Sunday, January 5, 2020

                             ਵਿਚਲੀ ਗੱਲ        
          ਟੈਂਕੀ ਤੋਂ ਉੱਤਰੋ, ਪਹਾੜਾਂ ’ਤੇ ਚੜੋ੍..। 
                              ਚਰਨਜੀਤ ਭੁੱਲਰ
ਬਠਿੰਡਾ : ਕੋਈ ਢੋਲ ਵਜਾ ਰਿਹਾ ਹੈ। ਨਾਲੇ ਹੋਕਾ ਉੱਚੀ ਲਾ ਰਿਹਾ ਹੈ। ਭਾਗਾਂ ਵਾਲਾ ਦਿਨ, ਇਕੱਲਾ ਨਹੀਂ ਆਇਆ, ਖੁਸ਼ ਖ਼ਬਰ ਵੀ ਲਿਆਇਐ। ਢੋਲ ਵਾਲਾ ਆਖ ਰਿਹੈ...ਐਂ ਮੁੰਡਿਓ ਕੰਨ ਖੋਲ੍ਹ ਕੇ ਸੁਣੋ। ਕਿਧਰੇ ਸੁੱਤੇ ਹੀ ਨਾ ਰਹਿ ਜਾਇਓ। ਰਾਜ ਥੋਡਾ, ਭਾਗ ਥੋਡਾ। ਜਦ ਮਰਜ਼ੀ ਆਓ ਜਾਓ, ਨੱਚੋ ਟੱਪੋ, ਹੱਸੋ ਗਾਓ, ਮੁੱਕਦੀ ਗੱਲ, ਹੁਣ ਢੋਲੇ ਦੀਆਂ ਲਾਓ। ਨਾ ਟੈੱਟ ਦੀ ਲੋੜ, ਨਾ ਟੈਂਟ ਲਾਉਣ ਦੀ। ਮੁਜ਼ਾਹਰੇ ਕਰਨ ਦੀ, ਸੜਕਾਂ ’ਤੇ ਠਰਨ ਦੀ, ਨੰਗੇ ਪਿੰਡੇ ਜਰਣ ਦੀ। ਹੁਣ ਕੋਈ ਲੋੜ ਨਹੀਂ। ਟੈਂਕੀਆਂ ਤੋਂ ਉਤਰੋ, ਜਹਾਜ਼ਾਂ ਚੋਂ ਉਤਰੋ। ਨਾ ਅਮਰੀਕਾ, ਨਾ ਕੈਨੇਡਾ। ਲੋੜ ਕਿਤੇ ਜਾਣ ਦੀ ਨਹੀਂ। ਪੈਂਡਾ ਹੈ ਤਾਂ ਥੋੜਾ ਅੌਖਾ। ਬੱਸ, ਕਰ ਲਓ ਕਮਰ ਕਸੇ, ਸਿੱਧੇ ਨੇਪਾਲ ਜਾਓ। ਪਰਬਤ ’ਤੇ ਚੜੋ੍ਹ, ਪੰਜਾਬ ਆਓ, ਸਿੱਧੀ ਨੌਕਰੀ ਪਾਓ। ਢੋਲ ਕੀ ਵੱਜਾ। ਸਾਹਮਣੇ ਮੇਲਾ ਬੱਝ ਗਿਐ। ਦੱਸੋ ਕਿਹੜੇ ਪਰਬਤ ਚੜ੍ਹੀਏ, ਅਸੀਂ ਮੌਤੋਂ ਮੂਲ ਨਾ ਡਰੀਏ। ਲੱਖਾਂ ਮੁੰਡੇ ਪੁੱਛਣ ਲੱਗੇ। ਮਾਹੌਲ ਖਾਮੋਸ਼ ਹੋਇਆ ਤਾਂ ਢੋਲੀ ਬਾਬਾ ਬੋਲਿਐ। ਸੱਜਣੋ, ਤੁਸੀਂ ਪੜ੍ਹੇ ਲਿਖੇ ਹੋ, ਨਾਮ ਤਾਂ ਸੁਣਿਆ ਹੋਣੈ ‘ਸਰ ਜੌਰਜ ਐਵਰੈਸਟ’ ਦਾ। ਨੇਪਾਲ ’ਚ ਸਭ ਤੋਂ ਵੱਡਾ ਪਰਬਤ ‘ਮਾਊਂਟ ਐਵਰੈਸਟ’। ਬ੍ਰਿਟਿਸ਼ ਦੇ ‘ਸਰ ਜੌਰਜ’ ਨੇ ਹੀ ਤਾਂ ਖੋਜਿਆ। ਹੁਣ ਕੰਮ ਥੋਡੇ ਆਊ। ਬਾਤਾਂ ਨਾ ਸੁਣਾਓ, ਗੱਲ ਰਾਹ ਪਾਓ। ਮੁੰਡੇ ਤਲ਼ਖ ਹੋਏ ਨੇ। ਢੋਲੀ ਨੇ ਜਿਉਂ ਹੀ ਗੱਲ ਦੱਸੀ। ਮੁੰਡਿਆਂ ਨੇ ਸ਼ੂਟ ਪਰਬਤ ਵੱਲ ਵੱਟੀ। ਪੰਜਾਬੀਓ, ਏਹ ਕੋਈ ਟੋਟਕਾ ਨਹੀਂ। ਗੱਲ ਹੈ ਸੌਲ਼ਾਂ ਆਨੇ ਸੱਚੀ। ਜਦੋਂ ਮਰਹੂਮ ਬੇਅੰਤ ਸਿੰਘ ਦਾ ਪੋਤਾ ਡੀ.ਐਸ.ਪੀ ਲਾਇਆ। ਪੰਜਾਬ ’ਚ ’ਕੱਲੇ ਦੇ ਹੀ ਢੋਲ ਵੱਜ ਗਏ।
        ਕੈਪਟਨ ਸਰਕਾਰ ਦੇ ਘਰ ਕਾਹਦਾ ਘਾਟਾ। ਗੱਲ ਪਤੇ ਦੀ ਅਤੇ ਭੇਤ ਦੀ ਵੀ ਹੈ ਜੋ ਅੱਜ ਤੱਕ ਨਹੀਂ ਖੁੱਲ੍ਹਾ ਸੀ। ਹੁਣ ਕੰਨ ਖੋਲ੍ਹੋ ਤੇ ਤੁਸੀਂ ਵੀ ਸੁਣੋ। ਪੌਣੇ ਦੋ ਵਰੇ੍ਹ ਪਹਿਲਾਂ ਦੀ ਗੱਲ। ਇੱਕ ਮੁੰਡਾ ਹੋਰ ਚੁੱਪ ਚੁਪੀਤੇ ਡੀ.ਐਸ.ਪੀ ਲਾਇਐ। ਖ਼ਾਸ ਘਰ ਦਾ ਹੈ ਤੇ ਖਾਸਮਖਾਸ ਹੈ। ਏਹ ਮੁੰਡਾ ਮਾਊਂਟ ਐਵਰੇਸਟ ’ਤੇ ਚੜ੍ਹ ਕੇ ਆਇਐ। ਰਾਜਾ ਸਾਹਿਬ ਨੇ, ਤਾਹੀਂ ‘ਕਾਕਾ ਜੀ’ ਨੂੰ ਡੀ.ਐਸ.ਪੀ ਲਾਇਐ। ਜਦੋਂ ਸਰਕਾਰ ਘਰੇਲੂ ਹੋਵੇ। ਫਿਰ ਕੌਣ ਪੁੱਛਦੈ ਖੇਡ ਪਾਲਿਸੀ ਨੂੰ। ਕਿਤੇ ਨਹੀਂ ਲਿਖਿਆ, ‘ਮਾਊਂਟ ਐਵਰੇਸਟ ਚੜ੍ਹੋਗੇ ਤਾਂ ਨੌਕਰੀ ਪਾਓਗੇ।’ ‘ਗੱਲ ਸਹੇ ਦੀ ਨਹੀਂ,ਪਹੇ ਦੀ ਹੈ’। ਹੁਣ ਇੱਕ ‘ਫਰੀਦਕੋਟੀ ਕਾਕਾ’ ਮੁੱਖ ਮੰਤਰੀ ਦੇ ਗੋਡੀ ਲੱਗਿਐ। ਏਹ ਕਾਕਾ ਜੀ ਵੀ ਐਵਰੈਸਟ ਚੜ੍ਹੇ ਨੇ। ਗ੍ਰਹਿ ਮਹਿਕਮੇ ਨੇ ਡੀ.ਐਸ.ਪੀ ਬਣਾਉਣ ਦਾ ਕੇਸ ਹੱਥੋਂ ਹੱਥੀ ਤਿਆਰ ਕੀਤੈ। ਮੋਢੇ ’ਤੇ ਸਟਾਰ ਛੇਤੀ ‘ਫਰੀਦਕੋਟੀ ਕਾਕੇ’ ਦੇ ਸਟਾਰ ਸਜਣਗੇ। ਇੰਝ ਹਰਿਆਣੇ ’ਚ ਵੀ ਹੋਇਆ। ਹੂਡਾ ਸਰਕਾਰ ਨੇ ਪਰਬਤਰੋਹੀ ਮਮਤਾ ਸੋਧਾ ਨੂੰ ਡੀ.ਐਸ.ਪੀ. ਲਾ ਦਿੱਤਾ। ਬਾਕੀ ਵੀ ਹਾਈਕੋਰਟ ਜਾ ਪੁੱਜੇ। ਤਿੰਨ ਹੋਰ ਨੂੰ ਸਬ ਇੰਸਪੈਕਟਰ ਲਾਉਣਾ ਪਿਐ। ਖੱਟਰ ਸਰਕਾਰ ਨੂੰ ਹੁਣ ਕੋਈ ਰਾਹ ਨਹੀਂ ਲੱਭਦਾ। ਅਸ਼ੋਕ ਖੇਮਕਾ ਨੇ ਲੱਭ ਕੇ ਇਹ ਇਤਰਾਜ਼ ਲਾਏ, ਪਰਬਤ ’ਤੇ ਚੜ੍ਹਨਾ ਕੋਈ ‘ਮੁਕਾਬਲਾ ਖੇਡ’ ਨਹੀਂ। ਪੰਜਾਬ ਕਿਸੇ ਨੂੰਹ ਧੀ ਨਾਲੋਂ ਘੱਟ ਐ। ‘ਕਾਕਿਆਂ’ ਨੂੰ ਮੌਜ ਲਾ ਦਿੱਤੀ ਹੈ।
              ਉਨ੍ਹਾਂ ਦਾ ਕੀ ਬਣੂ, ਜੋ ਟੈਂਕੀਆਂ ’ਤੇ ਚੜ੍ਹਦੇ ਨੇ। ਉਹ ਮੌਲੇ ਬਲਦ ਨਹੀਂ। ਐਵਰੇਸਟ ਚੜ੍ਹ ਆਏ, ਫਿਰ ਕੀ ਜੁਆਬ ਦਿਓਗੇ। ਗੱਲਵੱਟੀ (ਪਟਿਆਲਾ) ਦਾ ਅੰਗਹੀਣ ਸੁਖਜੀਤ ਸਿੰਘ। ਟੈੱਟ ਪਾਸ ਹੈ ਤੇ 91 ਦਿਨ ਸੰਗਰੂਰ ’ਚ ਪਾਣੀ ਵਾਲੀ ਟੈਂਕੀ ’ਤੇ ਬੈਠਾ। ਨਾ ਸਰਦੀ ਦੇਖੀ ਤੇ ਨਾ ਗਰਮੀ। ਭਰਾ ਗੁਜ਼ਰ ਗਿਐ, ਬਾਪ ਦਿਲ ਦਾ ਮਰੀਜ਼ ਐ ਤੇ ਮਾਂ ਮੰਜੇ ’ਤੇ ਹੈ। ਸੁਖਜੀਤ ਆਖਦੈ, ‘ਕਿਸੇ ਮਰਜ਼ੀ ਪਰਬਤ ’ਤੇ ਚਾੜ੍ਹ ਦਿਓ, ਬੱਸ ਰੁਜ਼ਗਾਰ ਦੀ ਹਾਮੀ ਭਰੋ।’