Showing posts with label election 2017. Show all posts
Showing posts with label election 2017. Show all posts

Wednesday, January 19, 2022

                                                      ਸਿਆਸੀ ਛੜੱਪੇ
                             ਆਪਣਿਆਂ ਨੇ ਠੁਕਰਾਏ,ਬਿਗਾਨਿਆਂ ਗਲ ਲਾਏ
                                                     ਚਰਨਜੀਤ ਭੁੱਲਰ     

ਚੰਡੀਗੜ੍ਹ,: ਪੰਜਾਬ ਚੋਣਾਂ 'ਚ ਦਰਜਨਾਂ ਅਜਿਹੇ ਉਮੀਦਵਾਰ ਖੜ੍ਹੇ ਹਨ ਜਿਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਆਪਣੀ ਮਾਂ ਪਾਰਟੀ ਨੂੰ ਬਾਏ-ਬਾਏ ਆਖ ਦਿੱਤਾ | ਕੁੱਝ ਉਮੀਦਵਾਰਾਂ ਨੇ ਐਤਕੀਂ ਚੋਣਾਂ ਮੌਕੇ ਆਪਣੀ ਮੂਲ ਪਾਰਟੀ ਛੱਡੀ ਹੈ ਅਤੇ ਕਈ ਪੁਰਾਣੇ ਚਿਹਰੇ ਹਨ ਜਿਨ੍ਹਾਂ ਨੇ ਪਹਿਲੋਂ ਹੀ ਆਪਣੀ ਪੁਰਾਣੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ | ਦਰਜਨਾਂ ਉਮੀਦਵਾਰ ਤਾਂ ਉਹ ਹਨ ਜਿਨ੍ਹਾਂ ਨੇ ਦੋ ਤੋਂ ਜ਼ਿਆਦਾ ਸਿਆਸੀ ਧਿਰਾਂ 'ਚ ਸਫ਼ਰ ਕੀਤਾ ਹੈ | ਇਨ੍ਹਾਂ ਉਮੀਦਵਾਰਾਂ ਨੇ ਦਲ ਬਦਲੀ ਕਰਨ ਵਿਚ ਦੇਰ ਨਹੀਂ ਲਾਈ ਹੈ | ਪੰਜਾਬੀ ਟ੍ਰਿਬਿਊਨ ਤਰਫ਼ੋਂ ਇਕੱਤਰ ਵੇਰਵਿਆਂ ਅਨੁਸਾਰ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਕਰੀਬ 80 ਉਮੀਦਵਾਰ ਅਜਿਹੇ ਚੋਣ ਮੈਦਾਨ ਵਿਚ ਖੜ੍ਹੇ ਹਨ ਜਿਨ੍ਹਾਂ ਨੂੰ ਦਲ ਬਦਲੀ ਮਗਰੋਂ ਟਿਕਟ ਨਾਲ ਨਿਵਾਜਿਆ ਗਿਆ ਹੈ ਅਤੇ ਇਨ੍ਹਾਂ 'ਚ ਉਹ ਚਿਹਰੇ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਹੀ ਆਪਣੀ ਮਾਂ ਪਾਰਟੀ ਛੱਡ ਦਿੱਤੀ ਸੀ | ਆਮ ਆਦਮੀ ਪਾਰਟੀ ਦੇ ਕਰੀਬ 33 ਉਮੀਦਵਾਰ ਦਲ ਬਦਲੀ ਕਰਨ ਮਗਰੋਂ ਚੋਣ ਮੈਦਾਨ ਵਿਚ ਹਨ ਜੋ ਕਿ ਕਰੀਬ 30 ਫ਼ੀਸਦੀ ਬਣਦੇ ਹਨ | 'ਆਪ' ਨੇ ਬਹੁਤੇ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਟਿਕਟਾਂ ਦਿੱਤੀਆਂ ਹਨ |
                 ਸ਼ੋ੍ਰਮਣੀ ਅਕਾਲੀ ਦਲ ਤਰਫ਼ੋਂ ਐਲਾਨੇ 94 ਉਮੀਦਵਾਰਾਂ ਚੋਂ 30 ਉਮੀਦਵਾਰ ਟਕਸਾਲੀ ਨਹੀਂ ਹਨ ਜਿਨ੍ਹਾਂ ਦੀ ਮੂਲ ਪਾਰਟੀ ਕੋਈ ਹੋਰ ਸੀ | ਸ਼ੋ੍ਰਮਣੀ ਅਕਾਲੀ ਦਲ ਨੇ ਐਤਕੀਂ ਦਲ ਬਦਲ ਕੇ ਆਏ ਦਰਜਨ ਦੇ ਕਰੀਬ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ | ਇਸੇ ਤਰ੍ਹਾਂ ਕਾਂਗਰਸ ਪਾਰਟੀ ਤਰਫ਼ੋਂ 86 ਉਮੀਦਵਾਰ ਐਲਾਨੇ ਗਏ ਹਨ ਜਿਨ੍ਹਾਂ ਚੋਂ 17 ਉਮੀਦਵਾਰ ਟਕਸਾਲੀ ਕਾਂਗਰਸੀ ਨਹੀਂ ਹਨ ਜੋ ਕਿ ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਜਾਂ ਫਿਰ 'ਆਪ' ਚੋਂ ਆਏ ਹਨ | ਭਾਜਪਾ ਤਰਫ਼ੋਂ ਹਾਲੇ ਉਮੀਦਵਾਰਾਂ ਦੀ ਸੂਚੀ ਹਾਲੇ ਜਾਰੀ ਨਹੀਂ ਕੀਤੀ ਗਈ ਹੈ | ਸਿਆਸੀ ਧਿਰਾਂ ਵੱਲੋਂ ਹੁਣ ਜਿੱਤਣ ਵਾਲੇ ਉਮੀਦਵਾਰ ਦੀ ਤਲਾਸ਼ ਕੀਤੀ ਜਾਂਦੀ ਹੈ, ਚਾਹੇ ਉਹ ਕਿਸੇ ਵੀ ਵਿਚਾਰਧਾਰਾ ਦਾ ਹੋਵੇ | ਇਸੇ ਤਰ੍ਹਾਂ ਉਮੀਦਵਾਰਾਂ ਦਾ ਟੀਚਾ ਵੀ ਕੁਰਸੀ ਹਾਸਲ ਕਰਨਾ ਹੀ ਬਣ ਗਿਆ ਹੈ | 'ਆਪ' ਦੇ ਉਮੀਦਵਾਰਾਂ 'ਤੇ ਨਜ਼ਰ ਮਾਰੀਏ ਤਾਂ ਮੋਹਾਲੀ ਤੋਂ 'ਆਪ' ਉਮੀਦਵਾਰ ਕੁਲਵੰਤ ਸਿੰਘ ਪਹਿਲਾਂ ਅਕਾਲੀ ਦਲ ਵਿਚ ਸਨ, ਫਿਰ ਆਜ਼ਾਦ ਤੇ ਹੁਣ 'ਆਪ' ਦੇ ਹੋ ਗਏ ਹਨ | ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ ਪਹਿਲਾਂ ਅਕਾਲੀ ਦਲ 'ਚ ਸਨ, ਫਿਰ ਲੋਕ ਇਨਸਾਫ਼ ਪਾਰਟੀ ਤੇ ਹੁਣ 'ਆਪ' ਦੇ ਉਮੀਦਵਾਰ ਹਨ | 
