Wednesday, May 1, 2024

                                                      ਉੜ ਜਾ ਰੇ ਪੰਛੀ..!
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਜੇ ਕੋਲੰਬਸ ਅਮਰੀਕਾ ਲੱਭ ਸਕਦੈ, ਖੋਜਕਾਰ ਮੰਗਲ ਗ੍ਰਹਿ ’ਤੇ ਪਾਣੀ ਤਾਂ ਅਸੀਂ ਕਿਸੇ ਨੂੰਹ-ਧੀ ਨਾਲੋਂ ਘੱਟ ਹਾਂ। ਦੇਸ਼ ਦੇ ਚੌਕੀਦਾਰ ਨੇ ‘ਮੋਰ’ ਲੱਭਿਆ ਹੈ। ਨਰਿੰਦਰ ਮੋਦੀ ਸਿਰੇ ਦੇ ਪੰਛੀ ਪ੍ਰੇਮੀ ਨੇ, ਰੋਜ਼ਾਨਾ ਆਪਣੇ ਗ਼ਰੀਬਖ਼ਾਨੇ ’ਤੇ ਮੋਰਾਂ ਨੂੰ ਚੋਗ ਚੁਗਾਉਂਦੇ ਨੇ। ਪੰਜਾਬੀਆਂ ਦੀ ਮਥਰਾ ਨਿਆਰੀ ਹੈ, ‘ਮਿੱਤਰਾਂ ਦੇ ਤਿੱਤਰਾਂ ਨੂੰ, ਨੀਂ ਮੈਂ ਤਲੀਆਂ ’ਤੇ ਚੋਗ ਚੁਗਾਵਾਂ।’ ਇਵੇਂ ਹੀ ਪ੍ਰਧਾਨ ਮੰਤਰੀ ਨੂੰ ਚੋਣ ਪਿਆਰੀ ਹੈ, ਤਾਹੀਓਂ ਹੋਕਾ ਦਿੱਤੈ, ‘ਯੇਹ ਦਿਲ ਮਾਂਗੇ ਮੋਰ’। ਹੋ ਜਾਓ ਤਿਆਰ, ਨਾ ਦੋ ਨਾ ਚਾਰ, ਪੂਰੇ ਚਾਰ ਸੌ ਪਾਰ। ਕਹਾਵਤ ਹੈ, ਤੋਪ ਦਾ ਲਾਇਸੈਂਸ ਮੰਗੋਗੇ ਤਾਂ ਪਿਸਤੌਲ ਦਾ ਮਿਲੇਗਾ।

         ਮੋਟਰ ਤੇ ਵੋਟਰ ਦਾ ਕੀ ਭਰੋਸਾ, ਕਦੋਂ ਵਿਗੜ ਜਾਏ। ਇੰਜ ਲਗਦਾ ਕਿ ਦੇਸ਼ ਅਕਲਦਾਨੀ ’ਚੋਂ ਸੁਰਮਚੂ ਨਾਲ ਸੁਰਮਾ ਪਾਏਗਾ ਵੀ, ਮਟਕਾਏਗਾ ਵੀ। ਭਾਜਪਾਈ ਸੋਚ ਚੰਗਿਆੜੇ ਛੱਡਣ ਲੱਗੀ ਹੈ, ਜਿਸ ਤੋਂ ਲੱਗਦਾ ਹੈ ਕਿ ਸੁੱਖ ਨੀਂ ਸਾਧ ਦੇ ਡੇਰੇ। ਈਡੀ ਨੇ ਦੇਸ਼ ਨੂੰ ਕੋਤਵਾਲੀ ਬਣਾ ਰੱਖਿਐ। ਜਦੋਂ ਫ਼ਸਲ ਵੋਟਾਂ ਦੀ ਪੱਕੀ ਹੋਵੇ, ਫੇਰ ਕੂੰਜਾਂ ਵਾਂਗੂ ਪੰਛੀ ਪ੍ਰੇਮੀ ਤਾਂ ਆਉਣਗੇ ਹੀ। ਖੇਤਾਂ ’ਚ ਪੈਲਾਂ ਪਾਉਣਗੇ, ਮੋਹ ਜਤਾਉਣਗੇ, ਨਾਲੇ ਸੁਰ ਲਾਉਣਗੇ, ‘ਹਮ ਬਨੇ, ਤੁਮ ਬਨੇ ਇਕ ਦੂਜੇ ਕੇ ਲੀਏ।’