‘ਘੁੱਗੀ ਕੀ ਜਾਣੇ, ਕੁਦਰਤ ਦੀਆਂ ਬਾਤਾਂ’। ਪਰ ਬਾਦਲ ਤਾਂ ਜਾਣਦੇ ਨੇ। ਹੱਥ ਦੀ ਸਫਾਈ ਸੁਖਬੀਰ ਬਾਦਲ ਨੇ, ਸਰਕਾਰ ਜਾਣ ਤੋਂ ਐਨ ਪਹਿਲਾਂ ਦਿਖਾਈ। ਰਾਤੋਂ ਰਾਤ ਅਤਿ ਨੇੜਲੇ ਕਰੀਬ 8 ਜਣੇ ਏ. ਐਸ. ਆਈ/ਸਬ ਇੰਸਪੈਕਟਰ  ਸਿੱਧੇ ਲਾਏ। ਭਰਤੀ ਚੋਰੀ ਦਰਵਾਜ਼ੇ ਹੋਈ। ‘ਕਲਿਆਣਾਂ’ ਵਾਲੇ ਵੀ ਬਾਜ਼ੀ ਮਾਰ ਗਏ। ਭਾਗ ਏਸ਼ਿਆਈ ਖਿਡਾਰੀ ਗੁਰਿੰਦਰ ਦੇ ਹਾਰ ਗਏ। ਮਾਂ ਸਕੂਲ ’ਚ ਪੀਅਨ ਹੈ ਤੇ ਬਾਪ ਡਰਾਇਵਰ। ਵਾਲੀਵਾਲ ’ਚ ਤਿੰਨ ਵਾਰ ਏਸ਼ੀਆ ਖੇਡਿਆ। ਹੌਲਦਾਰੀ ਮਸਾਂ ਮਿਲੀ ਐ। ਜਿਵੇਂ ਵਿਸ਼ਵ ਕਬੱਡੀ ਕੱਪ ਦੇ ਜੇਤੂਆਂ ਨੂੰ ਇਨਾਮੀ ਪੈਸੇ। ਦੋ ਕਰੋੜ ਦਾ ਇਨਾਮ ਲੈਣ ਲਈ ਕੋਰਟ ਜਾਣਾ ਪਿਐ। ਮਹਾਤੜ ਕਿਤੇ ਜਾਣ ਜੋਗੇ ਨਹੀਂ। ਸ਼ਾਇਦ ਕਿਤੇ ਇਨ੍ਹਾਂ ਦਾ ਦਿਨ ਵੀ ਆ ਜਾਏ। ਡਾ. ਜਗਤਾਰ ਦੀ ਨਜ਼ਮ ਦੇ ਬੋਲ ਨੇ, ‘ਇੱਕ ਦਿਨ ਹਿਸਾਬ ਮੰਗਣਾ, ਲੋਕਾਂ ਨੇ ਇਸ ਲਹੂ ਦਾ, ਤਾਕਤ ’ਚ ਮਸਤ ਦਿੱਲੀ, ਹਾਲੇ ਤਾਂ ਬੇਖ਼ਬਰ ਹੈ।’
               ਜਦੋਂ ਚੁੱਲ੍ਹੇ ਠਰੇ ਹੋਣ, ਮਾਪੇ ਡਰੇ ਹੋਣ, ਐਵਰੈਸਟ ਨੂੰ ਤਾਂ ਛੱਡੋ, ਬੇਕਾਰੀ ਦੇ ਸੁਪਰਮੈਨ ਨੇ, ‘ਨੰਗੇ ਪਰਬਤ’ ਕੀ ਨਾ ਟੱਪ ਜਾਣ। ਮਹਿਲਾਂ ਨਾਲ ਪਿੱਠ ਲੱਗਦੀ ਹੋਵੇ। ਫਿਰ ਕਿਸਮਤ ਮੱਥਾ ਟੇਕਦੀ ਹੈ। ਲੁਧਿਆਣੇ ਵਾਲੇ ‘ਚਾਚਾ-ਭਤੀਜਾ’ ਕਿੰਨੇ ਲੱਕੀ ਨੇ। ਸਰਕਾਰ ਨੇ ਕੁਛ ਲਕੋ ਕੇ ਨਹੀਂ ਰੱਖਿਆ। ਚਾਚੇ ਨੂੰ ਮੀਡੀਅਮ ਸਕੇਲ ਇੰਡਸਟਰੀ ਦਾ ਚੇਅਰਮੈਨ ਲਾਇਐ। ਭਤੀਜੇ ਨੂੰ ਯੂਥ ਡਿਵੈਲਮੈਂਟ ਬੋਰਡ ਦਾ ਚੇਅਰਮੈਨ। ਭਤੀਜੇ ਨੂੰ ਚੜ੍ਹੇ ਮਹੀਨੇ 25 ਹਜ਼ਾਰ ਤਨਖਾਹ, 25 ਹਜ਼ਾਰ ਹਾਊਸ ਰੈਂਟ,45 ਹਜ਼ਾਰ ਗੱਡੀ ਦਾ ਖਰਚਾ। ਪੰਜ ਸੱਤ ਗੰਨਮੈਨ ਦਿੱਤੇ ਨੇ। ਐਸਕਾਰਟ ਗੱਡੀ ਜੋ ਅੱਗੇ ਲੱਗੇਗੀ, ਉਹ ਵੱਖਰੀ। ਗ੍ਰਹਿ ਸਿੱਧੇ ਹੋਣ, ਇੱਕੋ ਘਰ ’ਚ ਦੋ ਦੋ ਗੱਫੇ ਆਉਂਦੇ ਨੇ। ਤਕਦੀਰ ’ਚ ਖੋਟ ਹੋਵੇ, ਟੈਂਕੀਆਂ ’ਤੇ ਚੜ੍ਹਨਾ ਪੈਂਦੈ। ਡੰਡੀ ਖੁਰਦ (ਫਾਜ਼ਿਲਕਾ) ਵਾਲੇ ‘ਚਾਚੇ-ਭਤੀਜੇ’ ਦੇ ਭਾਗ ਏਨੇ ਚੰਗੇ ਕਿਥੇ। ਚਾਚਾ ਸੁਖਦੇਵ ਸਿੰਘ ਸਿਹਤ ਕਾਮਾ ਹੈ। ਨੌਕਰੀ ਲਈ ਪੰਦਰਾਂ ਸਾਲ ਤੋਂ ਸੰਘਰਸ਼ੀ ਪੈਂਡੇ ’ਤੇ ਹੈ। ਹੁਣ ਪਟਿਆਲੇ ਧਰਨੇ ’ਚ ਬੈਠੈ। 13 ਸਾਲ ਦੀ ਨੌਕਰੀ ਲਈ। ਸੜਕਾਂ ’ਤੇ 15 ਸਾਲਾਂ ਤੋਂ ਕੂਕ ਰਿਹਾ। ਭਤੀਜਾ ਅਸ਼ੋਕ ਵੀ ਸੁਖਦੇਵ ਚਾਚੇ ਵਾਲੇ ਰਾਹ ’ਤੇ ਹੈ। ਬੀ.ਐੱਡ ਕੀਤੀ ਹੈ, ਕਿਤੇ ਕਿਸੇ ਮੁਜ਼ਾਹਰੇ ’ਚ ਜਾਂਦੇ ਤੇ ਕਿਤੇ ਸ਼ਹਿਰ ਨਾਅਰੇ ਮਾਰਦੈ। ਈ.ਟੀ.ਟੀ ਟੈੱਟ ਪਾਸ 4 ਸਤੰਬਰ ਤੋਂ ਸੰਗਰੂਰ ਮੋਰਚੇ ’ਤੇ ਬੈਠੇ ਨੇ। ਕੋਈ ਪਟਿਆਲੇ ਤੇ ਕੋਈ ਮਲੇਰਕੋਟਲੇ ’ਚ ਡਟਿਐ। ਵੱਡੀ ਮੁਸੀਬਤ ਬੇਰੁਜ਼ਗਾਰ ਅਧਿਆਪਕ ਝੱਲ ਰਹੇ ਨੇ। ਇਨ੍ਹਾਂ ਨੇ ਨਿੱਕੇ ਹੁੰਦਿਆਂ ਨੇ ਮੋਹਨ ਭੰਡਾਰੀ ਦੀ ਕਹਾਣੀ ਪਤਾ ਨਹੀਂ ਪੜ੍ਹੀ ਹੈ ਜਾਂ ਨਹੀਂ।