              ਜ਼ੀਰਾ ਤੋਂ ਨਰੇਸ਼ ਕਟਾਰੀਆਂ ਪਹਿਲਾਂ ਕਾਂਗਰਸ, ਫਿਰ ਅਕਾਲੀ ਦਲ ਅਤੇ ਹੁਣ 'ਆਪ' ਦੇ ਉਮੀਦਵਾਰ ਹਨ | ਖੇਮਕਰਨ ਤੋਂ ਸਵਰਨ ਸਿੰਘ ਧੁੰਨ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਤੇ ਹੁਣ 'ਆਪ' ਵਿਚ ਹਨ | ਅਮਰਗੜ੍ਹ ਤੋਂ ਜਸਵੰਤ ਸਿੰਘ ਪਹਿਲਾਂ ਅਕਾਲੀ ਹੋਏ, ਫਿਰ ਕਾਂਗਰਸੀ ਤੇ ਹੁਣ 'ਆਪ' ਉਮੀਦਵਾਰ ਹਨ | ਲੁਧਿਆਣਾ ਉੱਤਰੀ ਤੋਂ ਮਦਨ ਲਾਲ ਪਹਿਲਾਂ ਕਾਂਗਰਸੀ, ਫਿਰ ਅਕਾਲੀ ਤੇ ਹੁਣ 'ਆਪ' ਚੋਂ ਉਮੀਦਵਾਰ ਹਨ | ਕਾਦੀਆਂ ਤੋਂ ਜਗਰੂਪ ਸੇਖਵਾਂ ਪਹਿਲਾਂ ਅਕਾਲੀ, ਫਿਰ ਟਕਸਾਲੀ, ਉਸ ਮਗਰੋਂ ਸੰਯੁਕਤ ਅਕਾਲੀ ਦਲ ਅਤੇ ਹੁਣ 'ਆਪ' ਦੇ ਹੋ ਗਏ ਹਨ | ਬਠਿੰਡਾ ਦਿਹਾਤੀ,ਫ਼ਾਜ਼ਿਲਕਾ,ਮਜੀਠਾ, ਬੰਗਾ,ਫਗਵਾੜਾ, ਜਲਾਲਾਬਾਦ, ਰਾਏਕੋਟ, ਆਤਮ ਨਗਰ ਲੁਧਿਆਣਾ,ਪਾਇਲ, ਗੁਰਦਾਸਪੁਰ,ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਆਦਿ ਦੇ ਉਮੀਦਵਾਰ ਵੀ ਦੂਸਰੀਆਂ ਸਿਆਸੀ ਧਿਰਾਂ ਚੋਂ 'ਆਪ' ਵਿਚ ਸ਼ਾਮਿਲ ਹੋ ਕੇ ਉਮੀਦਵਾਰ ਬਣੇ ਹਨ |
              ਇਸੇ ਤਰ੍ਹਾਂ ਕਾਂਗਰਸ ਨੇ 'ਆਪ' ਚੋਂ ਸ਼ਾਮਿਲ ਹੋਈ ਰੁਪਿੰਦਰ ਰੂਬੀ ਨੂੰ ਮਲੋਟ ਅਤੇ ਸੁਖਪਾਲ ਖਹਿਰਾ ਨੂੰ ਭੁਲੱਥ ਤੋਂ ਉਮੀਦਵਾਰ ਬਣਾਇਆ ਹੈ | ਲੁਧਿਆਣਾ ਆਤਮ ਨਗਰ ਤੋਂ ਕੰਵਲਜੀਤ ਕੜਵਲ ਪਹਿਲਾਂ ਅਕਾਲੀ, ਫਿਰ ਲੋਕ ਇਨਸਾਫ਼ ਪਾਰਟੀ, ਫਿਰ ਅਕਾਲੀ ਤੇ ਹੁਣ ਕਾਂਗਰਸ ਦੇ ਹੋ ਗਏ ਹਨ |ਨਿਹਾਲ ਸਿੰਘ ਵਾਲਾ ਤੋਂ ਕਾਂਗਰਸੀ ਉਮੀਦਵਾਰ ਭੁਪਿੰਦਰ ਸਾਹੋਕੇ ਪਹਿਲਾਂ ਅਕਾਲੀ ਸਨ | ਜਿਹੜੇ ਕਾਂਗਰਸੀ ਉਮੀਦਵਾਰਾਂ ਦੀ ਮੂਲ ਪਾਰਟੀ ਪਹਿਲਾਂ ਹੋਰ ਸੀ, ਉਨ੍ਹਾਂ ਵਿਚ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਜੇਪੀ,ਗੁਰਪ੍ਰੀਤ ਕਾਂਗੜ, ਕੁਸ਼ਲਦੀਪ ਢਿੱਲੋਂ,ਕਾਕਾ ਲੋਹਗੜ੍ਹ, ਪਰਗਟ ਸਿੰਘ,ਇੰਦਰਬੀਰ ਬੁਲਾਰੀਆ,ਹਰਮਿੰਦਰ ਗਿੱਲ, ਪ੍ਰੀਤਮ ਕੋਟਭਾਈ, ਨਵਜੋਤ ਸਿੱਧੂ ਆਦਿ ਸ਼ਾਮਿਲ ਹਨ | ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਵੀ ਇਸ ਮਾਮਲੇ ਵਿਚ ਘੱਟ ਨਹੀਂ ਹੈ |
               ਮੌੜ ਤੋਂ ਜਗਮੀਤ ਬਰਾੜ ਪਹਿਲਾਂ ਕਾਂਗਰਸ ਅਤੇ ਤਿ੍ਣਾਮੂਲ ਕਾਂਗਰਸ ਵਿਚ ਰਹਿ ਚੁੱਕੇ ਹਨ ਅਤੇ ਹੁਣ ਅਕਾਲੀ ਦਲ ਦੇ ਉਮੀਦਵਾਰ ਹਨ | ਜਲੰਧਰ ਕੈਂਟ ਤੋਂ ਅਕਾਲੀ ਉਮੀਦਵਾਰ ਜਗਬੀਰ ਬਰਾੜ ਪਹਿਲਾਂ ਅਕਾਲੀ, ਫਿਰ ਪੀਪਲਜ਼ ਪਾਰਟੀ ਆਫ਼ ਪੰਜਾਬ, ਕਾਂਗਰਸ ਅਤੇ ਹੁਣ ਮੁੜ ਅਕਾਲੀ ਹੋ ਗਏ ਹਨ | ਬਟਾਲਾ ਤੋਂ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਅਕਾਲੀ, ਫਿਰ ਮਾਨ ਦਲ, ਉਸ ਮਗਰੋਂ 'ਆਪ' ਅਤੇ ਹੁਣ ਮੁੜ ਅਕਾਲੀ ਹੋਏ ਹਨ | ਅਕਾਲੀ ਉਮੀਦਵਾਰ ਅਨਿਲ ਜੋਸ਼ੀ ਵੀ ਭਾਜਪਾ ਚੋਂ ਆਏ ਹਨ | ਅਬੋਹਰ ਤੇ ਫ਼ਾਜ਼ਿਲਕਾ ਤੋਂ ਅਕਾਲੀ ਉਮੀਦਵਾਰ ਪਹਿਲਾਂ ਕਾਂਗਰਸ ਦੇ ਹੁੰਦੇ ਸਨ |
                                    ਮੁਫਾਦਾਂ 'ਚ ਬੱਝਾ ਸਮਾਜ ਵੀ ਕਸੂਰਵਾਰ : ਡਾ.ਰਵੀ