        ਨਾਗਪੁਰੀ ਸੋਚ ਦੇ ਸਮੁੰਦਰ ’ਚ ਸਿਆਸੀ ਪੰਛੀ ਇੰਜ ਡੁਬਕੀ ਲਾਉਂਦੇ ਨੇ, ਜਿਵੇਂ ਗੰਗਾ ਨਹਾਉਂਦੇ ਹੋਣ। ਆਪਣਾ ਸ਼ਿਵ ਬਟਾਲਵੀ, ਕਦੇ ਸ਼ਿਕਰੇ ਯਾਰ ਲਈ ਚੂਰੀ ਕੁੱਟਦਾ ਰਿਹਾ, ਕਦੇ ਦਿਲ ਦਾ ਮਾਸ ਖੁਆਉਂਦਾ ਰਿਹਾ। ਨਾ ਸ਼ਿਵ ਨੇ ਚੋਣ ਲੜੀ, ਨਾ ਲੜਣੀ ਸੀ। ‘ਬਿਨ ਮਾਂਗੇ ਮੋਤੀ ਮਿਲੇਂ, ਮਾਂਗੇ ਮਿਲੇ ਨਾ ਭੀਖ।’ ਨੇਤਾ ਗਲ ’ਚ ਬਗ਼ਲੀ ਪਾ ਨਿਕਲੇ ਨੇ। ਏਨੇ ਤਾਂ ਗ਼ਜ਼ਨਵੀ ਨੇ ਸੋਮਨਾਥ ਦੇ ਮੰਦਰ ਨਹੀਂ ਲੁੱਟੇ ਸਨ ਜਿੰਨੇ ਭਾਜਪਾ ਨੇ ਦਲ ਬਦਲੂ ਲੁੱਟੇ ਨੇ। ‘ਦਲ-ਬਦਲ ਇੰਡੈੱਕਸ’ ’ਤੇ ਜ਼ਰਾ ਗ਼ੌਰ ਫਰਮਾਵੋਗੇ ਤਾਂ ਦਲ ਵੱਟੀਆਂ ਦੀ ਰੱਸਾਕਸ਼ੀ ਦਿਖੇਗੀ।

        ਨੇਤਾ ਜੀ ਦੀ ਪੁਰਾਣੇ ਦਲ ’ਚ ਦਾਲ ਨਹੀਂ ਗਲਦੀ ਤਾਂ ਮਨੋ ਮਨੀਂ ਸੋਚਦੇ ਨੇ, ‘ਚੱਲ ਉੜ ਜਾ ਰੇ ਪੰਛੀ, ਕੇ ਅਬ ਯੇਹ ਦੇਸ਼ ਹੂਆ ਬੇਗਾਨਾ।’ ਏਹ ਜਿੰਨੇ ਭੱਜਣ ਦਾਸ ਨੇ, ਜਾਣ ਵੇਲੇ ਅਕਾਲੀ ਹੁੰਦੇ ਨੇ, ਵਾਪਸੀ ਵੇਲੇ ਕਾਂਗਰਸੀ। ਕੋਈ ਬਿੱਟੂ ਬਣਦੈ, ਕੋਈ ਰਿੰਕੂ ਬਣਦੈ। ਭਾਜਪਾ ਦੇ ਮਾਸਟਰ ਪੀਸ ਨੇ, ਪਤਾ ਨੀਂ ਇਨ੍ਹਾਂ ਨੂੰ ਕੀ ਸ਼ਹਿਦ ਦਾ ਛੱਤਾ ਘੋਲ ਕੇ ਪਿਆਇਐ। ਇੱਕ ਸੱਜਣ ਲਿਖਦੇ ਨੇ, ਦਿੱਲੀ ਅੰਦੋਲਨ ਵੇਲੇ ਪੰਜਾਬ ਨੇ ਭਾਜਪਾ ਨੂੰ ਔਕਾਤ ਦਿਖਾਈ, ਹੁਣ ਚੋਟੀ ਦੇ ਲੀਡਰਾਂ ਦੇ ਗਲਾਂ ’ਚ ਭਾਜਪਾਈ ਪਰਨੇ ਪਾ ਕੇ ਅਗਲਿਆਂ ਨੇ ਪੰਜਾਬ ਨੂੰ ਔਕਾਤ ਦਿਖਾ’ਤੀ।

