Showing posts with label new year. Show all posts
Showing posts with label new year. Show all posts

Monday, January 1, 2024

                                                     ਨਵੇਂ ਵਰ੍ਹੇ ਦਾ ਤੋਹਫਾ
                          ਪੰਜਾਬ ਸਰਕਾਰ ਨੇ ਖਰੀਦਿਆ ਪ੍ਰਾਈਵੇਟ ਥਰਮਲ
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬੀਆਂ ਦੀ ਝੋਲੀ ਨਵੇਂ ਵਰ੍ਹੇ ਦਾ ਤੋਹਫਾ ਪਾ ਦਿੱਤਾ ਹੈ। ਇਸ ਵੇਲੇ ਸਮੁੱਚੇ ਦੇਸ਼ ਦਾ ਮੁਹਾਣ ਪ੍ਰਾਈਵੇਟ ਸੈਕਟਰ ਵੱਲ ਹੈ ਜਦਕਿ ਪੰਜਾਬ ਨੇ ਪਬਲਿਕ ਸੈਕਟਰ ਵੱਲ ਮੋੜਾ ਕੱਟ ਕੇ ਨਵਾਂ ਮਾਅਰਕਾ ਮਾਰਿਆ ਹੈ। ਪੰਜਾਬ ਸਰਕਾਰ ਨੇ 540 ਮੈਗਾਵਾਟ ਦੇ ‘ਜੀਵੀਕੇ ਗੋਇੰਦਵਾਲ ਥਰਮਲ ਪਲਾਂਟ’ ਨੂੰ 1080 ਕਰੋੜ ਰੁਪਏ ਵਿਚ ਖਰੀਦਿਆ ਜਿਸ ਨੂੰ ਹੈਦਰਾਬਾਦ ਦੇ ‘ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ’ ਨੇ 22 ਦਸੰਬਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਖਰੀਦ ਕੇ ਪ੍ਰਾਈਵੇਟ ਤਾਪ ਬਿਜਲੀ ਘਰਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤਿਆਂ ਨੂੰ ਵੀ ਪੁੱਠਾ ਗੇੜਾ ਦੇ ਦਿੱਤਾ ਹੈ। ਇਸ ਥਰਮਲ ਦੇ ਪਬਲਿਕ ਸੈਕਟਰ ’ਚ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਥਰਮਲ ਤੋਂ ਬਿਜਲੀ ਵੀ ਸਸਤੀ ਮਿਲੇਗੀ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਨੇ ਕਰੀਬ ਛੇ ਮਹੀਨੇ ਦੀ ਗੁਪਤ ਮੁਹਿੰਮ ਚਲਾ ਕੇ ਇਸ ਪ੍ਰਾਈਵੇਟ ਥਰਮਲ ਦੀ ਖਰੀਦ ਪ੍ਰਕਿਰਿਆ ਨੇਪਰੇ ਚੜ੍ਹਾਈ ਹੈ। 

         ਕਰੀਬ ਦਸ ਕੰਪਨੀਆਂ ਇਸ ਥਰਮਲ ਨੂੰ ਖਰੀਦਣ ਦੀ ਦੌੜ ਵਿਚ ਸਨ। ਪੰਜਾਬ ਕੈਬਨਿਟ ਨੇ 10 ਜੂਨ 2023 ਨੂੰ ਗੋਇੰਦਵਾਲ ਥਰਮਲ ਨੂੰ ਖਰੀਦਣ ਲਈ ਹਰੀ ਝੰਡੀ ਦਿੱਤੀ ਸੀ। ਇਸ ਮਕਸਦ ਲਈ ਬਣੀ ਕੈਬਨਿਟ ਸਬ ਕਮੇਟੀ ਨੇ ਵਿੱਤੀ ਅਤੇ ਕਾਨੂੰਨੀ ਨਜ਼ਰੀਏ ਤੋਂ ਘੋਖ ਕੀਤੀ। ਸਰਕਾਰੀ ਪ੍ਰਵਾਨਗੀ ਮਗਰੋਂ ਪਾਵਰਕੌਮ ਨੇ ਜੂਨ ਮਹੀਨੇ ਵਿਚ ਹੀ ਥਰਮਲ ਖਰੀਦਣ ਲਈ ਵਿੱਤੀ ਬਿਡ ਪਾ ਦਿੱਤੀ ਸੀ। ਪਾਵਰਕੌਮ ਦਾ ‘ਬੋਰਡ ਆਫ ਡਾਇਰੈਕਟਰ’ ਪਹਿਲਾਂ ਹੀ ਇਸ ਖਰੀਦ ਵਾਸਤੇ ਹਰੀ ਝੰਡੀ ਦੇ ਚੁੱਕਾ ਹੈ ਕਿਉਂਕਿ ਇਸ ਥਰਮਲ ਨੂੰ ਚਲਾਉਣ ਵਾਲੀ ਕੰਪਨੀ ‘ਜੀਵੀਕੇ ਗਰੁੱਪ’ ਦਾ ਦੀਵਾਲਾ ਨਿਕਲ ਚੁੱਕਾ ਹੈ। ਇਸ ਗਰੁੱਪ ਨੇ ਕਰੀਬ ਦਰਜਨ ਬੈਂਕਾਂ ਤੋਂ ਇਸ ਥਰਮਲ ਲਈ ਕਰਜ਼ਾ ਚੁੱਕਿਆ ਹੋਇਆ ਸੀ ਜੋ ਕਿ ਇਸ ਵੇਲੇ ਵਧ ਕੇ ਕਰੀਬ 6600 ਕਰੋੜ ਹੋ ਗਿਆ ਸੀ। ਜੀਵੀਕੇ ਗਰੁੱਪ ਦੀ ਵਿੱਤੀ ਮੰਦਹਾਲੀ ਵਜੋਂ ਬੈਂਕਾਂ ਨੇ ਅਕਤੂਬਰ 2022 ਵਿਚ ‘ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ’ ਦੇ ਹੈਦਰਾਬਾਦ ਬੈਂਚ ਕੋਲ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਰਜਨ ਵਿੱਤੀ ਸੰਸਥਾਵਾਂ ਨੇ ਇਸ ਦੇ ਖ਼ਿਲਾਫ਼ 6584 ਕਰੋੜ ਦੇ ਦਾਅਵੇ ਦਾਇਰ ਕੀਤੇ ਹੋਏ ਹਨ। 

