Friday, January 10, 2020

                                                            ਸਾਡਾ ਕੀ ਕਸੂਰ 
                        ਸਨਾਵਰੀ ਕਾਕਿਆਂ ਨੇ ਲਵਾਈ ਚੈਪੀਅਨਾਂ ਦੀ ਗੋਡਣੀ !
                                                             ਚਰਨਜੀਤ ਭੁੱਲਰ
ਬਠਿੰਡਾ : ਪਿੰਡ ਜੌਲਾ ਕਲਾਂ (ਲਾਲੜੂ) ਦੇ ਦਲਜਿੰਦਰ ਸਿੰਘ ਦਾ ਏਨਾ ਕਸੂਰ ਹੈ ਕਿ ਉਸ ਕੋਲ ਨਾ ਸਿਆਸੀ ਪਹੁੰਚ ਹੈ ਅਤੇ ਨਾ ਹੀ ਕੋਈ ਸਿਫਾਰਸ਼। ਉਹ ਸਨਾਵਰ ਸਕੂਲ ’ਚ ਵੀ ਨਹੀਂ ਪੜ੍ਹਿਆ। ਕਿਸਾਨ ਪਰਿਵਾਰ ਦੇ ਮੁੰਡੇ ਦਲਜਿੰਦਰ ਨੇ ਤਿੰਨ ਵਿਸ਼ਵ ਰਿਕਾਰਡ ਬਣਾਏ ਹਨ। ਦੋ ਵਰੇ੍ਹ ਪਹਿਲਾਂ ਮਾਊਂਟ ਐਵਰੇਸਟ ਦੀ ਚੋਟੀ ਸਰ ਕੀਤੀ। ਪਹਿਲਾਂ ਸਮੁੰਦਰ ਥੱਲੇ ਸਾਈਕਲਿੰਗ ਕਰਕੇ ਵਿਸ਼ਵ ਰਿਕਾਰਡ ਬਣਾਇਆ। ਫਿਰ ਦੁਬਾਰਾ ਰਿਕਾਰਡ ਤੋੜਿਆ। ਲਿਮਕਾ ਬੁੱਕ ’ਚ ਇੱਕ ਵਾਰੀ, ਏਸ਼ੀਆ ਬੁੱਕ, ਇੰਡੀਆਂ ਬੁੱਕ, ਯੂਨੀਕ ਬੁੱਕ ’ਚ ਤਿੰਨ ਤਿੰਨ ਵਾਰੀ ਨਾਮ ਦਰਜ ਕਰਾਇਆ। ਸਰਕਾਰੀ ਸਕੂਲ ’ਚ ਪੜ੍ਹੇ ਦਲਜਿੰਦਰ ਨੇ 25 ਲੱਖ ਦਾ ਕਰਜ਼ਾ ਚੁੱਕ ਕੇ ਐਵਰੈਸਟ ਨਾਲ ਮੱਥਾ ਲਾਇਆ। ਤਰਾਸ਼ਦੀ ਦੇਖੋ, ਨਾ ਕਰਜ਼ਾ ਮੁੜਿਆ ਅਤੇ ਨਾ ਹੀ ਮਿਹਨਤ ਦਾ ਮੁੱਲ। ਪੰਜਾਬ ਸਰਕਾਰ ਹੁਣ ਤੱਕ ਤਿੰਨ ਨੌਜਵਾਨਾਂ ਨੂੰ ਸਿੱਧੇ ਤੌਰ ’ਤੇ ਡੀ.ਐਸ.ਪੀ ਭਰਤੀ ਕਰ ਚੁੱਕੀ ਹੈ ਜੋ ਮਾਊਂਟ ਐਵਰੈਸਟ ਚੜ੍ਹੇ ਹਨ ਅਤੇ ਇਨ੍ਹਾਂ ਚੋਂ ਦੋ ਜਣੇ ਤਾਂ ਅੱਜ ਹੀ  ਸਿੱਧੇ ਡੀ. ਐਸ. ਪੀ ਬਣਾਏ ਗਏ ਹਨ। ਇਨ੍ਹਾਂ ਤਿੰਨਾਂ ਚੋਂ ਦੋ ਨੌਜਵਾਨ ਡੀ.ਐਸ.