        ਹਕੂਮਤ ਤਾਂ ਅਬਦਾਲੀ ਦੀ ਕਲਾਸ ਫੈਲੋ ਜਾਪਦੀ ਹੈ। ਤਾਹੀਂ ਕੱਪੜਿਆਂ ਤੋਂ ਪਛਾਣ ਲੈਂਦੀ ਹੈ। ਇਵੇਂ ਹੁਣ ਪੰਜਾਬੀ ਪਛਾਣ ਲੈਂਦੇ ਹਨ, ਜਿਸ ਲੀਡਰ ਨਾਲ ਕਮਾਂਡੋ ਸਕਿਉਰਿਟੀ ਦਿਖੇ, ਸਮਝ ਲਓ ਕਬੂਤਰ ਭਾਜਪਾ ਦੀ ਛੱਤਰੀ ’ਤੇ ਜਾ ਬੈਠੈ। ਮੂਰਖਦਾਸੋ! ਗੰਭੀਰ ਨਾ ਹੋਵੋ, ਆਹ ਗਾਣੇ ’ਤੇ ਧਿਆਨ ਧਰੋ, ‘ਕਬੂਤਰ ਜਾ, ਜਾ, ਜਾ...!’ ਗੱਬਰ ਨੇ ਐਵੇਂ ਨਹੀਂ ਕਿਹਾ ਸੀ, ‘ਜੋ ਡਰ ਗਿਆ, ਸਮਝੋ ਮਰ ਗਿਆ।’ ਏਨੇ ਤਾਂ ਰਾਹੂ-ਕੇਤੂ ਨੇ ਘਰ ਨਹੀਂ ਬਦਲੇ, ਜਿੰਨੇ ਮਨਪ੍ਰੀਤ ਬਾਦਲ ਹੋਰਾਂ ਨੇ ਦਲ ਬਦਲ ਸੁੱਟੇ ਨੇ।

       ਭਲਿਓ! ਏਨੀ ਛੇਤੀ ਤਾਂ ਜੱਟ ਨਾਲ ਕੋਈ ਸੀਰੀ ਨਹੀਂ ਰਲਦਾ, ਜਿਵੇਂ ਅਮਰਿੰਦਰ ਸਿਓਂ ਭਾਜਪਾ ਨਾਲ ਜਾ ਰਲਿਐ। ਪ੍ਰਨੀਤ ਕੌਰ ਫ਼ਰਮਾਏ, ‘ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।’ ਮਹਾਰਾਣੀ ਸਾਹਬਾ ਕੋਲ ਹੁਣ ਭਾਜਪਾਈ ਟਿਕਟ ਹੈ। ਭਾਜਪਾ ਦੀ ਆਫ਼ਰ ਚੱਲਦੀ ਪਈ ਹੈ, ਈਡੀ ਵਾਲੇ ਘਰੋ ਘਰੀਂ ਟਿਕਟਾਂ ਵੰਡ ਰਹੇ ਨੇ। ਬਾਗ਼ੀਆਂ ਨੂੰ ਗਲੇ ਲਾਉਂਦੇ ਨੇ, ਆਪਣਿਆਂ ਦੇ ਗਲ ਪੈਂਦੇ ਨੇ। ਵਿਚਾਰੇ ਟਕਸਾਲੀ ਹੇਕਾਂ ਲਾ ਰਹੇ ਨੇ, ‘ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ।’ ਟਕਸਾਲੀਓ, ਸਤਸੰਗ ਕਰਿਆ ਕਰੋ, ਦੋ ਟਾਈਮ ਯੋਗਾ ਤੇ ਸਵੇਰ ਵੇਲੇ ਮੈਡੀਟੇਸ਼ਨ, ਭਾਣਾ ਮੰਨਣ ਦਾ ਰੱਬ ਆਪੇ ਬਲ ਬਖ਼ਸ਼ੂ।

