Friday, July 27, 2012


                ਤਰਕੀਬ
ਹਿਰਨ ਪਾਰਕ ਨੂੰ ਚਿੰਬੜੇ 'ਭੂਤ'
            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਹਿਰਨ ਪਾਰਕ ਦੀ ਚਮਕ ਦਮਕ 'ਭੂਤਾਂ' ਨੂੰ ਪਸੰਦ ਨਹੀਂ ਹੈ। ਤਾਹੀਓਂ ਬੀੜ ਤਲਾਬ ਦੇ 'ਭੂਤ' ਵਿਕਾਸ ਕੰਮਾਂ ਨੂੰ ਬਰੇਕ ਲਾ ਰਹੇ ਹਨ। ਜੰਗਲੀ ਬੀੜ ਦੀ ਚਾਰਦੀਵਾਰੀ ਕਰਨ ਵਾਲੇ ਮਜ਼ਦੂਰਾਂ ਨੂੰ ਇਹ 'ਭੂਤ' ਭਜਾ ਚੁੱਕੇ ਹਨ। ਬਠਿੰਡਾ ਨਹਿਰ ਟੁੱਟਣ ਕਰਕੇ ਚਾਰਦੀਵਾਰੀ ਡਿੱਗ ਪਈ ਹੈ, ਜਿਸ ਨੂੰ ਮੁੜ ਉਸਾਰਨ ਵਾਸਤੇ ਹੁਣ ਮਜ਼ਦੂਰਾਂ ਦੀ ਲੋੜ ਹੈ। ਹੁਣ ਕੋਈ ਮਜ਼ਦੂਰ ਇਥੇ ਕੰਮ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ 'ਭੂਤਾਂ' ਦੀ ਮਾਰ ਨਹੀਂ ਝੱਲ ਸਕਦੇ। ਹਿਰਨ ਪਾਰਕ ਦੇ ਕੰਮ ਇਨ੍ਹਾਂ 'ਭੂਤਾਂ' ਕਰਕੇ ਦੋ ਮਹੀਨੇ ਲੇਟ ਹੋ ਗਏ ਸਨ। ਹੁਣ ਨਵੇਂ ਕੰਮ ਕਰਾਉਣ ਵਾਸਤੇ ਮਜ਼ਦੂਰਾਂ ਦੀ ਲੋੜ ਪੈਣੀ ਹੈ ਪਰ ਕੋਈ ਮਜ਼ਦੂਰ ਤਿਆਰ ਨਹੀਂ ਹੋ ਰਿਹਾ। ਪ੍ਰਾਈਵੇਟ ਠੇਕੇਦਾਰਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਬੀੜ ਤਲਾਬ ਦੇ 'ਭੂਤਾਂ' ਤੋਂ ਹੀ ਹੈ। ਕੁਝ ਸਮਾਂ ਪਹਿਲਾਂ ਹਿਰਨ ਪਾਰਕ ਵਿੱਚ ਕਾਫੀ ਵਿਕਾਸ ਦੇ ਕੰਮ ਹੋਏ ਹਨ, ਜਿਨ੍ਹਾਂ ਤਹਿਤ ਹਿਰਨ ਸਫਾਰੀ ਬਣਾਉਣ ਲਈ ਪੂਰੇ ਜੰਗਲ ਦੀ ਚਾਰਦੀਵਾਰੀ ਕੀਤੀ ਗਈ ਹੈ। ਨਵੀਆਂ ਸੜਕਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਕੰਡਿਆਲੀ ਤਾਰ ਲਾਈ ਗਈ ਹੈ। ਹਿਰਨ ਪਾਰਕ ਨੂੰ ਆਧੁਨਿਕ ਬਣਾਉਣ ਵਾਸਤੇ ਦੋ ਤਿੰਨ ਪ੍ਰਾਈਵੇਟ ਠੇਕੇਦਾਰਾਂ ਨੂੰ ਕੰਮ ਅਲਾਟ ਹੋਇਆ ਸੀ, ਜਿਨ੍ਹਾਂ ਦੀ ਲੇਬਰ ਨੂੰ 'ਭੂਤਾਂ' ਨੇ ਰਾਤਾਂ ਨੂੰ ਭਜਾ ਦਿੱਤਾ ਸੀ। ਇਹ ਕੰਮ ਦੋ ਮਹੀਨੇ ਲੇਟ ਹੋ ਗਿਆ।
