Sunday, January 12, 2020

                         ਵਿਚਲੀ ਗੱਲ
        ਅਸੀਂ ਹੁਣ ਵੈਣ ਨਹੀਂ ਪਾਉਣੇ..!
                         ਚਰਨਜੀਤ ਭੁੱਲਰ
ਬਠਿੰਡਾ : ਜੰਮਦੀਆਂ ਸੂਲ਼ਾਂ ਦੇ ਮੂੰਹ ਕਿੰਨੇ ਕੁ ਤਿੱਖੇ ਹੁੰਦੇ ਨੇ। ਬਹੁਤਾ ਦੂਰ ਨਹੀਂ, ਦਿੱਲੀ ਚਲੇ ਜਾਓ। ਆਇਸ਼ੀ ਘੋਸ਼ ਨੂੰ ਦੇਖ ਲੈਣਾ, ਪਤਾ ਲੱਗ ਜਾਊ। ਦੇਖੋਗੇ ਤਾਂ ਕਹੋਗੇ, ਏਹ ਹੈ ਉਹ ਬੰਗਾਲੀ ਸ਼ੇਰ ਬੱਚੀ, ਜੀਹਨੇ ਮੱਥਾ ਸਿੱਧਾ ਦਿੱਲੀ ਨਾਲ ਲਾਇਐ। ਸਫ਼ੈਦਪੋਸ਼ਾਂ ਦਾ ਵੀ ਮੱਥਾ ਠਣਕਿਆ ਹੋਊ। ਨਕਾਬਪੋਸ਼ਾਂ ਦੀ ਏਨੀ ਮਜਾਲ ਕਿਥੇ ਸੀ। ਕੁੜੀ ਦਾ ਐਵੇਂ ਮੱਥਾ ਭੰਨ ਜਾਂਦੇ। ਲਹੂ-ਲੁਹਾਣ ਹੋ ਗਈ ਆਇਸ਼ੀ ਘੋਸ਼। ਮੱਥੇ ’ਤੇ ਬਲਦੀ ਮਸ਼ਾਲ ਨੂੰ ਆਂਚ ਨਾ ਆਈ। ਸੁਭਾਸ਼ ਚੰਦਰ ਬੋਸ ਵੀ ਬੰਗਾਲੀ ਸੀ। ਬੋਸ ਨੇ ਮੱਥੇ ਜਗਾਏ ਸਨ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’। ਜਿੰਨੀ ਨਿੱਕੀ, ਓਨੀ ਤਿੱਖੀ। ਬੰਗਾਲੀ ਕੁੜੀ ਆਇਸ਼ੀ ਘੋਸ਼ ਗੱਜੀ। ‘ਦਿਓ ਫੀਸਾਂ ਦੀ ਪੰਡ ਤੋਂ ਆਜ਼ਾਦੀ’। ਨਕਾਬਪੋਸ਼ਾਂ ਨੇ ਖੂਨ ਦੀ ਤਤੀਰੀ ਵਗਾ ਦਿੱਤੀ। ਆਜ਼ਾਦੀ ਮੌਜੂਦਾ ਰਾਜ ਸੱਤਾ ਦੇ ਦਿੰਦੀ। ਸੁਭਾਸ਼ ਚੰਦਰ ਬੋਸ ਦੀ ਰੂਹ ਨਾ ਕਲਪਦੀ। ਦਿੱਲੀ ਦੀ ਜੇਐੱਨਯੂ ਤੋਂ ਕੌਣ ਨਹੀਂ ਵਾਕਫ਼। ਵਿਦਿਆਰਥੀ ਯੂਨੀਅਨ ਦੀ ਮਹਿਲਾ ਪ੍ਰਧਾਨ ਆਇਸ਼ੀ ਘੋਸ਼ ਨੂੰ ਹੁਣ ਸਾਰਾ ਜੱਗ ਜਾਣਦੈ। ਤੁਸੀਂ ਆਖਦੇ ਹੋ, ‘ਹਮ ਦੇਖੇਂਗੇ’। ਉਹ ਆਖਦੇ ਨੇ, ਦੇਸ਼ ਜਾਏ ਢੱਠੇ ਖੂਹ ਪਰ ‘ਹਮ ਨਹੀਂ ਦੇਖੇਂਗੇ’। ਨਾ ਅੱਗਾ, ਨਾ ਪਿੱਛਾ। ਵੈਸੇ ਆਇਸ਼ੀ ਘੋਸ਼ ਦਾ ਪਿਛੋਕੜ ਬੰਗਾਲ ਦਾ ਹੈ। ਹਕੂਮਤੀ ਘਰ ’ਚ ਘੁਸਰ-ਮੁਸਰ ਹੋਈ ਹੈ, ‘ਹੱਡੀਆਂ ਦੀ ਮੁੱਠ ਐ, ਏਹ ਕਿਹੜੇ ਬਾਗ ਦੀ ਮੂਲ਼ੀ ਹੈ।’  ਬਾਪ ਦੇਬਾਸ਼ੀਸ਼ ਘੋਸ਼ ਨੇ ਦੱਸਿਆ, ‘ਬੇਟੀ ਨਿੱਕੀ ਹੁੰਦੀ ਬੰਗਾਲੀ ਮਿੱਟੀ ’ਚ ਜ਼ਿਆਦਾ ਖੇਡ’। ਬੰਗਾਲੀ ਮਿੱਟੀ ਹੈ ਵੀ ਬੜੀ ਜ਼ਰਖੇਜ਼। ਬੰਗਾਲ ਦਾ ਸਟੀਲ ਸਿਟੀ ਦੁਰਗਾਪੁਰ, ਜਿਥੇ ਇਹ ਬੱਚੀ ਪੜ੍ਹੀ ਲਿਖੀ। ਲੋਹੇ ਦੀਆਂ ਰਾਡਾਂ ਤੋਂ ਕਿਥੇ ਡਰਨਾ ਸੀ।
               ਜਜ਼ਬਾ ਦੇਖ ਕੇ ਲੱਗਦੈ, ਬੰਗਾਲੀ ਕੁੜੀ ਮੂਲ਼ੀ ਨਹੀਂ, ਏਹ ਕੁੜੀ ਤਾਂ ਸੂਲੀ ਹੈ, ਸਫ਼ੈਦਪੋਸ਼ਾਂ ਲਈ, ਨਕਾਬਪੋਸ਼ਾਂ ਲਈ, ਨਾਲੇ ਤਖ਼ਤਪੋਸ਼ਾਂ ਲਈ। ਦਵਿੰਦਰ ਸਤਿਆਰਥੀ ਦਾ ਕਹਾਣੀ ਸੰਗ੍ਰਹਿ ‘ਕੁੰਗ ਪੋਸ਼’ ਹੈ, ਸ਼ਾਇਦ ਆਇਸ਼ੀ ਨੇ ਪੜ੍ਹਿਆ ਹੋਵੇ। ਜੇਕਰ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੀ ਕੰਧ ’ਤੇ ਲਿਖਿਆ ਪੜ੍ਹਦੇ, ਸ਼ਾਇਦ ਹੋਣੀ ਟਲ ਜਾਂਦੀ। ਗੱਲ ਤਾਂ ਕਸ਼ਮੀਰੋਂ ਚੱਲੀ, ਵਾਇਆ ਅਯੁੱਧਿਆ ਆਈ, ਨਾਗਰਿਕਤਾ ਸੋਧ ਕਾਨੂੰਨ ’ਤੇ ਥੋੜ੍ਹਾ ਵਿਸ਼ਰਾਮ ਲਿਐ। ਰੁਕਣ ਦਾ ਨਾਮ ਆਰਥਿਕ ਮੰਦੀ ਨਹੀਂ ਲੈ ਰਹੀ। ਹਕੂਮਤ ਆਖਦੀ ਹੈ, ‘ਥੋਡੇ ਸਭ ਦੇ ਪੋਤੜੇ ਫਰੋਲਾਂਗੇ।’ ਹਾਲੇ ਆਖਦੇ ਪਏ ਹੋ, ‘ਹਮ ਕਾਗ਼ਜ਼ ਨਹੀਂ ਦਿਖਾਏਗੇ।’ ਜੇਐੱਨਯੂ ਦੇ ਵਿਹੜੇ ਜੋ ਨਕਾਬ ਚਾੜ੍ਹ ਕੁੱਦੇ, ਆਖ ਰਹੇ ਨੇ ‘ਹਮ ਸ਼ਕਲ ਨਹੀਂ ਦਿਖਾਏਂਗੇ’। ਦਿੱਲੀ ਦੇ ਸ਼ਾਹੀਨ ਬਾਗ ਜੋ ਬੁਰਕਾ ਲਾਹ ਬੈਠੀਆਂ ਨੇ। ਉਨ੍ਹਾਂ ਦਾ ਕਹਿਣੈ, ‘ਧਰਨਾ ਨਹੀਂ ਉਠਾਏਂਗੇ।’ ਮਘਦੇ ਸਿਰਾਂ ਵਾਲੇ ਸੜਕਾਂ ’ਤੇ ਹਨ, ਗੂੰਜ ਕੇ ਆਖ ਰਹੇ ਨੇ ‘ਅਬ ਘਰ ਨਹੀਂ ਜਾਏਂਗੇ।’ਚੇਤੇ ਕਰੋ ਮਾਰਟਿਨ ਲੂਥਰ ਕਿੰਗ ਦਾ ਯਾਦਗਾਰੀ ਭਾਸ਼ਨ। ਅਮਰੀਕਾ ’ਚ ਹੋਏ ਵੱਡੇ ਮਾਰਚ ’ਚ ਜੋ 28 ਅਗਸਤ 1963 ਨੂੰ ਦਿੱਤਾ। ਉਸ ਨੇ ਉਮੀਦ ਦਿਖਾਈ, ‘ਆਈ ਹੈਵ ਏ ਡਰੀਮ’। ਲੂਥਰ ਕਿੰਗ ਦਾ ਸੁਫ਼ਨਾ ਸੀ। ਗੋਰੇ ਕਾਲੇ ਬੱਚੇ ਇੱਕ ਦੂਜੇ ਦੇ ਮੋਢੇ ’ਤੇ ਹੱਥ ਰੱਖ ਕੇ ਚੱਲਣ। ਹੱਥਾਂ ’ਚ ਹੱਥ ਪਾ ਕੇ ਗਲੀ ਮੁਹੱਲਿਆਂ ’ਚ ਘੁੰਮਣ। ਪੂਰੇ ਭਾਰਤ ਦੀ ਆਤਮਾ ਵੀ ਇਹੋ ਚਾਹੁੰਦੀ ਹੈ। ਹਿੰਦੂ ਮੁਸਲਿਮ ਸਿੱਖ ਈਸਾਈ, ਸਭ ਜੋਟੀਆਂ ਬਣਾ ਕੇ ਤੁਰਨ।
               ਪੰਜਾਬ ਦੇ ਪਿੰਡ ’ਚ ਜੇ ਕਿਤੇ ਨੰਬਰਦਾਰ ਮੱਥੇ ਲੱਗ ਜਾਏ, ਬਦਸ਼ਗਨੀ ਮੰਨਿਆ ਜਾਂਦੈ। ਫਿਰ ਏਸ ਮੁਲਕ ਦੇ ਪਤਾ ਨਹੀਂ ਕਿਹੜਾ ਨੰਬਰਦਾਰ ਮੱਥੇ ਲੱਗਿਐ। ਕੱਪੜਿਆਂ ਤੋਂ ਵੀ ਪਛਾਣ ਨਹੀਂ ਹੋ ਰਹੀ। ਦਿੱਲੀ ’ਚ ਸੇਂਟ ਸਟੀਫਨ ਕਾਲਜ ਦੇ ਬੱਚੇ ਸਿੱਧੇ ਟੱਕਰੇ ਨੇ। ਵਰ੍ਹਿਆਂ ਮਗਰੋਂ ਕਾਫਲੇ ਬਣਾ ਕੇ ਤੁਰੇ ਨੇ, ਜਿਨ੍ਹਾਂ ਦੇ ਚਿਹਰੇ ਬੋਲ ਰਹੇ ਸਨ, ‘ਅਸੀਂ ‘ਕੇਲਾ ਗਣਰਾਣ’ (ਬਨਾਨਾ ਰਿਪਬਿਕ) ਦੇ ਬਾਸ਼ਿੰਦੇ ਨਹੀਂ।’ ਏਹ ਕੀ ਸ਼ੈਅ ਹੈ, ਸਾਮਰਾਜੀ ਦੇਸ਼ਾਂ ਦੇ ਜੋ ਦੇਸ਼ ਰਖੇਲ ਬਣੇ, ਉਹ ‘ਕੇਲਾ ਗਣਰਾਜ’ ਅਖਵਾਏ। ਜਵਾਨੀ ਦੇ ਸਬਰ ਦਾ ਪਿਆਲਾ ਉਛਲਿਐ। ਵੇਲਾ ਨੌਜਵਾਨਾਂ ਦੇ ਘਰਾਂ ’ਚ ਬੈਠਣ ਦਾ ਨਹੀਂ। ਸਿਆਣੇ ਆਖਦੇ ਨੇ, ‘ਜਦੋਂ ਗਲਤ ਖ਼ਿਲਾਫ਼ ਬੋਲਣਾ ਬੰਦ ਕਰੋਗੇ, ਤੁਸੀਂ ਆਪਣੇ ਜੀਵਨ ਦੇ ਅੰਤ ਦਾ ਮੁੱਢ ਬੰਨ੍ਹੋਗੇ।’ ਫੇਰ ਗ਼ੈਰਾਂ ਦੇ ਬੋਲ ਨਹੀਂ ਰੜਕਦੇ, ਆਪਣਿਆਂ ਦੀ ਖ਼ਾਮੋਸ਼ੀ ਚੀਰਦੀ ਹੈ। ਪੰਜਾਬ ਦੇ ਮੁੰਡੇ ਏਨਾ ਕੁ ਚੇਤਾ ਰੱਖਣ। ਉਦੋਂ ਫਿਰ ਲੁਕਦੇ ਫਿਰਨਗੇ, ਜਦੋਂ ਦਿੱਲੀ ਵਾਲੀਆਂ ਕੁੜੀਆਂ ਚੂੜੀਆਂ ਲੈ ਕੇ ਪੰਜਾਬ ਆ ਵੜੀਆਂ। ਦੇਸ਼ ’ਚ ਹੁਣ ਧੀਆਂ ਦਾ ਜੋਸ਼ ਸਿਰ ਚੜ੍ਹ ਕੇ ਬੋਲ ਰਿਹੈ। ਕਿੰਨੇ ਦੌਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਖੜ੍ਹੇ ਪੈਰ ਰੱਦ ਕਰਨੇ ਪਏ। ਬੇਰੁਜ਼ਗਾਰੀ, ਮਹਿੰਗਾਈ ਤੇ ਕੇਂਦਰੀ ਨੀਤੀਆਂ ਖ਼ਿਲਾਫ਼ ਪੂਰਾ ਦੇਸ਼ ਕੂਕਿਆ ਹੈ। ਕੌਮੀ ਹੜਤਾਲਾਂ ਨੂੰ ਹੁੰਗਾਰਾ ਕਿਸੇ ਗੱਲ ਨੂੰ ਮਿਲਿਐ। ਘੜੀ ਸੁਆਲ ਪੁੱਛਣ ਦੀ ਆਈ ਹੈ। ਰੁੱਤ ਜ਼ੋਰ ਅਜ਼ਮਾਈ ਵਾਲੀ ਵੀ ਹੈ।
                ਸੁਣੋ, ਸ਼ਾਇਰ ਰਾਸ਼ਿਦ ਅਨਵਰ ਰਾਸ਼ਿਦ ਕੀ ਆਖ ਰਿਹੈ, ‘ਠਾਨ ਲੀਆ ਹੈ ਇਸ ਮੌਸਮ ਮੇਂ, ਕੁਛ ਅਨਦੇਖਾ ਦੇਖੇਂਗੇ, ਤੁਮ ਖੇਮੇ ਮੇਂ ਛੁਪ ਜਾਓ, ਹਮ ਜ਼ੋਰ ਹਵਾ ਕਾ ਦੇਖੇਂਗੇ।’ ਰਾਜ ਸੱਤਾ ਪਹਿਲਾਂ ਵੀ ਨੌਜਵਾਨਾਂ ਦੇ ਦੋ ਹੱਥ ਵੇਖ ਚੁੱਕੀ ਹੈ। ਤਾਹੀਓਂ ਯੂਨੀਵਰਸਿਟੀਆਂ ਨਿਸ਼ਾਨੇ ’ਤੇ ਰੱਖੀਆਂ ਨੇ।ਸਤਿਆਜੀਤ ਰੇਅ ਦੀ ਬੰਗਾਲੀ ਫਿਲਮ ‘ਹਿਰਕ ਰਾਜਰ ਦੇਸ਼ੇ’ ਦਾ ਡਿਕਟੇਟਰ ਰਾਜਾ ਇਹੋ ਸੋਚ ਰੱਖਦਾ ਹੈ। ਅਦਾਰੇ ਖੁੱਲ੍ਹੇ ਰਹਿਣਗੇ, ਗਿਆਨ ਵੰਡਣਗੇ, ਸੋਝੀ ਆਏਗੀ, ਫਿਰ ਸੁਆਲ ਖੜ੍ਹੇ ਹੋਣਗੇ। ਰਾਜਾ ਅਦਾਰੇ ਬੰਦ ਕਰਾ ਦਿੰਦਾ ਹੈ। ਖਿਲਜੀ ਵੰਸ਼ ਨੇ ਵੀ ਆਪਣੀ ਅਕਲ ਦੀ ਏਦਾਂ ਹੀ ਪ੍ਰਦਰਸ਼ਨੀ ਲਾਈ ਸੀ। ਗਿਆਨ ਦੀ ਜੜ੍ਹ ਖ਼ਤਮ ਕਰਨ ਲਈ ‘ਨਾਲੰਦਾ ਯੂਨੀਵਰਸਿਟੀ’ ਨੂੰ ਅਗਨ ਭੇਟ ਕਰਾ ਦਿੱਤਾ। ਲਾਇਬਰੇਰੀ ‘ਚ ਅੱਗ ਕਈ ਮਹੀਨੇ ਧੁਖਦੀ ਰਹੀ। ਖਿਲਜੀ ਦੀ ਰੂਹ ਦੀ ਭਟਕਣਾ ਹਾਲੇ ਵੀ ਮੁੱਕੀ ਨਹੀਂ। ਅਦਾਰੇ ਖ਼ਤਮ ਹੋਣਗੇ, ਲੋਕ ਛੇਤੀ ਸੌਂਣਗੇ, ਹਕੂਮਤ ਦੇ ਰਾਹ ਪੱਧਰੇ ਹੋਣਗੇ। ਉਸਤਾਦ ਦਾਮਨ ਕਈ ਦਹਾਕੇ ਪਹਿਲਾਂ ਲਿਖ ਗਿਆ,‘ਜਾਗਣ ਵਾਲਿਆਂ ਰੱਜ ਕੇ ਲੁੱਟਿਆ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।’ਦੇਸ਼ ਭਰ ’ਚ ਲੰਘੇ ਤਿੰਨ ਸਾਲਾਂ ’ਚ ਦੇਸ਼ਧ੍ਰੋਹ ਤੇ ਆਫੀਸ਼ੀਅਲ ਸੀਕਰੇਟ ਐਕਟ ਤਹਿਤ 2801 ਮੁਕੱਦਮੇ ਦਰਜ ਹੋਏ ਹਨ। ਬਠਿੰਡਾ ਦੀ ਪੁਸ਼ਪ ਲਤਾ ਹੱਲਾਸ਼ੇਰੀ ਦੇ ਰਹੀ ਹੈ। ਕੁੜੀਓ… ਜੇਲ੍ਹਾਂ ਤੋਂ ਨਾ ਡਰਿਓ। ਆਇਸ਼ੀ ਘੋਸ਼ ਨੂੰ ਵੇਖ ਕੇ ਪੁਸ਼ਪ ਲਤਾ ਨੂੰ ਆਪਣੇ ਦਿਨ ਚੇਤੇ ਆ ਗਏ। ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ। ਆਇਸ਼ੀ ਘੋਸ਼ ਨੂੰ ‘ਲਾਲ ਸਲਾਮ’ ਭੇਜ ਰਹੀ ਹੈ।
                 