Sunday, January 21, 2024

                                               ਖਟੈਕ ! ਖਟੈਕ !! ਖਟੈਕ !!!
                                                          ਚਰਨਜੀਤ ਭੁੱਲਰ 

ਚੰਡੀਗੜ੍ਹ: ਟੱਲਾਂ ਵਾਲੇ ਸਾਧ, ਮਜਾਲ ਐ ਕਿਤੇ ਟਿਕ ਜਾਣ। ਇੰਜ ਨਾ ਕਹੋ ਕਿ ਬਈ... ਨਵਜੋਤ ਸਿੱਧੂ ਤਾਂ ‘ਟੱਲਾਂ ਵਾਲੇ ਸਾਧ’ ਦਾ ਚੇਲਾ ਲੱਗਦੈ। ਤੁਸੀਂ ਲੱਖ ਨਘੋਚਾਂ ਕੱਢੋ ਪਰ ਸਿੱਧੂ ਹੈ ਤਾਂ ਪੰਜਾਬ ਦਾ ਟਕਸਾਲੀ ਪੁੱਤ। ਜਦੋਂ ਕਾਂਗਰਸ ‘ਮੁੰਨੀ’ ਤੋਂ ਵੱਧ ਬਦਨਾਮ ਸੀ, ਉਦੋਂ ਇਹ ਪਟਿਆਲਵੀ ਗੁਰੂ, ਸੋਨੀਆ ਇਟਾਲਵੀ ਦੇ ਚਰਨੀਂ ਲੱਗਿਆ। ਐਨ ਨਵੇਂ ਪ੍ਰਿੰਟਾਂ ’ਚ ਆਇਆ ਸੀ। ਆਸਮਾਨਾਂ ’ਚ ਗੂੰਜ ਪਈ, ‘‘ਆਪ ਆਏ, ਬਹਾਰ ਆਈ।’’ ‘ਸਦਕੇ ਜਾਵਾਂ ਏਹ ਬਹਾਰ ਦੇ, ਚਾਹੇ ਭਾਜਪਾ ਆਲੇ ਪਾਸਿਓਂ ਹੀ ਆਈ।’

           ਰਾਹੁਲ ਨੇ ਸਿਰ ਹਿਲਾ’ਤਾ, ਭੈਣ ਪ੍ਰਿਅੰਕਾ ਨੇ ਪ੍ਰਧਾਨਗੀ ਵਾਲਾ ਛੱਜ ‘ਸ਼ੈਰੀ ਭਾ’ਜੀ’ ਦੇ ਬੰਨ੍ਹ’ਤਾ। ਘਾਹੀਆਂ ਦੇ ਪੁੱਤਾਂ ਨੇ ਨਾਅਰੇ ਮਾਰੇ, ‘ਸਿੱਧੂ ਆਇਆ, ਸਿੱਧੂ ਛਾਇਆ।’ ਏਨੀ ਤਾਲੀ ਠੋਕੀ ਕਿ ਵਰਕਰਾਂ ਦੇ ਹੱਥਾਂ ’ਤੇ ਅੱਟਣ ਪੈ ਗਏ। ਚਾਰ-ਟੰਗੀ ਕੁਰਸੀ ਹੱਸਦੀ ਰਹੀ, ਦੋ-ਟੰਗੇ ‘ਖਟੈਕ ਖਟੈਕ’ ਕਰਦੇ ਰਹੇ। ਸਿਆਣੇ ਆਖਦੇ ਨੇ ਕਿ ਵੱਡੇ ਦਰਿਆ ਆਵਾਜ਼ ਨਹੀਂ ਕਰਦੇ। ਨਵਜੋਤ ਸਿੱਧੂ ਕਿੱਥੇ ਟਲਦੈ। ਫੇਰ ਗੁਰੂ ਹੋ ਗਏ ਸ਼ੁਰੂ, ਉਡਾ ਦਿਓ ਤੋਤੇ, ਪਾ ਦਿਓ ਮੋਛੇ। 2022 ਚੋਣਾਂ ’ਚ ਲੋਕਾਂ ਨੇ ਸਿੱਧੂ ਦੇ ਬੋਲ ਪੁਗਾ’ਤੇ।

