Sunday, July 15, 2012


                                                                                             
               ਸ਼ੇਰ ਦਿਲ ਪੰਜਾਬੀ
  ਗਿੱਦੜਾਂ ਨੂੰ ਗੋਦ ਲੈਣ ਤੋਂ ਡਰੇ...
                ਚਰਨਜੀਤ ਭੁੱਲਰ
ਬਠਿੰਡਾ : ਕੋਈ ਵੀ ਪੰਜਾਬੀ ਗਿੱਦੜ ਨੂੰ ਗੋਦ ਲੈਣ ਨੂੰ ਤਿਆਰ ਨਹੀਂ ਹੈ। ਨਾ ਏਦਾਂ ਦਾ ਕੋਈ ਪੰਜਾਬੀ ਹੈ, ਜੋ ਸ਼ੇਰ ਨੂੰ ਗੋਦ ਲੈਣ ਲਈ ਤਿਆਰ ਹੋਵੇ। ਕਹਿ ਲਓ ਕਿ ਲੋਕਾਂ ਦੀ ਨਜ਼ਰ ਵਿੱਚ ਗਧੇ ਘੋੜੇ ਦਾ ਇੱਕੋ ਮੁੱਲ ਹੈ। ਜੰਗਲੀ ਜੀਵ ਰੱਖਿਆ ਮਹਿਕਮੇ ਦੀ ਨਿਗ੍ਹਾ ਵਿੱਚ ਸਭ ਜਾਨਵਰਾਂ ਦਾ ਮੁੱਲ ਵੱਖੋ ਵੱਖਰਾ ਹੈ। ਜੰਗਲੀ ਜੀਵ ਰੱਖਿਆ ਵਿਭਾਗ ਦੀ ਜਾਨਵਰਾਂ ਨੂੰ ਅਡਾਪਟ (ਗੋਦ) ਦੇਣ ਦੀ ਸਕੀਮ ਫੇਲ੍ਹ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਅਡਾਪਸ਼ਨ ਸਕੀਮ ਬਣਾਈ ਗਈ ਸੀ, ਜਿਸ ਤਹਿਤ ਚਿੜੀਆਘਰਾਂ ਦੇ ਜਾਨਵਰਾਂ ਦੇ ਗੋਦ ਲੈਣ ਦੇ ਪ੍ਰਤੀ ਮਹੀਨਾ ਅਤੇ ਸਲਾਨਾ ਦੇ ਮੁੱਲ ਤੈਅ ਕੀਤੇ ਹੋਏ ਹਨ। ਲੋਕਾਂ ਦਾ ਜਾਨਵਰਾਂ ਪ੍ਰਤੀ ਲਗਾਓ ਵਧਾਉਣ ਲਈ ਅਤੇ ਸਰਕਾਰੀ ਖਰਚੇ ਘਟਾਉਣ ਲਈ ਇਹ ਅਡਾਪਸ਼ਨ ਸਕੀਮ ਤਿਆਰ ਕੀਤੀ ਗਈ ਸੀ। ਕੋਈ ਵੀ ਵਿਅਕਤੀ ਆਪਣੇ ਮਨਪਸੰਦ ਦਾ ਜਾਨਵਰ ਪ੍ਰਤੀ ਮਹੀਨਾ ਨਿਸ਼ਚਿਤ ਪੈਸਾ ਦੇ ਕੇ ਅਡਾਪਟ (ਗੋਦ) ਲੈ ਸਕਦਾ ਹੈ। ਛੱਤਬੀੜ, ਲੁਧਿਆਣਾ ਅਤੇ ਪਟਿਆਲਾ ਵਿਖੇ ਬਹੁਤ ਥੋੜ੍ਹੇ ਲੋਕਾਂ ਨੇ ਸ਼ੁਰੂ ਵਿੱਚ ਜਾਨਵਰਾਂ ਨੂੰ ਗੋਦ ਲੈਣ ਵਿੱਚ ਦਿਲਚਸਪੀ ਦਿਖਾਈ। ਮਗਰੋਂ ਲੋਕਾਂ ਦਾ ਰੁਚੀ ਘਟ ਗਈ। ਬਠਿੰਡਾ ਦੇ ਬੀੜ ਤਲਾਬ ਹਿਰਨ ਪਾਰਕ ਵਿੱਚ ਅੱਜ ਤੱਕ ਕਿਸੇ ਵੀ ਵਿਅਕਤੀ ਨੇ ਕੋਈ ਜਾਨਵਰ ਗੋਦ ਨਹੀਂ ਲਿਆ। ਜੰਗਲੀ ਜੀਵ ਰੱਖਿਆ ਮਹਿਕਮੇ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਕੋਈ ਰੁਚੀ ਨਹੀਂ ਦਿਖਾਈ।
       ਜੰਗਲੀ ਜੀਵ ਰੱਖਿਆ ਮਹਿਕਮੇ ਨੇ ਬਾਕਾਇਦਾ ਜਾਨਵਰਾਂ ਨੂੰ ਗੋਦ ਲੈਣ ਦੇ 34 ਤਰ੍ਹਾਂ ਦੇ ਜਾਨਵਰਾਂ ਦਾ ਮੁੱਲ ਤੈਅ ਕੀਤੇ ਹਨ। ਭਾਰਤੀ ਸ਼ੇਰ ਨੂੰ ਗੋਦ ਲੈਣ ਦੀ ਰਾਸ਼ੀ 84 ਹਜ਼ਾਰ ਰੁਪਏ ਸਲਾਨਾ ਹੈ, ਜਦੋਂ ਕਿ ਗਿੱਦੜ ਨੂੰ ਗੋਦ ਲੈਣ ਦਾ ਮੁੱਲ ਸਲਾਨਾ 29500 ਰੁਪਏ ਹੈ। ਸਭ ਤੋਂ ਮਹਿੰਗਾ ਮੁੱਲ ਹਾਥੀ ਦਾ 2.09 ਲੱਖ ਰੁਪਏ ਸਾਲਾਨਾ ਹੈ ਅਤੇ ਦਰਿਆਈ ਘੋੜੇ ਦਾ ਗੋਦ ਲੈਣ ਦਾ ਮੁੱਲ ਸਾਲਾਨਾ 1.39 ਲੱਖ ਰੁਪਏ ਹੈ। ਚੀਤੇ ਦਾ ਮੁੱਲ 37200 ਰੁਪਏ ਅਤੇ ਹਿਰਨ ਦਾ ਗੋਦ ਲੈਣ ਦਾ ਮੁੱਲ 12600 ਰੁਪਏ ਸਾਲਾਨਾ ਹੈ। ਜੇ ਕੋਈ ਬਾਂਦਰ ਨੂੰ ਗੋਦ ਲੈਣਾ ਚਾਹੇ ਤਾਂ ਉਸ ਨੂੰ 15300 ਰੁਪਏ ਸਾਲਾਨਾ ਦੇਣੇ ਪੈਣਗੇ। ਏਦਾਂ ਹੀ ਜੰਗਲੀ ਮੱਝ ਨੂੰ ਗੋਦ ਲੈਣ ਦੀ ਰਾਸ਼ੀ 40700 ਰੁਪਏ ਸਾਲਾਨਾ ਹੈ, ਜਦੋਂ ਕਿ ਮਗਰਮੱਛ ਅਡਾਪਟ ਕਰਨ ਦੀ ਰਾਸ਼ੀ ਸਲਾਨਾ 46300 ਰੁਪਏ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ 14 ਤਰ੍ਹਾਂ ਦੇ ਪੰਛੀਆਂ ਨੂੰ ਅਡਾਪਟ ਕਰਨ ਦੀ ਰਾਸ਼ੀ ਲਿਖੀ ਹੋਈ ਹੈ। ਕੌਮੀ ਪੰਛੀ ਮੋਰ ਨੂੰ ਗੋਦ ਲੈਣ ਦੀ ਰਾਸ਼ੀ 2800 ਰੁਪਏ ਸਾਲਾਨਾ ਅਤੇ ਤੋਤੇ ਨੂੰ ਗੋਦ ਲੈਣ ਲਈ ਸਾਲਾਨਾ 4500 ਰੁਪਏ ਦੇਣੇ ਪੈਣਗੇ। ਇਵੇਂ ਹੀ  ਤਿੱਤਰ ਦਾ ਮੁੱਲ 1000 ਰੁਪਏ, ਕਬੂਤਰ ਦਾ 400 ਰੁਪਏ, ਬੱਤਖ ਦਾ 1600 ਰੁਪਏ, ਕੱਛੂਕੁੰਮੇ ਦਾ 8200 ਰੁਪਏ, ਈਮੂ ਦਾ 53400 ਰੁਪਏ ਅਤੇ ਉੱਲੂ ਦਾ 8100 ਰੁਪਏ ਸਾਲਾਨਾ ਗੋਦ ਲੈਣ ਦਾ ਮੁੱਲ ਹੈ।
