Monday, January 22, 2024

                                         ਮੋਟਰ ਮਿੱਤਰਾਂ ਦੀ…
                                                        ਚਰਨਜੀਤ ਭੁੱਲਰ  

ਚੰਡੀਗੜ੍ਹ: ‘ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ’ ਇਹ ਪੁਰਾਣਾ ਪੰਜਾਬ ਹੈ। ਉਪਰੋਕਤ ਗੀਤ ਵਿੱਚ ਸੰਚਾਰ ਸਹੂਲਤ ਤੋਂ ਵੱਧ ਹਾਣੀ ਲਈ ਮੋਹ, ਪਿਆਰ ਤੇ ਸਤਿਕਾਰ ਦਾ ਝੂਟਾ ਪ੍ਰਮੁੱਖ ਹੈ। ਇਹ ਉਹ ਪੰਜਾਬ ਹੈ ਜਦੋਂ ਸਿੱਧੇ ਸਿਆੜ ਵੇਖ ਕੇ ਲੋਰ ਵਿੱਚ ਆਇਆ ਹਾਲੀ ਲੰਬੀ ਹੇਕ ਲਾ ਲੈਂਦਾ ਸੀ। ਜਦੋਂ ਕਪਾਹ ਚੁਗਦੀਆਂ ਔਰਤਾਂ ਆਸਾ-ਪਾਸਾ ਵੇਖ ਕੇ ਬੋਲੀਆਂ ਪਾ ਲੈਂਦੀਆਂ ਸਨ। ‘ਭਗਵਾਨ ਤੇਰੀ ਕੁਦਰਤ’ ਜਦੋਂ ਤਿੱਤਰ ਲੰਬੀ ਉਡਾਰੀ ਮਾਰ ਕੇ ਤੁਰੰਤ ਆਪਣੇ ਹਿਰਦੇ ਦਾ ਪ੍ਰਗਟਾਵਾ ਕਰ ਲੈਂਦਾ ਸੀ। ਹੁਣ ਇਹ ਆਵਾਜ਼ਾਂ ਚਕਾਚੌਂਧ ਜ਼ਿੰਦਗੀ ਅਤੇ ਮੋਟਰ ਗੱਡੀਆਂ ਦੇ ਰੌਲੇ-ਰੱਪੇ ਹੇਠਾਂ ਦੱਬ ਗਈਆਂ ਹਨ।ਜਿਨ੍ਹਾਂ ਸਮਿਆਂ ’ਚ ਇਹ ਗਾਣਾ ਵੱਜਿਆ ਸੀ, ਉਦੋਂ ਟਾਵੀਂ ਟੱਲੀ ਮੋਟਰ ਸੀ ਤੇ ਚੱਲਦੀ ਵੀ ਪਿਆਰ ਦੇ ਪੈਟਰੋਲ ’ਤੇ ਸੀ। ਅੱਜ ਦੇ ਸਮਿਆਂ ’ਚ ਨਾ ਉਹ ਮੋਟਰਾਂ ਰਹੀਆਂ ਤੇ ਨਾ ਉਹ ਮੁਹੱਬਤ ਰਹੀ ਹੈ। ਪੰਜਾਬ ’ਚ ਅੱਜਕੱਲ੍ਹ ਇਹੋ ਗਾਣੇ ਗੂੰਜ ਰਹੇ ਨੇ:

                  ‘ਘੁੰਮਣ ਘੁਮਾਉਣ ਨੂੰ ਥਾਰ ਰੱਖੀ ਐ,

                 ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ।’

