Monday, June 5, 2017

                                             ਹਮ ਏਕ ਹੈ..
                       ਸਿੰਚਾਈ ਮੰਤਰੀ ਨੇ 'ਦਾਗੀ' ਨਿਵਾਜੇ
                                          ਚਰਨਜੀਤ ਭੁੱਲਰ
ਬਠਿੰਡਾ  : ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਹੁਣ ਸਿੰਚਾਈ ਮਹਿਕਮੇ 'ਚ ਦਾਗੀ ਐਕਸੀਅਨਾਂ ਨੂੰ ਨਿਵਾਜੇ ਜਾਣ ਤੋਂ ਉਂਗਲ ਉਠੀ ਹੈ। ਸਿੰਜਾਈ ਮੰਤਰੀ ਨੇ ਬਾਦਲਾਂ ਦੇ ਹਲਕੇ 'ਚ ਕਰੋੜਾਂ 'ਚ ਖੇਡਣ ਵਾਲੇ ਸ੍ਰੀ ਕੇ.ਕੇ.ਸਿੰਗਲਾ ਨੂੰ ਹੱਥੋਂ ਹੱਥੀ ਬਹਾਲ ਕਰਕੇ ਡਰੇਨੇਜ਼ ਡਵੀਜ਼ਨ ਮਾਨਸਾ 'ਚ ਐਕਸੀਅਨ ਵਜੋਂ ਤਾਇਨਾਤ ਕਰ ਦਿੱਤਾ ਹੈ। ਵਿਜੀਲੈਂਸ ਬਠਿੰਡਾ ਨੇ ਇਸ ਐਕਸੀਅਨ 'ਤੇ ਲੱਖਾਂ ਰੁਪਏ ਦੀ ਵੱਢੀਖੋਰੀ ਦਾ 10 ਜਨਵਰੀ 2017 ਨੂੰ ਪੁਲੀਸ ਕੇਸ ਦਰਜ ਕੀਤਾ ਸੀ। ਉਸ ਮਗਰੋਂ ਹੀ ਵਿਜੀਲੈਂਸ ਨੇ ਇਸ ਐਕਸੀਅਨ ਦੀ 4.81 ਕਰੋੜ ਦੀ ਸੰਪਤੀ ਦਾ ਪਤਾ ਲਗਾ ਕੇ 15 ਮਾਰਚ 2017 ਨੂੰ ਇੱਕ ਹੋਰ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੂੰ ਇਸ ਐਕਸੀਅਨ ਦੇ ਘਰੋਂ 1.96 ਕਰੋੜ ਦੀਆਂ 109 ਐਫ.ਡੀਜ਼ ਮਿਲੀਆਂ ਸਨ ਅਤੇ ਬੈਂਕ ਖਾਤਿਆਂ ਵਿਚ 1.71 ਕਰੋੜ ਰੁਪਏ ਜਮ•ਾ ਸਨ। ਪੰਜਾਬ ਸਰਕਾਰ ਨੇ ਇਸ ਐਕਸੀਅਨ ਨੂੰ ਫੌਰੀ ਮੁਅੱਤਲ ਕਰ ਦਿੱਤਾ ਸੀ। ਕਰੀਬ ਸਵਾ ਤਿੰਨ ਮਹੀਨੇ ਇਸ ਐਕਸੀਅਨ ਨੂੰ ਜੇਲ• ਦੀ ਹਵਾ ਖਾਣੀ ਪਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਚੋਂ ਇਸ ਐਕਸੀਅਨ ਨੂੰ 26 ਅਪਰੈਲ ਨੂੰ ਜਮਾਨਤ ਮਿਲੀ ਸੀ। ਟਿਊਬਵੈਲ ਕਾਰਪੋਰੇਸ਼ਨ ਵਿਚ ਇਹ ਐਕਸੀਅਨ ਬਠਿੰਡਾ ਵਿਖੇ ਤਾਇਨਾਤ ਸੀ ਅਤੇ ਬਾਦਲ ਪਰਿਵਾਰ ਨੇ ਇਸ ਐਕਸੀਅਨ ਰਾਹੀਂ ਬਠਿੰਡਾ,ਮਾਨਸਾ ਤੇ ਲੰਬੀ ਵਿਚ ਕਰੋੜਾਂ ਰੁਪਏ ਦੇ ਖਾਲੇ ਪੱਕੇ ਕਰਾਏ ਹਨ।
                           ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਐਮ.ਡੀ ਸ੍ਰੀ ਐਸ.ਐਸ.ਗਰੇਵਾਲ ਦਾ ਕਹਿਣਾ ਸੀ ਕਿ ਉਨ•ਾਂ ਨੇ ਐਕਸੀਅਨ ਨੂੰ ਉਦੋਂ ਹੀ ਮੁਅੱਤਲ ਕਰ ਦਿਤਾ ਸੀ। ਉਨ•ਾਂ ਪੁਸ਼ਟੀ ਕੀਤੀ ਕਿ ਹੁਣ ਅਧਿਕਾਰੀ ਦੀ ਬਹਾਲੀ ਹੋ ਗਈ ਹੈ। ਵੇਰਵਿਆਂ ਅਨੁਸਾਰ ਕੈਪਟਨ ਸਰਕਾਰ ਨੇ ਸਿੰਚਾਈ ਮਹਿਕਮੇ ਦੇ ਕਰੀਬ 57 ਕਰੋੜ ਦੇ ਪ੍ਰੋਜੈਕਟਾਂ ਦੀ ਵਿਜੀਲੈਂਸ ਪੜਤਾਲ ਕਰਾਈ ਹੈ ਅਤੇ ਪੜਤਾਲ ਵਾਲੀ ਡਵੀਜ਼ਨਾਂ ਦੇ ਦੋ ਐਕਸੀਅਨਾਂ ਦਾ ਤਬਾਦਲਾ ਵੀ ਦੋ ਘੰਟਿਆਂ ਵਿਚ ਹੀ ਰੱਦ ਕਰ ਦਿੱਤਾ ਗਿਆ ਹੈ। ਰਾਜਸਥਾਨ ਫੀਡਰ ਅਤੇ ਹਰੀਕੇ ਪੱਤਣ ਡਵੀਜ਼ਨ ਦੀ ਵਿਜੀਲੈਂਸ ਦੇ ਤਿੰਨ ਐਸ.ਐਸ.ਪੀਜ਼ ਨੇ ਪੜਤਾਲ ਕੀਤੀ ਹੈ ਜਿਸ ਦੀ ਪੜਤਾਲ ਰਿਪੋਰਟ ਸਰਕਾਰ ਨੂੰ ਹੁਣ ਸੌਂਪੀ ਗਈ ਹੈ। ਐਕਸੀਅਨ ਅਰਿੰਦਰ ਸਿੰਘ ਵਾਲੀਆ ਕਾਫੀ ਵਰਿ•ਆਂ ਤੋਂ ਰਾਜਸਥਾਨ ਫੀਡਰ ਮੰਡਲ ਵਿਚ ਤਾਇਨਾਤ ਹੈ ਅਤੇ ਪਿਛਲੀ ਸਰਕਾਰ ਨੇ ਉਸ ਨੂੰ ਬੀਐਮਐਲ ਪਟਿਆਲਾ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਅਕਾਲੀ ਸਰਕਾਰ ਦੇ ਕਾਫੀ ਨੇੜੇ ਹੋਣ ਕਰਕੇ ਇਸ ਐਕਸੀਅਨ ਨੂੰ ਦੋ ਅਹਿਮ ਥਾਂ ਮਿਲੇ ਹੋਏ ਸਨ।
