ ਦੇ ਕਬੱਡੀ ਖਿਡਾਰੀ ਸੰਦੀਪ ਨੂੰ ਵੀ ਇੱਕ ਪੇਪਰ 8 ਜਨਵਰੀ ਨੂੰ ਮਿਲਿਆ ਸੀ। ਸੁਨੀਲ ਨੇ ਇੱਕ ਕੈਂਪ ਦੌਰਾਨ ਸੰਦੀਪ ਨੂੰ ਇੱਕ ਮਨਜੀਤ ਸੰਗਤਪੁਰਾ ਨਾਮ ਦੇ ਵਿਅਕਤੀ ਨੂੰ ਮਿਲਾਇਆ ਸੀ ਜਿਸ ਨੇ ਲੀਕ ਪੇਪਰ ਅੱਗੇ ਭੇਜਿਆ ਸੀ।ਪੜਤਾਲ ਅਨੁਸਾਰ ਜਿਉਂ ਹੀ ਪੇਪਰ ਸ਼ੁਰੂ ਹੋਣ ਤੋਂ ਕਰੀਬ 40 ਮਿੰਟ ਪਹਿਲਾਂ ਪੇਪਰ ਲੀਕ ਮਿਲਦਾ ਸੀ ਤਾਂ ਇਸ ਸਰਗਨੇ ਵਲੋਂ ਇੱਕ ਵਿਸ਼ੇਸ਼ ਵੱਟਸਐਪ ਗਰੁੱਪ ਬਣਾਇਆ ਜਾਂਦਾ ਸੀ ਜਿਸ ਵਿਚ ਪ੍ਰਤੀ ਵਿਦਿਆਰਥੀ 500 ਰੁਪਏ ਲੈ ਕੇ ਐਡ ਕਰ ਲਿਆ ਜਾਂਦਾ ਸੀ। ਗਰੁੱਪ ਵਿਚ ਪੇਪਰ ਭੇਜਣ ਮਗਰੋਂ ਵਿਸ਼ੇਸ਼ ਗਰੁੱਪ ਸ਼ਾਮ ਵਕਤ ਡਲੀਟ ਕਰ ਦਿੱਤਾ ਜਾਂਦਾ ਸੀ। ਗਰੁੱਪ ਵਿਚ ਲੀਕ ਪੇਪਰ ਦੇ ਹੱਲ ਕੀਤੇ ਸੁਆਲ ਵੀ ਪਾਏ ਜਾਂਦੇ ਸਨ। ਗਰੁੱਪ ਨੂੰ ਹਰ ਨਵੇਂ ਪੇਪਰ ਸਮੇਂ ਵੱਖਰਾ ਨਾਮ ਦਿੱਤਾ ਜਾਂਦਾ ਸੀ ਜਿਵੇਂ ਗਰੱੁਪ ਸਿਵਲ, ਐਸ.ਏ, ਗਰੁੱਪ, ਕੇਕੇ, ਗਰੁੱਪ ਕੇ ਆਦਿ। ਮਕੈਨੀਕਲ ਦੇ ਸੱਤਵੇਂ ਸਮੈਸਟਰ ਦਾ ਵਿਦਿਆਰਥੀ ਰਵੀ ਕੁਮਾਰ ਵੀ ਇਸ ’ਚ ਸ਼ਾਮਿਲ ਹੈ ਜਿਸ ਤੋਂ ਸ਼ੱਕ ਹੈ ਕਿ ਮਕੈਨੀਕਲ ਦੇ ਪੇਪਰ ਵੀ ਲੀਕ ਹੁੰਦੇ ਰਹੇ ਹਨ ਜੋ ਵਿਸਥਾਰਤ ਪੜਤਾਲ ਵਿਚ ਸਾਹਮਣੇ ਆਵੇਗਾ। ਲਹਿਰਾਗਾਗਾ ਦੇ ਕੇਸੀਟੀ ਕਾਲਜ ਦੇ ਸਹਾਇਕ ਪ੍ਰੋ. ਕਰਮਪਾਲ ਪੁਰੀ ਨੇ ਲਿਖਤੀ ਰੂਪ ਵਿਚ ਕਬੂਲ ਕੀਤਾ ਕਿ ਉਸ ਨੇ 8 ਜਨਵਰੀ ਨੂੰ ਪ੍ਰਸ਼ਨ ਪੱਤਰ ਦੀ ਫੋਟੋ ਖਿੱਚ ਕੇ ਪਿੰਡ ਸੰਗਤਪੁਰਾ ਦੇ ਮਨਜੀਤ ਸਿੰਘ ਨੂੰ ਭੇਜੀ ਸੀ। ਸੂਤਰ ਆਖਦੇ ਹਨ ਕਿ ਆਨਲਾਈਨ ਪੇਪਰ ਲੀਕ ਹੋਰਨਾਂ ਕਾਲਜਾਂ ਵਿਚ ਵੀ ਹੁੰਦੇ ਰਹੇ ਹੋਣਗੇ।
       ਹੁਣ ਤੱਕ ਡੇਢ ਦਰਜਨ ਵਿਦਿਆਰਥੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਕੀ ਦੂਸਰੇ ਕਾਲਜਾਂ ਵਿਚ ਵੀ ਪੇਪਰ ਲੀਕ ਹੁੰਦੇ ਰਹੇ ਹਨ,ਪੜਤਾਲ ਹੋਣੀ ਬਾਕੀ ਹੈ। ਇਸ ਸਕੈਂਡਲ ਨੇ ’ਵਰਸਿਟੀ ਦੀ ਕਰੋੜਾਂ ਰੁਪਏ ਖਰਚ ਕੇ ਬਣਾਈ ਆਲੀਸ਼ਾਨ ਇਮਾਰਤ ’ਤੇ ਧੱਬਾ ਲਾ ਦਿੱਤਾ ਹੈ। ਬਠਿੰਡਾ ਪੁਲੀਸ ਤਰਫ਼ੋਂ ਮਾਮਲੇ ਦੀ ਪੜਤਾਲ ਡੀ.