        ਬਹੁਕੌਮੀ ਕੰਪਨੀਆਂ ਹੁਣ ਬਾਗੋ ਬਾਗ਼ ਨੇ, ਪੰਜਾਬੀ ਰਾਸ ਜੋ ਆਏ ਨੇ। ਅੱਜ ਦਾ ਪੰਜਾਬੀ ਦਿਖਾਵਾ ਕਰਦਾ ਹੀ ਨਹੀਂ, ਕੋਠੇ ਚੜ੍ਹ ਕੇ ਨੱਚਦਾ ਵੀ ਹੈ। ਇਹ ਗੱਲਾਂ ਦਾ ਕੜਾਹ ਨਹੀਂ, ਸਰਕਾਰੀ ਫਾਈਲਾਂ ’ਚੋਂ ਨਿਕਲਿਆ ਸੱਚ ਵੀ ਹੈ ਜਿਸ ਦਾ ਜੀਅ ਕਰਦੈ ਕਿ ਉਹ ਵੀ ਕੋਠੇ ਚੜ੍ਹ ਕੇ ਨੱਚੇ। ਆਓ, ਨਜ਼ਰ ਮਾਰਦੇ ਹਾਂ ਉਨ੍ਹਾਂ ਅੰਕੜਿਆਂ ’ਤੇ ਜਿਹੜੇ ਪੰਜਾਬ ਦਾ ਢਿੱਡ ਨੰਗਾ ਕਰ ਰਹੇ ਨੇ। ਅੱਜ ਅੱਧਾ ਪੰਜਾਬ ਹਵਾਈ ਅੱਡਿਆਂ ’ਤੇ ਖੜ੍ਹਾ ਹੈ। ਛੇਤੀ ਜਹਾਜ਼ ਚੜ੍ਹਨ ਲਈ ਕਾਹਲੇ ਨੇ। ਬਾਕੀਆਂ ਵਿੱਚੋਂ ਬਹੁਤੇ ਬੁਲਟ ਦੇ ਪਟਾਕੇ ਪਾਉਂਦੇ ਘੁੰਮ ਰਹੇ ਨੇ। ਗੱਲ ਬੁਲਟ (ਰਾਇਲ ਐਨਫੀਲਡ) ਤੋਂ ਹੀ ਸ਼ੁਰੂ ਕਰਦੇ ਹਾਂ। ਪੰਜਾਬ ਵਿੱਚ ਅਗਸਤ 2023 ਤੱਕ ਬੁਲਟ ਮੋਟਰ ਸਾਈਕਲਾਂ ਦੀ ਗਿਣਤੀ 4,66,767 ਹੋ ਗਈ ਹੈ। ਮਤਲਬ ਇਹ ਹੈ ਕਿ ਪੰਜਾਬ ਦੇ ਔਸਤ ਹਰ ਚੌਦ੍ਹਵੇਂ ਘਰ ਵਿੱਚ ਬੁਲਟ ਖੜ੍ਹਾ ਹੈ। ਕੋਵਿਡ ਦੀ ਆਮਦ ਤੋਂ ਪਹਿਲਾਂ ਵਰ੍ਹਾ 2019 ’ਚ ਪੰਜਾਬ ਵਿੱਚ 43,742 ਬੁਲਟ ਮੋਟਰ ਸਾਈਕਲਾਂ ਦੀ ਵਿਕਰੀ ਹੋਈ ਸੀ ਰੋਜ਼ਾਨਾ ਦੀ ਔਸਤ ਦੇਖੀਏ ਤਾਂ ਸਾਲ 2019 ਵਿੱਚ ਨਿੱਤ 119 ਬੁਲਟ ਵਿਕੇ ਸਨ।

        ਪਿਛਲੇ ਵਰ੍ਹੇ 2023 ਵਿੱਚ ਅਗਸਤ ਮਹੀਨੇ ਤੱਕ 21,597 ਬੁਲਟ ਵਿਕ ਚੁੱਕੇ ਸਨ। ਅਮਰੀਕੀ ਮੋਟਰ ਸਾਈਕਲ ਹਾਰਲੇ ਡੇਵਿਡਸਨ ਵੀ ਪੰਜਾਬ ਦੇ 61 ਘਰਾਂ ਵਿੱਚ ਪਹੁੰਚ ਚੁੱਕਾ ਹੈ। ਪੰਜਾਬ ਵਿੱਚ ਇਸ ਵੇਲੇ 65.13 ਲੱਖ (ਅਨੁਮਾਨਿਤ) ਘਰ ਹਨ। ਸੂਬੇ ਦੇ ਹਰ ਤਿੰਨ ਘਰਾਂ ਪਿੱਛੇ ਦੋ ਮੋਟਰ ਸਾਈਕਲ/ ਸਕੂਟਰ ਹਨ। ਜੇਕਰ ਹਰ ਤਰ੍ਹਾਂ ਦੇ ਵਾਹਨਾਂ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਵਿੱਚ ਅਗਸਤ 2023 ਤੱਕ ਕੁੱਲ 1.32 ਕਰੋੜ ਵਾਹਨ ਰਜਿਸਟਰ ਹੋਏ ਹਨ। ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ ਔਸਤ ਹਰ ਦੂਜੇ ਘਰ ਵਿੱਚ ਕੋਈ ਨਾ ਕੋਈ ਵਾਹਨ ਖੜ੍ਹਾ ਹੈ। ‘ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।’ ਇੰਝ ਜਾਪਦਾ ਹੈ ਕਿ ਜਿਵੇਂ ਇਹ ਗੱਲ ਕਿਸੇ ਨੂੰ ਪੰਜਾਬ ਦੀ ਦੇਹਲੀ ’ਤੇ ਬੈਠ ਕੇ ਫੁਰੀ ਹੋਵੇ। ਪੰਜਾਬੀ ਸ਼ੌਕ ਪਾਲਦੇ ਹੀ ਨਹੀਂ, ਉਸ ਦਾ ਮੁੱਲ ਵੀ ਤਾਰਦੇ ਨੇ। ਮੁੱਲ ਤਾਰਨ ਵਾਲੇ ਜ਼ਰੂਰ ਇਹੋ ਸੋਚ ਰੱਖਦੇ ਹੋਣਗੇ ਕਿ ‘ਢਾਈ ਦਿਨ ਦੀ ਜ਼ਿੰਦਗਾਨੀ, ਮੇਲਾ ਦੋ ਘੜੀਆਂ’। ਜਦੋਂ ਜ਼ਿੰਦਗੀ ਏਨੀ ਛੋਟੀ ਹੈ ਕਿ ਫੇਰ ਕਿਉਂ ਨਾ ਪੰਜਾਬ ਦਾ ਮੇਲੀ ਬਣਿਆ ਜਾਵੇ। ਹੋ ਸਕਦਾ ਹੈ ਕਿ ਕਿਸੇ ਨੇ ਸ਼ੌਕੀਨਾਂ ਦਾ ਭਰਿਆ ਮੇਲਾ ਦੇਖ ਹੀ ਹੇਕ ਲਾਈ ਹੋਵੇਗੀ, ‘ਪੰਜਾਬੀਆਂ ਦੀ ਸ਼ਾਨ ਵੱਖਰੀ’।

