Showing posts with label theka. Show all posts
Showing posts with label theka. Show all posts

Thursday, February 13, 2020

                         ਮਦਹੋਸ਼ ਸਰਕਾਰ
    ਡਿਫਾਲਟਰਾਂ ’ਤੇ ਤਾਣੀ ਸਿਆਸੀ ਛੱਤਰੀ
                           ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਨੇ ਸ਼ਰਾਬ ਠੇਕੇਦਾਰਾਂ ’ਤੇ ਸਿਆਸੀ ਛੱਤਰੀ ਤਾਣ ਦਿੱਤੀ ਹੈ ਜਿਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਦੇ ਕਰੀਬ 400 ਕਰੋੜ ਨੱਪੇ ਹਨ। ਜਦੋਂ ਆਬਕਾਰੀ ਵਿਭਾਗ ਪੰਜਾਬ ਦੇ ਉੱਚ ਅਫਸਰਾਂ ਨੇ ਅੰਦਰੋਂ ਅੰਦਰੀਂ ਇਨ੍ਹਾਂ ਡਿਫਾਲਟਰ ਠੇਕੇਦਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਇਨ੍ਹਾਂ ਠੇਕੇਦਾਰਾਂ ਨੇ ਆਪਣੀ ਸੰਪਤੀ ਦੇ ਤਬਾਦਲੇ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਖ਼ਜ਼ਾਨਾ ਮੰਤਰੀ ਪੰਜਾਬ ਆਮ ਲੋਕਾਂ ਕੋਲ ਤਾਂ ਖਾਲੀ ਖ਼ਜ਼ਾਨੇ ਦਾ ਰੌਣਾ ਰੋ ਰਹੇ ਹਨ ਪ੍ਰੰਤੂ ਜਿਨ੍ਹਾਂ ਡਿਫਾਲਟਰ ਠੇਕੇਦਾਰਾਂ ਨੇ ਵਸੂਲੀ ਚਾਰ ਵਰ੍ਹਿਆਂ ਮਗਰੋਂ ਵੀ ਨਹੀਂ ਦਿੱਤੀ, ਉਨ੍ਹਾਂ ਨੂੰ ਪਿਛਲੇ ਦਰਵਾਜ਼ਿਓਂ ਨਿਕਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਆਬਕਾਰੀ ਅਧਿਕਾਰੀ ਚਾਰ ਵਰ੍ਹਿਆਂ ਤੋਂ ਕਾਗਜ਼ੀ ਪ੍ਰਕਿਰਿਆ ਚੋਂ ਹੀ ਬਾਹਰ ਨਹੀਂ ਨਿਕਲੇ ਹਨ। ਪੰਜਾਬ ਸਰਕਾਰ ਵਲੋਂ ਐਤਕੀਂ 2019-20 ਦੌਰਾਨ ਸ਼ਰਾਬ ਤੋਂ 6201 ਕਰੋੜ ਦੀ ਆਮਦਨੀ ਦਾ ਟੀਚਾ ਮਿਥਿਆ ਸੀ ਜੋ ਹਾਲੇ ਤੱਕ ਕਾਫ਼ੀ ਨਿਵਾਣ ਵੱਲ ਹੈ। ਉਪਰੋਂ ਜੋ ਸ਼ਰਾਬ ਦੇ ਠੇਕੇਦਾਰ ਸਾਲ 2016-17 ਅਤੇ ਸਾਲ 2017-18 ਦੇ ਡਿਫਾਲਟਰ ਹਨ, ਉਨ੍ਹਾਂ ਤੋਂ ਵਸੂਲੀ ਲਈ ਕੋਈ ਸਖ਼ਤ ਕਦਮ ਨਹੀਂ ਉਠਾਏ ਜਾ ਰਹੇ ਹਨ। ਬਠਿੰਡਾ ਖ਼ਿੱਤੇ ਵਿਚ ਇੱਕ ਡਿਫਾਲਟਰ ਠੇਕੇਦਾਰ ’ਤੇ ਇੱਕ ਵਜ਼ੀਰ ’ਤੇ ਛੱਤਰੀ ਤਾਣੀ ਹੈ, ਜੋ ਬਿਨਾਂ ਧੇਲੇ ਤਾਰੇ ਅਸਮਾਨੀ ਉੱਡ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਤਿੰਨ ਸ਼ਰਾਬ ਕੰਪਨੀਆਂ ਵੱਲ 78 ਕਰੋੜ ਦੀ ਵਸੂਲੀ ਚਾਰ ਵਰ੍ਹਿਆਂ ਤੋਂ ਰੁਕੀ  ਹੋਈ ਹੈ। ਸਿਆਸੀ ਪਹੁੰਚ ਹੋਣ ਕਰਕੇ ਆਬਕਾਰੀ ਅਧਿਕਾਰੀ ਵੀ ਦੜ ਵੱਟ ਰਹੇ ਹਨ।
                ਮਾਲ ਮਹਿਕਮੇ ਦੇ ਰਿਕਾਰਡ ਵਿਚ ਇਨ੍ਹਾਂ ਡਿਫਾਲਟਰ ਠੇਕੇਦਾਰਾਂ ਦੀ ਸੰਪਤੀ ਦੀ ਰੈਡ ਐਂਟਰੀ ਪਾ ਦਿੱਤੀ ਗਈ ਸੀ। ਸੂਤਰਾਂ ਅਨੁਸਾਰ ਸਿਆਸੀ ਪਹੁੰਚ ਵਾਲੇ ਦੋ ਸ਼ਰਾਬ ਠੇਕੇਦਾਰਾਂ ਨੇ ਤਾਂ ਰੋਕ ਲਾਏ ਜਾਣ ਦੇ ਬਾਵਜੂਦ ਆਪਣੀ ਦੋ ਲਗਜ਼ਰੀ ਗੱਡੀਆਂ ਆਪਣੇ ਨੇੜਲਿਆਂ ਦੇ ਨਾਮ ਤਬਦੀਲ ਕਰ ਦਿੱਤੀਆਂ ਹਨ। ਅਬਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਅਜਿਹਾ ਹੋਣਾ ਸ਼ੁਰੂ ਹੋ ਗਿਆ ਹੈ। ਆਬਕਾਰੀ ਮਹਿਕਮੇ ਤਰਫ਼ੋਂ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਕਰਨ ਵਾਸਤੇ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ। ਦੂਸਰੀ ਤਰਫ਼ ਸਰਕਾਰ ਡਿਫਾਲਟਰ ਕਿਸਾਨਾਂ ਨੂੰ ਅਦਾਲਤਾਂ ਵਿਚ ਘੜੀਸ ਰਹੀ ਹੈ ਅਤੇ ਕਈ ਕਿਸਾਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਡਿਫਾਲਟਰ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦੇ ਹਨ ਤਾਂ ਉਪਰੋਂ ਸਿਆਸੀ ਹੁਕਮ ਆ ਜਾਂਦੇ ਹਨ। ਆਬਕਾਰੀ ਮਹਿਕਮੇ ਨੇ ਤਾਂ ਹੁਣ ਇਸ ਨੂੰ ਕਿਸੇ ਏਜੰਡੇ ’ਤੇ ਹੀ ਰੱਖਣਾ ਬੰਦ ਕਰ ਦਿੱਤਾ ਹੈ। ਬੀਤੇ ਕੱਲ ਆਬਕਾਰੀ ਅਫਸਰਾਂ ਨਾਲ ਜੋ ਵੀਡੀਓ ਕਾਨਫਰੰਸ ਜਰੀਏ ਮੀਟਿੰਗ ਹੋਈ, ਉਸ ’ਚ ਆਬਕਾਰੀ ਬਕਾਇਆ ਦਾ ਏਜੰਡਾ ਹੀ ਨਹੀਂ ਰੱਖਿਆ ਗਿਆ ਸੀ। ਕਰ ਅਤੇ ਆਬਕਾਰੀ ਅਫਸਰ ਬਠਿੰਡਾ ਕੁਲਵਿੰਦਰ ਵਰਮਾ ਦਾ ਕਹਿਣਾ ਸੀ ਕਿ ਡਿਫਾਲਟਰ ਠੇਕੇਦਾਰਾਂ ਖ਼ਿਲਾਫ਼ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਹੋਈ ਹੈ ਪ੍ਰੰਤੂ ਕੁਝ ਕਾਨੂੰਨੀ ਨੁਕਤਿਆਂ ਕਾਰਨ ਜ਼ਮੀਨ ਨਿਲਾਮ ਨਹੀਂ ਕੀਤੀ ਜਾ ਸਕੀ ਹੈ।
               ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਡਿਫਾਲਟਰਾਂ ਨੇ ਆਪਣੀ ਸੰਪਤੀ ਦਾ ਤਬਾਦਲਾ ਕੀਤਾ ਹੈ ਜਿਸ ਬਾਰੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਡਿਫਾਲਟਰ ਠੇਕੇਦਾਰਾਂ ਦੀ ਝੰਡੀ ਹੈ ਜਿਨ੍ਹਾਂ ਵੱਲ ਦੋ ਵਰ੍ਹਿਆਂ ਦੇ 68 ਕਰੋੜ ਰੁਪਏ ਦੇ ਬਕਾਏ ਫਸੇ ਹੋਏ ਹਨ। ਸਾਲ 2016-17 ਦੀ ਕਰੀਬ 33 ਕਰੋੋੜ ਰੁਪਏ ਅਤੇ ਸਾਲ 2017-18 ਦੀ ਕਰੀਬ  35 ਕਰੋੜ ਦੀ ਬਕਾਇਆ ਰਾਸ਼ੀ ਫਸੀ ਹੋਈ ਹੈ। ਇੱਕ ਡਿਫਾਲਟਰ ਠੇਕੇਦਾਰ ਦਾ ਤਾਂ ਕਤਲ ਵੀ ਹੋ ਚੁੱਕਾ ਹੈ ਜਿਸ ਵੱਲ ਕਰੀਬ 14 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਥੋੜਾ ਸਮਾਂ ਪਹਿਲਾਂ ਹੀ 16 ਲੱਖ ਦੇ ਬਕਾਏ ਵਸੂਲੇ ਹਨ ਅਤੇ ਦੋ ਠੇਕੇਦਾਰਾਂ ਦੀ ਜ਼ਮੀਨ ਨਿਲਾਮੀ ਵਾਸਤੇ ਪ੍ਰਵਾਨਗੀ ਮਿਲ ਗਈ ਹੈ ਜਿਨ੍ਹਾਂ ਖ਼ਿਲਾਫ਼ ਪ੍ਰਕਿਰਿਆ ਵਿੱਢੀ ਹੋਈ ਹੈ। ਮਾਨਸਾ ਜ਼ਿਲ੍ਹੇ ਵਿਚ ਵੀ ਕਰੀਬ 4 ਕਰੋੋੜ ਰੁਪਏ ਦੀ ਬਕਾਇਆ ਰਾਸ਼ੀ ਇਕੱਲੀ ਸਾਲ 2017-18 ਦੀ ਫਸੀ ਹੋਈ ਹੈ ਅਤੇ ਅੰਮ੍ਰਿਤਸਰ ਦੇ ਇੱਕ ਠੇਕੇਦਾਰ ਵੱਲ ਵੀ ਕਰੀਬ ਇੱਕ ਕਰੋੜ ਤੋਂ ਜਿਆਦਾ ਦੇ ਬਕਾਏ ਖੜ੍ਹੇ ਹਨ।
              ਜ਼ਿਲ੍ਹਾ ਸੰਗਰੂਰ, ਫਰੀਦਕੋਟ ਅਤੇ ਮੋਗਾ ਵਿਚ ਵੀ ਡਿਫਾਲਟਰ ਠੇਕੇਦਾਰਾਂ ਵੱਲ ਕਰੀਬ 60 ਕਰੋੜ ਦੇ ਬਕਾਏ ਖੜ੍ਹੇ ਹਨ। ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬੀਤੇ ਕੱਲ ਕਸਬਾ ਫੂਲ ਦੇ ਇੱਕ ਜਨਤਿਕ ਸਮਾਗਮ ਵਿਚ ਆਖਿਆ ਹੈ ਕਿ ਹਰਿਆਣਾ ਦੀ ਸ਼ਰਾਬ ਦੀ ਤਸਕਰੀ ਪੰਜਾਬ ਵਿਚ ਪੁਲੀਸ ਦੀ ਰਹਿਨੁਮਾਈ ਹੇਠ ਹੋ ਰਹੀ ਹੈ। ਕਾਂਗਰਸੀ ਆਗੂ ਹਰਿਆਣਾ ਦੀ ਸ਼ਰਾਬ ਸ਼ਰੇਆਮ ਵੇਚ ਰਹੇ ਹਨ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿਚ ਤਾਂ ਹਰਿਆਣਵੀ ਸ਼ਰਾਬ ਦੀ ਤਸਕਰੀ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਵੱਡੀ ਸੱਟ ਮਾਰੀ ਹੈ। ਸ਼ਰਾਬ ਮਾਫੀਏ ਨੇ ਹੱਥ ਰੰਗੇ ਹਨ। ਸੂਤਰ ਆਖਦੇ ਹਨ ਕਿ ਆਬਕਾਰੀ ਵਿਭਾਗ ਪੰਜਾਬ ਦੇ ਸਿਖਰਲੇ ਅਧਿਕਾਰੀ ਵੀ ਡਿਫਾਲਟਰਾਂ ਖ਼ਿਲਾਫ਼ ਉਪਰੋਂ ਤਾਂ ਕਾਰਵਾਈ ਲਈ ਆਖਦੇ ਹਨ ਪ੍ਰੰਤੂ ਅੰਦਰੋਂ ਨਰਮੀ ਵਰਤਣ ਲਈ ਆਖ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਦੋ ਡਿਫਾਲਟਰ ਠੇਕੇਦਾਰ ਆਪਣੀ ਸੰਪਤੀ ਦਾ ਤਬਾਦਲਾ ਕਰਨ ਦੇ ਚੱਕਰ ਵਿਚ ਹਨ।
                        ਰੁਟੀਨ ਵਿਚ ਕਾਰਵਾਈ ਚੱਲਦੀ ਹੈ : ਜੈਨ
ਵਧੀਕ ਕਰ ਅਤੇ ਸਹਾਇਕ ਕਮਿਸ਼ਨਰ ਸ੍ਰੀ ਐਲ.ਕੇ.ਜੈਨ ਦਾ ਕਹਿਣਾ ਸੀ ਕਿ ਡਿਫਾਲਟਰ ਠੇਕੇਦਾਰਾਂ ਖਿਲਾਫ ਰੁਟੀਨ ਵਿਚ ਕਾਰਵਾਈ ਚੱਲਦੀ ਰਹਿੰਦੀ ਹੈ ਅਤੇ ਅੱਜ ਕੱਲ ਤਾਂ ਉਨ੍ਹਾਂ ਦਾ ਸਾਰਾ ਧਿਆਨ ਨਵੀਂ ਆਬਕਾਰੀ ਪਾਲਿਸੀ ਬਣਾਉਣ ਵਿਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਸੂਲੀ ਲਈ ਉਹ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਡਿਫਾਲਟਰਾਂ ਵੱਲੋਂ ਕੋਈ ਸੰਪਤੀ ਤਬਦੀਲ ਕੀਤੇ ਜਾਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
       
       





                 

Wednesday, January 8, 2020

                        ਸਰਪੰਚਾਂ ਦੀ ਚੁੱਪ
       ਬੰਦ ਨਹੀਂ ਹੋਣਗੇ ਸ਼ਰਾਬ ਦੇ ਠੇਕੇ
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ’ਚ ਕਾਂਗਰਸੀ ਸਰਪੰਚਾਂ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਲਈ ਮੂੰਹ ਬੰਦ ਕਰ ਲਏ ਹਨ ਜਿਸ ਨਾਲ ਸਰਕਾਰੀ ਦਰਬਾਰ ਦੇ ਚਿਹਰੇ ਖਿੜੇ ਹਨ। ਕੈਪਟਨ ਸਰਕਾਰ ਨੇ ‘ਨਸ਼ਾ ਮੁਕਤ ਪੰਜਾਬ’ ਦੀ ਸਹੁੰ ਵੀ ਚੁੱਕੀ ਹੋਈ ਹੈ। ਪੰਚਾਇਤੀ ਚੋਣਾਂ ਮਗਰੋਂ ਇਹ ਪਹਿਲਾ ਮੌਕਾ ਸੀ ਕਿ ਜਦੋਂ ਪੰਚਾਇਤਾਂ ਵੱਲੋਂ ਆਪੋ ਆਪਣੇ ਪਿੰਡ ’ਚ ਠੇਕੇ ਬੰਦ ਕਰਾਉਣ ਲਈ ਪੰਚਾਇਤੀ ਮਤੇ ਪਾਸ ਕੀਤੇ ਜਾਣੇ ਸਨ। ਪੰਜਾਬ ਵਿਚ ਬਹੁਗਿਣਤੀ ਪੰਚਾਇਤਾਂ ’ਤੇ ਕਾਂਗਰਸ ਕਾਬਜ਼ ਹੈ। ਪਿਛਲੇ ਵਰੇ੍ਹ ਜਦੋਂ ਪੰਚਾਇਤੀ ਮਤੇ ਪਾਏ ਜਾਣ ਦਾ ਸਮਾਂ ਸੀ,ਉਦੋਂ ਪੰਜਾਬ ਵਿਚ ਪੰਚਾਇਤਾਂ ਭੰਗ ਸਨ ਅਤੇ ਚੋਣਾਂ ਨਹੀਂ ਹੋਈਆਂ ਸਨ। ਐਤਕੀਂ ਕਾਂਗਰਸੀ ਸਰਪੰਚਾਂ ਕੋਲ ਪਹਿਲਾ ਮੌਕਾ ਸੀ ਕਿ ਉਹ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਨਿੱਤਰ ਸਕਦੇੇ ਸਨ। ਕਰ ਅਤੇ ਆਬਕਾਰੀ ਮਹਿਕਮੇ ਕੋਲ ਐਤਕੀਂ ਠੇਕੇ ਬੰਦ ਕਰਾਉਣ ਵਾਸਤੇ ਪੰਜਾਬ ਭਰ ਚੋਂ ਸਿਰਫ਼ 58 ਪਿੰਡਾਂ ਚੋਂ ਹੀ ਪੰਚਾਇਤੀ ਮਤੇ ਪੁੱਜੇ ਹਨ ਜਿਨ੍ਹਾਂ ਦੀ ਮਹਿਕਮੇ ਦੇ ਕਮਿਸ਼ਨਰ ਵੱਲੋਂ 30 ਦਸੰਬਰ 2019 ਅਤੇ 3 ਜਨਵਰੀ 2020 ਨੂੰ ਸੁਣਵਾਈ ਰੱਖੀ ਗਈ ਸੀ। ਮਹਿਕਮੇ ਤਰਫ਼ੋਂ ਹੁਣ ਅਗਲੇ ਮਾਲੀ ਵਰ੍ਹੇ ਲਈ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਫੈਸਲਾ ਲਿਆ ਜਾਣਾ ਹੈ। ਪੰਜਾਬ ਦੇ ਦਸ ਜ਼ਿਲ੍ਹਿਆਂ ਚੋਂ ਤਾਂ ਕਿਸੇ ਪੰਚਾਇਤ ਨੇ ਇਹ ਮਤਾ ਪਾਇਆ ਹੀ ਨਹੀਂ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ਦੇ ਇਕਲੌਤੇ ਪਿੰਡ ਬਦਿਆਲਾ ਨੇ ਠੇਕਾ ਬੰਦ ਕਰਾਉਣ ਲਈ ਮਤਾ ਭੇਜਿਆ ਹੋਇਆ ਹੈ। ਮਾਨਸਾ ਦੇ ਪਿੰਡ ਮਾਨਖੇੜਾ ਅਤੇ ਬਹਿਣੀਵਾਲ ਨੇ ਮਤੇ ਪਾਸ ਕੀਤੇ ਹਨ।
        ਪਿੰਡ ਬਹਿਣੀਵਾਲ ਦਾ ਸਰਪੰਚ ਗੁਰਜੰਟ ਸਿੰਘ ਤਾਂ ਪਹਿਲਾਂ ਹੀ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਕੁੱਦਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ,ਗੁਰੂਸਰ ਮੜੀ,ਜਲਾਲਾਬਾਦ ਪੂਰਬੀ ਅਤੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ,ਭੈਣੀ ਰੱਤਾ ਅਤੇ ਹਰਦਾਸਪੁਰਾ ਨੇ ਠੇਕਾ ਬੰਦ ਕਰਾਉਣ ਲਈ ਮਤਾ ਪਾਸ ਕਰਕੇ ਭੇਜਿਆ ਹੈ। ਇਵੇਂ ਫਾਜ਼ਿਲਕਾ ਦੇ ਪਿੰਡ ਸਰਾਭਾ ਨਗਰ,ਖਾਨਵਾਲਾ ਅਤੇ ਪੱਤਰੇਵਾਲਾ ਨੇ ਵੀ ਮਤਾ ਪਾਸ ਕੀਤਾ ਹੈ। ਦੂਸਰੇ ਜ਼ਿਲ੍ਹਿਆਂ ’ਤੇ ਨਜ਼ਰ ਮਾਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ 16 ਪਿੰਡਾਂ,ਰੋਪੜ ਦੇ ਸੱਤ,ਜਲੰਧਰ ਦੇ ਤਿੰਨ,ਹੁਸ਼ਿਆਰਪੁਰ ਦੇ ਦੋ, ਗੁਰਦਾਸਪੁਰ ਦੇ ਪੰਜ, ਪਟਿਆਲਾ ਦੇ ਅੱਠ ਅਤੇ ਪਠਾਨਕੋਟ ਦੇ ਤਿੰਨ ਪਿੰਡਾਂ ਨੇ ਪੰਚਾਇਤੀ ਮਤੇ ਪਾਸ ਕੀਤੇ ਹਨ। ਇਸ ਮਾਮਲੇ ’ਚ ਸੰਗਰੂਰ ਜ਼ਿਲ੍ਹਾ ਮੋਹਰੀ ਹੈ ਜਿਥੇ ਸਾਇੰਨਟੈਫਿਕ ਅਵੇਰਸਨੈਸ ਫੋਰਮ ਪੰਜਾਬ ਨੇ ਤਕੜੀ ਮੁਹਿੰਮ ਵਿੱਢੀ ਹੋਈ ਹੈ। ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ (ਸੰਗਰੂਰ) ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪੰਚਾਇਤਾਂ ਤੇ ਪਿੰਡਾਂ ਨੂੰ ਚੇਤੰਨ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਉਮੀਦ ਹੈ ਕਿ ਅਗਲੇ ਵਰੇ੍ਹੇ ਵਧੇਰੇ ਪਿੰਡ ਇਸ ਪਾਸੇ ਨਿੱਤਰ ਸਕਦੇ ਹਨ। ਉੱਨਾਂ ਕਿਹਾ ਕਿ ਕਾਂਗਰਸੀ ਸਰਪੰਚਾਂ ਨੂੰ ਹਾਲੇ ਨਵਾਂ ਨਵਾਂ ਚਾਅ ਵੀ ਹੈ ਜਿਸ ਕਰਕੇ ਉਨ੍ਹਾਂ ਦਾ ਇਸ ਪਾਸੇ ਬਹੁਤਾ ਧਿਆਨ ਹੀ ਨਹੀਂ ਰਿਹਾ ਹੋਣਾ।
               ਵੇਰਵਿਆਂ ਅਨੁਸਾਰ ਦੋ ਸਾਲ ਪਹਿਲਾਂ ਪੰਜਾਬ ਭਰ ਚੋਂ 90 ਪੰਚਾਇਤੀ ਮਤੇ ਆਏ ਸਨ ਜਿਨ੍ਹਾਂ ਚੋਂ 80 ਪਿੰਡਾਂ ਵਿਚ ਠੇਕੇ ਬੰਦ ਕੀਤੇ ਗਏ ਸਨ। ਵੇਰਵਿਆਂ ਅਨੁਸਾਰ ਸਾਲ 2016-17 ਲਈ 232 ਪੰਚਾਇਤੀ ਮਤੇ ਆਏ ਸਨ ਜਿਨ੍ਹਾਂ ਚੋਂ 70 ਫੀਸਦੀ ਠੇਕੇ ਬੰਦ ਕੀਤੇ ਗਏ ਅਤੇ ਸਾਲ 2015-16 ਲਈ 135 ਪਿੰਡਾਂ ਦੇ ਮਤੇ ਆਏ ਸਨ ਅਤੇ ਇਨ੍ਹਾਂ ਚੋਂ 66 ਫੀਸਦੀ ’ਚ ਠੇਕੇ ਬੰਦ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2014-15 ਲਈ 128 ਪੰਚਾਇਤਾਂ ਨੇ ਮਤੇ ਭੇਜੇ ਜਿਨ੍ਹਾਂ ਚੋਂ 17 ਫੀਸਦੀ ਪਿੰਡਾਂ ਵਿਚ ਠੇਕੇ ਬੰਦ ਕੀਤੇ ਜਾਣ ਦਾ ਫੈਸਲਾ ਲਿਆ ਸੀ। ਸਾਲ 2013-14 ਲਈ 127 ਪਿੰਡਾਂ ਦੇ ਮਤਿਆਂ ਚੋਂ 25 ਫੀਸਦੀ ਪਿੰਡਾਂ ਵਿਚ ਠੇਕੇ ਬੰਦ ਕੀਤੇ ਗਏ ਸਨ। ਸਾਲ 2012-13 ਲਈ 89 ਪੰਚਾਇਤੀ ਮਤੇ ਆਏ ਸਨ ਜਿਨ੍ਹਾਂ ਚੋਂ 36 ਫੀਸਦੀ ਠੇਕੇ ਬੰਦ ਕੀਤੇ ਗਏ ਸਨ। ਵਧੀਕ ਕਰ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਐਲ.ਕੇ.ਜੈਨ ਦਾ ਕਹਿਣਾ ਸੀ ਕਿ ਪੰਚਾਇਤੀ ਮਤਿਆਂ ’ਤੇ ਸੁਣਵਾਈ ਹੋ ਚੁੱਕੀ ਹੈ ਜਿਸ ਦੇ ਅਧਾਰ ’ਤੇ ਦੋ ਚਾਰ ਦਿਨਾਂ ਵਿਚ ਫੈਸਲਾ ਲੈ ਲਿਆ ਜਾਵੇਗਾ।
                 ਕਾਨੂੰਨ ਕੀ ਕਹਿੰਦਾ ਹੈ
ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ’ਤੇ ਨਜ਼ਰ ਮਾਰੀਏ ਤਾਂ ਇਸ ਧਾਰਾ ਤਹਿਤ ਕੋਈ ਵੀ ਪੰਚਾਇਤ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹੇ ਜਾਣ ਦਾ ਫੈਸਲਾ ਲੈ ਸਕਦੀ ਹੈ। ਇਹ ਲਾਜ਼ਮੀ ਹੈ ਕਿ ਪੰਚਾਇਤੀ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋਇਆ ਹੋਵੇ। ਸ਼ਰਤ ਇਹ ਵੀ ਹੈ ਕਿ ਉਸ ਪਿੰਡ ਵਿਚ ਲੰਘੇ ਦੋ ਵਰ੍ਹਿਆਂ ਦੌਰਾਨ ਕੋਈ ਆਬਕਾਰੀ ਜੁਰਮ ਨਹੀਂ ਹੋਣਾ ਚਾਹੀਦਾ ਹੈ। ਹਰ ਪੰਚਾਇਤ ਨੇ 30 ਸਤੰਬਰ ਤੱਕ ਇਹ ਮਤਾ ਸਰਕਾਰ ਨੂੰ ਭੇਜਣ ਦਾ ਮੌਕਾ ਦਿੱਤਾ ਜਾਂਦਾ ਹੈ। ਜਨਵਰੀ ਵਿਚ ਮਤਿਆਂ ’ਤੇ ਫੈਸਲਾ ਲਿਆ ਜਾਂਦਾ ਹੈ।

   
         




Thursday, August 30, 2018

                   ਪੰਚਾਇਤੀ ਅੜਿੱਕਾ
     ਬੰਦ ਨਹੀਂ ਹੋਣਗੇ ਸ਼ਰਾਬ ਦੇ ਠੇਕੇ ! 
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਅਗਲੇ ਮਾਲੀ ਵਰੇ੍ਹ ਦੌਰਾਨ ਸ਼ਰਾਬ ਦੇ ਠੇਕੇ ਬੰਦ ਨਹੀਂ ਹੋਣਗੇ। ਪੰਜਾਬ ਵਿਚ ਗਰਾਮ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਅਤੇ ਨਵੀਆਂ ਪੰਚਾਇਤਾਂ ਦੀ ਚੋਣ ਅਕਤੂਬਰ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਐਲਾਨ ਦਿੱਤੀਆਂ ਹਨ। ਪੰਚਾਇਤਾਂ ਭੰਗ ਹੋਣ ਕਰਕੇ ਪਿੰਡਾਂ ਵਿਚ ਸ਼ਰਾਬ ਦੇ  ਠੇਕੇ ਬੰਦ ਕਰਾਉਣ ਲਈ ਪੰਚਾਇਤੀ ਮਤੇ ਨਹੀਂ ਪੈ ਸਕਣਗੇ। ਨਿਯਮਾਂ ਅਨੁਸਾਰ ਠੇਕੇ ਬੰਦ ਕਰਾਉਣ ਲਈ ਪੰਚਾਇਤੀ ਮਤੇ 30 ਸਤੰਬਰ ਤੱਕ ਕਰ ਅਤੇ ਆਬਕਾਰੀ ਮਹਿਕਮੇ ਨੂੰ ਦੇਣੇ ਹੁੰਦੇ ਹਨ ਜਿਨ੍ਹਾਂ ਦੀ ਉਸ ਮਗਰੋਂ ਨਿੱਜੀ ਸੁਣਵਾਈ ਹੁੰਦੀ ਹੈ। ਗਰਾਮ ਪੰਚਾਇਤਾਂ ਦੇ ਹੁਣ ਪ੍ਰਬੰਧਕ ਲੱਗੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਸਿਰਫ਼ ਵਿਕਾਸ ਕਾਰਜ ਕਰਾਉਣ ਦੇ ਹੀ ਅਧਿਕਾਰ ਦਿੱਤੇ ਹਨ।  ਵੇਰਵਿਆਂ ਅਨੁਸਾਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ਤਹਿਤ ਕੋਈ ਵੀ ਪੰਚਾਇਤ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹੇ ਜਾਣ ਦਾ ਫ਼ੈਸਲਾ ਲੈ ਸਕਦੀ ਹੈ। ਪੰਚਾਇਤੀ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋਣਾ ਲਾਜ਼ਮੀ ਹੈ ਅਤੇ ਪਿੰਡ ਵਿਚ ਪਿਛਲੇ ਦੋ ਸਾਲਾਂ ਦੌਰਾਨ ਕੋਈ ਆਬਕਾਰੀ ਜੁਰਮ ਨਹੀਂ ਹੋਣਾ ਚਾਹੀਦਾ ਹੈ।
                  ਪੰਚਾਇਤੀ ਮਤਾ ਹਰ ਸੂਰਤ ਵਿਚ 30 ਸਤੰਬਰ ਤੱਕ ਸਰਕਾਰ ਕੋਲ ਪੁੱਜਣਾ ਲਾਜ਼ਮੀ ਹੈ। ਹੁਣ ਜਦੋਂ ਪੰਚਾਇਤਾਂ ਭੰਗ ਹਨ ਤਾਂ ਇਹ ਮਤੇ ਪੈਣੇ ਹੀ ਨਹੀਂ ਹਨ ਜਿਸ ਕਰਕੇ ਅਗਲੇ ਮਾਲੀ ਵਰੇ੍ਹ ਦੌਰਾਨ ਸ਼ਰਾਬ ਦੇ ਠੇਕਿਆਂ ਦੇ ਬੰਦ ਹੋਣ ਦੇ ਆਸਾਰ ਕਾਫ਼ੀ ਮੱਧਮ ਹਨ। ਪੰਜਾਬ ਸਰਕਾਰ ਨੂੰ ਇਸ ਦਾ ਮਾਲੀ ਤੌਰ ਤੇ ਫ਼ਾਇਦਾ ਹੈ ਕਿਉਂਕਿ ਠੇਕੇ ਬੰਦ ਹੋਣ ਨਾਲ ਖ਼ਜ਼ਾਨੇ ਨੂੰ ਸੱਟ ਵੱਜਦੀ ਹੈ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਪੰਚਾਇਤਾਂ ਭੰਗ ਹੋਣ ਦਾ ਇਸ ਨਜ਼ਰੀਏ ਤੋਂ ਪੂਰਾ ਲਾਹਾ ਲਵੇਗੀ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2009-10 ਤੋਂ ਸਾਲ 2017-18 ਤੱਕ ਪੰਜਾਬ ਭਰ ਵਿਚ 908 ਪੰਚਾਇਤੀ ਮਤੇ ਸਰਕਾਰ ਕੋਲ ਪੰਚਾਇਤਾਂ ਵੱਲੋਂ ਭੇਜੇ ਗਏ ਹਨ ਜਿਨ੍ਹਾਂ ਚੋਂ 518 ਪੰਚਾਇਤੀ ਮਤੇ ਪ੍ਰਵਾਨ ਹੋਏ ਹਨ ਜਿਸ ਦਾ ਮਤਲਬ ਕਿ ਇਨ੍ਹਾਂ ਪਿੰਡਾਂ ਵਿਚ ਠੇਕੇ ਬੰਦ ਹੋਏ ਹਨ। ਸਭ ਤੋਂ ਅੱਗੇ ਜ਼ਿਲ੍ਹਾ ਸੰਗਰੂਰ ਹੈ ਅਤੇ ਇਸ ਜ਼ਿਲ੍ਹੇ ਚੋਂ ਇਸੇ ਸਮੇਂ ਦੌਰਾਨ 371 ਪੰਚਾਇਤੀ ਮਤੇ ਭੇਜੇ ਗਏ ਹਨ ਜਿਨ੍ਹਾਂ ਚੋਂ 166 ਮਤੇ ਪ੍ਰਵਾਨ ਹੋਏ ਹਨ। ਲੰਘੇ ਮਾਲੀ ਦੌਰਾਨ ਪੰਜਾਬ ਦੀਆਂ 86 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਮਤੇ ਪਾਏ ਸਨ ਜਿਨ੍ਹਾਂ ਚੋਂ  46 ਪਿੰਡਾਂ ਵਿਚ ਠੇਕੇ ਬੰਦ ਹੋਏ ਸਨ।
                    ਪਿਛਲੇ 9 ਵਰ੍ਹਿਆਂ ਦੌਰਾਨ ਸਭ ਤੋਂ ਜ਼ਿਆਦਾ ਪੰਚਾਇਤੀ ਮਤੇ ਸਾਲ 2015-16 ਦੌਰਾਨ ਪਏ ਸਨ ਜੋ ਕਿ 232 ਦੇ ਕਰੀਬ ਸਨ ਜਿਨ੍ਹਾਂ ਦੇ ਆਧਾਰ ਤੇ ਪੰਜਾਬ ਭਰ ’ਚ 163 ਠੇਕੇ ਬੰਦ ਹੋਏ ਸਨ। ਪੰਜਾਬ ਸਰਕਾਰ ਵੱਲੋਂ ਸਾਲ 2016-17 ਦੌਰਾਨ 80 ਫ਼ੀਸਦੀ ਪੰਚਾਇਤਾਂ ਦੇ ਮਤੇ ਪ੍ਰਵਾਨ ਕੀਤੇ ਸਨ ਅਤੇ ਇਸ ਵਰੇ੍ਹ ਦੌਰਾਨ ਪੰਜਾਬ ਭਰ ਚੋਂ 92 ਪੰਚਾਇਤੀ ਮਤੇ ਭੇਜੇ ਗਏ ਸਨ ਜਿਨ੍ਹਾਂ ਚੋਂ 81 ਮਤੇ ਪ੍ਰਵਾਨ ਕੀਤੇ ਗਏ ਸਨ। ਜ਼ਿਲ੍ਹਾ ਸੰਗਰੂਰ ਵਿਚ ਤਾਂ ਠੇਕੇ ਬੰਦ ਕਰਾਉਣ ਲਈ ਚੱਲੀ ਮੁਹਿੰਮ ਕਾਫ਼ੀ ਸਫਲ ਵੀ ਰਹੀ ਹੈ। ਸੂਤਰ ਆਖਦੇ ਹਨ ਕਿ ਅਗਰ ਸਰਕਾਰ ਮਤੇ ਦੇਣ ਦੀ ਆਖ਼ਰੀ ਤਰੀਕ ਵਿਚ ਵੀ ਵਾਧਾ ਕਰ ਦਿੰਦੀ ਹੈ ਤਾਂ ਵੀ ਨਵੀਆਂ ਪੰਚਾਇਤਾਂ ਇਸ ਮਾਮਲੇ ’ਤੇ ਫ਼ੌਰੀ ਤੌਰ ’ਤੇ ਟਾਲ਼ਾ ਵੱਟ ਸਕਦੀਆਂ ਹਨ। ਵਧੀਕ ਕਰ ਅਤੇ ਆਬਕਾਰੀ ਕਮਿਸ਼ਨਰ ਗੁਰਤੇਜ ਸਿੰਘ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।
                      ਆਖ਼ਰੀ ਤਰੀਕ ’ਚ ਵਾਧਾ ਹੋਵੇ : ਮਾਨ
ਸਾਇੰਨਟੈਫਿਕ ਅਵੇਅਰਨੈਸ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ (ਸੰਗਰੂਰ) ਦਾ ਕਹਿਣਾ ਸੀ ਕਿ ਫੋਰਮ ਨੇ ਬਹੁਤ ਮਿਹਨਤ ਨਾਲ ਪੰਚਾਇਤਾਂ ਨੂੰ ਜਾਗਰੂਕ ਕਰਕੇ ਠੇਕੇ ਬੰਦ ਕਰਾਉਣ ਲਈ ਮੁਹਿੰਮ ਬਣਾਈ ਸੀ ਪ੍ਰੰਤੂ ਹੁਣ ਪੰਚਾਇਤੀ ਚੋਣਾਂ ਹੋਣੀਆਂ ਹਨ ਜਿਸ ਕਰਕੇ ਅੜਿੱਕਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਮਤੇ ਦੇਣ ਦੀ ਤਰੀਕ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਨਵੀਆਂ ਪੰਚਾਇਤਾਂ ਨੂੰ ਠੇਕੇ ਬੰਦ ਕਰਾਉਣ ਦਾ ਮੌਕਾ ਮਿਲ ਸਕੇ।


   



Thursday, October 26, 2017

                          ਸੱਤਾ ਦਾ ਨਸ਼ਾ
           ਠੇਕੇ ਤਾਂ ਚਾਲੂ ,ਸਕੂਲ ਕੀਤੇ ਬੰਦ
                          ਚਰਨਜੀਤ ਭੁੱਲਰ
ਬਠਿੰਡਾ  : ਮਾਨਸਾ ਜ਼ਿਲ•ੇ ਦੇ ਪਿੰਡ ਖਿਆਲਾ ਖੁਰਦ ਦੀ ਪੰਚਾਇਤ ਪਿੰਡ ਚੋਂ ਸ਼ਰਾਬ ਦੇ ਠੇਕਾ ਬੰਦ ਕਰਾਉਣਾ ਚਾਹੁੰਦੀ ਸੀ ਪ੍ਰੰਤੂ ਸਰਕਾਰ ਨੇ ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੁਰਮਾਨ ਭੇਜ ਦਿੱਤਾ। ਪੰਚਾਇਤ ਇਸ ਗੱਲੋਂ ਔਖ ਵਿਚ ਹੈ ਕਿ ਉਨ•ਾਂ ਦੀ ਠੇਕਾ ਬੰਦ ਕਰਾਉਣ ਦੇ ਮਤੇ ਨੂੰ ਸਰਕਾਰ ਨੇ ਮੰਨਿਆ ਨਹੀਂ ਅਤੇ ਸਰਕਾਰੀ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ। ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਪੰਚਾਇਤੀ ਮਤਾ ਪਾਸ ਕਰਕੇ ਠੇਕਾ ਬੰਦ ਕਰਾਉਣ ਦਾ ਫੈਸਲਾ ਲਿਆ ਸੀ ਜੋ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ ਪਰ ਹੁਣ ਸਕੂਲ ਨੂੰ ਬੰਦ ਕਰਨ ਦੇ ਹੁਕਮ ਆ ਗਏ ਹਨ। ਸਰਪੰਚ ਨੇ ਆਖਿਆ ਕਿ ਉਹ ਹੁਣ ਪਿੰਡ ਵਿਚ ਸ਼ਰਾਬ ਦਾ ਠੇਕਾ ਵੀ ਨਹੀਂ ਰਹਿਣ ਦੇਣਗੇ। ਸਰਪੰਚ ਦਾ ਪ੍ਰਤੀਕਰਮ ਸੀ ਕਿ ਸਰਕਾਰ ਠੇਕਾ ਵੀ ਪਿੰਡ ਚੋਂ ਚੁੱਕੇ। ਪਿੰਡ ਮਹਿਰਾਜ ਦੇ ਕੋਠੇ ਟੱਲਵਾਲੀ ਤੇ ਪਿੰਡ ਪਿਪਲੀ ਦੇ ਸਰਪੰਚਾਂ ਨੇ ਹੁਣ ਦੋਵਾਂ ਪਿੰਡਾਂ ਦੇ ਸਾਂਝੇ ਸ਼ਰਾਬ ਦੇ ਠੇਕੇ ਨੂੰ ਚੁੱਕਣ ਦੀ ਮੰਗ ਉਠਾਈ ਹੈ। ਇਨ•ਾਂ ਦੋਵਾਂ ਪਿੰਡਾਂ ਦੇ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਹੋਇਆ ਹੈ। ਕੋਠੇ ਟੱਲਵਾਲੀ ਦੇ ਸਰਪੰਚ ਸੁਖਮੰਦਰ ਸਿੰਘ ਤੇ ਪਿਪਲੀ ਦੇ ਸਰਪੰਚ ਮੇਜਰ ਸਿੰਘ ਦਾ ਪ੍ਰਤੀਕਰਮ ਸੀ ਕਿ ਉਹ ਸਕੂਲ ਤਾਂ ਨਹੀਂ ਚੁੱਕਣ ਦੇਣਗੇ ਪ੍ਰੰਤੂ ਸ਼ਰਾਬ ਦਾ ਠੇਕਾ ਜਰੂਰ ਚੁਕਾਉਣਗੇ। ਉਨ•ਾਂ ਮੰਗ ਕੀਤੀ ਕਿ ਸਰਕਾਰ ਅਗਲੇ ਵਰੇ• ਤੋਂ ਠੇਕਾ ਬੰਦ ਕਰੇ।
                    ਮਾਨਸਾ ਦੇ ਪਿੰਡ ਲੁਹਾਰ ਖੇੜਾ ਦੇ ਬੱਚਿਆਂ ਨਾਲ ਤਾਂ ਜੱਗੋਂ ਤੇਰ•ਵੀਂ ਹੋ ਗਈ ਹੈ। ਸਰਪੰਚ ਜਗਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਕੋਲ ਕਿਸੇ ਦੂਸਰੇ ਸਕੂਲ ਵਿਚ ਜਾਣਾ ਮੁਸ਼ਕਲ ਹੈ ਜਿਸ ਕਰਕੇ ਖਦਸ਼ਾ ਹੈ ਕਿ ਬੱਚੇ ਘਰਾਂ ਵਿਚ ਹੀ ਬੈਠ ਜਾਣਗੇ। ਜ਼ਿਲ•ਾ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦਾ ਪ੍ਰਾਇਮਰੀ ਸਕੂਲ ਵੀ ਬੰਦ ਹੋਵੇਗਾ। ਇਸ ਪਿੰਡ ਦੀ ਮਹਿਲਾ ਸਰਪੰਚ ਮਨਜੀਤ ਕੌਰ ਦੱਸਦੀ ਹੈ ਕਿ ਦੋ ਵਰੇ• ਪਹਿਲਾਂ ਠੇਕਾ ਬੰਦ ਕਰਾਉਣਾ ਚਾਹਿਆ ਸੀ ਪ੍ਰੰਤੂ ਸਰਕਾਰ ਨਹੀਂ ਮੰਨੀ ਪ੍ਰੰਤੂ ਹੁਣ ਸਕੂਲ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਉਨ•ਾਂ ਆਖਿਆ ਕਿ ਪੰਚਾਇਤ ਹੁਣ ਠੇਕਾ ਵੀ ਚੁਕਾਏਗੀ। ਪਿੰਡ ਅਸਪਾਲ(ਮਾਨਸਾ) ਦਾ ਪ੍ਰਾਇਮਰੀ ਸਕੂਲ ਬੰਦ ਹੋਇਆ ਤਾਂ ਸਕੂਲ ਦੇ ਬੱਚਿਆਂ ਨੂੰ ਪੌਣੇ ਚਾਰ ਕਿਲੋਮੀਟਰ ਦੂਰ ਪੜ•ਨ ਵਾਸਤੇ ਜਾਣਾ ਪਵੇਗਾ। ਸਾਬਕਾ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਤੁਰ ਕੇ ਜਾਣਾ ਮੁਸ਼ਕਲ ਹੋ ਜਾਵੇਗਾ। ਸੰਗਰੂਰ ਦੇ ਪਿੰਡ ਦੌਲੋਵਾਲ ਦੇ ਸਰਪੰਚ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਪਿੰਡ ਦੇ ਸਕੂਲ ਨੂੰ ਬੰਦ ਨਹੀਂ ਹੋਣ ਦੇਵੇਗੀ। ਇਸੇ ਜ਼ਿਲ•ੇ ਦੇ ਪਿੰਡ ਬੱਲਮਗੜ• ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵੀ ਇਹੋ ਗੱਲ ਆਖੀ।
                    ਪਟਿਆਲਾ ਜ਼ਿਲ•ੇ ਦੇ ਪਿੰਡ ਗਾਜੀਪੁਰ ਦੀ ਪੰਚਾਇਤ ਨੇ ਪੰਚਾਇਤੀ ਮਤਾ ਸ਼ਰਾਬ ਦਾ ਠੇਕਾ ਬੰਦ ਕਰਨ ਵਾਸਤੇ ਪਾਇਆ ਸੀ। ਸਰਕਾਰ ਨੇ ਇਸ ਪਿੰਡ ਚੋਂ ਠੇਕਾ ਵੀ ਬੰਦ ਕਰ ਦਿੱਤਾ ਹੈ ਅਤੇ ਹੁਣ ਸਕੂਲ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਲੋਕ ਤਾਂ ਪਿੰਡ ਚੋਂ ਇਕੱਲਾ ਠੇਕਾ ਹੀ ਚੁਕਾਉਣਾ ਚਾਹੁੰਦੇ ਸਨ। ਇਵੇਂ ਰੋਪੜ ਦੇ ਪਿੰਡ ਕੋਟਲੀ ਵਿਚ ਹੋਇਆ ਹੈ। ਪੰਚਾਇਤ ਨੇ ਠੇਕਾ ਬੰਦ ਕਰਾਉਣ ਵਾਸਤੇ ਮਤਾ ਪਾਸ ਕੀਤਾ ਸੀ। ਸਰਕਾਰ ਨੇ ਪਹਿਲਾਂ ਮਤੇ ਦੇ ਅਧਾਰ ਤੇ ਠੇਕਾ ਚੁਕਵਾ ਦਿੱਤਾ ਅਤੇ ਹੁਣ ਇਸ ਪਿੰਡ ਦਾ ਸਕੂਲ ਬੰਦ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ•ਾਂ ਬਹੁਤ ਪਿੰਡਾਂ ਵਿਚ ਹੋਂਿÂਆ ਹੈ ਜਿਥੋਂ ਦੇ ਲੋਕ ਠੇਕਾ ਬੰਦ ਕਰਾਉਣ ਦੇ ਇੱਛੁਕ ਸਨ ਪ੍ਰੰਤੂ ਹੁਣ ਮਾਰ ਉਨ•ਾਂ ਪਿੰਡਾਂ ਦੇ ਸਕੂਲਾਂ ਨੂੰ ਪੈ ਗਈ ਹੈ।
                                 ਸਕੂਲ ਨਹੀਂ, ਠੇਕੇ ਬੰਦ ਕਰੇ ਸਰਕਾਰ : ਡਾਕਟਰ ਮਾਨ
ਸੰਗਰੂਰ ਦੇ ਸਮਾਜ ਸੇਵੀ ਡਾ.ਅਮਰਜੀਤ ਸਿੰਘ ਮਾਨ ਜੋ ਕਿ ਠੇਕੇ ਬੰਦ ਕਰਾਉਣ ਵਾਸਤੇ ਕਈ ਵਰਿ•ਆਂ ਤੋਂ ਲੜਾਈ ਲੜ ਰਹੇ ਹਨ, ਦਾ ਪ੍ਰਤੀਕਰਮ ਸੀ ਕਿ ਸਰਕਾਰ ਸੱਚਮੁੱਚ ਨਸ਼ੇ ਬੰਦ ਕਰਨਾ ਚਾਹੁੰਦੀ ਹੈ ਤਾਂ ਜਰੂਰਤ ਹੈ ਕਿ ਪਿੰਡਾਂ ਚੋਂ ਠੇਕੇ ਬੰਦ ਕੀਤੇ ਜਾਣ। ਉਨ•ਾਂ ਆਖਿਆ ਕਿ ਅਗਰ ਸਰਕਾਰ ਸਕੂਲ ਬੰਦ ਕਰੇਗੀ ਤਾਂ ਨਵੀਂ ਪੀੜੀ ਗਲਤ ਰਾਹ ਪੈ ਸਕਦੀ ਹੈ ਜਿਸ ਕਰਕੇ ਸਰਕਾਰ ਫੈਸਲੇ ਤੇ ਮੁੜ ਵਿਚਾਰ ਕਰੇ।