         ‘ਬੋਧੀ ਬ੍ਰਿਛ’ ਜਿਸ ਹੇਠ ਬੈਠ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ। ਠੀਕ ਉਵੇਂ ਅਰੁਣ ਜੇਤਲੀ ਵਰਗੇ ਬੋਹੜ ਹੇਠ ਬੈਠ ਕੇ ਨਵਜੋਤ ਸਿੱਧੂ ਦੇ ਅਕਲ ਦਾੜ੍ਹ ਪ੍ਰਗਟ ਹੋਈ। ਫਿਰ ਚੱਲ ਸੋ ਚੱਲ, ਇਹ ਰਮਤਾ ਜੋਗੀ ਚੱਲਦਾ ਗਿਆ, ਰਾਹ ਬਣਦੇ ਗਏ। ਕਿਸੇ ਨੇ ਗਾਣਾ ਲਿਖ ਮਾਰਿਆ, ‘ਰਮਤਾ ਜੋਗੀ, ਓਏ ਰਮਤਾ ਜੋਗੀ।’ ਨਰਿੰਦਰ ਮੋਦੀ ਧੰਨ ਹੋ ਗਿਆ। ਏਨੀਆਂ ਖੋਜਾਂ ਤਾਂ ਥੌਮਸ ਐਡੀਸਨ ਨਹੀਂ ਕਰ ਸਕਿਆ। ਰਾਹੁਲ ਗਾਂਧੀ ’ਚੋਂ ‘ਪੱਪੂ’ ਖੋਜਿਆ, ਆਪਣੇ ਸ਼ੈਰੀ ਭਾ’ਜੀ ਨੇ। ਕਾਂਗਰਸ ਵਿੱਚੋਂ ‘ਮੁੰਨੀ’ ਲੱਭੀ, ਸ਼ੈਰੀ ਭਾ’ਜੀ ਨੇ। ਮਨਮੋਹਨ ਸਿੰਘ ਵਿੱਚੋਂ ‘ਮੋਨੀ ਬਾਬਾ’ ਤਲਾਸ਼ਿਆ, ਜਨਾਬ ਸ਼ੈਰੀ ਨੇ।

        ਜਦੋਂ ਮਾਤ ਲੋਕ ’ਚ ਪਾਪਾਂ ਦੀ ਧੁੰਦ ਵਧਦੀ ਹੈ, ਉਸ ਮੌਕੇ ਨਵਜੋਤ ਵਰਗਾ ਪ੍ਰਤਾਪੀ ਚਿਹਰਾ ਪ੍ਰਗਟ ਹੁੰਦਾ ਹੈ। ਜ਼ਰੂਰ ਕਿਸੇ ਸਾਧ ਦੀ ਕੁਟੀਆ ਵਿਚ ਤਪੱਸਿਆ ਕੀਤੀ ਹੋਊ। ਨਾ ਕਿਸੇ ਅਹੁਦੇ ਦੀ ਭੁੱਖ, ਨਾ ਸੱਤਾ ਦਾ ਲੋਭ। ਬੱਸ ਤਿਆਗ ਹੀ ਤਿਆਗ। ਏਨਾ ਤਿਆਗ ਕਿ ਪੰਜਾਬ ਖ਼ਾਤਰ ਭਾਜਪਾ ਨੂੰ ਲੱਤ ਮਾਰ ਦਿੱਤੀ। ਅਮਿਤ ਸ਼ਾਹ ਬਥੇਰਾ ਪਿੱਟਿਆ, ‘ਜਾਵੋ ਨੀਂ ਕੋਈ ਮੋੜ ਲਿਆਵੋ, ਮੇਰੀ ਰੁੱਸ ਗਈ ਹੀਰ ਸਲੇਟੀ।’ ਅਸੂਲੀ ਸਿੱਧੂ ਮੁੜ ਕਦੇ ਭਾਜਪਾ ਦੀ ਦੇਹਲੀ ਨਹੀਂ ਚੜ੍ਹਿਆ। ਭਾਜਪਾਈ ਗੁਣਗੁਣਾ ਰਹੇ ਨੇ, ‘‘ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ।’’