ਦਿੱਲੀ 'ਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਰਵੀ ਰਵਿੰਦਰ ਦਾ ਕਹਿਣਾ ਹੈ ਕਿ ਇਸ 'ਚ ਅਸਲ ਵਿਚ ਮੁਫਾਦਾਂ ਵਿਚ ਬੱਝੇ ਸਮਾਜ ਦਾ ਵੀ ਕਸੂਰ ਹੈ ਜਿਸ ਨੇ ਆਪਣੇ ਅਜਿਹੇ ਆਗੂਆਂ ਨੂੰ ਸੁਆਲ ਕਰਨੇ ਹੀ ਬੰਦ ਕਰ ਦਿੱਤੇ ਹਨ | ਕਿਸੇ ਵਕਤ ਪੰਜਾਬੀ ਸਭਿਆਚਾਰ 'ਚ ਸਟੈਂਡ ਰੱਖਣ ਵਾਲੇ ਵਿਅਕਤੀ ਦੀ ਇੱਜ਼ਤ ਹੁੰਦੀ ਸੀ | ਮੌਜੂਦਾ ਸਿਆਸਤ ਵਿਚ ਨਾ ਆਗੂ ਜ਼ੁਬਾਨ ਦੇ ਪੱਕੇ ਆਗੂ ਰਹੇ ਹਨ ਅਤੇ ਨਾ ਹੀ ਲੋਕਾਂ ਨੂੰ ਬਹੁਤਾ ਫ਼ਰਕ ਪੈਂਦਾ ਹੈ |  
                                      ਅਸੂਲਾਂ ਤੋਂ ਬੇਮੁਖ ਹੋਈ ਸਿਆਸਤ : ਜ਼ਫ਼ਰ
ਐਸ.ਡੀ.ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਸ਼ੋਇਬ ਜ਼ਫ਼ਰ ਆਖਦੇ ਹਨ ਕਿ ਸਿਆਸੀ ਧਿਰਾਂ 'ਚ ਹੁਣ ਅਸੂਲ ਤੇ ਵਿਚਾਰਧਾਰਾ ਮਨਫ਼ੀ ਹੋ ਗਈ ਹੈ ਜਿਸ ਕਰਕੇ ਦਲ ਬਦਲੀ ਦਾ ਵਰਤਾਰਾ ਤੇਜ਼ ਹੋਇਆ ਹੈ | ਆਗੂਆਂ ਦਾ ਟੀਚਾ ਤਾਕਤ ਹਾਸਲ ਕਰਨ ਤੱਕ ਸੀਮਤ ਰਹਿ ਗਿਆ ਹੈ ਅਤੇ ਸਿਆਸੀ ਧਿਰਾਂ ਦੇ ਸਿਆਸੀ ਇਮਾਨ ਵੀ ਹੁਣ ਨਹੀਂ ਰਹੇ ਹਨ |
  

Thursday, June 29, 2017

                          ਨਾਲੇ ਪੁੰਨ, ਨਾਲੇ ਫਲੀਆਂ
          ਔਰਬਿਟ ਨੇ ਦਿੱਤੇ ਸੁਖਬੀਰ ਨੂੰ  ਝੂਟੇ !
                              ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਪੰਜਾਬ ਚੋਣਾਂ ਵਿਚ ਚੋਣ ਪ੍ਰਚਾਰ ਲਈ ਔਰਬਿਟ ਕੰਪਨੀ ਦਾ ਹੈਲੀਕਾਪਟਰ ਦਿਨ ਰਾਤ ਉੱਡਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਚੋਂ 1.37 ਕਰੋੜ ਤਾਰੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ 27 ਦਿਨ ਔਰਬਿਟ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਵਰਤਿਆ ਜਿਸ ਨੇ ਚੋਣਾਂ 'ਚ ਅਸੈਂਬਲੀ ਹਲਕਿਆਂ ਦੇ 104 ਗੇੜੇ ਲਾਏ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ 40 ਸਟਾਰ ਪ੍ਰਚਾਰਕ ਸਨ ਪ੍ਰੰਤੂ ਔਰਬਿਟ ਹੈਲੀਕਾਪਟਰ ਦੀ ਵਰਤੋਂ ਸਿਰਫ਼ ਬਾਦਲ ਪਰਿਵਾਰ ਨੇ ਹੀ ਕੀਤੀ। ਦੋ ਦਿਨ ਬਿਕਰਮ ਮਜੀਠੀਆ ਅਤੇ ਇੱਕ ਦਿਨ ਹਰਸਿਮਰਤ ਕੌਰ ਬਾਦਲ ਨੇ ਇਸ ਦੀ ਵਰਤੋਂ ਕੀਤੀ। 24 ਦਿਨ ਹੈਲੀਕਾਪਟਰ ਦੀ ਵਰਤੋਂ ਇਕੱਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ.ਕੇ.ਸ਼ਰਮਾ ਨੇ ਹੁਣ ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ ਪੰਜਾਬ ਚੋਣਾਂ ਵਿਚ ਪਾਰਟੀ ਦੇ ਹੋਏ ਕੁੱਲ ਖਰਚ ਦੀ ਰਿਟਰਨ ਜਮ•ਾ ਕਰਾਈ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚੋਣਾਂ 'ਤੇ ਕੁੱਲ 15.67 ਕਰੋੜ ਰੁਪਏ ਖਰਚ ਕੀਤੇ ਹਨ।