ਪੀ ਤਾਂ ਸਨਾਵਰ ਸਕੂਲ ਦੇ ਪੜ੍ਹੇ ਹੋਏ ਹਨ ਅਤੇ ਚੰਗੇ ਘਰਾਣਿਆਂ ਚੋਂ ਹਨ। ਇੱਧਰ ਦਲਜਿੰਦਰ ਸਿੰਘ ਦੀ ਹੈਸੀਅਤ ਸਿਆਸੀ ਤੇ ਮਾਲੀ ਤੌਰ ’ਤੇ ਏਨੇ ਦੇ ਨੇੜੇ ਤੇੜੇ ਵੀ ਨਹੀਂ। ਦਲਜਿੰਦਰ ਸਾਲ 1994 ਵਿਚ ਪੰਜਾਬ ਪੁਲੀਸ ’ਚ ਸਿਪਾਹੀ ਭਰਤੀ ਹੋਇਆ ਅਤੇ ਫਿਰ ਹੌਲਦਾਰ ਬਣਿਆ। ਥੋੜਾ ਸਮਾਂ ਪਹਿਲਾਂ ਲੋਕਲ ਰੈਂਕ ਦੇ ਕੇ ਏ.ਐਸ.ਆਈ ਬਣਾਇਆ।
               ਦਲਜਿੰਦਰ ਆਖਦਾ ਹੈ ਕਿ ਵਿਸ਼ਵ ਰਿਕਾਰਡਾਂ ਦਾ ਕਿਤੇ ਮੁੱਲ ਨਹੀਂ ਪਿਆ। ਮੁੱਖ ਮੰਤਰੀ ਅਤੇ ਡੀ.ਜੀ.ਪੀ ਨੂੰ ਦਰਖਾਸਤਾਂ ਵੀ ਦਿੱਤੀਆਂ ਸਨ। ਉਸ ਨੇ ਕਿਹਾ ਕਿ ਕਰਜ਼ੇ ਦਾ ਵਿਆਜ ਰਾਤਾਂ ਨੂੰ ਸੌਣ ਨਹੀਂ ਦਿੰਦਾ। ਉਹ ਦਾਅਵਾ ਕਰਦਾ ਹੈ ਕਿ ਚੋਟੀ ਸਰ ਕਰਨ ਵਾਲੇ ਕਿਸੇ ਪੰਜਾਬੀ ਕੋਲ ਉਸ ਜਿੰਨੇ ਸਰਟੀਫਿਕੇਟ ਨਹੀਂ ਹਨ। ਮਾਨਸਾ ਦੇ ਪਿੰਡ ਕਾਸ਼ਮਪੁਰ ਛੀਨਾ ਦੀ ਧੀਅ ਮਨਪ੍ਰੀਤ ਕੌਰ ਇੱਕ ਵਾਰ ਵਿਸ਼ਵ ਕੱਪ ਅਤੇ ਦੋ ਵਾਰ ਏਸ਼ਿਆਈ ਖੇਡਾਂ ਚੋਂ ਮੈਡਲ ਪ੍ਰਾਪਤ ਹੈ। ਉਸ ਨੇ 2013 ਵਿਚ ਵਿਸ਼ਵ ਕਬੱਡੀ ਕੱਪ ’ਚ ਗੋਲਡ ਮੈਡਲ ਲਿਆ।  2017 ਵਿਚ ਮਨਪ੍ਰੀਤ ਨੇ ਇਰਾਨ ’ਚ ਹੋਈ ਏਸ਼ੀਅਨ ਚੈਪੀਅਨਸ਼ਿਪ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਅਤੇ ਸਾਲ 2018 ਵਿਚ ਜਕਾਰਤਾ ’ਚ ਹੋਈਆਂ ਏਸ਼ੀਅਨ ਗੇਮਜ਼ ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਦੋਂ ਪੰਜਾਬ ਸਰਕਾਰ ਨੇ ਬਾਂਹ ਨਾ ਫੜੀ ਤਾਂ ਰਾਜਸਥਾਨ ਪੁਲੀਸ ਨੇ ਮਨਪ੍ਰੀਤ ਨੂੰ ਸਬ ਇੰਸਪੈਕਟਰ ਭਰਤੀ ਕਰ ਲਿਆ। ਮਨਪ੍ਰੀਤ ਆਖਦੀ ਹੈ ਕਿ ਨੌਕਰੀ ਤਾਂ ਦੂਰ ਦੀ ਗੱਲ, ਪੰਜਾਬ ਸਰਕਾਰ ਨੇ ਤਾਂ ਨਗਦ ਇਨਾਮੀ ਰਾਸ਼ੀ ਵੀ ਹਾਲੇ ਤੱਕ ਨਹੀਂ ਦਿੱਤੀ। ਮਨਪ੍ਰੀਤ ਨੇ ਤਿੰਨ ਵਾਰ ਯੂਨੀਵਰਸਿਟੀ ਮੈਡਲ ਵੀ ਜਿੱਤੇ ਹਨ। ਇਵੇਂ ਹੀ ਗੁਰਿੰਦਰ ਸਿੰਘ ਬਤੌਰ ਕਪਤਾਨ ਤਿੰਨ ਵਾਰ ਏਸ਼ਿਆਈ ਖੇਡਿਆ ਹੈ। ਪੁਲੀਸ ’ਚ ਹੌਲਦਾਰੀ ਤੋਂ ਅਗਾਂਹ ਨਹੀਂ ਵਧ ਸਕਿਆ। ਕਈ ਕੌਮਾਂਤਰੀ ਪੱਧਰ ’ਤੇ ਖੇਡੇ ਥਾਣੇਦਾਰ ਵੀ ਬਣ ਗਏ ਹਨ ਅਤੇ ਉਸ ਦੇ ਜੂਨੀਅਰ ਵੀ ਬਾਜੀ ਮਾਰ ਗਏ ਹਨ। ਜਲੰਧਰ ਪੀ.ਏ.ਪੀ ਦੇ ਗੁਰਿੰਦਰ ਦੀ ਕੋਈ ਬਾਂਹ ਫੜਨ ਵਾਲਾ ਨਹੀਂ।
              ਪਟਿਆਲਾ ਦੇ ਪਿੰਡ ਹਸ਼ਨਪੁਰ ਦਾ ਕੌਮੀ ਖਿਡਾਰੀ ਬਖਸ਼ੀਸ਼ ਸਿੰਘ ਸਾਈਕਲਿੰਗ ਵਿਚ ਦੋ ਵਾਰ ਕੌਮੀ ਚੈਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਚੁੱਕਾ ਹੈ। ਉਹ ਦੱਸਦਾ ਹੈ ਕਿ ਉਹ ਕਲਾਸ ਵਨ ਅਸਾਮੀ ਲਈ ਯੋਗਤਾ ਪੂਰੀ ਕਰਦਾ ਹੈ ਪ੍ਰੰਤੂ ਕੋਈ ਸੁਣਨ ਨੂੰ ਤਿਆਰ ਨਹੀਂ। ਸਰਕਾਰੀ ਸਕੂਲ ਦੇ ਪੜ੍ਹੇ ਇਸ ਖਿਡਾਰੀ ਨੇ ਜਪਾਨ ਵਿਚ ਵੀ ਕੌਮਾਂਤਰੀ ਪੱਧਰ ’ਤੇ ਸ਼ਮੂਲੀਅਤ ਕੀਤੀ ਹੈ।ਜਲੰਧਰ (ਪੀ.ਏ.ਪੀ) ਦੀ ਰਾਜਵਿੰਦਰ ਕੌਰ ਜੂਡੋ ਦੀ ਕੌਮਾਂਤਰੀ ਖਿਡਾਰਨ ਹੈ ਜਿਸ ਨੇ 2014 ਦੀਆਂ ਕਾਮਨਵੈਲਥ ਗੇਮਜ਼ ਵਿਚ ਤਗਮਾ ਜਿੱਤਿਆ ਹੋਇਆ ਹੈ। ਉਦੋਂ ਉਹ ਪੁਲੀਸ ਵਿਚ ਹੌਲਦਾਰ ਦੀ ਅਸਾਮੀ ’ਤੇ ਸੀ ਅਤੇ ਹੁਣ ਉਹ ਲੋਕਲ ਰੈਂਕ ਨਾਲ ਇੰਸਪੈਕਟਰ ਬਣੀ ਹੈ। ਉਸ ਦਾ ਡੀ.ਐਸ.ਪੀ ਦੀ ਅਸਾਮੀ ਲਈ ਕੇਸ ਗ੍ਰਹਿ ਮਹਿਕਮੇ ਨੇ ਬੇਰੰਗ ਮੋੜ ਦਿੱਤਾ। ਨਿਆਂ ਲੈਣ ਲਈ ਉਹ ਹਾਈਕੋਰਟ ’ਚ ਕੇਸ ਲੜ ਰਹੀ ਹੈ। ਨਵਜੋਤ ਚਾਨਾ ਵੀ ਕਾਮਨਵੈਲਥ ਗੇਮਜ਼ ਵਿਚ ਮੈਡਲ ਪ੍ਰਾਪਤ ਹੈ ਅਤੇ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਵੀ ਏਸ਼ੀਅਨ ਗੇਮਜ਼ 2014 ਵਿਚ ਕਬੱਡੀ ਵਿਚ ਸੋਨ ਤਗਮਾ ਜੇਤੂ ਹੈ ਪ੍ਰੰਤੂ ਉਹ ਹੌਲਦਾਰੀ ਤੋਂ ਅਗਾਂਹ ਨਹੀਂ ਵਧ ਸਕਿਆ। ਪੁਲੀਸ ਦੀ ਖੇਡ ਪਾਲਿਸੀ ਨੇ ਵੀ ਇਨ੍ਹਾਂ ਨਾਲ ਇਨਸਾਫ ਨਹੀਂ ਕੀਤਾ। ਇਨ੍ਹਾਂ ਨੇ ਹਾਈਕੋਰਟ ਦਾ ਬੂਹਾ ਖੜਕਾਇਆ ਹੈ।