        ਸਿੱਧੂ ਕਿਸੇ ਨੂੰਹ ਧੀ ਨਾਲੋਂ ਘੱਟ ਐ, ਜੋ ਕਹਿ ਦਿੱਤਾ ਬੱਸ ਕਹਿ’ਤਾ, ‘‘ਤੇਰੀ ਗਲਿਓਂ ਮੇਂ ਨਾ ਰਖੇਂਗੇ ਕਦਮ...।’’ ਬਾਬਾ ਸ਼ੇਕਸਪੀਅਰ ਆਖਦਾ ਪਿਐ ਕਿ ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ। ਭਲਾ ਸ਼ੈਰੀ ਭਾ’ਜੀ ਅਕਲ ਨੂੰ ਕਿਉਂ ਹੱਥ ਮਾਰਨ। ਪੂਰਾ ਪੰਜਾਬ ਤਾਂ ਉਨ੍ਹਾਂ ਦੀ ਦੀਦ ਨੂੰ ਤਰਸਦੈ। ਵਿਰੋਧੀਆਂ ਦਾ ਸੁਆਲ ਹੀ ਗ਼ਲਤ ਐ, ਅਖੇ ਨਵਜੋਤ ਸਿੱਧੂ ਦਾ ਗੁਰੂ ਕੌਣ ਐ। ਨਾ ਚੁੱਕੋ ਤਪੱਸਵੀਆਂ ’ਤੇ ਉਂਗਲ। ਔਹ ਵੇਖੋ, ਕਪਿਲ ਸ਼ਰਮਾ ਦੇ ਸ਼ੋਅ ਆਲਾ ਸੁਨੀਲ ਗਰੋਵਰ ਕਿਵੇਂ ਤਾਰੀਫ਼ ਕਰ ਰਿਹੈ, ‘‘ਜਲੀ ਕੋ ਆਗ ਕਹਿਤੇ ਹੈਂ, ਬੁਝੀ ਕੋ ਰਾਖ ਕਹਿਤੇ ਹੈਂ, ਜੋ ਸਮੁੰਦਰ ਮੇਂ ਜਾਕਰ ਬਣਾ ਦੇ ਪਰੌਂਠੇ, ਉਸੇ ਸਿੱਧੂ ਸਾਹਿਬ ਕਹਿਤੇ ਹੈਂ।’’

        ਪ੍ਰਤਾਪ ਬਾਜਵਾ ਸੁਆਲ ਕਰਦੇ ਨੇ, ਭਾਊ! ਪਰੌਂਠਿਆਂ ਨੂੰ ਛੱਡੋ, ਏਹ ਕਿਹੋ ਜੇਹਾ ਮੈਟੀਰੀਅਲ ਐ, ਥੋੜ੍ਹਾ ਗਿਆਨ ਤਾਂ ਵਧਾਓ। ਇੱਕ ਵਾਰੀ ਜਪਾਨੀ ਵਫ਼ਦ ਬਿਹਾਰ ਆਇਆ। ਲਾਲੂ ਜੀ, ਤੁਸੀਂ ਬਿਹਾਰ ਅਸਾਡੇ ਹਵਾਲੇ ਕਰੋ, ਛੇ ਮਹੀਨਿਆਂ ’ਚ ਜਪਾਨ ਬਣਾ ਦਿਆਂਗੇ। ਅੱਗਿਓਂ ਵਫ਼ਦ ਨੂੰ ਲਾਲੂ ਜੀ ਫ਼ਰਮਾਏ, ‘‘ਅਰੇ ਛੋਹਰੇ, ਆਪ ਜਪਾਨ ਹਮ ਕੋ ਦੇ ਦਿਓ, ਛੇ ਦਿਨੋਂ ਮੇਂ ਬਿਹਾਰ ਬਣਾ ਦੇਂਗੇ।’’ ਜਦੋਂ ਨਵਜੋਤ ਸਿੱਧੂ ਨਵੇਂ ਨਵੇਂ ਕਾਂਗਰਸੀ ਸਜੇ ਸਨ। ਅਮਰਿੰਦਰ ਕੋਲ ਝੁਕ ਕੇ ਬੋਲੇ, ‘ਡੈਡੀ ਜੀ ਪੈਰੀਂ ਪੈਣਾਂ।’ ਵੱਡੇ ਬਾਦਲ ਆਖਦੇ ਹੁੰਦੇ ਸਨ ਕਿ ਮੈਨੂੰ ਵੀ ਪਿਓ ਕਹਿੰਦਾ ਹੁੰਦਾ ਸੀ।