                          ਸਿੰਚਾਈ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੇ 31 ਮਈ ਨੂੰ  21 ਐਕਸੀਅਨਾਂ ਦੇ ਤਬਦਾਲੇ ਕੀਤੇ ਹਨ ਜਿਨ•ਾਂ ਵਿਚ ਐਕਸੀਅਨ ਅਰਿੰਦਰ ਸਿੰਘ ਦੀ ਥਾਂ ਤੇ ਰਾਜਸਥਾਨ ਫੀਡਰ ਮੰਡਲ ਵਿਚ ਦਲਜੀਤ ਸਿੰਘ ਧਾਲੀਵਾਲ ਨੂੰ ਬਤੌਰ ਐਕਸੀਅਨ ਤਾਇਨਾਤ ਕਰ ਦਿੱਤਾ। ਇਵੇਂ ਹਰੀਕੇ ਪੱਤਣ ਮੰਡਲ ਜਿਸ ਦੀ ਵਿਜੀਲੈਂਸ ਪੜਤਾਲ ਹੋਈ ਹੈ, ਵਿਚ ਤਾਇਨਾਤ ਗੁਲਸ਼ਨ ਨਾਗਪਾਲ ਵਾਲੀ ਥਾਂ 'ਤੇ ਹਰਲਾਭ ਸਿੰਘ ਚਹਿਲ ਨੂੰ ਤਾਇਨਾਤ ਕਰ ਦਿੱਤਾ। ਦੋ ਘੰਟਿਆਂ ਮਗਰੋਂ ਹੀ ਦੋ ਪੰਨਿਆਂ ਦੀ ਤਬਾਦਲਾ ਸੂਚੀ ਦਾ ਪਹਿਲਾ ਪੰਨਾ ਬਦਲ ਕੇ ਰਾਜਸਥਾਨ ਫੀਡਰ ਮੰਡਲ ਅਤੇ ਹਰੀਕੇ ਪੱਤਣ ਮੰਡਲ 'ਚ ਲਾਏ ਨਵੇਂ ਐਕਸੀਅਨਾਂ ਨੂੰ 'ਆਊਟ' ਕਰ ਦਿੱਤਾ ਗਿਆ। ਸਿੰਚਾਈ ਮਹਿਕਮੇ ਵਲੋਂ ਤਬਾਦਲੇ ਸੂਚੀ ਦੇ ਦੋ ਘੰਟਿਆ ਵਿਚ ਬਦਲੇ ਨਵੇਂ ਪੰਨੇ ਦੇ ਉਪਰ 'ਉਸੇ ਨੰਬਰ ਅਤੇ ਮਿਤੀ ਦੀ ਥਾਂ ਲੇਵਾ' ਲਿਖਿਆ ਹੈ ਜਿਸ ਤੋਂ ਸਾਫ ਹੈ ਕਿ ਦੋ ਘੰਟਿਆਂ ਵਿਚ ਸਿੰਜਾਈ ਮਹਿਕਮੇ ਨੇ 21 ਐਕਸੀਅਨਾਂ ਦੀ ਤਬਾਦਲਾ ਸੂਚੀ ਚੋਂ ਦੋ ਐਕਸੀਅਨਾਂ ਦੇ ਨਾਮ ਬਾਹਰ ਕੱਢ ਕੇ ਵਿਜੀਲੈਂਸ ਪੜਤਾਲ ਦੇ ਦਾਇਰੇ ਵਿਚ ਆਏ ਦੋਵੇਂ ਐਕਸੀਅਨਾਂ ਨੂੰ 'ਅਹਿਮ ਥਾਂ' ਤੇ ਬੈਠਣ ਦਾ ਮੌਕਾ ਦੇ ਦਿੱਤਾ। ਐਕਸੀਅਨ ਅਰਿੰਦਰ ਵਾਲੀਆ ਦਾ ਕਹਿਣਾ ਸੀ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਦੀ ਕੋਈ ਬਦਲੀ ਵਗੈਰਾ ਨਹੀਂ ਹੋਈ ਹੈ।
                         ਸਿੰਚਾਈ ਮੰਤਰੀ ਵਲੋਂ ਨਵੇਂ ਤਬਾਦਲਿਆਂ ਵਿਚ ਬਾਦਲ ਪਰਿਵਾਰ ਦੇ ਨੇੜਲੇ ਐਕਸੀਅਨ ਰਮੇਸ਼ ਕੁਮਾਰ ਗੁਪਤਾ ਨੂੰ ਕੈਨਾਲ ਡਵੀਜ਼ਨ ਅਬੋਹਰ ਵਿਚ ਤਾਇਨਾਤ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਐਕਸੀਅਨ ਗੁਪਤਾ ਨੂੰ ਅਬੋਹਰ ਤੋਂ ਢੋਲਬਾਹਾ ਡੈਮ ਵਿਖੇ ਬਦਲ ਦਿੱਤਾ ਗਿਆ ਸੀ ਪ੍ਰੰਤੂ ਥੋੜੇ ਦਿਨਾਂ ਵਿਚ ਹੀ ਉਸ ਨੂੰ ਮੁੜ ਪੁਰਾਣੀ ਡਵੀਜ਼ਨ ਅਬੋਹਰ ਵਿਚ ਤਾਇਨਾਤੀ ਦਿੱਤੀ ਗਈ ਹੈ। ਗਠਜੋੜ ਸਰਕਾਰ 'ਚ ਐਕਸੀਅਨ ਗੁਪਤਾ ਕਰੀਬ ਸੱਤ ਵਰੇ• ਕੈਨਾਲ ਡਵੀਜ਼ਨ ਅਬੋਹਰ ਵਿਚ ਤਾਇਨਾਤ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਸ.ਫੂਲਕਾ ਦਾ ਕਹਿਣਾ ਸੀ ਕਿ ਬਾਦਲਾਂ ਦੇ ਕਰੁਪਟ ਅਫਸਰਾਂ ਨੂੰ ਹੁਣ ਅਹਿਮ ਅਹੁਦਿਆਂ ਤੇ ਤਾਇਨਾਤ ਕਰਨ ਤੋਂ ਸਾਫ ਹੈ ਕਿ ਕਾਂਗਰਸ ਤੇ ਅਕਾਲੀ ਆਪਸ ਵਿਚ ਮਿਲੇ ਹੋਏ ਹਨ ਅਤੇ ਇਨ•ਾਂ ਦੀ ਸੰਧੀ ਵਜੋ ਹੀ ਕਰੁਪਟ ਅਫਸਰਾਂ ਨੂੰ ਮੁੜ ਖੁੱਲ• ਮਿਲ ਗਈ ਹੈ। ਸਿੰਚਾਈ ਮਹਿਕਮੇ ਦੀ ਤਬਾਦਲਾ ਸੂਚੀ ਇਸ ਦਾ ਸਬੂਤ ਹੈ।
                                       ਮੇਰੇ ਲਈ ਸਭ ਬਰਾਬਰ ਹਨ : ਮੰਤਰੀ
ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਲਿਸਟ ਵੇਖ ਕੇ ਹੀ ਕੁਝ ਦੱਸ ਸਕਦੇ ਹਨ ਪ੍ਰੰਤੂ ਜੋ ਕਿਸੇ ਪੜਤਾਲ ਵਿਚ ਦੋਸ਼ੀ ਪਾਏ ਗਏ ਹਨ, ਉਨ•ਾਂ ਨੂੰ ਕੋਈ ਅਜਿਹਾ ਅਹੁਦਾ ਨਹੀਂ ਦਿੱਤਾ ਗਿਆ ਹੈ। ਉਨ•ਾਂ ਲਈ ਸਭ ਅਧਿਕਾਰੀ ਬਰਾਬਰ ਹਨ ਅਤੇ ਤਬਾਦਲਾ ਸੂਚੀ ਵਾਲਾ ਕੋਈ ਅਧਿਕਾਰੀ ਹਾਲੇ ਦੋਸ਼ੀ ਨਹੀਂ ਪਾਇਆ ਗਿਆ ਹੈ। 