Thursday, October 13, 2016

                                       ਕੌਣ ਰੋਕੂ 
              ਠੇਕੇਦਾਰਾਂ ਨੇ ਬਣਾਏ 'ਨਾਈਟ ਗੈਂਗ'
                                  ਚਰਨਜੀਤ ਭੁੱਲਰ
ਬਠਿੰਡਾ : ਸ਼ਰਾਬ ਠੇਕੇਦਾਰਾਂ ਦੇ ਹੁਣ ਗ਼ੈਰਕਨੂੰਨੀ ਤੌਰ ਤੇ 'ਨਾਈਟ ਗੈਂਗ' ਬਣਾ ਲਏ ਹਨ ਜੋ ਪੱਛਮੀ ਪੰਜਾਬ ਵਿਚ ਮੌਤ ਦੇ ਦੂਤ ਬਣ ਗਏ ਹਨ। ਤਾਜ਼ਾ ਨਿਸ਼ਾਨਾ ਮਾਨਸਾ ਦੇ ਪਿੰਡ ਘਰਾਂਗਣਾ ਦੇ ਦਲਿਤ ਨੌਜਵਾਨ ਨੂੰ ਬਣਾਇਆ ਗਿਆ ਹੈ ਬਠਿੰਡਾ, ਮਾਨਸਾ, ਫਰੀਦਕੋਟ ਤੇ ਫਾਜਿਲਕਾ ਵਿਚ ਏਦਾ ਦੇ 'ਨਾਈਟ ਗੈਂਗ' ਚੱਲ ਰਹੇ ਹਨ ਜੋ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਦੇ ਨਾਮ ਹੇਠ ਖੁਦ ਸਿੱਧੀ ਕਾਰਵਾਈ ਕਰਦੇ ਹਨ। ਫਾਜਿਲਕਾ ਕਾਂਡ ਸਮੇਤ ਮਾਲਵੇ ਵਿਚ ਦਰਜਨਾਂ ਦਲਿਤ ਲੋਕ ਇਨ•ਾਂ ਦਾ ਨਿਸ਼ਾਨਾ ਬਣ ਚੁੱਕੇ ਹਨ। ਠੇਕੇਦਾਰਾਂ ਵਲੋਂ ਜੇਲ•ਾਂ ਚੋਂ ਆਏ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਨੂੰ ਹਾਇਰ ਕਰਕੇ 'ਨਾਈਟ ਗੈਂਗ' ਬਣਾਏ ਹੋਏ ਹਨ ਜੋ ਆਪਣੇ ਤੌਰ ਤੇ ਸਿੱਧਾ ਹਮਲਾ ਕਰਦੇ ਹਨ।ਐਤਕੀਂ ਤਾਂ ਸਰਕਾਰ ਵੀ ਆਪਣੇ ਚਿਹੇਤੇ ਠੇਕੇਦਾਰਾਂ ਦੀ ਮਦਦ ਲਈ ਨਾਜਾਇਜ਼ ਸ਼ਰਾਬ ਦੇ ਧੜਾਧੜ ਪੁਲੀਸ ਕੇਸ ਦਰਜ ਕਰ ਰਹੀ ਹੈ। ਕਰ ਅਤੇ ਆਬਕਾਰੀ ਵਿਭਾਗ ਨੇ ਬਠਿੰਡਾ ਮਾਨਸਾ ਵਿਚ 1 ਅਪਰੈਲ ਤੋਂ 30 ਸਤੰਬਰ 2016 ਤੱਕ ਐਕਸਾਈਜ ਐਕਟ ਤਹਿਤ 520 ਪੁਲੀਸ ਕੇਸ ਦਰਜ ਕਰਾਏ ਹਨ ਜੋ ਹੁਣ ਤੱਕ ਦਾ ਰਿਕਾਰਡ ਹੈ। ਬਠਿੰਡਾ ਵਿਚ ਇਸ ਸਮੇਂ ਦੌਰਾਨ 310 ਕੇਸ ਦਰਜ ਕਰਾਏ ਗਏ ਅਤੇ ਲੰਘੇ ਚਾਰ ਮਹੀਨਿਆਂ ਤੋਂ ਤਾਂ ਔਸਤਨ ਰੋਜ਼ਾਨਾ ਦੋ ਪੁਲੀਸ ਕੇਸ ਦਰਜ ਹੋਏ ਹਨ। ਮਾਨਸਾ ਵਿਚ ਛੇ ਮਹੀਨਿਆਂ ਦੌਰਾਨ ਐਕਸਾਈਜ ਐਕਟ ਤਹਿਤ 210 ਕੇਸ ਦਰਜ ਹੋਏ ਹਨ।
                          ਅਹਿਮ ਸੂਤਰਾਂ ਅਨੁਸਾਰ ਠੇਕੇਦਾਰਾਂ ਦੇ ਇੱਕ 'ਨਾਈਟ ਗੈਂਗ' ਵਿਚ ਦਰਜਨ ਦੇ ਕਰੀਬ ਨੌਜਵਾਨ ਕੰਮ ਕਰਦੇ ਹਨ ਜਿਨ•ਾਂ ਨੂੰ ਬਕਾਇਦਾ ਅਸਲੇ ਸਮੇਤ ਤਿੰਨ ਤਿੰਨ ਚਾਰ ਚਾਰ ਗੱਡੀਆਂ ਦਿੱਤੀਆਂ ਹੋਈਆਂ ਹਨ ਅਤੇ ਰਾਤ ਵਕਤ ਇਹ ਗੈਂਗ ਗ਼ੈਰਕਨੂੰਨੀ ਤੌਰ ਤੇ ਨਾਕੇ ਵੀ ਲਾਉਂਦੇ ਹਨ। ਤਲਵੰਡੀ ਸਾਬੋ ਇਲਾਕੇ ਵਿਚ 'ਨਾਈਟ ਗੈਂਗ' ਵਲੋਂ ਇੱਕ ਵਾਹਨ ਸਵਾਰ ਨੂੰ ਨਾਜਾਇਜ਼ ਸ਼ਰਾਬ ਦੇ ਸ਼ੱਕ ਵਿਚ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਮਗਰੋਂ ਠੇਕੇਦਾਰਾਂ ਨੇ ਪਰਿਵਾਰ ਨਾਲ ਸਮਝੌਤਾ ਕਰ ਲਿਆ। ਹੁਣ ਘਰਾਂਗਣਾ ਵਿਚ ਦਲਿਤ ਨੌਜਵਾਨ ਨੂੰ ਮਾਰ ਮੁਕਾਇਆ ਹੈ, ਉਨ•ਾਂ ਹਮਲਾਵਰਾਂ ਵਿਚ ਇੱਕ ਸ਼ਰਾਬ ਠੇਕੇਦਾਰ ਦੇ ਠੇਕੇਦਾਰ ਦਾ ਡਰਾਈਵਰ ਵੀ ਹੈ। 'ਨਾਈਟ ਗੈਂਗ' ਰਾਤ ਬਰਾਤੇ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਵੀ ਕਰਦੇ ਹਨ। ਜੋਗਾ ਪੁਲੀਸ ਨੇ 22 ਅਗਸਤ ਨੂੰ ਹੈਪੀ ਠੇਕੇਦਾਰ ਤੇ ਬੰਟੀ ਠੇਕੇਦਾਰ ਤੇ ਕੇਸ ਵੀ ਦਰਜ ਕੀਤਾ ਸੀ ਜਿਨ•ਾਂ ਨੇ ਭਾਈ ਦੇਸਾ ਦੇ ਢਾਬੇ ਤੇ ਕੁਲਵੰਤ ਸਿੰਘ ਤੇ ਹਮਲਾ ਕਰ ਦਿੱਤਾ ਸੀ। ਜ਼ਖਮੀ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਠੇਕੇਦਾਰਾਂ ਨੇ ਨਾਜਾਇਜ਼ ਸਰਾਬ ਦੇ ਮਾਮਲੇ ਵਿਚ ਨਿਸ਼ਾਨਾ ਬਣਾਇਆ।
                       ਦੱਸਣਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਹੀ 'ਨਾਈਟ ਗੈਂਗ' ਨੇ ਪਿੰਡ ਜਵਾਹਕੇ ਵਿਚ ਇੱਕ ਦਲਿਤ ਨੂੰ ਨਿਸ਼ਾਨਾ ਬਣਾਇਆ ਅਤੇ ਮਗਰੋਂ ਸਮਝੌਤਾ ਹੋਇਆ। ਪਿਛਲੇ ਵਰੇ• ਵੀ ਇਸੇ ਪਿੰਡ ਵਿਚ ਏਦਾ ਦੀ ਵਾਰਦਾਤ ਹੋਈ ਸੀ। ਸ਼ਰਾਬ ਦੇ ਠੇਕੇਦਾਰ ਆਖਦੇ ਹਨ ਕਿ ਉਨ•ਾਂ ਨੇ ਤਾਂ ਆਪਣੇ ਸੂਹੀਏ ਰੱਖੇ ਹੋਏ ਹਨ ਜੋ ਪੁਲੀਸ ਅਤੇ ਐਕਸਾਈਜ ਵਿਭਾਗ ਦੇ ਨੂੰ ਸਿਰਫ਼ ਨਾਜਾਇਜ਼ ਸ਼ਰਾਬ ਦੀ ਸੂਹ ਹੀ ਦਿੰਦੇ ਹਨ। ਉਨ•ਾਂ ਵਲੋਂ ਕਿਤੇ ਵੀ ਕਾਨੂੰਨ ਨੂੰ ਹੱਥ ਵਿਚ ਨਹੀਂ ਲਿਆ ਜਾਂਦਾ ਹੈ। ਜੈਤੋ ਥਾਣੇ ਵਿਚ ਕੁਝ ਹਫਤੇ ਪਹਿਲਾਂ ਇੱਕ ਠੇਕੇਦਾਰ ਤੇ ਇਸੇ ਤਰ•ਾਂ ਦਾ ਕੇਸ ਦਰਜ ਹੋਇਆ ਹੈ। ਗੋਨਿਆਣਾ ਇਲਾਕੇ ਵਿਚ ਤਾਂ 'ਨਾਈਟ ਗੈਂਗ' ਨਾਲ ਪੁਲੀਸ ਦਾ ਹੀ ਮੁਕਾਬਲਾ ਹੋ ਗਿਆ ਸੀ। ਠੇਕੇਦਾਰਾਂ ਵਲੋਂ ਪੁਲੀਸ ਥਾਣੇਦਾਰਾਂ ਨੂੰ ਵੀ ਪ੍ਰਾਈਵੇਟ ਗੱਡੀਆਂ ਦਿੱਤੇ ਜਾਣ ਦਾ ਮਾਮਲਾ ਉਦੋਂ ਉਭਰਿਆ ਸੀ। ਕੋਟਕਪੂਰਾ ਵਿਚ ਵੀ 'ਨਾਈਟ ਗੈਂਗ' ਦੀ ਕਾਰਵਾਈ ਤੋਂ ਰੌਲਾ ਪੈ ਚੁੱਕਾ ਹੈ। ਪੁਲੀਸ ਵੀ  ਇਨ•ਾਂ ਨੂੰ ਹੱਥ ਪਾਉਣ ਤੋਂ ਤ੍ਰਿਭਕਦੀ ਹੈ। ਮਾਨਸਾ ਦੇ ਈ.ਟੀ.ਓ ਪਿਆਰਾ ਸਿੰਘ ਦਾ ਕਹਿਣਾ ਸੀ ਕਿ ਠੇਕੇਦਾਰਾਂ ਦੇ ਆਦਮੀ ਨਾਕਾ ਵਗੈਰਾ ਤਾਂ ਨਹੀਂ ਲਾਉਂਦੇ ਹਨ ਪ੍ਰੰਤੂ ਉਹ ਪੁਲੀਸ ਨੂੰ ਨਾਲ ਲੈ ਕੇ ਰੇਡ ਜਰੂਰ ਕਰਾਉਂਦੇ ਹਨ।
                       ਸੂਤਰ ਦੱਸਦੇ ਹਨ ਕਿ ਵੱਡੇ ਗਰੁੱਪਾਂ ਵਾਲੇ ਜ਼ਿਲਿ•ਆਂ ਵਿਚ ਇਹ 'ਨਾਈਟ ਗੈਂਗ' ਚੱਲ ਰਹੇ ਹਨ। ਬਠਿੰਡਾ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਸਰਾਬ ਠੇਕੇਦਾਰ ਆਪਣੇ ਕੋਲ ਪ੍ਰਾਈਵੇਟ ਆਦਮੀ ਤਾਂ ਰੱਖਦੇ ਹਨ ਪ੍ਰੰਤੂ ਉਨ•ਾਂ ਦੀ ਕੋਈ ਗੈਰਕਾਨੂੰਨੀ ਕਾਰਵਾਈ ਦੀ ਜਾਣਕਾਰੀ ਨਹੀਂ। ਅਗਰ ਕੋਈ ਏਦਾ ਦੇ ਗੈਂਗ ਹਨ ਤਾਂ ਸਰਕਾਰ ਸਖ਼ਤੀ ਨਾਲ ਰੋਕੇਗੀ। ਉਨ•ਾਂ ਘਰਾਂਗਣਾ ਕਾਂਡ ਦੀ ਉਚ ਪੱਧਰੀ ਜਾਂਚ ਹੋਣ ਦੀ ਗੱਲ ਵੀ ਆਖੀ। ਦੂਸਰੀ ਤਰਫ਼ 'ਆਪ' ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣ ਸੀ ਕਿ ਸਰਕਾਰੀ ਸਰਪ੍ਰਸਤੀ ਹੇਠ 'ਨਾਈਟ ਗੈਂਗ' ਸ਼ਰਾਬ ਦੇ ਕਾਰੋਬਾਰ ਦੇ ਵਾਧੇ ਲਈ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਇਹ ਗੈਂਗ ਹੁਣ ਬਹੁਤੀ ਦੇਰ ਨਹੀਂ ਚੱਲਣਗੇ।
                                     ਮਾੜੇ ਅਨਸਰ ਬਖ਼ਸ਼ੇ ਨਹੀਂ ਜਾਣਗੇ : ਆਈ.ਜੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਸ.ਕੇ.ਅਸਥਾਨਾ ਦਾ ਕਹਿਣਾ ਸੀ ਕਿ ਉਹ ਠੇਕੇਦਾਰਾਂ ਨੂੰ ਏਦਾ ਦਾ ਮਾਮਲਾ ਧਿਆਨ ਵਿਚ ਆਉਣ ਤੇ ਤਾੜਦੇ ਹਨ। ਜਿਥੇ ਕਿਤੇ ਏਦਾ ਦਾ ਕੋਈ ਮਾਮਲਾ ਨੋਟਿਸ ਵਿਚ ਆਉਂਦਾ ਹੈ ਤਾਂ ਫੌਰੀ ਪੁਲੀਸ ਕਾਰਵਾਈ ਕੀਤੀ ਜਾਂਦੀ ਹੈ। ਉਨ•ਾਂ ਆਖਿਆ ਕਿ ਥੋੜੀ ਬਹੁਤੀ ਗੜਬੜ ਤਾਂ ਇਹ ਲੋਕ ਕਰਦੇ ਹਨ ਪ੍ਰੰਤੂ ਕੋਈ ਵੀ ਗੈਰਕਾਨੂੰਨੀ ਕਾਰਵਾਈ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।