         ਪੰਜਾਬੀਆਂ ਦੀ ਇਹ ‘ਸ਼ਾਨ’ ਸਮੁੰਦਰ ਦੀ ਝੱਗ ਵਰਗੀ ਜਾਪਦੀ ਹੈ। ਧਨੀ ਰਾਮ ਚਾਤ੍ਰਿਕ ਨੇ ਸਮੁੰਦਰੀ ਝੱਗ ਦੀ ਨਹੀਂ, ਪੰਜਾਬ ਦੀ ਸਿਫ਼ਤ ਕੀਤੀ ਸੀ। ‘ਐ ਪੰਜਾਬ! ਕਰਾਂ ਕੀ ਸਿਫ਼ਤ ਤੇਰੀ’। ਚਾਤ੍ਰਿਕ ਦਾ ਪੰਜਾਬ ਕੋਈ ਹੋਰ ਸੀ। ਲੋਕ ਮਨਾਂ ਵਿੱਚ ਪੰਜਾਬ ਦਾ ਜੋ ਬਿੰਬ ਬਣਿਆ ਹੈ, ਉਸ ਦਾ ਵਜੂਦ ਇੱਕ ਲੰਮੀ ਘਾਲਣਾ ’ਤੇ ਟਿਕਿਆ ਹੈ। ਉਸ ਬਿੰਬ ਦੀ ਖੱਟੀ ਹੀ ਅੱਜ ਤੱਕ ਪੰਜਾਬੀ ਖਾ ਰਹੇ ਨੇ। ਪੰਜਾਬ, ਨਾਮ ਹੀ ਕਾਫ਼ੀ ਸੀ। ਕੋਈ ਖੋਜਕਰਤਾ (Researcher) ਅੱਜ ਜਦ ਪੰਜਾਬ ਦੇ ਸੱਚ ਨੂੰ ਖੋਜੇਗਾ, ਉਸ ਨੂੰ ਰੰਗਲੇ ਪੰਜਾਬ ’ਚ ਸੱਚ ਕਿਸੇ ਖੂੰਜੇ ਬੈਠਾ ਮਿਲੇਗਾ। ਗਲੀ ਮੁਹੱਲੇ ਉਸ ਨੂੰ ਪੰਜਾਬੀ ਇੱਕੋ ਸੁਰਮਚੂ ਨਾਲ ਸੁਰਮਾ ਪਾਉਂਦੇ ਮਿਲਣਗੇ, ਨਾਲੇ ਮਟਕਾਉਂਦੇ ਵੀ। ਪੰਜਾਬੀ ਤਾਂ ਘਰ ਫੂਕ ਤਮਾਸ਼ਾ ਦੇਖਦੇ ਨੇ। ਚਾਦਰ ਦੇਖ ਪੈਰ ਪਸਾਰਨ ਦੀ ਇਹ ਸੱਜਣ ਜਾਚ ਭੁੱਲ ਬੈਠੇ ਨੇ। ਪੰਜਾਬ ਦੇ ਨਕਸ਼ੇ ’ਤੇ ਅੱਜ ਦੋ ਰੰਗ ਉੱਘੜਦੇ ਨੇ। ਇੱਕ ਉਹ ਜਿਨ੍ਹਾਂ ਕੋਲ ਖੁੱਲ੍ਹੀ ਚਾਦਰ ਹੈ, ਜਿੰਨੇ ਮਰਜ਼ੀ ਪੈਰ ਪਸਾਰੀ ਜਾਣ। ਦੂਸਰੇ ਉਹ ਜਿਨ੍ਹਾਂ ਦੀ ਚਾਦਰ ’ਚੋਂ ਗੋਡੇ ਵੀ ਬਾਹਰ ਨਿਕਲੇ ਫਿਰਦੇ ਨੇ।