                          ਸਭ ਤੋਂ ਵੱਡਾ ਖਰਚਾ ਮੀਡੀਆ ਇਸ਼ਤਿਹਾਰਾਂ 'ਤੇ 8.83 ਕਰੋੜ ਕੀਤਾ ਗਿਆ ਜਿਸ ਚੋਂ ਇਕੱਲੇ ਪ੍ਰਿੰਟ ਮੀਡੀਆ ਨੂੰ 6.63 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ। ਐਤਕੀਂ ਸੋਸ਼ਲ ਮੀਡੀਆ 'ਤੇ ਅਕਾਲੀ ਦਲ ਨੇ 1.73 ਕਰੋੜ ਖਰਚ ਕੀਤੇ ਜਦੋਂ ਕਿ ਲੋਕ ਸਭਾ ਚੋਣਾਂ 2014 ਵਿਚ ਸੋਸ਼ਲ ਮੀਡੀਆ 'ਤੇ ਪਾਰਟੀ ਨੇ 1.02 ਕਰੋੜ ਖਰਚ ਕੀਤੇ ਸਨ। ਪੋਸਟਰਾਂ,ਫਲੈਕਸਾਂ ਅਤੇ ਝੰਡਿਆਂ ਆਦਿ 'ਤੇ 4.06 ਕਰੋੜ ਦਾ ਖਰਚਾ ਕੀਤਾ ਗਿਆ। ਇਲੈਕਟ੍ਰੋਨਿਕ ਮੀਡੀਏ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਪੀ.ਟੀ.ਸੀ ਚੈਨਲ ਨੂੰ 57.50 ਲੱਖ, ਫਾਸਟ ਵੇਅ ਨੂੰ 28.75 ਲੱਖ ਦੇ ਇਸ਼ਤਿਹਾਰ ਦਿੱਤੇ ਜਦੋਂ ਕਿ ਜੀ-ਪੰਜਾਬੀ ਨੂੰ 30 ਲੱਖ ਦੇ ਇਸ਼ਤਿਹਾਰ ਦਿੱਤੇ। ਇਹ ਸਾਰਾ ਖਰਚਾ ਵੋਟਾਂ ਪੈਣ ਤੋਂ ਪਹਿਲਾਂ ਵਾਲੇ ਆਖਰੀ 16 ਦਿਨਾਂ ਦੌਰਾਨ ਕੀਤਾ ਗਿਆ। ਪਾਰਟੀ ਦਫ਼ਤਰਾਂ ਦੇ ਖ਼ਰਚਿਆਂ 'ਤੇ 1.18 ਕਰੋੜ ਰੁਪਏ ਖਰਚ ਆਏ ਹਨ। ਸ਼੍ਰੋ੍ਰਮਣੀ ਅਕਾਲੀ ਦਲ ਨੂੰ ਇਹ ਵੱਡਾ ਖਰਚਾ ਸਿਆਸੀ ਤੌਰ ਤੇ ਰਾਸ ਨਹੀਂ ਆ ਸਕਿਆ ਅਤੇ ਪਾਰਟੀ ਵਿਰੋਧੀ ਧਿਰ ਦੇ ਰੁਤਬੇ ਤੱਕ ਵੀ ਨਹੀਂ ਪੁੱਜ ਸਕੀ।
                          ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2012 ਦੀਆਂ ਚੋਣਾਂ ਵਿਚ ਹੈਲੀਕਾਪਟਰ 'ਤੇ 1.41 ਕਰੋੜ ਰੁਪਏ ਖਰਚ ਕੀਤੇ ਸਨ। ਐਤਕੀਂ ਚੋਣਾਂ ਵਿਚ ਇਕੱਲੀ ਔਰਬਿਟ ਕੰਪਨੀ ਦਾ ਹੈਲੀਕਾਪਟਰ ਵਰਤਿਆ ਗਿਆ ਜਿਸ ਨਾਲ ਬਾਦਲ ਪਰਿਵਾਰ ਨੇ ਇਕੱਲੇ 12 ਗੇੜੇ ਕਾਲਝਰਾਨੀ ਦੇ ਲਾਏ। ਜੋ ਖਰਚਾ ਉਮੀਦਵਾਰਾਂ ਨੇ ਆਪਣੇ ਤੌਰ ਤੇ ਕੀਤਾ ਹੈ, ਉਹ ਵੱਖਰਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਚੋਂ ਸਿਰਫ਼ ਪਟਿਆਲਾ ਦੇ ਉਮੀਦਵਾਰ ਜਰਨਲ ਜੇ.ਜੇ.ਸਿੰਘ ਨੂੰ 20 ਲੱਖ ਰੁਪਏ ਦਾ ਫੰਡ ਦਿੱਤਾ ਜਦੋਂ ਕਿ ਬਾਕੀ ਕਿਸੇ ਉਮੀਦਵਾਰ ਨੂੰ ਕੋਈ ਚੋਣ ਫੰਡ ਨਹੀਂ ਦਿੱਤਾ। ਦੂਸਰੀ ਤਰਫ਼ ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਲੜਨ ਵਾਲੇ 117 ਉਮੀਦਵਾਰਾਂ ਚੋਂ ਸਿਰਫ਼ 44 ਉਮੀਦਵਾਰਾਂ ਨੂੰ ਹੀ ਚੋਣ ਫੰਡ ਵਜੋਂ 10.90 ਕਰੋੜ ਦਿੱਤੇ। ਹਰ ਉਮੀਦਵਾਰ ਨੂੰ 25 ਲੱਖ ਰੁਪਏ ਦਾ ਚੋਣ ਫੰਡ ਦਿੱਤਾ ਗਿਆ। ਕਾਂਗਰਸ ਨੇ ਯੂ.ਪੀ ਵਿਚ ਪ੍ਰਤੀ ਉਮੀਦਵਾਰ 20 ਲੱਖ ਰੁਪਏ ਦਾ ਚੋਣ ਫੰਡ ਦਿੱਤਾ। ਤ੍ਰਿਣਾਮੂਲ ਕਾਂਗਰਸ ਪਾਰਟੀ ਨੇ ਚੋਣਾਂ ਬਿਨ•ਾਂ ਕੋਈ ਧੇਲਾ ਖਰਚ ਕੀਤੇ ਹੀ ਲੜੀਆਂ।
                                   ਕਾਮਰੇਡਾਂ ਦੇ ਸਟਾਰ ਪ੍ਰਚਾਰਕ ਬੱਸਾਂ 'ਚ ਘੁੰਮੇ
ਭਾਰਤੀ ਕਮਿਊਨਿਸਟ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਬੱਸਾਂ ਵਿਚ ਸਫਰ ਕੀਤਾ। ਪਾਰਟੀ ਦੇ ਸਟਾਰ ਪ੍ਰਚਾਰਕ ਬੰਤ ਸਿੰਘ ਬਰਾੜ ਦੇ ਬੱਸ ਸਫ਼ਰ ਦਾ 1210 ਰੁਪਏ ਖਰਚ ਅਤੇ ਗੁਰਨਾਮ ਕੰਵਰ ਦਾ 2880 ਰੁਪਏ ਖਰਚ ਆਇਆ। ਪਾਰਟੀ ਨੇਤਾ ਲਾਲ ਜੀ ਦੇ ਬੱਸ ਸਫ਼ਰ ਦਾ ਖਰਚ 1640 ਰੁਪਏ, ਵਿਜੇ ਸ਼ਰਮਾ ਦਾ 890 ਰੁਪਏ ਅਤੇ ਸਤਿਆਦੇਵ ਸੈਣੀ ਦਾ ਬੱਸ ਸਫ਼ਰ ਅਤੇ ਟੈਕਸੀ ਦਾ 8271 ਰੁਪਏ ਖਰਚਾ ਆਇਆ। ਸੀ.ਪੀ.ਆਈ ਨੇ ਚੋਣਾਂ ਵਿਚ ਕੁੱਦੇ ਆਪਣੇ 23 ਉਮੀਦਵਾਰਾਂ ਨੂੰ 1.80 ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ।

Saturday, February 4, 2017

                                     ਨਾ ਘਰ ਨਾ ਬਾਰ
                   ਖ਼ਾਲੀ ਜੇਬ ਚੋਣ ਪਿੜ 'ਚ ਉਤਰੇ...