Thursday, October 6, 2016

                             ਸ਼ਰਾਬ ਤੋਂ ਕਮਾਈ
          'ਪੰਥਕ ਸਰਕਾਰ' ਦਾ ਖਜ਼ਾਨਾ ਟੱਲੀ
                             ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਲੋਕ ਪੰਦਰਾਂ ਵਰਿ•ਆਂ ਵਿਚ 36 ਹਜ਼ਾਰ ਕਰੋੜ ਦੀ ਸ਼ਰਾਬ ਪੀ ਗਏ ਹਨ। ਠੇਕਿਆਂ ਦੀ ਕਮਾਈ ਨੇ ਸਰਕਾਰੀ ਖ਼ਜ਼ਾਨੇ ਨੂੰ ਤਾਂ ਟੱਲੀ ਕਰ ਦਿੱਤਾ ਹੈ ਜਦੋਂ ਕਿ ਲੋਕਾਂ ਦੇ ਬੋਝੇ ਖਾਲੀ ਹੋਏ ਹਨ। ਗਠਜੋੜ ਸਰਕਾਰ ਦੇ ਨੌਂ ਵਰਿ•ਆਂ ਵਿਚ ਲੋਕਾਂ ਨੇ ਕਰੀਬ 27 ਹਜ਼ਾਰ ਕਰੋੜ ਸ਼ਰਾਬ ਤੇ ਖਰਚ ਕੀਤੇ ਹਨ। ਪੰਜਾਬ ਸਰਕਾਰ ਸ਼ਰਾਬ ਦੀ ਕਮਾਈ ਨਾਲ ਵਿਕਾਸ ਕਰਨ ਵਿਚ ਜੁਟੀ ਹੋਈ ਹੈ। ਨੌਂ ਵਰਿ•ਆਂ ਦੀ ਔਸਤਨ ਵੇਖੀਏ ਤਾਂ ਪੰਜਾਬ ਦੇ ਲੋਕ ਰੋਜ਼ਾਨਾ ਔਸਤਨ 8.43 ਕਰੋੜ ਰੁਪਏ ਠੇਕਿਆਂ ਦੀ ਸ਼ਰਾਬ ਤੇ ਖਰਚ ਕਰ ਰਹੇ ਹਨ। ਚਾਲੂ ਮਾਲੀ ਵਰੇ• ਦੌਰਾਨ ਪੰਜਾਬ ਸਰਕਾਰ ਨੇ ਸ਼ਰਾਬ ਤੋਂ 5348.22 ਕਰੋੜ ਰੁਪਏ ਕਮਾਉਣ ਦਾ ਟੀਚਾ ਮਿਥਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2002-03 ਤੋਂ 2015-16 ਤੱਕ ਠੇਕਿਆਂ ਦੀ ਸ਼ਰਾਬ ਵੇਚ ਕੇ 36,373 ਕਰੋੜ ਰੁਪਏ ਕਮਾਏ ਹਨ। ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2007-08 ਤੋਂ ਸਾਲ 2015-16 ਤੱਕ ਠੇਕਿਆਂ ਤੋਂ ਆਮਦਨ 27697 ਕਰੋੜ ਰੁਪਏ ਰਹੀ ਹੈ। ਕੈਪਟਨ ਸਰਕਾਰ ਨੇ ਪੰਜ ਵਰਿ•ਆਂ ਵਿਚ ਸ਼ਰਾਬ ਤੋਂ 7326.25 ਕਰੋੜ ਰੁਪਏ ਕਮਾਏ ਸਨ ਜਦੋਂ ਕਿ ਗਠਜੋੜ ਸਰਕਾਰ ਨੇ ਪਹਿਲੇ ਕਾਰਜਕਾਲ ਦੌਰਾਨ 10,808 ਕਰੋੜ ਦੀ ਆਮਦਨ ਇਕੱਲੀ ਸਰਕਾਰ ਤੋਂ ਕੀਤੀ।
                        ਗਠਜੋੜ ਸਰਕਾਰ ਨੇ ਦੂਸਰੇ ਕਾਰਜਕਾਲ ਦੇ ਚਾਰ ਵਰਿ•ਆਂ ਦੌਰਾਨ ਹੀ 16,888 ਕਰੋੜ ਰੁਪਏ ਕਮਾ ਲਏ ਦੇਸ਼ ਦੇ ਕਈ ਸੂਬੇ ਸ਼ਰਾਬ ਬੰਦੀ ਦੇ ਰਾਹ ਪਏ ਹਨ ਅਤੇ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਪੂਰੇ ਦੇਸ਼ ਵਿਚ ਛਾਇਆ ਹੋਇਆ ਹੈ। ਮਾਲਵੇ ਦੇ ਪਿੰਡਾਂ ਵਿਚ ਇਹ ਹਾਲ ਹੈ ਕਿ ਪੀਣ ਵਾਲਾ ਸੁੱਧ ਪਾਣੀ ਮਿਲਦਾ ਨਹੀਂ ਜਦੋਂ ਕਿ ਠੰਢੀ ਬੀਅਰ ਪਿੰਡ ਪਿੰਡ ਮਿਲ ਰਹੀ ਹੈ। ਬਠਿੰਡਾ ਤੇ ਮਾਨਸਾ ਦੇ ਕਰੀਬ ਚਾਰ ਦਰਜਨ ਪਿੰਡਾਂ ਵਿਚ ਸਰਕਾਰੀ ਆਰ.ਓ ਪਲਾਂਟਾਂ ਨੂੰ ਜਿੰਦਰੇ ਵੱਜ ਗਏ ਹਨ ਪ੍ਰੰਤੂ ਠੇਕਿਆਂ ਦੇ ਬੂਹੇ ਖੁੱਲ•ੇ ਹੋਏ ਹਨ। ਸਾਇੰਟੈਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ ਦਾ ਪ੍ਰਤੀਕਰਮ ਹੈ ਕਿ ਸਰਕਾਰ ਲੋਕਾਂ ਨੂੰ ਸ਼ਰਾਬ ਪਿਲਾ ਕੇ ਸਰਕਾਰੀ ਬੋਝਾ ਭਰ ਰਹੀ ਹੈ ਅਤੇ ਸ਼ਰਾਬ ਦਾ ਕੋਟਾ ਹਰ ਸਾਲ ਵਧਾ ਰਹੀ ਹੈ। ਉਨ•ਾਂ ਆਖਿਆ ਕਿ ਸਰਕਾਰ ਪਿੰਡਾਂ ਦੇ ਹਰ ਗਲੀ ਮਹੱਲੇ ਸ਼ਰਾਬ ਪੁੱਜਦੀ ਕਰ ਦਿੱਤੀ ਹੈ। ਸਰਕਾਰ ਸੰਜੀਦਾ ਹੈ ਤਾਂ ਸਰਾਬ ਦਾ ਕੋਟਾ ਘਟਾਵੇ। ਉਨ•ਾਂ ਆਖਿਆ ਕਿ ਸ਼ਰਾਬ ਬੰਦੀ ਬਿਹਾਰ ਵਿਚ ਲਾਗੂ ਹੋ ਸਕਦੀ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ। ਵੇਰਵਿਆਂ ਅਨੁਸਾਰ ਸਾਲ 2002-03 ਵਿਚ ਪੰਜਾਬ ਵਿਚ ਰੋਜ਼ਾਨਾ ਔਸਤਨ ਠੇਕਿਆਂ ਦੀ ਸਰਾਬ ਤੋਂ ਕਮਾਈ 3.92 ਕਰੋੜ ਰੁਪਏ ਹੁੰਦੀ ਸੀ ਜਦੋਂ ਕਿ ਸਾਲ 2015-16 ਵਿਚ ਇਹੋ ਕਮਾਈ ਰੋਜ਼ਾਨਾ ਦੀ ਔਸਤਨ 13.26 ਕਰੋੜ ਰੁਪਏ ਹੋ ਗਈ ਹੈ।
                    ਪੰਜਾਬ ਸਰਕਾਰ ਨੇ ਸਪੋਰਟਸ, ਸਭਿਆਚਾਰ ਅਤੇ ਆਟਾ ਦਾਲ ਖਾਤਰ ਸ਼ਰਾਬ ਤੇ ਸੈੱਸ ਲਗਾਇਆ ਹੋਇਆ ਹੈ। ਇਨਕਲਾਬੀ ਗੀਤਕਾਰ ਜਗਸੀਰ ਜੀਦਾ ਨੇ ਇਕੋ ਪ੍ਰਤੀਕਰਮ ਦਿੱਤਾ ਕਿ ਸਰਕਾਰ ਠੇਕਿਆਂ ਦੀ ਸ਼ਰਾਬ ਵੇਚ ਕੇ ਖਿਡਾਰੀ ਪੈਦਾ ਕਰ ਰਹੀ ਹੈ। ਚਾਲੂ ਮਾਲੀ ਵਰੇ• ਦੀ ਕਮਾਈ ਦਾ ਟੀਚਾ ਐਤਕੀਂ ਸਰਾਬ ਤੋਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਤਿਆਰ ਨਹੀਂ ਹੈ। ਪੰਜਾਬ ਕਈ ਤਰ•ਾਂ ਦੇ ਸੰਕਟਾਂ ਵਿਚ ਫਸਿਆ ਹੋਇਆ ਅਤੇ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਬਿਗਲ ਵਜਾਇਆ ਹੋਇਆ ਹੈ। ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਔਸਤਨ ਪ੍ਰਤੀ ਦਿਨ ਸਰਕਾਰ ਸ਼ਰਾਬ ਤੋਂ 4.01 ਕਰੋੜ ਰੁਪਏ ਕਮਾ ਰਹੀ ਸੀ ਜਦੋਂ ਕਿ ਗਠਜੋੜ ਸਰਕਾਰ ਦੇ ਦੂਸਰੇ ਕਾਰਜਕਾਲ ਦੌਰਾਨ ਪ੍ਰਤੀ ਦਿਨ ਔਸਤਨ 9.25 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਸ਼ਰਾਬ ਤੋਂ ਹੋ ਰਹੀ ਹੈ। ਵੱਡੇ ਪਿੰਡਾਂ ਵਿਚ ਤਾਂ ਹੁਣ ਦੋ ਦੋ ਠੇਕੇ ਖੁੱਲ• ਗਏ ਹਨ। ਬਹੁਤੇ ਪਿੰਡਾਂ ਵਿਚ ਸਰਕਾਰ ਨੇ ਅੰਗਰੇਜ਼ੀ ਸਰਾਬ ਦੇ ਠੇਕੇ ਵੀ ਖੋਲੇ ਹਨ। 

Saturday, March 26, 2016

                            ਕੇਹੀ ਰੁੱਤ ਆਈ
  ਚਾਰ ਹਜ਼ਾਰ ਠੇਕਿਆਂ ਤੇ ਔਰਤਾਂ ਦੀ ਅੱਖ !
                               ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਸ਼ਰਾਬ ਦੇ ਕਰੀਬ ਚਾਰ ਹਜ਼ਾਰ ਠੇਕੇ ਲੈਣ ਲਈ ਔਰਤਾਂ ਕੁੱਦੀਆਂ ਹਨ ਜਿਨ•ਾਂ ਵਿਚ ਵੱਡੇ ਘਰਾਂ ਦੀਆਂ ਨੂੰਹਾਂ ਤੇ ਧੀਆਂ ਵੀ ਸ਼ਾਮਲ ਹਨ। ਸ਼ਰਾਬ ਦੇ ਧਨੰਤਰਾਂ ਨੇ ਕਮਾਈ ਖਾਤਰ ਆਪਣੇ ਘਰਾਂ ਦੀਆਂ ਔਰਤਾਂ ਨੂੰ ਵੀ ਠੇਕੇ ਲੈਣ ਦੀ ਕਤਾਰ ਵਿਚ ਖੜ•ਾ ਕਰ ਦਿੱਤਾ ਹੈ। ਪੰਜਾਬ ਦਾ ਇੱਕ ਚਿਹਰਾ ਇਹ ਵੀ ਹੈ ਕਿ ਔਰਤਾਂ ਸ਼ਰਾਬ ਦੇ ਠੇਕੇ ਭੰਨ ਰਹੀਆਂ ਹਨ ਅਤੇ ਦੂਸਰੀ ਤਸਵੀਰ ਇਹ ਹੈ ਕਿ ਔਰਤਾਂ ਵੀ ਠੇਕੇਦਾਰੀ ਦੇ ਚੱਕਰ ਹਨ। ਪੰਜਾਬ ਵਿਚ ਵਰ•ਾ 2016-17 ਲਈ ਸ਼ਰਾਬ ਦੇ ਠੇਕੇ ਲੈਣ ਖਾਤਰ ਅਰਜ਼ੀਆਂ ਦੇਣ ਦੀ ਆਖਰੀ ਤਰੀਕ 22 ਮਾਰਚ ਸੀ। ਔਰਤਾਂ ਨੇ ਬੈਂਕਾਂ ਰਾਹੀਂ ਆਨ ਲਾਈਨ ਅਪਲਾਈ ਕੀਤਾ ਹੈ। ਠੇਕੇ ਲੈਣ ਦੀਆਂ ਇੱਛੁਕ ਔਰਤਾਂ ਵਿਚ ਵੱਡੇ ਘਰਾਂ ਦੀਆਂ ਔਰਤਾਂ ਦੀ ਇੱਕ ਤਿੱਕੜੀ ਸਭ ਤੋਂ ਮੋਹਰੀ ਬਣ ਗਈ ਹੈ।ਵੇਰਵਿਆਂ ਅਨੁਸਾਰ ਇਨ•ਾਂ ਤਿੰਨ ਔਰਤਾਂ ਨੇ ਹੀ ਕਰੀਬ ਤਿੰਨ ਹਜ਼ਾਰ ਠੇਕਿਆਂ ਲਈ ਅਪਲਾਈ ਕੀਤਾ ਹੈ। ਚੰਡੀਗੜ• ਦੀ ਊਸ਼ਾ ਸਿੰਗਲਾ ਨੇ ਇਕੱਲੇ ਆਨ ਲਾਈਨ ਰਾਹੀਂ 858 ਅਰਜ਼ੀਆਂ ਪਾਈਆਂ ਹਨ ਅਤੇ ਉਸ ਦੇ ਹੋਰ ਪਰਵਾਰਿਕ ਮੈਂਬਰਾਂ ਨੇ ਵੀ ਠੇਕਿਆਂ ਲਈ ਅਪਲਾਈ ਕੀਤਾ ਹੈ। ਅੱਧੀ ਦਰਜਨ ਦੇ ਕਰੀਬ ਜ਼ਿਲਿ•ਆਂ ਵਿਚ ਊਸ਼ਾ ਸਿੰਗਲਾ ਨੇ ਸ਼ਰਾਬ ਦੇ ਠੇਕੇ ਲੈਣ ਵਿਚ ਦਿਲਚਸਪੀ ਦਿਖਾਈ ਹੈ।
                     ਊਸ਼ਾ ਸਿੰਗਲਾ ਨੇ ਹੁਸ਼ਿਆਰਪੁਰ ਵਿਚ 86,ਮੋਹਾਲੀ ਵਿਚ 220 ਅਤੇ ਜਲੰਧਰ ਵਿਚ 97 ਦਰਖਾਸਤਾਂ ਪਾ ਕੇ ਠੇਕੇ ਲੈਣ ਲਈ ਰੁਚੀ ਦਿਖਾਈ ਹੈ। ਇਸ ਮਹਿਲਾ ਨੇ ਐਕਸਿਸ ਬੈਂਕ ਰਾਹੀਂ 430 ਦਰਖਾਸਤਾਂ ਲਾਈਆਂ ਹਨ। ਦੂਸਰੇ ਨੰਬਰ ਤੇ ਦਿਵਿਆ ਸਿੰਗਲਾ ਹੈ ਜਿਸ ਨੇ 743 ਦਰਖਾਸਤਾਂ ਪਾਈਆਂ ਹਨ।ਜ਼ਿਲ•ਾ ਮੋਹਾਲੀ ਦੇ ਠੇਕੇ ਲੈਣ ਲਈ ਔਰਤਾਂ ਕਾਫ਼ੀ ਇੱਛੁਕ ਹਨ। ਮੋਹਾਲੀ ਜ਼ਿਲ•ੇ ਵਿਚ ਮਹਿਲਾ ਅਮਨਦੀਪ ਕੌਰ ਨੇ 512 ਅਰਜ਼ੀਆਂ ਪਾਈਆਂ ਹਨ। ਇਵੇਂ ਹੀ ਰੇਨੂੰ ਖੰਨਾ ਨੇ 23 ਅਤੇ ਮੀਨੂੰ ਅਰੋੜਾ ਨੇ ਵੀ 23 ਦਰਖਾਸਤਾਂ ਪਾਈਆਂ ਹਨ। ਪ੍ਰਤੀ ਅਰਜ਼ੀ 15 ਹਜ਼ਾਰ ਤੋਂ 70 ਹਜ਼ਾਰ ਰੁਪਏ ਫੀਸ ਵੀ ਤਾਰੀ ਗਈ ਹੈ। ਪੂਨਮ ਦੁੱਗਲ ਨੇ 7,ਸੀਮਾ ਦੇਵੀ ਨੇ 11,ਮੰਜੂ ਨੇ 6,ਸਰੋਜ ਸ਼ੁਕਲਾ ਨੇ 36 ਅਤੇ ਪ੍ਰੀਤਮ ਕੌਰ ਨੇ 9 ਅਰਜ਼ੀਆਂ ਪਾਈਆਂ ਹਨ। ਜ਼ਿਲ•ਾ ਮੁਕਤਸਰ ਦੇ ਇੱਕ ਅਕਾਲੀ ਨੇਤਾ ਦੀ ਨੂੰਹ ਨੇ ਵੀ ਮਾਨਸਾ ਤੇ ਮੁਕਤਸਰ ਜ਼ਿਲ•ੇ ਵਿਚ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫ਼ੀ ਔਰਤਾਂ ਹਨ ਜਿਨ•ਾਂ ਨੇ ਠੇਕਿਆਂ ਵਿਚ ਰੁਚੀ ਦਿਖਾਈ ਹੈ। ਕੋਈ ਅਜਿਹਾ ਜ਼ਿਲ•ਾ ਨਹੀਂ ਜਿਥੇ ਔਰਤਾਂ ਦੀ ਹਾਜ਼ਰੀ ਨਾ ਲੱਗੀ ਹੋਵੇ। ਦੱਸਣਯੋਗ ਹੈ ਕਿ ਰਾਜਸਥਾਨ ਵਿਚ ਐਤਕੀਂ 34 ਫੀਸਦੀ ਠੇਕਿਆਂ ਦੀ ਕਮਾਨ ਔਰਤਾਂ ਦੇ ਹੱਥ ਆ ਗਈ ਹੈ। ਰਾਜਸਥਾਨੀ ਠੇਕੇਦਾਰ ਵੀ ਆਪਣੇ ਘਰਾਂ ਦੀਆਂ ਔਰਤਾਂ ਦੇ ਨਾਮ ਤੇ ਠੇਕੇ ਲੈਂਦੇ ਹਨ।
                   ਭਾਵੇਂ ਪੰਜਾਬ ਵਿਚ ਔਰਤਾਂ ਠੇਕਿਆਂ ਨੂੰ ਸਿੱਧੇ ਤੌਰ ਨਹੀਂ ਚਲਾਉਂਦੀਆਂ ਹਨ ਪ੍ਰੰਤੂ ਸ਼ਰਾਬ ਦੇ ਕਾਰੋਬਾਰ ਵਿਚ ਹੁਣ ਔਰਤਾਂ ਦਾ ਨਾਮ ਵੀ ਬੋਲਣ ਲੱਗਾ ਹੈ। ਇਸ ਤੋਂ ਇਲਾਵਾ ਅਕਾਲੀ ਵਿਧਾਇਕ ਓਮ ਪ੍ਰਕਾਸ਼ ਮਲਹੋਤਰਾ ਅਤੇ ਅਬੋਹਰ ਦੇ ਡੋਡਾ ਪਰਿਵਾਰ ਨੇ ਵੀ ਵੱਡੀ ਗਿਣਤੀ ਵਿਚ ਠੇਕਿਆਂ ਵਾਸਤੇ ਅਪਲਾਈ ਕੀਤਾ ਹੈ। ਅਕਾਲੀ ਵਿਧਾਇਕ ਮਲਹੋਤਰਾ ਨੇ ਅੰਮ੍ਰਿਤਸਰ ਜ਼ਿਲ•ੇ ਵਿਚ ਕਰੀਬ 325 ਅਰਜ਼ੀਆਂ ਪਾਈਆਂ ਹਨ। ਮਲਹੋਤਰਾ ਪਰਿਵਾਰ ਨੇ ਗੁਰਦਾਸਪੁਰ ਵਿਚ 150 ਤੋਂ ਉਪਰ,ਹੁਸ਼ਿਆਰਪੁਰ ਵਿਚ 425 ਤੋਂ ਉਪਰ,ਕਪੂਰਥਲਾ ਵਿਚ ਕਰੀਬ 126,ਮੋਹਾਲੀ ਵਿਚ ਕੀਬ 250 ਅਤੇ ਮੁਕਤਸਰ ਜ਼ਿਲ•ੇ ਵਿਚ 136 ਦੇ ਕਰੀਬ ਅਰਜ਼ੀਆਂ ਪਾਈਆਂ ਹਨ। ਅਬੋਹਰ ਦੇ ਦਲਿਤ ਕਾਂਡ ਵਿਚ ਚਰਚਾ ਵਿਚ ਆਏ ਡੋਡਾ ਪਰਿਵਾਰ ਨੇ ਇਕੱਲੇ ਐਕਸਿਸ ਬੈਂਕ ਰਾਹੀਂ 858 ਅਰਜ਼ੀਆਂ ਪਾਈਆਂ ਹਨ। ਬਠਿੰਡਾ ਦੇ ਮਹਿਤਾ ਗਰੁੱਪ ਨੇ ਵੀ ਐਤਕੀਂ ਕਈ ਜ਼ਿਲਿ•ਆਂ ਵਿਚ ਅਰਜ਼ੀਆਂ ਪਾਈਆਂ ਹਨ।
                  ਬਠਿੰਡਾ ਜ਼ਿਲ•ੇ ਤਾਂ ਐਤਕੀਂ ਸਿਆਸੀ ਆਗੂਆਂ ਨੇ ਰਹਿਨੁਮਾਈ ਕਰਕੇ ਚਾਹਵਾਨ ਠੇਕੇਦਾਰਾਂ ਦਾ ਪੂਲ ਕਰਾ ਦਿੱਤਾ ਹੈ ਜਿਸ ਕਰਕੇ ਰਾਮਪੁਰਾ ਸ਼ਹਿਰ,ਰਾਮਾਂ ਮੰਡੀ,ਮੌੜ ਮੰਡੀ ਦੇ ਠੇਕਿਆਂ ਲਈ ਕਿਸੇ ਨੇ ਕੋਈ ਅਰਜ਼ੀ ਹੀ ਨਹੀਂ ਪਾਈ ਹੈ ਜਦੋਂ ਕਿ ਬਠਿੰਡਾ ਸ਼ਹਿਰ ਵਿਚ ਦੋ ਵਿਅਕਤੀ ਅਰਜ਼ੀ ਪਾਉਣ ਵਿਚ ਸਫਲ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਦਾ ਪੈਂਤੜਾ ਲਿਆ ਗਿਆ ਹੈ। ਮਹਿੰਗੇ ਠੇਕੇ ਹੋਣ ਦਾ ਬਹਾਨਾ ਘੜ ਕੇ ਇਨ•ਾਂ ਸ਼ਹਿਰੀ ਠੇਕਿਆਂ ਦੀ ਕੀਮਤ ਘਟਾਈ ਜਾਵੇਗੀ ਅਤੇ ਦੂਸਰੀ ਦਫ਼ਾ ਡਰਾਅ ਹੋਣ ਦੀ ਸੂਰਤ ਵਿਚ ਇਹ ਸਿਆਸੀ ਲੋਕ ਖੁਦ ਸਸਤੇ ਭਾਅ ਵਿਚ ਠੇਕੇ ਹਾਸਲ ਕਰਨ ਦੀ ਵਿਉਂਤ ਬਣਾਈ ਬੈਠੇ ਹਨ।
        

Saturday, March 28, 2015

                              ਨਵਾਂ ਮੋਰਚਾ
     ਅਕਾਲੀਆਂ ਦੀ ਨੂੰਹ ਸ਼ਰਾਬ ਦੀ ਠੇਕੇਦਾਰ
                              ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਖਿੱਤੇ ਵਿੱਚ ਐਤਕੀਂ ਸ਼ਰਾਬ ਦੇ ਠੇਕਿਆਂ 'ਤੇ ਕਈ ਸਿਆਸੀ ਧਨੰਤਰਾਂ ਦੇ ਦੋਵੇਂ ਹੱਥ ਲੱਡੂ ਰਹੇ ਜਦਕਿ ਕੁਝ ਸਿਆਸੀ ਖਿਡਾਰੀ ਪੁਰਾਣਾ ਜਲਵਾ ਨਾ ਦਿਖਾ ਸਕੇ। ਹਾਲਾਂਕਿ ਇਨ੍ਹਾਂ ਆਗੂਆਂ ਨੇ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਿੱਤੀਆਂ ਸਨ। ਹੋਰ ਤਾਂ ਹੋਰ ਇਸ ਵਾਰ ਕੁਝ ਸਿਆਸੀ ਆਗੂਆਂ ਨੇ ਲੁਕਵੇਂ ਰੂਪ ਵਿੱਚ ਕਾਰੋਬਾਰ ਕੀਤਾ ਹੈ। ਬਦਨਾਮੀ ਦੇ ਡਰੋਂ ਨਵੀਆਂ ਕੰਪਨੀਆਂ ਬਣਾ ਕੇ ਇਹ ਸਿਆਸੀ ਲੋਕ ਸ਼ਰਾਬ ਦੇ ਕਾਰੋਬਾਰ ਵਿੱਚ ਕੁੱਦੇ ਹਨ। ਮਾਲਵੇ ਵਿੱਚ ਇਸ ਵਾਰ ਅਬੋਹਰ ਦੇ ਡੋਡਾ ਪਰਿਵਾਰ ਦੀ ਤੂਤੀ ਬੋਲ ਰਹੀ ਹੈ ਜਦਿਕ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਵ ਲਾਲ ਡੋਡਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਹਨ। ਬਠਿੰਡਾ ਜ਼ਿਲ੍ਹੇ ਵਿੱਚ ਅੱਜ ਸੱਤ ਸਰਕਲਾਂ ਦੀ ਲਾਟਰੀ ਵਿਧੀ ਰਾਹੀਂ ਠੇਕਿਆਂ ਦੀ ਅਲਾਟਮੈਂਟ ਹੋਈ। ਕਰ ਅਤੇ ਆਬਕਾਰੀ ਮਹਿਕਮੇ ਦੇ ਜੁਆਇੰਟ ਕਮਿਸ਼ਨਰ ਜਸਪਾਲ ਗਰਗ ਅਤੇ ਏਡੀਸੀ ਸੁਮਿਤ ਕੁਮਾਰ ਅਬਜ਼ਰਵਰ ਵਜੋਂ ਪੁੱਜੇ ਹੋਏ ਸਨ। ਵਿਭਾਗ ਦੇ ਅਧਿਕਾਰੀ ਆਰਐਸ ਰੋਮਾਣਾ ਨੇ ਦੱਸਿਆ ਕਿ ਜ਼ਿਲ੍ਹੇ ਦੇ 519 ਠੇਕੇ ਲਾਟਰੀ ਰਾਹੀਂ 200.70 ਕਰੋੜ ਰੁਪਏ ਵਿੱਚ ਅਲਾਟ ਕਰ ਦਿੱਤੇ ਗਏ ਹਨ।
                      ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਸ਼ਿਵ ਲਾਲ ਡੋਡਾ ਅਤੇ ਮਹਿਤਾ ਗਰੁੱਪ ਦੀ ਹਿੱਸੇਦਾਰੀ ਵਾਲੀਆਂ ਫਰਮਾਂ ਦੀ ਇਜਾਰੇਦਾਰੀ ਕਾਇਮ ਹੋ ਗਈ ਹੈ। ਸਾਲ 2012 ਵਿੱਚ ਹੋੲੀਆਂ ਅਸੈਂਬਲੀ ਚੋਣਾਂ ਦੌਰਾਨ ਹਾਰਨ ਵਾਲੇ ਅਕਾਲੀ ਆਗੂ ਦੀ ਨੂੰਹ ਜਸਕਿੰਦਰ ਕੌਰ ਇਸ ਵਾਰ 131 ਸ਼ਰਾਬ ਦੇ ਠੇਕਿਆਂ ਨੂੰ ਚਲਾਏਗੀ। ਉਸ ਨੂੰ ਬਠਿੰਡਾ (ਬੱਸ ਸਟੈਂਡ) ਅਤੇ ਮੌੜ ਸਰਕਲ ਦੇ ਠੇਕਿਆਂ ਦੀ ਲਾਟਰੀ ਨਿਕਲੀ ਹੈ। ਸ਼ਿਵ ਲਾਲ ਡੋਡਾ ਦੀ ਕੰਪਨੀ ਗਗਨ ਡਿਸਟਿਲਰੀਜ਼ ਨੂੰ ਬਠਿੰਡਾ (ਰੇਲਵੇ) ਸਰਕਲ ਦੀ ਲਾਟਰੀ ਨਿਕਲੀ ਹੈ।  ਇਵੇਂ ਗੋਪਾਲ ਵਾਈਨਜ਼ ਨੂੰ ਬਠਿੰਡਾ (ਕੈਨਾਲ) ਅਤੇ ਰਾਮਾਂ ਸਰਕਲ ਦੇ ਠੇਕੇ ਮਿਲੇ ਹਨ ਜਦਕਿ ਰਾਮਪੁਰਾ ਦੇ ਏ.ਬੀ.ਐਸ ਵਾਈਨਜ਼ ਅਤੇ ਬਠਿੰਡਾ (ਬੀਬੀ ਵਾਲਾ ਰੋਡ) ਸਰਕਲ ਦੇ ਠੇਕੇ ਕਮਲ ਕੁਮਾਰ ਨੂੰ ਅਲਾਟ ਹੋ ਗਏ ਹਨ। ਬਠਿੰਡਾ ਜ਼ਿਲ੍ਹੇ ਵਿੱਚ ਸ਼ਿਵ ਲਾਲ ਡੋਡਾ, ਮਹਿਤਾ ਗਰੁੱਪ ਅਤੇ ਜਸਕਿੰਦਰ ਕੌਰ ਨੇ ਮਿਲ ਕੇ ਇਜਾਰੇਦਾਰੀ ਕਾਇਮ ਕਰ ਲਈ ਹੈ। ਦੋ ਸਰਕਲਾਂ ਵਾਲੀ ਕੰਪਨੀ ਵਿੱਚ ਦੂਰੋਂ ਨੇੜਿਓਂ ਦੀਪ ਮਲਹੋਤਰਾ ਨਾਲ ਤਾਰ ਜੁੜਦੇ ਹਨ।ਜ਼ਿਲ੍ਹਾ ਫਰੀਦਕੋਟ ਵਿੱਚ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੂੰ ਝਟਕਾ ਲੱਗਾ ਹੈ। ਜ਼ਿਲ੍ਹੇ ਦੇ 8 ਸਰਕਲਾਂ ਵਿਚੋਂ ਦੀਪ ਮਲਹੋਤਰਾ ਦੀ ਫਰਮ ਗੌਰਵ ਮਲਹੋਤਰਾ ਐਂਡ ਕੰਪਨੀ ਦੇ ਹੱਥ ਫਰੀਦਕੋਟ ਸਿਟੀ ਵਨ ਦੇ ਠੇਕੇ ਲੱਗੇ ਹਨ।
                      ਉਨ੍ਹਾਂ ਦੇ ਹੱਥੋਂ ਕੋਟਕਪੂਰਾ ਦੇ ਠੇਕੇ ਨਿਕਲ ਗਏ ਹਨ, ਜਿਨ੍ਹਾਂ 'ਤੇ ਉਨ੍ਹਾਂ ਦਾ ਪਿਛਲੇ ਤਿੰਨ ਵਰ੍ਹਿਆਂ ਤੋਂ ਕਬਜ਼ਾ ਸੀ। ਸ਼ਰਾਬ ਦੇ ਠੇਕੇਦਾਰ ਮਰਹੂਮ ਦਰਸ਼ਨ ਕੁਮਾਰ ਦੇ ਪਰਿਵਾਰ ਦੀ ਜੈਤੋ ਦੇ ਦੋ ਸਰਕਲਾਂ ਵਿੱਚ ਲਾਟਰੀ ਨਿਕਲੀ ਹੈ। ਫਰੀਦਕੋਟ ਵਿੱਚ ਮਹਿਤਾ ਗਰੁੱਪ ਨੂੰ ਇੱਕ ਸਰਕਲ ਵਿੱਚ ਸਫਲਤਾ ਮਿਲੀ ਹੈ।  ਐਤਕੀਂ ਮੁਕਤਸਰ ਜ਼ਿਲ੍ਹੇ 'ਚੋਂ ਵੀ ਦੀਪ ਮਲਹੋਤਰਾ ਦੀ ਕਿਸਮਤ ਜਾਗ ਨਹੀਂ ਸਕੀ। ਇਥੇ 6 ਗਰੁੱਪਾਂ 'ਚੋਂ ਬਰੀਵਾਲਾ ਸਰਕਲ ਦੀ ਲਾਟਰੀ ਦੀਪ ਮਲਹੋਤਰਾ ਦੇ ਲੜਕੇ ਗੌਰਵ ਮਲਹੋਤਰਾ ਦੀ ਨਿਕਲੀ ਹੈ ਜਦਕਿ ਬਾਕੀ ਪੰਜ ਸਰਕਲਾਂ ਤੇ ਬਲਰਾਜ ਐਂਡ ਕੰਪਨੀ ਦੀ ਇਜਾਰੇਦਾਰੀ ਕਾਇਮ ਹੈ। ਫਾਜ਼ਿਲਕਾ ਵਿੱਚ ਪੂਰੀ ਤਰ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦਾ ਦਬਦਬਾ ਕਾਇਮ ਹੈ। ਇਥੇ ਅੱਠ ਸਰਕਲਾਂ ਵਿੱਚ ਡੋਡਾ ਪਰਿਵਾਰ ਦੀਆਂ ਕੰਪਨੀਆਂ ਦੀ ਹੀ ਲਾਟਰੀ ਨਿਕਲੀ ਹੈ। ਜ਼ਿਲ੍ਹੇ ਦੇ ਚਾਰ ਸਰਕਲਾਂ ਦੀ ਲਾਟਰੀ ਰੀਹਾਨ ਵਾਈਨਜ਼ ਨੂੰ ਨਿਕਲੀ ਹੈ ਜਦਕਿ ਡੋਡਾ ਪਰਿਵਾਰ ਦੀ ਇੱਕ ਮਹਿਲਾ ਦੀ ਕੰਪਨੀ ਸੰਜਨਾ ਵਾਈਨਜ਼ ਨੂੰ ਜਲਾਲਾਬਾਦ ਦੇ 45 ਠੇਕੇ ਮਿਲ ਗਏ ਹਨ।   ਫਿਰੋਜ਼ਪੁਰ ਵਿੱਚ ਸੱਤ ਸਰਕਲ ਸਨ, ਜਿਨ੍ਹਾਂ 'ਚੋਂ ਫਿਰੋਜ਼ਪੁਰ ਸ਼ਹਿਰ ਤੇ ਕੈਂਟ ਫਿਰੋਜ਼ਪੁਰ ਵਾਈਨ ਟ੍ਰੇਡਰਜ਼ ਨੂੰ ਅਲਾਟ ਹੋ ਗਿਆ ਹੈ।
                       ਜ਼ਿਕਰਯੋਗ ਹੈ ਕਿ ਇੱਕ ਕੰਪਨੀ ਵਿੱਚ ਇੱਕ ਸਿਆਸੀ ਆਗੂ ਦੀ ਹਿੱਸੇਦਾਰੀ ਹੈ। ਜ਼ਿਲ੍ਹਾ ਮਾਨਸਾ ਵਿੱਚ 9 ਸਰਕਲ ਸਨ, ਜਿਨ੍ਹਾਂ ਵਾਸਤੇ 200 ਔਰਤਾਂ ਵੀ ਮੈਦਾਨ ਵਿੱਚ ਕੁੱਦੀਆਂ ਸਨ ਪਰ ਕਿਸੇ ਦੀ ਕਿਸਮਤ ਚਮਕੀ। ਇਥੇ ਵੀ ਆਮ ਸ਼ਰਾਬ ਕਾਰੋਬਾਰੀ ਦੇ ਹੱਥ ਸਫਲਤਾ ਲੱਗੀ ਹੈ। ਇਸ ਜ਼ਿਲ੍ਹੇ ਵਿੱਚ 290 ਠੇਕੇ ਹਨ, ਜਿਨ੍ਹਾਂ ਵਾਸਤੇ 2270 ਦਰਖਾਸਤਾਂ ਆੲੀਆਂ ਸਨ। ਜ਼ਿਲ੍ਹਾ ਬਰਨਾਲਾ ਵਿੱਚ ਛੇ ਗਰੁੱਪਾਂ ਦੀ ਲਾਟਰੀ ਰਾਹੀਂ ਅਲਾਟਮੈਂਟ ਹੋਈ ਹੈ, ਜਿਸ ਵਿੱਚ ਦੇ ਠੇਕਿਆਂ ਦੀ ਲਾਟਰੀ ਡੋਡਾ ਪਰਿਵਾਰ ਦੀ ਫਰਮ ਦੀ ਨਿਕਲੀ ਹੈ।ਜ਼ਿਲ੍ਹਾ ਮੋਗਾ ਵਿੱਚ ਮੋਗਾ ਸਿਟੀ ਵਾਈਨਜ਼ ਕਾਬਜ਼ ਹੋ ਗਿਆ ਹੈ। ਜ਼ਿਲ੍ਹਾ ਦੇ ਪੰਜ ਸਰਕਲਾਂ 'ਚੋਂ ਤਿੰਨ ਸਰਕਲਾਂ ਤੇ ਮੋਗਾ ਸਿਟੀ ਵਾਈਨਜ਼ ਦੀ ਲਾਟਰੀ ਨਿਕਲੀ ਹੈ, ਜਿਨ੍ਹਾਂ ਦੀ ਅਗਵਾਈ ਲੁਧਿਆਣੇ ਦਾ ਛਾਬੜਾ ਪਰਿਵਾਰ ਕਰਦਾ ਹੈ। ਸੂਤਰਾਂ ਅਨੁਸਾਰ ਸਿਆਸੀ ਆਗੂਆਂ ਨੇ ਐਤਕੀਂ ਸਿੱਧੇ ਤੌਰ 'ਤੇ ਮੈਦਾਨ ਵਿੱਚ ਆਉਣ ਤੋਂ ਪਾਸਾ ਵੱਟਿਆ ਹੈ ਪਰ ਨਵੀਆਂ ਕੰਪਨੀਆਂ ਵਿੱਚ ਆਪਣੇ ਬੇਨਾਮੀ ਹਿੱਸੇਦਾਰੀ ਜ਼ਰੂਰ ਰੱਖੀ ਹੈ। ਪਹਿਲੀ ਅਪਰੈਲ ਨੂੰ ਹੁਣ ਨਵੇਂ ਕਾਰੋਬਾਰੀ ਆਪਣੇ ਠੇਕਿਆਂ ਦੇ ਬੂਹੇ ਖੋਲ੍ਹਣਗੇ।

Wednesday, November 5, 2014

                                ਨਾਕੇ ਹਟਾਏ
             ਅਮਲੀਆਂ ਦੇ ਅੱਛੇ ਦਿਨ ਆਏ  !
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਅਮਲੀਆਂ ਨੂੰ ਮੁੜ ਪੋਸਤ ਦੀ ਸਪਲਾਈ ਮਿਲਣ ਲੱਗ ਪਈ ਹੈ। ਰਾਜਸਥਾਨ ਵਿੱਚ ਫਿਰ ਭੁੱਕੀ ਦੇ ਠੇਕੇ ਖੁੱਲ੍ਹ ਗਏ ਹਨ ਅਤੇ ਪੰਜਾਬ ਪੁਲੀਸ ਨੇ ਸੀਮਾ ਤੋਂ ਆਪਣੇ ਨਾਕੇ ਹਟਾ ਲਏ ਹਨ। ਪੰਜਾਬ ਸਰਕਾਰ ਵੱਲੋਂ ਜੂਨ ਤੋਂ ਵਿਖਾਈ ਸਖ਼ਤੀ ਵੀ ਹੁਣ ਨਰਮ ਪੈ ਗਈ ਹੈ। ਰਾਜਸਥਾਨ ਦੇ ਪੰਜਾਬ ਸੀਮਾ ਨਾਲ ਲੱਗਦੇ ਭੁੱਕੀ ਦੇ ਠੇਕੇ ਹੁਣ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਰਾਜਸਥਾਨ ਸਰਕਾਰ ਨੇ ਇੱਕ ਵਾਰ ਬਿਨਾਂ ਪਰਮਿਟ ਤੋਂ ਠੇਕਿਆਂ ਤੋਂ ਅਮਲੀਆਂ ਨੂੰ ਪੋਸਤ ਦੇਣਾ ਬੰਦ ਕਰ ਦਿੱਤਾ ਸੀ ਪਰ ਹੁਣ ਫਿਰ ਦੋ ਨੰਬਰ ਦੀ ਪੋਸਤ ਵਿਕਣ ਲੱਗੀ ਹੈ। ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਅਤੇ ਗੰਗਾਨਗਰ ਜ਼ਿਲ੍ਹਿਆਂ ਦੇ ਭੁੱਕੀ ਦੇ ਠੇਕਿਆਂ ਤੋਂ ਦੋ ਨੰਬਰ ਵਿੱਚ ਭੁੱਕੀ ਦੋ ਹਜ਼ਾਰ ਰੁਪਏ ਪ੍ਰਤੀ ਕਿਲੋ ਨਾਲ ਮਿਲ ਰਹੀ ਹੈ। ਜਦੋਂ ਕਿੱਲਤ ਸੀ ਤਾਂ ਇਹ ਭਾਅ ਚਾਰ ਹਜ਼ਾਰ ਰੁਪਏ ਤਕ ਚਲਾ ਗਿਆ ਸੀ ਤੇ ਭੁੱਕੀ ਦੇ ਠੇਕੇ ਸਿਰਫ਼ ਇੱਕ ਘੰਟੇ ਲਈ ਖੁੱਲ੍ਹਦੇ ਸਨ। ਅਬੋਹਰ- ਸੰਘਰੀਆਂ ਰੋਡ 'ਤੇ ਪਿੰਡ ਮਾਹਲਾ ਰਾਮਪੁਰਾ ਦਾ ਰਾਜਸਥਾਨੀ ਠੇਕਾ ਪੈਂਦਾ ਹੈ ਜਿੱਥੋਂ ਹੁਣ 24 ਘੰਟੇ ਪੋਸਤ ਦੀ ਸਪਲਾਈ ਹੈ। ਇਸ ਸੜਕ 'ਤੇ ਪੰਜਾਬ ਪੁਲੀਸ ਦੀ ਚੌਕੀ ਤਾਂ ਹੈ ਪਰ ਸਖ਼ਤੀ ਸਮੇਂ ਸੜਕ 'ਤੇ ਲਗਾਇਆ ਨਾਕਾ ਹਟਾ ਦਿੱਤਾ ਗਿਆ ਹੈ। ਬੱਸਾਂ ਦੀ ਤਲਾਸ਼ੀ ਵੀ ਹੋਣੋਂ ਹਟ ਗਈ ਹੈ। ਰਾਜਸਥਾਨ ਦੇ ਪਿੰਡ ਰਾਤੂਵਾਲਾ ਦਾ ਭੁੱਕੀ ਦਾ ਠੇਕਾ ਪੰਜਾਬ ਦੀ ਸੀਮਾ ਦੇ ਨਾਲ ਹੈ। ਕਰੀਬ ਇੱਕ ਮਹੀਨੇ ਤੋਂ ਇਹ ਠੇਕਾ ਮੁੜ ਖੁੱਲ੍ਹ ਗਿਆ ਹੈ। ਪਿੰਡ ਰਾਮਪੁਰਾ ਨਰਾਇਣਪੁਰਾ ਦੇ ਸਿਮਰਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਠੇਕੇ ਤੋਂ ਭੁੱਕੀ 800 ਰੁਪਏ ਪ੍ਰਤੀ ਕਿਲੋ ਮਿਲਦੀ ਸੀ ਤੇ ਕਿੱਲਤ ਦੇ ਦਿਨਾਂ ਵਿੱਚ ਭਾਅ ਚਾਰ ਹਜ਼ਾਰ ਰੁਪਏ ਨੂੰ ਟੱਪ ਗਿਆ ਸੀ। ਹੁਣ ਦੋ ਕਿਸਮਾਂ ਦੀ ਪੋਸਤ ਮੁੜ ਮਿਲਣ ਲੱਗੀ ਹੈ ਜਿਸਦਾ ਭਾਅ 2000 ਤੋਂ 2100 ਰੁਪਏ ਹੈ।
                    ਹੁਣ ਰਾਜਸਥਾਨੀ ਠੇਕੇਦਾਰ ਠੇਕਿਆਂ 'ਤੇ ਭੀੜ ਨਹੀਂ ਲੱਗਣ ਦਿੰਦੇ ਅਤੇ ਠੇਕੇ ਦਿਨ-ਰਾਤ ਖੁੱਲ੍ਹੇ ਰੱਖਦੇ ਹਨ। ਜਾਣਕਾਰੀ ਅਨੁਸਾਰ ਸੰਘਰੀਆਂ ਮੰਡੀ ਅਤੇ ਪਿੰਡ ਢਾਬਾ ਦੇ ਪੋਸਤ ਦੇ ਠੇਕੇ ਵੀ ਮੁੜ ਚੱਲ ਪਏ ਹਨ। ਰਾਜਸਥਾਨੀ ਪਿੰਡ ਢਾਬਾ ਦੇ ਦਾਰਾ ਸਿੰਘ ਨੇ ਦੱਸਿਆ ਕਿ ਟਰੇਨ ਰਾਹੀਂ ਪੰਜਾਬ ਤੋਂ ਕਾਫ਼ੀ ਅਮਲੀ ਰੋਜ਼ ਪਿੰਡ ਢਾਬਾ ਤੇ ਸੰਘਰੀਆਂ ਆਉਂਦੇ ਹਨ। ਬਠਿੰਡਾ ਪੁਲੀਸ ਵੱਲੋਂ ਪਹਿਲਾਂ ਡੱਬਵਾਲੀ-ਬਠਿੰਡਾ ਰੋਡ 'ਤੇ ਚੱਲਣ ਵਾਲੀ ਹਰ ਬੱਸ ਦੀ ਤਲਾਸ਼ੀ ਲਈ ਜਾਂਦੀ ਸੀ ਪਰ ਹੁਣ ਪੁਲੀਸ ਵੀ ਢਿੱਲੀ ਪੈ ਗਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੰਦੂਖੇੜਾ ਨੇੜੇ ਰਾਜਸਥਾਨੀ ਪਿੰਡ ਹਰੀਪੁਰਾ ਦਾ ਪੋਸਤ ਦਾ ਠੇਕਾ ਹੈ ਜਿੱਥੋਂ ਗੁਪਤ ਰਸਤਿਆਂ ਰਾਹੀਂ ਅਮਲੀ ਪੰਜਾਬ ਵਿੱਚ ਪੋਸਤ ਲਿਆ ਰਹੇ ਹਨ। ਵਿਚਕਾਰ ਇੱਕ ਨਹਿਰ ਪੈਂਦੀ ਹੈ ਜੋ ਸੁੱਕੀ ਹੈ। ਪਿੰਡ ਕੰਦੂਖੇੜਾ ਦੇ ਸਰਪੰਚ ਤੇਜਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਦੋਂ ਸਖ਼ਤੀ ਕੀਤੀ ਗਈ ਸੀ, ਉਦੋਂ ਇਲਾਕੇ ਦੇ ਨਵੇਂ ਮੁੰਡੇ ਨਸ਼ਾ ਛੱਡ ਗਏ ਸਨ। ਹੁਣ ਹਰੀਪੁਰਾ ਠੇਕਾ ਮੁੜ ਖੁੱਲ੍ਹ ਗਿਆ ਹੈ ਜਿਸ ਕਰਕੇ ਪੰਜਾਬ ਤੋਂ ਅਮਲੀਆਂ ਦਾ ਆਉਣ-ਜਾਣ ਕਾਫ਼ੀ ਵਧ ਗਿਆ ਹੈ। ਮੁਕਤਸਰ ਪੁਲੀਸ ਵੱਲੋਂ ਕੰਦੂਖੇੜਾ ਨੇੜੇ ਰਾਜਸਥਾਨ ਵੱਲੋਂ ਆਉਂਦੀ ਸੜਕ 'ਤੇ ਪੁਲੀਸ ਚੌਕੀ ਬਿਠਾਈ ਗਈ ਹੈ। ਅਮਲੀ ਮੁੱਖ ਸੜਕ ਦੀ ਥਾਂ ਗੁਪਤ ਰਾਹ ਚੁਣ ਲੈਂਦੇ ਹਨ। ਕਈ ਬੱਸਾਂ ਵੀ ਹਰੀਪੁਰਾ ਠੇਕੇ ਤੱਕ ਜਾਂਦੀਆਂ ਹਨ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਪੰਜਾਬ ਦੇ ਅਮਲੀਆਂ ਦੀ ਹੈ। 
                  ਰਾਜਸਥਾਨ ਸਰਕਾਰ ਵੱਲੋਂ  ਪੋਸਤ ਦੀ ਕਾਸ਼ਤ ਘਟਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਪੋਸਤ ਦੀ ਬਿਜਾਂਦ ਕਰਨ ਦੇ ਲਾਇਸੈਂਸ ਦੇਣੇ ਵੀ ਘੱਟ ਕਰ ਦਿੱਤੇ ਗਏ ਹਨ। ਰਾਜਸਥਾਨ ਸਰਕਾਰ ਆਪਣੇ ਸੂਬੇ ਨੂੰ ਨਸ਼ਾਮੁਕਤ ਬਣਾਉਣਾ ਚਾਹੁੰਦੀ ਹੈ ਪਰ ਪੋਸਤ ਦੇ ਠੇਕੇਦਾਰ ਬਿਨਾਂ ਕਿਸੇ ਡਰ ਤੋਂ ਸ਼ਰ੍ਹੇਆਮ ਠੇਕਿਆਂ ਤੋਂ ਦੋ ਨੰਬਰ ਵਿੱਚ ਪੋਸਤ ਵੇਚ ਰਹੇ ਹਨ। ਦੋ ਨੰਬਰ ਦਾ ਸਾਰਾ ਪੋਸਤ ਪੰਜਾਬ ਆਉਂਦਾ ਹੈ। ਬਠਿੰਡਾ-ਮੁਕਤਸਰ ਦੇ ਥਾਣਿਆਂ ਵਿੱਚ ਨਸ਼ਿਆਂ ਦੇ ਇੱਕਾ-ਦੁੱਕਾ ਕੇਸ ਤਾਂ ਦਰਜ ਹੋ ਰਹੇ ਹਨ ਪਰ ਹੁਣ ਪਹਿਲਾਂ ਵਾਲੀ ਸਖ਼ਤੀ ਨਹੀਂ ਰਹੀ ਹੈ। ਬਠਿੰਡਾ ਜ਼ੋਨ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਉਹ ਪੰਜਾਬ-ਰਾਜਸਥਾਨ ਸੀਮਾ 'ਤੇ ਪੈਂਦੇ ਪੁਲੀਸ ਨਾਕਿਆਂ ਬਾਰੇ ਨਜ਼ਰਸਾਨੀ ਕਰਨਗੇ ਅਤੇ ਜੇ ਕਿਤੇ ਕੋਈ ਢਿੱਲ ਹੋਈ ਤਾਂ ਉਹ ਮੁੜ ਨਾਕੇ ਲਗਾਉਣਗੇ। ਤਸਕਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸੀਮਾ 'ਤੇ ਸਾਰੇ ਨਾਕੇ ਪਹਿਲਾਂ ਵਾਂਗ ਕਾਇਮ ਰਹਿਣਗੇ। ਉਂਜ ਉਨ੍ਹਾਂ ਕਿਹਾ ਕਿ ਰਾਜਸਥਾਨੀ ਠੇਕੇ ਮੁੜ ਖੁੱਲ੍ਹਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ

Thursday, March 20, 2014

                                                                        ਭਾਜਪਾ ਨੇੜਲੇ 
                                                       ਭੁੱਕੀ ਦੇ ਠੇਕੇ ਲੈਣ ਲਈ ਕੁੱਦੇ
                                                                       ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇੜਲੇ ਹੁਣ ਰਾਜਸਥਾਨ ਵਿਚ ਭੁੱਕੀ ਦੇ ਠੇਕੇ ਲੈਣ ਲਈ ਵੀ ਕੁੱਦਣ ਲੱਗੇ ਹਨ। ਐਤਕੀਂ ਮਾਲਵਾ ਖ਼ਿੱਤੇ ਦੇ ਸੈਂਕੜੇ ਲੋਕਾਂ ਨੇ ਰਾਜਸਥਾਨ ਵਿਚ ਭੁੱਕੀ ਦੇ ਠੇਕੇ ਲੈਣ ਲਈ ਦਰਖਾਸਤਾਂ ਦਿੱਤੀਆਂ ਪ੍ਰੰਤੂ ਉਨ•ਾਂ ਚੋਂ ਬਹੁਤਿਆਂ ਨੂੰ ਅਸਫਲਤਾ ਹੀ ਮਿਲੀ। ਪੰਜਾਬ ਤੇ ਬਹੁਤੇ ਸਰਾਬ ਦੇ ਕਾਰੋਬਾਰੀ ਹੁਣ ਭੁੱਕੀ ਦੇ ਠੇਕੇਦਾਰ ਬਣਨ ਦੇ ਵੀ ਇੱਛੁਕ ਹਨ। ਅਬੋਹਰ ਫਾਜਿਲਕਾ ਦੇ ਲੋਕਾਂ ਨੇ ਗੰਗਾਨਗਰ ਜ਼ਿਲੇ• ਵਿਚ ਭੁੱਕੀ ਦੇ ਠੇਕੇ ਲੈਣ ਖਾਤਰ ਜਿਆਦਾ ਦਿਲਚਸਪੀ ਦਿਖਾਈ ਸੀ। ਅਹਿਮ ਸੂਤਰਾਂ ਅਨੁਸਾਰ ਅਕਾਲੀ ਭਾਜਪਾ ਦੇ ਕੁਝ ਨੇੜਲੇ ਤਾਂ ਰਾਜਸਥਾਨੀ ਠੇਕੇਦਾਰਾਂ ਨਾਲ ਗੁਪਤ ਹਿੱਸੇਦਾਰ ਬਣਨ ਵਿਚ ਸਫਲ ਹੋ ਗਏ ਹਨ ਪ੍ਰੰਤੂ ਰਾਜਸਥਾਨ ਵਿਚ ਐਤਕੀਂ ਸਰਕਾਰ ਬਦਲਣ ਕਰਕੇ ਕਿਸੇ ਕਾਂਗਰਸੀ ਨੂੰ ਮੂੰਹ ਨਹੀਂ ਲਾਇਆ ਗਿਆ। ਪੰਜਾਬ ਦੇ ਸਰਾਬ ਦੇ ਕਾਰੋਬਾਰੀ ਅਰਵਿੰਦ ਸਿੰਗਲਾ ਨੇ ਤਾਂ ਭੁੱਕੀ ਦੇ ਠੇਕੇ ਲੈਣ ਖਾਤਰ ਆਪਣੇ ਪਰਿਵਾਰ ਦੀਆਂ ਔਰਤਾਂ ਦੇ ਨਾਮ ਤੇ ਵੀ ਅਪਲਾਈ ਕੀਤਾ ਸੀ। ਮੁਕਤਸਰ ਜ਼ਿਲੇ• ਦੇ ਪਿੰਡ ਮਹਾਂਬੱਧਰ ਦੇ ਸਰਾਬ ਦੇ ਠੇਕੇਦਾਰ  ਅਤੇ ਲੁਧਿਆਣਾ ਦੇ ਪਿੰਡ ਕੁੰਭ ਖੁਰਦ ਦੇ ਇੱਕ ਵਿਅਕਤੀ  ਵੀ ਭੁੱਕੀ ਦੇ ਠੇਕੇ ਲੈਣ ਵਾਸਤੇ ਅਪਲਾਈ ਕੀਤਾ ਸੀ।
                     ਫਰੀਦਕੋਟ ਦੇ ਜਾਨੀਆ ਮਹੱਲੇ ਦੇ ਦੋ ਵਿਅਕਤੀਆਂ ਨੇ ਵੀ ਦਰਖਾਸਤ ਦਿੱਤੀ ਸੀ। ਅਬੋਹਰ ਦੇ ਇੱਕ ਵਿਅਕਤੀ ਨੇ ਤਾਂ ਚਾਰ ਫਰਮਾਂ ਦੇ ਨਾਮ ਤੇ ਅਪਲਾਈ ਕੀਤਾ ਸੀ। ਅਜਿਹੇ ਚਾਹਵਾਨਾਂ ਦੀ ਲੰਮੀ ਚੌੜੀ ਸੂਚੀ ਹੈ। ਹਾਲ ਹੀ ਵਿਚ ਸਾਲ 2014 15 ਵਾਸਤੇ ਭੁੱਕੀ ਦੇ ਠੇਕਿਆਂ ਦਾ ਡਰਾਅ ਕੱਢਿਆ ਗਿਆ ਹੈ ਜਿਨ•ਾਂ ਤੋਂ ਸਰਕਾਰ ਨੂੰ 88 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਚੋਂ 26.56 ਕਰੋੜ (30 ਫੀਸਦੀ) ਆਮਦਨ ਇਕੱਲੇ ਗੰਗਾਨਗਰ ਤੇ ਹਨੂੰਮਾਨਗੜ ਜਿਲਿ•ਆਂ ਦੇ ਠੇਕਿਆਂ ਤੋਂ ਹੋਈ ਹੈ ਜੋ ਸਭ ਤੋਂ ਜਿਆਦਾ ਹੈ। ਜਿਲ•ਾ ਗੰਗਾਨਗਰ ਅਤੇ ਹਨੂੰਮਾਨਗੜ ਵਿਚ 50 ਭੁੱਕੀ ਦੇ ਠੇਕੇ ਹਨ। ਗੰਗਾਨਗਰ ਦੇ ਠੇਕੇ ਲੈਣ ਖਾਤਰ ਐਤਕੀਂ 247 ਦਰਖਾਸਤਾਂ ਅਤੇ ਹਨੂੰਮਾਨਗੜ ਦੇ ਠੇਕੇ ਲੈਣ ਲਈ 217 ਦਰਖਾਸਤਾਂ ਆਈਆਂ ਸਨ ਜਦੋਂ ਕਿ ਪਿਛਲੇ ਸਾਲ ਇਨ•ਾਂ ਦਰਖਾਸਤਾਂ ਦੀ ਦੋਹਾਂ ਜਿਲਿ•ਆਂ ਵਿਚ 120 ਤੋਂ ਵੀ ਘੱਟ ਸੀ। ਦਰਖਾਸਤ ਫੀਸ ਐਤਕੀਂ 20 ਹਜ਼ਾਰ ਰੁਪਏ ਰੱਖੀ ਗਈ ਸੀ ਜਦੋਂ ਕਿ ਪਹਿਲਾਂ ਪੌਣੇ ਅੱਠ ਲੱਖ ਰੁਪਏ ਹੁੰਦੀ ਸੀ। ਰਾਜਸਥਾਨ ਵਿਚ ਭਾਜਪਾ ਸਰਕਾਰ ਬਣਨ ਮਗਰੋਂ ਦਰਖਾਸਤਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਪੂਰੇ ਰਾਜਸਥਾਨ ਵਿਚ 24 ਗਰੁੱਪ ਬਣਾਏ ਗਏ ਹਨ ਜਿਨ•ਾਂ ਵਾਸਤੇ ਕੁੱਲ 2161 ਦਰਖਾਸਤਾਂ ਪੁੱਜੀਆਂ ਸਨ। ਸਰਕਾਰ ਨੂੰ ਦਰਖਾਸਤ ਫੀਸ ਦੇ ਰੂਪ ਵਿਚ 3.31 ਕਰੋੜ ਰੁਪਏ ਦੀ ਆਮਦਨ ਹੋਈ ਹੈ।
                       ਸਰਕਾਰੀ ਸੂਤਰਾਂ ਨੇ ਦੱਸਿਆ ਕਿ ਗੰਗਾਨਗਰ ਵਿਚ ਭੁੱਕੀ ਦੇ ਠੇਕੇ ਲੈਣ ਲਈ ਅਪਲਾਈ ਕਰਨ ਵਾਲੇ ਕੁੱਲ 247 ਲੋਕਾਂ ਚੋਂ 60 ਫੀਸਦੀ ਪੰਜਾਬ ਦੇ ਲੋਕ ਸਨ ਜਿਨ•ਾਂ ਵਿਚ ਸਭ ਸਿਆਸੀ ਧਿਰਾਂ ਦੇ ਆਗੂ ਅਤੇ ਨੇੜਲੇ ਵੀ ਸਨ। ਗੰਗਾਨਗਰ ਦੇ ਜਿਲ•ਾ ਅਬਕਾਰੀ ਅਫਸਰ ਸ਼ੰਕਰ ਲਾਲ ਸ਼ਰਮਾ ਦਾ ਕਹਿਣਾ ਸੀ ਕਿ ਐਤਕੀਂ ਦਰਖਾਸਤਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ ਅਤੇ ਪੰਜਾਬ ਚੋਂ ਕਾਫ਼ੀ ਲੋਕਾਂ ਨੇ ਅਪਲਾਈ ਕੀਤਾ ਸੀ ਜਿਨ•ਾਂ ਦੀ ਸਹੀ ਗਿਣਤੀ ਦੱਸਣੀ ਮੁਸ਼ਕਲ ਹੈ। ਉਨ•ਾਂ ਦੱਸਿਆ ਕਿ ਭੁੱਕੀ ਦੇ ਠੇਕੇ ਲੈਣ ਲਈ ਪੂਰੇ ਦੇਸ ਚੋਂ ਕੋਈ ਵੀ ਅਪਲਾਈ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਹਨੂੰਮਾਨਗੜ ਵਿਚ ਪੰਜਾਬ ਦਾ ਇੱਕ ਵਿਅਕਤੀ ਭੁੱਕੀ ਦੇ ਕਾਰੋਬਾਰ ਵਿਚ ਗੁਪਤ ਹਿੱਸੇਦਾਰ ਬਣਿਆ ਹੈ। ਪਹਿਲੀ ਅਪਰੈਲ ਤੋਂ ਭੁੱਕੀ ਦਾ ਕਾਰੋਬਾਰ ਨਵੇਂ ਠੇਕੇਦਾਰਾਂ ਕੋਲ ਆ ਜਾਣਾ ਹੈ।  ਹਨੂੰਮਾਨਗੜ ਦੇ ਜਿਲ•ਾ ਆਬਕਾਰੀ ਅਫਸਰ ਜੇ.ਪੀ.ਰੰਗਾ ਦਾ ਕਹਿਣਾ ਸੀ ਕਿ ਦਰਖਾਸਤ ਫੀਸ ਵਿਚ ਕਮੀ ਕਰਕੇ ਦਰਖਾਸਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਪੰਜਾਬ ਅਤੇ ਚੰਡੀਗੜ• ਲੋਕਾਂ ਨੇ ਵੀ ਐਤਕੀਂ ਕਾਫ਼ੀ ਰੁਚੀ ਦਿਖਾਈ ਹੈ। ਉਨ•ਾਂ ਦੱਸਿਆ ਕਿ ਠੇਕਿਆਂ ਦਾ ਡਰਾਅ ਜਨਤਿਕ ਰੂਪ ਵਿਚ ਕੱਢਿਆ ਜਾਂਦਾ ਹੈ। ਵੇਰਵਿਆਂ ਅਨੁਸਾਰ ਸਰਕਾਰ ਨੂੰ ਗੰਗਾਨਗਰ ਦੇ ਠੇਕਿਆਂ ਤੋਂ 9.66 ਕਰੋੜ ਅਤੇ ਹਨੂੰਮਾਨਗੜ ਦੇ ਠੇਕਿਆਂ ਤੋਂ 16.90 ਕਰੋੜ ਦੀ ਕਮਾਈ ਹੋਈ ਹੈ।
                                                             ਭੁੱਕੀ ਦਾ ਦੋ ਨੰਬਰ ਦਾ ਧੰਦਾ
ਰਾਜਸਥਾਨ ਵਿਚ ਭੁੱਕੀ ਦਾ ਕਾਰੋਬਾਰ ਦੋ ਨੰਬਰ ਵਿਚ ਜਿਆਦਾ ਚੱਲਦਾ ਹੈ। ਸਰਕਾਰ ਨੇ ਅਸਲ ਵਿਚ ਭੁੱਕੀ ਦੇ ਠੇਕੇ ਰਾਜ ਵਿਚਲੇ 22,500 ਅਮਲੀਆਂ ਵਾਸਤੇ ਖੋਲ•ੇ ਹਨ ਜਿਨ•ਾਂ ਨੂੰ ਬਕਾਇਦਾ ਕਾਰਡ ਬਣਾ ਕੇ ਦਿੱਤੇ ਹੋਏ ਹਨ। ਡਾਕਟਰ ਦੀ ਸਿਫਾਰਸ਼ ਤੇ ਹਰ ਅਮਲੀ ਦਾ ਪ੍ਰਤੀ ਮਹੀਨਾ ਦਾ ਕੋਟਾ ਨਿਸ਼ਚਿਤ ਕੀਤਾ ਜਾਂਦਾ ਹੈ। ਨਿਯਮਾਂ ਅਨੁਸਾਰ ਠੇਕੇਦਾਰ ਸਿਰਫ਼ ਇਨ•ਾਂ ਅਮਲੀਆਂ ਨੂੰ ਹੀ ਸਪਲਾਈ ਦੇ ਸਕਦੇ ਹਨ ਪ੍ਰੰਤੂ ਥੋਕ ਵਿਚ ਭੁੱਕੀ ਬਿਨ•ਾਂ ਕਾਰਡਾਂ ਤੋਂ ਹੀ ਸਪਲਾਈ ਹੁੰਦੀ ਹੈ। ਨਿਸ਼ਚਿਤ ਕੀਤੇ ਸਰਕਾਰੀ ਭਾਅ 500 ਰੁਪਏ ਪ੍ਰਤੀ ਕਿਲੋ ਤੋਂ ਜਿਆਦਾ ਭਾਅ ਤੇ ਹੀ ਠੇਕੇਦਾਰ ਭੁੱਕੀ ਵੇਚਦੇ ਹਨ।

Friday, September 13, 2013

                            ਪੰਥਕ ਪ੍ਰਾਹੁਣਚਾਰੀ
     ਦੀਪ ਮਲਹੋਤਰਾ ਵਲੋਂ ਸ਼ਰਾਬ ਦੀ ਸੇਵਾ
                               ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਕੋਲ ਪੰਜਾਬ ਦੇ ਕਰੀਬ ਇੱਕ-ਤਿਹਾਈ ਠੇਕੇ ਹਨ। ਚਾਲੂ ਮਾਲੀ ਵਰ੍ਹੇ ਦੌਰਾਨ ਸ਼ਰਾਬ ਦੇ ਠੇਕੇ ਲੈਣ ਪੱਖੋਂ ਸਭ ਤੋਂ ਵੱਧ ਕਿਸਮਤ ਇਸ ਵਿਧਾਇਕ ਦੀ ਚਮਕੀ ਹੈ। ਉਂਜ ਵੀ ਇਸ ਵਾਰ ਸ਼ਰਾਬ ਦੇ ਜ਼ਿਆਦਾ ਠੇਕੇ ਅਕਾਲੀ-ਭਾਜਪਾ ਸਰਕਾਰ ਦੇ ਨੇੜਲਿਆਂ ਨੇ ਹੀ ਮੱਲੇ ਹਨ। ਦੀਪ ਮਲਹੋਤਰਾ ਦੇ ਸੱਤ ਜ਼ਿਲ੍ਹਿਆਂ ਵਿੱਚ ਠੇਕੇ ਹਨ। ਚਾਲੂ ਮਾਲੀ ਸਾਲ ਦੌਰਾਨ ਸ਼ਰਾਬ ਦੇ ਠੇਕੇ ਲੈਣ ਖਾਤਰ 40949 ਲੋਕਾਂ ਨੇ ਅਪਲਾਈ ਕੀਤਾ ਸੀ, ਪ੍ਰੰਤੂ ਜਦੋਂ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਲਾਟਰੀ ਕੱਢੀ ਗਈ ਤਾਂ ਇਹ ਲਾਟਰੀ ਅਕਾਲੀ ਭਾਜਪਾ ਸਰਕਾਰ ਦੇ ਨੇੜਲਿਆਂ ਦੀ ਹੀ ਨਿਕਲੀ। ਆਮ ਠੇਕੇਦਾਰ ਤਾਂ ਇਸ ਕਾਰੋਬਾਰ ਵਿੱਚੋਂ ਬਾਹਰ ਹੋ ਗਏ ਹਨ। ਅਕਾਲੀ ਵਿਧਾਇਕ ਨੇ ਪਰਦਾ ਰੱਖਣ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਪਤੇ ਟਿਕਾਣੇ ਦੇ ਕੇ ਅਪਲਾਈ ਕੀਤਾ ਸੀ। ਇਸ ਵਿਧਾਇਕ ਕੋਲ ਲੁਧਿਆਣਾ, ਫਰੀਦਕੋਟ, ਨਵਾਂ ਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਦੇ ਠੇਕੇ ਹਨ। ਵਿਧਾਇਕ ਦੇ ਲੜਕੇ ਗੌਰਵ ਮਲਹੋਤਰਾ ਵਾਸੀ ਫਰੀਦਕੋਟ ਦੇ ਨਾਮ 'ਤੇ ਫਰੀਦਕੋਟ, ਕੋਟਕਪੂਰਾ ਅਤੇ ਸਾਦਿਕ ਇਲਾਕੇ ਦੇ ਸ਼ਰਾਬ ਦੇ ਠੇਕੇ ਹਨ।
                  ਕਰ ਅਤੇ ਆਬਕਾਰੀ ਵਿਭਾਗ ਵੱਲੋਂ ਆਰ.ਟੀ.ਆਈ. ਤਹਿਤ ਜੋ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਲੁਧਿਆਣਾ ਸ਼ਹਿਰ ਦੇ ਸੱਤ ਜ਼ੋਨਾਂ ਦੇ ਠੇਕੇ ਵੀ ਇਸੇ ਵਿਧਾਇਕ ਕੋਲ ਹਨ। ਇਸ ਸ਼ਹਿਰ ਵਿੱਚ ਗੌਰਵ ਮਲਹੋਤਰਾ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਮ 'ਤੇ ਤਿੰਨ ਜ਼ੋਨਾਂ ਦੇ ਠੇਕੇ ਹਨ ਜਦੋਂ ਕਿ ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਦਾ ਐਡਰੈਸ ਦੇ ਕੇ ਇਸ ਜ਼ੋਨ ਦੇ ਠੇਕੇ ਦੀਪ ਮਲਹੋਤਰਾ ਨੇ ਲਏ ਹਨ। ਜ਼ੋਨ ਨੰਬਰ ਪੰਜ ਦੇ ਠੇਕੇ ਓਮ ਸੰਜ਼ ਵਾਸੀ ਸੰਗਤ ਮੰਡੀ ਦੇ ਨਾਮ ਹੇਠ ਲਏ ਗਏ ਹਨ। ਜ਼ੋਨ ਨੰਬਰ 3 ਦੇ ਠੇਕੇ ਮੈਲਬਰੌਸ ਦੇ ਨਾਮ ਹੇਠ ਲਏ ਹਨ। ਇਸ ਜ਼ਿਲ੍ਹੇ ਵਿੱਚ ਇਕ ਕਾਂਗਰਸੀ ਨੇਤਾ ਦੀ ਕੰਪਨੀ ਢਿੱਲੋਂ ਡਿਸਟਰੀਬਿਊਟਰਜ਼ ਦਾ ਹੱਥ ਵੀ ਉਪਰ ਹੈ। ਨਵਾਂ ਸ਼ਹਿਰ ਵਿੱਚ ਦੀਪ ਮਲਹੋਤਰਾ ਕੋਲ ਚਾਰ ਸਰਕਲਾਂ ਵਿੱਚੋਂ ਦੋ ਸਰਕਲਾਂ ਦੇ ਠੇਕੇ ਹਨ ਜੋ ਕਿ ਮੈਸਰਜ਼ ਵਿਜੇਤਾ ਵਾਸੀ ਜੈਪੁਰ ਅਤੇ ਮੈਲਬਰੌਸ ਕੰਪਨੀ ਫਿਰੋਜ਼ਪੁਰ ਦੇ ਨਾਮ ਹੇਠ ਹਨ। ਕਪੂਰਥਲਾ ਸ਼ਹਿਰ ਦੇ ਠੇਕੇ ਗੌਰਵ ਮਲਹੋਤਰਾ  ਦੇ ਨਾਮ 'ਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੱਤ ਜ਼ੋਨਾਂ ਦੇ ਠੇਕੇ ਦੀਪ ਮਲਹੋਤਰਾ ਕੋਲ ਹਨ। ਛੇਹਰਟਾ ਜ਼ੋਨ ਦੇ ਠੇਕੇ ਗੌਰਵ ਵਾਸੀ ਜੈਪੁਰ ਦੇ ਨਾਮ 'ਤੇ ਹਨ ਜਦੋਂ ਕਿ ਬਟਾਲਾ ਰੋਡ ਜ਼ੋਨ ਦੇ ਠੇਕੇ ਗੌਤਮ ਵਾਸੀ ਪਿੰਡ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਦੇ ਨਾਮ 'ਤੇ ਹਨ। ਮਲਹੋਤਰਾ ਦੀ ਕੰਪਨੀ ਵਿਜੇਤਾ ਅਤੇ ਓਮ ਸੰਜ਼ ਦੇ ਨਾਮ 'ਤੇ ਵੀ ਇੱਥੇ ਠੇਕੇ ਹਨ।
                   ਜ਼ਿਲ੍ਹਾ ਜਲੰਧਰ ਵਿੱਚ ਵੀ ਦੀਪ ਮਲਹੋਤਰਾ ਦੇ ਵਿਜੇਤਾ, ਓਅਸਿਸ ਅਤੇ ਓਮ ਸੰਜ਼ ਦੇ ਨਾਮ ਹੇਠ ਸ਼ਰਾਬ ਦੇ ਠੇਕੇ ਹਨ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਸਰਕਲ ਦੇ ਠੇਕੇ ਵੀ ਦੀਪ ਮਲਹੋਤਰਾ ਦੇ ਵਿਜੇਤਾ ਕੰਪਨੀ ਦੇ ਨਾਮ 'ਤੇ ਹਨ। ਦੀਪ ਮਲਹੋਤਰਾ ਦੀ ਇੱਕ ਸ਼ਰਾਬ ਫੈਕਟਰੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੈ ਅਤੇ ਦੂਸਰੀ ਸ਼ਰਾਬ ਫੈਕਟਰੀ ਬਠਿੰਡਾ ਦੇ ਪਿੰਡ ਸੰਗਤ ਮੰਡੀ ਵਿੱਚ ਲਗਾਈ ਜਾ ਰਹੀ ਹੈ। ਉਧਰ, ਜ਼ਿਲ੍ਹਾ ਮੋਗਾ ਵਿੱਚ ਨਿਹਾਲ ਸਿੰਘ ਵਾਲਾ ਸਰਕਲ ਦੇ ਠੇਕਿਆਂ ਵਿੱਚ ਅਕਾਲੀ ਨੇਤਾ ਨਵਦੀਪ ਸੰਘਾ ਹਿੱਸੇਦਾਰ ਹੈ ਜਿਸ ਨੂੰ ਉਪ ਮੁੱਖ ਮੰਤਰੀ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ। ਫਰੀਦਕੋਟ ਜ਼ਿਲ੍ਹੇ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਠੇਕੇ ਭਗਤਾ ਭਾਈ ਦੀ ਮਾਰਕੀਟ ਕਮੇਟੀ ਦੇ ਸਾਬਕਾ ਅਕਾਲੀ ਚੇਅਰਮੈਨ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਲਾਬਤਪੁਰਾ (ਬਠਿੰਡਾ) ਕੋਲ ਹਨ। ਬਠਿੰਡਾ ਜ਼ਿਲ੍ਹੇ ਦੇ ਸਾਰੇ ਠੇਕੇ ਸੁਪਰੀਮ ਕੰਪਨੀ ਕੋਲ ਹੈ ਜਿਸ ਵਿੱਚ ਹਿੱਸੇਦਾਰ ਜਸਵਿੰਦਰ ਸਿੰਘ ਅਤੇ ਰਾਹੁਲ ਕਾਂਸਲ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਕਾਫੀ ਠੇਕੇ ਭਾਜਪਾ ਨੇਤਾਵਾਂ ਕੋਲ ਹਨ।                
                   ਫਤਹਿਗੜ੍ਹ ਸਾਹਿਬ ਦੇ ਸਰਹਿੰਦ ਜ਼ੋਨ ਦੇ ਠੇਕੇ ਵੀ ਇਕ ਭਾਜਪਾ ਨੇਤਾ ਕੋਲ ਹਨ। ਉਪ ਮੁੱਖ ਮੰਤਰੀ ਦੇ ਨੇੜਲੇ ਅਰਵਿੰਦ ਸਿੰਗਲਾ ਵਾਸੀ ਚੰਡੀਗੜ੍ਹ ਕੋਲ ਕਈ ਜ਼ਿਲ੍ਹਿਆਂ ਦਾ ਸ਼ਰਾਬ ਦਾ ਕਾਰੋਬਾਰ ਹੈ। ਇਸ ਵਪਾਰੀ ਵਲੋਂ ਮਾਨਸਾ ਦੀ ਸਪਿੰਨਿੰਗ ਮਿੱਲ ਵਾਲੀ ਜਗ੍ਹਾ ਤੇ ਅਰਵਿੰਦ ਨਗਰ ਨਾਮ ਦੀ ਕਲੋਨੀ ਵੀ ਕੱਟੀ ਗਈ ਹੈ। ਇਸ ਵਿਅਕਤੀ ਕੋਲ ਮਾਨਸਾ ਤੇ ਫਤਹਿਗੜ੍ਹ ਸਾਹਿਬ ਦੇ ਵੀ ਠੇਕੇ ਹਨ। ਗਗਨ ਵਾਈਨ ਨਾਮ ਦੀ ਕੰਪਨੀ ਦੇ ਹੱਥ ਵੀ ਕਾਫੀ ਕੁਝ ਠੇਕੇ ਲੱਗੇ ਹਨ। ਸਰਕਾਰੀ ਤਰਕ ਹੈ ਕਿ ਐਤਕੀਂ ਲੋਕਾਂ ਨੇ ਸ਼ਰਾਬ ਦੇ ਠੇਕੇ ਲੈਣ ਤੋਂ ਪਾਸਾ ਵੱਟਿਆ ਹੈ ਜਿਸ ਕਰਕੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਦਬਾਓ ਹੇਠ ਅਪਲਾਈ ਕਰਨ ਹੀ ਨਹੀਂ ਦਿੱਤਾ ਗਿਆ ਹੈ।
                  ਠੇਕਿਆਂ ਦੇ ਚਾਹਵਾਨ ਅਤੇ ਠੇਕੇ ਲੈਣ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਐਤਕੀਂ ਕਮੀ ਹੋਣ ਦੇ ਲੁਕਵੇਂ ਕਾਰਨ ਹਨ। ਇੱਕ ਨਜ਼ਰ ਮਾਰੀਏ ਤਾਂ ਬਠਿੰਡਾ, ਫਰੀਦਕੋਟ ਅਤੇ ਮਾਨਸਾ ਜ਼ਿਲ੍ਹੇ ਵਿੱਚ ਪਿਛਲੇ ਸਾਲ 3297 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂ ਕਿ ਐਤਕੀਂ ਇਹ ਗਿਣਤੀ ਸਿਰਫ 407 ਰਹਿ ਗਈ ਹੈ। ਫਰੀਦਕੋਟ ਵਿੱਚ ਪਿਛਲੇ ਸਾਲ 149 ਦੇ ਮੁਕਾਬਲੇ ਐਤਕੀਂ 55 ਵਿਅਕਤੀਆਂ ਨੇ ਹੀ ਅਪਲਾਈ ਕੀਤਾ। ਮਾਲਵੇ ਦੇ ਨੌਂ ਜ਼ਿਲ੍ਹਿਆਂ ਦੀ ਸਥਿਤੀ ਦੇਖੀਏ ਤਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਸਾਲ 14235 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂ ਕਿ ਇਸ ਵਾਰ ਇਹ ਗਿਣਤੀ 6682 ਹੀ ਰਹਿ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਸਾਲ 1112 ਲੋਕਾਂ ਨੇ ਅਪਲਾਈ ਕੀਤਾ ਅਤੇ ਐਤਕੀਂ ਮੈਦਾਨ ਵਿੱਚ ਸਿਰਫ਼ 54 ਵਿਅਕਤੀ ਹੀ ਸਨ। ਮਾਨਸਾ ਵਿੱਚ 5147 ਦੇ ਮੁਕਾਬਲੇ ਐਤਕੀਂ 2860 ਹੀ ਰਹਿ ਗਏ। ਅਜਿਹੇ ਰੁਝਾਨ ਤੋਂ ਸੰਕੇਤ ਮਿਲਦੇ ਹਨ ਕਿ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੋਈ ਜਿਸ ਦੇ ਨਤੀਜੇ ਵਜੋਂ ਹਾਕਮ ਧਿਰ ਦੇ ਨੇੜਲਿਆਂ ਦੀ ਹੀ ਠੇਕਿਆਂ ਦੀ ਲਾਟਰੀ ਨਿਕਲੀ।
                                           ਜ਼ਬਰਦਸਤ ਮੁਕਾਬਲੇ ਵਿੱਚ ਠੇਕੇ ਮਿਲੇ: ਦੀਪ ਮਲਹੋਤਰਾ   
ਅਕਾਲੀ ਵਿਧਾਇਕ ਦੀਪ ਮਲਹੋਤਰਾ ਦਾ ਕਹਿਣਾ ਸੀ ਕਿ ਐਤਕੀਂ ਠੇਕਿਆਂ ਦਾ ਜ਼ਬਰਦਸਤ ਮੁਕਾਬਲਾ ਸੀ ਪ੍ਰੰਤੂ ਉਨ੍ਹਾਂ ਵੱਲੋਂ ਜ਼ਿਆਦਾ ਗਿਣਤੀ ਵਿੱਚ ਅਪਲਾਈ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਲਾਟਰੀ ਵਿੱਚ ਜ਼ਿਆਦਾ ਠੇਕੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੱਕਾ ਐਡਰੈਸ ਤਾਂ ਫਰੀਦਕੋਟ ਦਾ ਹੀ ਹੈ ਪ੍ਰੰਤੂ ਉਨ੍ਹਾਂ ਦੇ ਕਾਰੋਬਾਰ ਵੱਖ- ਵੱਖ ਥਾਵਾਂ 'ਤੇ ਹਨ ਜਿਸ ਕਰਕੇ ਵੱਖ- ਵੱਖ ਪਤਿਆਂ ਦੇ ਠੇਕੇ ਲੈਣ ਵੇਲੇ ਅਪਲਾਈ ਕੀਤਾ ਗਿਆ ਜੋ ਕਿ ਗ਼ਲਤ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਸ਼ਰਾਬ ਦੇ ਠੇਕੇਦਾਰ ਘਾਟੇ ਵਿੱਚ ਰਹੇ ਹਨ ਜਿਸ ਕਰਕੇ ਐਤਕੀਂ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਉਨ੍ਹਾਂ ਆਖਿਆ ਕਿ ਠੇਕਿਆਂ ਦੀ ਸਰਕਾਰੀ ਨੀਤੀ ਪੂਰੀ ਤਰ੍ਹਾਂ ਪਾਰਦਰਸ਼ਤਾ ਵਾਲੀ ਹੈ ਜਿਸ ਵਿੱਚ ਕੋਈ ਹੇਰ ਫੇਰ ਨਹੀਂ ਹੋਈ ਹੈ।

Friday, October 19, 2012

                                ਮਾਲਕ ਔਰਤਾਂ
         ਹੁਣ ਬੰਦਿਆਂ ਨੂੰ ਪੀਣ ਤੋਂ ਕੌਣ ਰੋਕੂ
                              ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿੱਚ ਹੁਣ ਔਰਤਾਂ ਵੀ ਸ਼ਰਾਬ ਚੋ ਭਵਿੱਖ ਦੇਖਣ ਲੱਗੀਆਂ ਹਨ। ਤਾਹੀਓ ਹੁਣ ਪੰਜਾਬ ਵਿੱਚ ਕਰੀਬ 200 ਸ਼ਰਾਬ ਦੇ ਠੇਕਿਆਂ ਦੀ ਮਾਲਕੀ ਔਰਤਾਂ ਕੋਲ ਹੈ। ਜਦੋ ਕਿ ਲੰਘੇ ਚਾਰ ਵਰਿ•ਆਂ ਵਿੱੈਚ ਕਰੀਬ 700 ਸ਼ਰਾਬ ਦੇ ਠੇਕੇ ਔਰਤਾਂ ਨੇ ਲਏ ਹਨ। ਪੰਜਾਬ ਸਰਕਾਰ ਕੋਲ ਇਨ•ਾਂ ਵਰਿ•ਆਂ ਵਿੱਚ ਕਰੀਬ 7000 ਔਰਤਾਂ ਨੇ ਸ਼ਰਾਬ ਦੇ ਠੇਕੇ ਲੈਣ ਖਾਤਰ ਅਪਲਾਈ ਕੀਤਾ ਸੀ। ਪੰਜਾਬ 'ਚ ਹਰ ਸਾਲ ਸ਼ਰਾਬ ਦੇ ਠੇਕੇ ਲੈਣ ਦੀਆਂ ਚਾਹਵਾਨਾਂ ਔਰਤਾਂ ਦੀ ਗਿਣਤੀ ਵੱਧ ਰਹੀ ਹੈ। ਹਾਲਾਂਕਿ ਸ਼ਰਾਬ ਦਾ ਸਭ ਤੋ ਵੱਡਾ ਵਿਰੋਧ ਔਰਤ ਕਰਦੀ ਹੈ ਪ੍ਰੰਤੂ ਹੁਣ ਠੇਕਿਆਂ ਦੇ ਅੱਗੇ ਮਾਲਕੀ ਦੇ ਬੋਰਡ ਵੀ ਔਰਤਾਂ ਦੇ ਲੱਗ ਗਏ ਹਨ। ਜ਼ਿਲ•ਾ ਲੁਧਿਆਣਾ ਇਸ ਮਾਮਲੇ ਵਿੱਚ ਪੰਜਾਬ ਭਰ ਚੋ ਮੋਹਰੀ ਹੈ। ਉਝ ਤਾਂ ਕਿਸੇ ਵੀ ਜ਼ਿਲ•ੇ ਦੀ ਔਰਤ ਇਸ ਕਾਰੋਬਾਰ ਚੋ ਬਾਹਰ ਨਹੀਂ ਰਹੀ ਹੈ। ਇੱਥੋ ਤੱਕ ਜੋ ਸ਼ਰਾਬ ਦੇ ਥੋਕ ਹਨ, ਉਨ•ਾਂ ਦੀ ਮਾਲਕੀ ਵੀ ਹੁਣ ਔਰਤਾਂ ਕੋਲ ਹੈ। ਭਾਵੇਂ ਇਹ ਗਿਣਤੀ ਹਾਲੇ ਕਾਫੀ ਘੱਟ ਹੈ ਲੇਕਿਨ ਇਹ ਰੁਝਾਨ ਤੇਜ਼ੀ ਨਾਲ ਵੱਧਣ ਲੱਗਾ ਹੈ।
             ਕਰ ਅਤੇ ਆਬਕਾਰੀ ਵਿਭਾਗ ਪੰਜਾਬ ਵਲੋ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਦੇ 14 ਜਿਲਿ•ਆਂ ਵਿੱਚ ਚਾਲੂ ਮਾਲੀ ਸਾਲ 2012-13 ਦੌਰਾਨ 1626 ਔਰਤਾਂ ਨੇ ਸ਼ਰਾਬ ਦੇ ਠੇਕੇ ਲੈਣ ਲਈ ਅਪਲਾਈ ਕੀਤਾ ਸੀ ਜਿਸ ਚੋਂ ਕਰੀਬ 50 ਔਰਤਾਂ ਨੂੰ ਸ਼ਰਾਬ ਦੇ ਕਰੀਬ 200 ਠੇਕੇ ਲਾਟਰੀ ਸਿਸਟਮ ਨਾਲ ਪ੍ਰਾਪਤ ਹੋ ਗਏ ਹਨ। ਹੁਣ ਇਨ•ਾਂ ਠੇਕਿਆਂ ਦਾ ਕਾਰੋਬਾਰ ਔਰਤਾਂ ਚਲਾ ਰਹੀਆਂ ਹਨ। ਚੁੱਲੇ ਚੌਂਕੇ ਤੇ ਬੈਠਣ ਵਾਲੀ ਔਰਤ ਹੁਣ ਠੇਕਿਆਂ ਦੀ ਗੱਦੀ ਤੇ ਬੈਠ ਗਈ ਹੈ। ਤੱਥਾਂ ਤੇ ਨਜ਼ਰ ਮਾਰੀਏ ਤਾਂ ਸਾਲ 2011-12 ਦੌਰਾਨ 1492 ਔਰਤਾਂ ਨੇ ਠੇਕੇ ਲੈਣ ਖਾਤਰ ਅਪਲਾਈ ਕੀਤਾ ਜਿਸ ਚੋ ਸਫਲਤਾ 45 ਔਰਤਾਂ ਨੂੰ ਮਿਲੀ ਸੀ ਜਿਨ•ਾਂ ਕੋਲ ਕਰੀਬ 150 ਠੇਕੇ ਸਨ। ਏਦਾ ਹੀ ਸਾਲ 2010-11 ਦੌਰਾਨ ਪੰਜਾਬ ਦੇ ਇਨ•ਾਂ ਜ਼ਿਲਿ•ਆਂ ਚੋ 1316 ਔਰਤਾਂ ਨੇ ਠੇਕਿਆਂ ਲਈ ਸਰਕਾਰ ਤੱਕ ਲਿਖਤੀ ਪਹੁੰਚ ਕੀਤੀ ਜਦੋ ਕਿ 29 ਔਰਤਾਂ ਕਰੀਬ ਸਵਾ ਸੌ ਸ਼ਰਾਬ ਦੇ ਠੇਕੇ ਲੈਣ ਵਿੱਚ ਕਾਮਯਾਬ ਰਹੀਆਂ ਹਨ। ਅਸਲ ਵਿੱਚ ਸਾਲ 2009-10 ਤੋਂ ਇਹ ਰੁਝਾਨ ਤੇਜ਼ ਹੋਇਆ ਹੈ ਅਤੇ ਇਸ ਮਾਲੀ ਸਾਲ ਦੌਰਾਨ 1369 ਔਰਤਾਂ ਠੇਕੇ ਲੈਣ ਖਾਤਰ ਮੈਦਾਨ ਵਿੱਚ ਕੁੱਦੀਆਂ ਸਨ ਜਿਨ•ਾਂ ਚੋ 48 ਔਰਤਾਂ ਨੂੰ ਸਰਕਾਰ ਨੇ ਲਾਟਰੀ ਸਿਸਟਮ ਨਾਲ ਠੇਕੇ ਅਲਾਟ ਕਰ ਦਿੱਤੇ ਸਨ।
           ਸਰਕਾਰੀ ਸੂਚਨਾ ਅਨੁਸਾਰ ਜ਼ਿਲ•ਾ ਲੁਧਿਆਣਾ ਵਿੱਚ ਲੰਘੇ ਚਾਰ ਵਰਿ•ਆਂ ਵਿੱਚ 2559 ਔਰਤਾਂ ਨੇ ਸ਼ਰਾਬ ਦੇ ਠੇਕੇ ਲੈਣ ਲਈ ਅਪਲਾਈ ਫੀਸ ਭਰੀ ਸੀ ਜਿਸ ਚੋਂ 39 ਔਰਤਾਂ ਨੂੰ ਸਫਲਤਾ ਮਿਲੀ ਸੀ। ਚਾਲੂ ਮਾਲੀ ਸਾਲ ਦੌਰਾਨ ਇਸ ਜ਼ਿਲ•ੇ ਵਿੱਚ 7 ਔਰਤਾਂ ਕੋਲ ਕਰੀਬ ਦੋ ਦਰਜ਼ਨ ਸ਼ਰਾਬ ਦੇ ਠੇਕੇ ਹਨ। ਇਹ ਠੇਕੇਦਾਰ ਔਰਤਾਂ ਨਿਰਮਲ ਮਲਹੋਤਰਾ,ਡੋਲੀ ਮਹਿਤਾ,ਬੇਨੂ ਮਹਿਤਾ,ਦਲਜੀਤ ਕੌਰ,ਸੁਖਜੀਤ ਕੌਰ ਆਦਿ ਸ਼ਾਮਲ ਹਨ। ਜ਼ਿਲ•ਾ ਮਾਨਸਾ ਵਿੱਚ ਇਸ ਵੇਲੇ ਤਿੰਨ ਔਰਤਾਂ ਕੋਲ ਅੱਠ ਦੇ ਕਰੀਬ ਸ਼ਰਾਬ ਦੇ ਠੇਕੇ ਹਨ ਜਦੋ ਕਿ 435 ਔਰਤਾਂ ਨੇ ਠੇਕੇ ਲੈਣ ਲਈ ਦਿਲਚਸਪੀ ਦਿਖਾਈ ਸੀ। ਫਿਰੋਜਪੁਰ ਜ਼ਿਲ•ੇ ਵਿੱਚ ਔਰਤਾਂ ਦੀ ਸਫਲ ਦਰ ਜਿਆਦਾ ਹੈ। ਚਾਰ ਵਰਿ•ਆਂ ਵਿੱਚ ਇਸ ਜ਼ਿਲ•ੇ ਚੋ 21 ਔਰਤਾਂ ਨੇ ਠੇਕਿਆਂ ਲਈ ਅਪਲਾਈ ਕੀਤਾ ਅਤੇ 10 ਔਰਤਾਂ ਨੂੰ ਠੇਕੇ ਅਲਾਟ ਹੋ ਗਏ ਸਨ। ਹੁਣ ਇਸ ਜ਼ਿਲ•ੇ ਵਿੱਚ ਦੋ ਔਰਤਾਂ ਕੋਲ ਅੱਧੀ ਦਰਜ਼ਨ ਸ਼ਰਾਬ ਦੇ ਠੇਕੇ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ੇ ਵਿੱਚ ਵੀ ਚਾਰ ਵਰਿ•ਆਂ ਵਿੱਚ 11 ਔਰਤਾਂ ਨੂੰ ਸ਼ਰਾਬ ਦੇ ਠੇਕੇ ਅਲਾਟ ਹੋ ਚੁੱਕੇ ਹਨ। ਚਾਲੂ ਮਾਲੀ ਸਾਲ ਦੌਰਾਨ ਰੋਪੜ ਜ਼ਿਲ•ੇ ਵਿੱਚ ਦੋ ,ਗੁਰਦਾਸਪੁਰ ਜ਼ਿਲ•ੇ ਵਿੱਚ ਦੋ ,ਹਿਸ਼ਆਰਪੁਰ ਜ਼ਿਲ•ੇ ਵਿੱਚ ਇੱਕ,ਫਤਹਿਗੜ• ਸਾਹਿਬ ਵਿੱਚ ਤਿੰਨ,ਮੋਹਾਲੀ ਵਿੱਚ ਪੰਜ,ਅੰਮ੍ਰਿਤਸਰ ਜ਼ਿਲ•ੇ ਵਿੱਚ ਇੱਕ ਔਰਤ ਸ਼ਰਾਬ ਦੇ ਕਈ ਕਈ ਠੇਕੇ ਚਲਾ ਰਹੀ ਹੈ। ਰੋਪੜ ਜ਼ਿਲ•ੇ ਵਿੱਚ ਸਰੂਤੀ ਕਪਲਿਸ,ਸਸਤੀ ਬੱਤਰਾ,ਮਾਨਸਾ ਜ਼ਿਲ•ੇ ਵਿੱਚ ਉਰਵਸੀ ਬਾਂਸਲ,ਊਸ਼ਾ ਸਿੰਗਲਾ,ਦਰਸ਼ਨਾ ਦੇਵੀ,ਫਿਰੋਜਪੁਰ ਵਿੱਚ ਗਾਇਤਰੀ ਤੇ ਵਿੱਦਿਆ,ਹੁਸ਼ਿਆਰਪੁਰ ਵਿੱਚ ਸ੍ਰੀਮਤੀ ਤ੍ਰਿਪਤਾ,ਮੁਕਤਸਰ ਜ਼ਿਲ•ੇ ਵਿੱਚ ਗੁਰਪ੍ਰੀਤ ਕੌਰ ਸ਼ਰਾਬ ਦਾ ਠੇਕਾ ਚਲਾ ਰਹੀ ਹੈ।
            ਬਠਿੰਡਾ ਜ਼ਿਲ•ੇ ਵਿੱਚ ਸਾਲ 2011-12 ਦੌਰਾਨ ਸ਼੍ਰੀਮਤੀ ਸ਼ਾਂਤੀ ਦੇਵੀ ਕੋਲ ਚੱਕ ਖੜਕ ਸਿੰਘ ਵਾਲਾ ਯੂਨਿਟ ਦੇ ਕਈ ਠੇਕੇ ਸਨ। ਚਾਲੂ ਮਾਲੀ ਸਾਲ ਦੌਰਾਨ ਬਠਿੰਡਾ ਜ਼ਿਲ•ੇ ਵਿੱਚ ਦੋ ਔਰਤਾਂ ਕੋਲ ਅੱਧੀ ਦਰਜ਼ਨ ਸ਼ਰਾਬ ਦੇ ਠੇਕੇ ਹਨ। ਇਸ ਜ਼ਿਲ•ੇ ਵਿੱਚ ਜਗਨਦੀਪ ਕੌਰ ਬੁਰਜ ਮਹਿਮਾ ਯੂਨਿਟ ਅਤੇ ਸ੍ਰੀਮਤੀ ਬਲਵਿੰਦਰ ਕੌਰ ਜੰਡਾਵਾਲਾ ਯੂਨਿਟ ਦੇ ਠੇਕੇ ਚਲਾ ਰਹੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਅਸਲ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਪਏ ਲੋਕ ਲਾਟਰੀ ਸਿਸਟਮ ਦਾ ਵੱਧ ਤੋ ਵੱਧ ਲਾਹਾ ਲੈਣ ਖਾਤਰ ਆਪਣੇ ਪ੍ਰਵਾਰ ਦੀਆਂ ਔਰਤਾਂ ਦੇ ਨਾਮ ਤੇ ਵੀ ਅਪਲਾਈ ਕਰ ਦਿੰਦੇ ਹਨ। ਜਦੋ ਕਿ ਔਰਤਾਂ ਦੀ ਇਸ ਕਾਰੋਬਾਰ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਹੈ। ਸੂਤਰ ਆਖਦੇ ਹਨ ਕਿ ਇਹ ਕਾਰੋਬਾਰੀ ਲੋਕ ਸ਼ਰਾਬ ਵੇਚਣ ਖਾਤਰ ਪਹਿਲਾਂ ਠੇਕਿਆਂ ਤੇ ਸ਼ਰਾਬ ਦੀ ਮਸ਼ਹੂਰੀ ਲਈ ਬੋਰਡਾਂ ਤੇ ਔਰਤਾਂ ਦੀਆਂ ਤਸਵੀਰਾਂ ਲਗਾਉਂਦੇ ਸਨ ਪ੍ਰੰਤੂ ਹੁਣ ਇਸ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਠੇਕੇ ਹੀ ਔਰਤਾਂ ਦੇ ਨਾਮ ਤੇ ਲੈਣ ਲੱਗੇ ਹਨ।
                                                 ਸ਼ਰਾਬ ਦੇ ਥੋਕ ਦਾ ਕਾਰੋਬਾਰ ਵੀ ਔਰਤਾਂ ਕੋਲ
  ਪੰਜਾਬ ਵਿੱਚ ਸ਼ਰਾਬ ਦੇ ਠੇਕੇ ਹੀ ਨਹੀਂ ਬਲਕਿ ਸ਼ਰਾਬ ਦੇ ਥੋਕ ਦਾ ਕਾਰੋਬਾਰ ਵੀ ਔਰਤਾਂ ਚਲਾਉਣ ਲੱਗੀਆਂ ਹਨ। ਫਿਰੋਜਪੁਰ ਜ਼ਿਲ•ੇ ਵਿੱਚ ਬੀ.ਸੀ.ਐਲ ਕੰਪਨੀ ਦੇ ਥੋਕ ਦਾ ਕੰਮ ਚਾਲੂ ਮਾਲੀ ਦੌਰਾਨ ਸਤਿੰਦਰ ਕੌਰ ਵਾਸੀ ਫਿਰੋਜਪੁਰ ਕੋਲ ਹੈ ਜਦੋ ਕਿ ਜ਼ਿਲ•ਾ ਕਪੂਰਥਲਾ ਵਿੱਚ ਚਾਲੂ ਮਾਲੀ ਸਾਲ ਦੌਰਾਨ ਸ਼ਰਾਬ ਦੇ ਥੋਕ ਦੇ ਕਾਰੋਬਾਰ ਵਿੱਚ ਇੱਕ ਹਿੱਸੇਦਾਰ ਮਨੀਸ਼ਾ ਪਤਨੀ ਲੰਲਿਤ ਜੈਰਥ ਵਾਸੀ ਜ਼ਿਲ•ਾ ਪਟਿਆਲਾ ਵੀ ਹੈ। ਏਦਾ ਹੀ ਹੋਰ ਕਈ ਜਿਲਿ•ਆਂ ਵਿੱਚ ਥੋਕ ਦੇ ਕਾਰੋਬਾਰ ਦੀ ਹਿੱਸੇਦਾਰੀ ਵਿੱਚ ਔਰਤਾਂ ਦੇ ਨਾਮ ਬੋਲਦੇ ਹਨ।
        