         ਜਿਨ੍ਹਾਂ ਦੀ ਚਾਦਰ ਵੱਡੀ ਹੈ, ਉਹ ਤਾਂ ਚਾਦਰ ’ਤੇ ਸ਼ੌਕ ਦੇ ਫੁੱਲ ਪਾਉਂਦੇ ਚੰਗੇ ਵੀ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਇੱਕ ਬੰਦੇ ਦੀ ਅਮੀਰੀ ਪਿੱਛੇ ਲੱਖਾਂ ਦੀ ਗ਼ਰੀਬੀ ਛੁਪੀ ਹੁੰਦੀ ਹੈ। ਦੱਖਣੀ ਭਾਰਤ ਦਾ ਰੰਗ ਵੱਖਰਾ ਹੈ, ਸ਼ਾਨ ਵੀ ਵੱਖਰੀ ਹੈ। ਦੱਖਣ ਨੂੰ ਦਿਖਾਵੇਬਾਜ਼ੀ ਦੀ ਲਾਗ ਨਹੀਂ ਲੱਗੀ। ਪੰਜਾਬ ਦਾ ਨਵਾਂ ਪੋਚ ਸ਼ੌਕ ਦੇ ਕਬੂਤਰ ਉਡਾਉਂਦਾ ਹੈ। ਮਹਿੰਦਰਾ ਐਂਡ ਮਹਿੰਦਰਾ ਵਾਲੇ ਜ਼ਰੂਰ ਆਖਦੇ ਹੋਣਗੇ ਕਿ ਪੰਜਾਬੀਆਂ ਦੀ ਥਾਰ ਦੀ ਮੰਗ ਨੇ ਤਾਂ ਬੱਸ ਕਰਾ ਛੱਡੀ ਹੈ। ਗੱਲ ਸੋਲ੍ਹਾਂ ਆਨੇ ਸੱਚ ਹੈ। ਬਈ! ਜੇ ਥਾਰ ਦੇ ਸ਼ੌਕੀਨਾਂ ਦੀ ਕੋਠੀ ’ਚ ਦਾਣੇ ਨੇ, ਫਿਰ ਉਹ ਮਹਿੰਦਰਾ ਵਾਲਿਆਂ ਦੇ ਖ਼ਜ਼ਾਨੇ ਕਿਉਂ ਨਾ ਭਰਪੂਰ ਕਰਨ? ਪੰਜਾਬ ਦਾ ਕੁੰਡਾ ਖੜਕਾ ਕੇ ਦੇਖੋਗੇ ਤਾਂ ਸੂਬੇ ਦੇ 2707 ਘਰਾਂ ਵਿੱਚ ਬੀ.ਐਮ.ਡਬਲਿਊ. (2MW) ਗੱਡੀ ਖੜ੍ਹੀ ਮਿਲੇਗੀ ਅਤੇ 1226 ਘਰਾਂ ਵਿੱਚ ਔਡੀ (1udi) ਖੜ੍ਹੀ ਹੋਵੇਗੀ। ‘ਏਧਰ’ ਹੈਲੀਕਾਪਟਰ ’ਤੇ ਵਿਆਹੁਣ ਜਾਣ ਵਾਲੇ ਵੀ ਮਿਲ ਜਾਣਗੇ। ਕੰਪਨੀਆਂ ਨੂੰ ਤਾਂ ਛੱਡੋ, ਫੈਨਸੀ ਨੰਬਰ ਦੇ ਸ਼ੌਕੀਨਾਂ ਨੇ ਵੀ ਸਰਕਾਰੀ ਖ਼ਜ਼ਾਨੇ ਦੀ ਖ਼ੁਸ਼ਕੀ ਮੁਕਾ ਦਿੱਤੀ ਹੈ। ਲੱਖਾਂ ਰੁਪਏ ਵਿੱਚ ਗੱਡੀ ਦਾ ਫੈਨਸੀ ਨੰਬਰ ਖ਼ਰੀਦ ਕੇ ਸ਼ੌਕ ਪਾਲਣ ਵਾਲੇ ਵੀ ਕੋਈ ਘੱਟ ਨਹੀਂ। ਇਸ ਤੋਂ ਅਗਲਾ ਪੜਾਅ ਵੇਖੋ,

