Tuesday, May 14, 2024

                                                          ਹਵਾ ਦੇ ਰੰਗ
                                          ਏਹ ਰਾਜਾ ਤਾਂ ‘ਰੰਕ’ ਹੋ ਗਿਆ..!
                                                       ਚਰਨਜੀਤ ਭੁੱਲਰ  

ਮਹਿਰਾਜ (ਬਠਿੰਡਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਇਸ ਪਿੰਡ ਮਹਿਰਾਜ ’ਚ ਸਿਆਸੀ ਹਵਾ ਦੇ ਰੰਗ ਬਦਲੇ ਹਨ ਅਤੇ ਇਹ ਪਿੰਡ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਕੋਈ ਵੇਲਾ ਸੀ ਜਦੋਂ ਅਮਰਿੰਦਰ ਸਿੰਘ ਨੂੰ ਇੱਥੋਂ ਦੇ ਲੋਕ ‘ਮਹਾਰਾਜਾ ਸਾਬ੍ਹ’ ਕਹਿੰਦੇ ਨਹੀਂ ਥੱਕਦੇ ਸਨ। ਉਨ੍ਹਾਂ ਦੇ ਬੋਲ ਪੁਗਾਉਂਦੇ ਸਨ ਅਤੇ ਸਮੁੱਚਾ ਪਿੰਡ ਕਾਂਗਰਸ ਦੇ ‘ਹੱਥ ਪੰਜੇ’ ’ਤੇ ਮੋਹਰ ਲਾਉਂਦਾ ਸੀ। ਸਾਲ 2002 ਦੀਆਂ ਚੋਣਾਂ ਮਗਰੋਂ ਹਮੇਸ਼ਾ ਮਹਿਰਾਜ ਨੇ ਕਾਂਗਰਸ ਦਾ ਸਾਥ ਦਿੱਤਾ। ਬੇਸ਼ੱਕ ਰਾਜਿਆਂ ਮਹਾਰਾਜਿਆਂ ਦਾ ਦੌਰ ਲੰਮਾ ਅਰਸਾ ਪਹਿਲਾਂ ਖ਼ਤਮ ਹੋ ਚੁੱਕਾ ਹੈ ਪ੍ਰੰਤੂ ਅਮਰਿੰਦਰ ਸਿੰਘ ਹਾਲੇ ਵੀ ਮਹਿਰਾਜ ਪਿੰਡ ਦੇ ‘ਮਹਾਰਾਜੇ’ ਸਨ। ਪੰਜਾਬ ਦੇ ਸਭ ਤੋਂ ਵੱਡੇ ਪਿੰਡ ਹੋਣ ਦਾ ਮਹਿਰਾਜ ਨੂੰ ਮਾਣ ਹੈ ਅਤੇ ਇਥੇ ਕਰੀਬ 16 ਹਜ਼ਾਰ ਵੋਟ ਹੈ। ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਤਾਂ ਮਹਿਰਾਜ ਦੇ ਵਾਸੀਆਂ ਨੇ ਅਮਰਿੰਦਰ ਦਾ ਲੜ ਛੱਡ ਦਿੱਤਾ ਹੈ। ਲੋਕਾਂ ਨੇ ਅਮਰਿੰਦਰ ਦੀ ਥਾਂ ਹੁਣ ਕਿਸਾਨਾਂ ਦੀ ਪਿੱਠ ’ਤੇ ਖੜ੍ਹਨ ਦਾ ਫ਼ੈਸਲਾ ਕੀਤਾ ਹੈ। 