Tuesday, August 30, 2011

       'ਪੇਂਡੂ ਹੱਟ' 'ਚ ਸ਼ਰਾਬ ਦਾ ਠੇਕਾ ਖੋਲ੍ਹਿਆ
                                 ਚਰਨਜੀਤ ਭੁੱਲਰ
ਬਠਿੰਡਾ : ਦੇਖੋ ਇਹ ਕੇਹਾ ਇਨਸਾਫ ਹੈ ਕਿ ਜੋ ਦੁਕਾਨ ਗਰੀਬੀ ਰੇਖਾ ਤੋਂ ਹੇਠਾਂ ਵਸਦੇ ਪ੍ਰਵਾਰਾਂ ਨੂੰ ਮੁਫਤ ਦਿੱਤੀ ਜਾਣੀ ਸੀ, ਉਹ ਬਾਦਲ ਪਰਿਵਾਰ ਦੇ ਇੱਕ ਮੈਂਬਰ ਨੂੰ ਦੇ  ਦਿੱਤੀ ਗਈ ਹੈ । ਅੱਗਿਓ ਉਸ ਨੇ ਇਸ ਦੁਕਾਨ 'ਚ ਸ਼ਰਾਬ ਦਾ ਠੇਕਾ ਖੁਲਵਾ ਦਿੱਤਾ ਹੈ। ਗਰੀਬ ਲੋਕਾਂ ਦਾ ਹੱਕ ਉਸ ਵਿਅਕਤੀ ਨੇ ਮਾਰਿਆ ਹੈ ਜਿਸ ਕੋਲ 45 ਏਕੜ ਜ਼ਮੀਨ ਹੈ। ਇਹ ਪਿੰਡ ਕਾਲਝਰਾਨੀ ਵਿੱਚ ਹੋਇਆ ਹੈ ਜਿਥੋਂ ਦੀ  'ਰੂਰਲ ਹੱਟ' 'ਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਿੰਡਾਂ 'ਚ ਸਵੈ ਰੁਜ਼ਗਾਰ ਲਈ 'ਰੂਰਲ ਹੱਟ' ਬਣਾਏ ਗਏ ਹਨ ਜੋ ਕਿ ਗਰੀਬ ਲੋਕਾਂ ਨੂੰ ਅਲਾਟ ਕੀਤੇ ਜਾਣੇ ਸਨ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਪਿੰਡ ਕਾਲਝਰਾਨੀ 'ਚ 'ਰੂਰਲ ਹੱਟ' ਦੀ ਇੱਕ ਦੁਕਾਨ ਬਾਦਲ ਪਰਿਵਾਰ ਦੇ ਨੇੜਲੇ ਮੈਂਬਰ ਚਰਨਜੀਤ ਸਿੰਘ ਢਿੱਲੋਂ ਨੂੰ ਅਲਾਟ ਕਰ ਦਿੱਤੀ ਗਈ ਸੀ। ਸ੍ਰੀ ਢਿੱਲੋਂ ਨੇ ਅੱਗਿਓ ਇਸੇ ਦੁਕਾਨ 'ਚ ਸ਼ਰਾਬ ਦਾ ਠੇਕਾ ਰਖਵਾ ਦਿੱਤਾ ਹੈ। ਪ੍ਰਸ਼ਾਸਨ ਨੇ ਇਹ ਦੁਕਾਨ 820 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਅਲਾਟ ਕੀਤੀ ਸੀ। ਇਸ ਦੁਕਾਨ 'ਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ ਸੀ ਜਿਸ ਕਰਕੇ ਪ੍ਰਸ਼ਾਸਨ ਨੇ ਅਲਾਟੀ ਨੂੰ ਨੋਟਿਸ ਵੀ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ ਬਠਿੰਡਾ ਵਲੋਂ ਕੇਂਦਰੀ ਪ੍ਰੋਜੈਕਟ 'ਰੂਰਲ ਹੱਟ' ਤਹਿਤ ਪਿੰਡ ਕਾਲਝਰਾਨੀ 'ਚ 15 ਲੱਖ ਰੁਪਏ ਦੀ ਲਾਗਤ ਨਾਲ 10 ਦੁਕਾਨਾਂ ਦੀ ਉਸਾਰੀ ਕਰਾਈ ਸੀ। ਦੁਕਾਨਾਂ ਲਈ ਜਗ੍ਹਾ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਗਈ ਸੀ। ਨਿਯਮਾਂ ਅਨੁਸਾਰ ਇਨ੍ਹਾਂ 'ਚੋਂ ਕੁਝ ਦੁਕਾਨਾਂ ਗਰੀਬੀ ਰੇਖਾਂ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਮੁਫਤ ਦਿੱਤੀਆਂ ਜਾਣੀਆਂ ਸਨ ਅਤੇ ਬਾਕੀ ਪਿੰਡ ਦੇ ਲੋਕਾਂ ਨੂੰ ਸਵੈ ਰੁਜ਼ਗਾਰ ਵਾਸਤੇ ਦਿੱਤੀਆਂ ਜਾਣੀਆਂ ਸਨ ਤਾਂ ਜੋ ਲੋਕ ਆਪਣੇ ਮਾਰਕੀਟਿੰਗ ਕਰ ਸਕਣ। ਪਿੰਡ ਕਾਲਝਰਾਨੀ ਵਿੱਚ ਕੇਵਲ ਦੋ ਦੁਕਾਨਾਂ ਹੀ ਗਰੀਬੀ ਰੇਖਾਂ ਤੋਂ ਹੇਠਾਂ ਵਸਦੇ ਪਰਿਵਾਰਾਂ ਦੇ ਹਿੱਸੇ ਆਈਆਂ।
           ਜਾਣਕਾਰੀ ਅਨੁਸਾਰ ਕਰੀਬ ਪੰਜ ਕੁ ਮਹੀਨੇ ਪਹਿਲਾਂ ਇਹ 10 ਦੁਕਾਨਾਂ ਅਲਾਟ ਕਰ ਦਿੱਤੀਆਂ ਗਈਆਂ ਸਨ। ਪ੍ਰਸ਼ਾਸਨ ਵੱਲੋਂ ਦੁਕਾਨ ਨੰਬਰ 23 ਪਿੰਡ ਕਾਲਝਰਾਨੀ ਦੇ ਚਰਨਜੀਤ ਸਿੰਘ ਢਿੱਲੋਂ ਜੋ ਕਿ ਬਾਦਲ ਪਰਿਵਾਰ ਦੇ ਨੇੜਲੇ ਮੈਂਬਰ ਹਨ,ਨੂੰ ਅਲਾਟ ਕਰ ਦਿੱਤੀ ਗਈ ਸੀ। ਨਿਯਮਾਂ ਅਨੁਸਾਰ ਉਨ੍ਹਾਂ ਵੱਲੋਂ ਖੁਦ ਇਸ ਦੁਕਾਨ ਦੀ ਵਰਤੋਂ ਕੀਤੀ ਜਾਣੀ ਬਣਦੀ ਸੀ ਪ੍ਰੰਤੂ ਉਨ੍ਹਾਂ ਨੇ ਅੱਗੇ ਸ਼ਰਾਬ ਦੇ ਠੇਕੇਦਾਰਾਂ ਨੂੰ 'ਰੂਰਲ ਹੱਟ' ਵਾਲੀ ਦੁਕਾਨ ਦੇ ਦਿੱਤੀ। ਠੇਕੇ ਦੇ ਨਾਲ ਵਾਲੀ ਦੁਕਾਨ 'ਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਅਤੇ ਹਲਵਾਈ ਦੀ ਦੁਕਾਨ ਹੈ। ਇਸੇ ਤਰ੍ਹਾਂ 'ਰੂਰਲ ਹੱਟ' ਦੀਆਂ ਦੁਕਾਨਾਂ ਵਿੱਚ ਦੋ ਦੁਕਾਨਾਂ ਵਿੱਚ ਵਰਕਸ਼ਾਪ ਅਤੇ  ਇੱਕ ਦੁਕਾਨ ਸਪਰੇਅ ਪਾਰਟਸ ਵਾਲੀ ਹੈ। ਬਾਕੀ ਅਲਾਟੀ ਲੋਕਾਂ ਨੇ ਤਾਂ ਆਪੋ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਸਨ ਪ੍ਰੰਤੂ ਦੁਕਾਨ ਨੰਬਰ 23 ਵਿੱਚ ਸ਼ਰਾਬ ਦਾ ਠੇਕਾ ਹੈ। ਸੂਤਰ ਆਖਦੇ ਹਨ ਕਿ ਠੇਕਾ ਖੁੱਲ੍ਹਣ ਕਰਕੇ ਬਾਕੀ ਦੁਕਾਨਾਂ ਦੇ ਕਾਰੋਬਾਰ 'ਤੇ ਅਸਰ ਪੈਂਦਾ ਹੈ। ਵੱਡੀ ਗੱਲ ਇਹ ਹੈ ਕਿ ਕੇਂਦਰੀ ਸਕੀਮ ਤਹਿਤ ਇਨ੍ਹਾਂ ਦੁਕਾਨਾਂ ਵਿੱਚ ਠੇਕਾ ਤਾਂ ਕਿਸੇ ਵੀ ਸੂਰਤ ਵਿੱਚ ਖੁੱਲ੍ਹ ਹੀ ਨਹੀਂ ਸਕਦਾ ਹੈ। ਮਲਹੋਤਰਾ  ਕੰਪਨੀ ਵੱਲੋਂ ਇਸ ਪਿੰਡ 'ਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਜਿਸ ਕਰਕੇ ਇਹ ਦੁਕਾਨਾਂ ਬਣਾਏ ਜਾਣ ਦਾ ਮਕਸਦ ਹੀ ਬਦਲ ਗਿਆ ਹੈ।
             ਪਿੰਡ ਕਾਲਝਰਾਨੀ 'ਚ ਇਹ ਦੁਕਾਨਾਂ ਹੈਲੀਪੈਡ ਦੇ ਸਾਹਮਣੇ ਬਣਾਈਆਂ ਹੋਈਆਂ ਹਨ। ਇਥੇ ਕਾਫੀ ਵੱਡੀ ਮਾਰਕੀਟ ਬਣੀ ਹੋਈ ਹੈ। ਇਥੋਂ ਹੀ ਥੋੜ੍ਹੀ ਦੂਰ ਗੁਰੂ ਅੰਗਦ ਦੇਵ 'ਵਰਸਿਟੀ ਦਾ ਨਵਾਂ ਕਾਲਜ ਵੀ ਬਣਿਆ ਹੈ। ਦੁਕਾਨ ਨੰਬਰ 23 ਦੇ ਅਲਾਟੀ ਸ੍ਰੀ ਚਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਜੋ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਅਲਾਟਮੈਂਟ ਸਮੇਂ ਐਗਰੀਮੈਂਟ ਕੀਤਾ ਹੈ, ਉਸ ਵਿੱਚ ਇਹ ਗੱਲ ਕਿਤੇ ਵੀ ਦਰਜ਼ ਨਹੀਂ ਕਿ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਹ ਕੋਈ ਪੱਕੇ ਤੌਰ 'ਤੇ ਠੇਕਾ ਨਹੀਂ ਖੋਲ੍ਹਿਆ ਗਿਆ ਬਲਕਿ ਆਰਜੀ ਤੌਰ 'ਤੇ ਠੇਕੇ ਲਈ ਦੁਕਾਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਠੇਕੇ ਲਈ ਹੋਰ ਪ੍ਰਬੰਧ ਹੋ ਗਿਆ ਤਾਂ ਦੁਕਾਨ 'ਚੋਂ ਠੇਕਾ ਚੁਕਵਾ ਦਿੱਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਵੱਲੋਂ ਦਿੱਤੇ ਨੋਟਿਸ ਸਬੰਧੀ ਕਿਹਾ ਕਿ ਇਹ ਪੰਚਾਇਤ ਦੀ ਜਗ੍ਹਾ ਹੈ ਜਿਸ ਨੂੰ ਉਹ ਵਰਤ ਸਕਦੇ ਹਨ। ਉਨ੍ਹਾਂ ਆਖਿਆ ਕਿ ਇਹ ਮਾਮਲਾ ਸਿਆਸੀ ਤੌਰ 'ਤੇ ਕੁਝ ਲੋਕ ਉਛਾਲ ਰਹੇ ਹਨ।ਦੂਸਰੀ ਤਰਫ ਆਬਕਾਰੀ ਤੇ ਕਰ ਅਫਸਰ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਪਿੰਡ ਕਾਲਝਰਾਨੀ ਦੇ ਸਾਹਮਣੇ ਠੇਕਾ ਤਾਂ ਹੈ ਪ੍ਰੰਤੂ ਕਿਸ ਦੁਕਾਨ 'ਚ ਖੁੱਲ੍ਹਾ ਹੈ, ਇਹ ਪਤਾ ਨਹੀਂ ਹੈ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਿਭਾਗ ਨੂੰ ਇਸ ਸਬੰਧੀ ਕੋਈ ਨੋਟਿਸ ਭੇਜਿਆ ਗਿਆ ਹੈ।
                                         ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ: ਅਭਿਨਵ ਤ੍ਰਿਖਾ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਭਿਨਵ ਤ੍ਰਿਖਾ ਦਾ ਕਹਿਣਾ ਸੀ ਕਿ 'ਰੂਰਲ ਹੱਟ' ਪ੍ਰਾਜੈਕਟ ਦੀ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਜੋ ਕਿ ਖੋਲ੍ਹਿਆ ਨਹੀਂ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਲਾਟੀ ਅਤੇ ਆਬਕਾਰੀ ਵਿਭਾਗ ਨੂੰ ਇਸ ਮਾਮਲੇ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦਾ ਜੁਆਬ ਹਾਲੇ ਤੱਕ ਉਨ੍ਹਾਂ ਵੱਲੋਂ ਦਿੱਤਾ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜੁਆਬ ਉਡੀਕ ਰਹੇ ਹਨ ਜੇਕਰ ਜੁਆਬ ਨਾ ਆਇਆ ਤਾਂ ਮੁੜ ਨੋਟਿਸ ਭੇਜਿਆ ਜਾਵੇਗਾ ਅਤੇ ਉਸ ਮਗਰੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਦੁਕਾਨਾਂ ਲੋਕਾਂ ਨੂੰ ਘੱਟ ਕਿਰਾਏ 'ਤੇ ਅਲਾਟ ਕੀਤੀਆਂ ਗਈਆਂ ਹਨ ਤਾਂ ਜੋ ਉਹ ਆਪਣੇ ਕਾਰੋਬਾਰ ਤੋਰ ਸਕਣ।