        ‘ਜਦ ਵੇਖਿਆ ਰੰਡੀ ਦੇ ਘਰ ਵੜਦਾ, ਮੱਚ ਗਈ ਤੰਦੂਰ ’ਤੇ ਖੜ੍ਹੀ’। ਰਾਹੁਲ ਗਾਂਧੀ ਨੇ ਕਾਕੇ ਰਵਨੀਤ ਬਿੱਟੂ ਨੂੰ ਪਾਲ ਪਲੋਸ ਕੇ ਵੱਡਾ ਕੀਤਾ। ਭਾਜਪਾਈ ਪੰਛੀਆਂ ਨੇ ਲੁਧਿਆਨਵੀ ਮੋਰ ਨੂੰ ਇਉਂ ਝਪਟਿਆ, ਜਿਵੇਂ ਸੁਖਬੀਰ ਬਾਦਲ ਨੇ ਮਹਿੰਦਰ ਸਿੰਘ ਕੇਪੀ ਨੂੰ। ਚਰਨਜੀਤ ਚੰਨੀ ਗਾਵੇ ਨਾ ਤਾਂ ਹੋਰ ਕੀ ਕਰੇ, ‘ਤੂ ਪਿਆਰ ਹੈ ਕਿਸੇ ਔਰ ਕਾ, ਤੁਝੇ ਚਾਹਤਾ ਕੋਈ ਔਰ ਹੈ।’ ਅੱਗਿਓਂ ਕੇਪੀ ਸਾਹਿਬ  ਨੇ ਮੁੱਛਾਂ ਨੂੰ ਤਾਅ ਦੇ ਹੇਕ ਲਾਈ, ‘ਚਲਤੇ ਚਲਤੇ ,ਯੂੰਹੀ ਕੋਈ ਮਿਲ ਗਿਆ ਥਾ।’

      ਪੁਰਾਣੇ ਮਹਾਂਪੁਰਸ਼ ਜਦੋਂ ਆਪਣੇ ਕਰਾਮਾਤੀ ਹੱਥ ਕਾਂ ’ਤੇ ਰੱਖਦੇ, ਉਹ ਹੰਸ ਬਣ ਜਾਂਦੇ ਸਨ। ਫ਼ਰੀਦਕੋਟ ’ਚ ਕਿਸਾਨਾਂ ਨੇ ਹੰਸ ਨੂੰ ਕਾਂ ਬਣਾ ਛੱਡਿਐ। ਨਿੱਤ ਦੀ ਘੇਰਾਬੰਦੀ ਦੇਖ ਹੰਸ ਰਾਜ ਹੰਸ ਨੂੰ ਹੁਣ ਮਿਰਜ਼ਾ ਯਾਦ ਆਉਂਦੈ, ਜਿਹਨੂੰ ਸਾਹਿਬਾਂ ਦੇ ਭਰਾਵਾਂ ਨੇ ਜੰਡੋਰੇ ਹੇਠ ਘੇਰਾ ਪਾ ਲਿਆ ਸੀ। ‘ਬੱਗੀ ਤਿੱਤਰੀ ਕਮਾਦੋਂ ਨਿਕਲੀ, ਉੱਡਦੀ ਨੂੰ ਬਾਜ਼ ਪੈ ਗਿਆ।’ ਜਿੰਨੇ ਪਲਟੂਪੁਰੀਏ ਸਰਦਾਰ ਚੋਣਾਂ ’ਚ ਉਤਰੇ ਨੇ, ਉਨ੍ਹਾਂ ’ਤੇ ਕੋਈ ਸਰਕਾਰੀ ਟੈਕਸ ਲੱਗਦਾ ਹੁੰਦਾ, ਸਰਕਾਰ ਦੇ ਖ਼ਜ਼ਾਨੇ ਭਰਪੂਰ ਹੋ ਜਾਣੇ ਸਨ। ਇਨ੍ਹਾਂ ਤੋਂ ‘ਪਿਆਸਾ ਕਾਂ’ ਹੀ ਚੰਗਾ ਸੀ। ਜਿਹੜੇ ਲੂੰਬੜ ਦਾਸ ਐਂਡ ਸੰਨਜ਼ ਬਣੇ ਨੇ, ਉਨ੍ਹਾਂ ਤੋਂ ਪੰਜਾਬੀ ਬੜੇ ਔਖੇ ਨੇ। ‘ਆਪ’ ਆਲਿਆਂ ਨੇ ਵੀ ਚੋਣਾਂ ’ਚ ਦਲ ਬਦਲੂ ਪਰੋਸ ਦਿੱਤੇ ।

        ਆਹ ਨਵਾਂ ਮਾਅਰਕਾ ਮਾਰਿਐ, ਪੰਜਾਬ ਭਾਜਪਾਈ ਪੂਲ ’ਚ ਹੁਣ ‘ਦਲ ਬਦਲੂ’ ਵੀ ਭੇਜਣ ਲੱਗਿਐ। ਜਲੰਧਰ ਆਲੇ ਚੌਧਰੀ ਪਰਿਵਾਰ ਨੇ ਵੀ ਕੇਂਦਰੀ ਪੂਲ ’ਚ ਤਿਲਫੁਲ ਭੇਟ ਕੀਤਾ। ਪ੍ਰਤਾਪ ਬਾਜਵਾ ਦੇ ਜ਼ਿਹਨ ’ਚ ਗਾਣਾ ਵੱਜਿਆ, ‘ਕੋਈ ਪੁੱਟ ਕੇ ਸਿਆਲੋਂ ਬੂਟਾ ਖੇੜਿਆਂ ਨੂੰ ਲਈ ਜਾਂਦਾ ਏ।’ ਪ੍ਰਧਾਨ ਸਾਹਬ, ਮੇਰੀ ਮੁਰਾਦ ਰਾਜਾ ਵੜਿੰਗ ਤੋਂ ਹੈ ਜੋ ਫ਼ਰਮਾ ਰਹੇ ਨੇ ਕਿ ਅੰਮ੍ਰਿਤਾ ਵੜਿੰਗ ਨੇ ਕੁਰਬਾਨੀ ਕੀਤੀ ਹੈ। ਥੋਨੂੰ ਪਤਾ ਹੀ ਹੈ ਕਿ ਪ੍ਰਧਾਨ ਜੀ ਦੀ ਧਰਮ ਪਤਨੀ ਅੰਮ੍ਰਿਤਾ ਨੂੰ ਟਿਕਟ ਨਹੀਂ ਮਿਲੀ। ਪ੍ਰਧਾਨ ਜੀ ਕਿਤੇ ਪਤੀ-ਦੇਵ ਵਾਲਾ ਧਰਮ ਨਿਭਾਉਂਦੇ ਤਾਂ ਅੱਜ ਘਰ ਦੀ ਰੋਟੀ ਤੋਂ ਆਤੁਰ ਨਾ ਹੋਣਾ ਪੈਂਦਾ।

       ‘ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇਂ ਅੰਬ ਨੂੰ।’ ਜ਼ਰੂਰ ਅੰਮ੍ਰਿਤਾ ਨੇ ਕਿਹਾ ਹੋਊ, ਤੂੰ ਕਾਹਦਾ ਪ੍ਰਧਾਨ, ਇੱਕ ਟਿਕਟ ਤਾਂ ਦਿਵਾ ਨੀ ਸਕਿਆ। ਬਾਦਲਾਂ ਦੇ ਕਾਲਜੇ ਠੰਢ ਪਈ ਹੋਊ। ਪੁਰਾਣੀ ਗੱਲ ਹੈ, ਜਦੋਂ ਟੌਹੜਾ ਸਾਹਿਬ ਬਾਦਲਾਂ ਨਾਲ ਮੁੜ ਜੱਫੀ ਪਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਤਾਂ ਕਿਸੇ ਪੁੱਛਿਆ ਕਿ ਜਥੇਦਾਰ ਜੀ, ਤਖ਼ਤਾਂ ਨੂੰ ਠੁੱਡੇ ਮਾਰਨ ਵਾਲੇ ਅੱਜ ਕੱਲ੍ਹ ਪ੍ਰਧਾਨਗੀਆਂ ਨੂੰ ਕਿਉਂ ਜੱਫੇ ਮਾਰਨ ਲੱਗ ਪਏ। ਅੱਗਿਓਂ ਹਾਸੇ ਹਾਸੇ ਵਿਚ ਟੌਹੜਾ ਸਾਹਿਬ ਆਖਣ ਲੱਗੇ, ‘ਕਿਹੜੀ ਪ੍ਰਧਾਨਗੀ ਦੀ ਗੱਲ ਕਰਦੇ ਪਏ ਹੋ, ਸਾਡੇ ਆਲੇ ਤਾਂ ਹੱਥ ’ਚ ਆਇਆ ਕੜਾਹ ਪ੍ਰਸ਼ਾਦ ਵਾਲਾ ਥਾਲ ਨੀਂ ਛੱਡਦੇ।’