       ‘ਮੈਨੂੰ ਟੈਗੋਰ ਬਣਾ ਦੇ ਮਾਂ’ ਦਾ ਨਾਇਕ ਬੱਚਾ ਸਲੀਮ ਤੰਗੀ ਤੁਰਸ਼ੀ ਦੇ ਬਾਵਜੂਦ ਅੰਦਰਲੇ ਟੈਗੋਰ ਨੂੰ ਮਰਨ ਨਹੀਂ ਦਿੰਦਾ। ਅਧਿਆਪਕ ਦੇ ਬੋਲ ਬੱਚੇ ਨੂੰ ਡੋਲਣ ਨਹੀਂ ਦਿੰਦੇ। ਅਖੀਰ ’ਚ ਸਲੀਮ ਨੂੰ ਅਹਿਸਾਸ ਹੁੰਦਾ ਹੈ ਕਿ ਵਧੀਆ ਅਧਿਆਪਕ ਹੀ ਟੈਗੋਰ ਹੁੰਦਾ ਹੈ। ਅਗਰ ਬੱਚਾ ਸਮਝ ਸਕਦਾ ਹੈ ਤਾਂ ਸਰਕਾਰਾਂ ਨੂੰ ਕੀ ਅੌਖ ਹੈ। ਪੰਜਾਬ ’ਚ ਅੱਜ ‘ਟੈਗੋਰ’ ਦਾ ਸਵੈਮਾਨ ਦਾਅ ’ਤੇ ਲੱਗਾ। ‘ਟੈਗੋਰ’ ਨੂੰ ਕਦੇ ਟੈਂਕੀਆਂ ’ਤੇ ਚੜ੍ਹਨਾ ਪੈਂਦੇ। ਕਦੇ ਸੜਕਾਂ ’ਤੇ ਕੰਧ ਬਣਨਾ ਪੈਂਦੈ। ਸਿਆਣੇ ਆਖਦੇ ਨੇ, ‘ਜਦੋਂ ਦੀਵਾ ਬੁਝਣ ’ਤੇ ਆਵੇ-ਲੋਅ ਉੱਚੀ ਹੋ ਜਾਵੇ।’ ਭੌਂਦੂ ਨਾ ਬਣੋ, ਟਟੈਣੇ ਬਣੋ। ਇੱਥੇ ‘ਚਾਚਾ ਆਖਿਆਂ-ਪੰਡ ਕੋਈ ਨਹੀਂ ਚੁੱਕਦਾ’। ਸਰਕਾਰਾਂ ਦੀ ਦੂਰ ਦੀ ਨਿਗ੍ਹਾ ਕਮਜ਼ੋਰ ਹੁੰਦੀ ਹੈ। ਤਾਹੀਓਂ ਘਰਾਂ ਤੋਂ ਬਾਹਰ ਕੁਝ ਨਹੀਂ ਦਿੱਖਦਾ। ਕਾਸ਼ ! ਸਾਡੀ ਕਿਸਮਤ ‘ਕਰਨ ਢਿਲੋਂ’ ਵਰਗੀ ਹੁੰਦੀ। ਪਟਿਆਲੇ ਮੋਰਚੇ ’ਚ ਬੈਠੇ ਮੁੰਡੇ  ਸ਼ਾਇਦ ਇਹੋ ਸੋਚਦੇ ਹੋਣਗੇ। ਕਾਂਗਰਸੀ ਵਿਧਾਇਕ ਕੇਵਲ ਢਿੱਲੋਂ ਨੂੰ ਮੁਬਾਰਕਾਂ। ਜਿਨ੍ਹਾਂ ਦਾ ਲੜਕਾ ਕਰਨ ਢਿਲੋਂ ਹੁਣੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦਾ ਚੇਅਰਮੈਨ ਬਣਿਐ।