                                     ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਚੋਣ ਪਿੜ 'ਚ 'ਖਾਕੀ ਨੰਗ' ਵੀ ਡਟੇ ਹੋਏ ਹਨ ਜਿਨ•ਾਂ ਕੋਲ ਸਿਰਫ਼ ਉਮੀਦਾਂ ਦਾ ਹੀ ਖ਼ਜ਼ਾਨਾ ਹੈ। ਉਨ•ਾਂ ਦੀ ਜੇਬ ਵੀ ਖਾਲੀ ਹੈ ਅਤੇ ਨਾ ਕੋਈ ਘਰ ਬਾਰ ਹੈ। ਕਰੋੜਪਤੀ ਉਮੀਦਵਾਰਾਂ ਨਾਲ ਉਨ•ਾਂ ਨੇ ਟੱਕਰ ਲਾਈ ਹੈ। ਦੋ ਉਮੀਦਵਾਰ ਏਦਾ ਦੀ ਚੋਣ ਮੈਦਾਨ ਵਿਚ ਖੜ•ੇ ਹਨ ਜਿਨ•ਾਂ ਦੀ ਕਮਾਈ ਘੱਟ, ਕਰਜ਼ਾ ਸਿਰ ਜਿਆਦਾ ਹੈ। ਵੇਰਵਿਆਂ ਅਨੁਸਾਰ ਫਿਰੋਜ਼ਪੁਰ (ਸ਼ਹਿਰੀ) ਤੋਂ ਅਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਕੋਲ ਸਿਰਫ਼ ਭਰੋਸੇ ਦੀ ਪੰਡ ਹੈ। ਉਸ ਦੀ ਜੇਬ ਖਾਲੀ ਖੜਕ ਰਹੀ ਹੈ ਅਤੇ ਨਾ ਹੀ ਕੋਈ ਬੈਂਕ ਬੇਲੈਂਸ ਹੈ। ਜ਼ਮੀਨ ਜਾਇਦਾਦ ਤਾਂ ਹੋਣੀ ਦੂਰ ਦੀ ਗੱਲ। ਬਠਿੰਡਾ (ਦਿਹਾਤੀ) ਤੋਂ ਆਪਨਾ ਪੰਜਾਬ ਪਾਰਟੀ ਦੇ ਉਮੀਦਵਾਰ ਜਸਵਿੰਦਰ ਗਿੱਲ ਕੋਲ 58 ਹਜ਼ਾਰ ਦੀ ਸੰਪਤੀ ਹੈ ਜਦੋਂ ਕਿ ਸਿਰ ਡੇਢ ਲੱਖ ਦਾ ਕਰਜ਼ਾ ਹੈ ਇਨ•ਾਂ ਉਮੀਦਵਾਰਾਂ ਨੂੰ ਸੰਪਤੀ ਦੇ ਵੇਰਵੇ ਦੇਣ 'ਚ ਕੋਈ ਬਹੁਤੀ ਔਖ ਨਹੀਂ ਆਈ ਹੈ। ਹਲਕਾ ਸਨੌਰ ਤੋਂ ਅਜ਼ਾਦ ਉਮੀਦਵਾਰ ਕੁਲਵੰਤ ਕੌਰ ਅਣਪੜ ਹੈ ਅਤੇ ਉਸ ਕੋਲ ਕੋਈ ਸੰਪਤੀ ਹੀ ਨਹੀਂ ਹੈ। ਇਸ ਹਲਕੇ ਤੋਂ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਤਰਸੇਮ ਸਿੰਘ ਕੋਲ ਸਿਰਫ਼ 2400 ਰੁਪਏ ਦੀ ਹੀ ਸੰਪਤੀ ਹੈ। ਜਦੋਂ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੋਲ 18 ਕਰੋੜ ਅਤੇ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਕੋਲ 9 ਕਰੋੜ ਦੀ ਜਾਇਦਾਦ ਹੈ।
                          ਹਲਕਾ ਮਜੀਠਾ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਕੁਲਵੰਤ ਸਿੰਘ ਹੈ ਜਿਸ ਕੋਲ ਕੋਈ ਸੰਪਤੀ ਹੀ ਨਹੀਂ ਹੈ। ਜਦੋਂ ਕਿ ਉਸ ਦੇ ਹਲਕੇ ਵਿਚ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਕੋਲ 25 ਕਰੋੜ ਦੀ ਜਾਇਦਾਦ ਹੈ। ਹਲਕਾ ਪੱਟੀ 'ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਕੋਈ ਸੰਪਤੀ ਹੀ ਨਹੀਂ ਹੈ। ਉਸ ਕੋਲ ਨਾ ਨਗਦੀ ਹੈ ਅਤੇ ਨਾ ਬੈਂਕ 'ਚ ਕੋਈ ਰਾਸ਼ੀ। ਇਸੇ ਹਲਕੇ ਤੋਂ ਬੀ.ਐਸ.ਪੀ (ਅੰਬੇਦਕਰ) ਦੇ ਜਤਿੰਦਰ ਪੰਨੂ ਕੋਲ 11 ਹਜ਼ਾਰ ਦੀ ਜਾਇਦਾਦ ਹੈ। ਇਵੇਂ ਹੀ ਹਲਕਾ ਪਾਇਲ ਤੋਂ ਆਪਨਾ ਪੰਜਾਬ ਪਾਰਟੀ ਦੇ ਉਮੀਦਵਾਰ ਰਾਮਪਾਲ ਸਿੰਘ ਕੋਈ ਜਾਇਦਾਦ ਨਹੀਂ ਹੈ। ਇਸੇ ਹਲਕੇ ਦੇ ਏਆਈਟੀਸੀ ਦੇ ਉਮੀਦਵਾਰ ਸੰਦੀਪ ਸਿੰਘ ਦੀ ਸੰਪਤੀ ਵੀ ਜ਼ੀਰੋ ਹੀ ਹੈ। ਗੁਰਦਾਸਪੁਰ  ਜ਼ਿਲ•ੇ ਦੇ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਵੀ ਖਾਲੀ ਜੇਬ ਹੀ ਚੋਣ ਲੜ ਰਿਹਾ ਹੈ। ਕਈ ਉਮੀਦਵਾਰਾਂ ਦਾ ਪ੍ਰਤੀਕਰਮ ਸੀ ਕਿ ਉਹ ਚੰਗੀ ਵੋਟ ਲਿਜਾਣਗੇ। ਇਹ ਉਮੀਦਵਾਰ ਵੋਟਰਾਂ ਨੂੰ ਵੋਟ ਨਾ ਵੇਚਣ ਦੀ ਅਪੀਲ ਵੀ ਕਰ ਰਹੇ ਹਨ
                        ਬਠਿੰਡਾ ਸ਼ਹਿਰੀ ਹਲਕੇ ਤੋਂ ਚੜ• ਲੜ ਰਹੇ ਬਹੁਜਨ ਮੁਕਤੀ ਪਾਰਟੀ ਦੇ ਸੰਤ ਲਾਲ ਕੋਲ ਸਿਰਫ਼ 7109 ਰੁਪਏ ਦੀ ਜਾਇਦਾਦ ਹੈ ਜਦੋਂ ਕਿ ਦਿੜਬਾ ਤੋਂ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਉਮੀਦਵਾਰ ਘੁਮੰਢ ਸਿੰਘ ਕੋਲ 10 ਹਜ਼ਾਰ ਦੀ ਸੰਪਤੀ ਹੈ। ਬਹੁਤੇ ਉਮੀਦਵਾਰ ਪੈਦਲ ਹੀ ਚੋਣ ਪ੍ਰਚਾਰ ਕਰ ਰਹੇ ਹਨ। ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਲੋਕ ਰਾਜ 'ਚ ਇਹ ਉਮੀਦਵਾਰ ਮਿਸ਼ਾਲ ਹਨ ਕਿ ਚੋਣਾਂ ਲੜਨ ਲਈ ਪੈਸਾ ਹੋਣਾ ਜਰੂਰੀ ਹੈ। ਭਾਵੇਂ ਇਨ•ਾਂ ਨੂੰ ਕਾਮਯਾਬੀ ਹਾਸਲ ਨਾ ਹੋਵੇ ਪਰ ਇਨ•ਾਂ ਦਾ ਜਿਗਰਾ ਤਾਂ ਹੈ। ਸੂਤਰ ਦੱਸਦੇ ਹਨ ਕਿ ਜਾਇਦਾਦ ਵਿਹੂਣੇ ਇਨ•ਾਂ ਉਮੀਦਵਾਰਾਂ ਨੇ ਉਧਾਰ ਪੈਸਾ ਫੜ ਕੇ ਹੀ ਆਪਣੀ ਸਕਿਊਰਿਟੀ ਦੀ ਰਾਸ਼ੀ ਰਿਟਰਨਿੰਗ ਅਫਸਰਾਂ ਕੋਲ ਭਰੀ ਹੈ। ਦੇਖਣਾ ਇਹ ਹੈ ਕਿ ਇਹ ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਬਚਾ ਪਾਉਣਗੇ ਜਾਂ ਨਹੀਂ। ਮੁਕਤਸਰ ਤੋਂ ਚੋੜ ਲੜ ਰਹੇ ਆਜ਼ਾਦ ਉਮੀਦਵਾਰ ਅਲਵਿੰਦਰ ਸਿੰਘ ਕੋਲ 5500 ਰੁਪਏ ਦੀ ਅਤੇ ਮਲੋਟ ਤੋਂ ਆਜ਼ਾਦ ਚੋਣ ਲੜ ਰਹੇ ਬਲਦੇਵ ਸਿੰਘ ਕੋਲ 7184 ਰੁਪਏ ਦੀ ਜਾਇਦਾਦ ਹੈ। 

Saturday, August 27, 2016

                               ਸਿਆਸੀ ਗੜਬੜ
                   ਪੌਣੇ ਦੋ ਲੱਖ ਵੋਟਰ 'ਸ਼ੱਕੀ'
                                ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਕਰੀਬ ਪੌਣੇ ਦੋ ਲੱਖ ਵੋਟਰ 'ਸ਼ੱਕੀ' ਨਿਕਲੇ ਹਨ। ਮੁਢਲੇ ਪੜਾਅ ਤੇ ਇਹ ਵੋਟਰ ਸ਼ੱਕ ਦੇ ਦਾਇਰੇ ਵਿਚ ਹਨ ਜਿਨ•ਾਂ ਦੀ ਵੈਰੀਫਿਕੇਸ਼ਨ ਕਰਾਈ ਜਾਣੀ ਹੈ। ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ ਤੇ ਜਦੋਂ ਪਿਛਲੇ ਦਿਨਾਂ ਵਿਚ ਰਾਜ ਦੇ ਸਾਰੇ ਵੋਟਰਾਂ ਦੀ ਫੋਟੋ ਮੈਚਿੰਗ ਦੇ ਅਧਾਰ ਤੇ ਪੜਤਾਲ ਕਰਾਈ ਗਈ ਤਾਂ 'ਦਾਲ ਵਿਚ ਕੁਝ ਕਾਲਾ' ਨਜ਼ਰ ਆਇਆ। ਪੜਤਾਲ ਵਿਚ ਇਨ•ਾਂ ਵੋਟਰਾਂ ਦੀਆਂ ਦੋਹਰੀਆਂ ਵੋਟਾਂ ਹਨ ਅਤੇ ਇੱਕੋ ਨਾਮ ਤੇ ਪਿਤਾ ਦੇ ਨਾਮ ਵਾਲੇ ਵੋਟਰਾਂ ਦੀਆਂ ਤਸਵੀਰਾਂ ਵੀ ਇੱਕੋ ਹਨ। ਪੰਜਾਬ ਦੇ ਹਰ ਜ਼ਿਲ•ੇ ਵਿਚ ਫੋਟੋ ਮੈਚਿੰਗ ਦੇ ਅਧਾਰ ਤੇ ਪੜਤਾਲ ਦਾ ਕੰਮ ਚੱਲਿਆ ਹੈ। ਇਸ ਪੜਤਾਲ ਵਿਚ ਏਡੀ ਗਿਣਤੀ ਸਾਹਮਣੇ ਆਈ ਹੈ ਜੋ ਅਗਾਮੀ ਚੋਣਾਂ ਦੀ ਨਿਰਪੱਖਤਾ ਤੇ ਉਂਗਲ ਉਠਾਉਂਦੀ ਹੈ। ਵੇਰਵਿਆਂ ਅਨੁਸਾਰ ਡਬਲ ਤੇ ਡੁਪਲੀਕੇਟ ਵੋਟਰ ਜਿਆਦਾ ਪਾਏ ਗਏ ਹਨ। ਹਰ ਜ਼ਿਲ•ੇ ਵਿਚ ਇਨ•ਾਂ ਦੀ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਘੱਟ ਵੱਧ ਹੈ। ਮੁੱਖ ਚੋਣ ਦਫ਼ਤਰ ਪੰਜਾਬ ਨੇ ਹੁਣ ਬੀ.ਐਲ.ਓਜ ਨੂੰ ਇਸ ਦਾ ਸਾਰਾ ਡਾਟਾ ਭੇਜ ਦਿੱਤਾ ਹੈ ਜਿਨ•ਾਂ ਦੀ ਹੁਣ ਫਿਜੀਕਲੀ ਪੜਤਾਲ ਹੋਵੇਗੀ। ਪਤਾ ਲੱਗਾ ਹੈ ਕਿ ਜ਼ਿਲ•ਾ ਮਾਨਸਾ ਵਿਚ 7814 ਵੋਟਰ 'ਸ਼ੱਕੀ' ਪਾਏ ਗਏ ਹਨ ਜਦੋਂ ਕਿ ਬਠਿੰਡਾ ਜ਼ਿਲੇ• ਵਿਚ 'ਸ਼ੱਕੀ' ਵੋਟਰਾਂ ਦੀ ਗਿਣਤੀ 3770 ਪਾਈ ਗਈ ਹੈ।
                   ਇਸੇ ਤਰ•ਾਂ ਮੁੱਖ ਮੰਤਰੀ ਪੰਜਾਬ ਦੇ ਜ਼ਿਲ•ਾ ਮੁਕਤਸਰ ਵਿਚ ਕਰੀਬ 8800 ਵੋਟਰ ਸ਼ੱਕੀ ਪਾਏ ਗਏ ਹਨ। ਇਵੇਂ ਹੀ ਬਰਨਾਲਾ ਜ਼ਿਲ•ੇ ਵਿਚ ਸ਼ੱਕੀ ਵੋਟਰਾਂ ਦੀ ਗਿਣਤੀ 5100 ਦੇ ਕਰੀਬ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵੇਲੇ ਕੁੱਲ 1.92 ਕਰੋੜ ਵੋਟਰ ਹਨ ਜਿਨ•ਾਂ ਵਿਚ 1.01 ਕਰੋੜ ਪੁਰਸ਼ ਵੋਟਰ ਹਨ ਜਦੋਂ ਕਿ 90.52 ਲੱਖ ਔਰਤ ਵੋਟਰ ਹਨ। ਥਰਡ ਜੈਂਡਰ ਵੋਟਾਂ ਦੀ ਗਿਣਤੀ 273 ਹੈ। ਇੰਜ ਜਾਪਦਾ ਹੈ ਕਿ ਇਸ ਵਾਰ ਨੌਜਵਾਨ ਵੋਟਰਾਂ ਦੀ ਭੂਮਿਕਾ ਅਹਿਮ ਰਹੇਗੀ। ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿਚ ਕੁੱਦਣ ਮਗਰੋਂ ਪੰਜਾਬ ਦੇ ਨੌਜਵਾਨ ਵੋਟਰ ਦੀ ਪੁੱਛਗਿੱਛ ਕਾਫ਼ੀ ਵੱਧ ਗਈ ਹੈ। ਹਰ ਸਿਆਸੀ ਧਿਰ ਵਲੋਂ ਹੁਣ ਨੌਜਵਾਨਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ। ਏਦਾ ਦੇ ਮਾਹੌਲ ਵਿਚ ਨਵੇਂ ਵੋਟਰਾਂ ਦੀ ਗਿਣਤੀ ਵੀ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਾ ਅਸਰ ਪੋਲਿੰਗ ਦਰ ਤੇ ਵੀ ਦੇਖਣ ਨੂੰ ਮਿਲੇਗਾ। ਐਤਕੀਂ ਜੋ ਨੌਜਵਾਨ ਪਹਿਲੀ ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਣਗੇ, ਉਨ•ਾਂ ਨਵੇਂ ਵੋਟਰਾਂ ਨੂੰ ਤਿੰਨ ਮਹੀਨੇ ਪਹਿਲਾਂ ਹੀ ਵੋਟਾਂ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਅਜਿਹੇ ਨਵੇਂ ਵੋਟਰ ਆਪਣੀ ਵੋਟ ਵਾਸਤੇ ਅਪਲਾਈ ਕਰ ਸਕਦੇ ਹਨ। ਵੋਟਾਂ ਦੀ ਸੁਧਾਈ ਦਾ ਕੰਮ ਵੀ 7 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ 7 ਅਕਤੂਬਰ ਤੱਕ ਚੱਲੇਗਾ। ਅਗਾਮੀ ਚੋਣਾਂ ਵਾਸਤੇ ਵੋਟਰ ਸੂਚੀ ਦੀ ਆਖਰੀ ਪ੍ਰਕਾਸ਼ਨਾਂ 2 ਜਨਵਰੀ ਨੂੰ ਹੋਵੇਗੀ। ਉਸ ਤੋਂ ਪਹਿਲਾਂ ਨਵੀਆਂ ਵੋਟਾਂ ਬਣਾਏ ਜਾਣ, ਇਤਰਾਜ਼ ਸੁਣਨ ਅਤੇ ਵੋਟਾਂ ਕੱਟਣ ਆਦਿ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਹੈ।
                                        ਹਰ ਹਲਕੇ ਵਿਚ ਅਬਜ਼ਰਵਰ ਲੱਗੇਗਾ
ਅਗਾਮੀ ਪੰਜਾਬ ਚੋਣਾਂ ਵਿਚ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਹੋਵੇਗੀ। ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਦੂਸਰਾ ਰਾਜ ਦਾ ਮਾਹੌਲ ਵੀ ਸੁਖਾਵਾਂ ਨਹੀਂ ਹੈ ਜਿਸ ਤੋਂ ਮੁੱਖ ਚੋਣ ਕਮਿਸ਼ਨਰ ਕਾਫ਼ੀ ਫਿਕਰਮੰਦ ਹੈ। ਕੇਂਦਰ ਸਰਕਾਰ ਤੋਂ ਐਤਕੀਂ ਕੇਂਦਰੀ ਸੁਰੱਖਿਆ ਬਲਾਂ ਦੀਆਂ 520 ਕੰਪਨੀਆਂ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਗਿਣਤੀ 190 ਕੰਪਨੀਆਂ ਤੋਂ ਵਧੀ ਨਹੀਂ ਹੈ। ਪੰਜਾਬ ਵਿਚ ਪਹਿਲੀ ਦਫ਼ਾ ਏਨੀ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿਚ 250 ਕੰਪਨੀਆਂ ਦੀ ਮੰਗ ਭੇਜੀ ਗਈ ਸੀ ਅਤੇ ਤਾਇਨਾਤੀ 190 ਕੰਪਨੀਆਂ ਤੱਕ ਦੀ ਰਹੀ ਸੀ। ਵੇਰਵਿਆਂ ਅਨੁਸਾਰ ਐਤਕੀਂ ਸੰਵੇਦਨਸ਼ੀਲ ਹਲਕਿਆਂ ਦੀ ਗਿਣਤੀ ਵੀ ਕਾਫੀ ਵਧੀ ਹੈ ਅਤੇ ਜਿਥੇ ਕਿਤੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੱਤਰੇ ਪਾਟਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਾਂ ਫਿਰ ਧਾਰਮਿਕ ਮਾਮਲੇ ਤੇ ਕੋਈ ਘਟਨਾ ਵਾਪਰੀ ਹੈ, ਉਨ•ਾਂ ਹਲਕਿਆਂ ਨੂੰ ਅਤਿ ਸੰਵੇਦਨਸ਼ੀਲ ਵਿਚ ਸ਼ਾਮਲ ਕੀਤਾ ਗਿਆ ਹੈ।
                        ਸਰਹੱਦੀ ਜ਼ਿਲਿ•ਆਂ ਵਿਚ ਕੇਂਦਰੀ ਸੁਰੱਖਿਆ ਬਲਾਂ ਦੀਆਂ ਜਿਆਦਾ ਤਾਇਨਾਤੀ ਕੀਤੀ ਜਾਵੇਗੀ। ਬੀ.ਐਸ.ਐਫ ਨੂੰ ਵੀ ਚੌਕਸ ਕੀਤਾ ਜਾਵੇਗਾ। ਅਹਿਮ ਸੂਤਰਾਂ ਨੇ ਦੱਸਿਆ ਕਿ ਅਕਤੂਬਰ ਦੇ ਪਹਿਲੇ ਹਫਤੇ ਪੰਜਾਬ ਵਿਚ ਮੁੱਖ ਚੋਣ ਕਮਿਸ਼ਨਰ, ਭਾਰਤ ਸਰਕਾਰ ਆ ਰਹੇ ਹਨ। ਪੰਜਾਬ ਭਰ ਵਿਚ ਹੁਣ ਅਗਾਮੀ ਚੋਣਾਂ ਦੀ ਤਿਆਰੀ ਤੇਜ਼ ਹੋ ਗਈ ਹੈ। ਜਾਣਕਾਰੀ ਅਨੁਸਾਰ ਐਤਕੀਂ ਪੰਜਾਬ ਵਿਚ ਪਹਿਲੀ ਦਫਾ 'ਵੋਟਰ ਵੈਰੀਫਾਈਰ ਪੇਪਰ ਆਡਿਟ ਟਰਾਇਲ' (ਵੀਵੀਪੈਟ) ਮਸ਼ੀਨ ਆ ਰਹੀ ਹੈ। ਪੰਜਾਬ ਭਰ ਵਿਚ ਕਰੀਬ 2200 ਵੀਵੀਪੈਟ ਮਸ਼ੀਨਾਂ ਆਉਣੀਆਂ ਹਨ। ਈ.ਵੀ.ਐਮ ਮਸ਼ੀਨਾਂ ਦੇ ਨਾਲ ਹੀ ਇਹ ਅਟੈਚ ਹੋਵੇਗੀ ਜਿਸ ਨਾਲ ਵੋਟਰ ਆਪਣੀ ਵੋਟ ਕਾਸਟ ਹੁੰਦੀ ਦੇਖ ਸਕਣਗੇ। ਇਹ ਵੋਟਰਾਂ ਦਾ ਸ਼ੱਕ ਦੂਰ ਕਰਨ ਵਾਸਤੇ ਸਹਾਈ ਹੋਵੇਗੀ। ਤਜਰਬੇ ਦੇ ਤੌਰ ਤੇ ਅਗਾਮੀ ਚੋਣਾਂ ਵਿਚ ਹਰ ਜ਼ਿਲ•ੇ ਦੇ ਇੱਕ ਮੁੱਖ ਸ਼ਹਿਰੀ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਤੇ ਇਹ ਮਸ਼ੀਨਾਂ ਲੱਗਣਗੀਆਂ। ਇਸੇ ਤਰ•ਾਂ ਵੈਬਕਾਸਟਿੰਗ ਵਿਚ ਵੀ ਵਾਧਾ ਹੋਣਾ ਹੈ। ਪਿਛਲੇ ਵਰੇ• 10 ਫੀਸਦੀ ਪੋਲਿੰਗ ਬੂਥਾਂ ਤੇ ਵੈਬ ਕਾਸਟਿੰਗ ਹੋਈ ਸੀ ਜਿਸ ਨੂੰ ਵਧਾ ਕੇ ਐਤਕੀਂ 20 ਫੀਸਦੀ ਕੀਤਾ ਗਿਆ ਹੈ।