              ‘ਯਾਰ ਤੇਰੇ ਨੇ ਗੱਡੀ ਲੈ ਲਈ ਟ੍ਰਿਪਲ ਜ਼ੀਰੋ ਵਨ

                     ਵਿੱਚ ਪਜੈਰੋ ਦੇ ਰੱਖ ਲਈ ਦੇਸੀ ਗੰਨ।’

           ਅਜਿਹੀਆਂ ਪੰਕਤੀਆਂ ਹੀ ਲੜਾਈ-ਝਗੜਿਆਂ ਅਤੇ ਗੈਂਗਵਾਰ ਦੀਆਂ ਪੈੜਾਂ ਪਾਉਂਦੀਆਂ ਹਨ।ਡੱਬਵਾਲੀ ਦੀ ਜੀਪ ਮਾਰਕੀਟ ਵਾਲੇ ਆਖਦੇ ਹਨ ਕਿ ਪੰਜਾਬੀਆਂ ਨੇ ਬਚਾ ਲਏ, ਇਨ੍ਹਾਂ ਦਾ ਕਿੱਥੇ ਦੇਣ ਦੇਵਾਂਗੇ। ਉਹ ਪੁਰਾਣੀਆਂ ਜੀਪਾਂ ਖ਼ਰੀਦ ਕੇ ਤਿਆਰ ਕਰਦੇ ਨੇ, ਪੰਜਾਬੀ ਹੱਥੋਂ ਹੱਥ ਖ਼ਰੀਦ ਲੈਂਦੇ ਹਨ। ਮਾਝੇ ਤੇ ਦੁਆਬੇ ’ਚ ਕਦੇ ਗੇੜਾ ਮਾਰੋਗੇ ਤਾਂ ਵੱਡੀਆਂ ਕੋਠੀਆਂ ’ਤੇ ਟਰੈਕਟਰ ਚਾੜ੍ਹੇ ਹੋਏ ਹਨ। ਪਾਣੀ ਵਾਲੀ ਟੈਂਕੀ ਦਾ ਮਾਡਲ ਕਿਤੇ ਟਰੈਕਟਰ ਦਾ ਹੈ, ਕਿਤੇ ਜਹਾਜ਼ ਦਾ। ਇਹ ਮਾਨਸਿਕਤਾ ਕਿਸ ਤਰ੍ਹਾਂ ਦੇ ਪਾਣੀ ’ਚ ਭਿੱਜੀ ਹੋਈ ਹੈ। ਝੱਲ ਖਿਲਾਰਨ ਵਾਲਿਆਂ ਨੇ ਆਹ ਦਿਨ ਦਿਖਾਏ ਨੇ। ਸਿਆਸਤਦਾਨਾਂ ਤੇ ਅਫ਼ਸਰਾਂ ਦੇ ਕਾਕਿਆਂ ਨੇ ਡਾਢਾ ਯੋਗਦਾਨ ਪਾਇਆ ਹੈ।ਜਿਨ੍ਹਾਂ ਕਿਸਾਨਾਂ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ ਭਰਵਾਂ ਯੋਗਦਾਨ ਪਾਇਆ, ਉਹ ਕਿਉਂ ਪਿੱਛੇ ਰਹਿਣ। ਜਦੋਂ ਪੰਜਾਬ ’ਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੌਰ ਸ਼ੁਰੂ ਹੋਇਆ ਸੀ ਤਾਂ ਉਦੋਂ ਕਿਸਾਨਾਂ ਨੂੰ ਕਿਧਰੋਂ ਵੀ ਕਰਜ਼ਾ ਨਹੀਂ ਮਿਲਦਾ ਸੀ ਜਿਸ ਕਰਕੇ ਮਜਬੂਰੀਵੱਸ ਕਿਸਾਨ ਨਵਾਂ ਟਰੈਕਟਰ ਖ਼ਰੀਦ ਕੇ ਫ਼ੌਰੀ ਘੱਟ ਮੁੱਲ ਵਿੱਚ ਵੇਚ ਦਿੰਦੇ ਸਨ। ਹੁਣ ਸੱਚ ਤੋਂ ਮੁਨਕਰ ਵੀ ਨਹੀਂ ਹੋ ਸਕਦੇ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰ ਆਖਦੇ ਹਨ ਕਿ ਪੰਜਾਬ ਦਾ ਫ਼ਸਲੀ ਚੱਕਰ ਇਸ ਤਰ੍ਹਾਂ ਦਾ ਹੈ ਕਿ ਟਰੈਕਟਰ ਦੀ ਖੇਤੀ ’ਚ ਵਰਤੋਂ ਬਹੁਤ ਘੱਟ ਘੰਟੇ ਹੁੰਦੀ ਹੈ। ਪੰਜਾਬ ਨੂੰ ਲੱਖਾਂ ਟਰੈਕਟਰ ਵਿੱਤੀ ਤੌਰ ’ਤੇ ਵਾਰਾ ਨਹੀਂ ਖਾਂਦੇ ਹਨ। ਫਿਰ ਵੀ ਕਿਸਾਨ ਨਵੇਂ ਟਰੈਕਟਰ ਕਢਵਾ ਰਹੇ ਹਨ। ਅੰਕੜਾ ਗਵਾਹ ਹੈ, ਹਿਸਾਬ ਕਿਤਾਬ ਤੁਸੀਂ ਆਪੇ ਲਾ ਲੈਣਾ। ਪੰਜਾਬ ਵਿੱਚ ਅਗਸਤ 2023 ਤੱਕ ਕੁੱਲ 5.77 ਲੱਖ ਖੇਤੀ ਟਰੈਕਟਰ ਰਜਿਸਟਰ ਹੋਏ ਹਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਸੂਬੇ ਦੇ ਔਸਤ ਹਰ ਗਿਆਰ੍ਹਵੇਂ ਘਰ ਵਿੱਚ ਟਰੈਕਟਰ ਹੈ।