            ਬਹੁਤ ਸਾਂਝਾਂ ਨੇ ਪਟਿਆਲਵੀਆਂ ’ਚ। ਅਮਰਿੰਦਰ ਵੀ ਸਿੱਧੂ, ਨਵਜੋਤ ਵੀ ਸਿੱਧੂ। ਅਮਰਿੰਦਰ ਨੇ ਵੀ ਅਸਤੀਫ਼ੇ ਦਿੱਤੇ, ਨਵਜੋਤ ਨੇ ਵੀ ਦਿੱਤੇ। ਅਮਰਿੰਦਰ ਅਕਾਲੀਆਂ ਦੇ ਘਰੋਂ ਆਇਆ, ਨਵਜੋਤ ਭਾਜਪਾਈਆਂ ਦੇ। ਫ਼ਰਕ ਦੇਖੀਏ ਤਾਂ ਇੱਕ ਸਿੱਧੂ ਘੱਟ ਬੋਲਦੈ, ਦੂਜਾ ਬੋਲਣੋਂ ਨ੍ਹੀਂ ਹਟਦਾ। ਮੋਟਰ ਵਾਂਗੂ ਚੱਲਦੈ। ਇੱਕ ਪਜਾਮੀ ਪਾਉਂਦੈ, ਦੂਜਾ ਸਲਵਾਰ। ਇਹ ਕੋਈ ਹੜੱਪਾ ਕਾਲ ਤਾਂ ਹੈ ਨ੍ਹੀਂ, ਪਜਾਮੀ ਦਾ ਯੁੱਗ ਗਿਐ, ਹੁਣ ਸਲਵਾਰ ਦਾ ਆਇਐ। ਜਦ ਨਵਜੋਤ ਕਾਂਗਰਸੀ ਬਾਣੇ ’ਚ ਸਜੇ ਤਾਂ ਪੰਜਾਬ ਮੀਰਾ ਤੋਂ ਵੱਧ ਨੱਚਿਆ।

           ਜਿੰਨਾ ਸਮਾਂ ਸਿੱਧੂ ਸਾਹਿਬ ਪ੍ਰਧਾਨ ਰਹੇ, ਉਨ੍ਹਾਂ ਦਾ ਬਿਸਤਰਾ ਕਾਂਗਰਸ ਭਵਨ ਵਿਚ ਰਿਹਾ। ਦਿਨ ਰਾਤ ਸ਼ੈਰੀ ਪੰਜਾਬ ਖ਼ਾਤਰ ਜਾਗਿਆ। ਰੱਬ ਹੱਸਦਾ ਰਿਹਾ। ਉਹ ਭੱਦਰ ਪੁਰਸ਼ ਅੱਜ ਪ੍ਰਧਾਨ ਨਹੀਂ ਰਿਹਾ। ਉਨ੍ਹਾਂ ਦਾ ਬਿਸਤਰਾ ਅੱਜ ਵੀ ਕਾਂਗਰਸ ਭਵਨ ’ਚ ਪਿਐ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਟਿਕਟ ਲੈ ਕੇ ‘ਕਾਂਗਰਸ ਭਵਨ’ ਵਿਚਲੇ ਬਿਸਤਰਪੁਰ  ਨੂੰ ਦੇਖਿਆ ਕਰਨਗੇ। ‘ਓ ਮਾਈ ਗੌਡ’ ਫ਼ਿਲਮ ’ਚ ਪਰੇਸ਼ ਰਾਵਲ ਇਹ ਕਿਸ ਨੂੰ ਆਖ ਰਿਹੈ, ‘ਸਥਿਰ ਬੁੱਧੀ ਵਾਲਾ ਹੀ ਸਿੱਧ ਪੁਰਸ਼ ਅਖਵਾਉਂਦਾ ਹੈ।’ ਅਸਾਂ ਨੂੰ ਤਾਂ ਸ਼ੈਰੀ ਭਾ’ਜੀ ’ਚੋਂ ਰੱਬ ਦਿੱਸਦਾ ਹੈ।