                         ਪਤਾ ਲੱਗਾ ਹੈ ਕਿ ਮੁੱਖ ਚੋਣ ਕਮਿਸ਼ਨ ਪੰਜਾਬ ਵਿਚ ਹਥਿਆਰਾਂ ਦੀ ਵੱਡੀ ਗਿਣਤੀ ਨੂੰ ਲੈ ਕੇ ਵੀ ਚਿੰਤਤ ਵੀ ਹੈ। ਨਵੇਂ ਹਥਿਆਰੀ ਲਾਇਸੈਂਸ ਵੰਡਣ ਵਿਚ ਸੰਜਮ ਵਰਤਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ। ਪੁਲੀਸ ਨੂੰ ਨਾਜਾਇਜ਼ ਅਸਲੇ ਤੇ ਨਜ਼ਰ ਰੱਖਣ ਲਈ ਹਦਾਇਤ ਕੀਤੀ ਗਈ ਹੈ। ਦੱਸਣਯੋਗ ਕਿ ਆਮ ਆਦਮੀ ਪਾਰਟੀ ਤਰਫ਼ੋਂ ਪਹਿਲੀ ਦਫ਼ਾ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ਜਿਸ ਕਰਕੇ ਮਾਹੌਲ ਕਾਫ਼ੀ ਸੰਵੇਦਨਸ਼ੀਲ ਰਹਿਣ ਦੀ ਸੰਭਾਵਨਾ ਹੈ। ਸਭ ਧਿਰਾਂ ਲਈ ਇਹ ਚੋਣ ਵਕਾਰੀ ਹੈ ਜਿਸ ਕਰਕੇ ਕਾਫ਼ੀ ਗਰਮੀ ਰਹਿਣ ਦੀ ਉਮੀਦ ਹੈ। ਚੋਣਾਂ ਦੇ ਸਮੇਂ ਹੀ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਹਨ। ਜਾਣਕਾਰੀ ਅਨੁਸਾਰ ਅਗਾਮੀ ਚੋਣਾਂ ਵਿਚ ਹਰ ਅਸੈਂਬਲੀ ਹਲਕੇ ਵਿਚ ਅਬਜਰਵਰ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਦੋ ਦੋ ਜਾਂ ਫਿਰ ਤਿੰਨ ਤਿੰਨ ਹਲਕਿਆਂ ਤੇ ਇੱਕ ਇੱਕ ਅਬਜਰਵਰ ਦੀ ਤਾਇਨਾਤੀ ਹੁੰਦੀ ਰਹੀ ਹੈ। ਇੱਧਰ ਹਰ ਜ਼ਿਲ•ੇ ਵਿਚ ਹੁਣ ਅਗਾਮੀ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਚੋਣਾਂ ਵਿਚ ਟੀਮਾਂ ਨਾਲ ਲਗਾਏ ਜਾਣ ਵਾਲੇ ਨੋਡਲ ਅਫਸਰਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਤਾਲਮੇਲ ਵਧਾਇਆ ਜਾ ਰਿਹਾ ਹੈ ਅਤੇ ਸਰਕਾਰੀ ਮਸ਼ੀਨਰੀ ਨੂੰ ਮੁਸਤੈਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
                                       ਦੁੱਗਣੇ ਕੇਂਦਰੀ ਬਲਾਂ ਦੀ ਮੰਗ : ਨਾਰੰਗ
ਵਧੀਕ ਮੁੱਖ ਚੋਣ ਅਫਸਰ ਸ੍ਰੀ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਐਤਕੀਂ ਕੇਂਦਰ ਤੋਂ ਪੈਰਾ ਮਿਲਟਰੀ ਫੋਰਸ ਦੀਆਂ 520 ਕੰਪਨੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਿਛਲੀਆਂ ਚੋਣਾਂ ਵਿਚ ਇਹ ਮੰਗ 250 ਕੰਪਨੀਆਂ ਦੀ ਸੀ। ਉਨ•ਾਂ ਦੱਸਿਆ ਕਿ ਵੀਵੀਪੈਟ ਦਾ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ ਅਤੇ ਇਵੇਂ ਹੀ ਹਰ ਹਲਕੇ ਵਿਚ ਅਬਜਰਵਰ ਲਗਾਏ ਜਾਣ ਦੀ ਯੋਜਨਾਬੰਦੀ ਬਣਾਈ ਗਈ ਹੈ। ਫੋਟੋ ਮੈਚਿੰਗ ਦੇ ਅਧਾਰ ਤੇ ਕਰੀਬ ਪੌਣੇ ਦੋ ਲੱਖ ਵੋਟਰ 'ਸ਼ੱਕੀ' ਪਾਏ ਗਏ ਹਨ ਜਿਨ•ਾਂ ਦੀ ਬੀ.ਐਲ.ਓਜ ਨੂੰ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਵਾਸਤੇ ਆਖਿਆ ਹੈ। ਉਨ•ਾਂ ਦੱਸਿਆ ਕਿ 7 ਸਤੰਬਰ ਤੋਂ ਇਨ•ਾਂ ਸ਼ੱਕੀ ਵੋਟਰਾਂ ਦੀ ਪੜਤਾਲ ਸ਼ੁਰੂ ਹੋਵੇਗੀ। ਐਤਕੀਂ ਕੇਂਦਰ ਤੋਂ ਪੈਰਾ ਮਿਲਟਰੀ ਫੋਰਸ ਦੀਆਂ 520 ਕੰਪਨੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਿਛਲੀਆਂ ਚੋਣਾਂ ਵਿਚ ਇਹ ਮੰਗ 250 ਕੰਪਨੀਆਂ ਦੀ ਸੀ। ਉਨ•ਾਂ ਦੱਸਿਆ ਕਿ ਵੀਵੀਪੈਟ ਦਾ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ ਅਤੇ ਇਵੇਂ ਹੀ ਹਰ ਹਲਕੇ ਵਿਚ ਅਬਜਰਵਰ ਲਗਾਏ ਜਾਣ ਦੀ ਯੋਜਨਾਬੰਦੀ ਬਣਾਈ ਗਈ ਹੈ।