ਬਟਾਲਾ ਦੀ ਰਣਜੀਤ ਕੌਰ ਵੀ ਹਾਲੇ ਹੌਲਦਾਰ ਹੀ ਹੈ ਜਿਸ ਨੇ ਕਬੱਡੀ ਵਿਚ ਏਸ਼ੀਅਨ ਗੇਮਜ਼ 2018 ਵਿਚ ਸਿਲਵਰ ਮੈਡਲ ਹਾਸਲ ਕੀਤਾ। ਏਦਾਂ ਦੇ ਕਿੰਨੇ ਖਿਡਾਰੀ ਹਨ ਜਿਨ੍ਹਾਂ ਦਾ ਸਰਕਾਰਾਂ ਨੇ ਮੁੱਲ ਨਹੀਂ ਪਾਇਆ। ਸਨਾਵਰ ਸਕੂਲਾਂ ਵਾਲੇ ਮੇਲਾ ਲੁੱਟ ਗਏ ਹਨ ਜਦੋਂ ਕਿ ਪੇਂਡੂ ਸਕੂਲਾਂ ਵਾਲੇ ਦੇਖਦੇ ਰਹਿ ਗਏ ਹਨ। ਇਸ ਤੋਂ ਸਰਕਾਰ ਦੀ ਖਿਡਾਰੀਆਂ ਪ੍ਰਤੀ ਪਹੁੰਚ ਦਾ ਪਤਾ ਚੱਲਦਾ ਹੈ।
                ਕੈਪਟਨ ਨਾਲ ਨੇੜਤਾ ਦਾ ਮੁੱਲ ਪਿਆ
ਪੰਜਾਬ ਸਰਕਾਰ ਵੱਲੋਂ ਸਿੱਧੇ ਡੀ.ਐਸ.ਪੀ ਭਰਤੀ ਕੀਤੇ ਪ੍ਰਿਥਵੀ ਸਿੰਘ ਚਾਹਲ ਦੀ ਫਿਲੌਰ ਤੋਂ ਟਰੇਨਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਪੰਜਾਬ ਕਾਂਗਰਸ ਦੇ ਯੂਥ ਐਂਡ ਸਪੋਰਟਸ ਕਲੱਬ ਸੈੱਲ ਦੇ ਚੇਅਰਮੈਨ ਸੰਜੇ ਇੰਦਰ ਸਿੰਘ ਚਾਹਲ ਉਰਫ ਬੰਨੀ ਚਾਹਿਲ ਦੇ ਲੜਕੇ ਹਨ ਅਤੇ ਕੈਪਟਨ ਪਰਿਵਾਰ ਦੇ ਨੇੜਲੇ ਹਨ। ਬੰਨੀ ਚਾਹਿਲ 2002-07 ਦੌਰਾਨ ਪਟਿਆਲਾ ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹੇ ਹਨ। ਪੰਜਾਬ ਕੈਬਨਿਟ ਵੱਲੋਂ ਅੱਜ ਸਿੱਧੇ ਡੀ.ਐਸ.ਪੀ ਭਰਤੀ ਕੀਤੇ ਫਤਹਿ ਸਿੰਘ ਬਰਾੜ ਮੁਕਤਸਰ ਜ਼ਿਲ੍ਹੇ ਦੇ ਪਿੰਡ ਭਾਗਸਰ ਦੇ ਬਾਸ਼ਿੰਦੇ ਹਨ ਜਿਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਬਰਾੜ ਪੀ.ਸੀ.ਐਸ ਅਧਿਕਾਰੀ ਹਨ। ਦੋਵੇਂ ਸਨਾਵਰ ਸਕੂਲ ਦੇ ਪੜ੍ਹੇ ਹੋਏ ਹਨ।




No comments:

Post a Comment