          ਇਸ ਪ੍ਰਾਈਵੇਟ ਥਰਮਲ ਕੰਪਨੀ ਨੂੰ ‘ਕਾਰਪੋਰੇਟ ਦੀਵਾਲੀਆਪਨ’ ਐਲਾਨਿਆ ਜਾ ਚੁੱਕਾ ਹੈ। ਕੌਮੀ ਲਾਅ ਟ੍ਰਿਬਿਊਨਲ ਵੱਲੋਂ ਨਿਯੁਕਤ ‘ਰੈਜ਼ੋਲਿਊਸ਼ਨ ਪ੍ਰੋਫੈਸ਼ਨਲ’ ਇਸ ਥਰਮਲ ਨੂੰ ਵੇਚਣ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ।ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਗੋਇੰਦਵਾਲ ਥਰਮਲ ਦੀ ਲਾਗਤ ਪੂੰਜੀ 3058 ਕਰੋੜ ਰੁਪਏ ਅਨੁਮਾਨੀ ਸੀ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਹੁਣ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਲਿਹਾਜ ਨਾਲ ਇਹ ਥਰਮਲ ਖਰੀਦਿਆ ਹੈ ਜਦੋਂ ਕਿ ਨਵੇਂ ਥਰਮਲ ਦੀ ਲਾਗਤ ਕੀਮਤ 8-9 ਕਰੋੜ ਰੁਪਏ ਪ੍ਰਤੀ ਮੈਗਾਵਾਟ ਪੈਂਦੀ ਹੈ। ਗੋਇੰਦਵਾਲ ਥਰਮਲ ਪਿਛਲੇ ਸਮੇਂ ਤੋਂ ਪੂਰੀ ਸਮਰੱਥਾ ’ਤੇ ਨਹੀਂ ਚੱਲ ਰਿਹਾ ਸੀ ਅਤੇ ਫੰਡਾਂ ਦੀ ਘਾਟ ਕਰ ਕੇ ਪਾਵਰਕੌਮ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਸੀ। ਚੇਤੇ ਰਹੇ ਕਿ ਚੰਨੀ ਸਰਕਾਰ ਸਮੇਂ 30 ਅਕਤੂਬਰ 2021 ਨੂੰ ਜੀਵੀਕੇ ਗੋਇੰਦਵਾਲ ਸਾਹਿਬ ਲਿਮਟਿਡ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਨੂੰ ਰੱਦ ਕਰਨ ਵਾਸਤੇ ਨੋਟਿਸ ਦਿੱਤਾ ਗਿਆ ਸੀ ਜਿਸ ’ਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਰੋਕ ਲਗਾ ਦਿੱਤੀ ਸੀ।

          ‘ਆਪ’ ਸਰਕਾਰ ਨੇ ਇਸ ਥਰਮਲ ਨੂੰ ਹੁਣ ਖਰੀਦ ਕੇ ‘ਬਿਜਲੀ ਖਰੀਦ ਸਮਝੌਤੇ’ ਦਾ ਵੀ ਭੋਗ ਪਾ ਦਿੱਤਾ ਹੈ। ਬਿਜਲੀ ਮਾਹਿਰ ਦੱਸਦੇ ਹਨ ਕਿ ਦੇਸ਼ ਵਿਚ ਕਿਧਰੇ ਵੀ ਕਿਸੇ ਪ੍ਰਾਈਵੇਟ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਖਰੀਦਣ ਦੀ ਮਿਸਾਲ ਨਹੀਂ ਮਿਲਦੀ।ਮਾਹਿਰ ਦੱਸਦੇ ਹਨ ਕਿ ਸਰਕਾਰ ਵੱਲੋਂ ਖਰੀਦਣ ਮਗਰੋਂ ਇਸ ਥਰਮਲ ਦੀ ਬਿਜਲੀ 4 ਤੋਂ 5 ਰੁਪਏ ਪ੍ਰਤੀ ਯੂਨਿਟ ਪਵੇਗੀ ਜਦੋਂ ਕਿ ਪਹਿਲਾਂ ਇਸ ਥਰਮਲ ਤੋਂ ਬਿਜਲੀ 9 ਤੋਂ 10 ਰੁਪਏ ਪ੍ਰਤੀ ਯੂਨਿਟ ਪੈਂਦੀ ਸੀ। ਪੰਜਾਬ ਦੇ ਸਾਰੇ ਪ੍ਰਾਈਵੇਟ ਥਰਮਲਾਂ ’ਚੋਂ ਸਭ ਤੋਂ ਵੱਧ ਬਿਜਲੀ ਮਹਿੰਗੀ ਇਸੇ ਥਰਮਲ ਦੀ ਸੀ। ਪਾਵਰਕੌਮ ਹੁਣ ਆਪਣੀ ਪਛਵਾੜਾ ਕੋਲਾ ਖਾਣ ਤੋਂ ਕੋਲਾ ਵਰਤ ਸਕੇਗੀ ਜਿਸ ਨਾਲ ਬਿਜਲੀ ਪੈਦਾਵਾਰ ਦੀ ਲਾਗਤ ਘਟੇਗੀ। ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪਾਵਰਕੌਮ ਦੇ ਸੀਐੱਡੀ ਬਲਦੇਵ ਸਿੰਘ ਸਰਾ ਨੇ ਸਮੁੱਚੀ ਖਰੀਦ ਪ੍ਰਕਿਰਿਆ ਵਿਚ ਮੋਹਰੀ ਭੂਮਿਕਾ ਨਿਭਾਈ।

                                    ਨਾਮਕਰਨ ਗੁਰੂ ਅਮਰਦਾਸ ਜੀ ਦੇ ਨਾਮ ’ਤੇ

ਪ੍ਰਾਈਵੇਟ ਥਰਮਲ ਦੀ ਖਰੀਦ ਮਗਰੋਂ ਇਸ ਨੂੰ ‘ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ’ ਦਾ ਨਾਮ ਦਿੱਤਾ ਗਿਆ ਹੈ। ਪੰਜਾਬ ਵਿਚ ਪਹਿਲਾਂ ਬਠਿੰਡਾ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ, ਲਹਿਰਾ ਮੁਹੱਬਤ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ’ਤੇ ਅਤੇ ਰੋਪੜ ਵਿਚ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਥਰਮਲ ਬਣਿਆ ਹੈ। ਕਾਂਗਰਸ ਸਰਕਾਰ ਨੇ ਪਹਿਲੀ ਜਨਵਰੀ 2018 ਨੂੰ ਬਠਿੰਡਾ ਥਰਮਲ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰ ਦਿੱਤੇ ਸਨ। ਗੋਇੰਦਵਾਲ ਥਰਮਲ ਦੀ ਖਰੀਦ ਨਾਲ ਪਬਲਿਕ ਸੈਕਟਰ ਮਜ਼ਬੂਤ ਹੋਵੇਗਾ।

                                         ਗੋਇੰਦਵਾਲ ਪਲਾਂਟ : ਪਿਛੋਕੜ ’ਤੇ ਝਾਤ

ਗੋਇੰਦਵਾਲ ਥਰਮਲ ਪਲਾਂਟ ਅਪਰੈਲ 2016 ਵਿਚ ਚਾਲੂ ਹੋਇਆ ਸੀ। ਇਸ ਥਰਮਲ ਦੀ ਸਮਰੱਥਾ 540 ਮੈਗਾਵਾਟ ਦੀ ਹੈ ਅਤੇ 1075 ਏਕੜ ਵਿਚ ਸਥਾਪਤ ਹੈ। ਪਿੱਛੇ ਦੇਖੀਏ ਤਾਂ ਬੇਅੰਤ ਸਿੰਘ ਸਰਕਾਰ ਨੇ 1992 ਵਿਚ 500 ਮੈਗਾਵਾਟ ਦਾ ਗੋਇੰਦਵਾਲ ਥਰਮਲ ਲਾਉਣ ਦਾ ਐਲਾਨ ਕੀਤਾ ਸੀ ਅਤੇ ਉਸ ਮਗਰੋਂ ਅਕਾਲੀ ਸਰਕਾਰ ਨੇ 17 ਅਪਰੈਲ 2000 ਨੂੰ 500 ਮੈਗਾਵਾਟ ਦੇ ਇਸ ਥਰਮਲ ਦਾ ਐੱਮਓਯੂ ਸਾਈਨ ਕੀਤਾ ਸੀ ਅਤੇ ਇਹ ਥਰਮਲ ਲਾਉਣ ਲਈ ਟੈਂਡਰ ਨਹੀਂ ਹੋਏ ਸਨ। ਕਾਂਗਰਸ ਸਰਕਾਰ ਨੇ ਮਗਰੋਂ 2006 ਵਿਚ ਇਸ ਦੀ ਸਮਰੱਥਾ ਵਧਾ ਕੇ 540 ਮੈਗਾਵਾਟ ਕਰ ਦਿੱਤੀ। ਅਕਾਲੀ ਸਰਕਾਰ ਨੇ ਮਈ 2009 ਵਿਚ 540 ਮੈਗਾਵਾਟ ਦਾ ਬਿਜਲੀ ਖਰੀਦ ਸਮਝੌਤਾ ਕੀਤਾ। ਵਰ੍ਹੇ 2014 ਵਿਚ ਇਸ ਥਰਮਲ ਨੂੰ ਅਲਾਟ ਹੋਈ ਕੋਲਾ ਖਾਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ। ਸਾਲ 2016 ਵਿਚ ਚਾਲੂ ਹੋਣ ਦੇ ਕੁੱਝ ਸਮੇਂ ਮਗਰੋਂ ਲਿਟੀਗੇਸ਼ਨ ਸ਼ੁਰੂ ਹੋ ਗਈ। ਪਾਵਰਕੌਮ ਨੇ 2019 ਵਿਚ ਡਿਫਾਲਟਿੰਗ ਨੋਟਿਸ ਦੇ ਦਿੱਤਾ ਅਤੇ ਅਕਤੂਬਰ 2022 ਵਿਚ ਜੀਵੀਕੇ ਗਰੁੱਪ ਨੂੰ ਦੀਵਾਲੀਆ ਐਲਾਨ ਦਿੱਤਾ।

Friday, January 1, 2021

                                                    ਨਵਾਂ ਵਰ੍ਹਾ, ਨਵੀਂ ਉਮੀਦ
                                         ਪੰਜਾਬ ਵਿੱਚ ਚੜ੍ਹੇਗਾ ਨਵਾਂ ਸੂਰਜ
                                                         ਚਰਨਜੀਤ ਭੁੱਲਰ              

ਚੰਡੀਗੜ੍ਹ : ਪੰਜਾਬ ’ਚ ਨਵੇਂ ਵਰ੍ਹੇ ’ਤੇ ਨਵਾਂ ਫੁੱਲ ਖਿੜੇਗਾ। ਲੰਘਿਆ ਸਾਲ ਅਭੁੱਲ ਯਾਦ ਬਣੇਗਾ। ਨਵੀਂ ਉਮੀਦ, ਨਵੀਂ ਉਮੰਗ ਦਾ ਸੂਰਜ ਵਰ੍ਹਿਆਂ ਮਗਰੋਂ ਪੰਜਾਬ ਦਾ ਨਸੀਬ ਬਣੇਗਾ। ਕਿਸਾਨ ਅੰਦੋਲਨ ਨੇ ਪੰਜਾਬ ਨੂੰ ਨਵਾਂ ਜਨਮ ਦਿੱਤਾ ਹੈ। ਜੈਕਾਰਿਆਂ ਦੀ ਗੂੰਜ ’ਚ ਅੱਜ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਵਰ੍ਹਾ 2020 ਨੂੰ ਅਲਵਿਦਾ ਕਿਹਾ ਗਿਆ। ਨਵੇਂ ਜੋਸ਼ ਤੇ ਜਜ਼ਬੇ ਨਾਲ ਪੰਜਾਬ ਨੇ ਨਵੇਂ ਵਰ੍ਹੇ ਨੂੰ ‘ਜੀ ਆਇਆਂ ਨੂੰ’ ਆਖਿਆ। ਵਰ੍ਹਿਆਂ ਤੋਂ ਸੁੱਤਾ ਪੰਜਾਬ ਲੰਘੇ ਵਰ੍ਹੇ ਦੇ ਅਖੀਰ ’ਚ ਜਾਗਿਆ ਅਤੇ ਨਵੇਂ ਵਰ੍ਹੇ ’ਚ ਨਵੀਂ ਇਬਾਰਤ ਲਿਖੇਗਾ। ਮਾਨਸਾ ਦੀ ਬਜ਼ੁਰਗ ਪ੍ਰੀਤਮ ਕੌਰ ਦੇ ਪੋਤੇ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ, ਹੁਣ ਉਨ੍ਹਾਂ ਦਾ ਮਨ ਬਦਲ ਗਿਆ ਹੈ। ਬਜ਼ੁਰਗ ਆਖਦੀ ਹੈ ਕਿ ਕਿਸਾਨੀ ਘੋਲ ਨੇ ਨਵੇਂ ਸਬਕ ਦੇ ਦਿੱਤੇ ਹਨ ਤੇ ਉਸ ਦੇ ਪੋਤੇ ਹੁਣ ਵਧੇਰੇ ਜ਼ਿੰਮੇਵਾਰ ਬਣੇ ਹਨ। ਦਿੱਲੀ ਮੋਰਚੇ ’ਚ ਬੈਠੇ ਖਮਾਣੋਂ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਸਾਲ ’ਚ ਲੀਡਰਾਂ ਨੂੰ ਅਕਲ ਆਵੇ ਅਤੇ ਪ੍ਰਮਾਤਮਾ ਅਜਿਹੇ ਆਗੂਆਂ ਨੂੰ ਸੁਮੱਤ ਬਖਸ਼ੇ, ਇਹੋ ਅਰਦਾਸ ਕਰਦੇ ਹਾਂ। ਸਿੰਘੂ ਬਾਰਡਰ ’ਤੇ ਆਏ ਪ੍ਰੋ. ਜਗਤਾਰ ਸਿੰਘ ਜੋਗਾ ਆਖਦੇ ਹਨ ਕਿ ਕੋਵਿਡ ਨੇ ਲੰਘੇ ਵਰ੍ਹੇ ਦੇ ਅੱਧ ਤੱਕ ਮੌਤਾਂ ਵੰਡੀਆਂ ਪ੍ਰੰਤੂ ਕਿਸਾਨ ਘੋਲ ਨੇ ਪੰਜਾਬ ਨੂੰ ਸੋਝੀ ਵੰਡੀ ਹੈ ਜਿਸ ਦੀ ਲਗਰ ਨਵੇਂ ਵਰ੍ਹੇ ’ਚ ਫੈਲੇਗੀ। 

              ਸੰਗਰੂਰ ਦੇ ਪਿੰਡ ਰਾਮਗੜ੍ਹ ਦੇ ਨੌਜਵਾਨ ਗੁਰਪ੍ਰੀਤ ਨੇ ਕਿਹਾ ਕਿ ਨਵਾਂ ਵਰ੍ਹਾ ਨਵੀਂ ਕਹਾਣੀ ਲਿਖੇਗਾ ਅਤੇ ਉਹ ਜਿੱਤ ਕੇ ਵਾਪਸ ਪਰਤਣਗੇ। ਭਵਾਨੀਗੜ੍ਹ ਦਾ ਅਧਿਆਪਕ ਰਘਬੀਰ ਸਿੰਘ ਆਪਣੇ ਸਾਥੀ ਅਧਿਆਪਕਾਂ ਸਮੇਤ ਸਿੰਘੂ ਬਾਰਡਰ ’ਤੇ ਸਕੂਲੀ ਬੱਚਿਆਂ ਨੂੰ ਮੋਰਚੇ ਦੌਰਾਨ ਹੀ ਪੜ੍ਹਾ ਰਿਹਾ ਹੈ। ਉਸ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਘੋਲ ਨੇ ਜਾਗ ਲਾ ਦਿੱਤਾ ਹੈ, ਜਿਸ ਵਜੋਂ ਪੱਛਮੀ ਪ੍ਰਭਾਵ ਘਟੇਗਾ ਅਤੇ ਪੰਜਾਬ ਨਵਾਂ ਮੋੜਾ ਕੱਟੇਗਾ। ਜਲੰਧਰ ਦੇ ਪਿੰਡ ਜੰਡੂ ਸੰਘਾ ਦੀ ਇੰਜਨੀਅਰ ਲੜਕੀ ਦਰਸ਼ਪ੍ਰੀਤ ਕੌਰ ਸੰਘਾ ਨੇ ਸਿੰਘੂ ਮੋਰਚੇ ਤੋਂ ਵਾਪਸੀ ਮੌਕੇ ਦੱਸਿਆ ਕਿ ਕਿਸਾਨ ਘੋਲ ਸਮਾਜੀ ਰਿਸ਼ਤਿਆਂ ਵਿਚਲੀ ਕੁੜੱਤਣ ਨੂੰ ਦੂਰ ਕਰਨ ਦਾ ਵੱਡਾ ਜ਼ਰੀਆ ਬਣੇਗਾ। ਉਨ੍ਹਾਂ ਕਿਹਾ ਕਿ ਨਵਾਂ ਵਰ੍ਹਾ ਨਿਵੇਕਲੀ ਕਿਸਮ ਦਾ ਹੋਵੇਗਾ ਜਿਸ ’ਚ ਸਭ ਨੂੰ ‘ਜਾਗਦਾ ਪੰਜਾਬ’ ਦਿਖੇਗਾ। ਦੇਖਿਆ ਜਾਵੇ ਤਾਂ ਇਸ ਘੋਲ ’ਚ ਕਿਸਾਨ ਇੱਕ ਨਾਇਕ ਵਜੋਂ ਉਭਰਿਆ ਹੈ।ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ, ਜਿਸ ’ਤੇ ਕੰਗਣਾ ਰਣੌਤ ਨੇ ਟਿੱਪਣੀ ਕੀਤੀ ਸੀ, ਆਖਦੀ ਹੈ ਕਿ ਨਵੇਂ ਸਾਲ ’ਚ ਕਿਸਾਨੀ ਦਾ ਸੂਰਜ ਚੜ੍ਹੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਤਿੰਨ ਮਹੀਨੇ ਤੋਂ ਘੋਲ ਵਿਚ ਕੁੱਦੇ ਹੋਏ ਹਨ। ਪਹਿਲਾਂ ਸੜਕਾਂ, ਫਿਰ ਰੇਲ ਮਾਰਗਾਂ ਅਤੇ ਹੁਣ ਦਿੱਲੀ ਮੋਰਚੇ ’ਚ ਬੈਠੇ ਹਨ। 

              ਕਹਾਣੀਕਾਰ ਅਤਰਜੀਤ ਆਖਦੇ ਹਨ ਕਿ ਲੰਘੇ ਵਰ੍ਹੇ ਨੇ ਪੀੜਾਂ ਦਿੱਤੀਆਂ ਪ੍ਰੰਤੂ ਨਵਾਂ ਵਰ੍ਹਾ ਕਿਸਾਨੀ ਘੋਲ ਸਦਕਾ ਨਵੀਂ ਊਰਜਾ ਵੰਡੇਗਾ। ਨਵੀਆਂ ਸਾਂਝਾਂ ਦੀ ਤਸਵੀਰ ਵਾਹੀ ਜਾਵੇਗੀ। ਬਹੁਤੇ ਕਿਸਾਨ ਆਖਦੇ ਹਨ ਕਿ ਕਿਸਾਨ ਨਿਰਾਸ਼ਾ ਵਿਚ ਜਾਣ ਦੀ ਥਾਂ ਘੋਲਾਂ ’ਚ ਕੁੱਦਣ ਵਿਚ ਭਰੋਸਾ ਕਰਨਗੇ, ਇਹ ਨਵੇਂ ਵਰ੍ਹੇ ਦਾ ਪੰਜਾਬ ਹੋਵੇਗਾ। ਕਿਸਾਨ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਦੱਸਦੀ ਹੈ ਕਿ ਬੇਮੁੱਖ ਹੋਈ ਜਵਾਨੀ ਹੁਣ ਮੁੱਖ ਧਾਰਾ ਵਿਚ ਪਰਤੀ ਹੈ ਅਤੇ ਉਨ੍ਹਾਂ ਦੀ ਮਾਪਿਆਂ ਅਤੇ ਵਡੇਰਿਆਂ ਨਾਲ ਨੇੜਤਾ ਵਧੀ ਹੈ। ਉਨ੍ਹਾਂ ’ਚ ਸੋਝੀ ਵਧੀ ਹੈ ਅਤੇ ਉਨ੍ਹਾਂ ਦੇ ਨਾਇਕ ਬਦਲੇ ਹਨ। ਆਰਟਿਸਟ ਗੁਰਪ੍ਰੀਤ ਬਠਿੰਡਾ ਆਖਦਾ ਹੈ ਕਿ ਕਿਸਾਨੀ ਘੋਲ ਨੇ ਪੰਜਾਬ ਦੇ ਲੋਕਾਂ ਨੂੰ ਸਿਆਸੀ ਲੀਡਰਾਂ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਦੇ ਦਿੱਤੀ ਹੈ ਅਤੇ ਸਿਆਸੀ ਲੀਡਰਾਂ ਲਈ ਨਵਾਂ ਵਰ੍ਹਾ ਫਿਕਰਾਂ ਵਾਲਾ ਹੋਵੇਗਾ। 