        ਬਠਿੰਡਾ ਦੇ ਹਿਰਨ ਪਾਰਕ ਵਿੱਚ 200 ਤੋਂ ਜ਼ਿਆਦਾ ਜਾਨਵਰ ਹਨ ਅਤੇ ਇਹ 32 ਏਕੜ ਵਿੱਚ ਹੈ। ਇਥੇ ਜਾਨਵਰਾਂ ਦੇ 15 ਵਲਗਣ ਹਨ। ਇੱਥੇ ਕਾਲੇ ਹਿਰਨ ਵੀ ਕਾਫੀ ਗਿਣਤੀ ਵਿੱਚ ਹਨ। ਅੱਜ ਤੱਕ ਇਸ ਹਿਰਨ ਪਾਰਕ ਵਿੱਚ ਕਿਸੇ ਨੇ ਵੀ ਕੋਈ ਜਾਨਵਰ ਅਡਾਪਟ ਨਹੀਂ ਕੀਤਾ। ਜ਼ਿਲ੍ਹਾ ਜੰਗਲਾਤ ਅਫਸਰ ਬਠਿੰਡਾ ਕੇ.ਕੰਨਨ ਦਾ ਕਹਿਣਾ ਸੀ ਕਿ ਅਸਲ ਵਿੱਚ ਲੋਕਾਂ ਦਾ ਜਾਨਵਰਾਂ ਪ੍ਰਤੀ ਬਹੁਤਾ ਪਿਆਰ ਨਹੀਂ ਹੈ, ਜਿਸ ਕਰਕੇ ਮਹਿਕਮੇ ਦੀ ਅਡਾਪਸ਼ਨ ਸਕੀਮ ਨੂੰ ਹੁੰਗਾਰਾ ਨਹੀਂ ਮਿਲ ਰਿਹਾ। ਸੂਚਨਾ ਅਨੁਸਾਰ ਲੁਧਿਆਣਾ ਦੇ ਨੀਲੋ ਵਿਖੇ ਹਿਰਨ ਪਾਰਕ ਵਿੱਚ ਜਾਨਵਰਾਂ ਅਤੇ ਪੰਛੀਆਂ ਦੀਆਂ ਕਰੀਬ 10 ਨਸਲਾਂ ਹਨ, ਜਿਨ੍ਹਾਂ ਵਿੱਚ ਕਿਸੇ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ। ਲੁਧਿਆਣਾ ਚਿੜੀਆਘਰ ਵਿੱਚ ਪੰਜ ਸ਼ੇਰਾਂ ਤੋਂ ਬਿਨਾਂ ਪੰਛੀਆਂ ਦੀਆਂ 6 ਅਤੇ ਜਾਨਵਰਾਂ ਦੀਆਂ 9 ਹੋਰ ਨਸਲਾਂ ਹਨ।
        ਜ਼ਿਲ੍ਹਾ ਜੰਗਲਾਤ ਅਫਸਰ ਲੁਧਿਆਣਾ ਦਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਸ਼ੁਰੂ ਵਿੱਚ ਤਾਂ ਕੁਝ ਲੋਕਾਂ ਨੇ ਜਾਨਵਰ ਥੋੜ੍ਹੇ ਸਮੇਂ ਵਾਸਤੇ ਅਡਾਪਟ ਕੀਤੇ ਸਨ ਪਰ ਹੁਣ ਬਹੁਤ ਅਡਾਪਸ਼ਨ ਹੋ ਨਹੀਂ ਰਹੀ ਹੈ। ਬਹੁਤੇ ਲੋਕਾਂ ਵੱਲੋਂ ਰੁਚੀ ਨਹੀਂ ਦਿਖਾਈ ਗਈ। ਪਟਿਆਲਾ ਦੇ ਪੰਛੀ ਘਰ ਨੂੰ ਵੀ ਇਹੋ ਜੇਹਾ ਹੀ ਹੁੰਗਾਰਾ ਮਿਲਿਆ ਹੈ। ਪਤਾ ਲਗਿੱਆ ਹੈ ਕਿ ਛੱਤਬੀੜ ਵਿਖੇ ਕੁਝ ਲੋਕਾਂ ਨੇ ਥੋੜ੍ਹੇ ਸਮੇਂ ਲਈ ਕੁਝ ਜਾਨਵਰ ਅਤੇ ਪੰਛੀ ਅਡਾਪਟ ਕੀਤੇ ਸਨ। ਜ਼ਿਆਦਾ ਥਾਵਾਂ 'ਤੇ ਜਾਨਵਰ ਗੋਦ ਹੀ ਨਹੀਂ ਲਏ ਗਏ। ਪੀਪਲਜ਼ ਫਾਰ ਐਨੀਮਲਜ਼ ਸੰਸਥਾ ਦੇ ਪ੍ਰਧਾਨ ਗੌਰਵ ਗੋਇਲ ਦਾ ਕਹਿਣਾ ਸੀ ਕਿ ਪੰਜਾਬੀ ਲੋਕ ਜਾਨਵਰ ਅਤੇ ਪੰਛੀ ਪ੍ਰੇਮੀ ਤਾਂ ਹਨ ਪਰ ਜੀਵ ਰੱਖਿਆ ਮਹਿਕਮੇ ਨੇ ਮੁਢਲੇ ਪੜਾਅ 'ਤੇ ਹੀ ਜਾਨਵਰਾਂ ਨੂੰ ਗੋਦ ਲੈਣ ਦਾ ਮੁੱਲ ਕਾਫੀ ਜ਼ਿਆਦਾ ਰੱਖ ਦਿੱਤਾ ਹੈ, ਜਿਸ ਕਰਕੇ ਇਸ ਸਕੀਮ ਨੂੰ ਹੁੰਗਾਰਾ ਨਹੀਂ ਮਿਲ ਰਿਹਾ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਜਾਨਵਰਾਂ ਨਾਲ ਜੋੜਨ ਵਾਸਤੇ ਇਨ੍ਹਾਂ ਦਰਾਂ ਨੂੰ ਘਟਾਇਆ ਜਾਵੇ। ਉਨ੍ਹਾਂ ਆਖਿਆ ਕਿ ਸ਼ੁਰੂ ਵਿੱਚ ਇਹ ਦਰਾਂ ਘੱਟ ਰੱਖਣੀਆਂ ਪੈਣਗੀਆਂ।
                          ਗੋਦ ਲੈਣ ਦੀ ਸਕੀਮ ਕੀ ਹੈ ?
ਜੀਵ ਰੱਖਿਆ ਮਹਿਕਮੇ ਦੀ ਅਡਾਪਸ਼ਨ ਸਕੀਮ ਮੁਤਾਬਿਕ ਕੋਈ ਵੀ ਵਿਅਕਤੀ ਜਾਂ ਸੰਸਥਾ ਪੰਜਾਬ ਦੇ ਚਿੜੀਆ ਘਰਾਂ ਵਿਚਲੇ ਕਿਸੇ ਵੀ ਜਾਨਵਰ ਜਾਂ ਪੰਛੀ ਨੂੰ ਗੋਦ ਲੈ ਸਕਦੀ ਹੈ। ਬਦਲੇ ਵਿੱਚ ਉਸ ਵਿਅਕਤੀ ਜਾਂ ਸੰਸਥਾ ਨੂੰ ਮਹੀਨਾਵਾਰ/ਸਲਾਨਾ ਜਾਨਵਰ ਦੀ ਖੁਰਾਕ ਅਤੇ ਅਵਾਸ ਦਾ ਖਰਚਾ ਦੇਣਾ ਪਵੇਗਾ। ਗੋਦ ਲਏ ਜਾਨਵਰ ਦੇ ਪਿੰਜਰੇ ਦੇ ਅੱਗੇ ਗੋਦ ਲੈਣ ਵਾਲੇ ਵਿਅਕਤੀ ਦਾ ਨਾਮ ਵੀ ਲਿਖਿਆ ਜਾਵੇਗਾ। ਜੋ ਵੀ ਵਿਅਕਤੀ ਕਿਸੇ ਜਾਨਵਰ ਜਾਂ ਪੰਛੀ ਨੂੰ ਗੋਦ ਲਵੇਗਾ, ਉਸ ਨੂੰ ਪੰਜਾਬ ਦੇ ਚਿੜੀਆ ਘਰਾਂ ਵਿੱਚ ਸਾਲ ਵਿੱਚ ਚਾਰ ਦਫਾ ਪ੍ਰਵਾਰ ਸਮੇਤ ਸੈਰ ਕਰਨ ਦੇ ਮੁਫਤ ਪਾਸ ਜਾਰੀ ਕੀਤੇ ਜਾਣਗੇ। ਅਗਰ ਕੋਈ ਪੰਛੀ ਗੋਦ ਲੈਣਾ ਚਾਹੁੰਦੇ ਹੈ ਤਾਂ ਉਸ ਨੂੰ ਘੱਟੋ ਘੱਟ ਪੰਜ ਪੰਛੀ ਗੋਦ ਲੈਣੇ ਲਾਜ਼ਮੀ ਹਨ।

No comments:

Post a Comment