ਐਸ.ਪੀ (ਸਿਟੀ-ਟੂ) ਆਸ਼ਵੰਤ ਸਿੰਘ ਧਾਲੀਵਾਲ ਕਰ ਰਹੇ ਹਨ ਜਿਨ੍ਹਾਂ ਨੇ ਬੀਤੇ ਕੱਲ ’ਵਰਸਿਟੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਇਸੇ ਦੌਰਾਨ ’ਵਰਸਿਟੀ ਦੇ ਵਾਈਸ ਚਾਂਸਲਰ ਨੇ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਜੋ ਸੁਝਾਓ ਦੇਵੇਗੀ ਕਿ ਪੇਪਰ ਲੀਕ ਹੋਣ ਤੋਂ ਭਵਿੱਖ ਵਿਚ ਕਿਵੇਂ ਰੋਕੇ ਜਾ ਸਕਦੇ ਹਨ।ਗੌਰਤਲਬ ਹੈ ਕਿ ਪੰਜਾਬੀ ਟ੍ਰਿਬਿਊਨ ਤਰਫੋਂ ਇਸ ਮਾਮਲੇ ਨੂੰ ਬੇਪਰਦ ਕੀਤਾ ਗਿਆ ਸੀ ਅਤੇ ਬਠਿੰਡਾ ਪੁਲੀਸ ਨੇ ਸਹਾਇਕ ਪ੍ਰੋ. ਕਰਮਪਾਲ ਪੁਰੀ ਵਾਸੀ ਦਾਤੇਵਾਸ ਜ਼ਿਲ੍ਹਾ ਮਾਨਸਾ ਅਤੇ ਮਨਜੀਤ ਸਿੰਘ ਵਾਸੀ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਧਾਰਾ 409, 34 ਆਈ.ਪੀ. ਸੀ ਤਹਿਤ ਮੁਕੱਦਮਾ ਨੰਬਰ 9 ਦਰਜ ਕਰ ਲਿਆ ਹੈ। ਪੱਖ ਲੈਣ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵਾਰ ਵਾਰ ਫੋਨ ਕੀਤਾ ਜੋ ਉਨ੍ਹਾਂ ਚੁੱਕਿਆ ਨਹੀਂ।
                       ਤਕਨੀਕੀ ਨੁਕਤੇ ਤੋਂ ਜਾਂਚ ਹੋਏਗੀ : ਧਾਲੀਵਾਲ
ਡੀ.ਐਸ.ਪੀ (ਸਿਟੀ-ਟੂ) ਸ੍ਰੀ ਆਸ਼ਵੰਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ’ਵਰਸਿਟੀ ਤਰਫੋਂ ਪੜਤਾਲ ਰਿਪੋਰਟ ਮਿਲ ਗਈ ਹੈ ਅਤੇ ਨਾਲ ਹੀ ਮੌਕੇ ਤੋਂ ਬਰਾਮਦ ਮੋਬਾਇਲ ਫੋਨ ਵੀ ਮਿਲੇ ਹਨ ਜਿਨ੍ਹਾਂ ਦੀ ਤਕਨੀਕੀ ਮਾਹਿਰਾਂ ਤੋਂ ਜਾਂਚ ਕਰਾਈ ਜਾਵੇਗੀ। ਉਨ੍ਹਾਂ ਨੇ ’ਵਰਸਿਟੀ ਕੈਂਪਸ ਦਾ ਦੌਰਾ ਵੀ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਪੜਤਾਲ ’ਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ।



No comments:

Post a Comment