Sunday, January 1, 2012

                                           ਏਹਨਾਂ ਰਾਹਾਂ 'ਚ ਬੰਦੇ ਬਿਰਖ ਹੋ ਗਏ…
                                                                     ਚਰਨਜੀਤ ਭੁੱਲਰ
ਬਠਿੰਡਾ : ਨਵਾਂ ਸਾਲ ਮੁਬਾਰਕ ਕਿਸ ਨੂੰ ਕਹੀਏ। ਵੋਟਾਂ ਵਾਲਿਆਂ ਨੂੰ ਜਾਂ ਚੋਟਾਂ ਵਾਲਿਆਂ ਨੂੰ। ਚੋਟ ਖਾਣ ਵਾਲੇ ਤਾਂ ਨਿਤਾਣੇ ਹਨ। ਵੋਟ ਖਾਣ ਵਾਲੇ ਪੁਰਾਣੇ ਹਨ। ਕਿੰਨੇ ਵਰ੍ਹੇ ਗੁਜ਼ਰ ਗਏ ਹਨ। ਕੋਈ ਵਰ੍ਹਾ ਸੁੱਖ ਸੁਨੇਹਾ ਨਹੀਂ ਲੈ ਕੇ ਆਇਆ। ਇਹ ਗਮ ਚੋਟਾਂ ਖਾਣ ਵਾਲਿਆਂ ਦਾ ਹੈ। ਵੋਟਾਂ ਵਾਲਿਆਂ ਲਈ ਇਹ ਵਰ੍ਹਾ ਹੋਰ ਵੀ ਭਾਗਾਂ ਵਾਲਾਂ ਹੈ। ਉਨ੍ਹਾਂ ਨੂੰ ਪੰਜ ਵਰ੍ਹਿਆਂ ਲਈ ਗੱਦੀ ਮਿਲਣੀ ਹੈ। ਚੋਟਾਂ ਵਾਲਿਆਂ ਨੂੰ ਲਾਰੇ ਮਿਲਣੇ ਹਨ। ਢਾਰਸ ਮਿਲਣੀ ਹੈ। ਉਨ੍ਹਾਂ ਨੂੰ ਹੱਥ ਜੋੜਦੇ ਨੇਤਾ ਮਿਲਣੇ ਹਨ। ਚੋਣਾਂ ਵਾਲਾ ਸਿਆਸੇ ਅਖਾੜੇ 'ਚ ਉਹ ਵੀ ਮਿਲਣੇ ਹਨ ਜਿਨ੍ਹਾਂ ਦੇ ਪੰਜ ਵਰ੍ਹੇ ਦਰਸ਼ਨ ਦੁਰਲੱਭ ਰਹੇ। ਅਖਾੜੇ ਦੇ ਇਨ੍ਹਾਂ ਭਲਵਾਨਾਂ ਨੂੰ ਦੱਸਣਾ ਪਵੇਗਾ ਕਿ ਉਹ ਸਿਰਫ਼ ਤਾੜੀਆਂ ਮਾਰਨ ਲਈ ਨਹੀਂ ਬੈਠੇ। ਮੁੱਖ  ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੀ ਮਿਸ਼ਾਲ ਲੈਂਦੇ ਹਾਂ। ਵੱਡੀ ਚੋਟ ਇਸ ਜ਼ਿਲ੍ਹੇ 'ਚ ਹੀ ਵੱਜੀ ਹੈ। ਜਿਸ ਦਾ ਸਿਆਸੀ ਖੜਾਕ ਵੀ ਹੋਇਆ ਹੈ। ਇਸੇ ਜ਼ਿਲ੍ਹੇ ਦੇ ਪਿੰਡ ਅਬਲੂ ਦੀ ਬਰਿੰਦਰਪਾਲ ਕੌਰ ਨੂੰ ਪਿੰਡ ਦੌਲਾ ਦੇ ਅਕਾਲੀ ਸਰਪੰਚ ਦਾ ਚਿਹਰਾ ਕਦੇ ਨਹੀਂ ਭੁੱਲੇਗਾ। ਬਰਿੰਦਰਪਾਲ ਕੌਰ ਅਣਜਾਣ ਸੀ ਕਿ ਉਸ ਤੋ ਪਹਿਲਾਂ ਤਿੰਨ ਥੱਪੜ ਹੋਰ ਔਰਤਾਂ ਨੇ ਵੀ ਖਾਧੇ ਹਨ ਜਿਨ੍ਹਾਂ ਦੀ ਅੱਜ ਤੱਕ ਭਾਫ ਬਾਹਰ ਨਹੀਂ ਨਿਕਲੀ ਹੈ। ਪੰਜਾਬ ਦੀ ਇਹ ਧੀ ਹੁਣ ਇਨਸਾਫ ਮੰਗ ਰਹੀ ਹੈ ਪ੍ਰੰਤੂ ਉਸ ਨੂੰ ਵੀ ਇਨਸਾਫ ਲਈ ਪਤਾ ਨਹੀਂ ਕਿੰਨੇ ਵਰ੍ਹੇ ਲੱਗਣਗੇ। ਗਿੱਦੜਬਹਾ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵੀ ਛੇ ਮਹੀਨੇ ਪਹਿਲਾਂ ਅਕਾਲੀ ਆਗੂਆਂ ਤੋ ਥੱਪੜ ਖਾਣੇ ਪਏ ਸਨ।