3 comments:

  1. ਕਰ ਲੋ ਘਿਓ ਨੂ ਭਾਂਡਾ. ਸਾਡੇ ਇੱਕ ਖੇਤ ਦਾ ਪਾਣੀ ਜੋ ਸਾਡਾ ਸੀ ਸਦੀਆਂ ਤੋਂ, ਗਵਾਂਢੀ,ਚਲਾਕੀ ਨਾਲ ਵਰਤ ਰਹਿਆ ਸੀ ਕਿਓ ਕੀ ਜ਼ਮੀਨ ਸਾਂਝੀ ਹੋਣ ਕਰਕੇ ਸਾਡੇ ਚਾਚਾ ਨੇ ਆਵਦੀ ਹਿਸੇ ਦੀ ਵੇਚ ਦਿਤੀ ਤੇ ਸਾਡੇ ਕਾਮੇ ਨੇ ਦਸਿਆ ਹੀ ਨਹੀ ਸੀ. ਜਦੋ ਨਵੀਆ ਵਾਰੀਆ ਬੰਨੀਆ ਤਾਂ ਪਤਾ ਲਗਿਆ. ਓਹ ਗਵਾਂਡੀ ਹੁਣ ਛੇਤੀ ਕੀਤਾ ਪਾਣੀ ਨਹੀ ਛਡ ਰਹਿਆ ਕਿਓ ਕਿ ਜਿਨਾ ਚਿਰ ਸਾਨੂ ਪਰਚੀ ਨਹੀ ਮਿਲਦੀ ਉਨਾ ਚਿਰ ਸਾਨੂ ਸਾਡਾ ਪਾਣੀ ਨਹੀ ਮਿਲ ਸਕਦਾ. ਗਵਾਂਡੀ 11 ਸਾਲਾ ਤੋ 15 ਮਿੰਟ ਮੁਫਤੀ ਹੀ ਲਗਾ ਰਹਿਆ ਹੈ. ਗਲ ਸਿਰਫ 15 ਮਿੰਟ ਦੇ ਨਹੀ ਸੈਇਦ ਸਾਡੀ ਜ਼ਮੀਨ ਤੇ ਕਦੇ ਧਕੇ ਨਾਲ ਕਬਜਾ ਕਰਨ ਦੀ ਹੈ!!

    ReplyDelete
  2. ਇਹ ਦੋਵੇ ਪਾਰਟੀਆਂ ਇੱਕ ਹੀ ਹਨ!!!

    ਪਿਛੇ ਦੇਖ ਲਵੋ ਇਤਿਹਾਸ. ਕੀ ਕਪਟੈਨ, ਕਿਸੇ drug dealer ਨੂ ਫਿੜਿਆ?

    ReplyDelete
  3. ਸੰਚਾਈ ਦਾ ਮਹਿਕਮਾ ਅਬੋਹਰ ਦੇ ਇਲਾਕੇ ਵਿਚ ਪਟਵਾਰ ਤੋ ਲੈ ਕੇ ਐਕਸੀਅਨ-tehsildar, upper ਤਕ ਮਾਲੋ-ਮਾਲ ਮਹਿਕਮਾ ਹੈ ਜਦੋ ਦਾ ਦੇਸ਼ ਅਜਾਦ ਹੋਇਆ ਹੈ! ਇਹ ਲੋਕ ਹਿਸਾ ਦਿੰਦੇ ਹਨ politicians ਨੂ ਐਵੇ ਨਹੀ ਬਹਾਲ ਹੁੰਦੇ! ਜੇ ਨਾ ਬਹਾਲ ਕੀਤੇ ਤਾਂ ਪੋਲ ਜਾਗ ਜਾਹਰ ਹੋ ਜਾਵੇਗੀ ਜੋ ਸਭ ਨੂ ਪਤਾ ਤਾਂ ਹੈ ਪਰ ਇੱਕ ਪਰਦਾ ਹੈ, Open Secret!!!

    ReplyDelete