          ਹੁਣ ਜਦੋਂ ਭਾਜਪਾ ਉਮੀਦਵਾਰ ਵਜੋਂ ਪ੍ਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਬਣੇ ਹਨ ਤਾਂ ਪਿੰਡ ਮਹਿਰਾਜ ਦੇ ਵਾਸੀਆਂ ਨੇ ਕਿਨਾਰਾ ਕਰ ਲਿਆ ਹੈ ਹਾਲਾਂਕਿ ਪਿਛਲੀਆਂ ਚੋਣਾਂ ਵਿਚ ਜਦੋਂ ਵੀ ਪ੍ਰਨੀਤ ਕੌਰ ਨੇ ਚੋਣ ਲੜੀ ਤਾਂ ਮਹਿਰਾਜ ਵਾਸੀ ਪਟਿਆਲਾ ਨੀਵਾਂ ਕਰ ਦਿੰਦੇ ਸਨ। ਮਹਿਰਾਜ ਪਿੰਡ ਹੁਣ ਅਮਰਿੰਦਰ ਸਿੰਘ ਦੇ ਫ਼ੈਸਲੇ ਤੋਂ ਨਾਖ਼ੁਸ਼ ਹੈ। ਇਨ੍ਹਾਂ ਚੋਣਾਂ ਵਿਚ ਮਹਿਰਾਜ ਨਵੀਂ ਲੀਹ ਪਾ ਸਕਦਾ ਹੈ। ਅਮਰਿੰਦਰ ਦੇ ਪਿੰਡ ਮਹਿਰਾਜ ਵਿਚਲੇ ਨੇੜਲੇ ਨਿਰੰਜਨ ਸਿੰਘ ਮਿੱਠੂ ਵੈਦ ਦਾ ਪ੍ਰਤੀਕਰਮ ਸੀ ਕਿ ਪਿੰਡ ਮਹਿਰਾਜ ਨੇ ਕਿਸਾਨਾਂ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਅਮਰਿੰਦਰ ਸਿੰਘ ਦਾ ਜਲਵਾ ਹੁਣ ਪਿੰਡ ’ਚੋਂ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਭਾਜਪਾ ਵਿਚ ਚਲੇ ਜਾਣ ਮਗਰੋਂ ਪਿੰਡ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਹਨ। ਚੇਤੇ ਰਹੇ ਕਿ ਪਿੰਡ ਮਹਿਰਾਜ ਦੇ ਲੋਕਾਂ ਨੇ ਦਿੱਲੀ ਦੇ ਕਿਸਾਨ ਮੋਰਚੇ ਵੀ ਸ਼ਮੂਲੀਅਤ ਕੀਤੀ ਸੀ। ਜਦੋਂ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਪਿੰਡ ਦੀ ਨੁਹਾਰ ਬਦਲ ਦਿੱਤੀ ਸੀ। 

        ਅਮਰਿੰਦਰ ਸਿੰਘ ਦੀ ਦੂਜੀ ਪਾਰੀ ਦੌਰਾਨ ਪਿੰਡ ਮਹਿਰਾਜ ਨੂੰ 28 ਕਰੋੜ ਦਾ ਪੈਕੇਜ ਤਾਂ ਮਿਲਿਆ ਪ੍ਰੰਤੂ ਵਿਕਾਸ ਬਹੁਤਾ ਨਜ਼ਰ ਨਾ ਆਇਆ। 2002 ਦੀਆਂ ਚੋਣਾਂ ਤੱਕ ਪਿੰਡ ਮਹਿਰਾਜ ਪੰਥਕ ਸਫ਼ਾ ਵਿਚ ਰਿਹਾ ਹੈ ਅਤੇ ਹਮੇਸ਼ਾ ਅਕਾਲੀ ਦਲ ਦੀ ਵੋਟ ਮਹਿਰਾਜ ’ਚੋਂ ਵਧਦੀ ਰਹੀ ਹੈ। ਮਹਿਰਾਜ ਦੇ ਕਾਕਾ ਸਿੰਘ ਦਾ ਕਹਿਣਾ ਸੀ ਕਿ ਅਮਰਿੰਦਰ ਸਿੰਘ ਵੱਲੋਂ ਦਲ ਬਦਲੀ ਕੀਤੇ ਜਾਣ ਮਗਰੋਂ ਪਿੰਡ ਵਾਸੀਆਂ ਦਾ ਦਿਲ ਟੁੱਟ ਗਿਆ ਹੈ ਅਤੇ ਅਮਰਿੰਦਰ ਦੀ ਹੁਣ ਪਿੰਡ ਵਿਚ ਪਹਿਲਾਂ ਵਾਲੀ ਧਾਕ ਨਹੀਂ ਰਹੀ। ਪਿੰਡ ਵਾਸੀ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਸਮੇਂ ਵੀ ਕੋਈ ਵਿਕਾਸ ਨਹੀਂ ਹੋਇਆ ਹੈ ਅਤੇ ਪਿੰਡ ਦੀ ਫਿਰਨੀ ਦਾ ਬੁਰਾ ਹਾਲ ਹੈ। ਕਿਸਾਨ ਚਮਕੌਰ ਸਿੰਘ ਨੇ ਮੌਜੂਦਾ ਸਰਕਾਰ ਦੀ ਸ਼ਲਾਘਾ ਕੀਤੀ ਕਿ ਕਿਸਾਨਾਂ ਨੂੰ ਬਿਨਾਂ ਕੱਟ ਤੋਂ ਖੇਤਾਂ ਲਈ ਬਿਜਲੀ ਮਿਲੀ ਹੈ। ਸਾਲ 2022 ਦੀਆਂ ਚੋਣਾਂ ਵਿਚ ਮਹਿਰਾਜ ਪਿੰਡ ’ਚੋਂ ਆਮ ਆਦਮੀ ਪਾਰਟੀ ਦੀ ਵੋਟ ਵਧੀ ਸੀ ਜਦਕਿ ਪਹਿਲਾਂ ਹਮੇਸ਼ਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਜਿਤਾਉਣ ਪਿੱਛੇ ਪਿੰਡ ਮਹਿਰਾਜ ਦਾ ਹੱਥ ਰਿਹਾ ਹੈ। 