           ਜਿਨ੍ਹਾਂ ਨੇ ਪੰਗਾ ਲਿਆ, ਉਹ ਭਸਮ ਹੋ ਗਏ। ਅਮਰਿੰਦਰ ਨੇ ਰੱਬ ਨੂੰ ਟੱਬ ਦੱਸਿਆ, ਭਸਮ ਹੋ ਗਿਆ। ਚੰਨੀ ਨੇ ਮੁੱਲ ਨਾ ਪਾਇਆ, ਦੋਵਾਂ ਸੀਟਾਂ ਤੋਂ ਹਾਰ ਗਏ। ਰਾਜਾ ਵੜਿੰਗ ਹੁਣ ਤੜਿੰਗ ਹੋਏ ਨੇ, ਅਖੇ! ਅਨੁਸ਼ਾਸਨੀ ਕਾਰਵਾਈ ਕਰਾਂਗੇ। ਓਏ ਭਲਿਆ ਲੋਕਾ! ਭਲਾ ਕੋਈ ਰੱਬ ’ਤੇ ਵੀ ਕਾਰਵਾਈ ਕਰਦੈ। ਗਿੱਦੜਬਾਹੇੇ ਵਾਲਿਓ, ਬਹੁਤੇ ਸ਼ੇਰ ਨਾ ਬਣੋ। ਆਹ ਰਾਜ ਕੁਮਾਰ ਦਾ ਡਾਇਲੌਗ ਸੁਣੋ, ‘ਦਿੱਲੀ ਤਕ ਬਾਤ ਮਸ਼ਹੂਰ ਹੈ, ਰਾਜਪਾਲ ਚੌਹਾਨ ਕੇ ਹਾਥ ਮੇਂ ਤੰਬਾਕੂ ਦਾ ਪਾਈਪ, ਜੇਬ ਮੇਂ ਅਸਤੀਫ਼ਾ ਰਹਿਤਾ ਹੈ।’ ਏਦਾਂ ਦਾ ਕੱਬਾ ਸੁਭਾਅ ਆਪਣਾ ਨਵਜੋਤ ਸਿੱਧੂ ਚੁੱਕੀ ਫਿਰਦੈ।

           ਪਹਿਲਾਂ ਰਾਜ ਸਭਾ ਦੀ ਮੈਂਬਰੀ ਨੂੰ ਲੱਤ ਮਾਰੀ, ਫੇਰ ਕਾਂਗਰਸ ਦੀ ਪ੍ਰਧਾਨਗੀ ਵਗ੍ਹਾ ਮਾਰੀ। ਹਾਈ ਕਮਾਂਡ ਨੇ ਅਸਤੋ ਪਸ਼ਤੋ ਕੀਤੀ ਤਾਂ ਝੱਟ ਹੇਕ ਲਾ ਦਿੱਤੀ, ‘ਆਹ ਲੈ ਸਾਂਭ ਲੈ ਤੂੰ ਸੈਦੇ ਦੀਏ ਨਾਰੇ, ਸਾਥੋਂ ਨ੍ਹੀਂ ਮੱਝਾਂ ਚਾਰ ਹੁੰਦੀਆਂ।’ ਨਵਜੋਤ ਸਿੱਧੂ ਹੁਣ ਮੁੜ ਘਰੋਂ ਨਿਕਲਿਐ, ਮੋਢੇ ’ਤੇ ਸਲੀਬ ਚੁੱਕੀ ਫਿਰਦੈ। ਪੰਜਾਬ ਦੀ ਹਾਲਤ ਚੁੰਨੀ ਚੜ੍ਹਾਉਣ ਵਾਲੀ ਹੋਈ ਪਈ ਹੈ। ਟਟੀਹਰੀ ਦਾ ਤਾਂ ਪਤਾ ਨਹੀਂ, ਨਵਜੋਤ ਸਿੱਧੂ ਪੰਜਾਬ ਨੂੰ ਬਚਾ ਕੇ ਦਮ ਲੈਣਗੇ। ਬਾਕੀ ਕਾਂਗਰਸੀ ਨੇਤਾ ਚਮਕੀਲੇ ਦੇ ਗੀਤ ’ਤੇ ਗ਼ੌਰ ਕਰਨ, ‘ਕੁੜੀਓ ਰਾਹ ਛੱਡ ਦਿਓ, ਮੇਰੇ ਯਾਰ ਨੇ ਗਲੀ ਦੇ ਵਿਚੋਂ ਲੰਘਣਾ।’