            ਦੇਸ਼  ਦਾ ਨਿਰਮਾਤਾ ਥੱਪੜ ਖਾਣ ਮਗਰੋਂ ਵੀ ਚੁੱਪ ਹੈ। ਉਸ ਦੀ ਏਨੀ ਕੁ ਗਲਤੀ ਸੀ ਕਿ ਉਸ ਨੇ ਇੱਕ ਅਕਾਲੀ ਨੇਤਾ ਦੀ ਧੀ ਦੀ ਥਾਂ ਕਿਸੇ ਹੋਰ ਲੜਕੀ ਨੂੰ ਪੇਪਰ ਦੇਣ ਤੋ ਰੋਕ ਦਿੱਤਾ ਸੀ। ਅਫਸਰਾਂ ਦੇ ਦਬਕੇ ਮਗਰੋਂ ਉਸ ਨੇ ਸਭ ਕੁਝ ਸਹਿਣ ਕਰ ਲਿਆ। ਜਦੋਂ ਆਖਰੀ ਪੇਪਰ ਵਿੱਚ ਡਿਊਟੀ ਕਰਨ ਮਗਰੋਂ ਇਹ ਅਧਿਆਪਕ ਪ੍ਰੀਖਿਆ ਕੇਂਦਰ ਚੋ ਬਾਹਰ ਆਇਆ ਤਾਂ ਉਸ ਦੇ ਇੱਕ ਥੱਪੜ ਨਹੀਂ ਬਲਕਿ ਕਈ ਥੱਪੜ ਮਾਰੇ ਗਏ। ਉਹ ਵੀ ਸਕੂਲੀ ਬੱਚਿਆਂ ਦੀ ਹਾਜ਼ਰੀ 'ਚ। ਉਸ ਨੂੰ ਧਮਕੀ ਦਿੱਤੀ ਗਈ ਕਿ ਜੇ ਭਾਫ ਬਾਹਰ ਨਿਕਲੀ ਤਾਂ ਖੈਰ ਨਹੀਂ। ਅੱਜ ਤੱਕ ਇਹ ਅਧਿਆਪਕ ਨਿਤਾਣਾ ਬਣ ਕੇ ਭਾਫ ਨੂੰ ਨੱਪੀ ਬੈਠਾ ਹੈ। ਥੱਪੜ ਮਾਰਨ ਵਾਲੇ ਪਹਿਲਾਂ ਮਨਪ੍ਰੀਤ ਬਾਦਲ ਦੇ ਨੇੜਲੇ ਸਨ ਅਤੇ ਅੱਜ ਕੱਲ ਸਰਕਾਰ ਦੇ ਨੇੜੇ ਹਨ। ਇਸ ਅਧਿਆਪਕ ਨੂੰ ਤਾਂ ਇਨਸਾਫ ਮੰਗਣ ਜੋਗਾ ਵੀ ਨਹੀਂ ਛੱਡਿਆ ਗਿਆ। ਸਾਲ 2011 ਦਾ ਵਰ੍ਹਾ ਉਸ ਨੂੰ ਕਦੇ ਵੀ ਨਹੀਂ ਭੁੱਲੇਗਾ। ਸਾਲ  2011 ਦਾ ਵਰ੍ਹਾ ਤਾਂ ਜ਼ਿਲ੍ਹਾ ਸਿੰਘ  ਦੇ ਮਾਪਿਆਂ ਨੂੰ ਵੀ ਨਹੀਂ ਭੁੱਲੇਗਾ ਜਿਨ੍ਹਾਂ ਦਾ ਘਰ ਦਾ ਨੌਜਵਾਨ ਜੀਅ ਰੁਜ਼ਗਾਰ ਲਈ ਲੜਦਾ ਲੜਦਾ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਾ। ਦਲਿਤ ਮਾਪੇ ਹੈਰਾਨ ਹਨ ਕਿ ਕੇਹੀ ਸਰਕਾਰ ਹੈ ਜੋ ਕਿ ਇੱਕ ਜ਼ਿੰਦਗੀ ਲੈਣ ਮਗਰੋਂ ਇੱਕ ਨੌਕਰੀ ਦਿੰਦੀ ਹੈ। ਜ਼ਿਲ੍ਹਾ ਸਿੰਘ ਤਾਂ ਨੌਕਰੀ ਵੀ ਨਹੀਂ ਮੰਗਦਾ ਸੀ ,ਉਹ ਤਾਂ ਈ.ਟੀ.ਟੀ 'ਚ ਦਾਖਲਾ ਮੰਗਦਾ ਸੀ। ਮੁਕਤਸਰ ਜ਼ਿਲ੍ਹੇ ਦਾ ਜ਼ਿਲ੍ਹਾ ਸਿੰਘ 27 ਦਿਨ ਮਰਨ ਵਰਤ ਤੇ ਬੈਠਾ। ਆਖਰ ਜ਼ਿੰਦਗੀ ਦੇ ਬੈਠਾ। ਉਸ ਦੀ ਮੌਤ ਮਗਰੋਂ ਸਰਕਾਰ ਨੌਕਰੀ ਲੈ ਕੇ ਉਸ ਦੇ ਘਰ ਪੁੱਜ ਗਈ। ਕੀ ਇਹ ਇਨਸਾਫ ਹੈ। ਫਰੀਦਕੋਟ ਦੀ ਕਿਰਨਜੀਤ ਕੌਰ ਹੱਕ ਦੀ ਲੜਾਈ ਲਈ ਕਪੂਰਥਲਾ ਵਿੱਚ ਪਾਣੀ ਵਾਲੀ ਟੈਂਕੀ ਤੇ ਚੜ ਕੇ ਖ਼ੁਦਕਸ਼ੀ ਕਰ ਗਈ। ਸਰਕਾਰ ਨੇ ਇਸ ਧੀ ਦੀ ਗੱਲ ਤਾਂ ਸੁਣੀ ਨਹੀਂ। ਜਦੋਂ ਉਹ ਇਸ ਦੁਨੀਆਂ ਚੋਂ ਚਲੀ ਗਈ ਤਾਂ ਉਸ ਮਗਰੋਂ ਸਰਕਾਰ ਨੌਕਰੀ ਲੈ ਕੇ ਉਸ ਦੇ ਘਰ ਪੁੱਜ ਗਈ। ਇਹ ਸੌਦਾ ਹਰ ਪੰਜਾਬ ਵਾਸੀ ਦੇ ਸਮਝੋ ਬਾਹਰ ਹੈ।