           ਜਨਵਰੀ 2019 ਤੋਂ ਅਗਸਤ 2023 ਤੱਕ ਪੰਜਾਬ ਵਿੱਚ 93,197 ਲੱਖ ਟਰੈਕਟਰਾਂ ਦੀ ਵਿਕਰੀ ਹੋਈ। ਪਿਛਲੇ ਵਰ੍ਹੇ 2023 ਵਿੱਚ ਅਗਸਤ ਤੱਕ 20,950 ਟਰੈਕਟਰ ਵਿਕ ਚੁੱਕੇ ਸਨ। ਉਕਤ ਪੌਣੇ ਪੰਜ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਸੂਬੇ ਵਿੱਚ ਰੋਜ਼ਾਨਾ 54 ਟਰੈਕਟਰ ਵਿਕ ਰਹੇ ਹਨ। ਪੰਜਾਬ ਵਿੱਚ ਵੱਡੇ ਕਿਸਾਨ 12 ਲੱਖ ਤੋਂ 20 ਲੱਖ ਰੁਪਏ ਤੱਕ ਦਾ ਟਰੈਕਟਰ ਖ਼ਰੀਦ ਰਹੇ ਹਨ। ਤਕਰੀਬਨ ਪੰਜ ਫ਼ੀਸਦੀ ਵੱਡੇ ਟਰੈਕਟਰ ਸ਼ੌਕੀਨ ਖ਼ਰੀਦਦੇ ਹਨ। ਛੋਟੀ ਤੇ ਦਰਮਿਆਨੀ ਕਿਸਾਨੀ 25 ਤੋਂ 30 ਹਾਰਸ ਪਾਵਰ ਦੇ ਟਰੈਕਟਰਾਂ ਦੀ ਖ਼ਰੀਦ ਕਰਦੀ ਹੈ। ਸਮੁੱਚੇ ਮੁਲਕ ਵਿੱਚ ਖੇਤੀ ਟਰੈਕਟਰਾਂ ਦੀ ਗਿਣਤੀ ਇਸ ਵੇਲੇ ਤੱਕ 95.11 ਲੱਖ ਬਣਦੀ ਹੈ ਜਿਸ ’ਚੋਂ ਵੱਡਾ ਹਿੱਸਾ 5.77 ਲੱਖ ਖੇਤੀ ਟਰੈਕਟਰਾਂ ਨਾਲ ਪੰਜਾਬ ਦਾ ਹੈ। ਕਿਤੇ ਕਿਸੇ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਦੇਖਣਾ। ਕਿਸੇ ਦੇ ਘਰ ਵਿੱਚ ਭੰਗ ਭੁੱਜ ਰਹੀ ਹੋਵੇਗੀ ਤੇ ਕਿਸੇ ਦੇ ਘਰ ਬੁਲਟ ਤੇ ਥਾਰ ’ਤੇ ਕੱਪੜੇ ਵੱਜ ਰਹੇ ਹੋਣਗੇ। ਕਿੱਧਰ-ਕਿੱਧਰ ਵੇਖੀਏ, ਬਿਨਾਂ ਲੋੜਾਂ ਤੋਂ ਮਹਿੰਗੀਆਂ ਗੱਡੀਆਂ ਵਿੱਚ ਬੈਠੇ ਸਵਾਰਾਂ ਵੱਲ ਜਾਂ ਉਨ੍ਹਾਂ ਨੂੰ ਤੱਕੀਏ ਜਿਨ੍ਹਾਂ ਦੀ ਝੋਲੀ ਵਿੱਚ ਗ਼ੁਰਬਤ ਤੇ ਬੇਕਾਰੀ ਹੈ। ਬਾਬੇ ਨਾਨਕ ਦੇ ਸੁਨੇਹੇ ’ਤੇ ਅਮਲ ਕਰਦੇ ਤਾਂ ਸ਼ੌਕੀਨੀ ਦੇ ਪੈਸੇ ’ਚੋਂ ਦਸਵੰਧ ਵੀ ਕੱਢਦੇ ਤਾਂ ਜੋ ਹਰ ਹਾਲੀ ਪਾਲੀ ਵੀ ਸ਼ੁਕਰਾਨਾ ਕਰਦਾ। ਦੂਜਿਆਂ ਦੇ ਹਾਸਿਆਂ ’ਤੇ ਨਾਜਾਇਜ਼ ਕਬਜ਼ਾ ਕਿੱਥੋਂ ਦਾ ਦਸਤੂਰ ਹੈ?