       ਪ੍ਰਾਈਵੇਟ ਠੇਕੇਦਾਰ ਤਰਸੇਮ ਕੁਮਾਰ ਨੇ ਤਾਂ ਲੋਕ ਨਿਰਮਾਣ ਮਹਿਕਮੇ ਨੂੰ 'ਭੂਤਾਂ' ਦੀ ਸ਼ਿਕਾਇਤ ਵਾਲਾ ਪੱਤਰ ਵੀ ਲਿਖ ਲਿਆ ਸੀ ਪਰ ਮਗਰੋਂ ਉਸ ਨੇ ਜ਼ੁਬਾਨੀ ਤੌਰ 'ਤੇ ਹੀ ਸੂਚਿਤ ਕਰ ਦਿੱਤਾ। ਤਰਸੇਮ ਕੁਮਾਰ ਨੇ ਦੱਸਿਆ ਕਿ ਉਸ ਦੀ ਲੇਬਰ ਹਿਰਨ ਪਾਰਕ ਦੇ ਜੰਗਲ ਦੇ ਅੰਦਰ ਰਹਿੰਦੀ ਸੀ। ਕੁਝ ਮਜ਼ਦੂਰਾਂ ਨੇ ਦੱਸਿਆ ਕਿ ਰਾਤ ਵਕਤ ਜੰਗਲ ਵਿੱਚ ਭੂਤ ਆਉਂਦੇ ਹਨ, ਜੋ ਉਨ੍ਹਾਂ ਨੂੰ ਡਰਾਉਂਦੇ ਹਨ। ਉੱਚੀ ਉੱਚੀ ਆਵਾਜ਼ਾਂ ਕੱਢਦੇ ਹਨ ਅਤੇ ਦਗੜ ਦਗੜ ਹੁੰਦੀ ਹੈ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਵਕਤ ਭੱਜਣਾ ਵੀ ਪਿਆ ਹੈ। ਤਰਸੇਮ ਕੁਮਾਰ ਨੇ ਦੱਸਿਆ ਕਿ ਉਸ ਦੀ ਸਾਰੀ ਲੇਬਰ ਇਨ੍ਹਾਂ 'ਭੂਤਾਂ' ਨੇ ਭਜਾ ਦਿੱਤੀ, ਜਿਸ ਕਰਕੇ ਉਸ ਦਾ ਕੰਮ ਵੀ ਪਛੜ ਗਿਆ। ਉਸ ਨੇ ਦੱਸਿਆ ਕਿ ਉਸ ਨੇ ਮੁੜ ਲੇਬਰ ਲਿਆਂਦੀ, ਜਿਨ੍ਹਾਂ ਦੇ ਰਹਿਣ ਵਾਸਤੇ ਦੋ ਕਿਲੋਮੀਟਰ ਦੂਰ ਇਕ ਏਕੜ ਜਗ੍ਹਾ ਲਈ। ਉਸ ਨੇ ਦੱਸਿਆ ਕਿ ਦਿਨ ਛਿਪਣ ਤੋਂ ਪਹਿਲਾਂ ਹੀ ਲੇਬਰ ਬੀੜ ਤਲਾਬ ਵਿੱਚੋਂ ਨਿਕਲ ਜਾਂਦੀ ਸੀ। ਉਸ ਨੇ ਦੱਸਿਆ ਕਿ 'ਭੂਤਾਂ' ਨੇ ਉਨ੍ਹਾਂ ਨੂੰ ਵੱਡੇ ਸੰਕਟ ਵਿੱਚ ਪਾਈ ਰੱਖਿਆ, ਜਿਸ ਦੀ ਸੂਚਨਾ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ। ਇਸ ਤਰ੍ਹਾਂ ਹੀ 'ਭੁੱਲਰ ਕੰਸਟਰਕਸ਼ਨ ਕੰਪਨੀ' ਦੇ ਮਜ਼ਦੂਰ ਵੀ ਇਨ੍ਹਾਂ 'ਭੂਤਾਂ' ਨੇ ਭਜਾ ਦਿੱਤੇ ਸਨ। ਇਸ ਕੰਪਨੀ ਦੇ ਮਾਲਕ ਮੇਵਾ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਕੋਲ ਦੋ ਮਜ਼ਦੂਰਾਂ ਨੇ 'ਭੂਤਾਂ' ਦੀ ਸ਼ਿਕਾਇਤ ਰੱਖੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਵੇਂ ਮਜ਼ਦੂਰ ਲਿਆਉਣੇ ਪਏ ਸਨ।
         ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੁਲਬੀਰ ਸਿੰਘ ਸੰਧੂ ਦਾ ਕਹਿਣ ਸੀ ਕਿ ਬੀੜ ਤਲਾਬ ਵਿੱਚ ਇਹ ਦਿੱਕਤ ਆਈ ਸੀ ਅਤੇ ਠੇਕੇਦਾਰਾਂ ਨੇ 'ਭੂਤਾਂ' ਦੀ ਸ਼ਿਕਾਇਤ ਕੀਤੀ ਸੀ, ਜਿਸ ਕਰਕੇ ਮਜ਼ਦੂਰਾਂ ਦੀ ਮੁਸ਼ਕਲ ਬਣੀ ਗਈ ਸੀ। ਉਨ੍ਹਾਂ ਦੱਸਿਆ ਕਿ ਕੰਮ ਵੀ ਇਸ ਕਰਕੇ ਪਛੜ ਗਿਆ ਸੀ। ਦੂਜੇ ਪਾਸੇ ਜ਼ਿਲ੍ਹਾ ਜੰਗਲਾਤ ਅਫਸਰ ਕੇ.ਕੰਨਨ ਦਾ ਕਹਿਣਾ ਸੀ ਕਿ ਭੂਤਾਂ ਵਾਲੀ ਗੱਲ ਸਾਹਮਣੇ ਆਈ ਸੀ ਪਰ ਉਹ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ।ਥਾਣਾ ਬਠਿੰਡਾ (ਸਦਰ) ਦੇ ਮੁੱਖ ਥਾਣਾ ਅਫਸਰ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਜੇ ਕਿਸੇ ਨੂੰ ਵੀ ਕੋਈ 'ਭੂਤ' ਪ੍ਰੇਸ਼ਾਨ ਕਰਦਾ ਹੈ ਤਾਂ ਪੁਲੀਸ ਨੂੰ ਫੌਰੀ ਇਤਲਾਹ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਉਹ ਇਸ ਗੱਲ 'ਤੇ ਭਰੋਸਾ ਨਹੀਂ ਕਰਦੇ ਹਨ ਪਰ ਉਹ ਇਨ੍ਹਾਂ 'ਭੂਤਾਂ' ਦੀ ਸੱਚਾਈ ਜ਼ਰੂਰ ਜਾਣਨਗੇ।  
                              ਇਹ ਭੂਤ ਕੌਣ ਹਨ
ਅਸਲ ਵਿੱਚ ਬੀੜ ਤਲਾਬ ਇਲਾਕੇ ਵਿੱਚ ਕਾਫੀ ਲੱਕੜ ਚੋਰ ਹਨ ਜੋ ਬੀੜ ਚੋਂ ਲੱਕੜਾਂ ਚੋਰੀ ਕਰਦੇ ਹਨ। ਸਰਕਾਰ ਵਲੋਂ ਜੋ ਚਾਰਦਵਾਰੀ ਕੀਤੀ ਗਈ ਹੈ, ਉਸ ਨਾਲ ਇਹ ਚੋਰੀ ਰੁਕ ਜਾਣੀ ਹੈ ਜਿਸ ਦਾ ਡਰ ਲੱਕੜ ਮਾਫੀਏ ਨੂੰ ਸੀ, ਲੱਕੜ ਮਾਫੀਆ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਹ ਕੰਮ ਸਿਰੇ ਨਾ ਚੜੇ ਜਿਸ ਕਰਕੇ ਲੱਕੜ ਮਾਫੀਏ ਦੇ ਮੈਂਬਰ ਰਾਤ ਵਕਤ ਕੰਮ ਤੇ ਲੱਗੇ ਮਜ਼ਦੂਰਾਂ ਨੂੰ ਭੂਤਾਂ ਬਣਕੇ ਡਰਾਉਂਦੇ ਸਨ। ਇਨ੍ਹਾਂ ਭੂਤਾਂ ਕਰਕੇ ਹੀ ਕਾਫੀ ਸਮਾਂ ਇਹ ਕੰਮ ਪਛੜ ਗਿਆ ਹੈ। ਹੁਣ ਫਿਰ ਨਵੇਂ ਮਜ਼ਦੂਰ ਨਹੀਂ ਲੱਭ ਰਹੇ ਹਨ ਕਿਉਂਕਿ ਉਹ ਬੀੜ ਤਲਾਬ ਦੀਆਂ ਭੂਤਾਂ ਤੋਂ ਡਰਦੇ ਹਨ।

No comments:

Post a Comment