Thursday, January 18, 2024

                                                       ਪੰਜਾਬ ਦਾ ਕਿੰਨੂ
                                        ਨਾਗਪੁਰੀ ਸੰਤਰੇ ਨੂੰ ਖੱਟਾ ਕਰੇਗਾ
                                                        ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਦਾ ਕਿੰਨੂ ਹੁਣ ਨਾਗਪੁਰ ਦੇ ਸੰਤਰੇ ਨਾਲ ਭਿੜਨ ਜਾ ਰਿਹਾ ਹੈ। ਆਖਰ ਪੰਜਾਬ ਸਰਕਾਰ ਨੇ ਪੰਜਾਬੀ ਕਿੰਨੂ ਨੂੰ ਠੁੰਮ੍ਹਣਾ ਦੇਣ ਦਾ ਫ਼ੈਸਲਾ ਕੀਤਾ। ਹਾਲਾਤ ਇਹ ਹਨ ਕਿ ਕਿੰਨੂ ਦੇ ਭਾਅ ਦੀ ਮੰਦਹਾਲੀ ਨੇ ਬਾਗਬਾਨ ਭੁੰਜੇ ਸੁੱਟ ਦਿੱਤੇ ਹਨ, ਜਿਸ ਕਾਰਨ ਅੱਕੇ ਹੋਏ ਕਿੰਨੂ ਉਤਪਾਦਕ ਬਾਗ ਪੁੱਟਣ ਲਈ ਮਜਬੂਰ ਹਨ। ਹੁਣ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਨੇ ਕਿੰਨੂ ਬਾਜ਼ਾਰ ਵਿਚ ਦਖਲ ਦਿੱਤਾ ਹੈ ਤਾਂ ਜੋ ਬਾਗਬਾਨਾਂ ਦੀ ਲੁੱਟ ਨੂੰ ਬਚਾਇਆ ਜਾ ਸਕੇ। ਕਾਰਪੋਰੇਸ਼ਨ ਨੇ ਐਤਕੀਂ ਪੰਜ ਹਜ਼ਾਰ ਟਨ ਕਿੰਨੂ ਦੇ ਬਾਗ ਖਰੀਦ ਲਏ ਹਨ। ਪਿਛਲੇ ਵਰ੍ਹੇ ਬਾਗਬਾਨਾਂ ਨੂੰ ਕਿੰਨੂ ਦਾ ਮੁੱਲ 25 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਮਿਲਿਆ ਸੀ, ਜੋ ਕਿ ਐਤਕੀਂ 5-10 ਰੁਪਏ ਪ੍ਰਤੀ ਕਿਲੋ ’ਤੇ ਰਹਿ ਗਿਆ। ਪੰਜਾਬ ਸਰਕਾਰ ਅਵੇਸਲੀ ਰਹੀ ਅਤੇ ਬਾਗਬਾਨਾਂ ਨੂੰ ਫਸਲ ਮਿੱਟੀ ਦੇ ਭਾਅ ਸੁੱਟਣੀ ਪਈ। ਇਸ ਵਾਰ ਫਸਲ ਦਾ ਝਾੜ ਦੁੱਗਣਾ ਹੈ। 