              ਕੀ ਸਰਕਾਰਾਂ  ਏਦਾ ਰੁਜ਼ਗਾਰ ਦੇਣਗੀਆਂ। ਬੇਰੁਜ਼ਗਾਰ ਲਾਈਨਮੈਨ ਕਰੀਬ ਇੱਕ ਦਹਾਕੇ ਤੋ ਸੰਘਰਸ਼ ਕਰ ਰਹੇ ਹਨ। ਉਹ ਰੁਜ਼ਗਾਰ ਉਡੀਕਦੇ ਉਡੀਕਦੇ ਆਪਣੀ ਵਿਆਹ ਦੀ ਉਮਰ ਵੀ ਟਪਾ ਬੈਠੇ ਹਨ ਤੇ ਨੌਕਰੀ ਵਾਲੀ ਵੀ। ਬੇਰੁਜ਼ਗਾਰ ਸੋਮਾ ਸਿੰਘ ਭੜੋ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਪਰ ਸਰਕਾਰ ਦੀ ਜਾਗ ਫਿਰ ਵੀ ਨਹੀਂ ਖੁੱਲ੍ਹੀ। ਕਿਸਮਤ ਨਾਲ ਉਹ ਬਚ ਗਿਆ। ਪੰਜਾਬ ਦੀਆਂ ਕਈ ਜੇਲ੍ਹਾਂ ਉਹ ਰੁਜ਼ਗਾਰ ਦੇ ਚੱਕਰ ਵਿੱਚ ਵੇਖ ਚੁੱਕਾ ਹੈ। 800 ਦੇ ਕਰੀਬ ਬੇਰੁਜ਼ਗਾਰ ਲਾਈਨਮੈਨ ਜੇਲ੍ਹਾਂ ਵਿੱਚ ਜਾ ਚੁੱਕੇ ਹਨ। ਪਹਿਲਾਂ ਇਨ੍ਹਾਂ ਬੇਰੁਜ਼ਗਾਰਾਂ ਨੇ ਕੈਪਟਨ ਸਰਕਾਰ ਦੀ ਮਾਰ ਝੱਲੀ ਤੇ ਹੁਣ ਅਕਾਲੀ ਸਰਕਾਰ ਦੀ। ਦੋ ਸਰਕਾਰਾਂ ਬਦਲ ਗਈਆਂ ਪ੍ਰੰਤੂ ਇਨ੍ਹਾਂ ਨੂੰ ਰੁਜ਼ਗਾਰ ਨਸੀਬ ਨਾ ਹੋਇਆ। ਹੋਰ ਕਿੰਨੀਆਂ ਸਰਕਾਰਾਂ ਇਨ੍ਹਾਂ ਨੂੰ ਦੇਖਣੀਆਂ ਪੈਣਗੀਆਂ। ਜ਼ਿਲ੍ਹਾ  ਸੰਗਰੂਰ ਦਾ ਗੁਰਜੀਤ ਸਿੰਘ ਮਾਹੀ ਪੀ.ਐਚ.ਡੀ ਹੈ। ਉਹ 18 ਵਰ੍ਹਿਆਂ ਤੋ ਰੁਜ਼ਗਾਰ ਲਈ ਲੜਾਈ ਲੜ ਰਿਹਾ ਹੈ। ਗੁਰਜੀਤ ਸਿੰਘ ਮਾਹੀ ਨੇ ਤਿੰਨ ਦਫ਼ਾ ਯੂ.ਜੀ.ਸੀ ਦਾ ਟੈਸਟ ਕਲੀਅਰ ਕੀਤਾ। ਕਿਤਾਬਾਂ ਲਿਖੀਆਂ। ਚੰਗੀ ਮੈਰਿਟ ਦੇ ਬਾਵਜੂਦ ਉਹ ਪੱਕਾ ਕਾਲਜ ਅਧਿਆਪਕ ਨਹੀਂ ਬਣ ਸਕਿਆ ਹੈ। ਉਹ ਇੱਕ ਕਾਲਜ ਵਿਚ 134 ਰੁਪਏ ਪ੍ਰਤੀ ਦਿਹਾੜੀ ਤੇ ਬੱਚਿਆਂ ਨੂੰ ਪੜਾ ਰਿਹਾ ਹੈ। ਉਸ ਦੇ ਪੜਾਏ ਹੋਏ ਵਿਦਿਆਰਥੀ ਵੀ ਅਧਿਆਪਕ ਬਣ ਗਏ ਹਨ ਪ੍ਰੰਤੂ ਉੁਸ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਉਸ ਕੋਲ ਸਿਫਾਰਸ਼ ਨਹੀਂ ਹੈ। ਉਹ ਦੱਸਦਾ ਹੈ ਕਿ ਉਸ ਨੇ ਹੁਣ ਤੱਕ ਕਾਲਜ ਅਧਿਆਪਕ ਲੱਗਣ ਲਈ 60 ਦੇ ਕਰੀਬ ਇੰਟਰਵਿਊਜ਼ ਦਿੱਤੀਆਂ ਹਨ। ਮੈਰਿਟ ਵਿੱਚ ਪਹਿਲਾ ਨੰਬਰ ਹੁੰਦਾ ਹੈ ਪ੍ਰੰਤੂ ਨਿਯੁਕਤੀ ਵਿੱਚ ਫਾਡੀ ਰਹਿ ਜਾਂਦਾ ਹੈ। ਉਸ ਲਈ ਤਾਂ ਕੋਈ ਸਾਲ ਵੀ ਚੰਗਾ ਸੁਨੇਹਾ ਲੈ ਕੇ ਨਹੀਂ ਆਇਆ। ਪਤਾ ਨਹੀਂ ਹੋਰ ਕਿੰਨੇ ਸਾਲ ਉਸ ਨੂੰ ਉਡੀਕ ਕਰਨੀ ਪਵੇਗੀ।  ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਵਿਧਵਾਵਾਂ ਵੀ 10 ਵਰ੍ਹਿਆਂ ਤੋ ਮਾਲੀ ਮਦਦ ਉਡੀਕ ਰਹੀਆਂ ਹਨ। ਉਨ੍ਹਾਂ ਦੇ ਕਮਾਊ ਜੀਅ ਚਲੇ ਗਏ ਹਨ। ਸਰਕਾਰਾਂ ਨੇ ਉਨ੍ਹਾਂ ਨੂੰ ਲਾਰੇ ਹੀ ਦਿੱਤੇ ਹਨ। ਬਿਰਧ ਉਮਰ ਵਿੱਚ ਆਪਣੇ ਚਲੇ ਗਏ ਜੀਆਂ ਦੇ ਬਦਲੇ ਮਾਲੀ ਮਦਦ ਲੈਣ ਖਾਤਰ ਰੇਲ ਪਟੜੀਆਂ ਤੇ ਬੈਠਣਾ ਪੈ ਰਿਹਾ ਹੈ। ਕਿਸਾਨੀ ਸੰਘਰਸ਼ ਵਿੱਚ ਚੰਡੀਗੜ੍ਹ ਵਿਖੇ ਪਿੰਡ ਚਨਾਰਥਲ ਦਾ ਜਗਸੀਰ ਸਿੰਘ ਆਪਣੀ ਜਾਨ ਗੁਆ ਬੈਠਾ। ਉਸ ਦਾ ਪਰਿਵਾਰ ਅੱਜ ਤੱਕ ਸਰਕਾਰੀ ਮਦਦ ਉਡੀਕ ਰਿਹਾ ਹੈ। ਏਦਾ ਦੇ ਹਜ਼ਾਰਾਂ ਪਰਿਵਾਰ ਹਨ। ਲੰਬੀ ਅਤੇ ਬਠਿੰਡਾ ਕਈ ਸਾਲਾਂ ਤੋ ਹੱਕ ਮੰਗਣ ਵਾਲਿਆਂ ਦੀ ਰਾਜਧਾਨੀ ਬਣੇ ਹੋਏ ਹਨ। ਲੰਬੀ ਅਤੇ ਬਠਿੰਡਾ ਵਿੱਚ ਪੁਲੀਸ ਦੀ ਡਾਂਗ ਖੜਕਦੀ ਰਹੀ ਹੈ। ਏਦਾ ਦੀ ਡਾਂਗ ਪਹਿਲਾਂ ਕੈਪਟਨ ਸਰਕਾਰ ਨੇ ਵੀ ਖੜਕਾਈ ਸੀ। ਬਠਿੰਡਾ 'ਚ ਅਕਾਲੀਆਂ ਦੇ ਮੁੱਕੇ ਜੇ ਪੀ.ਟੀ.ਆਈ ਕੁੜੀਆਂ ਨੂੰ ਝੱਲਣੇ ਪਏ ਹਨ ਤਾਂ ਕਾਂਗਰਸੀ ਹਕੂਮਤ ਸਮੇਂ ਲੁਧਿਆਣਾ 'ਚ ਹੋਈ ਪੁਲੀਸ ਦੀ ਖਿੱਚ ਧੂਹ ਵੀ ਵੈਟਰਨਰੀ ਕੁੜੀਆਂ ਨੂੰ ਭੁੱਲੀ ਨਹੀਂ ਹੈ।
             ਰੁਜ਼ਗਾਰ  ਕੀ, ਇਥੇ ਤਾਂ ਲੋਕ ਆਪਣਾ ਹੱਕ  ਸੱਚ ਮੰਗਦੇ ਹੀ ਬਿਰਖ ਹੋ ਜਾਂਦੇ ਹਨ। ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਪਿੰਡ ਚੁੰਬੜਾਂ ਵਾਲੀ ਦਾ ਦਲਿਤ ਸੋਹਣ ਲਾਲ ਤਾਂ ਇੱਕ ਛੱਤ ਨੂੰ ਤਰਸਦਾ ਜ਼ਿੰਦਗੀ ਲੰਘਾ ਬੈਠਾ ਹੈ। ਉਸ ਦੀ ਜ਼ਿੰਦਗੀ ਪਿੰਡ ਦੇ ਬੱਸ ਅੱਡੇ ਵਿੱਚ ਆ ਕੇ ਰੁਕ ਗਈ ਹੈ। ਉਹ ਵਰ੍ਹਿਆਂ ਤੋ ਆਪਣੇ ਪਰਵਾਰ ਨਾਲ ਪਿੰਡ ਦੇ ਬੱਸ ਅੱਡਾ ਵਿੱਚ ਰਹਿ ਰਿਹਾ ਹੈ। ਪਿੰਡ ਖੁੰਡੇ ਹਲਾਲ ਦਾ ਮੰਗਾ ਸਿੰਘ ਤਾਂ ਪਿੰਡ ਦੇ ਛੱਪੜ ਤੇ ਪਾਏ ਮੋਟਰ ਵਾਲੇ ਕਮਰੇ ਵਿੱਚ ਰਹਿ ਰਿਹਾ ਹੈ। ਏਦਾ ਦੇ ਹਜ਼ਾਰਾਂ ਪਰਿਵਾਰ ਹਨ ਜਿਨ੍ਹਾਂ ਨੂੰ ਛੱਤ ਨਸੀਬ ਨਹੀਂ ਹੋਈ ਹੈ। ਚੋਟਾਂ ਖਾਣ  ਵਾਲਿਆਂ ਦੇ ਚੇਤੇ ਏਦਾ ਹੀ ਕਮਜ਼ੋਰ ਰਹੇ ਤਾਂ ਗੱਦੀ ਵਾਲਿਆਂ ਨੂੰ ਹਰ ਵਰ੍ਹਾ ਹੀ ਤਾਕਤ ਵੰਡੇਗਾ। ਤਾਹੀਓ ਇਹ ਨੇਤਾ ਚੋਣਾਂ ਵਾਲੇ ਮਹੀਨੇ 'ਚ ਸਭ ਕੁਝ ਵੰਡਦੇ ਹਨ ਤਾਂ ਜੋ ਇਸ ਵੰਡ ਵੰਡਾਰੇ 'ਚ ਇਹ ਚੋਟਾਂ ਵਾਲੇ ਅਸਲੀ ਤਾਕਤ ਹੀ ਭੁੱਲ ਜਾਣ। ਨਵਾਂ ਵਰ੍ਹਾ ਸੰਭਲਣ ਦਾ ਹੈ। ਸੋਚਣ ਦਾ ਹੈ। ਮੌਕਾ ਵਿਚਾਰਨ ਦਾ ਹੈ। ਖਾਸ ਕਰਕੇ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ। ਏਨਾ ਵੋਟਾਂ ਵਾਲਿਆਂ ਨੂੰ ਸਮਝੋ। ਕੋਈ ਚਿੱਟੇ ਕੱਪੜਿਆਂ ਵਿੱਚ ਹੈ ਤੇ ਕੋਈ ਨੀਲੇ ਕੱਪੜਿਆਂ ਵਿੱਚ। ਕੋਈ ਹੁਣ ਇਨਕਲਾਬੀ ਮਖੌਟੇ ਵਿੱਚ ਆਇਆ ਹੈ। ਇਨ੍ਹਾਂ ਦੇ ਕੱਪੜੇ ਰੰਗ ਬਰੰਗੇ ਹਨ। ਦਿਲਾਂ ਦੇ ਇੱਕ ਹਨ। ਇੱਕੋ ਸੋਚ ਹੈ ਇਨ੍ਹਾਂ ਦੀ। ਜਦੋਂ ਲੋਕਾਂ ਦਾ ਅੰਦਰਲਾ ਜਾਗ ਪਿਆ ਤਾਂ ਉਦੋਂ ਹੀ ਨਵੇਂ ਸਾਲ ਦੁੱਖਾਂ ਦੀ ਦਾਰੂ ਬਣਨਗੇ।