ਦੇਸ਼ ਧਰਵਾਸ ਬੰਨ੍ਹ ਰਿਹਾ ਹੈ। ਪੰਜਾਬ ਦਾ ਹਾਲੇ ਸਰੀਰ ਨਹੀਂ ਬਣਿਆ। ਉਦੋਂ ਪੰਜਾਬ ਦਾ ਕੀ ਬਣੂ ਜਦੋਂ ‘ਗੁਆਚੀ ਹੋਈ ਪੀੜ੍ਹੀ’ ਨੂੰ ਦੇਖੂ। ਪੰਜਾਬ ਹੁਣ ਨਿਰਾਸ਼ਾ ਦੇ ਦੌਰ ’ਚ ਹੈ, ਜੋ ਇਸ ਆਲਮ ’ਚ ਬੱਚੇ ਪਲ ਰਹੇ ਹਨ, ਉਹ ਜਦੋਂ ਜਵਾਨ ਹੋਣਗੇ, ਉਹ ਆਸਾਂ ਦਾ ਲੱਪ ਕਿਵੇਂ ਵੰਡਣਗੇ। ਰੋਣਾ ਅੱਜ ਦੀ ਜਵਾਨੀ ਦਾ ਨਹੀਂ, ਜੋ ਆਉਣ ਵਾਲੀ ਪੀੜ੍ਹੀ ਹੈ, ਉਸ ਦਾ ਧੁੜਕੂ ਲੱਗਿਐ। ਦੇਸ਼ ’ਚ ਜੋ ਜਵਾਨ ਕੁੜੀਆਂ ਨੇ ਜਾਗ ਲਾਇਐ, ਉਸ ਦੀਆਂ ਬੂੰਦਾਂ ਦਾ ਮੁੱਲ ਜ਼ਰੂਰ ਪਊ। ਜਿਨ੍ਹਾਂ ਦੱਸ ਦਿੱਤਾ, ਧੀਆਂ ਬੋਝ ਨਹੀਂ, ਸਗੋਂ ਸੁਚੱਜੀ ਸੋਚ ਹਨ।ਤੁਸੀਂ ਨਕਾਬ ਪਹਿਨ ਆਵੋ, ਸ਼ਕਲ ਨਾ ਵੀ ਦਿਖਾਓ, ਏਹ ਕੁੜੀਆਂ ਜ਼ਰੂਰ ਅਕਲ ਦਿਖਾਉਣਗੀਆਂ। ਜਦੋਂ ਮੱਥੇ ਜਗਣਗੇ, ਨਕਾਬ ਲੀਰਾਂ ਬਣਨਗੇ। ਇੱਕ ਗੱਲ ਤੁਸੀਂ ਵੀ ਪਤਾ ਕਰ ਕੇ ਦੱਸਣਾ। ਆਇਸ਼ੀ ਘੋਸ਼ ਦਾ ਹਸਪਤਾਲ ਪਤਾ ਲੈਣ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਾਲੇ ਗਏ ਸਨ। ਨਾਲੇ ਦਿਮਾਗ ’ਤੇ ਜ਼ੋਰ ਪਾ ਕੇ ਦੱਸਿਓ… ‘ਨੰਨ੍ਹੀ ਛਾਂ’ ਦੇ ਮੂੰਹੋਂ ਆਇਸ਼ੀ ਘੋਸ਼ ਲਈ ਕੋਈ ਸ਼ਬਦ ਨਿਕਲਿਐ, ਭੁੱਲਿਓ ਨਾ। ਛੱਜੂ ਰਾਮ ਦੀ ਤਾਂ ਗੱਲ ਛੱਡੋ। ਉਹ ਤਾਂ ਉਸੇ ਰਾਤ ਆਇਸ਼ੀ ਘੋਸ਼ ਨੂੰ ਮਿਲ ਆਇਆ। ਦਸ ਰੁਪਏ ਸ਼ਗਨ ਵੀ ਦੇ ਕੇ ਆਇਐ। ਨਾਲੇ ਆਖ ਰਿਹੈ, ਵਕਤ ਦਾ ਗੁਬਾਰ ਜ਼ਰੂਰ ਹਟੂ, ਨਵੀਂ ਹਵਾ ਚੱਲੀ ਹੈ। ਪ੍ਰਧਾਨ ਮੰਤਰੀ ‘ਮੌਨ’ ’ਚ ਚਲੇ ਗਏ ਨੇ। ਕੁਝ ਅਹੁੜ ਹੀ ਨਹੀਂ ਰਿਹਾ। ਦੇਸ਼ ਭਰ ’ਚ ਇਕੱਠ ਸਾਧ ਦੀ ਭੂਰੀ ’ਤੇ ਨਹੀਂ, ਇਸ ਜੋੜੀ ’ਤੇ ਹੀ ਹੋਇਐ। ਜੋ ‘ਮਨ ਦੀ ਬਾਤ’ ਆਖਦੀ ਹੈ, ਸੁਣਦੀ ਨਹੀਂ।

No comments:

Post a Comment