          ‘ਆਪ’ ਵਾਲ਼ਿਓ, ਜੇ ਪੰਜਾਬ ਨੂੰ ਰੰਗਲਾ ਨਹੀਂ ਬਣਾ ਸਕਦੇ ਤਾਂ ਸਿੱਧੂ ਸਾਹਿਬ ਨੂੰ ਫੜਾਓ ਕੂਚੀ। ਵਿਰੋਧੀ ਆਖਦੇ ਨੇ, ਕੂਚੀ ਦੀ ਤਾਂ ਖ਼ੈਰ ਐ, ਕਿਤੇ ਫੱਟੀ ਨਾ ਫੜਾ ਦਿਓ। ਭਾ’ਜੀ, ਦਰਸ਼ਨੀ ਘੋੜੇ ਨਹੀਂ, ਅਰਬੀ ਘੋੜੇ ਨੇ। ਪੰਜਾਬ ਦੀ ਧਰਤੀ ’ਤੇ ਰਾਮ ਰਾਜ ਲੈ ਕੇ ਆਉਣਗੇ। ਇਨ੍ਹਾਂ ਨੇ ਭਲੇ ਵੇਲਿਆਂ ’ਚ ਗੋਰਖ ਨਾਥ ਦੇ ਟਿੱਲੇ ਤੋਂ ਜੋਗ ਲਿਆ ਲੱਗਦੈ। ਪੰਜਾਬ ਦੇ ਭਰਮਣ ’ਤੇ ਨਿਕਲੇ ਨੇ। ਕੋਲ ਪੋਟਲੀ ਹੈ ਤੇ ਪੋਟਲੀ ਵਿਚ ਏਜੰਡੇ ਨੇ। ਯੂ.ਪੀ. ’ਚ ਯੋਗੀ ਮੁੱਖ ਮੰਤਰੀ ਬਣ ਸਕਦੈ, ਤਾਂ ਆਹ ਸਾਡੇ ਮੁੰਡੇ ’ਚ ਕੀ ਕਮੀ ਹੈ। ਮਾਵਾਂ ਆਖਦੀਆਂ ਨੇ, ਪੁੱਤ ‘ਵਰਕਰ’ ਬਣਾਉਣ ਲਈ ਨਹੀਂ ਜੰਮੇ। ਬਾਪ ਆਖਦੇ ਨੇ, ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ, ਨਾ ਹੀ ਕਪਿਲ ਸ਼ਰਮਾ ਦਾ ਸ਼ੋਅ ਐ।

             ਜਾਂਦੇ ਜਾਂਦੇ ਇੱਕ ਲਤੀਫ਼ਾ। ਕਿਸਾਨਾਂ ਦੀ ਕੁੱਟ ਤੋਂ ਅੱਕੇ ਗਿੱਦੜਾਂ ਨੇ ਐਮਰਜੈਂਸੀ ਮੀਟਿੰਗ ਬੁਲਾਈ। ਲਾਮਬੰਦ ਹੋ ਕੇ ਇੱਕ ਬਜ਼ੁਰਗ ਗਿੱਦੜ ਨੂੰ ਪ੍ਰਧਾਨ ਚੁਣ ਲਿਆ। ਪਛਾਣ ਵਜੋਂ ਪ੍ਰਧਾਨ ਜੀ ਦੀ ਪੂਛ ’ਤੇ ਛੱਜ ਬੰਨ੍ਹ’ਤਾ। ਖੇਤਾਂ ’ਤੇ ਹੱਲਾ ਬੋਲਿਆ ਤਾਂ ਕਿਸਾਨ ਪੈ ਨਿਕਲੇ। ਸਭ ਗਿੱਦੜ ਖੁੱਡਾਂ ’ਚ ਵੜ ਗਏ। ਪ੍ਰਧਾਨ ਜੀ ਖੁੱਡ ’ਚ ਵੜਨ ਲੱਗੇ ਤਾਂ ਪਿੱਛੋਂ ਛੱਜ ਫਸ ਗਿਆ। ਛੱਜ ਫੜ ਕੇ ਕਿਸਾਨਾਂ ਨੇ ਬਾਹਰ ਧੂਹ ਲਿਆ। ਕੁੱਟ ਕੁੱਟ ਕਰ’ਤਾ ਬੁਰਾ ਹਾਲ। ਜਦੋਂ ਟਿਕ ਟਿਕਾ ਹੋਇਆ ਤਾਂ ਬਾਕੀ ਗਿੱਦੜ ਖੁੱਡਾਂ ’ਚੋਂ ਨਿਕਲੇ, ‘‘ਪ੍ਰਧਾਨ ਜੀ! ਆਹ ਕੀ ਹਾਲ ਬਣਾਇਆ, ਸਿਆਣੇ ਬਿਆਣੇ ਸੀ, ਭੱਜ ’ਕੇ ਖੁੱਡ ’ਚ ਵੜਦੇ!’’ ਅੱਗਿਓ ਪ੍ਰਧਾਨ ਜੀ ਫ਼ਰਮਾਏ, ‘ਵੜਦਾ ਕਿਵੇਂ, ਆਹ ਪ੍ਰਧਾਨਗੀ ਵਾਲਾ ਜਿਹੜਾ ਛੱਜ ਬੰਨਿ੍ਹਐ, ਇਹ ਵੜਨ ਤਾਂ ਦਿੰਦਾ।’

(21 ਜਨਵਰੀ 2024)


No comments:

Post a Comment