Wednesday, January 22, 2020

                         ਬਚਪਨ ’ਤੇ ਸੁਆਲ 
        ਨਿੱਕੇ ਬਾਲਾਂ ਦੀ ਧਾਰਮਿਕ ਸ਼ਨਾਖਤ ! 
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੀ ਹੁਣ ਧਰਮ ਦੇ ਅਧਾਰ ’ਤੇ ਸ਼ਨਾਖ਼ਤ ਹੋਣ ਲੱਗੀ ਹੈ ਜਿਸ ਤੋਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਤਰਫ਼ੋਂ ਜ਼ੁਬਾਨੀ ਹੁਕਮਾਂ ਨਾਲ ਇਨ੍ਹਾਂ ਬੱਚਿਆਂ ਦਾ ਅੰਕੜਾ ਇਕੱਠਾ ਕੀਤਾ ਜਾ ਰਿਹਾ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਇਸ ਤੋਂ ਅਣਜਾਣ ਹੈ ਪ੍ਰੰਤੂ ਇਸ ਵਿਭਾਗ ਦੇ ਫੀਲਡ ਅਧਿਕਾਰੀ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੀ ਧਰਮ ਦੇ ਅਧਾਰ ’ਤੇ ਸ਼ਨਾਖ਼ਤ ਕਰਨ ਵਿਚ ਜੁਟ ਗਏ ਹਨ। ਇਸੇ ਦੌਰਾਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫਿਰਕੂ ਅਧਾਰ ’ਤੇ ਕੋਈ ਅੰਕੜਾ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਮਨਜੀਤ ਸਿੰਘ ਰਾਏ ਜੋ ਕਿ ਕਰੀਬ ਵੀਹ ਸਾਲ ਤੋਂ ਭਾਜਪਾ ਦੇ ਸੀਨੀਅਰ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ, ਨੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਨੇ ਮੀਟਿੰਗਾਂ ਵਿਚ ਇਹ ਵੇਰਵੇ ਮੰਗੇ ਹਨ। ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਵਿਚ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੇ ਵਟਸਐਪ ਸੁਨੇਹਾ ਭੇਜ ਕੇ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਸਿੱਖ, ਇਸਾਈ, ਬੋਧੀ, ਜੈਨੀ,ਪਾਰਸੀ ਤੇ ਮੁਸਲਿਮ ਬੱਚਿਆਂ ਦੀ ਗਿਣਤੀ ਧਰਮ ਵਾਈਜ ਪੁੱਛੀ ਹੈ। ਆਂਗਣਵਾੜੀ ਵਰਕਰ ਇਹ ਵੇਰਵੇ ਇਕੱਠੇ ਕਰਨ ਵਿਚ ਜੁਟ ਗਏ ਹਨ। ਜਿਉਂ ਹੀ ਇਹ ਸੁਨੇਹਾ ਪੁੱਜੇ ਤਾਂ ਕਾਫ਼ੀ ਹਲਚਲ ਸ਼ੁਰੂ ਹੋ ਗਈ ਹੈ।
       ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁਕਤਸਰ ਰਤਨਦੀਪ ਕੌਰ ਦਾ ਕਹਿਣਾ ਸੀ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਤਰਫ਼ੋਂ ਹਦਾਇਤ ਕੀਤੀ ਗਈ ਸੀ ਜਿਸ ਕਰਕੇ ਉਹ ਵੱਖ ਵੱਖ ਧਰਮਾਂ ਦੇ ਆਂਗਣਵਾੜੀ ਸੈਂਟਰਾਂ ਵਿਚ ਪੜ੍ਹਦੇ ਬੱਚਿਆਂ ਦੀ ਗਿਣਤੀ ਇਕੱਠੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਇਹ ਯੂਨੀਵਰਸਲ ਸਕੀਮ ਹੈ ਅਤੇ ਇਸ ਤੋਂ ਪਹਿਲਾਂ ਧਰਮ ਵਾਈਜ ਕਦੇ ਕੋਈ ਅੰਕੜੇ ਨਹੀਂ ਮੰਗੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੇਰਵੇ ਵਿਭਾਗ ਤਰਫ਼ੋਂ ਨਹੀਂ ਮੰਗੇ ਗਏ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ ਅਵਤਾਰ ਕੌਰ ਦਾ ਕਹਿਣਾ ਸੀ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਮੀਟਿੰਗਾਂ ਵਿਚ ਹਦਾਇਤ ਕੀਤੀ ਸੀ ਕਿ ਘੱਟ ਗਿਣਤੀ ਦੇ ਬੱਚਿਆਂ ਦੀ ਧਰਮ ਵਾਈਜ ਵੇਰਵੇ ਇਕੱਠੇ ਕਰਕੇ ਭੇਜੇ ਜਾਣ ਜਿਸ ਕਰਕੇ ਉਹ ਅੰਕੜੇ ਇਕੱਠੇ ਕਰ ਰਹੇ ਹਨ। ਕਈ ਆਂਗਣਵਾੜੀ ਵਰਕਰਾਂ ਨੇ ਆਖਿਆ ਕਿ ਜਦੋਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਤੋਂ ਧਰਮ ਬਾਰੇ ਪੁੱਛਿਆ ਤਾਂ ਉਹ ਸੁਆਲ ਕਰਨ ਲੱਗੇ ਹਨ ਅਤੇ ਫਿਕਰਮੰਦ ਹੋ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ 27,289 ਆਂਗਣਵਾੜੀ ਸੈਂਟਰ ਹਨ ਜਿਨ੍ਹਾਂ ਵਿਚ ਕਰੀਬ 50,484 ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੀ ਤਾਇਨਾਤੀ ਹੈ। ਇਨ੍ਹਾਂ ਸੈਂਟਰਾਂ ਵਿਚ ਕਰੀਬ 5.48 ਲੱਖ ਬੱਚੇ ਦਾਖਲ ਹਨ।
               ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਧਰਮ ਨੂੰ ਅਧਾਰ ਬਣਾ ਕੇ ਏਦਾਂ ਦੀ ਰਿਪੋਰਟ ਪਹਿਲਾਂ ਕਦੇ ਵੀ ਨਹੀਂ ਮੰਗੀ ਗਈ ਹੈ। ਇਸ ਤਰ੍ਹਾਂ ਦੀ ਆਂਗਣਵਾੜੀ ਵਰਕਰਾਂ ਨੂੰ ਰਿਪੋਰਟ ਨਾ ਦੇਣ ਲਈ ਆਖ ਦਿੱਤਾ ਹੈ ਕਿਉਂਕਿ ਇਸ ਨਾਲ ਮਾਪੇ ਵੀ ਵਰਕਰਾਂ ’ਤੇ ਸੁਆਲ ਖੜ੍ਹੇ ਕਰਨ ਲੱਗੇ ਹਨ। ਉਨ੍ਹਾਂ ਆਖਿਆ ਕਿ ਜਦੋਂ ਦੇਸ਼ ਵਿਚ ਨਾਗਰਿਕਤਾ ਕਾਨੂੰਨ ਦਾ ਰੌਲਾ ਰੱਪਾ ਪਿਆ ਹੋਇਆ ਹੈ ਤਾਂ ਉਸ ਮੌਕੇ ਮਾਪਿਆਂ ਦੇ ਮਨਾਂ ਵਿਚ ਹੋਰ ਤੌਖਲੇ ਖੜ੍ਹੇ ਹੋ ਗਏ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦਾ 15 ਨੁਕਾਤੀ ਪ੍ਰੋਗਰਾਮ ਸਾਲ 2005 ਤੋਂ ਚੱਲ ਰਿਹਾ ਹੈ। ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਵਾਸਤੇ ਕੇਂਦਰੀ ਯੂਨੀਵਰਸਲ ਸਕੀਮਾਂ ਹਨ , ਨਾ ਕਿ ਘੱਟ ਗਿਣਤੀ ਹੋਣ ਕਰਕੇ।ਸਮਾਜਿਕ ਸੁਰੱਖਿਆ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਦਾ ਕਹਿਣਾ ਸੀ ਕਿ ਵਿਭਾਗ ਤਰਫ਼ੋਂ ਕਿਸੇ ਵੀ ਸੈਂਟਰ ਤੋਂ ਏਦਾਂ ਦੀ ਕੋਈ ਤਫਸ਼ੀਲ ਨਹੀਂ ਮੰਗੀ ਹੈ ਜਿਸ ਬਾਰੇ ਨਾ ਲਿਖਤੀ ਤੇ ਨਾ ਕੋਈ ਜੁਬਾਨੀ ਹੁਕਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
                       ਗਲਤ ਮਤਲਬ ਨਾ ਕੱਢਿਆ ਜਾਵੇ : ਰਾਏ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਵਿਚ ਆਂਗਣਵਾੜੀ ਸੈਂਟਰ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੇ ਪੰਜਾਬ ਭਰ ਦਾ ਦੌਰਾ ਕਰਕੇ ਘੱਟ ਗਿਣਤੀ ਦੇ ਬੱਚਿਆਂ ਦੇ ਵੇਰਵਾ ਮੰਗੇ ਹਨ ਜਿਨ੍ਹਾਂ ਵਿਚ ਛੇ ਘੱਟ ਗਿਣਤੀਆਂ ਸ਼ਾਮਿਲ ਹਨ। ਉਨ੍ਹਾਂ ਨੇ ਇਹ ਵੇਰਵੇ ਬੱਚਿਆਂ ਨੂੰ ਮਿਲਦੇ ਲਾਭ ਜਾਣਨ ਦੇ ਨਜ਼ਰੀਏ ਤੋਂ ਮੰਗੇ ਹਨ ਜਿਸ ਦਾ ਕੋਈ ਗਲਤ ਮਤਲਬ ਨਹੀਂ ਕੱਢਿਆ ਜਾਣਾ ਬਣਦਾ ਹੈ। ਘੱਟ ਗਿਣਤੀ ਦੇ ਬੱਚਿਆਂ ਨੂੰ ਮਿਲਦੇ ਲਾਂਭ ਦੀ ਸਮੀਖਿਆ ਕੀਤੀ ਜਾਣੀ ਹੈ।
 

No comments:

Post a Comment