        ਅਮਰਿੰਦਰ ਸਿੰਘ ਆਪਣੀ ਦੂਜੀ ਪਾਰੀ ਦੌਰਾਨ ਸਿਰਫ਼ ਇੱਕ ਵਾਰ ਹੀ ਪਿੰਡ ਮਹਿਰਾਜ ਆਏ ਸਨ। ਪਿੰਡ ਵਾਸੀ ਗੁਰਤੇਜ ਸਿੰਘ ਆਖਦਾ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਲਈ ਮਹਿਰਾਜ ਪਲਕਾਂ ਵਿਛਾਉਂਦਾ ਸੀ ਪ੍ਰੰਤੂ ਹੁਣ ਪਿੰਡ ਵਿਚ ਅਮਰਿੰਦਰ ਦੀ ਭੱਲ ਖ਼ਰਾਬ ਹੋਈ ਹੈ। ਖ਼ਾਸ ਕਰਕੇ ਕਿਸਾਨ ਭਾਈਚਾਰਾ ਨਾਰਾਜ਼ ਹੋਇਆ ਹੈ। ਪਿੰਡ ਮਹਿਰਾਜ ਵਿੱਚ ਅਮਰਿੰਦਰ ਸਿੰਘ ਦਾ ਭਾਜਪਾਈ ਝੰਡਾ ਸਿਰਫ ਰਾਹੁਲ ਮਹਿਰਾਜ ਨੇ ਹੀ ਚੁੱਕਿਆ ਹੋਇਆ ਹੈ। ਬਾਕੀ ਪਿੰਡ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਮਹਿਰਾਜ ਦੇ ਵਸਨੀਕ ਹਰਿੰਦਰ ਸਿੰਘ ਹਿੰਦਾ ਦਾ ਕਹਿਣਾ ਸੀ ਕਿ ਪਿੰਡ ਮਹਿਰਾਜ ਨੇ ਹੁਣ ਅਮਰਿੰਦਰ ਸਿੰਘ ਦਾ ਖਾਤਾ ਬੰਦ ਕਰ ਦਿੱਤਾ ਹੈ ਕਿਉਂਕਿ ਅਮਰਿੰਦਰ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਮਹਿਰਾਜ ਦੇ ‘ਆਪ’ ਦੇ ਸੀਨੀਅਰ ਆਗੂ ਸਤਵੀਰ ਸਿੰਘ ਬਿੰਦਾ ਦਾ ਕਹਿਣਾ ਸੀ ਕਿ ਮਹਿਰਾਜ ਪਿੰਡ ਨੇ ਹੁਣ ‘ਆਪ’ ਨੂੰ ਹੁੰਗਾਰਾ ਦੇਣਾ ਸ਼ੁਰੂ ਕੀਤਾ ਹੈ ਅਤੇ ਪਿਛਲੀਆਂ ਚੋਣਾਂ ਵਿਚ ਮਹਿਰਾਜ ਚੋਂ ‘ਆਪ’ ਦੀ ਵੋਟ ਵਧੀ ਹੈ। ਪਿਛਲੀ ਲੋਕ ਸਭਾ ਚੋਣ 2019 ਵਿਚ ਪਿੰਡ ਮਹਿਰਾਜ ਚੋਂ ਕਾਂਗਰਸ ਪਾਰਟੀ ਨੂੰ 4513 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 3671 ਵੋਟਾਂ ਪ੍ਰਾਪਤ ਹੋਈਆਂ ਸਨ। ਮਹਿਰਾਜ ਵਿਚ ਅੱਠ ਤੋਂ ਜ਼ਿਆਦਾ ਗਰਾਮ ਪੰਚਾਇਤਾਂ ਹਨ।

No comments:

Post a Comment