Thursday, January 2, 2020

                                                       ਸਿਆਸੀ ਅਖਾੜਾ 
                              ਮਲੂਕਾ ਨੇ ਬੜ੍ਹਕ ਮਾਰੀ, ਕਾਂਗੜ ਨੇ ਹੱਥ ਮਲੇ
                                                            ਚਰਨਜੀਤ ਭੁੱਲਰ
ਬਠਿੰਡਾ : ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹੁਣ ਵੱਢੀਖੋਰੀ ਮਾਮਲੇ ’ਚ ਇੱਕ ਦੂਸਰੇ ਦੀ ਚੁਣੌਤੀ ਕਬੂਲ ਕਰ ਲਈ ਹੈ। ਪੰਜਾਬ ਦੀ ਸਿਆਸਤ ਵਿਚ ਇਹ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਮਾਝੇ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ’ਤੇ ਲਿਆ ਹੋਇਆ ਹੈ ਅਤੇ ਇੱਧਰ ਮਾਲਵਾ ’ਚ ਸਾਬਕਾ ਮੰਤਰੀ ਮਲੂਕਾ ਨੇ ਮਾਲ ਮੰਤਰੀ ਕਾਂਗੜ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਮਲੂਕਾ ਤੇ ਕਾਂਗੜ ਦਰਮਿਆਨ ਹੁਣ ਸਿਆਸੀ ਜੰਗ ਭਖਣ ਦੇ ਆਸਾਰ ਬਣ ਗਏ ਹਨ। ਦੇਖਣਾ ਇਹ ਹੈ ਕਿ ਇਹ ਸਿਆਸੀ ਜੰਗ ਕਿਥੇ ਜਾ ਕੇ ਰੁਕਦੀ ਹੈ। ਦੱਸਣਯੋਗ ਹੈ ਕਿ ਮਾਲ ਮੰਤਰੀ ਪੰਜਾਬ ਕਾਂਗੜ ਨੇ ਪਾਵਰਕੌਮ ਦੇ ਚੇਅਰਮੈਨ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਸੀ। ਉਸ ਮਗਰੋਂ ਸਾਬਕਾ ਮੰਤਰੀ ਮਲੂਕਾ ਨੇ ਮਾਲ ਮੰਤਰੀ ਕਾਂਗੜ ਅਤੇ ਪਾਵਰਕੌਮ ਦੇ ਚੇਅਰਮੈਨ ਦੀ ਕਾਰਗੁਜ਼ਾਰੀ ਦੀ ਪੜਤਾਲ ਦੀ ਮੰਗ ਉਠਾਈ ਸੀ। ਸਿਕੰਦਰ ਸਿੰਘ ਮਲੂਕਾ ਨੇ ਆਖਿਆ ਸੀ ਕਿ ਮਾਲ ਮੰਤਰੀ ਦੇ ਵਿਭਾਗ ’ਚ ਹੋਈਆਂ ਬਦਲੀਆਂ ਦੀ ਜਾਂਚ ਵੀ ਕਰਾਈ ਜਾਵੇ। ਦੂਸਰੀ ਤਰਫ਼ ਮਾਲ ਮੰਤਰੀ ਨੇ ਆਖਿਆ ਸੀ ਕਿ ਸਾਬਕਾ ਮੰਤਰੀ ਮਲੂਕਾ ਆਪਣੀ ਸੰਪਤੀ ਦੀ ਜਾਂਚ ਵੀ ਕਰਾਉਣ। ਅੱਜ ਇਸ ਸਿਆਸੀ ਤਲਖ਼ੀ ਨੇ ਨਵਾਂ ਮੋੜਾ ਲਿਆ ਜਦੋਂ ਕਿ ਦੋਵੇਂ ਧਿਰਾਂ ਨੇ ਇੱਕ ਦੂਸਰੇ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ।
        ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ  ਉਹ ਆਪਣੀ ਜਾਂਚ ਕਰਾਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਪਾਵਰਕੌਮ ਦਾ ਚੇਅਰਮੈਨ ਤਾਂ ਪਾਸੇ ਰਿਹਾ ਅਤੇ ਉਹ ਹੁਣ ਮਾਲ ਮੰਤਰੀ ਨਾਲ ਸਿੱਧੀ ਲੜਾਈ ਲੜਨਗੇ। ਮਲੂਕਾ ਨੇ ਕਿਹਾ ਕਿ ਕਾਂਗੜ ਜਦੋਂ ਚਾਹੇ ਤੇ ਜਿਥੇ ਚਾਹੇ, ਉਹ ਪੜਤਾਲ ਵਾਸਤੇ ਸਾਂਝੀ ਦਰਖਾਸਤ ਤਿਆਰ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜਸਟਿਸ ਨੂੰ ਦੇਣ ਲਈ ਤਿਆਰ ਹਨ। ਉਨ੍ਹਾਂ ਨੂੰ ਖੁਦ ਦੀ ਪੜਤਾਲ ਤੋਂ ਭੋਰਾ ਵੀ ਝਿਜਕ ਨਹੀਂ। ਦੂਸਰੀ ਤਰਫ਼ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮਲੂਕਾ ਸਾਂਝੀ ਪੜਤਾਲ ਲਈ ਦਰਖਾਸਤ ਤਿਆਰ ਕਰ ਲੈਣ, ਉਹ ਖੁਦ ਦਸਤਖ਼ਤ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੜਤਾਲ ਵਿਚ ਬੇਨਾਮੀ ਜਾਇਦਾਦ ਵੀ ਸ਼ਾਮਿਲ ਕੀਤੀ ਜਾਵੇਗੀ। ਉਹ ਆਪਣੀ ਤਰਫ਼ੋਂ ਸਾਰੇ ਸਬੂਤ ਪੇਸ਼ ਕਰਨਗੇ। ਮਾਲ ਮੰਤਰੀ ਕਾਂਗੜ ਨੇ ਕਿਹਾ ਕਿ ਦੋਹਾਂ ਧਿਰਾਂ ਦੀ ਜਾਇਦਾਦਾਂ ਦਾ ਸਭਨਾਂ ਨੂੰ ਪਤਾ ਹੀ ਹੈ। ਸਾਬਕਾ ਮੰਤਰੀ ਮਲੂਕਾ ਨੇ ਫੌਰੀ ਇਸ ’ਤੇ ਟਿੱਪਣੀ ਕਰਦੇ ਹੋਇਆ ਆਖਿਆ ਕਿ ਮਾਲ ਮੰਤਰੀ ਖੁਦ ਹੀ ਪੜਤਾਲ ਵਾਸਤੇ ਦਰਖਾਸਤ ਤਿਆਰ ਕਰ ਲਵੇ, ਉਹ ਦੋਵੇਂ ਇਕੱਠੇ ਮੁੱਖ ਜਸਟਿਸ ਕੋਲ ਚਲੇ ਜਾਣਗੇ।
               ਉਨ੍ਹਾਂ ਕਿਹਾ ਕਿ ਜਦੋਂ ਪੜਤਾਲ ਚੱਲੇਗੀ ਤਾਂ ਉਹ ਵੀ ਸਾਰੇ ਸਬੂਤ ਦੇਣਗੇ। ਉਨ੍ਹਾਂ ਕਿਹਾ ਕਿ ਸਬੂਤ ਦੇਣਾ ਤਾਂ ਇੱਕ ਦੂਜੇ ਦਾ ਹੱਕ ਹੈ। ਜੋ ਮਰਜ਼ੀ ਸਬੂਤ ਲੈ ਜਾਣ। ਉਹ ਪਹਿਲ ਕਰ ਲੈਣ, ਉਹ ਇਸ ਚੰਗੇ ਕੰਮ ਲਈ ਪੜਤਾਲ ਵਾਸਤੇ ਨਾਲ ਚਲੇ ਜਾਣਗੇ। ਦੱਸਣਯੋਗ ਹੈ ਕਿ ਥੋੜੇ ਦਿਨ ਪਹਿਲਾਂ ਹੀ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਚੋਣ ਹੋਈ ਹੈ ਜਿਸ ਵਿਚ ਮਾਲ ਮੰੰਤਰੀ ਕਾਂਗੜ ਦੇ ਲੜਕੇ ਹਰਮਨਵੀਰ ਸਿੰਘ ਕਾਂਗੜ ਸਮੇਤ ਨੌ ਕਾਂਗਰਸੀ ਡਾਇਰੈਕਟਰ ਚੁਣੇ ਗਏ ਹਨ। ਸਾਬਕਾ ਮੰਤਰੀ ਮਲੂਕਾ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਇਸ ਚੋਣ ਵਿਚ ਧਾਂਦਲੀ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਸੀ। ਇਸ ਚੋਣ ਮਗਰੋਂ ਦੋਹਾਂ ਧਿਰਾਂ ਵਿਚ ਖਟਾਸ ਨੇ ਗੰਭੀਰ ਰੂਪ ਲਿਆ ਹੈ। ਸੂਤਰ ਦੱਸਦੇ ਹਨ ਕਿ ਦੋਹਾਂ ਧਿਰਾਂ ਕੋਲ ਅੰਦਰੋਂ ਅੰਦਰੀਂ ਇੱਕ ਦੂਸਰੇ ਦੇ ਭੇਤ ਵੀ ਹਨ। ਮਾਲ ਮੰਤਰੀ ਨੇ ਹੁਣ ਇੱਥੋਂ ਤੱਕ ਕਿਹਾ ਕਿ ‘ਪਿਉ ਦਾ ਪੁੱਤ ਨਹੀਂ, ਜੇ ਪਿਛਾਂਹ ਹਟਾ’। ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਦੋਵੇਂ ਆਗੂ ਏਦਾਂ ਮਿਹਣੋਂ ਮਿਹਣੀ ਹੀ ਹੋਣਗੇ ਜਾਂ ਫਿਰ ਸਥਾਨ ਤੇ ਸਮਾਂ ਨਿਸ਼ਚਿਤ ਕਰਕੇ ਪੜਤਾਲ ਦਾ ਮੁੱਢ ਵੀ ਬੰਨ੍ਹਣਗੇ।


1 comment: