Showing posts with label allotment. Show all posts
Showing posts with label allotment. Show all posts

Sunday, February 28, 2016

                                      ਸੱਚੀ ‘ਸੇਵਾ’
              ਕਾਕਿਆਂ ਨੂੰ ਹਥਿਆਰਾਂ ਦਾ ਤੋਹਫ਼ਾ
                                     ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਸਰਕਾਰ ਵਲੋਂ ਕਾਕਿਆਂ ਤੇ ਅਫਸਰਾਂ ਨੂੰ ਵਿਦੇਸ਼ੀ ਹਥਿਆਰਾਂ ਦਾ ਤੋਹਫ਼ਾ ਦਿੱਤਾ ਗਿਆ ਹੈ। ਲੰਘੇ ਚਾਰ ਵਰਿ•ਆਂ ਦੌਰਾਨ ਵੀ.ਆਈ.ਪੀ ਲੋਕਾਂ ਨੂੰ ਜ਼ਬਤ ਕੀਤੇ 226 ਦੇਸੀ ਤੇ ਵਿਦੇਸ਼ੀ ਹਥਿਆਰ ਅਲਾਟ ਕੀਤੇ ਗਏ ਹਨ। ਇਨ•ਾਂ ਵਰਿ•ਆਂ ਦੌਰਾਨ ਸਰਕਾਰ ਕੋਲ 795 ਖਾਸ ਲੋਕਾਂ ਨੇ ਪੁਲੀਸ ਭੰਡਾਰ ਵਿਚ ਪਏ ਜ਼ਬਤ ਕੀਤੇ ਹਥਿਆਰ ਲੈਣ ਲਈ ਦਰਖਾਸਤਾਂ ਦਿੱਤੀਆਂ ਸਨ। ਵਿਦੇਸ਼ੀ ਹਥਿਆਰ ਤਾਂ ਸਸਤੇ ਭਾਅ ਵਿਚ ਹੀ ਅਲਾਟ ਕੀਤੇ ਗਏ ਹਨ। ਅਕਾਲੀ ਭਾਜਪਾ ਸਰਕਾਰ ਦੇ ਪਹਿਲੇ ਕਾਰਜਕਾਲ (2007-2012) ਦੌਰਾਨ ਵੀ 758 ਖਾਸ ਲੋਕਾਂ ਨੇ ਅਸਲਾ ਅਲਾਟ ਕਰਾਉਣ ਖਾਤਰ ਦਰਖਾਸਤਾਂ ਦਿੱਤੀਆਂ ਸਨ। ਉਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਵੀ ਆਪਣੇ ਰਾਜ ਭਾਗ ਦੌਰਾਨ 275 ਦੇਸੀ ਵਿਦੇਸ਼ੀ ਹਥਿਆਰਾਂ ਦੀ ਆਪਣਿਆਂ ਨੂੰ ਅਲਾਟਮੈਂਟ ਕੀਤੀ ਸੀ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਵਲੋਂ ਆਰ.ਟੀ.ਆਈ ਤਹਿਤ 8 ਜਨਵਰੀ 2016 ਨੂੰ ਦਿੱਤੀ ਸੂਚਨਾ ਅਨੁਸਾਰ ਗ੍ਰਹਿ ਵਿਭਾਗ ਕੋਲ ਹੁਣ ਅਸਲਾ ਅਲਾਟਮੈਂਟ ਸਬੰਧੀ ਕੋਈ ਲੰਬਿਤ ਦਰਖਾਸਤਾਂ ਨਹੀਂ ਹਨ। ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜ਼ਬਤ ਅਸਲੇ ਨੂੰ ਅਲਾਟ ਕਰਨ ਦਾ ਜਦੋਂ ਵੀ ਦੁਬਾਰਾ ਵਿਗਿਆਪਨ ਦਿੱਤਾ ਜਾਵੇਗਾ, ਉਦੋਂ ਨਵੇਂ ਸਿਰੇ ਤੋਂ ਦਰਖਾਸਤਾਂ ਲਈਆਂ ਜਾਣਗੀਆਂ।
                    ਪੁਲੀਸ ਅਕੈਡਮੀ ਫਿਲੌਰ ਨੇ ਵੱਖਰੀ ਸੂਚਨਾ ਵਿਚ ਦੱਸਿਆ ਹੈ ਕਿ ਅਪਰੈਲ 2012 ਤੋਂ ਹੁਣ ਤੱਕ ਸਰਕਾਰ ਤਰਫ਼ੋਂ 226 ਦੇਸੀ ਤੇ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਕੀਤੀ ਗਈ ਹੈ। ਪੁਲੀਸ ਅਕਾਦਮੀ ਫਿਲੌਰ ਤੇ ਭੰਡਾਰ ਵਿਚ ਹੁਣ ਜ਼ਬਤ ਕੀਤੇ 1216 ਹਥਿਆਰ ਰਹਿ ਗਏ ਹਨ। ਸੂਤਰ ਦੱਸਦੇ ਹਨ ਕਿ ਆਉਂਦੇ ਦਿਨਾਂ ਵਿਚ ਗ੍ਰਹਿ ਵਿਭਾਗ ਵਲੋਂ ਅਗਾਮੀ ਚੋਣਾਂ ਤੋਂ ਪਹਿਲਾਂ ਜ਼ਬਤ ਅਸਲੇ ਦੀ ਅਲਾਟਮੈਂਟ ਕੀਤੀ ਜਾ ਸਕਦੀ ਹੈ। ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਗ੍ਰਹਿ ਵਿਭਾਗ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਲੜਕੇ ਜਸਜੀਤ ਸਿੰਘ,ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਦੇ ਲੜਕੇ ਰਵੀਕਰਨ ਸਿੰਘ ਕਾਹਲੋਂ,ਸੀਨੀਅਰ ਵਿਧਾਇਕ ਹਰੀ ਸਿੰਘ ਜੀਰਾ ਦੇ ਲੜਕੇ ਅਵਤਾਰ ਸਿੰਘ ਨੂੰ, ਯੂਥ ਵਿੰਗ ਦੇ ਮਾਲਵਾ ਜ਼ੋਨ ਦੇ ਯੂਥ ਆਗੂ ਰੋਜ਼ੀ ਬਰਕੰਦੀ ਤੇ ਉਸ ਦੇ ਭਰਾ ਸ਼ਮਿੰਦਰਜੀਤ ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ ਬਲਕਰਨ ਸਿੰਘ,ਸਾਬਕਾ ਓ.ਐਸ.ਡੀ ਗੁਰਵਿੰਦਰ ਸਿੰਘ,ਪਿੰਡ ਬਾਦਲ ਦੇ ਪਵਨਪ੍ਰੀਤ ਸਿੰਘ,ਅਕਾਲੀ ਵਿਧਾਇਕ ਮਨਪ੍ਰੀਤ ਇਆਲ਼ੀ ਨੂੰ ਵਿਦੇਸ਼ੀ ਪਿਸਟਲ ਅਲਾਟ ਕੀਤੇ ਗਏ ਹਨ। ਇਨ•ਾਂ ਨੇ ਚੀਨ ਦੇ ਪਿਸਟਲ ਪਸੰਦ ਕੀਤੇ ਹਨ ਜੋ 20 ਤੋਂ 30 ਹਜ਼ਾਰ ਰੁਪਏ ਦੀ ਕੀਮਤ ਵਿਚ ਸਰਕਾਰ ਨੇ ਦੇ ਦਿੱਤੇ ਹਨ।
                   ਵੇਰਵਿਆਂ ਅਨੁਸਾਰ ਤਿੰਨ ਪੀ.ਸੀ.ਐਸ ਅਫਸਰਾਂ ਨੇ ਆਪਣੇ ਕਾਕਿਆਂ ਨੂੰ ਵੀ ਵਿਦੇਸ਼ੀ ਹਥਿਆਰ ਅਲਾਟ ਕਰਾਏ ਹਨ। ਕੈਪਟਨ ਸਰਕਾਰ ਸਮੇਂ ਸਾਬਕਾ ਐਮ.ਪੀ ਪ੍ਰਤਾਪ ਸਿੰਘ ਬਾਜਵਾ,ਸਾਬਕਾ ਐਮ.ਪੀ ਵਿਜੇਇੰਦਰ ਸਿੰਗਲਾ,ਸੰਤੋਖ ਸਿੰਘ ਸਮੇਤ ਕੈਪਟਨ ਦੇ ਨੇੜਲਿਆਂ ਨੂੰ ਸਸਤੇ ਭਾਅ ਵਿਚ ਵਿਦੇਸ਼ੀ ਹਥਿਆਰ ਮਿਲੇ ਸਨ। ਉਦੋਂ ਇਕੱਲੇ ਅੰਮ੍ਰਿਤਸਰ ਜ਼ਿਲ•ੇ ਵਿਚ 65 ਦੇਸੀ ਵਿਦੇਸ਼ੀ ਹਥਿਆਰ ਅਲਾਟ ਕੀਤੇ ਗਏ ਸਨ। ਕੈਪਟਨ ਸਰਕਾਰ ਸਮੇਂ ਦੋ ਡਿਪਟੀ ਕਮਿਸ਼ਨਰਾਂ ਨੇ ਵੀ ਹਥਿਆਰ ਲਏ ਸਨ। ਗਠਜੋੜ ਸਰਕਾਰ ਨੇ ਪਿਛਲੇ ਵਰਿ•ਆਂ ਵਿਚ ਅਨਿਲ ਜੋਸ਼ੀ,ਅਵਿਨਾਸ਼ ਚੰਦਰ,ਸਰਬਜੀਤ ਸਿੰਘ ਮੱਕੜ ਆਦਿ ਵੀ ਹਥਿਆਰ ਅਲਾਟ ਕੀਤੇ ਸਨ। ਇਨ•ਾਂ ਖਾਸ ਲੋਕਾਂ ਨੇ ਚੀਨ ਦੇ 55 ਪਿਸਟਲ ਅਲਾਟ ਕਰਾਏ ਸਨ। ਅੱਧੀ ਦਰਜਨ ਲੋਕਾਂ ਨੇ ਬਾਰਾਂ ਬੋਰ ਦੀ ਗੰਨ ਵੀ ਲਈ ਹੈ। ਗਠਜੋੜ ਸਰਕਾਰ ਨੇ ਦਰਜਨ ਅਫਸਰਾਂ ਨੂੰ ਵੀ ਵਿਦੇਸ਼ੀ ਹਥਿਆਰ ਅਲਾਟ ਕੀਤੇ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਹਥਿਆਰਾਂ ਦੀ ਅਲਾਟਮੈਂਟ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ। ਪਹਿਲਾਂ ਵਿਗਿਆਪਨ ਦਿੱਤਾ ਜਾਂਦਾ ਹੈ ਅਤੇ ਉਸ ਮਗਰੋਂ ਮੈਰਿਟ ਦੇ ਅਧਾਰ ਤੇ ਹਥਿਆਰਾਂ ਦੀ ਅਲਾਟਮੈਂਟ ਹੁੰਦੀ ਹੈ।
                   ਸੂਤਰ ਆਖਦੇ ਹਨ ਕਿ ਹਾਕਮ ਧਿਰ ਆਪਣਿਆਂ ਨੂੰ ਹੀ ਅਲਾਟਮੈਂਟ ਮੌਕੇ ਨਿਵਾਜ ਦਿੰਦੀ ਹੈ। ਵੱਡੀ ਗੱਲ ਇਹ ਹੈ ਕਿ ਮਹਿੰਗੇ ਹਥਿਆਰ ਸਸਤੇ ਭਾਅ ਤੇ ਖਾਸ ਲੋਕਾਂ ਨੂੰ ਮਿਲ ਜਾਂਦੇ ਹਨ। ਇਹ ਉਹ ਅਸਲਾ ਹੈ ਜੋ ਅੱਤਵਾਦ ਦੇ ਸਮੇਂ ਜਾਂ ਉਸ ਮਗਰੋਂ ਕਰੀਮੀਨਲ ਲੋਕਾਂ ਤੋਂ ਪੁਲੀਸ ਨੇ ਫੜਿਆ ਹੋਇਆ ਹੈ। ਗ੍ਰਹਿ ਵਿਭਾਗ ਇਸ ਦੀ ਅਲਾਟਮੈਂਟ ਕਰਦਾ ਹੈ ਜਦੋਂ ਕਿ ਪੁਲੀਸ ਅਕੈਡਮੀ ਫਿਲੌਰ ਹਥਿਆਰਾਂ ਦੀ ਡਲਿਵਰੀ ਦਿੰਦੀ ਹੈ। 

Sunday, July 29, 2012

                                ਸਸਤੇ ਭਾਅ
                 ਹਥਿਆਰਾਂ ਦਾ 'ਤੋਹਫ਼ਾ'
                          ਚਰਨਜੀਤ ਭੁੱਲਰ
ਬਠਿੰਡਾ : ਅਕਾਲੀ-ਭਾਜਪਾ ਸਰਕਾਰ ਵੱਲੋਂ 'ਆਪਣਿਆਂ' ਨੂੰ ਕੌਡੀਆਂ ਦੇ ਭਾਅ ਵਿਦੇਸ਼ੀ ਹਥਿਆਰ ਵੇਚ ਦਿੱਤੇ ਗਏ ਹਨ।  ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਮਗਰੋਂ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਵੀ.ਆਈ.ਪੀ ਲੋਕਾਂ ਨੂੰ ਕਰ ਦਿੱਤੀ ਗਈ। ਜਿਨ੍ਹਾਂ ਵਿਦੇਸ਼ੀ ਹਥਿਆਰਾਂ ਦੀ ਮਾਰਕੀਟ ਕੀਮਤ ਛੇ-ਛੇ ਲੱਖ ਹੈ, ਇਸ  ਸਰਕਾਰ ਨੇ 30-30 ਹਜ਼ਾਰ ਰੁਪਏ 'ਚ ਵੇਚੇ ਗਏ। ਇਹ ਹਥਿਆਰ ਪੁਲੀਸ ਨੇ ਪਿਛਲੇ ਕਈ ਸਾਲਾਂ ਦੌਰਾਨ ਜ਼ਬਤ ਕੀਤੇ ਸਨ। ਇਨ੍ਹਾਂ ਦੀ ਅਲਾਟਮੈਂਟ ਮਾਰਚ ਅਤੇ ਅਪਰੈਲ 2012 ਵਿੱਚ ਕਰੀਬ 200 ਖਾਸ ਵਿਅਕਤੀਆਂ ਨੂੰ ਕਰ ਦਿੱਤੀ ਗਈ ਹੈ। ਇਹ ਤੋਹਫਾ ਦਲ-ਬਦਲੀ ਕਰਕੇ ਆਏ ਆਗੂਆਂ ਨੂੰ ਖਾਸ ਤੌਰ 'ਤੇ  ਦਿੱਤਾ ਗਿਆ ਹੈ। ਰਾਜਸੀ ਨੇਤਾਵਾਂ ਤੋਂ ਇਲਾਵਾ ਅਜਿਹੇ ਹਥਿਆਰ ਹਾਸਲ ਕਰਨ ਵਾਲਿਆਂ ਵਿਚ ਆਈ.ਪੀ.ਐਸ. ਤੇ ਆਈ.ਏ.ਐਸ ਅਫਸਰ, ਪੀ.ਸੀ.ਐਸ ਅਫਸਰ ਅਤੇ ਕੁਝ ਨੇਤਾਵਾਂ ਤੇ ਅਫਸਰਾਂ ਦੇ 'ਕਾਕੇ' ਵੀ ਸ਼ਾਮਲ ਹਨ। ਇਸੇ ਤਰ੍ਹਾਂ ਦੀ ਵੰਡ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਆਪਣੇ ਚਹੇਤਿਆਂ ਨੂੰ ਕੀਤੀ ਸੀ।
          ਪੰਜਾਬ ਪੁਲੀਸ ਅਕੈਡਮੀ ਫਿਲੌਰ ਪਾਸੋਂ ਸੂਚਨਾ ਅਧਿਕਾਰ ਐਕਟ ਤਹਿਤ ਹਾਸਲ ਵੇਰਵਿਆਂ ਅਨੁਸਾਰ ਅਕਾਲੀ-ਭਾਜਪਾ ਸਰਕਾਰ ਨੇ 12 ਮਾਰਚ 2012 ਤੋਂ ਹਥਿਆਰਾਂ ਦੀ ਅਲਾਟਮੈਂਟ ਸ਼ੁਰੂ ਕੀਤੀ। ਇਕੱਲੇ ਮਾਰਚ  ਮਹੀਨੇ ਦੌਰਾਨ 141 ਵਿਅਕਤੀਆਂ ਅਤੇ ਫਿਰ ਅਪਰੈਲ ਵਿੱਚ 54 ਖਾਸ ਲੋਕਾਂ ਨੂੰ ਹਥਿਆਰਾਂ ਦੀ ਅਲਾਟਮੈਂਟ ਕੀਤੀ ਗਈ। ਇਨ੍ਹਾਂ ਦੋ ਮਹੀਨਿਆਂ 'ਚ 172 ਦੇਸੀ-ਵਿਦੇਸ਼ੀ ਪਿਸਤੌਲ,13 ਰਾਈਫਲਾਂ ਅਤੇ 8 ਰਿਵਾਲਵਰਾਂ ਦੀ ਅਲਾਟਮੈਂਟ ਕੀਤੀ ਗਈ। ਇਹ ਹਥਿਆਰ ਭਾਰਤ,ਚੀਨ, ਜਰਮਨੀ, ਇੰਗਲੈਂਡ, ਚੈਕੋਸਲਵਾਕੀਆ, ਇਟਲੀ, ਅਮਰੀਕਾ ਅਤੇ ਸਪੇਨ ਦੇ ਬਣੇ ਹੋਏ ਸਨ। ਸੂਚਨਾ ਅਨੁਸਾਰ ਸਰਕਾਰ ਨੇ ਚੀਨ ਦਾ 7.62 ਐਮ.ਐਮ.ਪਿਸਤੌਲ, ਜਿਸ ਦੀ ਮਾਰਕੀਟ ਕੀਮਤ 8 ਲੱਖ ਤੋਂ ਜ਼ਿਆਦਾ ਹੈ, ਨੂੰ 30 ਹਜ਼ਾਰ ਦੇ ਰਿਆਇਤੀ ਭਾਅ 'ਤੇ ਅਲਾਟ ਕੀਤਾ ਗਿਆ। ਇਵੇਂ .315 ਬੋਰ ਦੀ ਰਾਈਫਲ ਦੀ ਕੀਮਤ ਬਾਜ਼ਾਰ ਵਿੱਚ 55 ਹਜ਼ਾਰ ਤੋਂ ਉਪਰ ਹੈ, ਪ੍ਰੰਤੂ ਇਹ 8 ਹਜ਼ਾਰ ਵਿੱਚ ਅਲਾਟ ਕੀਤੀ ਗਈ ਹੈ। ਜਰਮਨ ਦਾ ਪਿਸਤੌਲ ਕਰੀਬ 6 ਲੱਖ ਦੀ ਕੀਮਤ ਦਾ ਹੈ, ਪ੍ਰੰਤੂ ਇਹ 25 ਹਜ਼ਾਰ 'ਚ ਅਲਾਟ ਕੀਤਾ ਗਿਆ। ਇੰਗਲੈਂਡ ਦਾ ਰਿਵਾਲਵਰ ਪੰਜ ਲੱਖ ਤੱਕ ਦੀ ਕੀਮਤ ਦਾ ਹੈ ਪ੍ਰੰਤੂ ਇਹ 30 ਹਜ਼ਾਰ ਵਿੱਚ ਅਲਾਟ ਕਰ ਦਿੱਤਾ ਗਿਆ ਹੈ।
           ਜਿਨ੍ਹਾਂ ਨੇਤਾਵਾਂ ਨੂੰ ਹਥਿਆਰ ਅਲਾਟ ਕੀਤੇ ਗਏ ਹਨ, ਉਨ੍ਹਾਂ 'ਚ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸਾਬਕਾ ਮੁੱਖ ਸੰਸਦੀ ਸਕੱਤਰ ਸੁਰਿੰਦਰ ਕੁਮਾਰ ਡਾਵਰ, ਵਿਧਾਇਕ ਡਾ.ਦਲਬੀਰ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਕਾਂਗਰਸ 'ਚੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਚਰਨਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਆਦਿ ਸ਼ਾਮਲ ਹਨ।
          ਇਵੇਂ ਹੀ ਮੌਜੂਦਾ ਆਈ.ਪੀ.ਐਸ ਅਫਸਰ ਸੰਜੀਵ ਗੁਪਤਾ, ਲੋਕ ਨਾਥ ਆਂਗਰਾ, ਸ਼ਾਮ ਲਾਲ ਗੱਖੜ,ਪਰਮਜੀਤ ਸਿੰਘ, ਐਸ. ਕੇ. ਸ਼ਰਮਾ, ਰੋਹਿਤ ਚੌਧਰੀ, ਆਸ਼ੀਸ ਚੌਧਰੀ ਤੇ ਪ੍ਰਮੋਦ ਬਾਨ ਤੋਂ ਇਲਾਵਾ ਸੇਵਾਮੁਕਤ ਆਈ.ਪੀ.ਐਸ ਸ੍ਰੀ ਆਰ. ਕੇ. ਸ਼ਰਮਾ, ਹਰਿੰਦਰ ਸਿੰਘ ਚਾਹਲ ਨੂੰ ਵੀ ਸਰਕਾਰ ਨੇ ਅਸਲਾ ਅਲਾਟ ਕੀਤਾ। ਕੁਝ ਜੱਜਾਂ ਨੂੰ ਵੀ ਇਹ ਹਥਿਆਰ ਅਲਾਟ ਕੀਤੇ ਗਏ। ਇਵੇਂ ਦੋ ਮੌਜੂਦਾ ਡਿਪਟੀ ਕਮਿਸ਼ਨਰਾਂ ਵਰੁਣ ਰੂਜਮ ਅਤੇ ਰਜਤ ਅਗਰਵਾਲ ਨੂੰ ਵੀ ਹਥਿਆਰ ਅਲਾਟ ਹੋਏ ਹਨ।  ਕਰੀਬ 33 ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਇਸ ਢੰਗ ਨਾਲ ਅਸਲਾ ਮਿਲਿਆ ਹੈ।  ਗ੍ਰਹਿ ਵਿਭਾਗ ਨੂੰ ਸਾਲ 2007 ਤੋਂ ਮਾਰਚ 2012 ਤਕ 800 ਦੇ ਕਰੀਬ ਦਰਖਾਸਤਾਂ ਆਈਆਂ ਸਨ। ਉਸ ਨੇ ਹੀ ਹਥਿਆਰਾਂ ਦੀ ਵੰਡ ਕੀਤੀ। ਵੰਡ ਦਾ ਪੈਮਾਨਾ ਕੀ ਰਿਹਾ ਹੈ, ਇਸ ਦਾ ਖੁਲਾਸਾ ਸਰਕਾਰੀ ਸੂਚਨਾ ਵਿੱਚ ਨਹੀਂ ਦਿੱਤਾ ਗਿਆ।
                                                 ਬੀਬੀਆਂ ਨੂੰ ਵੀ ਹਥਿਆਰਾਂ ਦਾ 'ਤੋਹਫ਼ਾ'
ਪੰਜਾਬ ਵਿੱਚ ਔਰਤਾਂ ਵੀ ਹੁਣ ਹਥਿਆਰ ਰੱਖਣ ਲੱਗੀਆਂ ਹਨ। ਪੰਜਾਬ ਸਰਕਾਰ ਵੱਲੋਂ ਸਸਤੇ ਭਾਅ ਵਾਲਾ ਅਸਲਾ ਪੰਜ ਔਰਤਾਂ ਨੂੰ ਵੀ ਅਲਾਟ ਕੀਤਾ ਗਿਆ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਖੂਨਣ ਕਲਾਂ ਦੀ ਹਰਮਿੰਦਰ ਕੌਰ ਨੂੰ 15 ਹਜ਼ਾਰ ਵਿਚ .315 ਬੋਰ ਰਾਈਫਲ ਅਲਾਟ ਕੀਤੀ ਗਈ ਜਦੋਂ ਕਿ ਤਰਨ ਤਾਰਨ ਦੀ ਦਲਜੀਤ ਕੌਰ ਨੂੰ 16 ਹਜ਼ਾਰ 'ਚ ਪਿਸਤੌਲ ਅਤੇ ਇੱਥੋਂ ਦੀ ਹੀ ਰਾਜਵਿੰਦਰ ਕੌਰ ਨੂੰ 15 ਹਜ਼ਾਰ ਵਿੱਚ ਪਿਸਤੌਲ ਅਲਾਟ ਕੀਤਾ ਗਿਆ।

Friday, November 11, 2011

    ਵਿਦੇਸ਼ੀ ਹਥਿਆਰ ਵੰਡਣ ਦੀ ਤਿਆਰੀ !  
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਚੋਣ ਜ਼ਾਬਤੇ ਤੋਂ ਪਹਿਲਾਂ 'ਆਪਣਿਆਂ' ਨੂੰ ਵਿਦੇਸ਼ੀ ਹਥਿਆਰ ਵੰਡੇ ਜਾਣਗੇ। ਗ੍ਰਹਿ ਵਿਭਾਗ ਪੰਜਾਬ ਕੋਲ 1091 ਵੀ.ਆਈ.ਪੀਜ ਵਲੋਂ ਇਹ ਹਥਿਆਰ ਲੈਣ ਵਾਸਤੇ ਅਪਲਾਈ ਕੀਤਾ ਹੋਇਆ ਹੈ। ਗ੍ਰਹਿ ਵਿਭਾਗ ਨੇ ਇਨ•ਾਂ ਲੋਕਾਂ ਨੂੰ ਹਥਿਆਰਾਂ ਦੀ ਅਲਾਟਮੈਂਟ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਪੁਲੀਸ ਵਲੋਂ ਜ਼ਬਤ ਕੀਤੇ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਕਰਨ ਦੀ ਕਾਹਲ ਵਿੱਚ ਹੈ। ਕੈਪਟਨ ਹਕੂਮਤ ਨੇ ਆਪਣੇ ਸਮੇਂ 'ਚ ਵੀ.ਆਈ.ਪੀ ਲੋਕਾਂ ਨੂੰ ਕੌਡੀਆਂ ਦੇ ਭਾਅ ਵਿਦੇਸ਼ੀ ਹਥਿਆਰ ਵੰਡ ਦਿੱਤੇ ਸਨ। ਇਹ ਉਹ ਹਥਿਆਰ ਸਨ ਜੋ ਪੁਲੀਸ ਨੇ ਅੱਤਵਾਦੀਆਂ ਅਤੇ ਹੋਰਨ•ਾਂ ਅਨਸਰਾਂ ਤੋਂ ਫੜ•ੇ ਹੋਏ ਸਨ। ਅਕਾਲੀ ਹਕੂਮਤ ਹੁਣ ਪਹਿਲਾਂ ਵਾਂਗ ਮਾਰ ਨਹੀਂ ਖਾਣਾ ਚਾਹੁੰਦੀ। ਜਦੋਂ ਸਾਲ 1997-2002 'ਚ ਅਕਾਲੀ ਰਾਜ ਭਾਗ ਸੀ ਤਾਂ ਉਦੋਂ ਚੋਣਾਂ ਤੋਂ ਪਹਿਲਾਂ 16 ਅਕਤੂਬਰ 2001 ਨੂੰ ਅਕਾਲੀ ਸਰਕਾਰ ਨੇ ਜ਼ਬਤ ਕੀਤੇ ਹੋਏ ਹਥਿਆਰਾਂ ਦੀ ਅਲਾਟਮੈਂਟ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ। ਪਿਛੋਂ ਚੋਣ ਜ਼ਾਬਤਾ ਲੱਗਣ ਕਰਕੇ ਮਾਮਲਾ ਲਟਕ ਗਿਆ ਸੀ। ਕੈਪਟਨ ਹਕੂਮਤ ਨੇ ਥੋੜੇ ਸਮੇਂ ਮਗਰੋਂ ਹੀ ਵਿਦੇਸ਼ੀ ਹਥਿਆਰ ਅਲਾਟ ਕਰਨੇ ਸ਼ੁਰੂ ਕਰ ਦਿੱਤੇ ਸਨ। ਅਕਾਲੀ ਮੌਕਾ ਖੁੰਝਾ ਗਏ ਸਨ।
ਗ੍ਰਹਿ ਵਿਭਾਗ ਪੰਜਾਬ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਜੋ ਸੂਚਨਾ ਮੀਮੋ ਨੰਬਰ 10/7/2011-2 ਗ 2/5408 ਮਿਤੀ 10 ਅਕਤੂਬਰ 2011 ਰਾਹੀਂ ਦਿੱਤੀ ਗਈ ਹੈ, ਉਸ ਮੁਤਾਬਿਕ ਗ੍ਰਹਿ ਵਿਭਾਗ ਨੇ ਹਥਿਆਰਾਂ ਦੀ ਅਲਾਟਮੈਂਟ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
            ਗ੍ਰਹਿ ਵਿਭਾਗ ਨੇ ਦੱਸਿਆ ਹੈ ਕਿ ਹਥਿਆਰ ਅਲਾਟ ਕਰਾਉਣ ਸਬੰਧੀ ਜੋ ਦਰਖਾਸਤਾਂ ਪੁੱਜੀਆਂ ਹਨ,ਉਨ•ਾਂ ਦੀ ਸੂਚੀ ਬਣਾਉਣ ਉਪਰੰਤ ਅਗਲੇਰੀ ਕਾਰਵਾਈ ਲਈ ਮਿਸਲ ਅਧਿਕਾਰੀਆਂ ਨੂੰ ਭੇਜੀ ਗਈ ਹੈ। ਦੱਸਿਆ ਗਿਆ ਹੈ ਕਿ ਜਮ•ਾਂ/ਜ਼ਬਤ ਕੀਤੇ ਹਥਿਆਰਾਂ ਦੀ ਅਲਾਟਮੈਂਟ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਪੱਤਰ ਨੰਬਰ ਵੀ-11020/7/97-ਆਰਮਜ਼ (ਐਨ.ਪੀ.ਬੀ) ਮਿਤੀ 16 ਅਕਤੂਬਰ 2001 ਅਨੁਸਾਰ ਕੀਤੀ ਜਾਂਦੀ ਹੈ। ਮੌਜੂਦਾ ਸਰਕਾਰ ਕੋਲ ਛੇ ਕੈਟਾਗਿਰੀ ਦੇ ਹਥਿਆਰ ਲੈਣ ਲਈ ਸਾਲ 2007 ਤੋਂ ਹੁਣ ਤੱਕ 1091 ਲੋਕਾਂ ਨੇ ਪਹੁੰਚ ਕੀਤੀ ਹੈ। ਪੰਜਾਬ ਸਰਕਾਰ ਨੂੰ ਸਾਲ 2009 'ਚ 600 ਦਰਖਾਸਤਾਂ ਇਸ ਸਬੰਧੀ ਮਿਲੀਆਂ ਸਨ ਜਦੋਂ ਕਿ ਸਾਲ 2010 'ਚ 233 ਲੋਕਾਂ ਨੇ ਪਹੁੰਚ ਕੀਤੀ। ਇਸ ਵਰੇ• 'ਚ ਹੁਣ ਤੱਕ 258 ਲੋਕ ਹਥਿਆਰ ਲੈਣ ਵਾਸਤੇ ਦਰਖਾਸਤਾਂ ਦੇ ਚੁੱਕੇ ਹਨ। ਸਭ ਤੋਂ ਵੱਧ ਦਰਖਾਸਤਾਂ ਐਫ ਕੈਟਾਗਿਰੀ ਤਹਿਤ 750 ਹਨ ਜਦੋਂ ਕਿ ਉਸ ਤੋਂ ਘੱਟ ਡੀ ਕੈਟਾਗਿਰੀ ਲਈ 282 ਦਰਖਾਸਤਾਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਿਕ ਆਮ ਪ੍ਰਾਈਵੇਟ ਲੋਕਾਂ ਦਾ ਅਲਾਟਮੈਂਟ ਕੋਟਾ ਕੇਵਲ 10 ਫੀਸਦੀ ਹੈ,ਉਹ ਵੀ ਨੇਤਾਵਾਂ ਦੇ ਨੇੜਲੇ ਲੋਕਾਂ ਦੇ ਹਿੱਸੇ ਹੀ ਆ ਜਾਂਦਾ ਹੈ।
           ਕੈਪਟਨ ਹਕੂਮਤ ਨੇ ਆਪਣੇ ਸਮੇਂ ਦੌਰਾਨ ਪੰਜ ਦਫਾ ਇਨ•ਾਂ ਹਥਿਆਰਾਂ ਦੀ ਅਲਾਟਮੈਂਟ ਲਈ ਨਿਲਾਮੀ ਕੀਤੀ ਸੀ। ਕਾਂਗਰਸ ਸਰਕਾਰ ਨੇ ਸਭ ਤੋਂ ਪਹਿਲਾਂ 7 ਨਵੰਬਰ 2003 ਅਤੇ ਉਸ ਮਗਰੋਂ 17 ਫਰਵਰੀ 2004 ਨੂੰ ਨਿਲਾਮੀ ਕੀਤੀ। ਇਸੇ ਤਰ•ਾਂ ਮੁੜ 1 ਜੂਨ 2004 ਅਤੇ 2 ਨਵੰਬਰ 2004 ਨੂੰ ਇਨ•ਾਂ ਹਥਿਆਰਾਂ ਦੀ ਨਿਲਾਮੀ ਕੀਤੀ ਗਈ ਸੀ। ਆਖਰੀ ਦਫਾ ਨਿਲਾਮੀ 7 ਜਨਵਰੀ 2011 ਨੂੰ ਕੀਤੀ ਗਈ ਸੀ। ਪੁਲੀਸ ਅਕੈਡਮੀ ਫਿਲੋਰ ਨੇ ਵੱਖਰੀ ਸੂਚਨਾ 'ਚ ਦੱਸਿਆ ਹੈ ਕਿ ਮੌਜੂਦਾ ਸਰਕਾਰ ਦੇ ਸਮੇਂ ਕੇਵਲ ਐਡੀਸ਼ਨਲ ਜ਼ਿਲ•ਾ ਤੇ ਸ਼ੈਸਨ ਜੱਜ ਚੰਡੀਗੜ• ਸ੍ਰੀ ਰਵੀ ਕੁਮਾਰ ਸੌਧੀ ਨੂੰ ਹੀ 7.65 ਐਮ.ਐਮ ਪਿਸਟਲ 50 ਹਜ਼ਾਰ ਰੁਪਏ ਦੀ ਕੀਮਤ ਵਿੱਚ ਅਲਾਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਆਪਣੇ ਨੇੜਲਿਆਂ ਨੂੰ ਕਰੀਬ 275 ਵਿਦੇਸ਼ੀ ਤੇ ਭਾਰਤੀ ਹਥਿਆਰ ਪੰਜ ਗੁਣਾ ਘੱਟ ਕੀਮਤ 'ਤੇ ਵੰਡੇ ਸਨ। ਉਦੋਂ ਮਾਲਵਾ ਪੱਟੀ ਦੇ 62 ਵੀ.ਆਈ.ਪੀ ਲੋਕਾਂ ਨੂੰ ਵਿਦੇਸ਼ੀ ਹਥਿਆਰ ਮਿਲੇ ਸਨ ਜਦੋਂ ਕਿ ਇਕੱਲੇ ਅੰਮ੍ਰਿਤਸਰ ਜ਼ਿਲੇ ਦੇ 65 ਵੀ.ਆਈ.ਪੀ ਲੋਕਾਂ ਨੇ ਸਭ ਤੋਂ ਵੱਧ ਹਥਿਆਰ ਅਲਾਟ ਕਰਾਏ ਸਨ। ਜ਼ਿਲਾ ਬਠਿੰਡਾ ਦੇ 10 ਵੀ.ਆਈ.ਪੀ ਲੋਕਾਂ ਨੂੰ ਹਥਿਆਰ ਅਲਾਟ ਹੋਏ ਸਨ। ਬਠਿੰਡਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੇ.ਏ.ਪੀ ਸਿਨਹਾ ਨੂੰ ਜਰਮਨੀ ਦਾ 32 ਬੋਰ ਪਿਸਟਲ ਮਾਊਜ਼ਰ ਸਿਰਫ 60 ਹਜ਼ਾਰ ਰੁਪਏ ਵਿੱਚ ਮਿਲ ਗਿਆ ਸੀ ਜਦੋਂ ਕਿ ਫਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਹੁਸਨ ਲਾਲ ਨੇ 32 ਬੋਰ ਪਿਸਟਲ 30 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਜ਼ਿਲਾ ਬਠਿੰਡਾ ਦੇ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਚੀਨ ਦਾ ਪਿਸਤੌਲ ਮਾਊਜ਼ਰ 7.62 ਐਮ.ਐਮ 25 ਹਜ਼ਾਰ ਦਾ ਖਰੀਦਿਆ ਸੀ।
            ਪਿੰਡ ਜੋਧਪੁਰ ਪਾਖਰ ਦੇ ਵਾਸੀ ਅਤੇ ਤਤਕਾਲੀ ਸ੍ਰੋਮਣੀ ਕਮੇਟੀ ਮੈਂਬਰ ਗੁਰਤੇਜ ਸਿੰਘ ਨੇ ਵੀ ਚੀਨ ਦਾ 32 ਬੋਰ ਪਿਸਤੌਲ 40 ਹਜ਼ਾਰ ਦਾ ਅਤੇ ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਚੈਕੋਸਲਵਾਕੀਆਂ ਦੀ 12 ਬੋਰ ਗੰਨ 15 ਹਜ਼ਾਰ ਦੀ ਖਰੀਦੀ ਸੀ। ਗੌਰਤਲਬ ਹੈ ਕਿ ਚੀਨ ਦੇ ਪਿਸਟਲ ਮਾਊਜ਼ਰ 7.62 ਐਮ.ਐਮ ਦੀ ਉਂਜ ਬਜ਼ਾਰੂ ਕੀਮਤ ਤਿੰਨ ਲੱਖ ਤੋਂ ਉਪਰ ਹੈ ਪ੍ਰੰਤੂ ਸਰਕਾਰ ਨੇ 25 ਹਜ਼ਾਰ 'ਚ ਹੀ ਅਲਾਟ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਹਥਿਆਰ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਮਾਲਖਾਨੇ ਵਿੱਚ ਜਮ•ਾਂ ਪਏ ਸਨ। ਨਿਯਮਾਂ ਅਨੁਸਾਰ ਜੋ ਅਸਲਾ ਅਲਾਟ ਕੀਤਾ ਜਾਂਦਾ ਹੈ, ਉਸ ਦੇ ਅਲਾਟੀ ਉਸਨੂੰ ਅਗਾਂਹ ਵੇਚ ਨਹੀਂ ਸਕਦੇ ਅਤੇ ਨਾ ਹੀ ਉਹ ਅਸਲਾ ਕਿਸੇ ਦੂਸਰੇ ਦੇ ਨਾਮ 'ਤੇ ਤਬਦੀਲ ਕਰਾ ਸਕਦੇ ਹਨ। ਵਿਦੇਸ਼ੀ ਹਥਿਆਰ ਅਲਾਟ ਕਰਾਉਣ ਵਾਲਿਆਂ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਰਾਜਨ ਕਸਯਪ ਅਤੇ ਉਸਦਾ ਪੁੱਤਰ ਅਨੁਰਾਗ ਕਸਯਪ ਵੀ ਸ਼ਾਮਲ ਹੈ। ਤਤਕਾਲੀ ਮੰਤਰੀ ਚੌਧਰੀ ਸੰਤੋਖ ਸਿੰਘ ਅਤੇ ਭੁਪਿੰਦਰ ਸਿੰਘ ਨੇ ਵੀ ਅਮਰੀਕਾ ਤੇ ਜਰਮਨੀ ਦੇ ਰਿਵਾਲਵਰ ਅਲਾਟ ਕਰਾਏ ਸਨ। ਪ੍ਰਤਾਪ ਸਿੰਘ ਬਾਜਵਾ ਨੇ ਵੀ ਅਮਰੀਕਾ ਦਾ 32 ਬੋਰ ਦਾ ਰਿਵਾਲਵਰ 50 ਹਜ਼ਾਰ 'ਚ ਖਰੀਦਿਆ ਸੀ। ਇਵੇਂ ਹੀ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਿਜੇ ਇੰਦਰ ਸਿੰਗਲਾ ਨੇ ਵੀ ਚੀਨ ਦਾ ਪਿਸਟਲ ਮਾਊਜਰ 7.62 ਐਮ.ਐਮ 25 ਹਜ਼ਾਰ 'ਚ ਖਰੀਦਿਆ ਸੀ। ਇੱਕ ਦਰਜ਼ਨ ਦੇ ਕਰੀਬ ਡੀ.ਐਸ.ਪੀਜ਼ ਅਤੇ ਐਸ.ਡੀ.ਐਮਜ਼ ਨੇ ਵੀ ਹਥਿਆਰ ਲਏ ਹਨ।
                                                     ਚੀਨ ਦੇ ਹਥਿਆਰ ਛਾਏ।
ਪੰਜਾਬ ਸਰਕਾਰ ਵਲੋਂ 'ਆਪਣਿਆ' ਨੂੰ ਮਿੱਟੀ ਦੇ ਭਾਅ 79 ਹਥਿਆਰ ਚੀਨ ਦੇ ਬਣੇ ਹੋਏ ਵੰਡੇ ਸਨ ਜਦੋਂ ਕਿ ਅਮਰੀਕਾ ਦੇ 7 ਹਥਿਆਰਾਂ ਦੀ ਅਲਾਟਮੈਂਟ ਕੀਤੀ ਗਈ ਸੀ। ਇਸੇ ਤਰ•ਾਂ ਜਰਮਨੀ ਦੇ 11 ਹਥਿਆਰ ਅਤੇ ਇੰਗਲੈਂਡ ਦੇ 3 ਹਥਿਆਰਾਂ ਨੂੰ ਅਸਲੀ ਕੀਮਤ ਨਾਲੋਂ ਕਈ ਗੁਣਾ ਘੱਟ ਕੀਮਤ 'ਤੇ ਲੀਡਰਾਂ ਨੂੰ ਦੇ ਦਿੱਤੇ। ਕਾਫੀ ਹਥਿਆਰ ਭਾਰਤ ਦੇ ਵੀ ਸਨ ਪ੍ਰੰਤੂ ਤਰਜੀਹ ਵਿਦੇਸ਼ੀ ਹਥਿਆਰਾਂ ਨੂੰ ਦਿੱਤੀ ਗਈ ਹੈ। ਸਪੇਨ ਦੇ ਵੀ ਦੋ ਹਥਿਆਰ ਦਿੱਤੇ ਗਏ ਹਨ। ਇਸੇ ਤਰ•ਾਂ ਬੈਲਜੀਅਮ,ਲੰਡਨਅਤੇ ਚੈਕੋਸਲਵਾਕੀਆਂ ਦੇ ਹਥਿਆਰਾਂ ਨੂੰ ਵੀ ਲੀਡਰਾਂ ਤੇ ਅਫਸਰਾਂ ਨੇ ਖਰੀਦਣ ਵਿੱਚ ਤਰਜ਼ੀਹ ਦਿੱਤੀ ਹੈ। ਕਾਂਗਰਸੀ ਤਾਂ ਮਿਲੇ ਗੱਫਿਆ ਤੋਂ ਖੁਸ਼ ਹਨ ਤੇ ਹੁਣ ਅਕਾਲੀਆਂ ਦੀ ਵਾਰੀ ਹੈ।