         ਦੇਸ਼ ’ਤੇ ਨਜ਼ਰ ਮਾਰੀਏ ਤਾਂ ਇਸ ਵੇਲੇ ਸਮੁੱਚੇ ਮੁਲਕ ਵਿੱਚ 34.98 ਕਰੋੜ ਵਾਹਨ ਰਜਿਸਟਰਡ ਹਨ ਅਤੇ ਇਨ੍ਹਾਂ ’ਚੋਂ 24.56 ਕਰੋੜ ਮੋਟਰ ਸਾਈਕਲ ਤੇ ਸਕੂਟਰ ਹਨ। ਕੋਵਿਡ ਦੇ ਕਹਿਰ ਨੇ ਪੰਜਾਬੀ ਥੋੜ੍ਹੇ ਝੰਬ ਦਿੱਤੇ ਸਨ, ਨਹੀਂ ਤਾਂ ਬਿਨਾਂ ਬਰੇਕਾਂ ਤੋਂ ਖ਼ਰੀਦਦਾਰੀ ਚੱਲ ਰਹੀ ਸੀ। ਸਾਲ 2019 ਵਿੱਚ ਪੰਜਾਬ ਵਿੱਚ ਕੁੱਲ 7.58 ਲੱਖ ਵਾਹਨ ਰਜਿਸਟਰ ਹੋਏ ਸਨ। ਸਾਲ 2023 ਵਿੱਚ ਅਗਸਤ ਮਹੀਨੇ ਤੱਕ 3.98 ਲੱਖ ਵਾਹਨ ਰਜਿਸਟਰ ਹੋ ਚੁੱਕੇ ਸਨ। ਸਾਡੇ ਬਾਬੇ ਤਾਂ ਸਾਦਗੀ ਛੱਡ ਕੇ ਗਏ ਸਨ। ਅਸੀਂ ਗੱਡੀਆਂ ’ਚ ਚੜ੍ਹ ਗਏ, ਸਾਦਗੀ ਪਿੱਛੇ ਹਾਕਾਂ ਮਾਰ ਰਹੀ ਹੈ। ਲਿਖਣਾ ਪੜ੍ਹਨਾ ਵੀ ਭੁੱਲ ਬੈਠੇ ਹਾਂ। ਕਿਤਾਬਾਂ ਲਈ ਪੈਸੇ ਨਹੀਂ, ਬੁਲਟ ਲਈ ਕਰਜ਼ਾ ਚੁੱਕਦੇ ਹਾਂ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਸਿਰਫ਼ ਚਾਰ ਲਾਇਬਰੇਰੀ ਵੈਨਾਂ ਰਜਿਸਟਰਡ ਹਨ ਜਦੋਂਕਿ ਦੇਸ਼ ਭਰ ਵਿੱਚ ਲਾਇਬਰੇਰੀ ਵੈਨਾਂ ਦੀ ਗਿਣਤੀ 426 ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਲਾਇਬਰੇਰੀ ਵੈਨਾਂ ਨੂੰ ਪਿੰਡ ਪਿੰਡ ਭੇਜੇ ਅਤੇ ‘ਘਰ ਘਰ ਕਿਤਾਬ’ ਨੂੰ ਅਮਲ ’ਚ ਲਿਆਏ। ਫੇਰ ਹੀ ਪੰਜਾਬੀ ਜਾਗ ਸਕਦੇ ਹਨ। ਜਾਗਣਗੇ ਤਾਂ ਪਤਾ ਲੱਗੇਗਾ ਕਿ ਪੈਰ ਤਾਂ ਚਾਦਰ ’ਚੋਂ ਬਾਹਰ ਨਿਕਲੇ ਫਿਰਦੇ ਨੇ।

         ਸਾਈਕਲ, ਹਾਲੈਂਡ ਵਾਸੀਆਂ ਦਾ ਪਸੰਦੀਦਾ ਵਾਹਨ ਹੈ। ਉਸ ਦੇਸ਼ ਦੇ ਪੂਰੇ ਖੇਤਰ ਵਿੱਚ ਸਾਈਕਲ ਟਰੈਕ ਬਣੇ ਹੋਏ ਹਨ। ਸਾਈਕਲ ਟਰੈਕਸ ਦੀ ਲੰਬਾਈ ਸੜਕਾਂ ਤੋਂ ਵੱਧ ਹੈ ਤੇ ਇਨ੍ਹਾਂ ਟਰੈਕਸ ’ਤੇ ਮੁਕੰਮਲ ਟਰੈਫਿਕ ਚਿੰਨ ਲੱਗੇ ਹੋਏ ਹਨ। ਚੌਕ ਵਿੱਚ ਪੈਦਲ ਯਾਤਰੀਆਂ ਵਾਂਗ ਸਾਈਕਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇ ਉਹ ਲੰਬੀ ਯਾਤਰਾ ਲਈ ਹੋਰ ਵਾਹਨ ਵਰਤਦੇ ਵੀ ਹਨ ਤਾਂ ਉਨ੍ਹਾਂ ਦੇ ਪਿੱਛੇ ਵੀ ਸਾਈਕਲ ਟੰਗੇ ਹੁੰਦੇ ਹਨ। ਯੂਰਪ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਇਹੋ ਜਿਹੀ ਜੀਵਨ-ਜਾਚ ਦਾ ਹੀ ਝਲਕਾਰਾ ਹੈ। ਜੇ ਪੰਜਾਬ ਦੀ ਗੱਲ ਕਰੀਏ, ਜੱਦੋ-ਜਹਿਦ ਕਰਦੇ ਡੁੱਬਦੇ ਵਿਅਕਤੀ ਦੇ ਜਿਵੇਂ ਕਈ ਵਾਰ ਆਖ਼ਰੀ ਸਮੇਂ ਹੱਥ ਹੀ ਵਿਖਾਈ ਦਿੰਦੇ ਹਨ ਅੱਜ ਇਹੋ ਜਿਹੀ ਸਥਿਤੀ ਸੂਬੇ ਵਿੱਚ ਸਾਈਕਲ ਦੀ ਹੈ। ਪੰਜਾਬੀਆਂ ਨੇ ਖੇਤੋਂ ਚਾਰਾ ਲਿਆਉਣ ਲਈ ਵੀ ਸਾਈਕਲ ਨੂੰ ਪਾਸੇ ਕਰ ਲਿਆ ਹੈ। ਨਗੌਰੀ ਬਲਦਾਂ ਨੂੰ ਪਿਛਾਂਹ ਖਿੱਚ ਉਨ੍ਹਾਂ ਰੇਹੜੀਆਂ ਨੂੰ ਮੋਟਰ ਸਾਈਕਲ ਜੋੜ ਲਏ ਹਨ।

No comments:

Post a Comment