      ਮੋਫਰਾਂ ਦਾ ਮੁੰਡਾ ਤੇ ਬਾਜਵੇ ਦਾ ਮੁੰਡਾ ਵੀ ਚੇਅਰਮੈਨ ਬਣੇ ਨੇ। ਘਨੌਰ ਵਾਲੇ ਐਮ. ਐਲ.ਏ ਦਾ ਮੁੰਡਾ ਵੀ। ਢੋਲ ਵਾਲੇ ਨੇ ਮੁੜ ਡੱਗਾ ਲਾਇਐ। ਮੁੰਡਿਓ.. ਪਰਬਤਾਂ ਵੱਲ ਫਿਰ ਜਾਇਓ, ਪਹਿਲਾਂ ਪੱਕਾ ਮਨ ਬਣਾਇਓ। ਚੰਡੀਗੜ੍ਹੋਂ ਆਵਾਜ਼ ਦੀ ਗੂੰਜ ਪਈ ਹੈ। ਕਿਧਰੇ ਨਾ ਜਾਇਓ ਮੂੰਹ ਚੁੱਕ ਕੇ। ‘ਘਰ ਘਰ ਰੁਜ਼ਗਾਰ’ ਲੈ ਕੇ ਥੋਡੇ ਘਰ ਆਵਾਂਗੇ। ਨਾਲੇ ਸਮਾਰਟ ਫੋਨ ਦਿਆਂਗੇ। ਜੇ ਕਿਤੇ ਘਰੇ ਨਾ ਮਿਲੇ ਤਾਂ ਫਿਰ ਝੁਰਦੇ ਰਹਿ ਜਾਓਗੇ। ਐਵਰੈਸਟ ਭਾਗਾਂ ਵਾਲਿਆਂ ਨੂੰ ‘ਵਰ’ ਦਿੰਦੀ ਹੈ। ‘ਕਾਕਿਆਂ’ ਨੇ ਧੁਰੋਂ ਭਾਗ ਲਿਖਾਏ ਨੇ। ਛੱਜੂ ਰਾਮ ਕਿਥੇ ਦੱਬਦੈ। ਕਈ ਦਿਨਾਂ ਤੋਂ ਸੰਗਰੂਰ ਮੋਰਚੇ ’ਚ ਪੁੱਜਿਐ। ਚਾਰੇ ਪਾਸੇ ਮੁੰਡਿਆਂ ਦਾ ਇਕੱਠ ਐ, ਐਨ ਵਿਚਾਲੇ ਬੈਠੈ, ਹੱਥ ’ਚ ਕਿਤਾਬ ਐ, ਹੇਕਾਂ ਲਾ ਲਾ ਕੇ ਬੰਦਾ ਬਹਾਦਰ ਦੀ ਜੀਵਨੀ ਸੁਣਾ ਰਿਹੈ।

1 comment:

  1. bhullar sahb bht tikhi shabdabli ch punjab di seast nu nanga kita.bht khoob.tusi lokan di dhir ban k bolde ho.keep it up..asal ch lokan di avaz ho tusi.

    ReplyDelete