        ਗੱਲ ਅੱਗੇ ਤੋਰਦੇ ਹਾਂ, ਬਠਿੰਡਾ ਹਲਕੇ ਤੋਂ ਸਿੱਧੂਆਂ ਦੇ ਮੁੰਡੇ ਜੀਤਮਹਿੰਦਰ ਨੂੰ ਟਿਕਟ ਕਾਹਦੀ ਮਿਲੀ, ਹੁਣ ਜਿੰਨੇ ਮੂੰਹ, ਓਨੀਆਂ ਗੱਲਾਂ।’ ਅਖ਼ੇ ਕਮਜ਼ੋਰ ਉਮੀਦਵਾਰ ਦੇ’ਤਾ ਕਾਂਗਰਸ ਨੇ। ਸਿਹਤ ਦੇ ਕਮਜ਼ੋਰ ਜੀਤਮਹਿੰਦਰ ਚੀਕ ਚੀਕ ਪਏ ਆਖਦੇ ਨੇ, ਬਈ! ਮੈਂ ਕਿਥੋਂ ਦਾ ਕਮਜ਼ੋਰ ਹਾਂ। ਪਹਿਲਾਂ ਦੀਵਾਰਾਂ ’ਤੇ ਇਸ਼ਤਿਹਾਰ ਚਮਕਦੇ ਹੁੰਦੇ ਸਨ, ‘ਮਰਦਾਨਾ ਤਾਕਤ ਲਈ ਮਿਲੋ ਵੈਦ ਹਰਭਜਨ ਸਿੰਘ ਯੋਗੀ ਨੂੰ।’ ਯੋਗੀ ਸਾਹਿਬ ਕੋਲ ਕਿਤੇ ਸਿਆਸੀ ਤਾਕਤ ਆਲੀ ਸਿਲਾਜੀਤ ਹੁੰਦੀ ਤਾਂ ਮਹੀਨਾ ਕੁ ਜੀਤਮਹਿੰਦਰ ਸਿੱਧੂ ਨੂੰ ਜ਼ਰੂਰ ਖੁਆਉਂਦੇ। ‘ਸਾਡਾ ਕੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ’, ਜਿੱਥੇ ਹੁਣ ਸੁਖਪਾਲ ਖਹਿਰਾ ਨੇ ਐਨ ਮਾਨਾਂ ਦੇ ਘਰ ’ਚ ਜਾ ਫੱਟਾ ਲਾਇਐ। ਸੰਗਰੂਰ ਆਲੇ ਗਾਣਾ ਵਜਾ ਰਹੇ ਨੇ, ‘ਤੁਮ ਤੋ ਠਹਿਰੇ ਪਰਦੇਸੀ, ਸਾਥ ਕਿਆ ਨਿਭਾਓਗੇ।’

        ਵਾਅਦਿਆਂ ਦੀਆਂ ਪੰਡਾਂ ਦੇ ਬਾਜ਼ਾਰ ਸਜੇ ਨੇ। ਆ ਫ਼ਿਲਮੀ ਡਾਇਲਾਗ ਢੁਕਵਾਂ ਜਾਪਦੈ, ‘ਰਾਜਨੀਤੀ ਮੇਂ ਵਾਅਦਾ ਕੀਆ ਤੋ ਜਾਤਾ ਹੈ, ਨਿਭਾਇਆ ਨਹੀਂ ਜਾਤਾ।’ ਕੌਮੀ ਪਾਰਟੀਆਂ ਵੱਡੇ ਚਿਹਰੇ ਲੱਭਦੀਆਂ ਪਈਆਂ ਨੇ, ਦੇਸ਼ ਦਾ ਚੌਕੀਦਾਰ ਟਾਰਚ ਚੁੱਕੀ ਫਿਰਦੈ। ਮੁਹੰਮਦ ਸਦੀਕ ਫ਼ਰੀਦਕੋਟ ਤੋਂ ਗਠੜੀ ਚੁੱਕੀ ਜਾਂਦਾ ਹੈ, ਨਾਲੇ ਗਾਉਂਦਾ ਜਾ ਰਿਹਾ ਹੈ, ‘ਚੈਹਰਾ ਕਿਆ ਦੇਖਤੇ ਹੋ, ਦਿਲ ਮੇਂ ਉਤਰ ਕਰ ਦੇਖੋ ਨਾ।’ ਫ਼ਿਰੋਜ਼ਪੁਰ ’ਚ ਕਮਾਲ ਦੇਖੋ, ‘ਆਪ’ ਵਿਧਾਇਕ ਗੋਲਡੀ ਕੰਬੋਜ ਦੀ ਮਾਂ ਪਾਰਟੀ ‘ਆਪ’ ਹੈ ਅਤੇ ਪਿਓ ਪਾਰਟੀ ਬਸਪਾ ਹੈ। ਬਸਪਾ ਨੇ ਗੋਲਡੀ ਦੇ ਬਾਪ ਨੂੰ ਉਮੀਦਵਾਰ ਜੋ ਬਣਾਇਆ।

         ਦਲ-ਵੱਟ ਭਰਾਵਾਂ ਦਾ ਘੜਮੱਸ ਪਿਐ। ਪਹਿਲੋਂ ਮਹਾਕਵੀ ਰੈਲੀਆਂ ’ਚ ਬਿਰਾਜ’ਦੇ। ਕਾਂਗਰਸੀ ਰੈਲੀ ’ਚ ਕਵੀ ‘ਭਮੱਕੜ ਦਾਸ’ ਖੱਬੇ ਖੀਸੇ ’ਚੋਂ ਕਵਿਤਾ ਕੱਢ ਪੜ੍ਹਨ ਲੱਗੇ। ਕਾਂਗਰਸ ਦੇ ਵਖੀਏ ਉਧੇੜਨ ਵਾਲੀ ਕਵਿਤਾ। ਕਿਸੇ ਨੇ ਪਜਾਮਾ ਖਿੱਚ ਕੇ ਚੇਤੇ ਕਰਾਇਆ ਤਾਂ ਭਮੱਕੜ ਦਾਸ ਨੇ ਸੱਜੇ ਖੀਸੇ ’ਚੋਂ ਕਵਿਤਾ ਕੱਢਦਿਆਂ ਕਿਹਾ ਕਿ ਮੁਆਫ਼ ਕਰਨਾ ਕਿ ਖੱਬੇ ਖੀਸੇ ’ਚ ਦੂਜੀ ਪਾਰਟੀ ਦੀ ਕਵਿਤਾ ਸੀ। ਆਖ਼ਰੀ ਅਪੀਲ ਇੱਕ ਦਿਨ ਦੇ ਬਾਦਸ਼ਾਹ  ਭਾਵ ਵੋਟਰ ਪਾਤਸ਼ਾਹ ਨੂੰ। ਅਪੀਲ ਕਰਤਾ ਸ਼ਾਹਰੁਖ਼ ਖ਼ਾਨ ਨੇ, ‘ਜੋ ਵੋਟ ਮਾਂਗਨੇ ਆਏ, ਉਸ ਸੇ ਸੁਆਲ ਪੂਛੋ ਕਿ ਅਗਲੇ ਪੰਜ ਸਾਲ ਹਮਾਰੇ ਲਿਏ ਕਿਆ ਕਰੋਗੇ।’

(27 ਅਪਰੈਲ 2024)

No comments:

Post a Comment