Thursday, January 4, 2024

                                                      ਲਗਜ਼ਰੀ ਗੱਡੀਆਂ 
                                  ਕੈਬਨਿਟ ਵਜ਼ੀਰਾਂ ਨੂੰ ਦਿੱਤਾ ‘ਡਬਲ ਤੋਹਫ਼ਾ’ ! 
                                                        ਚਰਨਜੀਤ ਭੁੱਲਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਦਸ ਕੈਬਨਿਟ ਵਜ਼ੀਰਾਂ ਨੂੰ ਲਗਜ਼ਰੀ ਗੱਡੀਆਂ ਦਾ ਡਬਲ ਤੋਹਫ਼ਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਨੂੰ ਇੱਕ-ਇੱਕ ਇਨੋਵਾ ਕ੍ਰਿਸਟਾ ਅਤੇ ਇੱਕ-ਇੱਕ ਬੋਲੈਰੋ ਗੱਡੀ ਦਿੱਤੀ ਹੈ। ‘ਆਪ’ ਸਰਕਾਰ ਨੇ ਆਪਣੇ ਵਜ਼ੀਰਾਂ ਨੂੰ ਪਹਿਲੀ ਦਫ਼ਾ ਨਵੀਆਂ ਗੱਡੀਆਂ ਦਿੱਤੀਆਂ ਹਨ। ਤਰਕ ਦਿੱਤਾ ਗਿਆ ਹੈ ਕਿ ਕੈਬਨਿਟ ਵਜ਼ੀਰਾਂ ਕੋਲ ਮਿਆਦ ਪੁਗਾ ਚੁੱਕੀਆਂ ਗੱਡੀਆਂ ਸਨ ਅਤੇ ਜਿੰਨਾ ਦਾ ਰਸਤੇ ਵਿਚ ਕਿਸੇ ਵੀ ਰੁਕਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ।ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਸਰਕਾਰ ਨੂੰ ਇਨ੍ਹਾਂ ਗੱਡੀਆਂ ਦੀ ਖ਼ਰੀਦ ਕਰੀਬ ਤਿੰਨ ਕਰੋੜ ਰੁਪਏ ਵਿਚ ਪਈ ਹੈ। ਇਸ ਤੋਂ ਬਿਨਾਂ ਹੁਣ 11 ਇਨੋਵਾ ਗੱਡੀਆਂ ਹੋਰ ਖ਼ਰੀਦ ਕੀਤੀਆਂ ਗਈਆਂ ਹਨ ਜਿਹੜੀਆਂ ਵਿਧਾਇਕਾਂ ਨੂੰ ਅਲਾਟ ਕੀਤੀਆਂ ਜਾਣੀਆਂ ਹਨ। ਇਨ੍ਹਾਂ ਚੋਂ ਇੱਕ ਇਨੋਵਾ ਗੱਡੀ ਭੁੱਚੋ ਹਲਕੇ ਤੋਂ ਵਿਧਾਇਕ ਜਗਸੀਰ ਸਿੰਘ ਨੂੰ ਅਲਾਟ ਵੀ ਕਰ ਦਿੱਤੀ ਗਈ ਹੈ। ਵਿਧਾਇਕਾਂ ਦੀ ਗੱਡੀਆਂ ਲੈਣ ਲਈ ਕਤਾਰ ਲੱਗੀ ਹੋਈ ਹੈ।

         ਸੂਤਰਾਂ ਅਨੁਸਾਰ ਦਸ ਕੈਬਨਿਟ ਵਜ਼ੀਰਾਂ ਵਿਚ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਡਾ. ਬਲਵੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਿਲ ਹਨ ਜਿੰਨਾ ਨੂੰ ਦੋ ਦੋ ਗੱਡੀਆਂ ਦਿੱਤੀਆਂ ਗਈਆਂ ਹਨ। ਹਰ ਵਜ਼ੀਰ ਨੂੰ ਸਟਾਫ਼ ਕਾਰ ਵਜੋਂ ਇਨੋਵਾ ਕ੍ਰਿਸਟਾ ਦਿੱਤੀ ਗਈ ਹੈ ਜਦੋਂ ਕਿ ਸਕਿਉਰਿਟੀ ਵਹੀਕਲ ਵਜੋਂ ਬੋਲੈਰੋ ਦਿੱਤੀ ਗਈ ਹੈ। ਇਹ ਗੱਡੀਆਂ ਦਸੰਬਰ ਮਹੀਨੇ ਵਿਚ ਵਜ਼ੀਰਾਂ ਨੂੰ ਡਲਿਵਰ ਕੀਤੀਆਂ ਗਈਆਂ ਹਨ। ਕੁੱਝ ਇਨੋਵਾ ਕ੍ਰਿਸਟਾ ਗੱਡੀਆਂ ਤਾਂ ਕਾਫ਼ੀ ਸਮਾਂ ਪਹਿਲਾਂ ਟਰਾਂਸਪੋਰਟ ਵਿਭਾਗ ਨੂੰ ਡਲਿਵਰ ਹੋ ਗਈਆਂ ਸਨ ਪ੍ਰੰਤੂ ਇਨ੍ਹਾਂ ਗੱਡੀਆਂ ਦੀ ਅਲਾਟਮੈਂਟ ਵਿਚ ਕਾਫ਼ੀ ਦੇਰ ਹੋਈ ਹੈ। 

         ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਕੋਲ ਪਹਿਲਾਂ ਹੀ ਫਾਰਚੂਨਰ ਗੱਡੀਆਂ ਹਨ ਜਦੋਂ ਕਿ ਹਰਜੋਤ ਬੈਂਸ ਅਤੇ ਅਨਮੋਲ ਗਗਨ ਮਾਨ ਵੱਲੋਂ ਪ੍ਰਾਈਵੇਟ ਗੱਡੀਆਂ ਦੀ ਵਰਤੋਂ ਕੀਤੇ ਜਾਣ ਦੀ ਸੂਚਨਾ ਹੈ।ਇੱਕ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੁਰਾਣੀਆਂ ਗੱਡੀਆਂ ਚਾਰ ਚਾਰ ਲੱਖ ਕਿਲੋਮੀਟਰ ਚੱਲ ਚੁੱਕੀਆਂ ਸਨ ਅਤੇ ਅਕਸਰ ਰਸਤੇ ਵਿਚ ਰੁਕ ਜਾਂਦੀਆਂ ਸਨ। ਦੂਰ ਦੁਰਾਡੇ ਦੇ ਹਲਕੇ ਵਾਲੇ ਵਜ਼ੀਰ ਇਨ੍ਹਾਂ ਨਵੀਆਂ ਗੱਡੀਆਂ ਨੂੰ ਮੌਕੇ ਦੀ ਲੋੜ ਦੱਸ ਰਹੇ ਹਨ। ਬਹੁਤੇ ਵਿਧਾਇਕਾਂ ਕੋਲ ਹਾਲੇ ਵੀ ਪੁਰਾਣੀਆਂ ਮਿਆਦ ਚੁੱਕੀਆਂ ਗੱਡੀਆਂ ਹਨ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਖ਼ਜ਼ਾਨਾ ਤਾਂ ਪਹਿਲਾਂ ਹੀ ਵਿੱਤੀ ਸੰਕਟ ਵਿਚ ਹੈ ਅਤੇ ਇਹ ਖ਼ਰੀਦ ਕਿਥੋਂ ਤੱਕ ਜਾਇਜ਼ ਹੈ।ਕਾਂਗਰਸ ਸਰਕਾਰ ਨੇ ਆਖ਼ਰੀ ਵਕਤ ਜੁਲਾਈ 2021 ਵਿਚ 21 ਇਨੋਵਾ ਗੱਡੀਆਂ ਦੀ ਖ਼ਰੀਦ ਕੀਤੀ ਸੀ ਅਤੇ ਇਨ੍ਹਾਂ ਦੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਅਲਾਟਮੈਂਟ ਕੀਤੀ ਗਈ ਸੀ। 

         ਉਸ ਵਕਤ ਕਾਂਗਰਸੀ ਵਜ਼ੀਰਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਝੰਡਾ ਚੁੱਕਿਆ ਸੀ ਅਤੇ ਇਹ ਗੱਡੀਆਂ ਕੈਪਟਨ ਖੇਮੇ ਦੇ ਵਿਧਾਇਕਾਂ ਨੂੰ ਅਲਾਟ ਕੀਤੀਆਂ ਗਈਆਂ ਸਨ। ਉਸ ਵਕਤ ਇਨ੍ਹਾਂ ’ਤੇ 4.25 ਕਰੋੜ ਦਾ ਖਰਚਾ ਆਇਆ ਸੀ।ਇਸੇ ਤਰ੍ਹਾਂ ਜੁਲਾਈ 2020 ਵਿਚ ਵੀ ਕਾਂਗਰਸੀ ਹਕੂਮਤ ਸਮੇਂ 17 ਨਵੀਆਂ ਇਨੋਵਾ ਗੱਡੀਆਂ ਦੀ ਖ਼ਰੀਦ ਹੋਈ ਸੀ। ਟਰਾਂਸਪੋਰਟ ਵਿਭਾਗ ਵੱਲੋਂ ਜੈੱਮ ਪੋਰਟਲ ਜ਼ਰੀਏ ਨਵੇਂ ਵਾਹਨਾਂ ਦੀ ਖ਼ਰੀਦ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੇ ਸਰਫ਼ਾ ਮੁਹਿੰਮ ਵੀ ਨਾਲੋਂ ਨਾਲ ਜਾਰੀ ਰੱਖੀ ਹੈ ਜਿਸ ਤਹਿਤ ਵਿਧਾਇਕਾਂ ਅਤੇ ਵਜ਼ੀਰਾਂ ਦੇ ਖਟਾਰਾ ਵਾਹਨ ਟਰਾਂਸਪੋਰਟ ਵਿਭਾਗ ਦੇ ਉੱਚ ਅਫ਼ਸਰਾਂ ਨੂੰ ਅਲਾਟ ਕੀਤੇ ਜਾ ਰਹੇ ਹਨ। ਟਰਾਂਸਪੋਰਟ ਵਿਭਾਗ ਨੇ ਕੰਡਮ ਹੋਈਆਂ 32 ਲਗਜ਼ਰੀ ਗੱਡੀਆਂ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਅਤੇ ਟਰਾਂਸਪੋਰਟ ਵਿਭਾਗ ਦੇ ਜ਼ਿਲਿ੍ਹਆਂ ਵਿਚਲੇ ਖੇਤਰੀ ਟਰਾਂਸਪੋਰਟ ਅਫ਼ਸਰਾਂ ਨੂੰ ਅਲਾਟ ਕੀਤੀਆਂ ਹਨ। ਇਨ੍ਹਾਂ ਕੰਡਮ ਗੱਡੀਆਂ ਵਿਚ 24 ਇਨੋਵਾ ਅਤੇ ਬਾਕੀ ਸੱਤ ਜਿਪਸੀਆਂ ਹਨ। ਇਹ 9 ਤੋਂ 13 ਸਾਲ ਦੀ ਉਮਰ ਭੋਗ ਚੁੱਕੀਆਂ ਹਨ।


ਕਾਰਟੂਨ ਸਮੇਤ

No comments:

Post a Comment