         ਆਮ ਤੌਰ ’ਤੇ ਝਾੜ 9-10 ਟਨ ਪ੍ਰਤੀ ਏਕੜ ਹੁੰਦਾ ਹੈ, ਜੋ ਕਿ ਐਤਕੀਂ ਵੱਧ ਕੇ 18 ਟਨ ਪ੍ਰਤੀ ਏਕੜ ਤੱਕ ਜਾ ਪੁੱਜਾ ਹੈ। ਮਾਹਿਰ ਆਖਦੇ ਹਨ ਕਿ ਇਸ ਵਾਰ ਠੰਢ ਜ਼ਿਆਦਾ ਪੈਣ ਕਾਰਨ ਕੁਦਰਤੀ ਤੌਰ ’ਤੇ ਝੜਨ ਵਾਲੀ ਫਸਲ ਐਤਕੀਂ ਡਿੱਗੀ ਨਹੀਂ ਹੈ, ਜਿਸ ਕਰ ਕੇ ਫਸਲ ਦੀ ਪੈਦਾਵਾਰ ਜ਼ਿਆਦਾ ਹੋਈ ਹੈ ਪਰ ਗੁਣਵੱਤਾ ਨੂੰ ਢਾਹ ਲੱਗੀ ਹੈ। ਉਥੇ ਹੀ ਮਹਾਰਾਸ਼ਟਰ ਵਿਚ ਸੰਤਰੇ ਦੀ ਫਸਲ ਦੀ ਪੈਦਾਵਾਰ ਕਾਫੀ ਵਧੀ ਹੈ ਅਤੇ ਨਾਗਪੁਰ ਦਾ ਸੰਤਰਾ ਪੰਜਾਬ ਦੇ ਬਾਜ਼ਾਰਾਂ ਵਿਚ ਪਹੁੰਚਿਆ ਹੈ, ਜਿਸ ਕਰ ਕੇ ਕਿੰਨੂ ਦਾ ਭਾਅ ਪ੍ਰਭਾਵਿਤ ਹੋਇਆ ਹੈ। ਕਿਸਾਨ ਧਿਰਾਂ ਨੇ ਰੌਲਾ ਪਾ ਕੇ ਕਿੰਨੂ ਉਤਪਾਦਕਾਂ ਨੂੰ ਬਚਾਉਣ ਲਈ ਸਰਕਾਰ ਕੋਲ ਅਪੀਲ ਕੀਤੀ।ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਹੁਣ ਪੰਜਾਬ ਸਰਕਾਰ ਦੀ ਜਾਗ ਖੁੱਲ੍ਹੀ ਹੈ। ਕਿੰਨੂ ਦਾ ਸੀਜ਼ਨ ਮਾਰਚ ਤੱਕ ਚੱਲਦਾ ਹੈ। ਪੰਜਾਬ ਵਿਚ ਇਸ ਸਾਲ ਕਿੰਨੂ ਦਾ ਉਤਪਾਦਨ 13.50 ਲੱਖ ਮੀਟਰਿਕ ਟਨ ਤੱਕ ਪਹੁੰਚਣ ਦੀ ਉਮੀਦ ਹੈ, ਜਦੋਂਕਿ ਪਿਛਲੇ ਸਾਲ ਇਹ 8 ਲੱਖ ਮੀਟਰਿਕ ਟਨ ਸੀ।

         ਕਿਸਾਨ ਆਗੂ ਸੁਖਮਿੰਦਰ ਸਿੰਘ ਦਾ ਕਹਿਣਾ ਕਿ ਉਨ੍ਹਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ, ਜਦੋਂਕਿ ਉਹ ਸਰਕਾਰ ਕੋਲ ਲੁੱਟੇ ਜਾਣ ਦੀ ਦੁਹਾਈ ਪਾ ਰਹੇ ਸਨ।ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਰਣਬੀਰ ਸਿੰਘ ਦਾ ਕਹਿਣਾ ਸੀ ਕਿ ਹੁਸ਼ਿਆਰਪੁਰ ਖੇਤਰ ਤੋਂ ਖਰੀਦੇ ਜਾਣ ਵਾਲੇ ਕਿੰਨੂ ਨੂੰ ਅਬੋਹਰ ਪਲਾਂਟ ਵਿੱਚ ਹੀ ਪ੍ਰੋਸੈੱਸ ਕੀਤਾ ਜਾਵੇਗਾ ਕਿਉਂਕਿ ਡੀਵੇਟਿੰਗ ਪਲਾਂਟ ਸਿਰਫ ਅਬੋਹਰ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ, ਭੁਬਨੇਸ਼ਵਰ, ਵਾਰਾਣਸੀ ਅਤੇ ਸਿਲੀਗੁੜੀ ਵਿੱਚ ਕਿੰਨੂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਚਾਰ ਲੱਖ ਲੀਟਰ ਜੂਸ ਵੀ ਬਣਾਇਆ ਜਾਵੇਗਾ। ਅਧਿਕਾਰੀ ਆਖਦੇ ਹਨ ਕਿ ਗੁਣਵੱਤਾ ਕਰਕੇ ਕਾਫੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਬਾਗਬਾਨਾਂ ਨਾਲ 10-11 ਰੁਪਏ ਪ੍ਰਤੀ ਕਿਲੋ ਦੇ ਇਕਰਾਰਨਾਮੇ ਕੀਤੇ ਹਨ, ਜਿਸ ਨਾਲ ਬਾਗਬਾਨਾਂ ਨੂੰ ਕਾਫੀ ਢਾਰਸ ਮਿਲੇਗੀ।

No comments:

Post a Comment